You are here

ਭਾਰਤ

ਮੋਰਚਿਆਂ ਦੀਆਂ ਸਭਨਾਂ ਮੰਗਾਂ ਦੇ ਤਸੱਲੀਬਖ਼ਸ਼ ਨਿਪਟਾਰੇ ਤੱਕ ਸੰਘਰਸ਼ ਜਾਰੀ ਰਹੇਗਾ- ਬੀ ਕੇ ਯੂ ਏਕਤਾ (ਉਗਰਾਹਾਂ) 

ਦਿੱਲੀ ਦੇ ਟਿਕਰੀ ਬਾਰਡਰ 'ਤੇ ਜਥੇਬੰਦੀ ਦੀ ਵਧਵੀਂ ਸੂਬਾਈ ਮੀਟਿੰਗ , ਸੰਘਰਸ਼ ਦੇ ਮੌਜੂਦਾ ਪੜਾਅ ਬਾਰੇ ਵਿਚਾਰ ਚਰਚਾ 

ਦਿੱਲੀ/ ਟਿਕਰੀ ਬਾਰਡਰ , 3 ਦਸੰਬਰ ( ਗੁਰਸੇਵਕ ਸੋਹੀ  )  ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸੰਘਰਸ਼ ਦੇ ਮੌਜੂਦਾ ਪੜਾਅ ਬਾਰੇ ਵਿਚਾਰ ਚਰਚਾ ਕਰਨ ਤੇ ਅਗਲੀ ਰਣਨੀਤੀ ਘੜਨ ਲਈ ਵਧਵੀਂ ਸੂਬਾਈ ਮੀਟਿੰਗ ਅੱਜ ਦਿੱਲੀ ਦੇ ਟਿਕਰੀ ਬਾਰਡਰ 'ਤੇ ਕੀਤੀ ਗਈ। ਇਸ ਮੀਟਿੰਗ ਵਿਚ ਜਥੇਬੰਦੀ ਦੀ ਸੂਬਾ ਕਮੇਟੀ ਤੋਂ ਅੱਗੇ ਬਲਾਕ ਪੱਧਰੀਆਂ ਆਗੂ ਕਮੇਟੀਆਂ ਸ਼ਾਮਲ ਸਨ। ਮੀਟਿੰਗ ਮਗਰੋਂ ਸੰਘਰਸ਼ ਦੇ ਇਸ ਪੜਾਅ ਬਾਰੇ ਜਥੇਬੰਦੀ ਦੀ ਪਹੁੰਚ ਸਾਂਝੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਖੇਤੀ ਕਾਨੂੰਨ ਰੱਦ ਕਰਨ ਦੀ ਮੁੱਖ ਮੰਗ ਕਿਸਾਨ ਏਕੇ ਤੇ ਸੰਘਰਸ਼ ਦੇ ਜ਼ੋਰ ਮਨਵਾਈ ਜਾ ਚੁੱਕੀ ਹੈ, ਇਹ ਸੰਘਰਸ਼ ਦੀ ਬਹੁਤ ਵੱਡੀ ਜਿੱਤ ਹੈ ਪਰ ਸੰਘਰਸ਼ ਦੀਆਂ ਬਾਕੀ ਮੰਗਾਂ ਪ੍ਰਤੀ ਕੇਂਦਰ ਸਰਕਾਰ ਦਾ ਰਵੱਈਆ ਟਾਲ ਮਟੋਲ ਵਾਲਾ ਹੈ। ਸਰਕਾਰ ਦਾ ਸਾਰਾ ਧਿਆਨ ਬਾਕੀ ਮੁੱਦਿਆਂ ਦਾ ਬਕਾਇਦਾ ਹੱਲ ਕਰੇ ਬਿਨਾਂ ਹੀ ਮੋਰਚਾ ਉਠਾਉਣ 'ਤੇ ਲੱਗਿਆ ਹੋਇਆ ਹੈ। ਇਸ ਦੀ ਖਾਤਰ ਕੁਝ ਜ਼ੁਬਾਨੀ ਕਲਾਮੀ ਭਰੋਸਿਆਂ 'ਤੇ ਟੇਕ ਰੱਖੀ ਜਾ ਰਹੀ ਹੈ। 

ਸੰਘਰਸ਼ ਦੀਆਂ ਬਾਕੀ ਮੰਗਾਂ ਚੋਂ ਸਿਰਫ ਪਰਾਲੀ ਪ੍ਰਦੂਸ਼ਣ ਵਾਲੇ ਮਸਲੇ 'ਤੇ ਹੀ ਸਰਕਾਰ ਨੇ ਜਨਤਕ ਐਲਾਨ ਕੀਤਾ ਹੈ ਕਿ ਪਰਾਲੀ ਸਾੜਨਾ ਕਾਨੂੰਨੀ ਅਪਰਾਧ ਦੇ ਦਾਇਰੇ 'ਚ ਨਹੀਂ ਆਵੇਗਾ। ਹੋਰ ਕਿਸੇ ਮੁੱਦੇ ਬਾਰੇ ਸਰਕਾਰ ਨੇ ਆਪਣੇ ਵੱਲੋਂ ਅਜੇ ਤੱਕ ਸੰਘਰਸ਼ ਦੀ ਕੋਈ ਮੰਗ ਮੰਨੇ ਜਾਣ ਦਾ ਐਲਾਨ ਨਹੀਂ ਕੀਤਾ ਹੈ। ਸਗੋਂ ਇਸ ਤੋਂ ਉਲਟ ਬਿਜਲੀ ਸੋਧ ਬਿੱਲ -2020 ਨੂੰ ਪਾਰਲੀਮੈਂਟ ਵਿਚ ਪੇਸ਼ ਹੋਣ ਵਾਲੇ ਬਿੱਲਾਂ ਦੀ ਸੂਚੀ ਵਿਚ ਰੱਖਿਆ ਹੋਇਆ ਹੈ। ਇਉਂ ਹੀ ਐਮ ਐਸ ਪੀ ਅਤੇ ਸਰਕਾਰੀ ਖ਼ਰੀਦ ਦੇ ਮਸਲੇ 'ਤੇ ਬਿਨਾਂ ਕਿਸੇ ਚੌਖਟੇ ਤੇ ਮੰਤਵ ਦੀ ਸਪੱਸ਼ਟਤਾ ਤੋਂ ਬਿਨਾਂ ਹੀ ਕਮੇਟੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਪੰਜ ਕਿਸਾਨ ਨੁਮਾਇੰਦਿਆਂ ਦੇ ਨਾਂ ਮੰਗੇ ਜਾ ਰਹੇ ਹਨ। ਇਹ ਰਵੱਈਆ ਜ਼ਾਹਰ ਕਰਦਾ ਹੈ ਕਿ ਸਰਕਾਰ ਐਮ ਐਸ ਪੀ ਦੇ ਮਸਲੇ 'ਤੇ ਗੰਭੀਰ ਨਹੀਂ ਹੈ ਤੇ ਸਿਰਫ਼ ਸਮਾਂ ਲੰਘਾਉਣ ਲਈ ਹੀ ਕਮੇਟੀ ਦੇ ਗਠਨ ਦੀ ਰਸਮ ਪੂਰਤੀ ਕਰ ਰਹੀ ਹੈ। ਸੰਘਰਸ਼ ਦੌਰਾਨ ਕਿਸਾਨਾਂ 'ਤੇ ਦਰਜ ਕੀਤੇ ਗਏ ਕੇਸਾਂ ਬਾਰੇ ਸੂਬਿਆਂ 'ਤੇ ਗੱਲ ਸੁੱਟ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਦਕਿ ਦਿੱਲੀ ਤੇ ਚੰਡੀਗੜ੍ਹ ਵਰਗੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਕੇਸ ਸਿੱਧੇ ਕੇਂਦਰ ਸਰਕਾਰ ਦਾ ਮਸਲਾ ਬਣਦੇ ਹਨ ਅਤੇ ਸੂਬਿਆਂ ਦੀਆਂ ਸਰਕਾਰਾਂ ਵੀ ਕੇਂਦਰ ਸਰਕਾਰ ਤੋਂ ਬਾਹਰ ਨਹੀਂ ਹਨ। ਕਿਸੇ ਵੀ ਸੰਘਰਸ਼ ਦੀਆਂ ਮੁੱਖ ਮੰਗਾਂ ਮੰਨੇ ਜਾਣ ਮਗਰੋਂ ਕੇਸ ਵਾਪਸੀ ਦਾ ਐਲਾਨ ਸਰਕਾਰਾਂ ਵੱਲੋਂ ਕੀਤਾ ਜਾਂਦਾ ਹੈ ਪਰ ਕੇਂਦਰ ਸਰਕਾਰ ਇਹ ਐਲਾਨ ਕਰਨ ਤੋਂ ਟਾਲਾ ਵੱਟ ਕੇ ਆਪਣੇ ਨਾਪਾਕ ਤੇ ਬਦਲਾ ਲਊ ਮਨਸੂਬਿਆਂ ਨੂੰ ਜ਼ਾਹਰ ਕਰ ਰਹੀ ਹੈ। ਇਨ੍ਹਾਂ ਬਾਕੀ ਸਭਨਾਂ ਮੰਗਾਂ ਬਾਰੇ ਜ਼ਾਹਿਰ ਹੋ ਰਿਹਾ ਸਰਕਾਰ ਦਾ ਰਵੱਈਆ ਨਿੰਦਣਯੋਗ ਹੈ। ਆਗੂਆਂ ਨੇ ਦੱਸਿਆ ਕਿ ਅੱਜ ਜੱਥੇਬੰਦੀ ਦੀਆਂ ਆਗੂ ਪਰਤਾਂ ਦੀ ਇਸ ਇਕੱਤਰਤਾ ਨੇ ਇਕਮੱਤ ਹੋ ਕੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਨ੍ਹਾਂ ਸਭਨਾਂ ਮੰਗਾਂ ਦੇ ਹੱਲ ਲਈ ਬਕਾਇਦਾ ਐਲਾਨ ਕਰੇ। ਅਜਿਹਾ ਨਾ ਕਰਨ ਦੀ ਹਾਲਤ ਵਿਚ ਜਥੇਬੰਦੀ ਇਨ੍ਹਾਂ ਸਭਨਾਂ ਮੁੱਦਿਆਂ ਦੇ ਹੱਲ ਲਈ ਸੰਘਰਸ਼ ਜਾਰੀ ਰੱਖੇਗੀ। 

ਜਥੇਬੰਦੀ ਦੇ ਦੋਹਾਂ ਪ੍ਰਮੁੱਖ ਆਗੂਆਂ ਨੇ ਕਿਹਾ ਕਿ ਐੱਮ ਐੱਸ ਪੀ ਦਾ ਮਸਲਾ ਸਿਰਫ਼ ਭਾਅ ਮਿਥਣ ਦਾ ਮਸਲਾ ਨਹੀਂ ਹੈ ਸਗੋਂ ਇਹ ਘੱਟੋ ਘੱਟ ਸਮਰਥਨ ਮੁੱਲ 'ਤੇ ਸਭਨਾ ਜਿਣਸਾਂ ਦੀ ਸਰਕਾਰੀ ਖ਼ਰੀਦ ਕਰਨ ਦਾ ਮਸਲਾ ਹੈ। ਅਜਿਹਾ ਕਰਨ ਲਈ ਸਰਕਾਰੀ ਅਨਾਜ ਭੰਡਾਰਨ, ਸਰਕਾਰੀ ਖ਼ਰੀਦ ਏਜੰਸੀਆਂ ਤੇ ਜਨਤਕ ਵੰਡ ਪ੍ਰਣਾਲੀ ਦੇ ਖੇਤਰਾਂ ਨੂੰ ਮਜ਼ਬੂਤ ਕਰਨ ਦੀ ਨੀਤੀ ਅਖ਼ਤਿਆਰ ਕਰਨ ਦੀ ਲੋੜ ਹੈ। ਇਸ ਮਜ਼ਬੂਤੀ ਲਈ ਬਜਟ ਜੁਟਾਉਣ ਖਾਤਰ ਕਾਰਪੋਰੇਟਾਂ ਦੇ ਕਾਰੋਬਾਰਾਂ ਤੇ ਸਿੱਧੇ ਟੈਕਸ ਲਾਉਣ ਤੇ ਉਗਰਾਹੁਣ ਦੀ ਨੀਤੀ ਅਪਨਾਉਣ ਦੀ ਲੋੜ ਹੈ। ਪਰ ਸਰਕਾਰ ਇੱਕ ਨਾਮ ਨਿਹਾਦ ਕਮੇਟੀ ਬਣਾ ਕੇ ਐੱਮ ਐੱਸ ਪੀ ਦੇ ਮਸਲੇ 'ਤੇ ਭਰਮ ਫੈਲਾਉਣਾ ਚਾਹੁੰਦੀ ਹੈ। ਸਰਕਾਰ ਵੱਲੋਂ ਕਹੀ ਜਾ ਰਹੀ ਕਮੇਟੀ ਅਜਿਹੇ ਮੁੱਦੇ ਵਿਚਾਰਨ ਲਈ ਨਹੀਂ ਬਣਾਈ ਜਾ ਰਹੀ ਸਗੋਂ ਸਿਰਫ਼ ਇਸ ਮਸਲੇ ਨੂੰ ਰੋਲਣ ਲਈ ਬਣਾਈ ਜਾ ਰਹੀ ਹੈ। ਇਸ ਲਈ ਅਜਿਹੀ ਕਮੇਟੀ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ।

ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਪ੍ਰੈੱਸ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਢੁਕਵਾਂ ਹੁੰਗਾਰਾ ਇਹੀ ਬਣਦਾ ਹੈ ਕਿ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇ, ਸਰਕਾਰ 'ਤੇ ਦਬਾਅ ਬਣਾ ਕੇ ਰੱਖਿਆ ਜਾਵੇ ਤੇ ਸਭਨਾਂ ਮੰਗਾਂ ਦੇ ਤਸੱਲੀਬਖ਼ਸ਼ ਨਿਪਟਾਰੇ ਤਕ ਮੋਰਚਿਆਂ 'ਚ ਡਟਿਆ ਜਾਵੇ। ਉਨ੍ਹਾਂ ਦੀ ਜਥੇਬੰਦੀ ਸਮਝਦੀ ਹੈ ਕਿ ਇਨ੍ਹਾਂ ਮੰਗਾਂ ਦੇ ਹੱਲ ਤੋਂ ਬਿਨਾਂ ਦਿੱਲੀ ਮੋਰਚੇ ਸਮਾਪਤ ਨਹੀਂ ਕੀਤੇ ਜਾ ਸਕਦੇ ਚਾਹੇ ਇਸ ਬਾਰੇ ਅਗਲਾ ਅੰਤਿਮ ਫ਼ੈਸਲਾ ਸੰਯੁਕਤ ਮੋਰਚੇ ਦੀਆਂ ਬਾਕੀ ਜਥੇਬੰਦੀਆਂ ਨਾਲ ਵਿਚਾਰ ਚਰਚਾ ਮਗਰੋਂ ਕੀਤਾ ਜਾਵੇਗਾ। 

 ਅੱਜ ਦੀ ਇਸ ਵਧਵੀਂ ਮੀਟਿੰਗ ਦੇ ਸਾਂਝੇ ਮਤੇ ਬਾਰੇ ਦੋਹਾਂ ਆਗੂਆਂ ਨੇ ਦੱਸਿਆ ਕਿ ਸਰਕਾਰ ਦਾ ਰੁਖ਼ ਅਤੇ ਮੰਗਾਂ ਦੇ ਨਿਪਟਾਰੇ ਦੀ ਹਾਲਤ ਦੱਸ ਰਹੀ ਹੈ ਕਿ ਇਹ ਸੰਘਰਸ਼ ਅਜੇ ਅੰਤਮ ਪੜਾਅ 'ਤੇ ਨਹੀਂ ਪੁੱਜਿਆ ਹੈ। ਖੇਤੀ ਕਾਨੂੰਨ ਰੱਦ ਕਰਵਾਉਣ ਰਾਹੀਂ ਇਸ ਨੇ ਪਹਿਲਾ ਅਹਿਮ ਪੜਾਅ ਸਰ ਕਰ ਲਿਆ ਹੈ ਪਰ ਐੱਮ ਐੱਸ ਪੀ, ਸਰਕਾਰੀ ਖ਼ਰੀਦ, ਜਨਤਕ ਵੰਡ ਪ੍ਰਣਾਲੀ ਤੇ ਬਿਜਲੀ ਸੋਧ ਬਿਲ ਵਰਗੇ ਮੁੱਦਿਆਂ 'ਤੇ ਅਜੇ ਕਠਿਨ ਸੰਘਰਸ਼ ਦਰਕਾਰ ਹੈ ਕਿਉਂਕਿ ਸਰਕਾਰ ਨੇ ਨਵੀਂਆਂ ਆਰਥਕ ਨੀਤੀਆਂ ਲਾਗੂ ਕਰਨ ਦੀ ਆਪਣੀ ਧੁੱਸ ਖੇਤੀ ਕਾਨੂੰਨਾਂ ਦੀ ਵਾਪਸੀ ਵੇਲੇ ਵੀ ਪੂਰੇ ਜ਼ੋਰ ਨਾਲ ਜ਼ਾਹਰ ਕੀਤੀ ਹੈ। ਇਨ੍ਹਾਂ ਬਾਕੀ ਮੰਗਾਂ ਦੇ ਹੱਲ ਤੋਂ ਹੋ ਰਹੀ ਟਾਲ ਮਟੋਲ ਵੀ ਇਨ੍ਹਾਂ ਨੀਤੀਆਂ ਪ੍ਰਤੀ ਹਕੂਮਤੀ ਵਚਨਬੱਧਤਾ ਦਾ ਹੀ ਸਿੱਟਾ ਹੈ। ਇਸ ਲਈ ਇਨ੍ਹਾਂ ਮੰਗਾਂ 'ਤੇ ਸੰਘਰਸ਼ ਕਰਨ ਲਈ ਦੇਸ਼ ਭਰ ਦੇ ਕਿਸਾਨਾਂ ਦੀ ਏਕਤਾ ਨੂੰ ਹੋਰ ਪੀਡੀ ਕਰਨ ਤੇ ਜੂਝਣ ਭਾਵਨਾ ਨੂੰ ਹੋਰ ਡੂੰਘੀ ਕਰਨ ਦੀ ਜ਼ਰੂਰਤ ਹੈ।

ਮੀਟਿੰਗ ਨੇ ਸਾਂਝੇ ਤੌਰ ਤੇ ਕਿਹਾ ਕਿ ਇਸ ਸੰਘਰਸ਼ ਦੌਰਾਨ ਮਜ਼ਬੂਤ ਹੋਈ ਦੇਸ਼ ਭਰ ਦੇ ਕਿਸਾਨਾਂ ਦੀ ਏਕਤਾ ਇਸ ਸੰਘਰਸ਼ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ, ਇਹ ਪ੍ਰਾਪਤੀ ਸਾਂਭੀ ਜਾਣੀ ਚਾਹੀਦੀ ਹੈ ਤੇ ਅੱਗੇ ਵਧਾਈ ਜਾਣੀ ਚਾਹੀਦੀ ਹੈ। ਖੇਤੀ ਖੇਤਰ ਅੰਦਰ ਸਾਮਰਾਜੀ ਤੇ ਕਾਰਪੋਰੇਟ ਲੁਟੇਰਿਆਂ ਪੱਖੀ ਨੀਤੀਆਂ ਲਾਗੂ ਕਰਨ ਜਾ ਰਹੀ ਮੋਦੀ ਹਕੂਮਤ ਨਾਲ ਇਸ ਏਕਤਾ ਦੇ ਜ਼ੋਰ ਹੀ ਟੱਕਰਿਆ ਜਾ ਸਕੇਗਾ।

ਜਾਰੀ ਕਰਤਾ - ਸੁਖਦੇਵ ਸਿੰਘ ਕੋਕਰੀ ਕਲਾਂ, ਸੂਬਾ ਜਨਰਲ ਸਕੱਤਰ ਬੀ ਕੇ ਯੂ ਏਕਤਾ (ਉਗਰਾਹਾਂ)

ਐੱਮ ਐੱਸ ਪੀ ਦਾ ਕਾਨੂੰਨੀ ਹੱਕ, ਪੁਲਿਸ ਕੇਸਾਂ ਦੀ ਵਾਪਸੀ, ਸ਼ਹੀਦਾਂ ਦੇ ਵਾਰਸਾਂ ਨੂੰ ਮੁਆਵਜ਼ਾ ਆਦਿ ਰਹਿੰਦੀਆਂ ਅਹਿਮ ਮੰਗਾਂ ਲਈ ਸਾਂਝਾ ਕਿਸਾਨ ਘੋਲ਼ ਜਾਰੀ

