ਪੰਜਾਬ

ਸ਼੍ਰੋਮਣੀ ਕਮੇਟੀ ਨੇ ਪ੍ਰਕਾਸ਼ ਪੁਰਬ ਸਮਾਗਮਾਂ ਦੀ ਰੂਪ-ਰੇਖਾ ਉਲੀਕੀ

ਸੁਲਤਾਨਪੁਰ ਲੋਧੀ,  ਮਾਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਮੌਕੇ ਸੁਲਤਾਨਪੁਰ ਲੋਧੀ ਵਿੱਚ ਸਾਰੀਆਂ ਧਿਰਾਂ ਨਾਲ ਰਲ ਕੇ ਸਾਂਝੇ ਤੌਰ ’ਤੇ ਇਕ ਹੀ ਧਾਰਮਿਕ ਸਟੇਜ ਲਗਾਈ ਜਾਵੇਗੀ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੇ ਗਏ ਆਦੇਸ਼ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ, ਭਾਰਤ ਸਰਕਾਰ ਅਤੇ ਸਾਰੀਆਂ ਸਿੱਖ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਚ ਸ਼ਤਾਬਦੀ ਸਮਾਗਮਾਂ ਸਬੰਧੀ ਬਣਾਈਆਂ ਗਈਆਂ ਵੱਖ ਵੱਖ ਕਮੇਟੀਆਂ ਨਾਲ ਮੀਟਿੰਗਾਂ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਯਾਦਗਾਰੀ ਢੰਗ ਨਾਲ ਮਨਾਉਣ ਲਈ ਵੱਖ-ਵੱਖ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਸਾਰੀਆਂ ਧਿਰਾਂ ਅਤੇ ਸੰਗਤ ਦੇ ਸਹਿਯੋਗ ਨਾਲ ਸਮਾਗਮ ਕਰਵਾਏਗੀ। ਉਨ੍ਹਾਂ ਦੱਸਿਆ ਕਿ ਜਿਥੇ 8 ਨਵੰਬਰ ਤੋਂ 13 ਨਵੰਬਰ ਤੱਕ ਸੁਲਤਾਨਪੁਰ ਲੋਧੀ ਵਿਚ ਮੁੱਖ ਸਮਾਗਮ ਹੋਣਗੇ, ਉਥੇ ਹੀ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਲਈ ਕੁਝ ਹੋਰ ਸਮਾਗਮ ਵੀ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਵਿੱਚ ਅੰਤਰ-ਧਰਮ ਸੰਵਾਦ ਸੰਮੇਲਨ, ਸਿੱਖ ਇਸਤਰੀ ਸੰਮੇਲਨ, ਵਿਸ਼ਵ ਸਿੱਖ ਸੰਮੇਲਨ, ਸ਼ਬਦ ਵਿਚਾਰ ਤੇ ਰਾਗ ਦਰਬਾਰ, ਇਨਾਮੀ ਕਵੀ ਦਰਬਾਰ, ਸਕੂਲਾਂ ਕਾਲਜਾਂ ਅੰਦਰ ਢਾਡੀ ਤੇ ਕਵੀਸ਼ਰੀ ਮੁਕਾਬਲੇ ਵਿਸ਼ੇਸ਼ ਹੋਣਗੇ। ਇਸ ਤੋਂ ਇਲਾਵਾ 101 ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਇਨ੍ਹਾਂ ਸ਼ਖ਼ਸੀਅਤਾਂ ਦੀ ਚੋਣ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂਲ ਸਿਧਾਂਤ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਨੂੰ ਸਨਮੁੱਖ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਕੌਮਾਂਤਰੀ ਪੱਧਰ ’ਤੇ ਮਨਾਉਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਵੱਖ ਵੱਖ ਸਮਾਗਮਾਂ ਸਬੰਧੀ ਸਬ-ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੀ ਰਿਹਾਇਸ਼ ਅਤੇ ਲੰਗਰ ਆਦਿ ਸਬੰਧੀ ਪ੍ਰਬੰਧਾਂ ਨੂੰ ਅੰਤਮ ਰੂਪ ਦੇਣ ਲਈ ਵੀ ਸਬ-ਕਮੇਟੀ ਬਣਾਈ ਗਈ ਹੈ। ਸ਼੍ਰੋਮਣੀ ਕਮੇਟੀ ਇਨ੍ਹਾਂ ਪ੍ਰਬੰਧਾਂ ਲਈ ਜ਼ਮੀਨ ਠੇਕੇ ’ਤੇ ਲਵੇਗੀ ਅਤੇ ਇਸ ਲਈ ਗੱਲਬਾਤ ਆਖ਼ਰੀ ਪੜਾਅ ’ਤੇ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸੇ ਦੌਰਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਚੱਲ ਰਹੇ ਵੱਖ-ਵੱਖ ਕਾਰਜਾਂ ਅਤੇ ਗੁਰਦੁਆਰਾ ਸੰਤਘਾਟ ਨਜ਼ਦੀਕ ਤਿਆਰ ਕੀਤੇ ਜਾ ਰਹੇ ਮੂਲ ਮੰਤਰ ਅਸਥਾਨ ਦਾ ਜਾਇਜ਼ਾ ਵੀ ਲਿਆ।

ਸ਼੍ਰੋਮਣੀ ਕਮੇਟੀ ਦੇ ਫਾਰਗ ਮੁਲਾਜ਼ਮਾਂ ਵੱਲੋਂ ਭੁੱਖ ਹੜਤਾਲ

ਅੰਮ੍ਰਿਤਸਰ, ਮਾਰਚ  ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਵਰ੍ਹੇ ਫਾਰਗ ਕੀਤੇ ਗਏ ਮੁਲਾਜ਼ਮਾਂ ਨੇ ਮੁੜ ਨਿਯੁਕਤੀ ਦੀ ਮੰਗ ਨੂੰ ਲੈ ਕੇ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਅੱਜ ਦੋ ਵਿਅਕਤੀ ਭੁੱਖ ਹੜਤਾਲ ’ਤੇ ਬੈਠੇ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੇਲੇ ਰੱਖੇ ਗਏ 523 ਮੁਲਾਜ਼ਮਾਂ ਨੂੰ ਗੋਬਿੰਦ ਸਿੰਘ ਲੌਂਗੋਵਾਲ ਦੇ ਕਾਰਜਕਾਲ ’ਚ ਫਾਰਗ ਕਰ ਦਿੱਤਾ ਗਿਆ ਸੀ। ਇਸ ਸਬੰਧੀ ਇਕ ਸਬ ਕਮੇਟੀ ਬਣਾਈ ਗਈ ਸੀ, ਜਿਸ ਦੀ ਰਿਪੋਰਟ ਦੇ ਆਧਾਰ ’ਤੇ ਅੰਤ੍ਰਿੰਗ ਕਮੇਟੀ ਵੱਲੋਂ ਇਨ੍ਹਾਂ ਮੁਲਾਜ਼ਮਾਂ ਨੂੰ ਫਾਰਗ ਕਰ ਦਿੱਤਾ ਗਿਆ ਸੀ। ਅੱਜ ਇਨ੍ਹਾਂ ਮੁਲਾਜ਼ਮਾਂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਮੁੜ ਧਰਨਾ ਸ਼ੁਰੂ ਕੀਤਾ ਹੈ ਅਤੇ ਲੜੀਵਾਰ ਭੁੱਖ ਹੜਤਾਲ ਰੱਖਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਸ਼ਾਮਲ ਤਰਸੇਮ ਸਿੰਘ ਨੇ ਆਖਿਆ ਕਿ ਇਸ ਵਾਰ ਇਹ ਧਰਨਾ ਅਣਮਿੱਥੇ ਸਮੇਂ ਲਈ ਰੱਖਿਆ ਹੈ ਅਤੇ ਲੜੀਵਾਰ ਭੁੱਖ ਹੜਤਾਲ ਚੱਲੇਗੀ। ਅੱਜ ਸੁਖਮਨਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਨੇ ਭੁੱਖ ਹੜਤਾਲ ਕੀਤੀ। ਉਸ ਨੇ ਆਖਿਆ ਕਿ ਜਦੋਂ ਤਕ ਨਿਯੁਕਤੀਆਂ ਦੀ ਮੰਗ ਪੂਰੀ ਨਹੀਂ ਹੁੰਦੀ, ਇਹ ਧਰਨਾ ਜਾਰੀ ਰਹੇਗਾ। ਉਸ ਨੇ ਆਖਿਆ ਕਿ ਇਕ ਸਾਲ ਪਹਿਲਾਂ 500 ਤੋਂ ਵੱਧ ਮੁਲਾਜ਼ਮਾਂ ਨੂੰ ਫਾਰਗ ਕਰ ਦਿੱਤਾ ਸੀ। ਮੁੜ ਨਿਯੁਕਤੀ ਦੀ ਮੰਗ ਨੂੰ ਲੈ ਕੇ ਉਨ੍ਹਾਂ ਕਈ ਵਾਰ ਧਰਨਾ ਦਿੱਤਾ ਹੈ ਤੇ ਹਰ ਵਾਰ ਇਹ ਭਰੋਸਾ ਦੇ ਕੇ ਧਰਨਾ ਖਤਮ ਕਰਵਾ ਦਿੱਤਾ ਗਿਆ ਕਿ ਉਨ੍ਹਾਂ ਦੀ ਨਿਯੁਕਤੀ ਦਾ ਮਾਮਲਾ ਵਿਚਾਰਿਆ ਜਾ ਰਿਹਾ ਹੈ ਪਰ ਹੁਣ ਤਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਕੁਝ ਸਮਾਂ ਪਹਿਲਾਂ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਿਲੇ ਸਨ ਅਤੇ ਉਨ੍ਹਾਂ ਅਦਾਲਤ ਵਿੱਚ ਕੀਤੇ ਕੇਸਾਂ ਬਾਰੇ ਹਲਫੀਆ ਬਿਆਨ ਜਮ੍ਹਾਂ ਕਰਾਉਣ ਲਈ ਆਖਿਆ ਸੀ। 130 ਮੁਲਾਜ਼ਮਾਂ ਵੱਲੋਂ ਹਲਫੀਆ ਬਿਆਨ ਦਿੱਤੇ ਜਾ ਚੁੱਕੇ ਹਨ, ਪਰ ਹੁਣ ਵੀ ਕੋਈ ਕਾਰਵਾਈ ਨਹੀਂ ਹੋਈ ਹੈ। ਇਨ੍ਹਾਂ ਵਿਅਕਤੀਆਂ ਵੱਲੋਂ ਕੀਤੀ ਭੁੱਖ ਹੜਤਾਲ ਅਤੇ ਧਰਨੇ ਬਾਰੇ ਕੁਝ ਕਹਿਣ ਤੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਕੰਨੀ ਕਤਰਾਈ ਜਾ ਰਹੀ ਹੈ। ਪ੍ਰਧਾਨ ਸ੍ਰੀ ਲੌਂਗੋਵਾਲ ਨਾਲ ਵੀ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਨਿੱਜੀ ਸਹਾਇਕ ਨੇ ਗੱਲ ਕਰਾਉਣ ਦਾ ਭਰੋਸਾ ਦਿੱਤਾ ਪਰ ਗੱਲ ਨਹੀਂ ਹੋਈ।

ਸਬੂਤਾਂ ਦੀ ਘਾਟ ਕਾਰਨ ਬਰੀ ਹੋਏ ਸਮਝੌਤਾ ਧਮਾਕੇ ਦੇ ਮੁਲਜ਼ਮ

ਪੰਚਕੂਲਾ, ਮਾਰਚ ਸਮਝੌਤਾ ਐਕਸਪ੍ਰੈੱਸ ਧਮਾਕਾ ਕੇਸ ’ਚ ਸਵਾਮੀ ਅਸੀਮਾਨੰਦ ਤੇ ਤਿੰਨ ਹੋਰ ਮੁਲਜ਼ਮਾਂ ਨੂੰ ਬਰੀ ਕਰਨ ਵਾਲੀ ਵਿਸ਼ੇਸ਼ ਅਦਾਲਤ ਨੇ ਅੱਜ ਇੱਥੇ ਕਿਹਾ ਕਿ ਭਰੋਸੇਯੋਗ ਤੇ ਮੰਨਣਯੋਗ ਸਬੂਤਾਂ ਦੀ ਘਾਟ ਕਾਰਨ ਇਸ ਬਰਬਰ ਤੇ ਹਿੰਸਕ ਘਟਨਾ ਦੇ ਕਿਸੇ ਵੀ ਮੁਲਜ਼ਮ ਨੂੰ ਸਜ਼ਾ ਨਹੀਂ ਹੋ ਸਕੀ। ਐੱਨਆਈਏ ਦੀ ਅਦਾਲਤ ਨੇ 20 ਮਾਰਚ ਨੂੰ ਇਸ ਮਾਮਲੇ ’ਚ ਨਾਬਾ ਕੁਮਾਰ ਸਰਕਾਰ ਉਰਫ਼ ਸਵਾਮੀ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਾਜਿੰਦਰ ਚੌਧਰੀ ਨੂੰ ਬਰੀ ਕਰ ਦਿੱਤਾ ਸੀ। ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਅਦਾਲਤ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਅੱਜ ਜਨਤਕ ਕੀਤੀ ਗਏ ਆਪਣੇ 160 ਸਫ਼ਿਆਂ ਦੇ ਫ਼ੈਸਲੇ ’ਚ ਕਿਹਾ ਕਿ ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ ਤੇ ਕਿਸੇ ਵੀ ਵਿਸ਼ੇਸ਼ ਧਰਮ ਦੇ ਅਪਰਾਧਕ ਤੱਤ ਨੂੰ ਉਸ ਵਿਸ਼ੇਸ਼ ਧਰਮ, ਭਾਈਚਾਰੇ ਜਾਂ ਜਾਤ ਦੇ ਨੁਮਾਇੰਦੇ ਵਜੋਂ ਪੇਸ਼ ਨਹੀਂ ਕੀਤਾ ਜਾ ਸਕਦਾ ਅਤੇ ਅਜਿਹੇ ਅਪਰਾਧੀਆਂ ਦੇ ਨਾਂ ’ਤੇ ਕਿਸੇ ਪੂਰੇ ਭਾਈਚਾਰੇ, ਜਾਤ ਜਾਂ ਧਰਮ ਨੂੰ ਦੋਸ਼ੀ ਠਹਿਰਾਉਣਾ ਵੀ ਅਨਿਆਂ ਹੋਵੇਗਾ। ਉਨ੍ਹਾਂ ਕਿਹਾ, ‘ਮੈਨੂੰ ਡੂੰਘੇ ਦੁੱਖ ਤੇ ਦਰਦ ਨਾਲ ਆਪਣਾ ਫ਼ੈਸਲਾ ਸਮਾਪਤ ਕਰਨਾ ਪੈ ਰਿਹਾ ਹੈ ਕਿਉਂਕਿ ਭਰੋਸੇਯੋਗ ਤੇ ਮੰਨਣਯੋਗ ਸਬੂਤਾਂ ਦੀ ਘਾਟ ਕਾਰਨ ਹਿੰਸਾ ਦੀ ਅਜਿਹੀ ਬਰਬਰ ਕਾਰਵਾਈ ’ਚ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਿਆ। ਇਸਤਗਾਸਾ ਪੱਖ ਕੋਲ ਸਬੂਤਾਂ ਦੀ ਘਾਟ ਸੀ ਅਤੇ ਅਤਿਵਾਦ ਦਾ ਮਾਮਲਾ ਅਣਸੁਲਝਿਆ ਹੀ ਰਹਿ ਗਿਆ।’ ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਚੱਲਣ ਵਾਲੀ ਰੇਲ ਗੱਡੀ ਸਮਝੌਤਾ ਐਕਸਪ੍ਰੈੱਸ ’ਚ ਹਰਿਆਣਾ ਦੇ ਪਾਣੀਪਤ ਨੇੜੇ 18 ਫਰਵਰੀ 2007 ’ਚ ਉਸ ਸਮੇਂ ਧਮਾਕਾ ਹੋਇਆ ਸੀ ਜਦੋਂ ਇਹ ਰੇਲ ਗੱਡੀ ਅਟਾਰੀ ਵੱਲ ਜਾ ਰਹੀ ਸੀ। ਇਸ ਧਮਾਕੇ ’ਚ 68 ਲੋਕਾਂ ਦੀ ਮੌਤ ਹੋ ਗਈ ਸੀ।

ਪੰਜਾਬ ਕਾਂਗਰਸ ਵੱਲੋਂ ਚਾਰ ਹਲਕਿਆਂ ਦੇ ਉਮੀਦਵਾਰਾਂ ਨੂੰ ਹਰੀ ਝੰਡੀ

ਚੰਡੀਗੜ੍ਹ,  ਮਾਰਚ ਪੰਜਾਬ ਕਾਂਗਰਸ ਪਾਰਟੀ ਦੀ ਸਕਰੀਨਿੰਗ ਕਮੇਟੀ ਨੇ ਚਾਰ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਤਿੰਨ ਹਲਕਿਆਂ ਦਾ ਮਾਮਲਾ ਟਾਲ ਦਿਤਾ ਗਿਆ ਹੈ ਜਦਕਿ ਤਿੰਨ ਹਲਕਿਆਂ ਬਾਰੇ ਫ਼ੈਸਲਾ ਇਸ ਗੱਲ ’ਤੇ ਅਟਕ ਗਿਆ ਹੈ ਕਿ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਲੜਾਉਣੀਆਂ ਹਨ ਜਾਂ ਨਹੀਂ। ਪ੍ਰਾਪਤ ਜਾਣਕਾਰੀ ਅੁਨਸਾਰ ਦਸ ਲੋਕ ਸਭਾ ਹਲਕਿਆਂ ਦਾ ਮਾਮਲਾ ਦੋ ਅਪਰੈਲ ਨੂੰ ਦਿੱਲੀ ’ਚ ਹੋ ਰਹੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿਚ ਜਾਵੇਗਾ ਜਿਸ ਵਿੱਚ ਛੇ ਜਾਂ ਸੱਤ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਸਕਰੀਨਿੰਗ ਕਮੇਟੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਸੁਨੀਲ ਜਾਖੜ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਅਤੇ ਪਟਿਆਲਾ ਤੋਂ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਦੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਕੇਂਦਰੀ ਚੋਣ ਕਮੇਟੀ ਦੀ ਅਗਲੀ ਮੀਟਿੰਗ ਵਿੱਚ ਇਨ੍ਹਾਂ ਨੂੰ ਉਮੀਦਵਾਰ ਐਲਾਨ ਦਿੱਤਾ ਜਾਵੇਗਾ। ਸ੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਡਾ. ਅਮਰ ਸਿੰਘ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਵਿਚਾਲੇ ਫਸ ਗਿਆ ਹੈ ਤੇ ਜੇਕਰ ਕਾਂਗਰਸ ਪਾਰਟੀ ਵਿਧਾਇਕਾਂ ਨੂੰ ਲੋਕ ਸਭਾ ਦੀ ਚੋਣ ਲੜਾਉਣ ਦਾ ਫ਼ੈਸਲਾ ਕਰਦੀ ਹੈ ਤਾਂ ਜੀਪੀ ਨੂੰ ਉਮੀਦਵਾਰ ਬਣਾਇਆ ਜਾਵੇਗਾ। ਇਸ ਵੇਲੇ ਇਸ ਹਲਕੇ ਤੋਂ ਡਾ. ਅਮਰ ਸਿੰਘ ਨੇ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਅਜਿਹੀ ਹੀ ਸਥਿਤੀ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਹੈ ਤੇ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋਈ ਯਾਮਿਨੀ ਗੋਮਰ ਅਤੇ ਕਾਂਗਰਸ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵਿਚਾਲੇ ਮੁਕਾਬਲਾ ਹੈ। ਸੰਗਰੂਰ ਲੋਕ ਸਭਾ ਹਲਕੇ ਤੋਂ ਵੀ ਸਥਿਤੀ ਦਿਲਚਸਪ ਬਣੀ ਹੋਈ ਹੈ ਤੇ ਇਸ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੀ ਦਾਅਵੇਦਾਰ ਹਨ ਪਰ ਫ਼ੈਸਲਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਸੀਨੀਅਰ ਕਾਂਗਰਸ ਆਗੂ ਕੇਵਲ ਢਿੱਲੋਂ ਵਿੱਚੋਂ ਕਿਸੇ ਇੱਕ ਦੇ ਹੱਕ ਵਿੱਚ ਕੀਤਾ ਜਾਣਾ ਹੈ। ਇਸ ਸੀਟ ਤੋਂ ਉਮੀਦਵਾਰ ਦਾ ਫੈਸਲਾ ਵੀ ਕੇਂਦਰੀ ਚੋਣ ਕਮੇਟੀ ਹੀ ਕਰੇਗੀ। ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਨੇ ਚੋਣ ਲੜਨ ਤੋਂ ਜਵਾਬ ਦੇ ਦਿੱਤਾ ਹੈ ਤੇ ਇਸ ਹਲਕੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਸੰਦੀਪ ਸੰਧੂ ਮਜ਼ਬੂਤ ਦਾਅਵੇਦਾਰ ਹਨ ਪਰ ਮਾਮਲਾ ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਅਤੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਲਾਲੀ ਵਿਚਾਲੇ ਹੀ ਰਹਿ ਗਿਆ ਹੈ। ਮੀਟਿੰਗ ਵਿੱਚ ਬਠਿੰਡਾ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਹਲਕਿਆਂ ਬਾਰੇ ਗੱਲਬਾਤ ਕੀਤੀ ਗਈ ਪਰ ਫੈਸਲਾ ਟਾਲ ਦਿੱਤਾ ਗਿਆ ਅਤੇ ਇਨ੍ਹਾਂ ਹਲਕਿਆਂ ਬਾਰੇ ਦੋ ਅਪਰੈਲ ਤੋਂ ਬਾਅਦ ਫ਼ੈਸਲਾ ਕੀਤਾ ਜਾਵੇਗਾ। ਸ੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਦੋ ਹੋਰ ਦਾਅਵੇਦਾਰ ਹਨ ਪਰ ਇਸ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਨੂੰ ਟਿਕਟ ਦਿੱਤੇ ਜਾਣ ਦੀ ਸੰਭਾਵਨਾ ਹੈ।

ਸ੍ਰੀ ਆਨੰਦਪੁਰ ਸਾਹਿਬ ਵਿਖੇ ਤਿੰਨ ਰੋਜ਼ਾ ਹੋਲਾ ਮਹੱਲਾ ਅੱਜ ਤੋਂ ਸ਼ੁਰੂ

 ਆਨੰਦਪੁਰ ਸਾਹਿਬ (ਗਿਆਨੀ ਹਾਕਮ ਸਿੰਘ/ਗੁਰਵਿੰਦਰ ਸਿੰਘ) -ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਤੇ ਕੌਮੀ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੰਗਲਵਾਰ ਤੋਂ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਿਹਾ ਹੋਲੇ ਮਹੱਲੇ ਦਾ ਪਹਿਲਾ ਪੜਾਅ ਸਮਾਪਤ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੋਲਾ ਮਹੱਲਾ ਮੌਕੇ ਦੇਸ਼-ਵਿਦੇਸ਼ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਸਹੂਲਤਾਂ ਦੇ ਪੁਖਤਾ ਪ੍ਰਬੰਧਾਂ ਲਈ ਮੀਤ ਸਕੱਤਰ ਹਰਜੀਤ ਸਿੰਘ ਦੀ ਕੋਆਰਡੀਨੇਸ਼ਨ ਹੇਠ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਵਾਰ ਹੋਲਾ ਮਹੱਲਾ ਮੌਕੇ ਦੇਸ਼ ਵਿਦੇਸ਼ ਤੋਂ 20 ਲੱਖ ਦੇ ਕਰੀਬ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਜਿਸਦੇ ਮੱਦੇਨਜ਼ਰ ਸੰਗਤਾਂ ਦੀ ਰਿਹਾਇਸ਼, ਲੰਗਰ, ਜੋੜਾ ਘਰ ਅਤੇ ਗਠੜੀ ਘਰ ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। 
ਅੱਜ ਸ਼ੁਰੂ ਹੋਏ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਘੁੰਗਰਾਲੀ ਨੇ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਸਾ ਦੀ ਵਾਰ ਦੇ ਕੀਰਤਨ ਦੇ ਨਾਲ ਆਰੰਭਤਾ ਹੋਈ। ਉਪਰੰਤ ਸਾਰਾ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦੀਵਾਨ ਸਜਣਗੇ। ਜਿਸ 'ਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਤੇ ਗੁਰਇਤਿਹਾਸ ਸੁਣਾਉਣਗੇ। 19 ਮਾਰਚ ਨੂੰ ਸਵੇਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 19 ਮਾਰਚ ਦੀ ਰਾਤ ਨੂੰ ਰਵਾਇਤੀ ਬਸੰਤ ਕੀਰਤਨ ਦਰਬਾਰ ਹੋਵੇਗਾ। 21 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਉਪਰੰਤ ਰਵਾਇਤੀ ਮਹੱਲਾ (ਨਗਰ ਕੀਰਤਨ) ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਕਿਲਾ ਹੋਲਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਸਿੰਘ ਸਾਹਿਬਾਨ ਵੀ ਸ਼ਾਮਲ ਹੋ ਕੇ ਪੰਥ ਦੇ ਨਾਮ ਸੰਦੇਸ਼ ਜਾਰੀ ਕਰਨਗੇ।

ਗੁਰੂ ਨਗਰੀ ਨੂੰ ਸੁੰਦਰ ਲੜੀਆਂ ਨਾਲ ਸਜਾਇਆ 
ਖਾਲਸਾ ਪੰਥ ਦੇ ਜਨਮ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗੁ. ਸੀਸ ਗੰਜ ਸਾਹਿਬ, ਗੁ. ਭੋਰਾ ਸਾਹਿਬ, ਕਿਲਾ ਅਨੰਦਗੜ੍ਹ ਸਾਹਿਬ, ਕਿਲਾ ਲੋਹਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ, ਕਿਲਾ ਫਤਿਹਗੜ੍ਹ ਸਾਹਿਬ ਅਤੇ ਕਿਲਾ ਤਾਰਾਗੜ੍ਹ ਸਾਹਿਬ ਵਿਖੇ ਸੰਗਤਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਸਾਰੇ ਗੁਰਦੁਆਰਾ ਸਾਹਿਬਾਨ ਨੂੰ ਰੰਗ-ਬਿਰੰਗੀਆਂ ਲੜੀਆਂ ਨਾਲ ਸਜਾਇਆ ਗਿਆ ਹੈ। ਦੂਜੇ ਪਾਸੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੇ ਰਵਾਇਤੀ ਦਲ ਘੋੜਿਆਂ 'ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣੇ ਸ਼ੁਰੂ ਹੋ ਗਏ ਹਨ।

