ਪੰਜਾਬ

ਸਿੱਖਿਆ ਵਿਭਾਗ ਵਲੋਂ ਸਕੂਲਾਂ ਨੂੰ ਤਿੰਨੋਂ ਮਾਧਿਅਮ ਪੜ੍ਹਾਉਣ ਦੀ ਹਦਾਇਤ

ਚੰਡੀਗੜ੍ਹ,  ਅਪਰੈਲ  ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਸਾਰੇ ਸਰਕਾਰੀ ਸਕੂਲਾਂ ਨੂੰ ਸਰਕੁਲਰ ਜਾਰੀ ਕਰਕੇ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਮਾਧਿਅਮਾਂ ਵਿਚੋਂ ਕੋਈ ਵੀ ਮਾਧਿਅਮ ਚੁਣਨ ਦੀ ਖੁੱਲ੍ਹ ਦੇਣ ਬਾਰੇ ਕਿਹਾ ਹੈ। ਸਕੂਲ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਪੰਜਾਬੀ ਮਾਧਿਅਮ ਲੈਣ ਦੇ ਚਾਹਵਾਨਾਂ ਨੂੰ ਹੋਰ ਮਾਧਿਅਮ ਲੈਣ ਬਾਰੇ ਨਿਰਦੇਸ਼ ਨਾ ਥੋਪਣ। ਦੱਸਣਯੋਗ ਹੈ ਕਿ ‘ਪੰਜਾਬੀ ਟ੍ਰਿਬਿਊਨ’ ਨੇ 19 ਅਪਰੈਲ ਨੂੰ ਸਕੂਲਾਂ ਵਿਚ ਪੰਜਾਬੀ ਮਾਧਿਅਮ ਦੇ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਬਾਰੇ ਖਬਰ ਪ੍ਰਕਾਸ਼ਿਤ ਕੀਤੀ ਸੀ।
ਜ਼ਿਲ੍ਹਾ ਸਿੱਖਿਆ ਦਫਤਰ ਨੇ ਸਰਕੁਲਰ ਵਿਚ ਲਿਖਿਆ ਹੈ ਕਿ ਵਿਭਾਗ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਸਰਕਾਰੀ ਸਕੂਲਾਂ ਵਿਚ ਬਾਰ੍ਹਵੀਂ ਜਮਾਤ ਲਈ ਕਈ ਅਧਿਆਪਕਾਂ ਵਲੋਂ ਪੰਜਾਬੀ ਦੀ ਥਾਂ ਹਿੰਦੀ ਜਾਂ ਅੰਗਰੇਜ਼ੀ ਮੀਡੀਅਮ ਲੈਣ ਲਈ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪੰਜਾਬੀ ਦੇ ਨੋਟਸ ਤੇ ਹੋਰ ਮਟੀਰੀਅਲ ਵੀ ਉਪਲਬਧ ਨਹੀਂ ਕਰਵਾਇਆ ਜਾਵੇਗਾ। ਡਾਇਰੈਕਟਰ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਪਹਿਲੀ ਤੋਂ ਅੱਠਵੀਂ ਜਮਾਤ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕਿਤਾਬਾਂ ਛਪਵਾਈਆਂ ਜਾਂਦੀਆਂ ਹਨ ਤੇ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਦੀ ਸਹਾਇਕ ਸਮੱਗਰੀ ਵੀ ਉਪਲਬਧ ਕਰਵਾਈ ਜਾਂਦੀ ਹੈ। ਇਸ ਕਰਕੇ ਡੀਈਓ ਦਫਤਰ ਨੂੰ ਅਧਿਆਪਕਾਂ ਨੂੰ ਸਪਸ਼ਟ ਹਦਾਇਤਾਂ ਦੇਣ ਲਈ ਕਿਹਾ ਗਿਆ ਹੈ ਤਾਂ ਕਿ ਵਿਦਿਆਰਥੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਪਿੰਡ ਬਚਾਓ ਕਮੇਟੀ ਦੇ ਪ੍ਰਧਾਨ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਸ਼ਹਿਰ ਵਿਚ ਪੰਜਾਬੀ ਲਾਗੂ ਕਰਨ ਦੀ ਮੰਗ ਉਠਾਉਂਦੇ ਆ ਰਹੇ ਹਨ ਕਿਉਂਕਿ ਚੰਡੀਗੜ੍ਹ ‘ਤੇ ਪੰਜਾਬੀਆਂ ਦਾ ਹੱਕ ਹੈ ਪਰ ਇੱਥੇ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਆਇਆ ਹੈ। ਇਥੋਂ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ।
ਕੌਂਸਲਰ ਅਨਿਲ ਕੁਮਾਰ ਦੂਬੇ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਮੰਗ ਕਰਦੇ ਆਏ ਸੀ ਕਿ ਉਨ੍ਹਾਂ ਦੇ ਖੇਤਰ ਵਿਚ ਜਬਰੀ ਹਿੰਦੀ ਮਾਧਿਅਮ ਲਈ ਦਬਾਅ ਪਾਇਆ ਜਾਂਦਾ ਸੀ ਜਦਕਿ ਕਈ ਬੱਚੇ ਅੰਗਰੇਜ਼ੀ ਮਾਧਿਅਮ ਪੜ੍ਹਨਾ ਚਾਹੁੰਦੇ ਹਨ ਇਸ ਕਰਕੇ ਉਨ੍ਹਾਂ ਬੱਚਿਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਦੇ ਅੰਗਰੇਜ਼ੀ ਮਾਧਿਅਮ ਵਿਚ ਦਾਖਲੇ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਸੁਖਬੀਰ ਫ਼ਿਰੋਜ਼ਪੁਰ ਤੇ ਹਰਸਿਮਰਤ ਬਠਿੰਡਾ ਤੋਂ ਉਮੀਦਵਾਰ ਐਲਾਨੇ

