4 ਦਸੰਬਰ ਨੂੰ ਹੋਵੇਗਾ ਅਗਲੇ ਐਕਸ਼ਨ ਦਾ ਐਲਾਨ- ਭਾਕਿਯੂ (ਏਕਤਾ ਉਗਰਾਹਾਂ)
ਨਵੀਂ ਦਿੱਲੀ 1 ਦਸੰਬਰ ( ਗੁਰਸੇਵਕ ਸੋਹੀ) ਅੱਜ ਇੱਥੇ ਟਿਕਰੀ ਬਾਰਡਰ ਪਕੌੜਾ ਚੌਕ ਵਿਖੇ ਨੌਜਵਾਨਾਂ ਦੀ ਅਗਵਾਈ ਹੇਠ ਹੋਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਘੋਲ਼ ਰੈਲੀ ਦੀ ਸ਼ੁਰੂਆਤ ਜਥੇਬੰਦੀ ਦੇ ਜ਼ਿਲ੍ਹਾ ਮੋਗਾ ਦੇ ਸਾਬਕਾ ਪ੍ਰਧਾਨ 75ਸਾਲਾ ਤਰਲੋਕ ਸਿੰਘ ਹਿੰਮਤਪੁਰਾ ਦੇ ਦਿਲ ਦੇ ਦੌਰੇ ਕਾਰਨ ਹੋਏ ਅਚਾਨਕ ਸਦੀਵੀ ਵਿਛੋੜੇ ਮੌਕੇ ਉਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਰਾਹੀਂ ਕੀਤੀ ਗਈ। ਇਸ ਮੌਕੇ ਪੰਡਾਲ ਵਿੱਚ ਔਰਤਾਂ, ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੇ ਹਜ਼ਾਰਾਂ ਦੀ ਤਾਦਾਦ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਨੌਜਵਾਨ ਆਗੂ ਅਜੇਪਾਲ ਘੁੱਦਾ (ਬਠਿੰਡਾ) ਨੇ ਸਾਲ ਤੋਂ ਵੀ ਵੱਧ ਸਮੇਂ ਤੋਂ ਮੁਲਕ ਪੱਧਰੇ ਕਿਸਾਨ ਮੋਰਚੇ ਵਿੱਚ ਪੂਰੇ ਸਿਦਕ ਸਿਰੜ ਨਾਲ ਡਟੇ ਹੋਏ ਜੁਝਾਰੂ ਲੋਕਾਂ ਵੱਲੋਂ ਮੋਦੀ ਭਾਜਪਾ ਹਕੂਮਤ ਦੀ ਸਾਮਰਾਜੀ ਕਾਰਪੋਰੇਟਾਂ ਪੱਖੀ ਅੜੀ ਭੰਨ ਕੇ ਤਿੰਨੇ ਕਾਲ਼ੇ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਜਥੇਬੰਦ ਲੋਕ ਤਾਕਤ ਦੀ ਸ਼ਾਨਦਾਰ ਜਿੱਤ ਕਰਾਰ ਦਿੱਤਾ ਅਤੇ ਸਭਨਾਂ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਤੇ ਘੋਲ਼ ਦੇ ਹਮਾਇਤੀ ਲੋਕਾਂ ਨੂੰ ਇਸਦੀ ਮੁਬਾਰਕਬਾਦ ਦਿੱਤੀ।
ਸੁਖਜੀਤ ਸਿੰਘ ਕੋਠਾਗੁਰੂ (ਬਠਿੰਡਾ) ਨੇ ਇਸ ਘੋਲ਼ ਦੀਆਂ ਰਹਿੰਦੀਆਂ ਮੰਗਾਂ ਦੇਸ਼ ਭਰ ਦੇ ਕਿਸਾਨਾਂ ਲਈ ਐੱਮ ਐੱਸ ਪੀ 'ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ; ਬਿਜਲੀ ਬਿੱਲ 2020 ਰੱਦ ਕਰਨ ਅਤੇ ਜਨਤਕ ਵੰਡ ਪ੍ਰਣਾਲੀ ਪੂਰੀ ਮਜ਼ਬੂਤ ਕਰਨ ਤੋਂ ਇਲਾਵਾ ਘੋਲ਼ ਦੌਰਾਨ ਮੜ੍ਹੇ ਸਾਰੇ ਪੁਲਿਸ ਕੇਸ ਵਾਪਸ ਲੈਣ; 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਢੁੱਕਵੇਂ ਮੁਆਵਜ਼ੇ ਤੇ ਪੱਕੀ ਸਰਕਾਰੀ ਨੌਕਰੀ ਅਤੇ ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕਰਨ ਸਮੇਤ ਸਾਰੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਵਰਗੀਆਂ ਮੰਗਾਂ ਮੰਨਵਾਉਣ ਲਈ ਘੋਲ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਅੱਜ ਕੇਂਦਰੀ ਖੇਤੀ ਮੰਤਰਾਲੇ ਦੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਾਰਲੀਮੈਂਟ 'ਚ ਸਰਾਸਰ ਝੂਠ ਪੇਸ਼ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਕਿ ਉਨ੍ਹਾਂ ਕੋਲ ਮੌਜੂਦਾ ਕਿਸਾਨ ਘੋਲ਼ ਦੇ ਸ਼ਹੀਦਾਂ ਦੀ ਕੋਈ ਜਾਣਕਾਰੀ ਹੀ ਨਹੀਂ ਹੈ। ਹਕੀਕਤ ਇਹ ਹੈ ਕਿ ਸਾਰੇ ਸ਼ਹੀਦਾਂ ਦੇ ਪੋਸਟ-ਮਾਰਟਮ ਦਾ ਰਿਕਾਰਡ ਸਰਕਾਰੀ ਹਸਪਤਾਲਾਂ ਅਤੇ ਪੁਲਿਸ ਥਾਣਿਆਂ ਵਿੱਚ ਮੌਜੂਦ ਹੈ। ਜੇਕਰ ਸਰਕਾਰ ਦੀ ਨੀਅਤ ਸਾਫ਼ ਹੋਵੇ ਤਾਂ ਸੰਬੰਧਿਤ ਜਥੇਬੰਦੀਆਂ ਕੋਲ਼ੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਨੌਜਵਾਨ ਜਗਸੀਰ ਸਿੰਘ ਦੋਦੜਾ (ਮਾਨਸਾ) ਨੇ ਦੱਸਿਆ ਕਿ ਸਰਕਾਰੀ ਚਾਲਬਾਜ਼ੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾਣ ਵਾਲੀ 4 ਦਸੰਬਰ ਦੀ ਮੀਟਿੰਗ ਵਿੱਚ ਅਗਲੇ ਐਕਸ਼ਨ ਬਾਰੇ ਫੈਸਲਾ ਕੀਤਾ ਜਾਵੇਗਾ। ਸਟੇਜ ਤੋਂ ਲਵਾਏ ਗਏ ਨਾਹਰਿਆਂ ਦੇ ਆਕਾਸ਼ ਗੁੰਜਾਊ ਬੋਲਾਂ ਵਿੱਚੋਂ ਲੋਕਾਂ ਦਾ ਠਾਠਾਂ ਮਾਰਦਾ ਜੇਤੂ ਰੌਂਅ, ਜੋਸ਼ ਤੇ ਕੇਂਦਰ ਸਰਕਾਰ ਵਿਰੁੱਧ ਤਿੱਖਾ ਰੋਹ ਝਲਕ ਰਿਹਾ ਸੀ।