4 ਦਸੰਬਰ ਨੂੰ ਹੋਵੇਗਾ ਅਗਲੇ ਐਕਸ਼ਨ ਦਾ ਐਲਾਨ- ਭਾਕਿਯੂ (ਏਕਤਾ ਉਗਰਾਹਾਂ)
ਨਵੀਂ ਦਿੱਲੀ 2 ਦਸੰਬਰ(ਗੁਰਸੇਵਕ ਸੋਹੀ   ) ਅੱਜ ਇੱਥੇ ਬੀਬੀ ਗੁਲਾਬ ਕੌਰ ਨਗਰ ਪਕੌੜਾ ਚੌਕ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਰੋਜ਼ਾਨਾ ਘੋਲ਼-ਰੈਲੀ ਮੌਕੇ ਪੰਡਾਲ ਵਿੱਚ ਔਰਤਾਂ, ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੇ ਹਜ਼ਾਰਾਂ ਦੀ ਤਾਦਾਦ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਲ ਤੋਂ ਵੀ ਵੱਧ ਸਮੇਂ ਤੋਂਂ ਪੂਰੇ ਸਿਦਕ ਸਿਰੜ ਨਾਲ ਮੁਲਕ ਪੱਧਰੇ ਸਾਂਝੇ ਕਿਸਾਨ ਘੋਲ਼ ਦੇ ਮੈਦਾਨ ਵਿੱਚ ਡਟੇ ਹੋਏ ਜੁਝਾਰੂ ਲੋਕਾਂ ਦੀ ਜੈ ਜੈਕਾਰ ਕੀਤੀ। ਸੈਂਕੜੇ ਸ਼ਹਾਦਤਾਂ ਅਤੇ ਹੋਰ ਅਨੇਕਾਂ ਦੁਸ਼ਵਾਰੀਆਂ ਝੱਲ ਕੇ ਵੀ ਸਾਮਰਾਜੀ ਕਾਰਪੋਰੇਟਾਂ ਪੱਖੀ ਮੋਦੀ ਸਰਕਾਰ ਦੀ ਅੜੀ ਭੰਨ ਕੇ ਤਿੰਨੇ ਕਾਲ਼ੇ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਜਥੇਬੰਦ ਲੋਕ ਤਾਕਤ ਦੀ ਸ਼ਾਨਦਾਰ ਜਿੱਤ ਕਰਾਰ ਦਿੱਤਾ ਅਤੇ ਸਭਨਾਂ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਤੇ ਘੋਲ਼ ਦੇ ਹਮਾਇਤੀਆਂ ਨੂੰ ਇਸਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਦੱਸਿਆ ਕਿ ਰਹਿੰਦੀਆਂ ਮੰਗਾਂ ਮੰਨਵਾਉਣ ਲਈ ਪੰਜਾਬ ਤੋਂ ਜੁਝਾਰੂ ਕਾਫ਼ਲੇ ਲਗਾਤਾਰ ਆ ਰਹੇ ਹਨ। ਸਰਕਾਰ ਵੱਲੋਂ ਵੱਲੋਂ ਟਾਲਮਟੋਲ ਖ਼ਾਤਰ ਕੀਤੀਆਂ ਜਾ ਰਹੀਆਂ ਚਾਲਬਾਜ਼ੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ 4 ਦਸੰਬਰ ਨੂੰ ਹੋ ਰਹੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
          ਨੌਜਵਾਨ ਆਗੂ ਹਰਪ੍ਰੀਤ ਸਿੰਘ ਲੇਹਲ ਕਲਾਂ ਨੇ ਇਸ ਘੋਲ਼ ਦੀਆਂ ਰਹਿੰਦੀਆਂ ਮੰਗਾਂ ਦੇਸ਼ ਭਰ ਦੇ ਕਿਸਾਨਾਂ ਲਈ ਐੱਮ ਐੱਸ ਪੀ 'ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ; ਬਿਜਲੀ ਬਿੱਲ 2020 ਰੱਦ ਕਰਨ ਅਤੇ ਜਨਤਕ ਵੰਡ ਪ੍ਰਣਾਲੀ ਪੂਰੀ ਮਜ਼ਬੂਤ ਕਰਨ ਤੋਂ ਇਲਾਵਾ ਘੋਲ਼ ਦੌਰਾਨ ਮੜ੍ਹੇ ਸਾਰੇ ਪੁਲਿਸ ਕੇਸ ਵਾਪਸ ਲੈਣ; 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਢੁੱਕਵੇਂ ਮੁਆਵਜ਼ੇ ਤੇ ਪੱਕੀ ਸਰਕਾਰੀ ਨੌਕਰੀ ਦੇਣ ਅਤੇ ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਸਮੇਤ ਸਾਰੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਵਰਗੀਆਂ ਮੰਗਾਂ ਮੰਨਵਾਉਣ ਲਈ ਘੋਲ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਗਰੰਟੀ ਵਾਲੇ ਕਾਨੂੰਨ ਤੋਂ ਟਾਲ਼ਾ ਵੱਟਣ ਲਈ ਸਰਕਾਰ ਦੇ ਇਸ ਬਹਾਨੇ ਨੂੰ ਸਰਾਸਰ ਥੋਥਾ ਦੱਸਿਆ ਕਿ ਸਾਰੀਆਂ ਫ਼ਸਲਾਂ ਦੀ ਖਰੀਦ ਲਈ ਸਰਕਾਰ ਕੋਲ ਇੰਨਾ ਜ਼ਿਆਦਾ ਪੈਸਾ ਕਿੱਥੋਂ ਆਵੇਗਾ। ਉਨ੍ਹਾਂ ਕਿਹਾ ਕਿ ਅਡਾਨੀ ਅੰਬਾਨੀ ਅਤੇ ਹੋਰ ਸਾਰੇ ਅਰਬਾਂਪਤੀਆਂ ਸਮੇਤ ਵੱਡੇ ਵੱਡੇ ਜਗੀਰਦਾਰਾਂ ਤੇ ਸੂਦਖੋਰ ਸ਼ਾਹੂਕਾਰਾਂ ਉੱਤੇ ਜਾਇਦਾਦ ਟੈਕਸ ਲਾ ਕੇ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਹਰ ਸਾਲ ਦਿੱਤੀ ਜਾਂਦੀ ਖਰਬਾਂ ਰੁਪਏ ਦੀ ਕਰਜ਼ਾ ਮਾਫ਼ੀ ਤੇ ਟੈਕਸ ਮਾਫ਼ੀ ਬੰਦ ਕਰ ਕੇ ਬੇਅੰਤ ਸਰਮਾਇਆ ਜੁਟਾਇਆ ਜਾ ਸਕਦਾ ਹੈ।
           ਸਟੇਜ ਤੋਂ ਲਾਏ ਜਾ ਰਹੇ ਨਾਹਰਿਆਂ ਦੇ ਜੁਆਬ 'ਚ ਪੂਰੇ ਪੰਡਾਲ ਦੇ ਤਣੇ ਹੋਏ ਮੁੱਕਿਆਂ ਤੇ ਆਕਾਸ਼ ਗੁੰਜਾਊ ਬੋਲਾਂ ਵਿੱਚੋਂ ਲੋਕਾਂ ਦਾ ਮੋਦੀ ਹਕੂਮਤ ਵਿਰੁੱਧ ਤਿੱਖਾ ਰੋਹ ਅਤੇ ਠਾਠਾਂ ਮਾਰਦਾ ਜੇਤੂ ਰੌਂਅ/ਜੋਸ਼/ਉਤਸ਼ਾਹ ਝਲਕ ਰਿਹਾ ਸੀ।
            ਪਰਮਜੀਤ ਕੌਰ ਪਿੱਥੋ ਨੇ ਆਪਣੇ ਸੰਬੋਧਨ ਦੌਰਾਨ ਇਸ ਜਾਨ ਹੂਲਵੇਂ ਘੋਲ਼ ਵਿੱਚ ਔਰਤਾਂ ਵੱਲੋਂ ਨਿਭਾਈ ਜਾ ਰਹੀ ਸ਼ਾਨਾਂਮੱਤੀ ਭੂਮਿਕਾ ਅਤੇ ਆਪਾਵਾਰੂ ਸਿਦਕੀ ਜਜ਼ਬੇ ਨਾਲ ਕੀਤੀ ਜਾ ਰਹੀ ਲਾਮਿਸਾਲ ਸ਼ਮੂਲੀਅਤ ਦੀ ਜੈ ਜੈਕਾਰ ਕੀਤੀ। ਆਉਂਦੇ ਦਿਨਾਂ ਵਿੱਚ ਹੋਰ ਵੀ ਦ੍ਰਿੜ੍ਹਤਾ ਨਾਲ ਘੋਲ਼ ਦੇ ਮੈਦਾਨ ਵਿੱਚ ਡਟਣ ਦੀ ਉਨ੍ਹਾਂ ਦੀ ਤਤਪਰਤਾ ਨੂੰ ਉਚਿਆਇਆ। 
           ਇੰਦਰਜੀਤ ਸਿੰਘ ਝੱਬਰ ਨੇ ਸੰਸਾਰ ਵਪਾਰ ਸੰਸਥਾ ਦੀਆਂ ਸਾਮਰਾਜ ਪੱਖੀ ਨਿੱਜੀਕਰਨ ਵਪਾਰੀਕਰਨ ਸੰਸਾਰੀਕਰਨ ਖੁੱਲ੍ਹੀ ਮੰਡੀ ਦੀਆਂ ਲੋਕ ਮਾਰੂ ਨੀਤੀਆਂ ਨੂੰ ਮੁਕੰਮਲ ਭਾਂਜ ਦੇਣ ਲਈ ਕਿਸਾਨਾਂ ਮਜ਼ਦੂਰਾਂ ਤੇ ਹੋਰ ਸਾਰੇ ਕਿਰਤੀਆਂ ਦੇ ਇੱਕਜੁਟਤਾ ਵਾਲੇ ਸੰਘਰਸ਼ਾਂ ਲਈ ਮਾਨਸਿਕ ਤੌਰ 'ਤੇ ਤਿਆਰ ਹੋਣ ਅਤੇ ਹੋਰ ਵੀ ਵੱਡੀਆਂ ਔਰਤ ਲਾਮਬੰਦੀਆਂ ਜੁਟਾਉਣ ਦਾ ਸੱਦਾ ਦਿੱਤਾ।
      ਜਗਸੀਰ ਸਿੰਘ ਜਵਾਹਰਕੇ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ ਅਤੇ ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ ਵਿੱਚ ਰਣਧੀਰ ਸਿੰਘ ਮਲੂਕਾ, ਬਹਾਦਰ ਸਿੰਘ ਭੁਟਾਲ ਖੁਰਦ, ਕਰਮਜੀਤ ਕੌਰ ਕਿਸ਼ਨਗੜ੍ਹ ਅਤੇ ਕਰਨੈਲ ਸਿੰਘ ਲੰਗ ਸ਼ਾਮਲ ਸਨ।
      ਅਜਮੇਰ ਸਿੰਘ ਆਕਲੀਆ,ਮਿੱਠੂ ਸਿੰਘ ਕਿਲਾਭਰੀਆਂ ਅਤੇ ਦਵਿੰਦਰ ਸਿੰਘ ਧੌਲਾ ਸਮੇਤ ਕਈ ਨਵੇਂ ਉੱਭਰੇ ਗੀਤਕਾਰਾਂ ਨੇ ਲੋਕਪੱਖੀ ਗੀਤਾਂ ਰਾਹੀਂ ਰੰਗ ਬੰਨ੍ਹਿਆ। 
        ਜਾਰੀ ਕਰਤਾ: ਸੁਖਦੇਵ ਸਿੰਘ ਕੋਕਰੀ ਕਲਾਂ

ਲੋਕ ਤਾਕਤ ਦੇ ਜ਼ੋਰ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਐੱਮ ਐੱਸ ਪੀ ਤੇ ਘੋਲ਼ ਦੀਆਂ ਹੋਰ ਅਹਿਮ ਮੰਗਾਂ ਲਈ ਸਾਂਝਾ ਕਿਸਾਨ ਘੋਲ਼ ਜਾਰੀ

4 ਦਸੰਬਰ ਨੂੰ ਹੋਵੇਗਾ ਅਗਲੇ ਐਕਸ਼ਨ ਦਾ ਐਲਾਨ- ਭਾਕਿਯੂ (ਏਕਤਾ ਉਗਰਾਹਾਂ)
ਨਵੀਂ ਦਿੱਲੀ 1 ਦਸੰਬਰ ( ਗੁਰਸੇਵਕ ਸੋਹੀ) ਅੱਜ ਇੱਥੇ ਟਿਕਰੀ ਬਾਰਡਰ ਪਕੌੜਾ ਚੌਕ ਵਿਖੇ ਨੌਜਵਾਨਾਂ ਦੀ ਅਗਵਾਈ ਹੇਠ ਹੋਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਘੋਲ਼ ਰੈਲੀ ਦੀ ਸ਼ੁਰੂਆਤ ਜਥੇਬੰਦੀ ਦੇ ਜ਼ਿਲ੍ਹਾ ਮੋਗਾ ਦੇ ਸਾਬਕਾ ਪ੍ਰਧਾਨ 75ਸਾਲਾ ਤਰਲੋਕ ਸਿੰਘ ਹਿੰਮਤਪੁਰਾ ਦੇ ਦਿਲ ਦੇ ਦੌਰੇ ਕਾਰਨ ਹੋਏ ਅਚਾਨਕ ਸਦੀਵੀ ਵਿਛੋੜੇ ਮੌਕੇ ਉਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਰਾਹੀਂ ਕੀਤੀ ਗਈ। ਇਸ ਮੌਕੇ ਪੰਡਾਲ ਵਿੱਚ ਔਰਤਾਂ, ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੇ ਹਜ਼ਾਰਾਂ ਦੀ ਤਾਦਾਦ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਨੌਜਵਾਨ ਆਗੂ ਅਜੇਪਾਲ ਘੁੱਦਾ (ਬਠਿੰਡਾ) ਨੇ ਸਾਲ ਤੋਂ ਵੀ ਵੱਧ ਸਮੇਂ ਤੋਂ ਮੁਲਕ ਪੱਧਰੇ ਕਿਸਾਨ ਮੋਰਚੇ ਵਿੱਚ ਪੂਰੇ ਸਿਦਕ ਸਿਰੜ ਨਾਲ ਡਟੇ ਹੋਏ ਜੁਝਾਰੂ ਲੋਕਾਂ ਵੱਲੋਂ ਮੋਦੀ ਭਾਜਪਾ ਹਕੂਮਤ ਦੀ ਸਾਮਰਾਜੀ ਕਾਰਪੋਰੇਟਾਂ ਪੱਖੀ ਅੜੀ ਭੰਨ ਕੇ ਤਿੰਨੇ ਕਾਲ਼ੇ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਜਥੇਬੰਦ ਲੋਕ ਤਾਕਤ ਦੀ ਸ਼ਾਨਦਾਰ ਜਿੱਤ ਕਰਾਰ ਦਿੱਤਾ ਅਤੇ ਸਭਨਾਂ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਤੇ ਘੋਲ਼ ਦੇ ਹਮਾਇਤੀ ਲੋਕਾਂ ਨੂੰ ਇਸਦੀ ਮੁਬਾਰਕਬਾਦ ਦਿੱਤੀ।
         ਸੁਖਜੀਤ ਸਿੰਘ ਕੋਠਾਗੁਰੂ (ਬਠਿੰਡਾ) ਨੇ ਇਸ ਘੋਲ਼ ਦੀਆਂ ਰਹਿੰਦੀਆਂ ਮੰਗਾਂ ਦੇਸ਼ ਭਰ ਦੇ ਕਿਸਾਨਾਂ ਲਈ ਐੱਮ ਐੱਸ ਪੀ 'ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ; ਬਿਜਲੀ ਬਿੱਲ 2020 ਰੱਦ ਕਰਨ ਅਤੇ ਜਨਤਕ ਵੰਡ ਪ੍ਰਣਾਲੀ ਪੂਰੀ ਮਜ਼ਬੂਤ ਕਰਨ ਤੋਂ ਇਲਾਵਾ ਘੋਲ਼ ਦੌਰਾਨ ਮੜ੍ਹੇ ਸਾਰੇ ਪੁਲਿਸ ਕੇਸ ਵਾਪਸ ਲੈਣ; 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਢੁੱਕਵੇਂ ਮੁਆਵਜ਼ੇ ਤੇ ਪੱਕੀ ਸਰਕਾਰੀ ਨੌਕਰੀ ਅਤੇ ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਸਮੇਤ ਸਾਰੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਵਰਗੀਆਂ ਮੰਗਾਂ ਮੰਨਵਾਉਣ ਲਈ ਘੋਲ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਅੱਜ ਕੇਂਦਰੀ ਖੇਤੀ ਮੰਤਰਾਲੇ ਦੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਾਰਲੀਮੈਂਟ 'ਚ ਸਰਾਸਰ ਝੂਠ ਪੇਸ਼ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਕਿ ਉਨ੍ਹਾਂ ਕੋਲ ਮੌਜੂਦਾ ਕਿਸਾਨ ਘੋਲ਼ ਦੇ ਸ਼ਹੀਦਾਂ ਦੀ ਕੋਈ ਜਾਣਕਾਰੀ ਹੀ ਨਹੀਂ ਹੈ। ਹਕੀਕਤ ਇਹ ਹੈ ਕਿ ਸਾਰੇ ਸ਼ਹੀਦਾਂ ਦੇ ਪੋਸਟ-ਮਾਰਟਮ ਦਾ ਰਿਕਾਰਡ ਸਰਕਾਰੀ ਹਸਪਤਾਲਾਂ ਅਤੇ ਪੁਲਿਸ ਥਾਣਿਆਂ ਵਿੱਚ ਮੌਜੂਦ ਹੈ। ਜੇਕਰ ਸਰਕਾਰ ਦੀ ਨੀਅਤ ਸਾਫ਼ ਹੋਵੇ ਤਾਂ ਸੰਬੰਧਿਤ ਜਥੇਬੰਦੀਆਂ ਕੋਲ਼ੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
         ਨੌਜਵਾਨ ਜਗਸੀਰ ਸਿੰਘ ਦੋਦੜਾ (ਮਾਨਸਾ) ਨੇ ਦੱਸਿਆ ਕਿ ਸਰਕਾਰੀ ਚਾਲਬਾਜ਼ੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾਣ ਵਾਲੀ 4 ਦਸੰਬਰ ਦੀ ਮੀਟਿੰਗ ਵਿੱਚ ਅਗਲੇ ਐਕਸ਼ਨ ਬਾਰੇ ਫੈਸਲਾ ਕੀਤਾ ਜਾਵੇਗਾ। ਸਟੇਜ ਤੋਂ ਲਵਾਏ ਗਏ ਨਾਹਰਿਆਂ ਦੇ ਆਕਾਸ਼ ਗੁੰਜਾਊ ਬੋਲਾਂ ਵਿੱਚੋਂ ਲੋਕਾਂ ਦਾ ਠਾਠਾਂ ਮਾਰਦਾ ਜੇਤੂ ਰੌਂਅ, ਜੋਸ਼ ਤੇ ਕੇਂਦਰ ਸਰਕਾਰ ਵਿਰੁੱਧ ਤਿੱਖਾ ਰੋਹ ਝਲਕ ਰਿਹਾ ਸੀ।
         ਨੌਜਵਾਨ ਔਰਤ ਆਗੂ ਅਮਨਦੀਪ ਕੌਰ ਦੌਣ ਕਲਾਂ (ਪਟਿਆਲਾ) ਨੇ ਆਪਣੇ ਸੰਬੋਧਨ ਦੌਰਾਨ ਇਸ ਜਾਨ ਹੂਲਵੇਂ ਘੋਲ਼ ਵਿੱਚ ਔਰਤਾਂ ਵੱਲੋਂ ਨਿਭਾਈ ਜਾ ਰਹੀ ਸ਼ਾਨਾਂਮੱਤੀ ਭੂਮਿਕਾ ਅਤੇ ਆਪਾਵਾਰੂ ਸਿਦਕੀ ਜਜ਼ਬੇ ਨਾਲ ਕੀਤੀ ਜਾ ਰਹੀ ਲਾਮਿਸਾਲ ਸ਼ਮੂਲੀਅਤ ਦੀ ਜੈ ਜੈਕਾਰ ਕੀਤੀ। ਆਉਂਦੇ ਦਿਨਾਂ ਵਿੱਚ ਹੋਰ ਵੀ ਦ੍ਰਿੜ੍ਹਤਾ ਨਾਲ ਘੋਲ਼ ਦੇ ਮੈਦਾਨ ਵਿੱਚ ਡਟਣ ਲਈ ਉਨ੍ਹਾਂ ਦੀ ਤਤਪਰਤਾ ਨੂੰ ਉਚਿਆਇਆ। 
           ਜਗਤਾਰ ਸਿੰਘ ਲੱਡੀ (ਸੰਗਰੂਰ) ਨੇ ਸੰਸਾਰ ਵਪਾਰ ਸੰਸਥਾ ਦੀਆਂ ਸਾਮਰਾਜ ਪੱਖੀ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ, ਖੁੱਲ੍ਹੀ ਮੰਡੀ ਦੀਆਂ ਲੋਕ ਮਾਰੂ ਨੀਤੀਆਂ ਨੂੰ ਮੁਕੰਮਲ ਭਾਂਜ ਦੇਣ ਲਈ ਕਿਸਾਨਾਂ ਮਜ਼ਦੂਰਾਂ ਤੇ ਹੋਰ ਸਾਰੇ ਕਿਰਤੀਆਂ ਦੇ ਇੱਕਜੁਟਤਾ ਵਾਲੇ ਸੰਘਰਸ਼ਾਂ ਲਈ ਮਾਨਸਿਕ ਤੌਰ 'ਤੇ ਤਿਆਰ ਹੋਣ ਅਤੇ ਹੋਰ ਵੀ ਵੱਡੀਆਂ ਔਰਤ ਲਾਮਬੰਦੀਆਂ ਜੁਟਾਉਣ ਦਾ ਸੱਦਾ ਦਿੱਤਾ।
       ਸਟੇਜ ਸਕੱਤਰ ਦੀ ਭੂਮਿਕਾ ਨੌਜਵਾਨ ਆਗੂ ਗੁਰਬਾਜ਼ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਫਾਜ਼ਿਲਕਾ ਵੱਲੋਂ ਨਿਭਾਈ ਗਈ ਅਤੇ ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ ਵਿੱਚ ਹਰਦੇਵ ਸਿੰਘ ਕੁਲਾਰਾਂ ਤੇ ਜਰਨੈਲ ਸਿੰਘ (ਸੰਗਰੂਰ), ਲਖਵਿੰਦਰ ਸਿੰਘ ਤੇ ਪਰਮਵੀਰ ਸਿੰਘ ਘਲੋਟੀ (ਲੁਧਿਆਣਾ), ਜਗਸੀਰ ਸਿੰਘ ਜਵਾਹਰਕੇ (ਮਾਨਸਾ), ਬਿੱਕਰਜੀਤ ਪੂਹਲਾ (ਬਠਿੰਡਾ) ਅਤੇ ਗੁਰਵਿੰਦਰ ਸਿੰਘ (ਉੱਤਰਾਖੰਡ) ਸ਼ਾਮਲ ਸਨ।
        ਲੋਕਪੱਖੀ ਕਲਾਕਾਰ ਸੁਲਤਾਨ ਦੀਵਾਨਾ ਪਲਸ ਮੰਚ ਦੀ ਨਿਰਦੇਸ਼ਨਾ ਹੇਠ ਕੋਰੀਓਗ੍ਰਾਫੀ "ਕੱਖੋਂ ਹੌਲੇ ਹੋ ਜਾਂ 'ਗੇ,ਜੇ ਅੰਦਰ ਵੜ ਜਾਂ 'ਗੇ" ਪੇਸ਼ ਕੀਤੀ ਗਈ। ਬੈਸਟ ਪ੍ਰਾਈਸ ਭੁੱਚੋ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਝੰਡੂਕੇ ਵੱਲੋਂ ਆਪਣੀ ਜਥੇਬੰਦੀ ਦੁਆਰਾ ਕਿਸਾਨ ਘੋਲ਼ ਦੀ ਹਮਾਇਤ ਲਗਾਤਾਰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
        ਜਾਰੀ ਕਰਤਾ: ਸੁਖਜੀਤ ਸਿੰਘ ਕੋਠਾਗੁਰੂ  
        