ਚੰਡੀਗੜ੍ਹ  ਸ਼੍ਰੋਮਣੀ ਅਕਾਲੀ ਦਲ ਨੇ ਅੱਜ ਫ਼ਿਰੋਜ਼ਪੁਰ ਸੰਸਦੀ ਹਲਕੇ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਅਕਾਲੀ ਦਲ ਨੇ ਆਪਣੇ ਹਿੱਸੇ ਦੀਆਂ 10 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਵਿੱਚ ਸੰਸਦੀ ਚੋਣਾਂ ਦੇ ਮਹੌਲ ਦੌਰਾਨ ਚੋਣ ਮੁਕਾਬਲੇ ਬੜੇ ਰੌਚਕ ਬਣਦੇ ਜਾ ਰਹੇ ਹਨ। ਸੁਖਬੀਰ ਬਾਦਲ ਦਾ ਮੁਕਾਬਲਾ ਆਪਣੀ ਹੀ ਪਾਰਟੀ ਦੇ ਬਾਗ਼ੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨਾਲ ਹੋਵੇਗਾ ਜਦੋਂ ਕਿ ਬਠਿੰਡਾ ਸੰਸਦੀ ਹਲਕੇ ਤੋਂ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ‘ਚ ਉਤਾਰਿਆ ਹੈ। ਅਕਾਲੀ ਦਲ ਅਤੇ ਖ਼ਾਸ ਕਰ ਬਾਦਲ ਪਰਿਵਾਰ ਲਈ ਸੰਸਦੀ ਚੋਣਾਂ ਦੌਰਾਨ ਕਾਰਗੁਜ਼ਾਰੀ ਦਿਖਾਉਣਾ ਵੱਕਾਰ ਦਾ ਸਵਾਲ ਬਣ ਗਿਆ ਸੀ ਤੇ ਪਾਰਟੀ ਦੀ ਸ਼ਾਖ਼ ਬਚਾਉਣ ਦਾ ਸਵਾਲ ਵੀ ਖੜ੍ਹਾ ਹੋ ਗਿਆ। ਇਸੇ ਕਰਕੇ ਦੋਹਾਂ ਪਤੀ-ਪਤਨੀ (ਸੁਖਬੀਰ-ਹਰਸਿਮਰਤ) ਨੂੰ ਹੀ ਚੋਣ ਮੈਦਾਨ ‘ਚ ਉਤਾਰਨ ਦਾ ਫੈਸਲਾ ਪਾਰਟੀ ਵੱਲੋਂ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਹਾਲ ਦੀ ਘੜੀ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਮ ਐਲਾਨੇ ਨਹੀਂ ਗਏ ਤੇ ਭਾਜਪਾ ਵੱਲੋਂ ਵੀ ਅੱਜ ਜਾਂ ਭਲ਼ਕ ਤੱਕ ਉਮੀਦਵਾਰ ਐਲਾਨ ਦਿੱਤੇ ਜਾਣ ਦੀ ਸੰਭਾਵਨਾ ਹੈ।