ਅਕਾਲੀ ਆਗੂਆਂ ਦੀ ‘ਗ੍ਰਿਫ਼ਤਾਰੀ’ ਲਈ ਪੁਲੀਸ ਸਰਗਰਮ

ਚੰਡੀਗੜ੍ਹ-(ਜਨ ਸ਼ਕਤੀ ਨਿਊਜ)- ਪੰਜਾਬ ਪੁਲੀਸ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਅਕਾਲੀ ਆਗੂਆਂ ਤੇ ਵਿਧਾਇਕਾਂ ਬਿਕਰਮ ਸਿੰਘ ਮਜੀਠੀਆ, ਲਖਬੀਰ ਸਿੰਘ ਲੋਧੀਨੰਗਲ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਗ੍ਰਿਫ਼ਤਾਰ ਕਰਨ ਲਈ ‘ਹਰ ਸੰਭਵ ਯਤਨ’ ਕਰ ਰਹੀ ਹੈ। ਆਰਟੀਆਈ ਰਾਹੀਂ ਹੋਏ ਖੁਲਾਸੇ ਵਿਚ ਸਾਹਮਣੇ ਆਇਆ ਹੈ ਕਿ ਪੁਲੀਸ ਲੰਘੇ ਇਕ ਸਾਲ ਤੋਂ ਇਨ੍ਹਾਂ ਆਗੂਆਂ ਖ਼ਿਲਾਫ਼ ‘ਜਾਂਚ ਪ੍ਰਕਿਿਰਆ’ ’ਚੋਂ ਲੰਘ ਰਹੀ ਹੈ, ਪਰ ਕੋਈ ਜ਼ਿਆਦਾ ਸਫ਼ਲਤਾ ਹੱਥ ਨਹੀਂ ਲੱਗੀ। ਦਸੰਬਰ 2017 ਵਿਚ ਕਾਂਗਰਸੀ ਆਗੂਆਂ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਰਾਜ ਵਿਚ ਆਵਾਜਾਈ ਰੋਕ ਦਿੱਤੀ ਸੀ। ਹੋਰਾਂ ਕਈ ਆਗੂਆਂ ਸਣੇ ਸੁਖਬੀਰ ਬਾਦਲ ਤੇ ਮਜੀਠੀਆ ਖ਼ਿਲਾਫ਼ ਉਸ ਵੇਲੇ ਮੱਖੂ ਪੁਲੀਸ ਸਟੇਸ਼ਨ ਵਿਚ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਜ਼ਿਿਲ੍ਹਆਂ ਵਿਚ ਵੀ ਵੱਡੇ ਆਗੂਆਂ ਖ਼ਿਲਾਫ਼ ਐਫਆਈਆਰ ਹੋਈ ਸੀ। ਨਵਾਂ ਸ਼ਹਿਰ ਨਾਲ ਸਬੰਧਤ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਦਾਖ਼ਲ ਕੀਤੀ ਆਰਟੀਆਈ ਦੇ ਜਵਾਬ ਵਿਚ ਪੁਲੀਸ ਨੇ ਬਹੁਤੇ ਮਾਮਲਿਆਂ ਵਿਚ ਮੰਨਿਆ ਹੈ ਕਿ ਜਿਹੜੀਆਂ ਧਾਰਾਵਾਂ ਇਨ੍ਹਾਂ ਆਗੂਆਂ ਖ਼ਿਲਾਫ਼ ਹਨ, ਉਸ ਤਹਿਤ ਗ੍ਰਿਫ਼ਤਾਰੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਅਜਿਹੇ ਮਾਮਲਿਆਂ ਵਿਚ ਜ਼ਮਾਨਤ ਦੇਣਾ ਅਦਾਲਤਾਂ ਦੇ ਹੱਥ-ਵਸ ਹੈ। ਇਕ ਪੱਖ ਇਹ ਵੀ ਹੈ ਕਿ ਇਨ੍ਹਾਂ ਆਗੂਆਂ ਵਿਚੋਂ ਕਿਸੇ ਨੇ ਵੀ ਜ਼ਮਾਨਤ ਲਈ ਅਰਜ਼ੀ ਨਹੀਂ ਲਾਈ। ਇਸ ਲਈ ਬਹੁਤੇ ਕੇਸਾਂ ਵਿਚ ਜਾਂ ਤਾਂ ਪੁਲੀਸ ‘ਗ੍ਰਿਫ਼ਤਾਰੀ ਲਈ ਯਤਨ ਕਰ ਰਹੀ ਹੈ’ ਜਾਂ ‘ਹਾਲੇ ਜਾਂਚ ਜਾਰੀ ਹੈ’। ਤਰਨ ਤਾਰਨ ਦੇ ਐੱਸਐੱਸਪੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਇਲਾਕੇ ਵਿਚ ਦਰਜ ਐਫਆਈਆਰ ’ਚ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਤੇ ਹੋਰ ਆਗੂਆਂ ਦਾ ਨਾਂ ਦਰਜ ਹੈ। ਵਿਧਾਇਕ ਦੇਸ ਰਾਜ ਧੁੱਗਾ, ਪਵਨ ਕੁਮਾਰ ਟੀਨੂੰ, ਆਗੂ ਬਲਦੇਵ ਸਿੰਘ ਖੈਰਾ, ਸਤਪਾਲ ਮੱਲ, ਗੁਰਪ੍ਰਤਾਪ ਵਡਾਲਾ ਨੂੰ ‘ਗ੍ਰਿਫ਼ਤਾਰ ਕਰਨ ਦੇ ਯਤਨ’ ਵੀ ਪੁਲੀਸ ਕਰ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਪੁਲੀਸ ਨੇ ਹਾਲੇ ਤੱਕ ਚਾਰਜਸ਼ੀਟ ਤੱਕ ਦਾਖ਼ਲ ਨਹੀਂ ਕੀਤੀ।

ਵਿਜੀਲੈਂਸ ਵੱਲੋਂ ਕੋਲਿਆਂਵਾਲੀ ਦੀ ਗ੍ਰਿਫ਼ਤਾਰੀ ਲਈ ਛਾਪੇ

ਐਸ.ਏ.ਐਸ. ਨਗਰ (ਮੁਹਾਲੀ),  ਮਾਰਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਾਦਲ ਪਰਿਵਾਰ ਦੇ ਅਤਿ ਨਜ਼ਦੀਕੀ, ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਸਾਬਕਾ ਮੈਂਬਰ ਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀਆਂ ਮੁਸ਼ਕਲਾਂ ਹੋਰ ਵਧਣੀਆਂ ਸ਼ੁਰੂ ਹੋ ਗਈਆਂ ਹਨ। ਲੋਕਾਂ ਸਭਾ ਚੋਣਾਂ ਦੇ ਐਨ ਮੌਕੇ ਮੁਹਾਲੀ ਅਦਾਲਤ ਵੱਲੋਂ ਜਥੇਦਾਰ ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮੁੱਢੋਂ ਰੱਦ ਕਰਨ ਤੋਂ ਬਾਅਦ ਹੁਣ ਪੰਜਾਬ ਵਿਜੀਲੈਂਸ ਨੇ ਅਕਾਲੀ ਜਥੇਦਾਰ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੀਆਂ ਟੀਮਾਂ ਵੱਲੋਂ ਅਕਾਲੀ ਆਗੂ ਦੀ ਗ੍ਰਿਫ਼ਤਾਰੀ ਲਈ ਅੱਜ ਕਈ ਥਾਵਾਂ ’ਤੇ ਛਾਪੇ ਮਾਰੇ ਗਏ।
ਇਸ ਸਬੰਧੀ ਵਿਜੀਲੈਂਸ ਦੇ ਐਸਐਸਪੀ ਅਸ਼ੋਕ ਬਾਠ ਨੇ ਦੱਸਿਆ ਕਿ ਜਥੇਦਾਰ ਕੋਲਿਆਂਵਾਲੀ ਖ਼ਿਲਾਫ਼ ਪਹਿਲਾਂ ਤੋਂ ਦਰਜ ਕੇਸ ਵਿੱਚ ਹੁਣ ਆਈਪੀਸੀ ਦੀ ਧਾਰਾ 120ਬੀ, 465, 467, 468 ਅਤੇ 471 ਦੇ ਤਹਿਤ ਜੁਰਮ ਵਿੱਚ ਹੋਰ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਥੇਦਾਰ ਨੇ ਜ਼ਮੀਨ ਦੇ ਤਬਾਦਲੇ ਸਬੰਧੀ ਦੂਜੀ ਧਿਰ ਨਾਲ ਧੋਖਾਧੜੀ ਕੀਤੀ ਹੈ। ਅਕਾਲੀ ਆਗੂ ਨੇ ਜ਼ਮੀਨ ਤਬਾਦਲੇ ਸਬੰਧੀ ਦੂਜੀ ਧਿਰ ਤੋਂ ਤਾਂ ਲੋੜੀਂਦੀ ਜ਼ਮੀਨ ਆਪਣੇ ਨਾਂ ਕਰਵਾ ਲਈ ਪਰ ਬਦਲੇ ਵਿੱਚ ਜਿਹੜੀ ਜ਼ਮੀਨ ਦੂਜੀ ਧਿਰ ਨੂੰ ਦਿੱਤੀ ਗਈ, ਉਹ ਜਥੇਦਾਰ ਦੀ ਮਲਕੀਅਤ ਨਹੀਂ ਸੀ। ਜਥੇਦਾਰ ਵੱਲੋਂ ਉਕਤ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜਥੇਦਾਰ ਦੀ ਗ੍ਰਿਫ਼ਤਾਰੀ ਲਈ ਸ਼ੁੱਕਰਵਾਰ ਸ਼ਾਮ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਕੋਲਿਆਂਵਾਲੀ ਤੇ ਹੋਰ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਸਨ। ਅੱਜ ਵੀ ਵਿਜੀਲੈਂਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਕਈ ਥਾਵਾਂ ’ਤੇ ਛਾਪੇ ਮਾਰੇ ਗਏ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਥੇਦਾਰ ਦੀ ਉਨ੍ਹਾਂ ਦੇ ਜੱਦੀ ਪਿੰਡ ਕੋਲਿਆਂਵਾਲੀ ਵਿੱਚ ਸਥਿਤ ਮਹਿਲਨੁਮਾ ਆਲੀਸ਼ਾਨ ਕੋਠੀ ਦੀ ਪੈਮਾਇਸ਼ ਬਾਰੇ ਜਾਂਚ ਰਿਪੋਰਟ ਮਿਲ ਗਈ ਹੈ। ਵਿਜੀਲੈਂਸ ਵਲੋਂ ਜਥੇਦਾਰ ਖ਼ਿਲਾਫ਼ ਦਰਜ ਕੇਸ ਵਿੱਚ ਜਿਹੜੇ ਦੋਸ਼ ਲਗਾਏ ਗਏ ਹਨ, ਜਾਂਚ ਵਿੱਚ ਸਹੀ ਸਾਬਤ ਹੋਏ ਹਨ। ਇੱਥੇ ਇਹ ਦੱਸਣਯੋਗ ਹੈ ਕਿ ਅਕਾਲੀ ਜਥੇਦਾਰ ਵਿਰੁੱਧ ਬੀਤੀ ਪਹਿਲੀ ਜੁਲਾਈ ਨੂੰ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਡੇਰੇ ਤੋਂ ਵੋਟਾਂ ਬਾਰੇ ਫ਼ੈਸਲਾ ਅਕਾਲ ਤਖ਼ਤ ਦੇ ਹੁਕਮਾਂ ’ਤੇ ਕਰਾਂਗੇ: ਸੁਖਬੀਰ

ਫਗਵਾੜਾ,  ਮਾਰਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਮੌਕੇ ਡੇਰਾ ਸਿਰਸਾ ਤੋਂ ਵੋਟਾਂ ਦੀ ਮੰਗ ਕਰਨੀ ਹੈ ਜਾਂ ਨਹੀਂ, ਇਸ ਬਾਰੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨਗੇ। ਅੱਜ ਇੱਥੇ ਪਾਰਟੀ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਬਿਆਨ ’ਤੇ ਟਿੱਪਣੀ ਕੀਤੀ ਅਤੇ ਕਿਹਾ ਕਿ ਉਹ ਆਪਣੇ ਆਪ ਨੂੰ ਸਿੱਖੀ ਦਾ ਰਖਵਾਲਾ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਉਨ੍ਹਾਂ ਦੇ ਪਿਤਾ ਨੇ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਲਈ ਸਿੱਖਾਂ ਨੂੰ ‘ਸਿੱਖੜੇ’ ਦੱਸ ਕੇ ਕੌਮ ਦਾ ਭਾਰੀ ਨੁਕਸਾਨ ਕੀਤਾ ਸੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਦੇ ਮੁੱਖ ਮੰਤਰੀਆਂ ’ਚੋਂ ਸਭ ਤੋਂ ਨਿਕੰਮਾ ਦੱਸਦਿਆਂ ਕਿਹਾ,‘‘ਕੋਈ ਵੀ ਅਜਿਹਾ ਮੁੱਖ ਮੰਤਰੀ ਨਹੀਂ ਹੋਵੇਗਾ ਜਿਸ ਨੇ ਗੁਟਕੇ ’ਤੇ ਹੱਥ ਰੱਖ ਕੇ ਵਾਅਦੇ ਕੀਤੇ ਅਤੇ ਉਨ੍ਹਾਂ ਨੂੰ ਪੂਰਾ ਨਾ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ।’’ ਉਨ੍ਹਾਂ ਕਿਹਾ ਕਿ ਕੈਪਟਨ ਨੂੰ ਲੋਕਾਂ ਅਤੇ ਪੰਜਾਬ ਨਾਲ ਕੋਈ ਲਗਾਓ ਨਹੀਂ ਹੈ ਕਿਉਂਕਿ ਉਹ ਪਹਿਲਾਂ ਹੀ ਅਗਲੀਆਂ ਚੋਣਾਂ ਨਾ ਲੜਨ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ’ਚ ਸਰਕਾਰ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੈ ਅਤੇ ਲੋਕ ਉਸ ਤੋਂ ਤੰਗ ਹਨ ਜਿਸ ਕਰਕੇ ਅਕਾਲੀ ਦਲ ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗਾ।
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਦੋ ਸਾਲਾਂ ਦੇ ਅੰਦਰ-ਅੰਦਰ ਵਿਸ਼ੇਸ਼ ਜਾਂਚ ਟੀਮ ਕਾਇਮ ਕਰਕੇ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ੍ਹਾਂ ’ਚ ਪਹੁੰਚਾਇਆ ਜਦਕਿ ਕਾਂਗਰਸ ਦੀਆਂ ਸਰਕਾਰਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਲੱਗੀਆਂ ਰਹੀਆਂ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ’ਚ ਕੋਈ ਵੀ ਟਕਸਾਲੀ ਨਹੀਂ ਸਗੋਂ ਸਾਰੇ ‘ਨਕਾਰਾ’ ਆਗੂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ’ਚੋਂ ਕੱਢੇ ਗਏ ਤਿੰਨੇ ਆਗੂਆਂ ਨੂੰ ਚੋਣ ਮੈਦਾਨ ’ਚ ਆ ਕੇ ਆਪਣਾ ਕੱਦ ਦੇਖ ਲੈਣਾ ਚਾਹੀਦਾ ਹੈ। ਉਨ੍ਹਾਂ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਤੇ ਮੋਦੀ ਸਰਕਾਰ ਨੂੰ ਵਿਕਾਸ ਦੀ ਸਰਕਾਰ ਦੱਸਿਆ ਅਤੇ ਪੰਜਾਬ ’ਚ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਰੈਲੀ ਨੂੰ ਭਾਜਪਾ ਵਿਧਾਇਕ ਸੋਮ ਪ੍ਰਕਾਸ਼, ਜਰਨੈਲ ਸਿੰਘ ਵਾਹਦ, ਮੇਅਰ ਅਰੁਣ ਖੋਸਲਾ ਅਤੇ ਸਰਵਣ ਸਿੰਘ ਕੁਲਾਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ, ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ, ਸੁਖਜੀਤ ਸਟਾਰਚ ਐਂਡ ਕੈਮੀਕਲ ਮਿੱਲ ਦੇ ਐਮਡੀ ਕੁਲਦੀਪ ਸਰਦਾਨਾ, ਅਵਤਾਰ ਸਿੰਘ ਮੰਡ, ਪਰਮਜੀਤ ਕੌਰ ਕੌਂਸਲਰ, ਸਰਬਜੀਤ ਕੌਰ, ਸਤਨਾਮ ਸਿੰਘ ਅਰਸ਼ੀ ਵੀ ਹਾਜ਼ਰ ਸਨ। ਸੁਖਬੀਰ ਨੇ ਸਟੇਜ ਤੋਂ ਐਲਾਨ ਕੀਤਾ ਕਿ ਸਾਰੇ ਲੋਕ ਉਨ੍ਹਾਂ ਨਾਲ ਫ਼ੋਟੋਆਂ ਅਨੁਸ਼ਾਸਨ ’ਚ ਰਹਿ ਕੇ ਖਿਚਵਾਉਣ ਅਤੇ ਉਹ 85-86 ਰੈਲੀਆਂ ਕਰਕੇ ਪੌਣੇ 2 ਲੱਖ ਲੋਕਾਂ ਨਾਲ ਫੋਟੋਆਂ ਖਿਚਵਾ ਚੁੱਕੇ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਬੰਧਕਾਂ ਵਿਚਾਲੇ ਖੜਕੀ

