ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਬੰਧਕਾਂ ਵਿਚਾਲੇ ਖੜਕੀ

ਚੰਡੀਗੜ੍ਹ,  ਮਾਰਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਅਤੇ ਵਾਈਸ ਚੇਅਰਮੈਨ ਡਾ. ਬਲਦੇਵ ਸਚਦੇਵਾ ਦਰਮਿਆਨ ਚੱਲ ਰਹੀ ਖਿੱਚੋਤਾਣ ਨੇ ਸਿੱਖਿਆ ਬੋਰਡ ਅੰਦਰ ਆਪਾਧਾਪੀ ਦਾ ਮਾਹੌਲ ਸਿਰਜ ਦਿੱਤਾ ਹੈ। ਸਰਕਾਰ ਦੇ ਇਸ ਵੱਡੇ ਤੇ ਵੱਕਾਰੀ ਮੰਨੇ ਜਾਂਦੇ ਅਦਾਰੇ ਦੇ ਸਿਖਰਲੇ ਅਹੁਦੇਦਾਰਾਂ ਦਰਮਿਆਨ ਚੱਲ ਰਹੀ ਕਸ਼ਮਕਸ਼ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਬੋਰਡ ਦੀਆਂ ਮੀਟਿੰਗਾਂ ਦੌਰਾਨ ਉਨ੍ਹਾਂ ਵੱਲੋਂ ਇੱਕ-ਦੂਜੇ ਨੂੰ ‘ਲਲਕਾਰਨ’ ਅਤੇ ‘ਖਲਲ ਪਾਉਣਾ’ ਸਾਧਾਰਨ ਗਤੀਵਿਧੀਆਂ ਬਣ ਗਈਆਂ ਹਨ। ਮਨਹੋਰ ਕਾਂਤ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਾਲ ਹੀ ਵਿੱਚ 6 ਪੰਨਿਆਂ ਦੀ ਵਿਸਥਾਰਪੂਰਬਕ ਚਿੱਠੀ ਲਿਖੀ ਗਈ ਹੈ ਜਿਸ ਦੀ ਕਾਪੀ ਪੰਜਾਬੀ ਟ੍ਰਿਬਿਊਨ ਕੋਲ ਵੀ ਹੈ। ਇਸ ਚਿੱਠੀ ਰਾਹੀਂ ਵਾਈਸ ਚੇਅਰਮੈਨ ’ਤੇ ਬੋਰਡ ਦੀਆਂ ਮੀਟਿੰਗਾਂ ’ਚ ਮੰਦਭਾਗੀ ਕਾਰਜਸ਼ੈਲੀ ਦੇ ਦੋਸ਼ ਲਾਏ ਗਏ ਹਨ। ਚੇਅਰਮੈਨ ਵੱਲੋਂ ਮੁੱਖ ਮੰਤਰੀ ਨੂੰ ਜਿਸ ਢੰਗ ਨਾਲ ਘਟਨਾਕ੍ਰਮ ਦਾ ਬਿਆਨ ਕੀਤਾ ਗਿਆ ਹੈ, ਉਸ ਤੋਂ ਇੰਜ ਜਾਪਦਾ ਹੈ ਕਿ ਜਿਵੇਂ ਸਿੱਖਿਆ ਬੋਰਡ ਦੇ ਪ੍ਰਬੰਧਕ ਕਿਸੇ ਤੀਜੇ ਦਰਜੇ ਦੀ ਮਿਉਂਸਿਪਲ ਕਮੇਟੀ ਦੇ ਮੈਂਬਰਾਂ ਨਾਲੋਂ ਵੀ ਹੇਠਲੇ ਦਰਜੇ ਦਾ ਵਿਵਹਾਰ ਕਰ ਰਹੇ ਹੋਣ। ਸ੍ਰੀ ਕਾਂਤ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਤੁਰੰਤ ਬੋਰਡ ’ਚ ਚੱਲ ਰਹੀਆਂ ਗਲਤ ਗਤੀਵਿਧੀਆਂ ਨੂੰ ਰੋਕਣ ਲਈ ਦਖ਼ਲ ਦਿੱਤਾ ਜਾਵੇ। ਉਧਰ ਸੂਤਰਾਂ ਮੁਤਾਬਕ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਚਲਦਾ ਕਰਨ ਦੇ ਰੌਂਅ ਵਿੱਚ ਸਨ। ਵਾਈਸ ਚੇਅਰਮੈਨ ਨੂੰ ਸ੍ਰੀ ਸੋਨੀ ਦਾ ‘ਬੰਦਾ’ ਮੰਨਿਆ ਜਾਂਦਾ ਹੈ ਜਦੋਂ ਕਿ ਚੇਅਰਮੈਨ ਦੀ ਨਿਯੁਕਤੀ ਸਾਬਕਾ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੀ ਸਿਫਾਰਿਸ਼ ’ਤੇ ਕੀਤੀ ਗਈ ਸੀ।