 

ਅਕਾਲੀ ਦਲ-ਕਾਂਗਰਸ ਦਾ ਜ਼ੋਰ ਮੈਨੂੰ ਹਰਾਉਣ ’ਤੇ ਲੱਗਿਆ: ਭਗਵੰਤ ਮਾਨ

ਸ਼ੇਰਪੁਰ,  ਅਪਰੈਲ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ, ਕਾਂਗਰਸ ਸਣੇ ਹੋਰ ਪਾਰਟੀਆਂ ਦਾ ਸਾਰਾ ਜ਼ੋਰ ਉਸਨੂੰ ਨੂੰ ਹਰਾਉਣ ’ਤੇ ਲੱਗਿਆ ਹੋਇਆ ਹੈ ਜਦੋਂਕਿ ਉਹ ਆਪਣੇ ਕੰਮਾਂ ਸਦਕਾ ਲੋਕਾਂ ਦੀ ਵੋਟ ਦਾ ਸਹੀ ਹੱਕਦਾਰ ਹੈ। ਬਲਾਕ ਦੇ ਪਿੰਡ ਗੁਰਬਖ਼ਸ਼ਪੁਰਾ, ਪੱਤੀ ਖਲੀਲ ਤੇ ਕਸ਼ਬਾ ਸ਼ੇਰਪੁਰ ’ਚ ਦੇਰ ਸ਼ਾਮ ਹੋਈਆਂ ਰੈਲੀਆਂ ਦੇ ਭਰਵੇਂ ਇਕੱਠ ਸਿਆਸੀ ਵਿਰੋਧੀਆਂ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਵੱਖ-ਵੱਖ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਇੱਕ ਐਮਪੀ ਨੂੰ ਪੰਜ ਸਾਲਾਂ ’ਚ ਮਿਲਦੇ ਪੂਰੇ 25 ਕਰੋੜ ਰੁਪਏ ਹਲਕੇ ਦੇ ਪਿੰਡਾਂ ’ਚ ਵੰਡੇ ਗਏ ਜਦੋਂਕਿ ਇਸਦਾ ਇੱਕ ਕਰੋੜ ਤੋਂ ਵੱਧ ਬਣਦਾ ਵਿਆਜ ਤੇ ਸਾਬਕਾ ਐਮਪੀ ਵਿਜੈਇੰਦਰ ਸਿੰਗਲਾ ਦੇ ਕਾਰਜਕਾਲ ਦੌਰਾਨ ਅਣਵਰਤੇ ਫੰਡ ਵੀ ਆਪਣੇ ਕਾਰਜਕਾਲ ਦੌਰਾਨ ਵੰਡੇ ਹਨ। ਉਨ੍ਹਾਂ ਕਿਹਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਕਿਉਂਕਿ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਸਣੇ ਵੱਖ-ਵੱਖ ਵਰਗਾਂ ਦੇ ਮਸਲਿਆਂ ਨੂੰ ਲੋਕ ਸਭਾ ’ਚ ਉਠਾ ਕੇ ਜਿੱਥੇ ਆਪਣੀ ਜ਼ਿੰਮੇਵਾਰ ਨਿਭਾਈ ਉਥੇ ਹੁਣ ਤੱਕ ਸੁੱਚੇ ਮੂੰਹ ਰਹੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਸਿਆਸੀ ਸ਼ੀਸ਼ਾ ਵਿਖਾਇਆ। ਇਨ੍ਹਾਂ ਚੋਣ ਰੈਲੀਆਂ ਦੌਰਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਪਾਰਟੀ ਆਗੂ ਤੇਜਾ ਸਿੰਘ ਆਜ਼ਾਦ, ਹੈਪੀ ਔਲਖ, ਪਰਮਿੰਦਰ ਸਿੰਘ ਪੁੰਨੂੰ ਕਾਤਰੋਂ ਵੀ ਹਾਜ਼ਰ ਸਨ।