ਕੇਂਦਰ ਸਰਕਾਰ ਨੇ ਪਹਿਲਕਦਮੀ ਕਰਦਿਆਂ MSP ਮੁੱਦੇ ਤੇ ਕਮੇਟੀ ਲਈ ਸੰਯੁਕਤ ਕਿਸਾਨ ਮੋਰਚੇ ਤੋਂ ਮੰਗੇ ਪੰਜ ਨਾ  

ਨਾਵਾ ਬਾਰੇ ਕੀ ਫ਼ੈਸਲਾ ਹੁੰਦਾ ਹੈ ਬੁੱਧਵਾਰ ਨੂੰ ਹੋ ਰਹੀ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਤੋਂ ਬਾਅਦ ਹੀ ਪਤਾ ਲੱਗੇਗਾ  

ਸੰਘਰਸ਼ ਕਰ ਰਹੇ ਕਿਸਾਨਾਂ ਦੀ ਘਰ ਵਾਪਸੀ ਨੂੰ ਲੈ ਕੇ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ -ਰਾਕੇਸ਼ ਟਿਕੈਤ  

ਦਿੱਲੀ, 30 ਨਵੰਬਰ (ਗੁਰਸੇਵਕ ਸੋਹੀ ) ਕੇਂਦਰ ਦੀ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਤੋਂ ਘੱਟੋ ਘੱਟ ਸਮਰਥਨ ਮੁੱਲ ਲਈ ਕਿਰਤੀ ਕਾਨੂੰਨਾਂ ਲਈ ਬਣਾਈ ਜਾਣ ਵਾਲੀ ਕਮੇਟੀ ਲਈ 5 ਲੋਕਾਂ ਦੇ ਨਾਂ ਮੰਗੇ ਹਨ । ਸੰਯੁਕਤ ਕਿਸਾਨ ਮੋਰਚੇ ਵੱਲੋਂ ਅਜੇ ਇਹ ਨਾਂ ਤੈਅ ਨਹੀਂ ਕੀਤੇ ਗਏ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕੱਲ੍ਹ ਬੁੱਧਵਾਰ ਨੂੰ ਬਾਅਦ ਦੁਪਹਿਰ ਹੋ ਰਹੀ ਹੈ ਜਿਸ ਤੋਂ ਬਾਅਦ ਹੀ ਅਸਲ ਗੱਲ ਤਾਂ ਪਤਾ ਲੱਗ ਸਕੇਗਾ ।

ਪੰਜਾਬ ਦੀਆਂ 32 ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਅਧੂਰੀਆਂ ਮੰਗਾਂ ਲੈ ਕੇ ਵਾਪਸ ਨਹੀਂ ਜਾਣਗੇ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਆਖਿਆ ਕਿ ਜਿੰਨਾ ਚਿਰ  ਐਮ ਐਸ ਪੀ ਤੇ ਕਨੂੰਨ ਅਤੇ ਕਿਸਾਨਾਂ ਤੇ ਲੱਗੇ ਮੁਕੱਦਮਿਆਂ ਦੀ ਵਾਪਸੀ ਬਿਨਾਂ ਅਸੀਂ ਵਾਪਸ ਨਹੀਂ ਜਾਵਾਂਗੇ । ਸੰਯੁਕਤ ਕਿਸਾਨ ਮੋਰਚੇ ਨਾਲ ਸਾਰੇ ਹੀ ਪ੍ਰਦਰਸ਼ਨਕਾਰੀ( ਜਿਨ੍ਹਾਂ ਵਿਚ ਨਿਹੰਗ ਸਿੰਘ ਜਥੇਬੰਦੀਆਂ) ਇਸ ਗੱਲ ਉੱਪਰ ਸਹਿਮਤ ਹਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਕੀਤੇ ਫ਼ੈਸਲੇ ਮੁਤਾਬਕ ਹੀ ਘਰ ਵਾਪਸੀ ਹੋਵੇਗੀ ।  

ਸਰਦ ਰੁੱਤ ਦੇ ਸੈਸ਼ਨ ਦੇ ਪਹਿਲੇ ਦਿਨ ਖੇਤੀ ਕਾਨੂੰਨ ਵਾਪਸੀ ਬਿਲ ਲੋਕ ਸਭਾ ਚ ਪਾਸ  

ਦਿਲੀ, 29 ਨਵੰਬਰ  (ਏਜੰਸੀ ) ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ।ਸੰਸਦ ਦਾ ਇਹ ਸੈਸ਼ਨ 29 ਨਵੰਬਰ ਤੋਂ 23 ਦਸੰਬਰ ਤਕ ਚੱਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ ਦਾ ਐਲਾਨ ਕੀਤਾ ਸੀ ਤੇ ਇਸ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਨੇ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸਰਕਾਰ ਇਸ ਪੂਰੇ ਸੈਸ਼ਨ 'ਚ ਕਰੀਬ 30 ਬਿੱਲ ਪੇਸ਼ ਕਰਨ ਜਾ ਰਹੀ ਹੈ, ਜਿਸ 'ਚ ਕ੍ਰਿਪਟੋਕਰੰਸੀ, ਬਿਜਲੀ, ਪੈਨਸ਼ਨ, ਵਿੱਤੀ ਸੁਧਾਰ ਤੇ ਬੈਂਕਿੰਗ ਕਾਨੂੰਨ ਨਾਲ ਜੁੜੇ ਬਿੱਲ ਸ਼ਾਮਲ ਹਨ।

ਡੀ ਆਰ ਆਈ ਨੇ ਮੁੰਬਈ ਹਵਾਈ ਅੱਡੇ 'ਤੇ ਆਈਫੋਨ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼

 

3646 ਫੋਨ ਦੇ ਨਵੀਨਤਮ ਮਾਡਲ ਜ਼ਬਤ , ਬਾਜ਼ਾਰੂ ਕੀਮਤ ਲਗਭਗ 42.86 ਕਰੋਡ਼  

ਮੁਬਈ , 28 ਨਵੰਬਰ  (ਜਨ ਸ਼ਕਤੀ ਨਿਊਜ਼ ਬਿਊਰੋ  )   ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀਆਰਆਈ) ਦੀ ਮੁੰਬਈ ਯੂਨਿਟ ਨੇ ਐਤਵਾਰ ਨੂੰ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਪਲ ਆਈਫੋਨ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ। ਡੀਆਰਆਈ ਨੇ ਹਵਾਈ ਅੱਡੇ 'ਤੇ ਏਅਰ ਕਾਰਗੋ ਕੰਪਲੈਕਸ (ਏਸੀਸੀ) 'ਤੇ ਆਈਫੋਨ ਦੇ ਨਵੀਨਤਮ ਮਾਡਲਾਂ ਦੀ 3,646 ਦੀ ਖੇਪ ਜ਼ਬਤ ਕੀਤੀ। ਆਈਫੋਨ ਹਾਂਗਕਾਂਗ ਤੋਂ ਦੇਸ਼ ਵਿੱਚ ਤਸਕਰੀ ਕੀਤੇ ਜਾਣ ਦਾ ਸ਼ੱਕ ਹੈ। ਕਸਟਮ ਡਿਊਟੀ ਤੋਂ ਬਚਣ ਲਈ ਇਨ੍ਹਾਂ ਚੀਜ਼ਾਂ ਨੂੰ 'ਮੈਮੋਰੀ ਚਿਪਸ' ਵਜੋਂ ਦਰਾਮਦ ਕੀਤਾ ਗਿਆ ਸੀ। ਖੇਪ ਵਿੱਚ ਆਈਫੋਨ 13- ਪ੍ਰੋ ਦੇ 2,245 ਹੈਂਡਸੈੱਟ, ਆਈਫੋਨ 13- ਪ੍ਰੋ ਮੈਕਸ ਦੇ 1,401 ਹੈਂਡਸੈੱਟ, ਗੂਗਲ ਪਿਕਸਲ 6- ਪ੍ਰੋ ਦੇ 12 ਹੈਂਡਸੈੱਟ ਅਤੇ ਇੱਕ ਐਪਲ ਸਮਾਰਟਵਾਚ ਸ਼ਾਮਲ ਸਨ। “ਉਪਰੋਕਤ ਮੋਬਾਈਲ ਫੋਨ ਅਤੇ ਐਪਲ ਸਮਾਰਟਵਾਚ, ਜਿਨ੍ਹਾਂ ਦੀ ਘੋਸ਼ਣਾ ਨਹੀਂ ਕੀਤੀ ਗਈ ਸੀ, ਨੂੰ ਕਸਟਮ ਐਕਟ, 1962 ਦੇ ਤਹਿਤ ਜ਼ਬਤ ਕੀਤਾ ਗਿਆ ਸੀ। ਜ਼ਬਤ ਕੀਤੇ ਗਏ ਸਾਮਾਨ ਦੀ ਕੁੱਲ ਕੀਮਤ ਲਗਭਗ 42.86 ਕਰੋੜ ਰੁਪਏ ਹੈ, ਜਦੋਂ ਕਿ ਮਾਲ ਦੀ ਘੋਸ਼ਿਤ ਕੀਮਤ ਸਿਰਫ 80 ਲੱਖ ਰੁਪਏ ਸੀ। "ਏਜੰਸੀ ਨੇ ਕਿਹਾ  ਆਈਫੋਨ 13 ਮਾਡਲ ਸਤੰਬਰ ਤੋਂ ਭਾਰਤ ਵਿੱਚ ਵਿਕਰੀ ਲਈ ਆਏ, ਜਿਨ੍ਹਾਂ ਦੀ ਬੇਸ ਕੀਮਤ 70,000 ਰੁਪਏ ਹੈ ਅਤੇ ਕੁਝ ਉੱਚ-ਅੰਤ ਵਾਲੇ ਮਾਡਲਾਂ ਦੀ ਕੀਮਤ 1,80,000 ਰੁਪਏ ਤੱਕ ਹੈ। ਭਾਰਤ ਵਿੱਚ ਮੋਬਾਈਲ ਫੋਨਾਂ ਦੀ ਦਰਾਮਦ 'ਤੇ ਲਗਭਗ 44 ਫੀਸਦੀ ਦੀ ਪ੍ਰਭਾਵੀ ਕਸਟਮ ਡਿਊਟੀ ਲੱਗਦੀ ਹੈ। ਏਜੰਸੀ ਨੇ ਕਿਹਾ, "ਇੰਨੀ ਵੱਡੀ ਸੰਖਿਆ ਵਿੱਚ ਨਵੀਨਤਮ ਮਾਡਲਾਂ ਦੇ ਇਹਨਾਂ ਉੱਚ-ਅੰਤ ਵਾਲੇ ਫੋਨਾਂ ਦੀ ਤਸਕਰੀ ਦੀ ਕੋਸ਼ਿਸ਼ ਦਾ ਪਤਾ ਲੱਗਦਾ ਹੈ ਕਿ ਤਸਕਰ ਆਈਫੋਨ 13 ਵਰਗੇ ਨਵੀਨਤਮ ਉਤਪਾਦਾਂ ਲਈ ਕਿੰਨੀ ਤੇਜ਼ੀ ਨਾਲ ਤਸਕਰੀ ਦਾ ਨੈੱਟਵਰਕ ਸਥਾਪਤ ਕਰਦੇ ਹਨ," ਏਜੰਸੀ ਨੇ ਕਿਹਾ।

ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਬਿਆਨ ਬਾਰੇ ਭਾਕਿਯੂ (ਏਕਤਾ ਉਗਰਾਹਾਂ) ਦਾ ਪ੍ਰਤੀਕਰਮ

ਨਵੀਂ ਦਿੱਲੀ 27 ਨਵੰਬਰ ( ਗੁਰਸੇਵਕ ਸਿੰਘ ਸੋਹੀ  ) ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ  ਦਾ ਅੱਜ ਦਾ ਬਿਆਨ ਪ੍ਰਧਾਨ ਮੰਤਰੀ ਵੱਲੋਂ ਪਹਿਲਾਂ ਹੀ ਕੀਤੇ ਗਏ ਐਲਾਨ ਤੋਂ ਵੱਧ ਕੁਝ ਨਹੀਂ ਹੈ। ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਤੋਂ ਬਿਨਾਂ ਬਾਕੀ ਸਭਨਾਂ ਮੰਗਾਂ ਨੂੰ ਮੰਨਣ ਦਾ ਕੋਈ ਇਰਾਦਾ ਜ਼ਾਹਰ ਨਹੀਂ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਰਾਹੀਂ ਇਹ ਪ੍ਰਤੀਕਰਮ ਜ਼ਾਹਿਰ ਕਰਦਿਆਂ ਕਿਹਾ ਗਿਆ ਹੈ ਕਿ ਸ੍ਰੀ ਤੋਮਰ ਨੇ ਸ੍ਰੀ ਮੋਦੀ ਦੇ ਉਸੇ ਬਿਆਨ ਨੂੰ ਦੁਹਰਾਇਆ ਹੈ ਕਿ ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ ਹਨ ਤੇ ਕਿਸਾਨਾਂ ਨੂੰ ਘਰੇ ਵਾਪਸ ਚਲੇ ਜਾਣਾ ਚਾਹੀਦਾ ਹੈ। ਜਦ ਕਿ ਹਕੀਕਤ ਵਿੱਚ ਅਜੇ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਵੀ ਸਿਰਫ਼ ਐਲਾਨ ਹੀ ਕੀਤਾ ਹੈ। ਜਿਸ ਦਾ ਪਾਰਲੀਮੈਂਟ ਵਿੱਚ ਪੇਸ਼/ਪਾਸ ਹੋਣਾ ਅਜੇ ਬਾਕੀ ਹੈ। ਬਾਕੀ ਮੰਗਾਂ ਬਾਰੇ ਵੀ ਅਜੇ ਸਪੱਸ਼ਟਤਾ ਨਾਲ ਕੁਝ ਨਹੀਂ ਕਿਹਾ ਗਿਆ ਹੈ। ਐੱਮ ਐੱਸ ਪੀ ਦੇ ਮੁੱਦੇ 'ਤੇ ਕਮੇਟੀ ਬਣਾਉਣ ਦੇ ਐਲਾਨ ਦਾ ਦਾਅਵਾ ਵੀ ਸਪੱਸ਼ਟ ਨਹੀਂ ਹੈ ਕਿ ਕਮੇਟੀ ਕਿਹੋ ਜਿਹੀ ਹੋਵੇਗੀ, ਉਹ ਕੀ ਵਿਚਾਰੇਗੀ , ਉਸ ਦੀ ਬਣਤਰ, ਉਸਦੀ ਸਮਾਂ-ਬੱਧਤਾ ਵਰਗੇ ਕਈ ਪੱਖ ਹਨ ਜਿਨ੍ਹਾਂ ਬਾਰੇ ਵਿਸਥਾਰਿਤ ਚਰਚਾ ਤੋਂ ਬਿਨਾਂ ਇਹ ਇੱਕ ਅਜਿਹੀ ਕਮੇਟੀ ਸਾਬਤ ਹੋਵੇਗੀ ਜਿਹੜੀਆਂ ਕਮੇਟੀਆਂ  ਸਰਕਾਰਾਂ ਅਕਸਰ ਮਸਲੇ ਟਾਲਣ ਲਈ ਹੀ ਬਣਾਉਂਦੀਆਂ ਹਨ। ਇਉਂ ਹੀ ਕੇਸ ਵਾਪਸੀ ਤੇ ਮੁਆਵਜ਼ੇ ਦੀਆਂ ਮੰਗਾਂ ਵੀ ਸਰਕਾਰ ਨੇ ਰਾਜ ਸਰਕਾਰਾਂ ਦੇ ਸਿਰ ਪਾ ਕੇ ਪੱਲਾ ਝਾੜਿਆ ਹੈ। 
ਇਸ ਲਈ ਬਿਆਨਬਾਜ਼ੀ ਨਾਲ ਹੀ ਕਿਸਾਨ ਸੰਘਰਸ਼ ਦੇ ਹਮਾਇਤੀ ਹਿੱਸਿਆਂ ਚ ਮੰਗਾਂ ਮੰਨ ਲੈਣ ਦਾ ਭਰਮ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦ ਕਿ ਸਰਕਾਰ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਬਾਕੀ ਮੰਗਾਂ ਬਾਰੇ ਕੋਈ ਗੰਭੀਰਤਾ ਨਹੀਂ ਦਿਖਾ ਰਹੀ। ਇਸ ਲਈ ਇਨ੍ਹਾਂ ਮੁੱਦਿਆਂ ਦੇ ਤਸੱਲੀਬਖਸ਼ ਹੱਲ ਤੋਂ ਬਿਨਾਂ ਸੰਘਰਸ਼ ਸਮਾਪਤੀ ਦਾ ਕੋਈ ਅਰਥ ਨਹੀਂ ਬਣਦਾ। ਦਿੱਲੀ ਦੇ ਮੋਰਚਿਆਂ ਸਮੇਤ ਦੇਸ਼ ਭਰ ਅੰਦਰ ਚੱਲ ਰਿਹਾ ਕਿਸਾਨਾਂ ਦਾ ਸੰਘਰਸ਼ ਅਜੇ ਜਾਰੀ ਹੈ ਤੇ ਜਾਰੀ ਰਹੇਗਾ।

ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਸਾਡੇ ਕੋਲ ਅਜੇ ਤਕ ਕੁਝ ਵੀ ਲਿਖਤੀ ਚ ਨਹੀਂ ਆਇਆ -ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ  

ਦਿੱਲੀ , 27 ਨਵੰਬਰ (ਗੁਰਸੇਵਕ ਸਿੰਘ ਸੋਹੀ )  ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜੇਕਰ ਮਨੋਹਰ ਲਾਲ ਖੱਟੜ ਅਜਿਹਾ ਕਹਿੰਦੇ ਹਨ ਕਿ ਐੱਮ ਐੱਸ ਪੀ  ਦੇਣਾ ਸੰਭਵ ਨਹੀਂ ਹੈ ਤਾਂ ਹੋ ਸਕਦਾ ਹੈ ਕਿਉਂ ਸਾਨੂੰ ਇਥੋਂ ਜਾਣ ਨਹੀਂ ਦੇਣਾ ਚਾਹੁੰਦੇ ਹੋਣਗੇ ਇਹ ਵੀ ਅਸੰਭਵ ਹੈ  ਕਿ ਉਨ੍ਹਾਂ ਨੂੰ ਇਸ ਅੰਦੋਲਨ ਨੂੰ ਅੱਗੇ ਚੱਲਦਾ ਰੱਖਣ ਦਾ ਮਨ ਹੋਵੇ ਅਤੇ ਮੈਂ ਤੁਹਾਨੂੰ ਸਾਫ਼ ਅਤੇ ਸਪਸ਼ਟ ਦੱਸਣਾ ਚਾਹੁੰਦਾ ਕਿ ਪਰਾਲੀ ਸਾੜਨ ਦੇ ਮਸਲੇ ਉੱਪਰ ਅਜੇ ਤਕ ਸਾਡੇ ਕੋਲ ਲਿਖਤੀ ਰੂਪ ਵਿੱਚ ਕੁਝ ਵੀ ਨਹੀਂ ਆਇਆ ਜਿਸ ਤੇ ਅਸੀਂ ਵਿਸ਼ਵਾਸ ਕਰ ਸਕੀਏ । ਇਕ ਪ੍ਰੈਸ ਵਾਰਤਾ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਇਹ ਦੱਸਿਆ ।

29  ਨਵੰਬਰ ਨੂੰ ਨਹੀਂ ਹੋਵੇਗਾ ਸੰਸਦ ਵੱਲ ਕੂਚ - ਕਿਸਾਨ ਆਗੂ ਸਿੰਘੂ ਬਾਰਡਰ 

ਦਿੱਲੀ, 27 ਨਵੰਬਰ (ਗੁਰਸੇਵਕ ਸਿੰਘ ਸੋਹੀ)  ਕਿਸਾਨ ਆਗੂਆਂ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਗੱਲ ਨੂੰ ਕਲੀਅਰ ਕੀਤਾ ਕਿ 29 ਨਵੰਬਰ ਨੂੰ 500 ਆਦਮੀਆਂ ਦੇ ਜਥੇ ਦਾ ਦਿੱਲੀ ਪਾਰਲੀਮੈਂਟ ਵੱਲ ਕੂਚ ਸੀ ਉਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ  । ਉਸ ਦਾ ਕਾਰਨ ਦੱਸਦੇ ਹੋਏ ਕਿਸਾਨ ਆਗੂਆਂ ਨੇ ਆਖਿਆ ਕਿ ਫਿਲਹਾਲ ਸਰਕਾਰ ਨਾਲ ਮੰਗਾਂ ਉੱਪਰ ਗੱਲਬਾਤ ਚੱਲ ਰਹੀ ਹੈ ਪ੍ਰਧਾਨਮੰਤਰੀ ਨੂੰ ਅੱਜ ਚਿੱਠੀ ਲਿਖ ਦਿੱਤੀ ਗਈ ਹੈ  ਅਤੇ ਇਸ ਦੀ ਅਗਲੀ ਵਾਰਤਾ 4 ਦਸੰਬਰ ਨੂੰ ਹੋਵੇਗੀ ਜੇਕਰ ਕੁਝ ਸਾਹਮਣੇ ਆ ਜਾਵੇਗਾ ਫਿਰ ਦੁਆਰਾ ਇਸ ਤੇ ਵਿਚਾਰ ਕੀਤਾ ਜਾ ਸਕਦਾ ਹੈ।  

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿੱਕਰੀ ਵਾਰਡਰ ਸਟੇਜ ਤੋਂ ਭਾਰਤ ਸਰਕਾਰ ਤੋਂ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਆਉਣ ਦੀ ਮੰਗ  

ਨਵੀਂ ਦਿੱਲੀ 25 ਨਵੰਬਰ (ਗੁਰਸੇਵਕ ਸਿੰਘ ਸੋਹੀ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਟਿਕਰੀ ਬਾਰਡਰ  ਦੀ  ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਤਿੰਨੇ ਖੇਤੀ ਸੰਬੰਧੀ  ਕਾਲੇ ਕਾਨੂੰਨ ਰੱਦ ਕਰਨ ਦੀ  ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਬਾਕੀ ਰਹਿੰਦੀਆਂ ਮੰਗਾਂ ਜਿਸ ਵਿਚ ਐਮਐਸਪੀ ਤੇ ਕਮੇਟੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਸਬੰਧੀ ਪਹਿਲਾਂ ਸਭ ਤੋਂ ਵੱਡੀਆਂ ਦਿੱਕਤਾਂ ਦੂਰ ਕਰਨ ਦੀ ਜ਼ਰੂਰਤ ਹੈ  । ਉਨ੍ਹਾਂ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਵਿੱਚ ਸ਼ਾਮਲ ਸਾਮਰਾਜੀ ਦੇਸ਼ਾਂ ਵੱਲੋਂ ਵਿਕਾਸਸ਼ੀਲ ਅਤੇ ਪਛੜੇ ਮੁਲਕਾਂ ਤੇ ਸ਼ਰਤਾਂ ਮੜੀਆਂ ਜਾਂਦੀਆਂ ਹਨ  ਅਤੇ ਜਬਰੀ ਮੰਨਣ ਲਈ ਮਜਬੂਰ ਕੀਤਾ ਜਾਂਦਾ ਹੈ   ਜਿਸ ਦਾ ਭਾਰਤ ਵੀ ਮੈਂਬਰ ਹੈ  ।ਉਨ੍ਹਾਂ ਮੰਗ ਕੀਤੀ ਕਿ ਭਾਰਤ ਵਿਸ਼ਵ ਵਪਾਰ ਸੰਸਥਾ  ਵਿੱਚੋਂ ਬਾਹਰ ਆਵੇ  । ਹੁਣ ਵਿਸ਼ਵ ਵਪਾਰ ਸੰਸਥਾ ਦੀ ਹੋਣ ਵਾਲੀ ਮੀਟਿੰਗ ਵਿੱਚ  ਸਾਮਰਾਜੀ ਦੇਸ਼ਾਂ  ਵੱਲੋਂ ਐੱਮਐਸਪੀ ਖ਼ਤਮ ਕਰਨ ਦੀਆਂ ਵਿਉਂਤਾਂ ਕੀਤੀਆਂ ਜਾ ਰਹੀਆਂ  ਹਨ  । ਇਸ ਤੋਂ ਪਹਿਲਾਂ 2014 ਵਿੱਚ ਨਰਿੰਦਰ ਮੋਦੀ ਵੱਲੋਂ ਕੇਂਦਰ ਦੀ ਗੱਦੀ ਤੇ ਬੈਠਦਿਆਂ ਹੀ   ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਸ਼ਾਂਤਾ ਕੁਮਾਰ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਹੈ  ਜਿਸ ਵੱਲੋਂ ਐੱਮਐੱਸਪੀ  , ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ , ਖੇਤੀ ਨੂੰ ਮਿਲਦੀਆਂ ਸਬਸਿਡੀਆਂ  ਬੰਦ  ਕਰਨ ਅਤੇ ਖੇਤੀ ਲਈ  ਬਜਟ ਘੱਟ ਕਰਨ   ਦੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ । ਇਨ੍ਹਾਂ ਸਿਫ਼ਾਰਸ਼ਾਂ ਨੂੰ ਲਾਗੂ ਕਰਦਿਆਂ ਹੀ ਭਾਜਪਾ ਵੱਲੋਂ ਤਿੰਨ ਨਵੇਂ ਖੇਤੀ ਕਾਨੂੰਨ ਲਿਆਂਦੇ ਗਏ ਸਨ  । ਉਨ੍ਹਾਂ ਮੰਗ ਕੀਤੀ ਕਿ ਭਾਰਤ ਵਿਚ ਐੱਮਐੱਸਪੀ ਜਾਰੀ ਰੱਖਣ ਲਈ ਸ਼ਾਂਤਾ ਕੁਮਾਰ ਦੀ ਅਗਵਾਈ ਵਾਲੀ   ਕਮੇਟੀ ਭੰਗ ਕੀਤੀ ਜਾਵੇ ਤੇ ਉਸ ਦੀਆਂ  ਸਿਫਾਰਸ਼ਾਂ ਰੱਦ ਕੀਤੀਆਂ ਜਾਣ  । 
     ਹਰਿਆਣਾ  ਤੋਂ ਆਤਮਾ ਰਾਮ ਝੋਰੜ,ਵਰਿੰਦਰ ਹੁੱਡਾ ਅਤੇ ਜਸਵੀਰ ਭੱਟੀ ਨੇ ਕਿਸਾਨ ਮੋਰਚੇ ਦੀ ਪਹਿਲੀ ਜਿੱਤ ਤੇ ਕਿਰਤੀ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਕੀ ਰਹਿੰਦੀਆਂ ਮੰਗਾਂ ਤੇ ਵੀ ਸੰਘਰਸ਼ ਜਾਰੀ ਰੱਖਣ ਦੀ ਲੋੜ ਹੈ ਅਤੇ ਹਰਿਆਣੇ ਦੇ ਕਿਸਾਨਾਂ ਵੱਲੋਂ ਬਣਦਾ ਯੋਗਦਾਨ ਜਾਰੀ ਰਹੇਗਾ  । ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਉਨ੍ਹਾਂ 26 ਨਵੰਬਰ ਨੂੰ ਕਿਸਾਨ ਮੋਰਚੇ ਦੀ  ਵਰ੍ਹੇਗੰਢ ਮੌਕੇ  ਟਿਕਰੀ ਬਾਰਡਰ ਤੇ ਪਕੌੜਾ ਚੌਕ ਕੋਲ ਕੀਤੇ ਜਾ ਰਹੇ ਵਿਸ਼ਾਲ ਇਕੱਠ ਵਿਚ  ਸਭਨਾ ਮੀਡੀਆ ਨਾਲ ਸਬੰਧਤ ਇਲੈਕਟ੍ਰੋਨਿਕ, ਪ੍ਰਿੰਟ ਮੀਡੀਆ ਅਤੇ ਕੈਮਰਾਮੈਨ ਸਮੇਤ ਸਭ ਕਿਰਤੀ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ।   
     ਉੱਘੇ ਲੋਕ ਗਾਇਕ ਪੰਮੀ ਬਾਈ ਨੇ ਕਿਹਾ ਕਿ ਇਸ ਮੋਰਚੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਲੋਕਾਂ ਦੇ ਮੰਗਾਂ ਮਸਲੇ ਵੋਟ ਪਾਰਟੀਆਂ ਤੋਂ ਝਾਕ ਛੱਡ ਕੇ ਲੋਕਾਂ ਦੇ ਹੱਕੀ ਸੰਘਰਸ਼ ਨਾਲ ਹੀ ਹੱਲ ਹੋਣਗੇ  ।
     ਮਾਸਟਰ ਮੇਘ ਰਾਜ ਰੱਲਾ ਦੀ ਨਿਰਦੇਸ਼ਨਾ ਹੇਠ ਲੋਕ ਸੰਗਰਾਮ ਕਲਾਮੰਚ ਰੱਲਾ ਵੱਲੋਂ ਮੋਰਚੇ ਨਾਲ ਸਬੰਧਤ ਭੰਗੜਾ ਤੇ ਬੰਬੀਹਾ ਪੇਸ਼ ਕੀਤਾ ਗਿਆ  । ਅੱਜ ਦੀ ਸਟੇਜ ਤੋਂ ਹਰਿਆਣਾ  ਦੇ ਆਗੂ ਜਜਬੀਰ ਝੱਜਰ ਅਤੇ ਪੰਜਾਬ ਤੋਂ ਗੁਰਦੇਵ ਸਿੰਘ ਗੱਜੂਮਾਜਰਾ, ਸੁਖਵੰਤ ਸਿੰਘ ਵਲਟੋਹਾ ਅਤੇ ਹਰਜੀਤ ਸਿੰਘ ਮਹਿਲਾ ਨੇ ਵੀ ਸੰਬੋਧਨ ਕੀਤਾ  ।
ਜਾਰੀ ਕਰਤਾ ਸਿੰਗਾਰਾ ਸਿੰਘ ਮਾਨ 

ਮੋਦੀ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਆਪਣੇ ਸੰਦੇਸ਼ ਵਿਚ ਭਾਰਤ ਦੇ ਪ੍ਰਧਾਨਮੰਤਰੀ ਨੇ ਕੀਤਾ ਇਸ ਦਾ ਐਲਾਨ  

ਪ੍ਰਧਾਨਮੰਤਰੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦਾ ਵੀ ਜ਼ਿਕਰ ਕੀਤਾ  

ਮੰਤਰੀ ਨੇ ਕਿਤੇ ਨਾ ਕਿਤੇ ਇਸ ਗੱਲਬਾਤ ਦੇ ਵਿੱਚ ਮਾਫੀ ਵੀ ਮੰਗੀ ਹੈ  

ਪਰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਸਾਰੀ ਗੱਲਬਾਤ ਦਾ ਸਿੱਟਾ ਕੀ ਨਿਕਲਦਾ ਹੈ 

ਜਲਦ ਹੀ ਅਸੀਂ ਕਿਸਾਨਾਂ ਦਾ ਪ੍ਰਤੀਕਰਮ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ   

ਤੁਸੀਂ ਵੀ ਸੁਣ ਲਵੋ ਕੀ ਆਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  

Facebook Video Link ; https://fb.watch/9n6s9pVz8X/

ਦਿੱਲੀ ਦੇ ਟਿਕਰੀ ਬਾਰਡਰ ਤੇ ਗ਼ਦਰੀ ਗੁਲਾਬ ਕੌਰ ਨਗਰ ਵਿਖੇ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਦੀ ਕਾਰਵਾਈ ਅੱਜ ਨੌਜਵਾਨਾਂ ਵੱਲੋਂ ਸੰਭਾਲੀ ਗਈ

ਨਵੀਂ ਦਿੱਲੀ 17 ਨਵੰਬਰ ( ਗੁਰਸੇਵਕ ਸਿੰਘ ਸੋਹੀ )  ਦਿੱਲੀ ਦੇ ਟਿਕਰੀ ਬਾਰਡਰ ਤੇ ਗ਼ਦਰੀ ਗੁਲਾਬ ਕੌਰ ਨਗਰ ਵਿਖੇ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਦੀ ਕਾਰਵਾਈ ਅੱਜ ਨੌਜਵਾਨਾਂ ਵੱਲੋਂ ਸੰਭਾਲੀ ਗਈ । ਸਟੇਜ ਤੋਂ  ਬਠਿੰਡਾ ਜ਼ਿਲ੍ਹੇ ਦੇ ਨੌਜਵਾਨ ਆਗੂ ਗੁਰਪਾਲ ਸਿੰਘ ਦਿਉਣ ਅਤੇ  ਸੰਗਰੂਰ ਜ਼ਿਲ੍ਹੇ ਦੇ ਆਗੂ ਸੁਖਜਿੰਦਰ ਸਿੰਘ ਛਾਜਲੀ ਨੇ ਕਿਹਾ  ਕਿ  ਭਾਵੇਂ ਦੇਸ਼ ਦੇ ਹਾਕਮ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਦੀ ਦੁਹਾਈ ਪਾ ਰਹੇ ਹਨ । ਲਾਂਘਾ ਖੁਲ੍ਹਵਾ ਕੇ ਪੰਜਾਬ ਸਰਕਾਰ ਤੇ ਕੇਂਦਰ ਦੀ ਭਾਜਪਾ ਹਕੂਮਤ  ਏਸ ਰਾਜਨੀਤੀ ਤਹਿਤ ਆਉਣ ਵਾਲੀਆਂ ਪੰਜ ਸੂਬਿਆਂ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਲਾਹਾ ਲੈਣ ਦੀ ਤਾਕ ਵਿੱਚ ਹਨ  ਪਰ  ਇਨ੍ਹਾਂ ਲੁਟੇਰੀਆਂ ਹਾਕਮ ਜਮਾਤੀ ਵੋਟ ਪਾਰਟੀਆਂ ਨੇ 1947 ਵਿੱਚ ਭਾਰਤ ਦੀ ਦੋ ਹਿੱਸਿਆਂ ਵਿੱਚ  ਵੰਡ  ਕਰਕੇ ਬਹੁਤ ਸਾਰੇ  ਸਿੱਖ ਅਤੇ ਹੋਰ ਧਰਮਾਂ ਦੇ ਇਤਿਹਾਸ ਨਾਲ ਸਬੰਧਤ ਧਾਰਮਿਕ ਸਥਾਨਾਂ ਦੇ ਦਰਸ਼ਨਾ ਤੋਂ ਵਾਂਝੇ ਕਰ ਦਿੱਤਾ ਇੱਥੇ ਭਰਾਵਾਂ ਵਾਂਗੂੰ ਵਸਦੇ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡ ਕੇ ਇਕ ਦੂਜੇ ਦੇ ਦੁਸ਼ਮਣ ਬਣਾ ਦਿੱਤਾ  ਜਿਸ ਦੌਰਾਨ ਲੱਖਾਂ ਲੋਕਾਂ ਦਾ ਉਜਾੜਾ ਹੋਇਆ ਅਤੇ ਔਰਤਾਂ  ਦੀਆਂ ਇੱਜ਼ਤਾਂ ਲੁੱਟੀਆਂ ਗਈਆਂ  । ਇਸ ਸਾਰੇ ਵਰਤਾਰੇ ਦੀਆਂ ਜ਼ਿੰਮੇਵਾਰ  ਇਹ ਵੋਟ ਪਾਰਟੀਆਂ ਹੀ ਹਨ ।ਇਸ ਲਈ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸਾਲਾਂਬੱਧੀ ਮੋਰਚਿਆਂ ਨੇ ਇਹ ਸਾਰੀਆਂ  ਗੱਲਾਂ ਸਿੱਧ ਕਰ ਦਿੱਤੀਆਂ ਹਨ। ਸੋ ਹੁਣ ਭਾਰਤ ਦੇ ਕਿਰਤੀ ਲੋਕ ਕਦੇ ਵੀ ਏਦਾਂ ਦੇ ਇਹੋ ਜਿਹੇ ਝਾਂਸਿਆਂ ਵਿੱਚ ਨਹੀਂ ਆਉਣਗੇ  ।ਆਪਣਾ ਏਕਾ ਅਤੇ ਸੰਘਰਸ਼ ਇਸੇ ਤਰ੍ਹਾਂ ਹੀ ਪੂਰੇ ਸਿਆਣਪ ਅਤੇ ਸੂਝ ਨਾਲ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼  ਵਧਾਉਂਦੇ ਅਤੇ ਲੜਦੇ ਰਹਿਣਗੇ  ।
           ਬਠਿੰਡਾ ਜ਼ਿਲ੍ਹੇ ਦੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਰਾਜੂ ਅਤੇ ਸੰਗਰੂਰ ਜ਼ਿਲ੍ਹੇ ਤੋਂ ਸੰਦੀਪ ਸਿੰਘ ਘਰਾਚੋਂ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਸਾਨੂੰ ਨੌਜਵਾਨਾਂ ਨੂੰ ਬਹੁਤ  ਕੁਝ ਸਿੱਖਣ ਲਈ ਮਿਲਿਆ ਹੈ ਜੋ ਕਿਸਾਨ ਆਗੂਆਂ ਦੀ ਪਿਛਲੇ ਲੰਮੇ ਸਮੇਂ ਦੀ ਘਾਲਣਾ ਦਾ ਸਰਮਾਇਆ ਹੈ  ਅਤੇ  ਨੌਜਵਾਨ ਇਸ ਤੋਂ ਸੇਧ ਲੈ ਕੇ ਆਪਣੇ ਇਰਾਦੇ ਅਤੇ ਚੇਤਨਾ ਨੂੰ ਵਧਾਉਂਦੇ ਹੋਏ  ਮੋਰਚਿਆਂ ਦੇ 26 ਨਵੰਬਰ  ਨੂੰ ਵਰੇ ਗੰਢ ਮੌਕੇ ਆਪਣੀ ਗਿਣਤੀ ਵਧਾਉਣ ਲਈ ਪੂਰੇ ਜੋਸ ਨਾਲ ਹੰਭਲਾ ਮਾਰਨਗੇ । ਉਨ੍ਹਾਂ ਕਿਹਾ ਕਿ ਸੈਂਕੜੇ ਸਾਲਾਂ ਤੋਂ ਕਿਰਤੀ ਲੋਕਾਂ ਦੀ  ਹੋ ਰਹੀ ਲੁੱਟ ਨੂੰ ਬੰਦ ਕਰਾਉਣ ਲਈ ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਵਰਗਿਆਂ ਦੇ ਸੁਪਨਿਆਂ ਦਾ ਰਾਜ ਲਿਆਉਣ ਲਈ  ਉਨ੍ਹਾਂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ  ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਤੱਕ ਸੰਘਰਸ਼ ਜਾਰੀ ਰਹੇਗਾ । ਅੱਜ ਸਟੇਜ ਸਕੱਤਰ ਦੀ ਭੂਮਿਕਾ  ਮਾਨਸਾ ਜ਼ਿਲ੍ਹੇ ਦੇ ਆਗੂ ਕੁਲਦੀਪ ਸਿੰਘ ਨੇ ਚਲਾਈ ਅਤੇ  ਸਟੇਜ ਤੋਂ  ਮੱਖਣ ਸਿੰਘ ਰਟੌਲਾਂ , ਜਗਸੀਰ ਸਿੰਘ ਜਵਾਹਰ ਕੇ ,ਹਰਪ੍ਰੀਤ ਸਿੰਘ  ਦਲ ਸਿੰਘ ਵਾਲਾ, ਗੁਰਪ੍ਰੀਤ ਕੌਰ ਬਰਾਸ ਅਤੇ  ਮਨੀ ਰੂੜੇਕੇ ਨੇ ਵੀ ਸੰਬੋਧਨ ਕੀਤਾ ।
ਜਾਰੀ ਕਰਤਾ ਜਸਵਿੰਦਰ ਸਿੰਘ ਲੌਂਗੋਵਾਲ 
ਮੋਬਾਇਲ ਨੰਬਰ 9877496808