ਨੌਜਵਾਨ ਔਰਤ ਆਗੂ ਅਮਨਦੀਪ ਕੌਰ ਦੌਣ ਕਲਾਂ (ਪਟਿਆਲਾ) ਨੇ ਆਪਣੇ ਸੰਬੋਧਨ ਦੌਰਾਨ ਇਸ ਜਾਨ ਹੂਲਵੇਂ ਘੋਲ਼ ਵਿੱਚ ਔਰਤਾਂ ਵੱਲੋਂ ਨਿਭਾਈ ਜਾ ਰਹੀ ਸ਼ਾਨਾਂਮੱਤੀ ਭੂਮਿਕਾ ਅਤੇ ਆਪਾਵਾਰੂ ਸਿਦਕੀ ਜਜ਼ਬੇ ਨਾਲ ਕੀਤੀ ਜਾ ਰਹੀ ਲਾਮਿਸਾਲ ਸ਼ਮੂਲੀਅਤ ਦੀ ਜੈ ਜੈਕਾਰ ਕੀਤੀ। ਆਉਂਦੇ ਦਿਨਾਂ ਵਿੱਚ ਹੋਰ ਵੀ ਦ੍ਰਿੜ੍ਹਤਾ ਨਾਲ ਘੋਲ਼ ਦੇ ਮੈਦਾਨ ਵਿੱਚ ਡਟਣ ਲਈ ਉਨ੍ਹਾਂ ਦੀ ਤਤਪਰਤਾ ਨੂੰ ਉਚਿਆਇਆ।
ਜਗਤਾਰ ਸਿੰਘ ਲੱਡੀ (ਸੰਗਰੂਰ) ਨੇ ਸੰਸਾਰ ਵਪਾਰ ਸੰਸਥਾ ਦੀਆਂ ਸਾਮਰਾਜ ਪੱਖੀ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ, ਖੁੱਲ੍ਹੀ ਮੰਡੀ ਦੀਆਂ ਲੋਕ ਮਾਰੂ ਨੀਤੀਆਂ ਨੂੰ ਮੁਕੰਮਲ ਭਾਂਜ ਦੇਣ ਲਈ ਕਿਸਾਨਾਂ ਮਜ਼ਦੂਰਾਂ ਤੇ ਹੋਰ ਸਾਰੇ ਕਿਰਤੀਆਂ ਦੇ ਇੱਕਜੁਟਤਾ ਵਾਲੇ ਸੰਘਰਸ਼ਾਂ ਲਈ ਮਾਨਸਿਕ ਤੌਰ 'ਤੇ ਤਿਆਰ ਹੋਣ ਅਤੇ ਹੋਰ ਵੀ ਵੱਡੀਆਂ ਔਰਤ ਲਾਮਬੰਦੀਆਂ ਜੁਟਾਉਣ ਦਾ ਸੱਦਾ ਦਿੱਤਾ।
ਸਟੇਜ ਸਕੱਤਰ ਦੀ ਭੂਮਿਕਾ ਨੌਜਵਾਨ ਆਗੂ ਗੁਰਬਾਜ਼ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਫਾਜ਼ਿਲਕਾ ਵੱਲੋਂ ਨਿਭਾਈ ਗਈ ਅਤੇ ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ ਵਿੱਚ ਹਰਦੇਵ ਸਿੰਘ ਕੁਲਾਰਾਂ ਤੇ ਜਰਨੈਲ ਸਿੰਘ (ਸੰਗਰੂਰ), ਲਖਵਿੰਦਰ ਸਿੰਘ ਤੇ ਪਰਮਵੀਰ ਸਿੰਘ ਘਲੋਟੀ (ਲੁਧਿਆਣਾ), ਜਗਸੀਰ ਸਿੰਘ ਜਵਾਹਰਕੇ (ਮਾਨਸਾ), ਬਿੱਕਰਜੀਤ ਪੂਹਲਾ (ਬਠਿੰਡਾ) ਅਤੇ ਗੁਰਵਿੰਦਰ ਸਿੰਘ (ਉੱਤਰਾਖੰਡ) ਸ਼ਾਮਲ ਸਨ।
ਲੋਕਪੱਖੀ ਕਲਾਕਾਰ ਸੁਲਤਾਨ ਦੀਵਾਨਾ ਪਲਸ ਮੰਚ ਦੀ ਨਿਰਦੇਸ਼ਨਾ ਹੇਠ ਕੋਰੀਓਗ੍ਰਾਫੀ "ਕੱਖੋਂ ਹੌਲੇ ਹੋ ਜਾਂ 'ਗੇ,ਜੇ ਅੰਦਰ ਵੜ ਜਾਂ 'ਗੇ" ਪੇਸ਼ ਕੀਤੀ ਗਈ। ਬੈਸਟ ਪ੍ਰਾਈਸ ਭੁੱਚੋ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਝੰਡੂਕੇ ਵੱਲੋਂ ਆਪਣੀ ਜਥੇਬੰਦੀ ਦੁਆਰਾ ਕਿਸਾਨ ਘੋਲ਼ ਦੀ ਹਮਾਇਤ ਲਗਾਤਾਰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
ਜਾਰੀ ਕਰਤਾ: ਸੁਖਜੀਤ ਸਿੰਘ ਕੋਠਾਗੁਰੂ