ਅਖੇ ਸਾਡਾ ਮਸਲਾ ਤਾਂ ਕਿਤੇ ਨੀ ਉਠਾਇਆ
ਟਰੱਕ ਯੂਨੀਅਨ ਸ਼ੇਰਪੁਰ ਨਾਲ ਸਬੰਧਤ ਦੋ ਅਪਰੇਟਰਾਂ ਨੇ ਜਨਤਕ ਤੌਰ ’ਤੇ ਸ੍ਰੀ ਮਾਨ ਨਾਲ ਗਿਲਾ ਜ਼ਾਹਰ ਕੀਤਾ ਕਿ ਟਰੱਕ ਯੂਨੀਅਨਾਂ ਨੂੰ ਭੰਗ ਕਰਨ ’ਤੇ ਇਸ ਧੰਦੇ ਨਾਲ ਜੁੜੇ ਲੋਕਾਂ ਦੇ ਰੁਜ਼ਗਾਰ ਨੂੰ ਲੱਗੀ ਆਰਥਿਕ ਸੱਟ ’ਤੇ ਨਾ ਕਿਸੇ ਹੋਰ ਪਾਰਟੀ ਨੇ ਗੱਲ ਕੀਤੀ, ਨਾ ਹੀ ਉਨ੍ਹਾ ਨੇ, ਨਾ ਇਹ ਮਾਮਲਾ ਕਿਤੇ ਉਠਾਇਆ ਤੇ ਨਾ ਹੀ ਟਰੱਕ ਅਪਰੇਟਰਾਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ।

ਭੱਟ ਸਾਹਿਬਾਨਾ ਜੀ ਦੇ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲਾਪ ਦਿਵਸ ਮਨਾਉਣ ਦੀ ਮੰਗ

ਮਜੂਦਾ ਸਮੇ ਵਿੱਚ ਸਿੱਖੀ ਭੇਖ ਵਿੱਚ ਸੰਗਤਾਂ ਨੂੰ ਗੁਮਰਾਹ ਕਰਕੇ ਦੇਸ ਵਿਦੇਸ਼ ਵਿੱਚੋਂ ਮਾਇਆ ਇਕਤੱਰ ਕਰਨ ਸਬੰਧੀ।