ਚੰਡੀਗੜ੍ਹ,  ਮਾਰਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਅਤੇ ਵਾਈਸ ਚੇਅਰਮੈਨ ਡਾ. ਬਲਦੇਵ ਸਚਦੇਵਾ ਦਰਮਿਆਨ ਚੱਲ ਰਹੀ ਖਿੱਚੋਤਾਣ ਨੇ ਸਿੱਖਿਆ ਬੋਰਡ ਅੰਦਰ ਆਪਾਧਾਪੀ ਦਾ ਮਾਹੌਲ ਸਿਰਜ ਦਿੱਤਾ ਹੈ। ਸਰਕਾਰ ਦੇ ਇਸ ਵੱਡੇ ਤੇ ਵੱਕਾਰੀ ਮੰਨੇ ਜਾਂਦੇ ਅਦਾਰੇ ਦੇ ਸਿਖਰਲੇ ਅਹੁਦੇਦਾਰਾਂ ਦਰਮਿਆਨ ਚੱਲ ਰਹੀ ਕਸ਼ਮਕਸ਼ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਬੋਰਡ ਦੀਆਂ ਮੀਟਿੰਗਾਂ ਦੌਰਾਨ ਉਨ੍ਹਾਂ ਵੱਲੋਂ ਇੱਕ-ਦੂਜੇ ਨੂੰ ‘ਲਲਕਾਰਨ’ ਅਤੇ ‘ਖਲਲ ਪਾਉਣਾ’ ਸਾਧਾਰਨ ਗਤੀਵਿਧੀਆਂ ਬਣ ਗਈਆਂ ਹਨ। ਮਨਹੋਰ ਕਾਂਤ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਾਲ ਹੀ ਵਿੱਚ 6 ਪੰਨਿਆਂ ਦੀ ਵਿਸਥਾਰਪੂਰਬਕ ਚਿੱਠੀ ਲਿਖੀ ਗਈ ਹੈ ਜਿਸ ਦੀ ਕਾਪੀ ਪੰਜਾਬੀ ਟ੍ਰਿਬਿਊਨ ਕੋਲ ਵੀ ਹੈ। ਇਸ ਚਿੱਠੀ ਰਾਹੀਂ ਵਾਈਸ ਚੇਅਰਮੈਨ ’ਤੇ ਬੋਰਡ ਦੀਆਂ ਮੀਟਿੰਗਾਂ ’ਚ ਮੰਦਭਾਗੀ ਕਾਰਜਸ਼ੈਲੀ ਦੇ ਦੋਸ਼ ਲਾਏ ਗਏ ਹਨ। ਚੇਅਰਮੈਨ ਵੱਲੋਂ ਮੁੱਖ ਮੰਤਰੀ ਨੂੰ ਜਿਸ ਢੰਗ ਨਾਲ ਘਟਨਾਕ੍ਰਮ ਦਾ ਬਿਆਨ ਕੀਤਾ ਗਿਆ ਹੈ, ਉਸ ਤੋਂ ਇੰਜ ਜਾਪਦਾ ਹੈ ਕਿ ਜਿਵੇਂ ਸਿੱਖਿਆ ਬੋਰਡ ਦੇ ਪ੍ਰਬੰਧਕ ਕਿਸੇ ਤੀਜੇ ਦਰਜੇ ਦੀ ਮਿਉਂਸਿਪਲ ਕਮੇਟੀ ਦੇ ਮੈਂਬਰਾਂ ਨਾਲੋਂ ਵੀ ਹੇਠਲੇ ਦਰਜੇ ਦਾ ਵਿਵਹਾਰ ਕਰ ਰਹੇ ਹੋਣ। ਸ੍ਰੀ ਕਾਂਤ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਤੁਰੰਤ ਬੋਰਡ ’ਚ ਚੱਲ ਰਹੀਆਂ ਗਲਤ ਗਤੀਵਿਧੀਆਂ ਨੂੰ ਰੋਕਣ ਲਈ ਦਖ਼ਲ ਦਿੱਤਾ ਜਾਵੇ। ਉਧਰ ਸੂਤਰਾਂ ਮੁਤਾਬਕ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਚਲਦਾ ਕਰਨ ਦੇ ਰੌਂਅ ਵਿੱਚ ਸਨ। ਵਾਈਸ ਚੇਅਰਮੈਨ ਨੂੰ ਸ੍ਰੀ ਸੋਨੀ ਦਾ ‘ਬੰਦਾ’ ਮੰਨਿਆ ਜਾਂਦਾ ਹੈ ਜਦੋਂ ਕਿ ਚੇਅਰਮੈਨ ਦੀ ਨਿਯੁਕਤੀ ਸਾਬਕਾ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੀ ਸਿਫਾਰਿਸ਼ ’ਤੇ ਕੀਤੀ ਗਈ ਸੀ।
ਚਿੱਠੀ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਤਾਜ਼ਾ ਟਕਰਾਅ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਓਐਸਡੀ ਡੀ ਐਸ ਸਰੋਇਆ ਦੀ ਪਤਨੀ ਸੁਖਵਿੰਦਰ ਕੌਰ ਸਰੋਇਆ ਨੂੰ ਕੰਟਰੋਲਰ ਪ੍ਰੀਖਿਆਵਾਂ ਲਾਉਣ ਦੇ ਮੁੱਦੇ ’ਤੇ ਪੈਦਾ ਹੋਇਆ ਹੈ। ਬੋਰਡ ਦੀ ਮੀਟਿੰਗ ਦਾ ਹਵਾਲਾ ਦਿੰਦਿਆਂ ਮਨੋਹਰ ਕਾਂਤ ਵੱਲੋਂ ਕਿਹਾ ਗਿਆ ਕਿ ਰਸਮੀ ਏਜੰਡੇ ’ਤੇ ਵਿਚਾਰ ਕਰਨ ਤੋਂ ਪਹਿਲਾਂ ਹੀ ਬੋਰਡ ਦੇ ਵਾਈਸ ਚੇਅਰਮੈਨ ਮੀਟਿੰਗ ਵਿੱਚ ਖੜ੍ਹੇ ਹੋ ਗਏ ਅਤੇ ਸ੍ਰੀਮਤੀ ਸਰੋਇਆ ਦੀ ਨਿਯੁਕਤੀ ਨਾਲ ਸਬੰਧਤ ਮੱਦ ਪੇਸ਼ ਕਰਨ ਲਈ ਮੇਜ਼ ’ਤੇ ਹੱਥ ਮਾਰ-ਮਾਰ ਕੇ ਦਬਾਅ ਪਾਉਂਦੇ ਰਹੇ। ਚੇਅਰਮੈਨ ਨੇ ਦੋਸ਼ ਲਾਇਆ ਕਿ ਵਾਈਸ ਚੇਅਰਮੈਨ ਵੱਲੋਂ ਮੀਟਿੰਗ ਦੌਰਾਨ ਨਾ ਸਹਿਣਯੋਗ ਗੱਲਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਵਾਈਸ ਚੇਅਰਮੈਨ ਵੱਲੋਂ ਕਿਸੇ ਦਬਾਅ ਹੇਠ ਨਿੱਜੀ ਵਿਅਕਤੀ ਨੂੰ ਲਾਭ ਪਹੁੰਚਾਉਣ ਲਈ ਅਜਿਹਾ ਆਡੰਬਰ ਰਚਿਆ ਗਿਆ ਤਾਂ ਜੋ ਮੌਕੇ ’ਤੇ ਬਿਨਾਂ ਕਾਨੂੰਨੀ ਪੱਖ ਘੋਖੇ ਅਤੇ ਤੱਥਾਂ ਦਾ ਨਿਰੀਖਣ ਕੀਤੇ ਬਿਨਾਂ ਮਨਮਰਜ਼ੀ ਦਾ ਫ਼ੈਸਲਾ ਕਰਾਇਆ ਜਾ ਸਕੇ। ਸ੍ਰੀ ਕਾਂਤ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ’ਚ ਬਲਦੇਵ ਸਚਦੇਵਾ, ਕੁਲਵੰਤ ਰਾਏ ਸ਼ਰਮਾ ਅਤੇ ਪਰਮਜੀਤ ਕੁਮਾਰ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਸੂਤਰਾਂ ਨੇ ਕਿਹਾ ਕਿ ਪ੍ਰਬੰਧਕਾਂ ਦਰਮਿਆਨ ਤਣਾਅਪੂਰਨ ਸਬੰਧਾਂ ਕਾਰਨ ਬੋਰਡ ਦੀ ਕਾਰਜਸ਼ੈਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਚੇਅਰਮੈਨ ਮਨੋਹਰ ਕਾਂਤ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਜਦਕਿ ਸੁਖਵਿੰਦਰ ਕੌਰ ਸਰੋਇਆ ਨੇ ਕਿਹਾ ਕਿ ਉਹ ਬੋਰਡ ਦੀ ਪ੍ਰਬੰਧਕੀ ਟੀਮ ਦਾ ਹਿੱਸਾ ਨਹੀਂ ਹੈ। ਇਸ ਲਈ ਮੀਟਿੰਗ ਦੌਰਾਨ ਕੀ ਕੁਝ ਵਾਪਰਿਆ, ਉਸ ਬਾਰੇ ਉਹ ਕੋਈ ਟਿੱਪਣੀ ਨਹੀਂ ਕਰ ਸਕਦੀ। ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਸੰਪਰਕ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