ਚਿੱਠੀ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਤਾਜ਼ਾ ਟਕਰਾਅ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਓਐਸਡੀ ਡੀ ਐਸ ਸਰੋਇਆ ਦੀ ਪਤਨੀ ਸੁਖਵਿੰਦਰ ਕੌਰ ਸਰੋਇਆ ਨੂੰ ਕੰਟਰੋਲਰ ਪ੍ਰੀਖਿਆਵਾਂ ਲਾਉਣ ਦੇ ਮੁੱਦੇ ’ਤੇ ਪੈਦਾ ਹੋਇਆ ਹੈ। ਬੋਰਡ ਦੀ ਮੀਟਿੰਗ ਦਾ ਹਵਾਲਾ ਦਿੰਦਿਆਂ ਮਨੋਹਰ ਕਾਂਤ ਵੱਲੋਂ ਕਿਹਾ ਗਿਆ ਕਿ ਰਸਮੀ ਏਜੰਡੇ ’ਤੇ ਵਿਚਾਰ ਕਰਨ ਤੋਂ ਪਹਿਲਾਂ ਹੀ ਬੋਰਡ ਦੇ ਵਾਈਸ ਚੇਅਰਮੈਨ ਮੀਟਿੰਗ ਵਿੱਚ ਖੜ੍ਹੇ ਹੋ ਗਏ ਅਤੇ ਸ੍ਰੀਮਤੀ ਸਰੋਇਆ ਦੀ ਨਿਯੁਕਤੀ ਨਾਲ ਸਬੰਧਤ ਮੱਦ ਪੇਸ਼ ਕਰਨ ਲਈ ਮੇਜ਼ ’ਤੇ ਹੱਥ ਮਾਰ-ਮਾਰ ਕੇ ਦਬਾਅ ਪਾਉਂਦੇ ਰਹੇ। ਚੇਅਰਮੈਨ ਨੇ ਦੋਸ਼ ਲਾਇਆ ਕਿ ਵਾਈਸ ਚੇਅਰਮੈਨ ਵੱਲੋਂ ਮੀਟਿੰਗ ਦੌਰਾਨ ਨਾ ਸਹਿਣਯੋਗ ਗੱਲਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਵਾਈਸ ਚੇਅਰਮੈਨ ਵੱਲੋਂ ਕਿਸੇ ਦਬਾਅ ਹੇਠ ਨਿੱਜੀ ਵਿਅਕਤੀ ਨੂੰ ਲਾਭ ਪਹੁੰਚਾਉਣ ਲਈ ਅਜਿਹਾ ਆਡੰਬਰ ਰਚਿਆ ਗਿਆ ਤਾਂ ਜੋ ਮੌਕੇ ’ਤੇ ਬਿਨਾਂ ਕਾਨੂੰਨੀ ਪੱਖ ਘੋਖੇ ਅਤੇ ਤੱਥਾਂ ਦਾ ਨਿਰੀਖਣ ਕੀਤੇ ਬਿਨਾਂ ਮਨਮਰਜ਼ੀ ਦਾ ਫ਼ੈਸਲਾ ਕਰਾਇਆ ਜਾ ਸਕੇ। ਸ੍ਰੀ ਕਾਂਤ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ’ਚ ਬਲਦੇਵ ਸਚਦੇਵਾ, ਕੁਲਵੰਤ ਰਾਏ ਸ਼ਰਮਾ ਅਤੇ ਪਰਮਜੀਤ ਕੁਮਾਰ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਸੂਤਰਾਂ ਨੇ ਕਿਹਾ ਕਿ ਪ੍ਰਬੰਧਕਾਂ ਦਰਮਿਆਨ ਤਣਾਅਪੂਰਨ ਸਬੰਧਾਂ ਕਾਰਨ ਬੋਰਡ ਦੀ ਕਾਰਜਸ਼ੈਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਚੇਅਰਮੈਨ ਮਨੋਹਰ ਕਾਂਤ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਜਦਕਿ ਸੁਖਵਿੰਦਰ ਕੌਰ ਸਰੋਇਆ ਨੇ ਕਿਹਾ ਕਿ ਉਹ ਬੋਰਡ ਦੀ ਪ੍ਰਬੰਧਕੀ ਟੀਮ ਦਾ ਹਿੱਸਾ ਨਹੀਂ ਹੈ। ਇਸ ਲਈ ਮੀਟਿੰਗ ਦੌਰਾਨ ਕੀ ਕੁਝ ਵਾਪਰਿਆ, ਉਸ ਬਾਰੇ ਉਹ ਕੋਈ ਟਿੱਪਣੀ ਨਹੀਂ ਕਰ ਸਕਦੀ। ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਸੰਪਰਕ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।