ਡੇਰੇ ਤੋਂ ਵੋਟਾਂ ਬਾਰੇ ਫ਼ੈਸਲਾ ਅਕਾਲ ਤਖ਼ਤ ਦੇ ਹੁਕਮਾਂ ’ਤੇ ਕਰਾਂਗੇ: ਸੁਖਬੀਰ

ਫਗਵਾੜਾ,  ਮਾਰਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਮੌਕੇ ਡੇਰਾ ਸਿਰਸਾ ਤੋਂ ਵੋਟਾਂ ਦੀ ਮੰਗ ਕਰਨੀ ਹੈ ਜਾਂ ਨਹੀਂ, ਇਸ ਬਾਰੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨਗੇ। ਅੱਜ ਇੱਥੇ ਪਾਰਟੀ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਬਿਆਨ ’ਤੇ ਟਿੱਪਣੀ ਕੀਤੀ ਅਤੇ ਕਿਹਾ ਕਿ ਉਹ ਆਪਣੇ ਆਪ ਨੂੰ ਸਿੱਖੀ ਦਾ ਰਖਵਾਲਾ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਉਨ੍ਹਾਂ ਦੇ ਪਿਤਾ ਨੇ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਲਈ ਸਿੱਖਾਂ ਨੂੰ ‘ਸਿੱਖੜੇ’ ਦੱਸ ਕੇ ਕੌਮ ਦਾ ਭਾਰੀ ਨੁਕਸਾਨ ਕੀਤਾ ਸੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਦੇ ਮੁੱਖ ਮੰਤਰੀਆਂ ’ਚੋਂ ਸਭ ਤੋਂ ਨਿਕੰਮਾ ਦੱਸਦਿਆਂ ਕਿਹਾ,‘‘ਕੋਈ ਵੀ ਅਜਿਹਾ ਮੁੱਖ ਮੰਤਰੀ ਨਹੀਂ ਹੋਵੇਗਾ ਜਿਸ ਨੇ ਗੁਟਕੇ ’ਤੇ ਹੱਥ ਰੱਖ ਕੇ ਵਾਅਦੇ ਕੀਤੇ ਅਤੇ ਉਨ੍ਹਾਂ ਨੂੰ ਪੂਰਾ ਨਾ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ।’’ ਉਨ੍ਹਾਂ ਕਿਹਾ ਕਿ ਕੈਪਟਨ ਨੂੰ ਲੋਕਾਂ ਅਤੇ ਪੰਜਾਬ ਨਾਲ ਕੋਈ ਲਗਾਓ ਨਹੀਂ ਹੈ ਕਿਉਂਕਿ ਉਹ ਪਹਿਲਾਂ ਹੀ ਅਗਲੀਆਂ ਚੋਣਾਂ ਨਾ ਲੜਨ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ’ਚ ਸਰਕਾਰ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੈ ਅਤੇ ਲੋਕ ਉਸ ਤੋਂ ਤੰਗ ਹਨ ਜਿਸ ਕਰਕੇ ਅਕਾਲੀ ਦਲ ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗਾ।
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਦੋ ਸਾਲਾਂ ਦੇ ਅੰਦਰ-ਅੰਦਰ ਵਿਸ਼ੇਸ਼ ਜਾਂਚ ਟੀਮ ਕਾਇਮ ਕਰਕੇ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ੍ਹਾਂ ’ਚ ਪਹੁੰਚਾਇਆ ਜਦਕਿ ਕਾਂਗਰਸ ਦੀਆਂ ਸਰਕਾਰਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਲੱਗੀਆਂ ਰਹੀਆਂ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ’ਚ ਕੋਈ ਵੀ ਟਕਸਾਲੀ ਨਹੀਂ ਸਗੋਂ ਸਾਰੇ ‘ਨਕਾਰਾ’ ਆਗੂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ’ਚੋਂ ਕੱਢੇ ਗਏ ਤਿੰਨੇ ਆਗੂਆਂ ਨੂੰ ਚੋਣ ਮੈਦਾਨ ’ਚ ਆ ਕੇ ਆਪਣਾ ਕੱਦ ਦੇਖ ਲੈਣਾ ਚਾਹੀਦਾ ਹੈ। ਉਨ੍ਹਾਂ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਤੇ ਮੋਦੀ ਸਰਕਾਰ ਨੂੰ ਵਿਕਾਸ ਦੀ ਸਰਕਾਰ ਦੱਸਿਆ ਅਤੇ ਪੰਜਾਬ ’ਚ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਰੈਲੀ ਨੂੰ ਭਾਜਪਾ ਵਿਧਾਇਕ ਸੋਮ ਪ੍ਰਕਾਸ਼, ਜਰਨੈਲ ਸਿੰਘ ਵਾਹਦ, ਮੇਅਰ ਅਰੁਣ ਖੋਸਲਾ ਅਤੇ ਸਰਵਣ ਸਿੰਘ ਕੁਲਾਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ, ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ, ਸੁਖਜੀਤ ਸਟਾਰਚ ਐਂਡ ਕੈਮੀਕਲ ਮਿੱਲ ਦੇ ਐਮਡੀ ਕੁਲਦੀਪ ਸਰਦਾਨਾ, ਅਵਤਾਰ ਸਿੰਘ ਮੰਡ, ਪਰਮਜੀਤ ਕੌਰ ਕੌਂਸਲਰ, ਸਰਬਜੀਤ ਕੌਰ, ਸਤਨਾਮ ਸਿੰਘ ਅਰਸ਼ੀ ਵੀ ਹਾਜ਼ਰ ਸਨ। ਸੁਖਬੀਰ ਨੇ ਸਟੇਜ ਤੋਂ ਐਲਾਨ ਕੀਤਾ ਕਿ ਸਾਰੇ ਲੋਕ ਉਨ੍ਹਾਂ ਨਾਲ ਫ਼ੋਟੋਆਂ ਅਨੁਸ਼ਾਸਨ ’ਚ ਰਹਿ ਕੇ ਖਿਚਵਾਉਣ ਅਤੇ ਉਹ 85-86 ਰੈਲੀਆਂ ਕਰਕੇ ਪੌਣੇ 2 ਲੱਖ ਲੋਕਾਂ ਨਾਲ ਫੋਟੋਆਂ ਖਿਚਵਾ ਚੁੱਕੇ ਹਨ।