ਖਹਿਰਾ ਨੇ ਬਠਿੰਡਾ ਤੋਂ ਚੋਣ ਲੜਨ ਦਾ ਕੀਤਾ ਐਲਾਨ

ਚੰਡੀਗੜ੍ਹ, ਮਾਰਚ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਸਾਰੀਆਂ ਕਿਆਸਅਰਾਈਆਂ ਨੂੰ ਖ਼ਤਮ ਕਰਦਿਆਂ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੇ ਰਵਾਇਤੀ ਹਲਕੇ ਬਠਿੰਡਾ ਤੋਂ ਚੋਣ ਨਹੀਂ ਲੜਦੀ ਹੈ ਤਾਂ ਵੀ ਉਹ ਬਠਿੰਡਾ ਤੋਂ ਹੀ ਚੋਣ ਲੜਨਗੇ। ਸ੍ਰੀ ਖਹਿਰਾ ਨੇ ਸੰਕੇਤ ਦਿੱਤਾ ਕਿ ਜੇਕਰ ਬੀਬੀ ਬਾਦਲ ਫਿਰੋਜ਼ਪੁਰ ਤੋਂ ਚੋਣ ਲੜੇਗੀ ਤਾਂ ਉਥੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਨੂੰ ਟੱਕਰ ਦੇ ਸਕਦੇ ਹਨ, ਜਿਸ ਬਾਰੇ ਅੰਤਿਮ ਫ਼ੈਸਲਾ ਮੌਕੇ ’ਤੇ ਲਿਆ ਜਾਵੇਗਾ। ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਮੰਚ ਦੇ ਪ੍ਰਧਾਨ ਅਤੇ ਪਟਿਆਲਾ ਤੋਂ ਚੋਣ ਲੜ ਰਹੇ ਡਾਕਟਰ ਧਰਮਵੀਰ ਗਾਂਧੀ ਨੇ ਸ੍ਰੀ ਖਹਿਰਾ ਨੂੰ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਵੱਲੋਂ ਬਠਿੰਡਾ ਦਾ ਉਮੀਦਵਾਰ ਐਲਾਨਦਿਆਂ ਉਨ੍ਹਾਂ ਨੂੰ ਪੰਜਾਬ ਦੇ ਨਿਧੜਕ ਜਰਨੈਲ ਵਜੋਂ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੀਡੀਏ ਨੇ ਆਪਣੇ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਸੰਗਰੂੁਰ ਲੋਕ ਸਭਾ ਹਲਕੇ ਦੇ ਉਮੀਦਵਾਰ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਪੀਡੀਏ ਨੇ ਸੰਗਰੂਰ ਤੋਂ ਚੋਣ ਲੜ ਰਹੇ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਘੇਰਾਬੰਦੀ ਕਰਨ ਦੀ ਰਣਨੀਤੀ ਬਣਾਈ ਹੈ ਅਤੇ ਇਸ ਲਈ ਕਿਸੇ ਮਜ਼ਬੂਤ ਉਮੀਦਵਾਰ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਸਟੇਜ ਉਪਰ ਕੇਵਲ ਇੱਕ ਵਿਧਾਇਕ ਮਾਸਟਰ ਬਲਦੇਵ ਸਿੰਘ ਹੀ ਉਨ੍ਹਾਂ ਨਾਲ ਬੈਠੇ ਸਨ। ਭਾਵੇਂ ਪ੍ਰੈੱਸ ਕਾਨਫਰੰਸ ਵਿਚ ‘ਆਪ’ ਦੇ ਬਾਗ਼ੀ ਧੜੇ ਦੇ ਤਿੰਨ ਵਿਧਾਇਕ ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ ਅਤੇ ਪਿਰਮਲ ਸਿੰਘ ਖਾਲਸਾ ਵੀ ਪੁੱਜੇ ਹੋਏ ਸਨ ਪਰ ਇੰਜ ਜਾਪਦਾ ਸੀ ਕਿ ਉਹ ਰਸਮੀ ਹਾਜ਼ਰੀ ਲਵਾਉਣ ਆਏ ਸਨ। ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਉਨ੍ਹਾਂ ਬਾਰੇ ਗੁੰਮਰਾਹਕੁਨ ਪ੍ਰਚਾਰ ਕਰਕੇ ਆਖ ਰਿਹਾ ਹੈ ਕਿ ਉਹ (ਖਹਿਰਾ) ਬਠਿੰਡਾ ਤੋਂ ਬੀਬੀ ਬਾਦਲ ਨੂੰ ਜਿਤਾਉਣ ਲਈ ਚੋਣ ਲੜ ਰਹੇ ਹਨ। ਉਨ੍ਹਾਂ ਸ੍ਰੀ ਮਾਨ ਨੂੰ ਸਵਾਲ ਕੀਤਾ ਕਿ ਕੀ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਜਲਾਲਾਬਾਦ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਜਿਤਾਉਣ ਲਈ ਉਨ੍ਹਾਂ ਖਿਲਾਫ਼ ਚੋਣ ਲੜੇ ਸਨ। ਸ੍ਰੀ ਖਹਿਰਾ ਨੇ ਬੀਬੀ ਬਾਦਲ ਉਪਰ ਵਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਅੱਜ ਆਰਐਸਐਸ ਦੀ ਕਠਪੁਤਲੀ ਬਣ ਚੁੱਕਾ ਹੈ ਅਤੇ ਉਨ੍ਹਾਂ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਬਚਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਤਿਆਰ ਕੀਤਾ ਚੋਣ ਮਨੋਰਥ ਪੱਤਰ ਲੋਕਾਂ ਨਾਲ ਧੋਖਾ ਸਾਬਤ ਹੋਇਆ ਹੈ। ਉਨ੍ਹਾਂ ਬੀਬੀ ਬਾਦਲ ਅਤੇ ਮਨਪ੍ਰੀਤ ਬਾਦਲ ਨੂੰ ਪੰਜਾਬ ਦੇ ਮੁੱਦਿਆਂ ਉਪਰ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਪਿੰਡ ਬਾਦਲ ਤਕ ਚਾਰ ਮਾਰਗੀ ਅਤੇ ਸੁਖਬੀਰ ਬਾਦਲ ਦੇ ਨਿਊ ਚੰਡੀਗੜ੍ਹ ਵਿਚਲੇ ਹੋਟਲ ਤਕ 6 ਮਾਰਗੀ ਸੜਕ ਹੀ ਬਣਾਈ ਜਦਕਿ ਹੋਰ ਕੋਈ ਵਿਕਾਸ ਨਹੀਂ ਹੋਇਆ।

ਜੇ ਹਰਸਿਮਰਤ ਨੇ ਬਠਿੰਡਾ ਛੱਡਿਆ ਤਾਂ ਚੋਣ ਨਹੀਂ ਲੜਾਂਗਾ: ਖਹਿਰਾ

ਜਲੰਧਰ,  ਮਾਰਚ ਪੰਜਾਬ ਏਕਤਾ ਪਾਰਟੀ ਦੇ ਆਗੂ ਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਪੱਸ਼ਟ ਕੀਤਾ ਕਿ ਜੇ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜੇਗੀ ਤਾਂ ਹੀ ਉਸ ਵਿਰੁੱਧ ਚੋਣ ਲੜਨਗੇ। ਜੇਕਰ ਉਹ ਆਪਣਾ ਹਲਕਾ ਛੱਡ ਕੇ ਫਿਰੋਜ਼ਪੁਰ ਤੋਂ ਚੋਣ ਲੜਦੀ ਹੈ ਤਾਂ ਫਿਰ ਉਹ ਚੋਣ ਨਹੀਂ ਲੜਨਗੇ। ਉਹ ਅੱਜ ਇਥੇ ਕੋਟਕਪੂਰਾ ਦੇ ਵਪਾਰੀ ਅਸ਼ਵਨੀ ਪਠੇਜਾ ਨੂੰ ਪੰਜਾਬ ਏਕਤਾ ਪਾਰਟੀ ਦੇ ਵਪਾਰ ਵਿੰਗ ਦਾ ਪ੍ਰਧਾਨ ਨਿਯੁਕਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸੁਖਪਾਲ ਖਹਿਰਾ ਨੇ ਕਿਹਾ ਕਿ ਬਠਿੰਡੇ ਤੋਂ ਭੱਜ ਕੇ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ਚੋਣ ਲੜਦੀ ਹੈ ਤਾਂ ਉਹ ਮੁਕਾਬਲਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਫਿਰੋਜ਼ਪੁਰ ਤੋਂ ਚੋਣ ਲੜਨਾ ਹੀ ਇਕ ਤਰ੍ਹਾਂ ਨਾਲ ਹਾਰ ਸਮਝਿਆ ਜਾਵੇਗਾ। ਬਠਿੰਡਾ ਲੋਕ ਸਭਾ ਹਲਕੇ ਵਿਚ ਉਸ ਨੇ ਕਰੋੜਾਂ ਦੀਆਂ ਗਰਾਂਟਾਂ ਵੰਡੀਆਂ ਤੇ ਵਿਕਾਸ ਦੇ ਦਾਅਵੇ ਕੀਤੇ ਹਨ ਪਰ ਲੋਕਾਂ ਦੀ ਨਾਰਾਜ਼ਗੀ ਕਰਕੇ ਉਹ ਅੰਦਰੋਂ ਅੰਦਰੀ ਬਠਿੰਡਾ ਤੋਂ ਭੱਜਣ ਦੀ ਤਿਆਰੀ ਕਰੀ ਬੈਠੀ ਹੈ। ਅਜਿਹੇ ਵਿਚ ਉਹ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨਗੇ ਜੋ ਬੀਬੀ ਜਗੀਰ ਕੌਰ ਦੇ ਮੁਕਾਬਲੇ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਫਰੀਦਕੋਟ ਹਲਕੇ ਤੋਂ ਵਿਧਾਇਕ ਬਲਦੇਵ ਸਿੰਘ ਲਈ ਵੀ ਚੋਣ ਪ੍ਰਚਾਰ ਕਰਨਗੇ।
ਪੰਜਾਬ ਡੈਮੋਕਰੈਟਿਕ ਗੱਠਜੋੜ ਨੇ 13 ਵਿਚੋਂ 12 ਸੀਟਾਂ ਦੀ ਵੰਡ ਭਾਈਵਾਲ ਪਾਰਟੀਆਂ ’ਚ ਕਰ ਲਈ ਹੈ ਪਰ ਸੰਗਰੂਰ ਲੋਕ ਸਭਾ ਸੀਟ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ। ਸ੍ਰੀ ਖਹਿਰਾ ਨੇ ਸੰਗਰੂਰ ਸੀਟ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਤੇ ਆਪ ਵਿਚ ਗੱਠਜੋੜ ਹੋਣ ਦੀ ਗੱਲ ਚੱਲ ਰਹੀ ਹੈ। ਜੇਕਰ ਇਥੇ ਕਾਂਗਰਸ ਨਾਲ ਆਪ ਦਾ ਗੱਠਜੋੜ ਸਿਰੇ ਚੜ੍ਹਦਾ ਹੈ ਤਾਂ ਸੰਗਰੂਰ ਤੋਂ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਚੋਣ ਲੜ ਸਕਦੇ ਹਨ ਤੇ ਲੁਧਿਆਣੇ ਤੋਂ ਕਿਸੇ ਹੋਰ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਕਹੇ ਜਾਂਦੇ ਬੱਬੀ ਬਾਦਲ ਵੱਲੋਂ ਟਕਸਾਲੀ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਟਿੱਪਣੀ ਕਰਦਿਆਂ ਖਹਿਰਾ ਨੇ ਕਿਹਾ ਕਿ ਇਸ ਨਾਲ ਟਕਸਾਲੀਆਂ ਨੂੰ ਕੋਈ ਵੀ ਫਾਇਦਾ ਨਹੀਂ ਹੋਵੇਗਾ ਕਿਉਂਕਿ ਪੰਜਾਬ ਦੇ ਲੋਕ ‘ਬਾਦਲ’ ਨਾਂ ਤੋਂ ਹੀ ਨਫਰਤ ਕਰਦੇ ਹਨ।

ਟਕਸਾਲੀ ਕਹਾਉਣ ਵਾਲਿਆਂ ਨੂੰ ਅਕਾਲੀ ਦਲ ਨੇ ਦਿੱਤੀ ਪਛਾਣ: ਗਾਬੜੀਆ

ਬਸੀ ਪਠਾਣਾਂ, ਮਾਰਚ ਲੋਕ ਸਭਾ ਚੌਣਾਂ ਦੌਰਾਨ ਅਕਾਲੀ ਦਲ ਦੀ ਜਿੱਤ ’ਚ ਪਾਰਟੀ ਦਾ ਬੀਸੀ ਵਿੰਗ ਅਹਿਮ ਰੋਲ ਅਦਾ ਕਰੇਗਾ ਅਤੇ ਪਾਰਟੀ ਪੰਜਾਬ ਦੀਆਂ 13 ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕਰਕੇ ਇਤਿਹਾਸ ਸਿਰਜੇਗੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਿਨੇਟ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਬਸੀ ਪਠਾਣਾਂ ਵਿਚ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ, ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਚਰਨਾਰਥਲ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾਂ, ਅਜੇ ਲਿਬੜਾ ਦੀ ਹਾਜ਼ਰੀ ਵਿੱਚ ਮਾਡਰਨ ਰਿਜ਼ਾਰਟ ਵਿਚ ਰੈਲੀ ਦਾ ਰੂਪ ਧਾਰਨ ਕਰ ਚੁੱਕੀ ਮੀਟਿੰਗ ਨੂੰ ਸੰਬੋਧਨ ਦੌਰਾਨ ਕੀਤਾ।
ਗਾਬੜੀਆ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵਿੱਚ ਮੁੱਖ ਮੰਤਰੀ ਬਾਦਲ ਨੇ 70 ਸਰਕਾਰੀ ਸਹੂਲਤਾਂ ਲੋਕਾਂ ਨੂੰ ਦਿੱਤੀਆਂ, ਜਿਹੜੀ ਕੈਪਟਨ ਸਰਕਾਰ ਨੇ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਟਕਸਾਲੀ ਕਹਾਉਣ ਵਾਲੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹੀ ਪਛਾਣ ਦਿੱਤੀ ਹੈ।
ਉਨ੍ਹਾਂ ਪਾਰਟੀ ਅੁਹਦੇਦਾਰਾਂ ਅਤੇ ਵਰਕਰਾਂ ਨੂੰ ਆਪਸੀ ਭਾਈਚਾਰੇ ਨਾਲ ਲੋਕਸਭਾਂ ਚੌਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਨੂੰ ਮਜ਼ਬੂਤੀ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਲੋਕਸਭਾ ਚੌਣਾਂ ਵਿੱਚ ਸਾਰੇ ਬੀਸੀ ਭਾਈਚਾਰੇ ਨੂੰ ਅਕਾਲੀ-ਭਾਜਪਾ ਉਮੀਦਵਾਰਾਂ ਦੀ ਜਿੱਤ ਪੱਕੀ ਕਰਦੇ ਹੋਏ ਕਾਂਗਰਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ।