ਪੰਜਾਬ ਸਰਕਾਰ ਕਿਸਾਨੀ ਮੰਗਾਂ ਨੂੰ ਜਾਇਜ਼ ਮੰਨ ਕੇ ਵੀ ਪੂਰੀਆਂ ਕਰਨ ਨੂੰ ਤਿਆਰ ਨਹੀਂ  - ਜੋਗਿੰਦਰ ਸਿੰਘ ਉਗਰਾਹਾਂ

ਨਵੀਂ ਦਿੱਲੀ 12 ਨਵੰਬਰ (ਗੁਰਸੇਵਕ ਸਿੰਘ ਸੋਹੀ ) ਦਿੱਲੀ ਦੇ ਟਿਕਰੀ ਬਾਰਡਰ 'ਤੇ ਪਕੌੜਾ ਚੌਕ ਲਾਗੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨਾਲ 2 ਮੀਟਿੰਗਾਂ ਹੋਈਆਂ ਜਿਨ੍ਹਾਂ 'ਚ  ਪੰਜਾਬ ਸਰਕਾਰ  ਨੇ ਮੰਨਿਆ ਕਿ ਤੁਹਾਡੀਆਂ ਸਾਰੀਆਂ ਮੰਗਾਂ  ਜਾਇਜ਼ ਹਨ ਪਰ ਸਰਕਾਰ ਮੰਗਾਂ ਨੂੰ ਵਾਜਬ ਦੱਸ ਕੇ ਵੀ  ਲਾਗੂ ਕਰਨ ਨੂੰ ਤਿਆਰ ਨਹੀਂ ।ਉਨ੍ਹਾਂ ਕਿਹਾ ਕਿ ਨਰਮੇ ਦੇ ਖ਼ਰਾਬੇ ਦੇ ਨੁਕਸਾਨ ਨੂੰ ਲੈ ਕੇ ਸਰਕਾਰ ਦੀ ਚੁੱਪ ਤੋੜਨ ਲਈ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਬਾਦਲ ਪਿੰਡ ਵਿਖੇ ਕੋਠੀ ਅੱਗੇ 14 ਦਿਨ ਲਗਾਤਾਰ ਮੋਰਚਾ ਲੱਗਾ ਅਤੇ ਉਸ ਤੋਂ ਬਾਅਦ 5 ਦਿਨ ਬਠਿੰਡੇ ਦਾ ਮਿੰਨੀ ਸਕੱਤਰੇਤ ਘੇਰੀ ਰੱਖਿਆ ਫਿਰ ਵੀ ਸਰਕਾਰ ਵੱਲੋਂ ਗੱਲ ਨਾ ਸੁਣਨ 'ਤੇ ਜਥੇਬੰਦੀ ਵੱਲੋਂ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਪਿੰਡਾਂ 'ਚ ਵੜਨ ਤੋਂ ਵਿਰੋਧ ਕਰਨ ਦਾ ਫ਼ੈਸਲਾ ਕਰਨ 'ਤੇ ਸਰਕਾਰ ਨੂੰ ਜਥੇਬੰਦੀ ਦੇ ਨਰਮਾ ਖ਼ਰਾਬੇ ਦੇ ਮੁਆਵਜ਼ੇ ਦੀ ਕੀਮਤ ਸੰਬੰਧੀ ਗੱਲਬਾਤ ਨਾਲ ਸਹਿਮਤ ਹੋਣਾ ਪਿਆ ਪਰ ਖਜ਼ਾਨਾ ਖਾਲੀ ਹੋਣ ਦੇ ਰਟੇ ਹੋਏ  ਝੂਠੇ ਬਹਾਨੇ ਤਹਿਤ   ਸਰਕਾਰ ਕਿਸਾਨੀ ਮੰਗਾਂ ਤੋਂ ਭੱਜ ਰਹੀ ਹੈ  ।
     ਅੱਜ ਸਟੇਜ ਤੇ  ਪੱਛਮੀ ਬੰਗਾਲ ਦੇ ਵੱਡੀ ਗਿਣਤੀ 'ਚ ਆਗੂਆਂ ਅਤੇ ਵਰਕਰਾਂ ਨੇ ਜਥੇ ਦੇ ਰੂਪ 'ਚ ਹਾਜ਼ਰੀ ਲਵਾਈ ਅਤੇ  ਸਟੇਜ ਤੋਂ ਪ੍ਰਸਨਜੀਤ ਚੈਟਰਜੀ ਅਤੇ ਸ਼ਰਦ ਭਗਤੀ ਜੀ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਮਸਲਾ ਇਕੱਲੇ ਪੰਜਾਬ, ਹਰਿਆਣਾ ਜਾਂ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਨਹੀਂ ਇਹ ਕੁੱਲ ਭਾਰਤ ਦੇ ਕਿਰਤੀ ਲੋਕਾਂ ਦੀ ਰੋਜ਼ੀ ਰੋਟੀ ਦਾ ਸਵਾਲ ਹੈ। ਇਸ ਕਰਕੇ ਅਸੀਂ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਇਸ ਸੰਘਰਸ਼ 'ਚ ਬਣਦਾ ਯੋਗਦਾਨ ਪਾਉਣ ਲਈ ਆਏ ਹਾਂ। ਮੌਜੂਦਾ ਚੱਲ ਰਹੇ ਸੰਘਰਸ਼ ਤੋਂ ਸੇਧ ਲੈ ਕੇ ਅਸੀਂ ਆਪਣੇ ਸੂਬੇ ਪੱਛਮੀ ਬੰਗਾਲ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪਿੰਡਾਂ ਅਤੇ ਸ਼ਹਿਰਾਂ 'ਚ ਜਾ ਕੇ ਸਰਕਾਰਾਂ ਦੀਆਂ ਗਲਤ ਨੀਤੀਆਂ ਤੋਂ ਜਾਣੂ ਕਰਾਵਾਂਗੇ। ਲੋਕਾਂ ਨੂੰ ਪ੍ਰੇਰ ਕੇ ਸੰਘਰਸ਼ ਦੇ ਮੈਦਾਨ 'ਚ ਤੁਹਾਡੇ ਵਾਂਗ ਦ੍ਰਿੜ੍ਹ ਇਰਾਦੇ ਨਾਲ ਡਟਣ ਦਾ ਸੱਦਾ ਦੇਵਾਂਗੇ। ਇਸੇ ਤਰ੍ਹਾਂ ਬਿਹਾਰ ਤੋਂ ਆਏ ਪੱਤਰਕਾਰ ਤਰੁਣ ਕੁਮਾਰ ਤਿਰਪਾਠੀ ਨੇ ਕਿਹਾ ਕਿ  ਮੌਜੂਦਾ ਚੱਲ ਰਿਹਾ ਕਿਸਾਨੀ ਸੰਘਰਸ਼  ਇਹ ਤਿੰਨ ਖੇਤੀ ਅਤੇ ਲੋਕ ਵਿਰੋਧੀ ਕਾਲ਼ੇ ਕਾਨੂੰਨਾਂ ਦਾ ਮਸਲਾ ਨਹੀਂ ਰਿਹਾ ਸਗੋਂ ਇਹ ਕਿਸਾਨੀ ਸੰਘਰਸ਼ ਖਰੀ ਜਮਹੂਰੀਅਤ, ਖਰੀ ਆਜ਼ਾਦੀ, ਬਰਾਬਰਤਾ, ਸਭ ਲਈ ਇਨਸਾਫ  ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਮੰਗ ਕਰਦਾ ਹੈ। ਇਸ ਸਭ ਕੁਝ ਨੂੰ ਹਾਸਲ ਕਰ ਲਈ ਲੋਕਾਂ ਦੀ ਚੇਤਨਾ 'ਚ ਵਾਧਾ ਕਰਨ ਦੀ ਲੋੜ ਬਣਦੀ ਹੈ ਕਿਉਂਕਿ ਭਾਰਤ ਦਾ ਰਾਜ ਪ੍ਰਬੰਧ ਬਿਲਕੁੱਲ ਨਿੱਘਰ ਚੁੱਕਾ ਹੈ। ਅਸੀਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ 'ਤੇ ਪਹੁੰਚ ਕੇ ਬਹੁਤ ਪ੍ਰਭਾਵਤ ਹੋਏ ਹਾਂ  ਕਿਉਂਕਿ ਤੁਹਾਡੇ ਇਕੱਠ 'ਚ ਵੱਡੀ ਗਿਣਤੀ ਔਰਤ ਭੈਣਾਂ ਨੇ ਸ਼ਮੂਲੀਅਤ ਕੀਤੀ ਹੋਈ ਹੈ। ਇੱਕ ਸਾਲ ਤੋਂ ਸੰਘਰਸ਼ ਦੇ ਮੈਦਾਨ 'ਚ ਡਟੇ ਹੋਏ ਕਿਸਾਨਾਂ ਤੋਂ ਇੱਕ ਨਵੀਂ ਰੌਸ਼ਨੀ ਮਿਲ ਰਹੀ ਹੈ ਜਿਸ ਤੋਂ ਆਸ ਬੱਝ ਰਹੀ ਹੈ ਕਿ ਲੋਕ ਹੁਣ ਇਸ ਭ੍ਰਿਸ਼ਟ ਰਾਜ ਪ੍ਰਬੰਧ ਨੂੰ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਨਗੇ। ਅਸੀਂ ਅੱਜ ਦੀ ਸਟੇਜ ਤੋਂ ਭਾਰਤ ਦੇ ਕਿਰਤੀ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਬਣਦੀ ਹੈ। ਸਟੇਜ ਦੀ ਕਾਰਵਾਈ ਗੁਰਦੇਵ ਸਿੰਘ ਕਿਸ਼ਨਪੁਰਾ ਨੇ ਬਾਖੂਬੀ ਨਿਭਾਈ ਅਤੇ ਪਰਗਟ ਸਿੰਘ ਭਿੱਖੀਵਿੰਡ, ਹਰਜੀਤ ਸਿੰਘ ਮਹਿਲਾਂ ਚੌਕ, ਹਰਦੀਪ ਕੌਰ ਤਰਨਤਾਰਨ, ਮਨਜੀਤ ਕੌਰ ਕਾਹਨੇ ਕੇ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।
ਜਾਰੀ ਕਰਤਾ ਸ਼ਿਗਾਰਾ ਸਿੰਘ ਮਾਨ ਸੂਬਾ ਸਕੱਤਰ
 

ਸੰਯੁਕਤ ਮੋਰਚੇ ਵਿੱਚ ਸ਼ਹੀਦ ਹੋਏ  ਕਿਸਾਨਾਂ ਦੀ ਜ਼ਿੰਮੇਵਾਰ ਮੋਦੀ ਦੀ ਸੈਂਟਰ ਸਰਕਾਰ ਹੈ-ਗਿਆਨੀ ਨਿਰਭੈ ਸਿੰਘ  

ਕਿਸਾਨ ਅੰਦੋਲਨ ਹੁਣ ਸਮੁੱਚੇ ਦੇਸ਼ ਦਾ ਜਨ ਅੰਦੋਲਨ ਬਣ ਗਿਆ ਹੈ.......                                                           

ਦਿੱਲੀ - 26 ਅਕਤੂਬਰ -(ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ,ਮਜ਼ਦੂਰ ਯੂਨੀਅਨਾਂ ਵੱਲੋਂ ਸੈਂਟਰ ਦੀ ਮੋਦੀ ਸਰਕਾਰ ਦੇ ਖਿਲਾਫ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਲੜਾਈ ਲੜਦਿਆਂ ਅਤੇ 3 ਆਰਡੀਨੈਂਸਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਬਰੂਹਾਂ ਤੇ ‍11 ਮਹੀਨੇ ਹੋ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਕੇਯੂ ਰਾਜੇਵਾਲ ਜ਼ਿਲ੍ਹਾ ਬਰਨਾਲਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਕਲਾਂ ਨੇ ਕਿਹਾ ਕਿ 670 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਹਨ ਜਿਨ੍ਹਾਂ ਦੀ ਜ਼ਿੰਮੇਵਾਰ ਮੋਦੀ ਦੀ ਸੈਂਟਰ ਸਰਕਾਰ ਹੈ। ਸੰਯੁਕਤ ਮੋਰਚੇ ਵੱਲੋਂ   ਲਗਾਤਾਰ ਦਿੱਲੀ ਦੇ ਬਾਰਡਰਾਂ ਉੱਪਰ ਲੜੇ ਜਾ ਰਹੇ ਕਿਸਾਨੀ ਸੰਘਰਸ਼ ਵਿੱਚ   ਵੱਖ-ਵੱਖ ਸੂਬਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਨਾਲ ਔਰਤਾਂ ਦੀ ਵੱਡੀ ਸ਼ਮੂਲੀਅਤ ਹੈ। ਕਿਸਾਨ, ਮਜ਼ਦੂਰ ,ਨੌਜਵਾਨ,ਅਤੇ ਮਿਹਨਤਕਸ਼ ਜਮਾਤ ਦੇ ਲੋਕਾਂ ਦੀ ਕਾਫ਼ਲਿਆਂ ਸਮੇਤ ਕੀਤੀ ਜਾ ਰਹੀ ਸ਼ਮੂਲੀਅਤ ਨੇ ਕਿਸਾਨ ਅੰਦੋਲਨ ਨੂੰ ਸਮੁੱਚੇ ਦੇਸ਼ ਦਾ ਜਨ ਅੰਦੋਲਨ ਬਣਾ ਕੇ ਰੱਖ ਦਿੱਤਾ ਹੈ। ਕਿਉਂਕਿ ਲਗਾਤਾਰ ਕਿਸਾਨ ਅੰਦੋਲਨ ਦੇ ਵਧ ਰਹੇ ਪ੍ਰਭਾਵ ਤੋਂ ਘਬਰਾਈ ਹੋਈ ਕੇਂਦਰ ਸਰਕਾਰ ਹਰ ਤਰ੍ਹਾਂ ਦਾ ਹੱਥਕੰਡਾ ਵਰਤ ਕੇ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ। ਜੋ ਕਿ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਕੇਂਦਰ ਸਰਕਾਰ ਦੇ ਅਜਿਹੇ ਸੁਪਨੇ ਕਦੇ ਸਫਲ ਨਹੀਂ ਹੋਣ ਦੇਣਗੀਆਂ ।ਅਖੀਰ ਵਿੱਚ ਨਿਰਭੈ ਸਿੰਘ ਨੇ ਕਿਹਾ ਕਿ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਦੇਸ਼ ਦੇ ਸੂਬਿਆਂ ਅੰਦਰ ਪੰਜਾਬ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਤੋ ਇਲਾਵਾ ਹੋਰ ਵੱਖ-ਵੱਖ ਸੂਬਿਆਂ ਅੰਦਰ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ ਅਤੇ ਮਿਹਨਤਕਸ਼ ਲੋਕਾਂ ਨੂੰ ਲਾਮਬੰਦ ਕਰਕੇ ਕਿਸਾਨ ਅੰਦੋਲਨ ਦੀ ਲਹਿਰ ਲਗਾਤਾਰ ਵਧਦੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਦੇ ਕੀਤੇ ਗਏ ਵਿਰੋਧ ਸਦਕਾ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਵੱਡੀ ਸਟੇਟ ਪੱਛਮੀ ਬੰਗਾਲ ਵਿੱਚੋਂ ਬੀਜੇਪੀ ਦਾ ਬੁਰੀ ਤਰ੍ਹਾਂ ਸਫਾਇਆ ਕਰਕੇ ਕਿਸਾਨ ਆਗੂਆਂ ਨੇ ਮੂੰਹ ਤੋੜ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਹੁਣ ਚੰਗੀ  ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਮਨਮਾਨੀਆਂ ਕਿਸਾਨੀ ਮੋਰਚੇ ਕਦੇ ਨਹੀਂ ਚੱਲਣ ਦੇਣਗੇ। ਕੇਂਦਰ ਸਰਕਾਰ ਨੂੰ ਆਪਣੀ ਢੀਠਥਾ ਛੱਡਕੇ ਕਾਲੇ ਕਾਨੂੰਨ ਵਾਪਸ ਕਰਕੇ ਧਰਨਿਆਂ ਤੇ ਬੈਠੇ ਕਿਸਾਨਾਂ ਨੂੰ ਦੀਵਾਲੀ ਤੋਂ ਪਹਿਲਾਂ ਆਪਣੋ-ਆਪਣੇ ਘਰੋਂ-ਘਰੀ ਭੇਜਿਆ ਜਾਵੇ। ਜੇਕਰ ਸੈਂਟਰ ਸਰਕਾਰ ਨੇ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਤਾਂ ਖ਼ੁਦ ਰੱਦ ਹੋ ਜਾਵੇਗੀ ।

Singhu Border Murder Case ; ਲਖਵੀਰ ਸਿੰਘ ਦਾ ਪਰਿਵਾਰ ਇਨਸਾਫ਼ ਲਈ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲੇਗਾ 

ਦਿੱਲੀ 25 ਅਕਤੂਬਰ ( ਏਜੰਸੀ )ਅਨੁਸੂਚਿਤ ਜਾਤੀ ਨਾਲ ਸਬੰਧਤ ਲਖਵੀਰ ਸਿੰਘ ਜੋ ਦਿੱਲੀ ਹਰਿਆਣਾ ਸਰਹੱਦ ਤੇ ਕੁੱਟਮਾਰ ਦਾ ਸ਼ਿਕਾਰ ਹੋਇਆ ਸੀ ਜਿੱਥੇ ਉਸਦੀ ਮੌਤ ਹੋ ਗਈ ਸੀ । ਜਿਸ ਉੱਪਰ ਸਿੱਖਾਂ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਸਨ  । ਉਸ ਦਾ ਪਰਿਵਾਰ ਅੱਜ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਇਸ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਮਿਲੇਗਾ । ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਲਖਵੀਰ ਸਿੰਘ ਦੇ ਪਰਿਵਾਰ ਨੂੰ ਨਵੀਂ ਦਿੱਲੀ ਸਥਿਤ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਫ਼ਤਰ ਵਿੱਚ ਲੈ ਕੇ ਆਵੇਗਾ  । ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੀ ਅਗਵਾਈ ਪ੍ਰਧਾਨ ਪਰਮਜੀਤ ਸਿੰਘ ਕੈਂਥ ਕਰਨਗੇ  ਉਨ੍ਹਾਂ ਨਾਲ ਲਖਵੀਰ ਸਿੰਘ ਦੇ ਪਤਨੀ ਬੱਚੇ ਅਤੇ ਪਰਿਵਾਰ ਦੇ ਹੋਰ ਮੈਂਬਰ ਹੋਣਗੇ  ।     