ਸਪੀਕਰ ਵੱਲੋਂ ਖਹਿਰਾ ਨੂੰ ਅਸਤੀਫ਼ੇ ਬਾਰੇ ਨੋਟਿਸ ਜਾਰੀ

ਚੰਡੀਗੜ੍ਹ,  ਮਾਰਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਅਸਤੀਫ਼ੇ ਸਬੰਧੀ ਨੋਟਿਸ ਜਾਰੀ ਕਰ ਕੇ 20 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਸੂਤਰਾਂ ਅਨੁਸਾਰ ਇਹ ਨੋਟਿਸ 11 ਮਾਰਚ ਨੂੰ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ੍ਰੀ ਖਹਿਰਾ ਨੇ 6 ਜਨਵਰੀ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਪੀਕਰ ਨੂੰ ਪੱਤਰ ਦੇ ਕੇ ਕਿਹਾ ਸੀ ਕਿ ਸ੍ਰੀ ਖਹਿਰਾ ‘ਆਪ’ ਦੀ ਟਿਕਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਹਨ ਪਰ ਹੁਣ ਉਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਆਪਣੀ ਨਵੀਂ ਪਾਰਟੀ ਬਣਾ ਲਈ ਹੈ, ਜਿਸ ਕਾਰਨ ਹੁਣ ਉਨ੍ਹਾਂ ਨੂੰ ਨੈਤਿਕ ਤੌਰ ’ਤੇ ਵਿਧਾਇਕ ਦੇ ਅਹੁਦੇ ਉੱਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਮੰਗ ਕੀਤੀ ਸੀ ਕਿ ਸ੍ਰੀ ਖਹਿਰਾ ਦੀ ਵਿਧਾਨ ਸਭਾ ਮੈਂਬਰੀ ਖ਼ਤਮ ਕੀਤੀ ਜਾਵੇ। ਇਸ ਸਬੰਧ ਵਿੱਚ ਸਪੀਕਰ ਵੱਲੋਂ ਪਹਿਲਾਂ ਵੀ ਸ੍ਰੀ ਖਹਿਰਾ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਪਰ ਉਨ੍ਹਾਂ ਨੇ ਲਏ ਨਹੀਂ ਸਨ, ਜਿਸ ਕਾਰਨ ਸਪੀਕਰ ਨੇ ਜਨਤਕ ਨੋਟਿਸ ਦੇਣ ਦਾ ਐਲਾਨ ਕੀਤਾ ਸੀ। ਉਪਰੰਤ ਬੀਤੇ ਦਿਨੀਂ ਸ੍ਰੀ ਖਹਿਰਾ ਖੁ਼ਦ ਵਿਧਾਨ ਸਭਾ ਪਹੁੰਚੇ ਸਨ ਅਤੇ ਹੁਣ ਉਨ੍ਹਾਂ ਨੂੰ ਮੁੜ ਤੋਂ ਨੋਟਿਸ ਜਾਰੀ ਕੀਤਾ ਗਿਆ ਹੈ।

ਬੱਬੀ ਬਾਦਲ ਵੱਲੋਂ ਸੁਖਬੀਰ ਨੂੰ ਝਟਕਾ

ਚੰਡੀਗੜ੍ਹ,  ਮਾਰਚ ਬਾਦਲ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਪਿਛਲੇ 25 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਕਈ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਰਸੁਖਇੰਦਰ ਸਿੰਘ ਉਰਫ਼ ਬੱਬੀ ਬਾਦਲ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋ ਗਏ ਹਨ। ਇਸ ਸਿਆਸੀ ਘਟਨਾਕ੍ਰਮ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਾਰੀ ਝਟਕਾ ਲੱਗਾ ਹੈ।
ਟਕਸਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਬੱਬੀ ਬਾਦਲ ਦੇ ਪਾਰਟੀ ਵਿਚ ਸ਼ਾਮਲ ਹੁੰਦਿਆਂ ਹੀ ਉਸ ਨੂੰ ਪਾਰਟੀ ਦੇ ਯੂਥ ਵਿੰਗ ਦਾ ਪ੍ਰਧਾਨ ਬਣਾ ਕੇ ਬਾਦਲ ਪਰਿਵਾਰ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਸ ਤੋਂ ਸੰਕੇਤ ਮਿਲੇ ਹਨ ਕਿ ਜਿਵੇਂ ਕਾਂਗਰਸ ‘ਘਰ ਦੇ ਭੇਤੀ’ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਮੇਂ-ਸਮੇਂ ਬਾਦਲਾਂ ਉਪਰ ਨਿੱਜੀ ਹਮਲੇ ਕਰਨ ਲਈ ਵਰਤਦੀ ਆ ਰਹੀ ਹੈ, ਉਸੇ ਤਰ੍ਹਾਂ ਟਕਸਾਲੀ ਵੀ ਹੁਣ ਬੱਬੀ ਬਾਦਲ ਦੀ ਬਾਦਲਾਂ ਖ਼ਿਲਾਫ਼ ਵਰਤੋਂ ਕਰਨਗੇ। ਅੱਜ ਇਥੇ ਪ੍ਰੈੱਸ ਕਲੱਬ ਵਿਚ ਬੱਬੀ ਬਾਦਲ ਨੇ ਸ੍ਰੀ ਬ੍ਰਹਮਪੁਰਾ, ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਸੀਨੀਅਰ ਮੀਤ ਪ੍ਰਧਾਨ ਤੇ ਆਨੰਦਪੁਰ ਸਾਹਿਬ ਹਲਕੇ ਦੇ ਉਮੀਦਵਾਰ ਬੀਰਦਵਿੰਦਰ ਸਿੰਘ, ਸਕੱਤਰ ਜਨਰਲ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਜਨਰਲ ਸਕੱਤਰ ਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ, ਚੰਡੀਗੜ੍ਹ ਦੇ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ ਅਤੇ ਉਜਾਗਰ ਸਿੰਘ ਵਡਾਲੀ ਦੀ ਹਾਜ਼ਰੀ ’ਚ ਟਕਸਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਬਾਦਲ ਦਲ ਵਿਚ ਉਸ ਨੇ 25 ਸਾਲ ਤਕ ਕਈ ਅਹਿਮ ਅਹੁਦਿਆਂ ਉਪਰ ਜ਼ਿਮੇਵਾਰੀਆਂ ਨਿਭਾਈਆਂ ਹਨ ਪਰ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦਾ ਉਥੇ ਦਮ ਘੁਟ ਰਿਹਾ ਸੀ।
ਉਨ੍ਹਾਂ ਕਿਹਾ ਕਿ ਰਿਸ਼ਤੇਦਾਰੀ ਦੀਆਂ ਤੰਦਾਂ ਨੂੰ ਤੋੜਨਾ ਸੌਖਾ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਫ਼ੈਸਲਾ ਲੈਣ ਵਿਚ ਲੰਮਾ ਸਮਾਂ ਲੱਗ ਗਿਆ ਹੈ। ਉਨ੍ਹਾਂ ਕਿਹਾ,‘‘ਜਦੋਂ ਤੋਂ ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਉਪਰ ਭਾਰੂ ਹੋਇਆ ਹੈ, ਬਾਦਲ ਦਲ ਵਿਚ ਕਦਰਾਂ-ਕੀਮਤਾਂ ਤੇ ਰਵਾਇਤਾਂ ਦਾ ਘਾਣ ਹੋ ਰਿਹਾ ਹੈ। ਸ੍ਰੀ ਮਜੀਠੀਆ ਨੂੰ ਸਾਰੇ ਅਹੁਦੇ ਤਿਆਗ ਕੇ ਪਹਿਲਾਂ ਡਰੱਗ ਦੇ ਮਾਮਲੇ ਵਿਚ ਕਲੀਨ ਚਿੱਟ ਲਿਆਉਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਹੁਣ ਬਾਦਲਾਂ ਨੇ ਬੇਅਦਬੀਆਂ ਦੇ ਮਾਮਲੇ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਬਾਈਕਾਟ ਕਰਨ ਦਾ ਫ਼ੈਸਲਾ ਲੈ ਕੇ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਮਝਣ ਦੀ ਭੁੱਲ ਕੀਤੀ ਹੈ। ਬੱਬੀ ਬਾਦਲ ਨੇ ਕਿਹਾ ਕਿ ਉਹ ਕੱਲ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲ ਕੇ ਆਖਰੀ ਫਤਿਹ ਬੁਲਾ ਆਏ ਹਨ। ਇਸ ਮੌਕੇ ਸ੍ਰੀ ਬ੍ਰਹਮਪੁਰਾ ਨੇ ਕਿਹਾ ਕਿ ਬੱਬੀ ਬਾਦਲ ਦੇ ਟਕਸਾਲੀ ਦਲ ਵਿਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਵੱਡੀ ਤਾਕਤ ਮਿਲੀ ਹੈ ਕਿਉਂਕਿ ਕਿਸੇ ਵੇਲੇ ਬੱਬੀ ਬਾਦਲ ਨੂੰ ਸੁਖਬੀਰ ਬਾਦਲ ਦੀ ਸੱਜੀ ਬਾਂਹ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਬਾਦਲ ਦਲ ਪੂਰੀ ਤਰ੍ਹਾਂ ਨਾਲ ਗਰਕ ਚੁੱਕਾ ਹੈ ਕਿਉਂਕਿ ਖਡੂਰ ਸਾਹਿਬ ਵਿਚ ਕੀਤੇ ਗਏ ਇਕੱਠ ਲਈ ਲੰਗਰ ਸ੍ਰੀ ਹਰਿਮੰਦਰ ਸਾਹਿਬ ਤੋਂ ਮੰਗਵਾਇਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਥੇ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਵਿਰਸਾ ਸਿੰਘ ਵਲਟੋਹਾ ਆਦਿ ਦੀ ਹਾਜ਼ਰੀ ਵਿਚ ਸ਼ਰਾਬ ਵੀ ਵਰਤਾਈ ਗਈ। ਸ੍ਰੀ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਭਤੀਜੇ ਵੱਲੋਂ ਬਾਦਲ ਦਲ ਵਿਚ ਸ਼ਾਮਲ ਹੋਣ ਦਾ ਨਾਟਕ ਵੀ ਝੂਠਾ ਹੈ ਅਤੇ ਜਿਹੜਾ ਨੌਜਵਾਨ ਸ਼ਾਮਲ ਹੋਇਆ ਹੈ, ਉਹ ਨਾਲ ਦੇ ਪਿੰਡ ਦਾ ਹੈ। ਸੂਤਰਾਂ ਮੁਤਾਬਕ ਬਾਦਲ ਦਲ ਦਾ ਮੁਹਾਲੀ ਤੋਂ ਇਕ ਹੋਰ ਆਗੂ ਛੇਤੀ ਟਕਸਾਲੀਆਂ ਨਾਲ ਹੱਥ ਮਿਲਾ ਸਕਦਾ ਹੈ।

ਰੂਸ ਦੇ ਫ਼ੌਜੀ ਜਰਨੈਲ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, ਮਾਰਚ ਰੂਸ ਦੀ ਥਲ ਸੈਨਾ ਦੇ ਮੁਖੀ ਜਨਰਲ ਓਲਿਗ ਲਿਉਨੀਡੋਵਿਚ ਸੈਲਿਯੂਕੋਵ ਨੇ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਥੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਖ਼ੁਸ਼ੀ ਪ੍ਰਾਪਤ ਹੋਈ ਹੈ। ਰੂਸ ਦੇ ਫ਼ੌਜ ਮੁਖੀ ਦਾ ਇੱਥੇ ਪੁੱਜਣ ’ਤੇ ਸ਼੍ਰੋਮਣੀ ਕਮੇਟੀ ਵਲੋਂ ਸਵਾਗਤ ਕੀਤਾ ਗਿਆ। ਇਹ ਪਹਿਲੀ ਵਾਰ ਹੈ ਕਿ ਰੂਸ ਦੀ ਫ਼ੌਜ ਦੇ ਮੁਖੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਹਨ। ਪਰਿਕਰਮਾ ਕਰਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਸਿੱਖ ਕੌਮ ਦੇ ਇਸ ਅਹਿਮ ਧਾਰਮਿਕ ਅਸਥਾਨ ਦੇ ਇਤਿਹਾਸ, ਰਵਾਇਤਾਂ ਅਤੇ ਲੰਗਰ ਪ੍ਰੰਪਰਾ ਸਬੰਧੀ ਜਾਣਕਾਰੀ ਦਿੱਤੀ। ਫ਼ੌਜ ਮੁਖੀ ਨੇ ਸਿੱਖ ਇਤਿਹਾਸ ਅਤੇ ਲੰਗਰ ਪ੍ਰਥਾ ਬਾਰੇ ਵਿਸ਼ੇਸ਼ ਰੁਚੀ ਦਿਖਾਈ। ਉਹ ਇਹ ਜਾਣ ਕੇ ਪ੍ਰਭਾਵਿਤ ਹੋਏ ਕਿ ਗੁਰੂ ਰਾਮਦਾਸ ਲੰਗਰ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਸ਼ਰਧਾਲੂ ਬਿਨਾ ਭੇਦ-ਭਾਵ ਦੇ ਪ੍ਰਸ਼ਾਦਾ ਛਕਦੇ ਹਨ। ਉਨ੍ਹਾਂ ਨਤਮਸਤਕ ਹੋਣ ਸਮੇਂ ਕੜਾਹ ਪ੍ਰਸ਼ਾਦ ਦੀ ਦੇਗ ਵੀ ਕਰਵਾਈ।
ਇਸ ਉਪਰੰਤ ਸੂਚਨਾ ਕੇਂਦਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਧਾਰਮਿਕ ਅਸਥਾਨ ’ਤੇ ਆ ਕੇ ਉਨ੍ਹਾਂ ਨੂੰ ਮਾਨਸਿਕ ਸ਼ਾਂਤੀ ਪ੍ਰਾਪਤ ਹੋਈ ਹੈ, ਉਨ੍ਹਾਂ ਨੂੰ ਇਥੋਂ ਦਾ ਸ਼ਾਂਤਮਈ ਵਾਤਾਵਰਨ ਚੰਗਾ ਲੱਗਿਆ ਹੈ। ਇਸ ਮੌਕੇ ਜਨਰਲ ਓਲਿਗ ਸੈਲਿਯੂਕੋਵ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਵੱਲੋਂ ਸਿਰੋਪਾਓ, ਸੱਚਖੰਡ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਆ ਗਿਆ। ਉਨ੍ਹਾਂ ਯਾਤਰੂ ਕਿਤਾਬ ਵਿਚ ਆਪਣੀਆਂ ਭਾਵਨਾਵਾਂ ਵੀ ਦਰਜ ਕੀਤੀਆਂ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਸਵਾਗਤ ਅਤੇ ਸਨਮਾਨ ਲਈ ਧੰਨਵਾਦ ਵੀ ਕੀਤਾ।

ਖਪਤਕਾਰ ਫੋਰਮ ਵੱਲੋਂ ਜੈੱਟ ਏਅਰਵੇਜ਼ ਕੰਪਨੀ ਨੂੰ ਜੁਰਮਾਨਾ

ਹੁਸ਼ਿਆਰਪੁਰ, ਮਾਰਚ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਖਪਤਕਾਰ ਦੀ ਸ਼ਿਕਾਇਤ ’ਤੇ ਜੈੱਟ ਏਅਰਵੇਜ਼ ਕੰਪਨੀ ਨੂੰ 55 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਸਥਾਨਕ ਟਿੱਬਾ ਸਾਹਿਬ ਦੀ ਵਸਨੀਕ ਆਇਮਨ ਸੈਣੀ ਨੇ ਆਪਣੇ ਪਿਤਾ ਅਤੇ ਵਕੀਲ ਐਚਐਸ ਸੈਣੀ ਰਾਹੀਂ ਸ਼ਿਕਾਇਤ ਦਰਜ ਕਰਵਾਈ ਸੀ ਕਿ 17 ਦਸੰਬਰ 2017 ਨੂੰ ਕੈਨੇਡਾ ਤੋਂ ਨਵੀਂ ਦਿੱਲੀ ਵਾਪਸ ਆਉਂਦਿਆਂ ਉਸ ਨੇ ਆਪਣੇ ਸਾਮਾਨ ਦੇ ਦੋ ਸੂਟਕੇਸ ਏਅਰਲਾਈਨਜ਼ ਕੋਲ ਜਮ੍ਹਾਂ ਕਰਵਾਏ ਸਨ ਪਰ ਅਗਲੇ ਦਿਨ ਜਦੋਂ ਉਹ ਦਿੱਲੀ ਏਅਰਪੋਰਟ ਪੁੱਜੀ ਤਾਂ ਉਸ ਨੂੰ ਇਕ ਸੂਟਕੇਸ ਮਿਲਿਆ। ਉਸ ਵਲੋਂ ਤੁਰੰਤ ਗੁੰਮਸ਼ੁਦਾ/ਡੈਮੇਜ ਰਿਪੋਰਟ ਲਿਖਵਾਈ ਗਈ। ਉਸ ਨੂੰ ਦੱਸਿਆ ਗਿਆ ਕਿ ਜਦੋਂ ਵੀ ਸਾਮਾਨ ਮਿਲਿਆ, ਉਸ ਦੇ ਘਰ ਪਹੁੰਚਾ ਦਿੱਤਾ ਜਾਵੇਗਾ।
21 ਦਸੰਬਰ ਨੂੰ ਉਸ ਨੂੰ ਟੈਲੀਫ਼ੋਨ ਰਾਹੀਂ ਸੂਚਿਤ ਕੀਤਾ ਗਿਆ ਕਿ ਉਸ ਦਾ ਸਾਮਾਨ ਮਿਲ ਗਿਆ ਹੈ, ਜੋ ਉਸ ਦੇ ਘਰ ਲਿਆਂਦਾ ਜਾ ਰਿਹਾ ਹੈ ਪਰ ਜੋ ਸੂਟਕੇਸ ਉਸ ਨੂੰ ਪੁੱਜਦਾ ਕੀਤਾ ਗਿਆ, ਉਹ ਫਟਿਆ ਹੋਇਆ ਸੀ ਅਤੇ ਉਸ ਵਿਚੋਂ ਕਾਫ਼ੀ ਕੀਮਤੀ ਸਾਮਾਨ ਗਾਇਬ ਸੀ। ਖਪਤਕਾਰ ਫ਼ੋਰਮ ਦੇ ਪ੍ਰਧਾਨ ਕਰਨੈਲ ਸਿੰਘ ਨੇ ਸ਼ਿਕਾਇਤ ਦਾ ਨਿਪਟਾਰਾ ਕਰਦਿਆਂ ਜੈਟ ਏਅਰਵੇਜ਼ ਨੂੰ ਗੁੰਮ ਸਾਮਾਨ ਦਾ 35 ਹਜ਼ਾਰ ਰੁਪਏ ਮੁਆਵਜ਼ਾ ਅਤੇ ਖਪਤਕਾਰ ਵਲੋਂ ਉਠਾਈ ਪ੍ਰੇਸ਼ਾਨੀ ਦੇ ਏਵਜ਼ ਵਿਚ 20 ਹਜ਼ਾਰ ਰੁਪਏ ਦੇਣ ਦਾ ਹੁਕਮ ਸੁਣਾਇਆ। ਇਸ ਦੇ ਨਾਲ ਹੀ ਫੋਰਮ ਨੇ ਸ਼ਿਕਾਇਤਕਰਤਾ ਨੂੰ ਮਹੀਨੇ ਦੇ ਅੰਦਰ-ਅੰਦਰ 5 ਹਜ਼ਾਰ ਰੁਪਏ ਕਾਨੂੰਨੀ ਖਰਚੇ ਵਜੋਂ ਦੇਣ ਦਾ ਵੀ ਹੁਕਮ ਦਿੱਤਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਸ਼ਿਕਾਇਤਕਰਤਾ ਨੂੰ ਮੁਆਵਜ਼ੇ ਦੀ ਪੂਰੀ ਰਕਮ ’ਤੇ 9 ਫ਼ੀਸਦੀ ਵਿਆਜ ਦੇਣਾ ਪਵੇਗਾ।

ਭ੍ਰਿਸ਼ਟਾਚਾਰ ਮਾਮਲੇ ’ਚ ਥਾਣਾ ਮੁਖੀ ਤੇ ਰੀਡਰ ਮੁਅੱਤਲ

ਐਸ.ਏ.ਐਸ. ਨਗਰ (ਮੁਹਾਲੀ),  ਮਾਰਚ ਮੁਹਾਲੀ ਦੇ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਥਾਣਾ ਫੇਜ਼-1 ਦੇ ਐੱਸਐੱਚਓ ਜਸਵੀਰ ਸਿੰਘ ਅਤੇ ਉਨ੍ਹਾਂ ਦੇ ਰੀਡਰ ਹੌਲਦਾਰ ਰਾਜ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੰਗਲਵਾਰ ਕਰੀਬ ਅੱਧੀ ਰਾਤ ਨੂੰ ਥਾਣੇ ਵਿੱਚ ਛਾਪਾ ਮਾਰ ਕੇ ਐੱਸਐੱਚਓ ਅਤੇ ਰੀਡਰ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਥਾਣਾ ਮੁਖੀ ਜਸਵੀਰ ਸਿੰਘ ਅਤੇ ਰੀਡਰ ਨੂੰ ਬੁੱਧਵਾਰ ਨੂੰ ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਵਿਜੀਲੈਂਸ ਬਿਊਰੋ ਦੇ ਐੱਸਐੱਸਪੀ ਗੌਤਮ ਸਿੰਗਲ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਫੇਜ਼-1 ਦੀ ਪੁਲੀਸ ਨੇ ਪਿੰਡ ਬੜਮਾਜਰਾ ਤੋਂ ਇੱਕ ਨੌਜਵਾਨ ਗੌਰਵ ਕੁਮਾਰ ਨੂੰ ਸਨੈਚਿੰਗ ਦੇ ਕੇਸ ਵਿੱਚ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ ਪਰ ਪੁੱਛਗਿੱਛ ਅਤੇ ਤਲਾਸ਼ੀ ਦੌਰਾਨ ਪੁਲੀਸ ਨੂੰ ਗੌਰਵ ਕੋਲੋਂ ਕੁਝ ਬਰਾਮਦ ਨਹੀਂ ਹੋਇਆ। ਗੌਰਵ ਦੇ ਪਿਤਾ ਦੇਵਰਾਜ ਰਾਜ ਮਿਸਤਰੀ ਅਤੇ ਭਰਾ ਬੰਟੀ ਨੇ ਗੌਰਵ ਨੂੰ ਛੱਡਣ ਲਈ ਪੁਲੀਸ ਨੂੰ ਅਪੀਲ ਕੀਤੀ ਤਾਂ ਥਾਣਾ ਮੁਖੀ ਜਸਵੀਰ ਸਿੰਘ ਅਤੇ ਉਨ੍ਹਾਂ ਦੇ ਰੀਡਰ ਨੇ ਹਿਰਾਸਤ ਵਿੱਚ ਲਏ ਨੌਜਵਾਨ ਨੂੰ ਰਿਹਾਅ ਕਰਨ ਲਈ 70 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਅਤੇ ਬਾਅਦ ਵਿੱਚ 30 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਇਸ ਸਬੰਧੀ ਪੀੜਤ ਨੇ ਵਿਜੀਲੈਂਸ ਬਿਊਰੋ ਦਾ ਬੂਹਾ ਖੜਕਾਇਆ ਅਤੇ ਵਿਜੀਲੈਂਸ ਦੀ ਟੀਮ ਨੇ ਲੰਘੀ ਰਾਤ ਕਰੀਬ ਅੱਧੀ ਰਾਤ ਥਾਣਾ ਮੁਖੀ ਜਸਵੀਰ ਸਿੰਘ ਅਤੇ ਉਨ੍ਹਾਂ ਦੇ ਰੀਡਰ ਰਾਜ ਕੁਮਾਰ ਨੂੰ 30 ਹਜ਼ਾਰ ਰੁਪਏ ਲੈਂਦੇ ਹੋਏ ਰੰਗੇ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਭੁੱਲਰ ਨੇ ਥਾਣਾ ਮੁਖੀ ਅਤੇ ਰੀਡਰ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵਾਂ ਦੇ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਹੱਤਿਆ ਮਾਮਲਾ: ਦੋ ਵਿਦਿਆਰਥੀ ਪਿਸਤੌਲਾਂ ਸਣੇ ਕਾਬੂ

ਚੰਡੀਗੜ੍ਹ, ਮਾਰਚ ਚੰਡੀਗੜ੍ਹ ਪੁਲੀਸ ਨੇ ਸੈਕਟਰ-49 ਵਿਚ 6 ਮਾਰਚ ਨੂੰ ਡੀਏਵੀ ਕਾਲਜ ਸੈਕਟਰ-10 ਦੇ ਸਾਬਕਾ ਵਿਦਿਆਰਥੀ ਆਗੂ ਦੀ ਹੱਤਿਆ ਦੇ ਦੋਸ਼ ਤਹਿਤ ਦੋ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਪਿਸਤੌਲਾਂ ਤੇ ਇਕ ਕਾਰਤੂਸ ਬਰਾਮਦ ਕੀਤਾ ਹੈ। ਐੱਸਐੱਸਪੀ ਚੰਡੀਗੜ੍ਹ ਨੀਲਾਬਰੀ ਜਗਦਲੇ, ਐੱਸਪੀ ਸਿਟੀ ਨਿਹਾਰਿਕਾ ਭੱਟ ਅਤੇ ਏਐੱਸਪੀ ਨੇਹਾ ਯਾਦਵ ਨੇ ਅੱਜ ਪੁਲੀਸ ਹੈਡਕੁਆਰਟਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਡੀਏਵੀ ਕਾਲਜ ਦੇ ਜੀਂਦ ਨਾਲ ਸਬੰਧਤ ਵਿਦਿਆਰਥੀ ਸੁਦੀਪ ਪਹਿਲ (22) ਅਤੇ ਸੋਨੀਪਤ ਨਾਲ ਸਬੰਧਤ ਨਵੀਨ ਸ਼ਹਿਰਾਵਤ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਫੜਣ ਲਈ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ 20 ਥਾਵਾਂ ’ਤੇ ਛਾਪੇ ਮਾਰੇ ਗਏ ਸਨ। ਦੱਸਣਯੋਗ ਹੈ ਕਿ ਪੁਲੀਸ ਇਸ ਤੋਂ ਪਹਿਲਾਂ ਇਸ ਕਤਲ ਦੇ ਸਬੰਧ ਵਿਚ ਪੰਜ ਨੌਜਵਾਨਾਂ ਰਾਹੁਲ ਮੰਡਾ, ਰਮਦੀਪ ਸ਼ਿਓਕੰਦ, ਸੁਮੀਤ ਕੁਮਾਰ, ਸੁਸ਼ੀਲ ਕੁਮਾਰ ਅਤੇ ਅਮਨਦੀਪ ਨਹਿਰਾ ਉਰਫ ਬੱਚੀ ਨੂੰ ਫੜ ਚੁੱਕੀ ਹੈ, ਜੋ ਜੇਲ੍ਹ ਵਿਚ ਹਨ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਯੋਜਨਾ ਤਹਿਤ ਵਿਸ਼ਾਲ ਚਿਲਰ ਦਾ ਕਤਲ ਕੀਤਾ ਸੀ। ਮੁਲਜ਼ਮ ਦੋ ਪਿਸਤੌਲਾਂ ਨਾਲ ਲੈਸ ਹੋ ਕੇ ਵਿਸ਼ਾਲ ਦੇ ਸੈਕਟਰ-49 ਸਥਿਤ ਫਲੈਟ ਵਿਚ ਗਏ ਸਨ ਅਤੇ ਉਨ੍ਹਾਂ ਕੋਲ ਰਾਡਾਂ ਅਤੇ ਗੰਡਾਸੀਆਂ ਵੀ ਸਨ। ਪੁਲੀਸ ਨੇ ਸਾਰੇ ਹਥਿਆਰ ਬਰਾਮਦ ਕਰ ਲਏ ਹਨ। ਇਸ ਘਟਨਾ ਦੌਰਾਨ ਚਾਰ ਗੋਲੀਆਂ ਚੱਲੀਆਂ ਸਨ ਅਤੇ ਪੁੱਛ-ਪੜਤਾਲ ਤੋਂ ਸਾਫ ਹੋ ਗਿਆ ਹੈ ਕਿ ਗੋਲੀਆਂ ਸੁਦੀਪ ਤੇ ਨਵੀਨ ਨੇ ਚਲਾਈਆਂ ਸਨ। ਮੁਲਜ਼ਮਾਂ ਕੋਲੋਂ ਇਕ ਮੈਗਜ਼ੀਨ ਤੇ ਦੇਸੀ ਪਿਸਤੌਲ ਮਿਲਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਤਲ ਲਈ ਵਰਤੇ ਪਿਸਤੌਲ ਮੁਲਜ਼ਮਾਂ ਨੇ ਪੰਜਾਬ ਤੇ ਹਰਿਆਣਾ ਸਥਿਤ ਆਪਣੇ ਦੋਸਤਾਂ ਕੋਲੋਂ ਲਿਆਂਦੇ ਸਨ। ਇਸ ਸਬੰਧ ਵਿਚ ਕੁਝ ਨਾਮ ਸਾਹਮਣੇ ਆਏ ਹਨ। ਸ੍ਰੀਮਤੀ ਨੀਲਾਂਬਰੀ ਨੇ ਖੁਲਾਸਾ ਕੀਤਾ ਕਿ ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਨਸ਼ਾ ਵੀ ਕਰਦੇ ਹਨ। ਪੁਲੀਸ ਨੂੰ ਹੁਣ ਮੁਲਜ਼ਮਾਂ ਨੂੰ ਪਿਸਤੌਲ ਤੇ ਨਸ਼ਾ ਸਪਲਾਈ ਕਰਨ ਵਾਲੇ ਅਨਸਰਾਂ ਨੂੰ ਕਾਬੂ ਕਰਨ ਦੇ ਮਿਸ਼ਨ ’ਤੇ ਲਗਾ ਦਿੱਤਾ ਹੈ। ਪੁਲੀਸ ਅਨੁਸਾਰ ਇਹ ਕਤਲ ਵਿਦਿਆਰਥੀ ਯੂਨੀਅਨਾਂ ਦੀ ਸਿਆਸਤ ਕਾਰਨ ਹੋਇਆ ਹੈ। ਦੋਵੇਂ ਧਿਰਾਂ ਡੀਏਵੀ ਕਾਲਜ ਦੀ ਵਿਦਿਆਰਥੀ ਯੂਨੀਅਨਾਂ ਦੀ ਸਿਆਸਤ ਵਿਚ ਸਰਗਰਮ ਸਨ ਅਤੇ ਉਸ ਸਮੇਂ ਤੋਂ ਹੀ ਇਨ੍ਹਾਂ ਦੋਵਾਂ ਧਿਰਾਂ ਵਿਚਕਾਰ ਟਕਰਾਅ ਚਲਦਾ ਆ ਰਿਹਾ ਸੀ।