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੂੰ ਹਟਾ ਨਵਾਂ ਇੰਚਾਰਜ ਲਗਾਇਆ 

ਦਿੱਲੀ  22 ਅਕਤੂਬਰ  (ਇਕਬਾਲ ਸਿੰਘ ਰਸੂਲਪੁਰ ) ਕਾਂਗਰਸ ਹਾਈ ਕਮਾਨ ਨੇ ਪੰਜਾਬ ਅਤੇ ਚੰਡੀਗਡ਼੍ਹ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਹਟਾ ਦਿੱਤਾ ਹੈ ਉਨ੍ਹਾਂ ਦੀ ਥਾਂ ਤੇ ਹੁਣ ਹਰੀਸ਼ ਚੌਧਰੀ ਨਵਾਂ ਇੰਚਾਰਜ ਲਗਾਇਆ ਗਿਆ ਹੈ 

ਕਰੁਨਾ ਮਹਾਂਮਾਰੀ ਚ ਖੜੋਤ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ

  ਅੱਜ ਤੋਂ ਸਾਰੀਆਂ ਉਡਾਣਾਂ ਤੋਂ ਪਾਬੰਦੀ ਖ਼ਤਮ  

ਅੱਜ ਸਾਰੇ ਸੋ ਫ਼ੀਸਦੀ ਸਮਰਥਾ ਨਾਲ ਉਡਾਣਾਂ ਭਰਨਗੇ ਜਹਾਜ਼ ਕਿਰਾਇਆ ਵੀ ਹੋ ਸਕਦਾ ਹੈ ਸਸਤਾ  

ਦਿੱਲੀ , 18 ਅਕਤੂਬਰ (ਇਕਬਾਲ ਸਿੰਘ ਰਸੂਲਪੁਰ, ਮਨਜਿੰਦਰ ਗਿੱਲ) ਦੇਸ਼ ਵਿੱਚ ਕਰੁਣਾ ਦੇ ਲਗਾਤਾਰ ਘੱਟ ਹੁੰਦੇ ਨਵੇਂ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਘਰੇਲੂ ਜਹਾਜ਼ ਕੰਪਨੀਆਂ ਦੀ ਸਮਰੱਥਾ ਵਰਤੋਂ ਨੂੰ ਲੈ ਕੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ  । ਹੁਣ ਘਰੇਲੂ ਸੈਕਟਰ ਵਿੱਚ ਜਹਾਜ਼ ਕੰਪਨੀਆਂ ਸੌ ਫ਼ੀਸਦੀ ਸਮਰਥਾ ਨਾਲ ਉਡਾਣਾਂ ਭਰ ਸਕਣਗੀਆਂ  । ਪਿਛਲੇ ਹੁਕਮਾਂ ਅਨੁਸਾਰ ਕੰਪਨੀਆਂ ਸਿਰਫ਼ ਪਚਾਸੀ ਫੀਸਦੀ ਸਮਰੱਥਾ ਨਾਲ ਉਡਾਣਾਂ ਭਰ ਸਕਦੀਆਂ ਸਨ  ।ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਮਾਜਿਕ ਦੂਰੀ ਤੇ ਅਨੁਸਾਰ ਇਹ ਪਾਬੰਦੀਆਂ ਸਰਕਾਰ ਵੱਲੋਂ ਲਗਾਈਆਂ ਗਈਆਂ ਸਨ  । ਜਾਣਕਾਰੀ ਲਈ ਦੱਸ ਦਈਏ ਕਿ ਇਸ ਸਮਰੱਥਾ ਦੇ ਘਟਣ ਦੇ ਨਾਲ ਏਅਰਲਾਈਨਜ਼ ਕੰਪਨੀਆਂ ਨੂੰ ਕਿਰਾਏ ਦੀ ਕੀਮਤ ਜ਼ਿਆਦਾ ਰੱਖਣੀ  ਪੈ ਰਹੀ ਸੀ  । ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਕਿਰਾਇਆ ਵੀ ਘਟ ਜਾਵੇਗਾ  ।

ਨਵਜੋਤ ਸਿੰਘ ਸਿੱਧੂ ਦੀ  ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਚਿੱਠੀ  

ਇਹ ਚਿੱਠੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਫੇਸਬੁੱਕ  ਉੱਪਰ ਸਾਂਝੀ ਵੀ ਕੀਤੀ  

ਕੀ ਹੈ ਉਹ ਚਿੱਠੀ ? ਪੜ੍ਹੋ  

ਜਗਰਾਉਂ, 17 ਅਕਤੂਬਰ (ਜਨ ਸ਼ਕਤੀ ਨਿਉੂਜ਼ ਬਿਉਰੋ ) 

ਸ੍ਰੀਮਤੀ ਸੋਨੀਆ ਗਾਂਧੀ ਜੀ                                                                

ਮਾਣਯੋਗ ਕਾਂਗਰਸ ਪ੍ਰਧਾਨ,

ਭਾਰਤੀ ਰਾਸ਼ਟਰੀ ਕਾਂਗਰਸ।

ਸਤਿਕਾਰਯੋਗ ਸ੍ਰੀਮਤੀ ਜੀ,

ਲੋਕਾਂ ਦੁਆਰਾ ਦਿੱਤੀ ਲੋਕਤੰਤਰਿਕ ਅਤੇ ਆਰਥਿਕ ਤਾਕਤ ਲੋਕਾਂ ਤੱਕ ਵਾਪਸ ਪਹੁੰਚਾਉਣ ਦੇ ਲੋਕ ਪੱਖੀ ਏਜੰਡੇ ਦਾ ਪ੍ਰਚਾਰ ਕਰਦਿਆਂ ਤੁਹਾਡੀ ਮਾਣਯੋਗ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ 2017 ਦੀ ਵਿਧਾਨ ਸਭਾ ਚੋਣ ਦੋ-ਤਿਹਾਈ ਬਹੁਮਤ ਨਾਲ ਜਿੱਤੀ। ਵਿਕਾਸ ਦੇ ‘ਪੰਜਾਬ ਮਾਡਲ’ ਜਿਸ ਮੁਤਾਬਕ ਰਾਜ ਦੀ ਆਮਦਨ ਦੇ ਅਧਿਕਾਰਿਤ ਸੋਮੇ ਨਿੱਜੀ ਜੇਬਾਂ ਵਿੱਚ ਜਾਣ ਦੀ ਬਜਾਏ ਰਾਜ ਨੂੰ ਵਾਪਸ ਮਿਲਣੇ ਚਾਹੀਦੇ ਹਨ, ਦੀ ਪੈਰਵਾਈ ਕਰਦੇ ਹੋਏ ਮੈਂ ਨਿੱਜੀ ਤੌਰ 'ਤੇ 55 ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕੀਤਾ, ਜਿਨ੍ਹਾਂ ਵਿੱਚੋਂ 53 ਅਸੀਂ ਜਿੱਤੇ। ਮੈਂ ਇੱਕ ਵਿਧਾਇਕ, ਪੰਜਾਬ ਕੈਬਨਿਟ ਵਿੱਚ ਮੰਤਰੀ ਅਤੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਦੀ ਭੂਮਿਕਾ ਵਿੱਚ ਇਸੇ ਏਜੰਡੇ ਉੱਤੇ ਅਣਥੱਕ ਮੇਹਨਤ ਕੀਤੀ ਹੈ। ਪੰਜਾਬ ਭਰ ਦੇ ਪਾਰਟੀ ਵਰਕਰਾਂ ਨਾਲ ਡੂੰਘੇ ਵਿਚਾਰ-ਵਟਾਂਦਰੇ ਤੇ ਸਲਾਹ-ਮਸ਼ਵਰੇ ਤੋਂ ਬਾਅਦ ਅਤੇ 17 ਸਾਲਾਂ ਦੇ ਆਪਣੇ ਜਨਤਕ ਜੀਵਨ ਦੌਰਾਨ ਲੋਕਾਂ ਦੀਆਂ ਭਾਵਨਾਵਾਂ ਦੀ ਗਹਿਰੀ ਸਮਝ ਸਦਕਾ ਮੈਂ ਪੰਜਾਬ ਦੇ ਦਰਦ ਨਾਲ ਭਿੱਜੀ ਆਪਣੀ ਰੂਹ ਦੀ ਆਵਾਜ਼ ਨਾਲ ਆਖ ਰਿਹਾ ਹਾਂ ਕਿ ਇਹ ਪੰਜਾਬ ਦੇ ਪੁਨਰ-ਉੱਥਾਨ ਅਤੇ ਪੈਦਾ ਹੋ ਚੁੱਕੇ ਨਿਘਾਰ ਤੋਂ ਉਸਦੀ ਖ਼ਲਾਸੀ ਦਾ ਇਹ ਆਖਰੀ ਮੌਕਾ ਹੈ। ਪੰਜਾਬ ਨਾਲ ਜੁੜੇ ਅਤਿ ਗੰਭੀਰ ਮੁੱਦੇ ਜਿਨ੍ਹਾਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ, ਜੋ ਪਿਛਲੇ ਮੁੱਖ ਮੰਤਰੀ ਨੂੰ ਦਿੱਤੇ ਗਏ 18-ਨੁਕਾਤੀ ਏਜੰਡੇ ਵਿਚ ਦਰਸ਼ਾਏ ਗਏ ਸਨ, ਅੱਜ ਵੀ ਸਭ ਤੋਂ ਵੱਧ ਪ੍ਰਸੰਗਿਕ ਹਨ। ਸੰਗਠਨ ਦੁਆਰਾ ਮਿਲੀ ਜ਼ਿੰਮੇਵਾਰੀ ਅਧੀਨ, ਪੰਜਾਬ ਦਾ ਆਲੰਬਰਦਾਰ ਹੋਣ ਦੇ ਨਾਤੇ ਮੈਂ ਕਾਰਜਕਾਰਨੀ ਉੱਪਰ ਨਜ਼ਰ ਰੱਖਦਿਆਂ ਉਪਰੋਕਤ ਏਜੰਡੇ ਦੇ ਹਰੇਕ ਨੁਕਤੇ ਉੱਪਰ ਦ੍ਰਿੜਤਾ ਨਾਲ ਖੜ੍ਹਾ ਹਾਂ।

ਦਹਾਕਿਆਂ ਤੱਕ ਪੰਜਾਬ ਦੇਸ਼ ਦਾ ਸਭ ਤੋਂ ਅਮੀਰ ਸੂਬਾ ਰਿਹਾ ਪਰ ਅੱਜ ਇਹ ਭਾਰਤ ਦਾ ਸਭ ਤੋਂ ਕਰਜ਼ਈ ਸੂਬਾ ਹੈ। ਪਿਛਲੇ 25 ਸਾਲਾਂ ਤੋਂ ਬੇਹੱਦ ਮਾੜੇ ਵਿੱਤ ਪ੍ਰਬੰਧ ਕਾਰਨ ਪੰਜਾਬ ਲੱਖਾਂ ਕਰੋੜ ਕਰਜੇ ਦੀ ਦਲਦਲ ਅੰਦਰ ਡੁੱਬ ਗਿਆ ਹੈ। ਕਰਜ਼ੇ ਵਿੱਚ ਡੁੱਬੇ ਸੂਬੇ ਨੂੰ ਇਸ ਦੀ ਤਰਸਯੋਗ ਹਾਲਤ ਉੱਪਰ ਛੱਡਕੇ ਆਮਦਨ ਦੇ ਜਨਤਕ ਸੋਮਿਆਂ ਦਾ ਵਹਾਅ ਕੁੱਝ ਕੁ ਤਾਕਤਵਰ ਲੋਕਾਂ ਨੂੰ ਨਿਰੰਤਰ ਅਮੀਰ ਬਣਾਈ ਜਾ ਰਿਹਾ ਹੈ। ਭਾਜਪਾ ਦੇ 7 ਸਾਲਾਂ ਦੇ ਰਾਜ ਦੌਰਾਨ ਜੀ.ਐਸ.ਟੀ. ਦੀ ਅਦਾਇਗੀ, ਪੇਂਡੂ ਵਿਕਾਸ ਫੰਡ ਦਾ ਭੁਗਤਾਨ, ਅਨੁਸੂਚਿਤ ਜਾਤੀਆਂ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਆਦਿ ਦੇ ਵਿੱਤੀ ਬਕਾਏ ਦਾ ਭੁਗਤਾਨ ਕਰਦੇ ਸਮੇਂ ਪੰਜਾਬ ਨਾਲ ਹੋਏ ਵਿਤਕਰਾ ਨੇ ਪੰਜਾਬ ਦੀ ਆਰਥਿਕ ਮੰਦਹਾਲੀ ਨੂੰ ਹੋਰ ਵਧਾਇਆ ਹੈ। ਪੰਜਾਬ ਸਿਰ ਵਧਦੇ ਕਰਜ਼ੇ ਦੇ ਭਾਰ ਦੇ ਫ਼ਲਸਰੂਪ ਆਪਣੇ ਆਮਦਨ ਦੇ ਸੋਮਿਆਂ ਦੀ ਵਰਤੋਂ ਅਸੀਂ ਪੁਰਾਣੇ ਕਰਜ਼ੇ ਅਤੇ ਇਸ ਉੱਤੇ ਵਿਆਜ ਦੀ ਅਦਾਇਗੀ ਲਈ ਹੀ ਕਰ ਰਹੇ ਹਾਂ। ਜਦਕਿ ਸੂਬੇ ਵਿਚ ਬੁਨਿਆਦੀ ਵਿਕਾਸ ਕਾਰਜਾਂ ਨੂੰ ਚਲਾਉਣ, 60 : 40 ਅਨੁਪਾਤ ਵਾਲੀਆਂ ਸਾਂਝੀਆਂ ਕੇਂਦਰੀ ਵਿਕਾਸ ਯੋਜਨਾਵਾਂ ਵਿੱਚ ਨਿਵੇਸ਼ ਕਰਨ, ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਸਾਲ ਨਵਾਂ ਕਰਜ਼ਾ ਚੁੱਕਣਾ ਪੈਂਦਾ ਹੈ। ਪੰਜਾਬ ਵਿੱਚ ਤਕਰੀਬਨ ਇੱਕ ਲੱਖ ਸਰਕਾਰੀ ਅਸਾਮੀਆਂ ਖਾਲੀ ਹਨ, ਸਾਧਨਾਂ ਦੀ ਘਾਟ ਕਾਰਨ ਸਰਕਾਰੀ ਨੌਕਰੀਆਂ ਸਭ ਤੋਂ ਘੱਟ ਉਜਰਤਾਂ ਅਤੇ ਠੇਕੇ ਉੱਤੇ ਭਰੀਆ ਜਾਂਦੀਆਂ ਹਨ, ਸਕੂਲ ਅਧਿਆਪਕਾਂ ਨੂੰ ਘੱਟੋ-ਘੱਟ ਤਨਖਾਹ ਉੱਤੇ 3 ਸਾਲਾਂ ਦੇ ਪਰਖ ਕਾਲ (probation) ਉੱਤੇ ਕੰਮ ਕਰਨਾ ਪੈਂਦਾ ਹੈ, 6ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਵਿੱਚ 5 ਸਾਲਾਂ ਤੋਂ ਹੋ ਰਹੀ ਦੇਰੀ ਰਾਜ ਕੋਲ ਆਮਦਨ ਦੇ ਲੋੜੀਂਦੇ ਸੋਮੇ ਨਾ ਹੋਣ ਕਾਰਨ ਹੀ ਹੈ।

ਮੈਂ ਹਮੇਸ਼ਾਂ ਸਾਡੀ ਪਾਰਟੀ ਦੀਆਂ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਸਭ ਤੋਂ ਗਰੀਬ ਨੂੰ ਗਰੀਬੀ ‘ਚੋਂ ਕੱਢਿਆ ਜਾ ਸਕੇ, ਕਤਾਰ ਵਿਚ ਅਖੀਰ ‘ਤੇ ਖੜ੍ਹੇ ਵਿਅਕਤੀ ਨੂੰ ਮੌਕੇ ਦਿੱਤੇ ਜਾ ਸਕਣ, ਪਰ ਇਹ ਜੁਗ-ਪਲਟਾਊ ਹੱਲ ਹਨ ਅਤੇ ਪੰਜਾਬ ਨੂੰ ਬਰਬਾਦ ਕਰ ਰਹੇ ਮਾਫੀਆ ਨਾਲ ਜੁੜੇ ਸ਼ਕਤੀਸ਼ਾਲੀ ਲੋਕਾਂ ਵੱਲੋਂ ਮੈਨੂੰ ਪਸੰਦ ਨਾ ਕਰਨ ਦਾ ਇਹ ਵੀ ਇੱਕ ਮੁੱਖ ਕਾਰਨ ਹੈ। ਅੱਜ ਮੈਂ 18-ਨੁਕਾਤੀ ਏਜੰਡੇ ਦੇ ਤਰਜ਼ੀਹੀ ਕਾਰਜ, 2017 ਦੀ ਪ੍ਰਚਾਰ ਮੁਹਿੰਮ ਅਤੇ ਚੋਣ ਮਨੋਰਥ-ਪੱਤਰ ਦੇ ਵਾਅਦੇ ਜੋ ਰਾਜ ਸਰਕਾਰ ਨੂੰ ਲਾਜ਼ਮੀ ਪੂਰੇ ਕਰਨੇ ਚਾਹੀਦੇ ਹਨ ਤੁਹਾਡੇ ਅੱਗੇ ਰੱਖ ਰਿਹਾਂ ਹਾਂ। ਇਨ੍ਹਾਂ ਮੁੱਦਿਆਂ ਦੀ ਲੜਾਈ ਵਿਚ ਸਾਡੇ ਮਾਰਗਦਰਸ਼ਕ ਆਗੂ ਸ੍ਰੀ ਰਾਹੁਲ ਗਾਂਧੀ ਜੀ ਸਨ ਤੇ ਉਨ੍ਹਾਂ ਨੇ ਇਹਨਾਂ ਮੁੱਦਿਆਂ ਉੱਪਰ ਪੰਜਾਬ ਨੂੰ ਇਨਸਾਫ਼ ਦਿਵਾਉਣ ਦੀ ਲੜਾਈ ਵਿੱਚ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ। ਮੁੱਦਿਆਂ ਦੀ ਸ਼ੁਰੂਆਤ ਮੈਂ ਪੰਜਾਬ ਦੀ ਆਤਮਾ ਉੱਪਰ ਹੋਏ ਹਮਲੇ ਦੇ ਇਨਸਾਫ਼ ਦੀ ਮੰਗ ਤੋਂ ਕਰ ਰਿਹਾ ਹਾਂ :-

1. ਬੇਅਦਬੀ ਦਾ ਇਨਸਾਫ਼ : - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਪਿਛਲੇ ਮੁੱਖ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਰੂਪ ਵਿਚ ਪੰਜਾਬ ਦੇ ਲੋਕ ਪੰਜਾਬ ਦੀ ਆਤਮਾ ਉੱਪਰ ਹੋਏ ਹਮਲੇ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।

2. ਨਸ਼ੇ : - ਨਸ਼ੇ ਦੇ ਕੋੜ੍ਹ ਨੇ ਪੰਜਾਬ ਦੀ ਲਗਭਗ ਇੱਕ ਪੂਰੀ ਪੀੜ੍ਹੀ ਨੂੰ ਰੋਗੀ ਬਣਾ ਦਿੱਤਾ ਹੈ। ਅਜਿਹੀ ਵਿਕਰਾਲ ਸਮੱਸਿਆ ਦੇ ਹੱਲ ਲਈ ਠੋਸ ਕਾਰਵਾਈ ਦੀ ਲੋੜ ਹੁੰਦੀ ਹੈ, ਜਿਵੇਂ ਕਿ ਮੈਂ ਹਮੇਸ਼ਾਂ ਆਖਦਾ ਹਾਂ ਕਿ ਹਰ ਤਰ੍ਹਾਂ ਦਾ ਭ੍ਰਿਸ਼ਟਾਚਾਰ ਸਿਖਰ ਤੋਂ ਹੇਠਾਂ ਵੱਲ ਵਹਿੰਦਾ ਹੈ, ਇਸ ਲਈ ਭ੍ਰਿਸ਼ਟਾਚਾਰ ਨੂੰ ਨੱਥ ਉਪਰੋਂ ਪੈਣੀ ਚਾਹੀਦੀ ਹੈ। ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਿੱਚ ਦਰਜ ਪੰਜਾਬ ਵਿੱਚ ਨਸ਼ਾ ਤਸਕਰੀ ਪਿਛਲੇ ਵੱਡੇ ਮਗਰਮੱਛ ਤੁਰੰਤ ਲਾਜ਼ਮੀ ਗ੍ਰਿਫ਼ਤਾਰ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।​