 

ਵਿੱਤੀ ਸੰਕਟ ਦੇ ਹੱਲ ਲਈ ਅਕਾਲੀ ਦਲ ਨੇ ਭੇਟਾ ਮੰਗੀ

ਚੰਡੀਗੜ੍ਹ,  ਮਾਰਚ ਪੰਜਾਬ ਦੀ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੀ ਵਾਰ ਵਿੱਤੀ ਪੱਖ ਤੋਂ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਤਰਾਂ ਮੁਤਾਬਕ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਵਹੀ ਖਾਤਾ ਪੇਸ਼ ਕਰਦਿਆਂ 1 ਕਰੋੜ ਰੁਪਏ ਤੋਂ ਵੱਧ ਦਾ ਘਾਟਾ ਦੱਸਿਆ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਆਗਾਮੀ ਸੰਸਦੀ ਚੋਣਾਂ ਦੌਰਾਨ ਪ੍ਰਚਾਰ ਲਈ ਉਮੀਦਵਾਰਾਂ ਨੂੰ ਦਿੱਤੇ ਜਾਣ ਵਾਲੇ ਫੰਡ ਅਤੇ ਪਾਰਟੀ ਦੀਆਂ ਗਤੀਵਿਧੀਆਂ ਚਲਾਉਣ ਲਈ ਸੀਨੀਅਰ ਅਕਾਲੀ ਨੇਤਾਵਾਂ ਨੂੰ ਫੰਡ ਦੇਣ ਲਈ ਕਿਹਾ ਗਿਆ ਹੈ। ਇਸ ਸੀਨੀਅਰ ਨੇਤਾ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਜ਼ਿਲ੍ਹਾ ਜਥੇਦਾਰਾਂ ਵੱਲੋਂ ਇੱਕ-ਇੱਕ ਲੱਖ ਰੁਪਏ ਦਾ ਚੰਦਾ ਪਾਰਟੀ ਨੂੰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਹਰੇਕ ਜਨਰਲ ਸਕੱਤਰ, ਮੀਤ ਪ੍ਰਧਾਨ ਅਤੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਵੱਲੋਂ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਵਰਕਿੰਗ ਕਮੇਟੀ ਮੈਂਬਰ 21 ਹਜ਼ਾਰ ਰੁਪਏ ਦਾ ਯੋਗਦਾਨ ਪਾਵੇਗਾ ਤੇ ਜਨਰਲ ਕੌਂਸਲ ਦੇ ਹਰ ਇੱਕ ਮੈਂਬਰ ਨੂੰ 5 ਹਜ਼ਾਰ ਰੁਪਏ ਦੇਣ ਲਈ ਕਿਹਾ ਗਿਆ ਹੈ। ਪਾਰਟੀ ਵੱਲੋਂ ਪਹਿਲੀ ਅਪਰੈਲ ਤੋਂ ਮੈਂਬਰਸ਼ਿਪ ਦੀ ਭਰਤੀ ਵੀ ਸ਼ੁਰੂ ਕੀਤੀ ਜਾਵੇਗੀ ਤੇ ਮੈਂਬਰਸ਼ਿਪ ਰਾਹੀਂ ਵੀ ਫੰਡ ਉਪਲਬਧ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਅੱਜ ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ, ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਨੂੰ ਸੰਸਦੀ ਚੋਣਾਂ ਦੌਰਾਨ ਉਮੀਦਵਾਰ ਬਣਾਉਣ ਬਾਰੇ ਸਹਿਮਤੀ ਬਣ ਗਈ ਤੇ ਉਮੀਦਵਾਰਾਂ ਦੇ ਐਲਾਨ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਅਧਿਕਾਰ ਦੇ ਦਿੱਤੇ ਗਏ। ਸੂਤਰਾਂ ਮੁਤਾਬਕ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਹਰਸਿਮਰਤ ਬਾਦਲ ਨੂੰ ‘ਸੁਰੱਖਿਅਤ’ ਸੰਸਦੀ ਹਲਕੇ ਤੋਂ ਚੋਣ ਲੜਾਉਣ ਸਬੰਧੀ ਵੀ ਸੀਨੀਅਰ ਆਗੂਆਂ ਵੱਲੋਂ ਪਾਰਟੀ ਪ੍ਰਧਾਨ ਨੂੰ ਸਲਾਹ ਦਿੱਤੀ ਗਈ। ਮੀਟਿੰਗ ਦੌਰਾਨ ਇਸ ਗੱਲ ’ਤੇ ਵੀ ਵਿਚਾਰ ਕੀਤਾ ਗਿਆ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦਾ ਸਿਆਸੀ ਸੇਕ ਪੰਜਾਬ ਦੇ ਸੀਮਤ ਖੇਤਰ ਤੱਕ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਆਗੂਆਂ ਨੇ ਕਿਹਾ ਕਿ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਜ਼ਮਾਨਤ ਦੇਣ ਸਮੇਂ ਅਦਾਲਤ ਵੱਲੋਂ ਕੀਤੀਆਂ ਟਿੱਪਣੀਆਂ ਨੇ ਪੰਜਾਬ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਇਸ ਲਈ ਚੋਣ ਪ੍ਰਕਿਰਿਆ ਲੰਮੀ ਹੋਣ ਕਾਰਨ ਪਾਰਟੀ ਨੂੰ ਸਫ਼ਾਈ ਦੇਣ ਅਤੇ ਹਾਲਾਤ ਦਾ ਟਾਕਰਾ ਕਰਨ ਦਾ ਮੌਕਾ ਮਿਲ ਗਿਆ ਹੈ। ਅਕਾਲੀ ਦਲ ਨੇ ਕਾਂਗਰਸ ਖ਼ਿਲਾਫ਼ ਪ੍ਰਚਾਰ ਮਘਾਉਣ ਲਈ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੀ ਵਾਅਦਾ-ਖ਼ਿਲਾਫ਼ੀ ਵਿਰੁੱਧ ਰੋਸ ਵਜੋਂ 16 ਮਾਰਚ ਸੂਬੇ ਦੇ ਸਾਰੇ ਹਲਕਿਆਂ ਵਿਚ ‘ਵਾਅਦਾਖ਼ਿਲਾਫ਼ੀ ਦਿਵਸ’ ਮਨਾਉਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੀ ਵਰਕਿੰਗ ਕਮੇਟੀ ਨੇ ਇੱਕ ਮਤੇ ਵਿਚ ਬਹਿਬਲ ਕਲਾਂ ਘਟਨਾਵਾਂ ਦੀ ਜਾਂਚ ਲਈ ਕਾਂਗਰਸ ਸਰਕਾਰ ਵੱਲੋਂ ਬਣਾਈ ‘ਸਿਟ’ ਦਾ ਸਿਆਸੀਕਰਨ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ। ਪਾਰਟੀ ਨੇ ਕਿਹਾ ਕਿ ‘ਸਿਟ’ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਪੇਸ਼ੇਵਰ ਤਰੀਕੇ ਨਾਲ ਜਾਂਚ ਦੀ ਥਾਂ ਸੱਤਾਧਾਰੀ ਧਿਰ ਦੀ ਮਰਜ਼ੀ ਅਨੁਸਾਰ ਜਾਂਚ ਦੇ ਤੱਥਾਂ ਨੂੰ ਤੋੜਿਆ-ਮਰੋੜਿਆ ਜਾ ਰਿਹਾ ਹੈ। ਮੋਦੀ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਏ ਵੱਡੇ ਫ਼ੈਸਲਿਆਂ ਦੀ ਵੀ ਸ਼ਲਾਘਾ ਕੀਤੀ ਗਈ।

ਕੋਟਕਪੂਰਾ ਗੋਲੀ ਕਾਂਡ: ਮਨਤਾਰ ਬਰਾੜ ਨੇ ਅਗਾਊਂ ਜ਼ਮਾਨਤ ਮੰਗੀ

ਫ਼ਰੀਦਕੋਟ, ਮਾਰਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੂੰ ਦੋਸ਼ੀ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਮਨਤਾਰ ਸਿੰਘ ਬਰਾੜ ਨੇ ਅੱਜ ਸਥਾਨਕ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦੇ ਕੇ ਮੰਗ ਕੀਤੀ ਕਿ ਸਿਟੀ ਪੁਲੀਸ ਕੋਟਕਪੂਰਾ ਵੱਲੋਂ 7 ਅਗਸਤ 2018 ਨੂੰ ਦਰਜ ਕੀਤੇ ਗਏ ਮੁਕੱਦਮਾ ਨੰਬਰ 129, ਅ/ਧ 307, 323, 341, 218, 201/34 ਆਈਪੀਸੀ ਥਾਣਾ ਸਿਟੀ ਕੋਟਕਪੂਰਾ ਵਿੱਚ ਉਸ ਦੀ ਗ੍ਰਿਫ਼ਤਾਰੀ ‘ਤੇ ਰੋਕ ਲਾਈ ਜਾਵੇ। ਮਨਤਾਰ ਸਿੰਘ ਬਰਾੜ ਨੇ ਆਪਣੀ ਜ਼ਮਾਨਤ ਅਰਜ਼ੀ ਵਿੱਚ ਦਾਅਵਾ ਕੀਤਾ ਕਿ ਉਸ ਦਾ ਕੋਟਕਪੂਰਾ ਗੋਲੀ ਕਾਂਡ ਨਾਲ ਕੋਈ ਸਬੰਧ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ 13 ਅਕਤੂਬਰ 2015 ਦੀ ਰਾਤ ਨੂੰ ਜਿਹੜੀਆਂ 157 ਫੋਨ ਕਾਲਾਂ ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਡੀਜੀਪੀ ਤੇ ਹੋਰ ਅਧਿਕਾਰੀਆਂ ਨੂੰ ਹੋਈਆਂ ਸਨ, ਉਨ੍ਹਾਂ ਵਿੱਚੋਂ ਉਸ ਦੀਆਂ ਸਿਰਫ਼ ਅੱਠ ਫ਼ੋਨ ਕਾਲਾਂ ਹੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਹਲਕੇ ਦਾ ਨੁਮਾਇੰਦਾ ਹੋਣ ਦੇ ਨਾਤੇ ਸਮੁੱਚੀ ਸਥਿਤੀ ਨੂੰ ਸ਼ਾਂਤਮਈ ਢੰਗ ਨਾਲ ਨਿਪਟਾਉਣ ਲਈ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਰਮਿਆਨ ਗੱਲਬਾਤ ਕਰਵਾਈ ਸੀ। ਉਨ੍ਹਾਂ ਕਿਹਾ ਕਿ ਜਾਂਚ ਟੀਮ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਜਦਕਿ ਉਹ ਪਹਿਲਾਂ ਹੀ 9 ਨਵੰਬਰ ਅਤੇ 27 ਫਰਵਰੀ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋ ਚੁੱਕੇ ਹਨ ਅਤੇ ਜਾਂਚ ਦੌਰਾਨ ਪੂਰਾ ਸਹਿਯੋਗ ਦਿੱਤਾ ਹੈ। ਆਪਣੇ ਖ਼ਿਲਾਫ਼ ਦਰਜ ਹੋਏ ਕੇਸ ਨੂੰ ਸਿਆਸੀ ਸਾਜ਼ਿਸ਼ ਦੱਸਦਿਆਂ ਸਾਬਕਾ ਸੰਸਦੀ ਸਕੱਤਰ ਨੇ ਮੁਕੱਦਮੇ ਵਿੱਚ ਗ੍ਰਿਫ਼ਤਾਰੀ ਉੱਪਰ ਰੋਕ ਲਾਉਣ ਦੀ ਮੰਗ ਕੀਤੀ ਹੈ। ਸੈਸ਼ਨ ਜੱਜ ਨੇ ਇਸ ਜ਼ਮਾਨਤ ਅਰਜ਼ੀ ‘ਤੇ ਕਾਰਵਾਈ ਕਰਦਿਆਂ ਵਿਸ਼ੇਸ਼ ਜਾਂਚ ਟੀਮ ਅਤੇ ਪੰਜਾਬ ਸਰਕਾਰ ਨੂੰ 19 ਮਾਰਚ ਲਈ ਨੋਟਿਸ ਜਾਰੀ ਕੀਤਾ ਹੈ। ਉਸ ਦਿਨ ਇਸ ਮਾਮਲੇ ‘ਤੇ ਬਹਿਸ ਹੋਣ ਦੀ ਸੰਭਾਵਨਾ ਹੈ।