3. ਖੇਤੀ : - ਖੇਤੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਅਤੇ ਜਿਵੇਂ ਕਿ ਅਸੀਂ ਸਾਰੇ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਾਂ, ਪੰਜਾਬ ਸਰਕਾਰ ਨੂੰ ਇਹ ਐਲਾਨ ਕਰਕੇ ਕਿ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਉੱਤੇ ਪੰਜਾਬ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ, ਤਿੰਨ ਕਾਲੇ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਚਾਹੀਦਾ ਹੈ। ਜਿਵੇਂ ਅਸੀਂ ਸਤਲੁਜ-ਜਮਨਾ ਲਿੰਕ (SYL) ਦੇ ਮਾਮਲੇ ਵਿੱਚ ਕੀਤਾ ਸੀ, ਅਜਿਹੇ ਫ਼ੈਸਲਾਕੁਨ ਹੱਲ ਦੀ ਅੱਜ ਜ਼ਰੂਰਤ ਹੈ। ਨਾਲ ਹੀ ਲਾਜ਼ਮੀ ਹੈ ਕਿ ਇਸ ਹੱਲ ਨੂੰ ਜ਼ਮੀਨੀ ਪੱਧਰ ਉੱਪਰ ਢਾਂਚਾਗਤ ਤਬਦੀਲੀਆਂ ਲਿਆ ਕੇ ਆਧਾਰ ਦੇਣਾ ਚਾਹੀਦਾ ਹੈ। ਰਾਜ ਦੇ ਫੰਡਾਂ ਦੁਆਰਾ ਕਿਸਾਨਾਂ ਦੇ ਨਿਯੰਤਰਣ ਅਧੀਨ ਕੋਲਡ ਸਟੋਰਾਂ ਅਤੇ ਐਗਰੋ-ਪ੍ਰੋਸੈਸਿੰਗ ਉਦਯੋਗ ਵਰਗੇ ਬੁਨਿਆਦੀ ਢਾਂਚੇ ਦੀ ਉਸਾਰੀ, ਕਿਸਾਨਾਂ ਨੂੰ ਖੇਤੀਬਾੜੀ ਆਧਾਰਿਤ ਸਹਿਕਾਰੀ ਉੱਦਮਾਂ ਉੱਤੇ ਨਿਯੰਤਰਣ ਅਤੇ ਖ਼ੁਦਮੁਖ਼ਤਿਆਰੀ ਦੇਣ ਲਈ ਸਹਿਕਾਰਤਾ ਕਨੂੰਨਾਂ ਵਿਚ ਬਦਲਾਅ ਲਿਆਉਣਾ ਚਾਹੀਦਾ ਹੈ। ਸਹਿਕਾਰੀ ਸਭਾਵਾਂ ਦਾ ਵੱਧ ਤੋਂ ਵੱਧ ਵਿਸਤਾਰ ਕਰਨਾ ਚਾਹੀਦਾ ਹੈ ਤਾਂ ਜੋ ਸੀਮਾਂਤ ਅਤੇ ਛੋਟੇ ਕਿਸਾਨਾਂ ਦੀ ਭੰਡਾਰਨ, ਖੇਤੀ-ਪ੍ਰੋਸੈਸਿੰਗ ਅਤੇ ਵਪਾਰ ਤੱਕ ਪਹੁੰਚ ਬਣ ਸਕੇ। ਸਰਕਾਰੀ ਮਾਲਕੀ ਵਾਲੀਆਂ ਕਾਰਪੋਰੇਸ਼ਨਾਂ ਬਨਣ ਜੋ ਐਮ.ਐਸ.ਪੀ ਉੱਤੇ ਕੇਵਲ ਕਣਕ ਅਤੇ ਚਾਵਲ ਹੀ ਨਹੀਂ ਸਗੋਂ ਹੋਰ ਫ਼ਸਲਾਂ ਜਿਵੇਂ ਕਿ ਤੇਲ-ਬੀਜ ਅਤੇ ਦਾਲਾਂ ਵੀ ਖਰੀਦਣ। ਘੱਟੋ-ਘੱਟ ਸਮਰਥਨ ਮੁੱਲ (MSP) ਅਤੇ ਫ਼ਲਾਂ-ਸਬਜ਼ੀਆਂ ਦੀ ਖਰੀਦ ਲਈ ਨੀਤੀ ਲਿਆਉਣੀ ਚਾਹੀਦੀ ਹੈ।

4. ਬਿਜਲੀ : - ਸਾਰੇ ਘਰੇਲੂ ਖਪਤਕਾਰਾਂ, ਖਾਸ ਕਰਕੇ ਸਬਸਿਡੀ ਦੇ ਅਸਿੱਧੇ ਬੋਝ ਕਾਰਨ ਸਭ ਤੋਂ ਵੱਧ ਪੀੜਿਤ ਸ਼ਹਿਰੀ ਘਰੇਲੂ ਖਪਤਕਾਰਾਂ ਨੂੰ ਸਸਤੀ ਅਤੇ 24 ਘੰਟੇ ਬਿਜਲੀ ਸਪਲਾਈ ਦੇਣੀ ਚਾਹੀਦੀ ਹੈ ਕਿਉਂਕਿ ਅਸੀਂ ਉਦਯੋਗਿਕ ਅਤੇ ਵਪਾਰਕ ਵਰਤੋਂ ਲਈ ਬਿਜਲੀ ਦਰਾਂ ਘਟਾਉਂਦੇ ਹਾਂ ਅਤੇ ਖੇਤੀ ਲਈ ਮੁਫ਼ਤ ਬਿਜਲੀ ਦਿੰਦੇ ਹਾਂ। ਸਾਨੂੰ ਸਾਰੇ ਘਰੇਲੂ ਖਪਤਕਾਰਾਂ ਨੂੰ ਨਿਰਧਾਰਤ ਬਿਜਲੀ ਸਬਸਿਡੀ ਦੇਣੀ ਚਾਹੀਦੀ ਹੈ, ਚਾਹੇ ਇਹ ਬਿਜਲੀ ਦੀ ਕੀਮਤ 3 ਰੁਪਏ ਪ੍ਰਤੀ ਯੂਨਿਟ ਤੱਕ ਘਟਾਉਣ ਦੇ ਰੂਪ ਵਿਚ ਹੋਵੇ ਜਾਂ ਸਭ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਰੂਪ ‘ਚ।

5. ਬਿਜਲੀ ਖਰੀਦ ਸਮਝੌਤੇ (PPAs) : - ਸਾਡੇ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਬਿਜਲੀ ਖਰੀਦ ਸਮਝੌਤਿਆਂ ਉੱਤੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ ਅਤੇ ਸਾਰੇ ਨੁਕਸਦਾਰ ਬਿਜਲੀ ਖਰੀਦ ਸਮਝੌਤੇ ਰੱਦ ਕੀਤੇ ਜਾਣ। ਇਸਦੇ ਨਾਲ ਹੀ ਦੇਸ਼ ਵਿੱਚ ਕੋਲੇ ਦੀ ਘਾਟ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਸਸਤੀ ਸੂਰਜੀ ਊਰਜਾ ਅਤੇ ਆਮ ਘਰਾਂ ਦੀਆਂ ਛੱਤਾਂ ਤੇ ਤੇਜ਼ੀ ਨਾਲ ਵੱਡੇ ਪੱਧਰ ਉਪਰ ਸੰਸਥਾਈ ਇਮਾਰਤਾਂ ਉੱਪਰ ਗਰਿੱਡ ਨਾਲ ਜੁੜੇ ਸੋਲਰ ਪੈਨਲ ਲਗਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ ਨਾਲ ਪੰਜਾਬ ਨੂੰ ਬਿਜਲੀ ਮੰਗ ਦੀ ਪੂਰਤੀ ਵਾਸਤੇ ਸਮਾਰਟ, ਸਸਤੇ ਅਤੇ ਕੁਸ਼ਲ ਬਿਜਲੀ ਖਰੀਦ ਸਮਝੌਤਿਆਂ (PPAs) ਵੱਲ ਵਧਣਾ ਚਾਹੀਦਾ ਹੈ।

6. ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਦੀ ਭਲਾਈ : - ਸਰਕਾਰ ਵਿੱਚ ਸਹੂਲਤਾਂ ਤੋਂ ਸੱਖਣੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਹਾਈ ਕਮਾਂਡ ਦੁਆਰਾ ਦਲਿਤ ਮੁੱਖ ਮੰਤਰੀ ਦੀ ਨਿਯੁਕਤੀ ਦੇ ਪ੍ਰਗਤੀਸ਼ੀਲ ਫ਼ੈਸਲੇ ਤੋਂ ਬਾਅਦ ਵੀ ਇਸ ਵਰਗ ਨੂੰ ਸੂਬੇ ਵਿੱਚ ਬਰਾਬਰ ਮਾਤਰਾ ਵਿਚ ਪ੍ਰਤੀਨਿਧਤਾ ਨਹੀਂ ਮਿਲ ਰਹੀ। ਸਾਡੇ ਮੰਤਰੀ ਮੰਡਲ ਵਿੱਚ ਘੱਟੋ-ਘੱਟ ਇੱਕ ਮਜ਼੍ਹਬੀ ਸਿੱਖ, ਦੁਆਬੇ ਤੋਂ ਦਲਿਤਾਂ ਦਾ ਇਕ ਪ੍ਰਤੀਨਿਧ, ਮੰਤਰੀ ਮੰਡਲ ਵਿੱਚ ਪੱਛੜੀ ਜਾਤੀ ਭਾਈਚਾਰੇ ਦੇ ਘੱਟੋ-ਘੱਟ ਦੋ ਨੁਮਾਇੰਦੇ ਹੋਣੇ ਚਾਹੀਦੇ ਹਨ। ਰਾਖਵੇਂ ਹਲਕਿਆਂ ਦੇ ਵਿਕਾਸ ਲਈ 25 ਕਰੋੜ ਦਾ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ। ਨਾਲ ਹੀ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ 5 ਮਰਲੇ ਦੇ ਪਲਾਟ, ਹਰ ਦਲਿਤ ਪਰਿਵਾਰ ਲਈ ਪੱਕੀ ਛੱਤ ਲਈ ਰਕਮ, ਬੇਜ਼ਮੀਨੇ ਗਰੀਬਾਂ ਨੂੰ ਵਾਹੀਯੋਗ ਜ਼ਮੀਨ, ਪੜ੍ਹਾਈ ਜਾਰੀ ਰੱਖਣ ਵਾਸਤੇ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਦਾ ਬਕਾਇਆ ਦਿੰਦਿਆਂ ਪੋਸਟ-ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਸ਼ੁਰੂ ਕਰਨ ਤੇ ਜ਼ੁੰਮੇਵਾਰੀ ਤੈਅ ਕਰਨ ਦੇ ਕੀਤੇ ਆਪਣੇ ਵਾਅਦੇ ਸਾਨੂੰ ਪੂਰੇ ਕਰਨੇ ਚਾਹੀਦੇ ਹਨ। 

7. ਰੁਜ਼ਗਾਰ : - ਕਰਮਚਾਰੀ ਜੱਥੇਬੰਦੀਆਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਦੇ ਨਾਲ ਨਾਲ ਹਜ਼ਾਰਾਂ ਖਾਲੀ ਸਰਕਾਰੀ ਅਸਾਮੀਆਂ ਨੂੰ ਰੈਗੁਲਰ ਪੱਧਰ ‘ਤੇ ਭਰਨਾ ਚਾਹੀਦਾ ਹੈ। 20 ਤੋਂ ਵੱਧ ਯੂਨੀਅਨਾਂ (ਅਧਿਆਪਕ, ਡਾਕਟਰ, ਨਰਸਾਂ, ਲਾਈਨ-ਮੈਨ, ਸਫ਼ਾਈ-ਕਰਮਚਾਰੀ ਆਦਿ) ਰਾਜ ਭਰ ਵਿੱਚ ਵਿਰੋਧ ਕਰ ਰਹੀਆਂ ਹਨ। ਸਾਨੂੰ ਹਮਦਰਦੀ ਨਾਲ ਉਨ੍ਹਾਂ ਦੀਆਂ ਵਿਚਾਰ ਅਧੀਨ ਮੰਗਾਂ ਮੰਨਣੀਆਂ ਚਾਹੀਦੀਆਂ ਹਨ। ਮੈਂ ਪ੍ਰਦੇਸ਼ ਕਾਂਗਰਸ ਨੂੰ ਮਿਲੀ ਹਰੇਕ ਅਰਜ਼ੀ ਅਤੇ ਮੰਗ-ਪੱਤਰ ਸਭ ਦੇ ਵਿਕਾਸ ਲਈ ਕਦਮ ਚੁੱਕਣ ਖ਼ਾਤਰ ਸੰਬੰਧਤ ਮੰਤਰਾਲੇ ਨੂੰ ਭੇਜ ਰਿਹਾ ਹਾਂ। ਸਰਕਾਰ ਆਪਣੇ ਵਿੱਤੀ ਸਾਧਨਾਂ ਨੂੰ ਧਿਆਨ ਵਿਚ ਰੱਖਦਿਆਂ ਵਿਚਾਰ-ਵਟਾਂਦਰੇ, ਸਲਾਹ-ਮਸ਼ਵਰੇ ਲਈ ਆਪਣੇ ਬੂਹੇ ਖੁੱਲ੍ਹੇ ਰੱਖੇ ਅਤੇ ਜੋ ਵੀ ਕਰ ਸਕਦੀ ਹੈ ਹਰ ਹੀਲੇ ਕਰੇ।

8. ਸਿੰਗਲ ਵਿੰਡੋ ਸਿਸਟਮ : - ਉਦਯੋਗ ਅਤੇ ਕਾਰੋਬਾਰ, ਉੱਨਤੀ ਅਤੇ ਵਿਕਾਸ ਦੇ ਸਭ ਤੋਂ ਵੱਡੇ ਵਾਹਕ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਪਿਛਲੇ ਸਮੇਂ ਦੌਰਾਨ ਬਾਦਲਾਂ ਦੁਆਰਾ ਖੜ੍ਹਾ ਕੀਤਾ ਗਿਆ ਮਾਫੀਆ ਰਾਜ, ਖੱਜਲ-ਖੁਆਰੀ ਵਾਲਾ ਮਾਹੌਲ ਅਤੇ ਭ੍ਰਿਸ਼ਟ ਸਰਕਾਰੀ ਨੀਤੀਆਂ ਕਾਰਨ ਕੰਪਨੀਆਂ ਪੰਜਾਬ ਛੱਡ ਦੂਜੇ ਸੂਬਿਆਂ ਵੱਲ ਭੱਜ ਰਹੀਆਂ ਹਨ ਨਤੀਜੇ ਵੱਜੋਂ ਪੰਜਾਬ ਵਿਚ ਤੇਜ਼ੀ ਨਾਲ ਉਦਯੋਗਿਕ ਪਤਨ ਹੋਇਆ ਹੈ। ਅਕਾਲੀਆਂ ਨੇ ਆਪਣੇ ਰਾਜ ਦੌਰਾਨ ਮੁਕਾਬਲੇ ਵਾਲੇ ਬਾਜ਼ਾਰਾਂ ਨੂੰ ਤਬਾਹ ਕਰ ਦਿੱਤਾ ਅਤੇ ਨਿਯੰਤਰਿਤ ਏਕਾਧਿਕਾਰ (ਜਿਵੇਂ ਸ਼ਰਾਬ, ਆਵਾਜਾਈ, ਕੇਬਲ ਆਦਿ) ਸਥਾਪਤ ਕੀਤੇ। ਪੰਜਾਬ ਦੇ ਨੌਜਵਾਨਾਂ ਕੋਲ ਐਗ੍ਰੋ-ਪ੍ਰੋਸੈਸਿੰਗ ਇੰਡਸਟਰੀ, ਬੁਣਾਈ (knitting) ਅਤੇ ਹੌਜ਼ਰੀ ਆਦਿ ਵਰਗੇ ਉਦਯੋਗਾਂ ਲਈ ਹੁਨਰ, ਗਿਆਨ ਅਤੇ ਉਤਪਾਦਨ ਸਮਰੱਥਾ ਵਧਾਉਣ ਵਾਲਾ ਆਪਸੀ ਤਾਲਮੇਲ ਹੈ, ਇਸ ਲਈ ਕਾਰੋਬਾਰ ਕਰਨ ਦੀ ਸੌਖ (EODB) ਵਧਾਉਣ ਅਤੇ ਅਜਿਹੇ ਉਦਯੋਗਾਂ ਨੂੰ ਪੰਜਾਬ ਵਾਪਸ ਲਿਆਉਣ ਉੱਤੇ ਵਧੇਰੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਕਾਰੋਬਾਰ ਨੂੰ ਸੌਖਾ ਬਣਾਉਣ (EODB) ਲਈ ਇੱਕ ਕਾਨੂੰਨੀ ਰੂਪ-ਰੇਖਾ ਬਨਾਉਣ  ਵਿੱਚ ਕਾਬਿਲ-ਏ-ਤਾਰੀਫ਼ ਕੰਮ ਕੀਤਾ ਹੈ, ਪਰ ਪ੍ਰਬੰਧਕੀ ਅੰਕੜੇ ਅਤੇ ਖੋਜ ਅਧਿਐਨ ਦਰਸਾਉਂਦੇ ਹਨ ਕਿ ਸਾਰੇ ਵਿਭਾਗਾਂ ਦੇ ਅਧਿਕਾਰੀ ਅਹਿਮ ਕਾਨੂੰਨੀ ਵਿਵਸਥਾਵਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰਦੇ। ਸੋ ਕਾਰੋਬਾਰ ਕਰਨ ਨੂੰ ਸੌਖਾ (EODB) ਬਨਾਉਣ ਦੇ ਮਾਹੌਲ ਨੂੰ ਉਤਸ਼ਾਹਤ ਕਰਨ ਲਈ ਵਧੇਰੇ ਸੁਧਾਰਾਂ ਨੂੰ ਲਾਗੂ ਕਰਨ, ਸਮਾਂਬੱਧ ਸਿੰਗਲ ਵਿੰਡੋ ਕਲੀਅਰੈਂਸ ਨੂੰ ਸਮਰੱਥ ਬਣਾਉਣ, ਰੁਜ਼ਗਾਰ ਪੈਦਾ ਕਰਨ ਵਾਲੇ ਉਦਯੋਗਾਂ ਉੱਤੇ ਵਿਸ਼ੇਸ਼ ਧਿਆਨ ਦੇ ਨਾਲ ਨਾਲ ਛੋਟੇ ਅਤੇ ਮੱਧ ਉਦਯੋਗਾਂ (MSMEs) ਨੂੰ ਸਹਾਇਤਾ ਦੇਣ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। 

9. ਔਰਤਾਂ ਅਤੇ ਯੁਵਾ ਸਸ਼ਕਤੀਕਰਨ : ਨੌਜਵਾਨਾਂ ਅਤੇ ਔਰਤਾਂ ਨੂੰ ਸਸ਼ਕਤ ਕਰਨਾ ਸਮਾਜਿਕ ਪਰਿਵਰਤਨ, ਆਰਥਿਕ ਉੱਨਤੀ ਅਤੇ ਤਕਨਾਲੋਜੀਕਲ ਖੋਜਾਂ ਦੀ ਕੁੰਜੀ ਹੈ। ਪੰਜਾਬ ਦੇ ਨੌਜਵਾਨਾਂ ਅਤੇ ਔਰਤਾਂ ਦੀ ਸ਼ਮੂਲੀਅਤ ਵਧਾਉਣ ਅਤੇ ਇਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸ਼ਾਸਨ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਵਧਾਉਣ ਲਈ ਤੇ ਉਨ੍ਹਾਂ ਨੂੰ ਤਾਕਤ ਦੇਣ ਲਈ ਪੰਜਾਬ ਨੂੰ ਨੌਜਵਾਨਾਂ ਲਈ ਵਿਸ਼ੇਸ਼ ਨੀਤੀ ਲਿਆਉਣੀ ਚਾਹੀਦੀ ਹੈ। ਖੇਡਾਂ, ਹੁਨਰ ਵਿਕਾਸ ਅਤੇ ਸਟਾਰਟਅਪ ਸੱਭਿਆਚਾਰ ਲਈ ਬੁਨਿਆਦੀ ਢਾਂਚਾ ਉਸਾਰਨ ਅਤੇ ਵਧਾਉਣ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਮਾਨਯੋਗ ਕਾਂਗਰਸ ਪ੍ਰਧਾਨ ਜੀ ਤੁਹਾਡੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਔਰਤਾਂ ਲਈ 50% ਰਾਖਵਾਂਕਰਨ ਲਾਗੂ ਕਰਨ ਦਾ ਵਿਸ਼ੇਸ਼ ਮੌਕਾ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਵੱਜੋਂ ਮੈਨੂੰ ਪ੍ਰਾਪਤ ਹੋਇਆ। ਰਾਜਨੀਤੀ, ਸ਼ਾਸਨ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਵਧਾਉਣ ਲਈ ਅਜਿਹੇ ਹੋਰ ਠੋਸ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।

10. ਸ਼ਰਾਬ : - 2017 ਵਿੱਚ ਸਾਡੀ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਤੋਂ ਲੈ ਕੇ ਮੈਂ ਇਸ ਮੁੱਦੇ ਲਈ ਲੜ ਰਿਹਾ ਹਾਂ। ਤਾਮਿਲਨਾਡੂ ਵਾਂਗ ਪੰਜਾਬ ਨੂੰ ਸ਼ਰਾਬ ਦੇ ਵਪਾਰ ਨੂੰ ਸੂਬਾ ਸਰਕਾਰ ਦੁਆਰਾ ਚਲਾਈ ਜਾ ਰਹੀ ਕਾਰਪੋਰੇਸ਼ਨ ਅਧੀਨ ਲਿਆ ਕੇ ਇਸ ਉੱਪਰ ਆਪਣਾ ਏਕਾਧਿਕਾਰ ਸਥਾਪਤ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਖ਼ੁਦ ਡਿਸਟਿਲਰੀਆਂ ਅਤੇ ਸ਼ਰਾਬ ਦੇ ਠੇਕਿਆਂ ਦੀ ਮਾਲਕ ਹੋਣੀ ਚਾਹੀਦੀ ਹੈ, ਜਿਸ ਨਾਲ ਹਜ਼ਾਰਾਂ ਨੌਕਰੀਆਂ ਦੇ ਨਾਲ ਨਾਲ ਰਾਜ ਨੂੰ ਘੱਟੋ-ਘੱਟ 20,000 ਕਰੋੜ ਰੁਪਏ ਤੋਂ ਵੱਧ ਸਾਲਾਨਾ ਮਾਲੀਆ ਮਿਲੇਗਾ।

11. ਰੇਤਾ ਖੁਦਾਈ : - ਰੇਤਾ ਇੱਕ ਆਮ ਕੁਦਰਤੀ ਸਾਧਨ ਹੈ ਜਿਸ ਉੱਪਰ ਲੋਕਾਂ ਦਾ ਹੱਕ ਹੈ, ਨਾ ਕਿ ਕੁੱਝ ਕੁ ਤਾਕਤਵਰ ਲੋਕਾਂ ਦਾ। ਰੇਤੇ ਦੀ ਖੁਦਾਈ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਾਂ ਦੀ ਭਲਾਈ ਲਈ ਅਤੇ ਸੂਬੇ ਲਈ ਨਿਰੰਤਰ ਮਾਲੀਆ ਕਮਾਉਣ ਵਾਸਤੇ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਕੋਲ ਖਪਤਕਾਰਾਂ ਨੂੰ ਨਿਰਧਾਰਤ ਦਰਾਂ 'ਤੇ ਸਸਤਾ ਰੇਤਾ ਮੁਹੱਈਆ ਕਰਦੇ ਹੋਏ ਰੇਤ ਮਾਈਨਿੰਗ ਤੋਂ ਘੱਟੋ -ਘੱਟ 2000 ਕਰੋੜ ਸਾਲਾਨਾ ਮਾਲੀਆ ਕਮਾਉਣ ਦੀ ਸਮਰੱਥਾ ਹੈ। ਪਰ ਬਾਦਲ ਸਰਕਾਰ ਦੌਰਾਨ ਪੰਜਾਬ ਨੇ ਪ੍ਰਤੀ ਸਾਲ ਸਿਰਫ਼ 40 ਕਰੋੜ ਕਮਾਈ ਕੀਤੀ, ਜੋ ਸਾਡੇ ਸ਼ਾਸਨ ਦੌਰਾਨ ਕੁੱਝ ਸੌ ਕਰੋੜ ਰੁਪਏ ਤੱਕ ਵਧ ਗਈ। ਸਾਨੂੰ ਮੁਫ਼ਤ ਰੇਤੇ ਦੇ ਜਾਲ ਵਿੱਚ ਨਹੀਂ ਫਸਣਾ ਚਾਹੀਦਾ ਅਤੇ ਇਸਨੂੰ ਮਾਫੀਆ ਲਈ ਮੁਫ਼ਤ ਉਪਲਬਧ ਨਹੀਂ ਕਰਾਉਣਾ ਚਾਹੀਦਾ, ਕਿਉਂਕਿ ਰੇਤਾ ਮੁਫ਼ਤ ਹੋਣ ਦੇ ਬਾਵਜੂਦ ਵੀ ਆਮ ਲੋਕਾਂ ਤੋਂ ਆਵਾਜਾਈ ਅਤੇ ਮਜ਼ਦੂਰੀ ਦੇ ਖਰਚੇ ਲਏ ਜਾਣਗੇ। ਰਾਜ ਨੂੰ ਹਰ ਲੋੜਵੰਦ ਖਪਤਕਾਰ ਲਈ ਰੇਤ ਦੀ ਵਾਜਬ ਕੀਮਤ ਨਿਰਧਾਰਤ ਕਰਨੀ ਚਾਹੀਦੀ ਹੈ ਅਤੇ ਇਸਦੀ ਵਿਕਰੀ ਲਈ ਇੱਕ ਆਨਲਾਈਨ ਪੋਰਟਲ ਸਥਾਪਤ ਕਰਨਾ ਚਾਹੀਦਾ ਹੈ। ਲੰਮੇ ਸਮੇਂ ਲਈ ਰੇਤੇ ਦੀ ਸਪਲਾਈ ਖ਼ਾਤਰ ਸਟਾਕ ਯਾਰਡ ਅਤੇ ਸਰਕਾਰੀ ਮਾਲਕੀ ਵਾਲੇ ਟ੍ਰਾਂਸਪੋਰਟ ਨੈਟਵਰਕ ਸਥਾਪਤ ਕਰਨ ਵਾਸਤੇ ਰੇਤਾ ਖੁਦਾਈ ਨਿਗਮ (Sand Mining Corporation) ਸਥਾਪਤ ਹੋਣੀ ਚਾਹੀਦੀ ਹੈ।

12. ਆਵਾਜਾਈ : - ਕੁਸ਼ਲਤਾ ਨਾਲ ਪ੍ਰਬੰਧਿਤ ਜਨਤਕ ਆਵਾਜਾਈ ਰਾਹੀਂ ਪੰਜਾਬ ਕੋਲ ਕਿਸੇ ਜਨਤਕ ਨਿਵੇਸ਼ ਦੁਆਰਾ ਵੱਧ ਤੋਂ ਵੱਧ ਨੌਕਰੀਆਂ ਪੈਦਾ ਕਰਕੇ ਰੁਜ਼ਗਾਰ ਵਧਾਉਣ ਦੇ ਨਾਲ ਨਾਲ ਹਜ਼ਾਰਾਂ ਕਰੋੜ ਦੀ ਕਮਾਈ ਕਰਨ ਦੀ ਸਮਰੱਥਾ ਹੈ। ਸਾਡੇ ਮੌਜੂਦਾ ਟਰਾਂਸਪੋਰਟ ਮੰਤਰੀ ਪਹਿਲਾਂ ਹੀ ਕੁਸ਼ਲਤਾ ਨਾਲ ਕੰਮ ਕਰ ਰਹੇ ਹਨ। ਪੰਜਾਬ ਦੀਆਂ ਸੜਕਾਂ ਉੱਤੇ ਚੱਲ ਰਹੀਆਂ 13,000 ਗ਼ੈਰ-ਕਾਨੂੰਨੀ ਜਾਂ ਬਗ਼ੈਰ ਪਰਮਿਟ ਬੱਸਾਂ ਨੂੰ ਹਟਾ ਕੇ, ਪੰਜਾਬ ਦੇ ਨੌਜਵਾਨਾਂ ਨੂੰ ਪਰਮਿਟ ਜਾਰੀ ਕਰਕੇ, ਪੀ.ਆਰ.ਟੀ.ਸੀ ਦੇ ਅਧੀਨ ਲਾਭਦਾਇਕ ਰੂਟ ਲਿਆ ਕੇ, ਪੀ.ਆਰ.ਟੀ.ਸੀ ਦੀਆਂ ਲਗਜ਼ਰੀ ਬੱਸਾਂ ਨੂੰ ਬਾਦਲ ਦੀਆਂ ਬੱਸਾਂ ਦੀ ਥਾਂ ਚਲਾ ਕੇ ਸਾਨੂੰ ਆਵਾਜਾਈ ਮੰਤਰੀ ਦੀ ਪਿੱਠ ‘ਤੇ ਜ਼ਰੂਰ ਖੜ੍ਹਣਾ ਚਾਹੀਦਾ ਹੈ। ਸਾਧਾਰਨ ਬੱਸਾਂ ਉੱਤੇ ਸੜਕ ਟੈਕਸ ਲਗਜ਼ਰੀ ਬੱਸਾਂ ਨਾਲੋਂ ਜ਼ਿਆਦਾ ਹੈ, ਹਾਲਾਂਕਿ ਨਿੱਜੀ ਲਗਜ਼ਰੀ ਬੱਸਾਂ ਉੱਤੇ ਆਮ ਬੱਸਾਂ ਨਾਲੋਂ ਜ਼ਿਆਦਾ ਟੈਕਸ ਲਗਾਇਆ ਜਾਣਾ ਚਾਹੀਦਾ ਹੈ।

13. ਕੇਬਲ ਮਾਫੀਆ : - ਸੂਬੇ ਦੀ ਆਮਦਨ ਵਧਾਉਣ, ਹਜ਼ਾਰਾਂ ਨੌਕਰੀਆਂ ਦਾ ਰਾਹ ਖੋਲ੍ਹਣ ਅਤੇ ਸੂਬੇ ਵਿੱਚ ਬਾਦਲਾਂ ਦੁਆਰਾ ਚਲਾਏ ਜਾ ਰਹੇ ਕੇਬਲ ਮਾਫੀਆ ਦਾ ਲੱਕ ਭੰਨ੍ਹਣ ਲਈ "ਪੰਜਾਬ ਮਨੋਰੰਜਨ ਅਤੇ ਮਨੋਰੰਜਨ ਟੈਕਸ (ਸਥਾਨਕ ਸਰਕਾਰਾਂ ਦੁਆਰਾ ਵਸੂਲੀ ਅਤੇ ਉਗਰਾਹੀ) ਬਿੱਲ 2017" ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਪੰਜਾਬ ਦੇ ਨਿਰੰਤਰ ਹੋ ਰਹੇ ਨੁਕਸਾਨ ਨੂੰ ਰੋਕਣ ਦਾ ਇਹ ਆਖਰੀ ਹੰਭਲਾ ਹੋ ਸਕਦਾ ਹੈ ਜਾਂ ਫਿਰ ਬਾਦਲਾਂ ਦੀ ਸਰਪ੍ਰਸਤੀ ਹੇਠ ਸੂਬੇ ਉੱਤੇ ਰਾਜ ਕਰਨ ਵਾਲਾ ਮਾਫੀਆ-ਰਾਜ ਪੰਜਾਬ ਨੂੰ ਵਿੱਤੀ ਐਮਰਜੈਂਸੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਖੇਤੀ ਸੰਕਟ ਨੂੰ ਉਸ ਹੱਦ ਤੱਕ ਲੈ ਜਾਵੇਗਾ ਜਿੱਥੋਂ ਮੁੜਣਾ ਅਸੰਭਵ ਹੋਵੇਗਾ। ਇਸ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਨ੍ਹਾਂ ਨੁਕਤਿਆਂ ਉੱਪਰ ਵਿਚਾਰ ਕਰੋ ਅਤੇ ਸੂਬਾ ਸਰਕਾਰ ਨੂੰ ਆਪਣੀ ਬੌਧਿਕ ਸੇਧ ਦਿਓ ਕਿ ਉਹ ਤੁਰੰਤ ਪੰਜਾਬ ਦੇ ਲੋਕਾਂ ਦੇ ਬੇਹਤਰੀਨ ਹਿੱਤਾਂ ਲਈ ਕੰਮ ਕਰੇ।

ਬਹੁਤ-ਬਹੁਤ ਧੰਨਵਾਦ।

ਨਵਜੋਤ ਸਿੰਘ ਸਿੱਧੂ

ਸਿੰਘੂ ਬਾਰਡਰ ਉੱਤੇ ਹੋਏ ਕਤਲ ਸਬੰਧੀ ਨਿਹੰਗ ਸਿੰਘਾਂ ਨੇ ਕਿਹਾ ਇਸ ਘਟਨਾ ਦਾ ਕਿਸਾਨ ਮੋਰਚੇ ਨਾਲ ਕੋਈ ਲੈਣ ਦੇਣ ਨਹੀਂ  

ਸਿੰਘੂ ਬਾਰਡਰ / ਦਿੱਲੀ  15 ਅਕਤੂਬਰ (ਕੁਲਦੀਪ ਸਿੰਘ ਖਾਲਸਾ ਦੌਧਰ)  ਸਿੰਘੂ ਬਾਰਡਰ ਉੱਤੇ ਅੱਜ ਵਾਪਰੀ ਘਟਨਾ ਸਬੰਧੀ ਉਥੇ ਨਿਹੰਗ ਸਿੰਘਾਂ ਨੇ ਕਿਹਾ ਕਿ ਇਸ ਘਟਨਾ ਵਿੱਚ ਕਿਸਾਨ ਮੋਰਚੇ ਨਾਲ ਕੋਈ ਲੈਣ ਦੇਣ ਨਹੀਂ ਹੈ।  ਨਿਹੰਗ ਸਿੰਘਾਂ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕਾਰਵਾਈ ਭਾਊ ਸਰਬਜੀਤ ਸਿੰਘ ਵੱਲੋਂ ਕੀਤੀ ਗਈ ਹੈ ਜੋ ਘੋੜਿਆਂ ਦਾ ਜਥੇਦਾਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਸਿੰਘ ਵੱਲੋਂ ਇਹ ਕੀਤਾ ਗਿਆ ਹੈ ਉਸ ਨੇ ਪੁਲਸ ਕੋਲ ਸਿਲੰਡਰ ਕਰ ਦਿੱਤਾ ਹੈ  ਜੋ ਅਸੀਂ ਕਰਵਾਇਆ ਹੈ ।  ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਨੂੰ ਮੁੱਦਾ ਨਾ ਬਣਾਇਆ ਜਾਵੇ  । ਉਨ੍ਹਾਂ ਕਿਸਾਨ ਆਗੂਆਂ ਨੂੰ ਵੀ ਕਿਹਾ ਕਿ ਉਹ ਸੋਚ ਸਮਝ ਕੇ ਬਿਆਨ ਦੇਣ  ਇਸ ਦਾ ਕਿਸਾਨ ਮੋਰਚੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ  । ਉਨ੍ਹਾਂ ਕਿਹਾ ਕਿ ਕੇਸ ਲੜਨ ਲਈ ਵਕੀਲ ਵੀ ਪੇਸ਼ ਕੀਤਾ ਜਾਵੇਗਾ ਉਹ ਪਿੱਛੇ ਨਹੀਂ ਹਟਣਗੇ  । 

ਇਸ ਮੌਕੇ ਨਿਹੰਗ ਸਿੰਘਾਂ ਨੇ ਕਿਹਾ ਕਿ ਜੋ ਲੋਕ ਮੋਰਚੇ ਨੂੰ ਤਾਰਪੀਡੋ ਕਰਨਾ ਚਾਹੁੰਦੇ ਹਨ ਉਹ ਸੋਚ ਸਮਝ ਕੇ ਆਉਣ  ਅਤੇ ਨਾਲ ਹੀ ਉਨ੍ਹਾਂ ਨੇ ਬੇਨਤੀ ਕੀਤੀ ਕਿ ਕਿਸਾਨ ਮੋਰਚੇ ਵਿੱਚ ਸ਼ਾਂਤੀ ਬਣਾ ਕੇ ਰੱਖੀ ਜਾਵੇ।  

ਵਰਲਡ ਕੈਂਸਰ ਕੇਅਰ ਦੇ ਰਾਜਦੂਤ ਡਾ ਕੁਲਵੰਤ ਸਿੰਘ ਧਾਲੀਵਾਲ  ਦਿ ਮਨਿਓਰਿਟੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਨਾਲ ਵਿਸ਼ੇਸ਼ ਮੀਟਿੰਗ  

ਵਰਲਡ ਕੈਂਸਰ ਕੇਅਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਤ 400 ਕੈਂਸਰ ਅਵੇਅਰਨੈੱਸ ਕੈਂਪ ਲਾਵੇਗੀ

ਮਨਿਓਰਿਟੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ ਡਾ ਕੁਲਵੰਤ ਸਿੰਘ ਧਾਲੀਵਾਲ ਨੂੰ ਸਨਮਾਨਿਤ ਵੀ ਕੀਤਾ  

ਦਿੱਲੀ , 7 ਅਕਤੂਬਰ (  ਇਕਬਾਲ ਸਿੰਘ ਰਸੂਲਪੁਰ /ਮਨਜਿੰਦਰ ਗਿੱਲ ) ਡਾ ਕੁਲਵੰਤ ਸਿੰਘ ਧਾਲੀਵਾਲ ਵਾਨੀ ਵਰਲਡ ਕੈਂਸਰ ਕੇਅਰ ਅੱਜ ਉਚੇਚੇ ਤੌਰ ਤੇ ਮਨਿਓਰਿਟੀ ਕਮਿਸ਼ਨ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਦੇ ਸੱਦੇ ਤੇ  ਉਨ੍ਹਾਂ ਨੂੰ ਮਿਲਣ ਦਿੱਲੀ ਪਹੁੰਚੇ  । ਜਿੱਥੇ ਮਨਿਓਰਿਟੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ ਕੁਲਵੰਤ ਸਿੰਘ ਧਾਲੀਵਾਲ ਦਾ ਮਾਣ ਸਨਮਾਨ ਵੀ ਕੀਤਾ ਉੱਥੇ ਉਨ੍ਹਾਂ ਮਨੁੱਖਤਾ ਦੀ ਸੇਵਾ ਦੇ ਕਾਰਜਾਂ ਵਿੱਚ ਆਪਣਾ ਬਣਦਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ । ਇਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਅਤੇ ਬਾਹਰਲੀਆਂ ਸਟੇਟਾਂ ਵਿੱਚ 400 ਕੈਂਸਰ ਅਵੇਅਰਨੈੱਸ ਕੈਂਪ ਵਰਲਡ ਕੈਂਸਰ ਕੇਅਰ ਵੱਲੋਂ ਲਗਾਏ ਜਾਣਗੇ । ਇੱਥੇ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵਰਲਡ ਕੈਂਸਰ ਕੇਅਰ ਪਹਿਲਾਂ ਹੀ ਸਮੁੱਚੇ ਪੰਜਾਬ ਦੇ ਪਿੰਡ ਪਿੰਡ ਵਿਚ ਕੈਂਸਰ ਦੇ ਕੈਂਪ ਲਗਾ ਕੇ ਲੋਕਾਂ ਨੂੰ ਵੱਡੇ ਪੱਧਰ ਉੱਪਰ ਕੈਂਸਰ ਪ੍ਰਤੀ ਜਾਗਰੂਕ ਕਰ ਰਹੀ ਹੈ । ਇਸ ਸਮੇਂ ਉਨ੍ਹਾਂ ਦੇ ਨਾਲ ਡਾ ਧਰਮਿੰਦਰ ਸਿੰਘ ਢਿੱਲੋਂ  ਅਤੇ ਡਾ ਜਸਵਿੰਦਰ ਸਿੰਘ ਢਿੱਲੋਂ ਚੀਫ ਐਡਵਾਈਜ਼ਰ ਵਰਲਡ ਕੈਂਸਰ ਕੇਅਰ ਮੌਜੂਦ ਸਨ ।