ਅੰਮ੍ਰਿਤਸਰ/  ਭਾਟ ਸਿੱਖ ਵੈਲਫੇਅਰ ਆਰਗਨਾਈਜੇਸ਼ਨ ਯੂ. ਕੇ ਅਤੇ ਭਾਟ ਯੂਥ ਵੇਲਫੇਅਰ ਫੈੱਡਰੇਸ਼ਨ ਰਜਿ: ਪੰਜਾਬ ਕੇਂਦਰੀ ਸਥਾਨ ਫਗਵਾੜਾ ਅਤੇ ਪੰਜਾਬ ਦੀਆਂ ਸਮੂਹ ਬ੍ਰਾਚਾਂ ਦੇ ਸਮੂਹ ਮੈਂਬਰ ਸਹਿਬਾਨ ਦੇਸ਼ ਵਿਦੇਸ਼ ਦੀਆ ਭਾਟ ਸਿੱਖ ਸੰਗਤਾ ਅਤੇ ਸਮੂਹ ਭਾਟ ਸੰਪਰਦਾਵਾਂ ਵੱਲੋਂ ਸਾਝੇ ਤੋਰ ਤੇ ਭਾਰੀ ਇਕੱਠ ਵਿੱਚ ਸ਼੍ਰੀ ਅਕਾਲ ਤੱਖਤ ਵਿਖੇ ਪਹੁੰਚੇ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ ਜੱਥੇਦਾਰ ਕੇਸਗੜ੍ਹ ਸਾਹਿਬ ਅਤੇ ਸਾਬਕਾ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ਵੇਦੰਤੀ ਜ ਿਨੂੰ ਮਿਲੇ ਅਤੇ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਬਾਣੀ ਦੇ ਰਚਨ ਹਾਰ ਸਮੂਹ ਭੱਟ ਸਹਿਬਾਨ ਜੀ ਦੇ ਮਿਲਾਪ ਦਿਵਸ ਮਨਾਉਣ ਸਬੰਧੀ ਮੰਗ ਰੱਖੀ ਜਿਸ ਵਿੱਚ ਇਤਿਹਾਸਿਕ ਤੱਥ ਦੱਸੇ ਗਏ ਕਿ ਗੋਇੰਦਵਾਲ ਸਾਹਿਬ ਵਿਖੇ ਪੰਜਵੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਭੱਟ ਸਹਿਬਾਨਾ ਦਾ ਜੱਥਾ ਆਕਿ ਮਿਲਆਿ ਸੀ 15 ਸਤੰਬਰ ਦਿਨ ਸ਼ੁੱਕਰਵਾਰ 1581 ਦਾ ਇਤਿਹਾਸਕ ਦਿਹਾੜਾ ਮੰਜੀ ਸਾਹਿਬ ਅੰਮ੍ਰਿਤਸਰ ਤੋਂ ਮਨਾਉਣ ਦਾ ਅਗਾਜ਼ ਕੀਤਾ ਜਾਵੇ ਤਾ ਜੋ ਸਿੱਖ ਸੰਗਤਾਂ ਇਸ ਇਤਿਹਾਸਕ ਦਿਹਾੜੇ ਦਾ ਪਤਾ ਲਗ ਸਕੇ ਮਾਨਯੋਗ ਸਿੰਘ ਸਾਹਿਬ ਜੀ ਵੱਲੋਂ ਪੂਰਨ ਸਹਿਯੋਗ ਦਵਾਇਆ ਗਿਆ ਅਤੇ ਕਿਹਾ ਗਿਆ ਇਹ ਤੁਹਾਡੀ ਜਾਇਜ ਮੰਗ ਹੈ ਇਸ ਨੂੰ ਪੂਰਾ ਕੀਤਾ ਜਾਵੇਗਾ।ਸਮੂਹ ਭਾਟ ਸਿੱਖ ਸੰਗਤਾ ਅਤੇ ਸਮੂਹ ਭਾਟ ਸੰਪਰਦਾਵਾਂ ਵਿੱਚ ਖੁਸ਼ੀ ਦੀ ਲਹਿਰ ਮਿਲੀ ਅਤੇ ਸਮੂਹ ਭਾਟ ਸਿੱਖ ਸੰਗਤਾ ਅਤੇ ਸਮੂਹ ਭਾਟ ਸੰਪਰਦਾਵਾਂ ਅਤੇ ਭਾਟ ਸਿੱਖ ਵੈਲਫੇਅਰ ਆਰਗਨਾਈਜੇਸ਼ਨ ਯੂ. ਕੇ ਅਤੇ ਭਾਟ ਯੂਥ ਵੇਲਫੇਅਰ ਫੈੱਡਰੇਸ਼ਨ ਰਜਿ: ਪੰਜਾਬ ਕੇਂਦਰੀ ਸਥਾਨ ਫਗਵਾੜਾ ਅਤੇ ਪੰਜਾਬ ਦੀਆਂ ਸਮੂਹ ਬ੍ਰਾਚਾਂ ਸਿੰਘ ਸਾਹਿਬ ਜੀ ਦਾ ਧੰਨਵਾਦ ਕੀਤਾ ਗਿਆ ਵਿਸ਼ੇਸ਼ ਤੋਰ ਤੇ ਵਿਦੇਸ਼ ਤੋ ਪਹੁੰਚੇ ਸ. ਮਹਿਮਦਰ ਸਿੰਘ ਰਾਠੋਰ, ਗਿਆਨੀ ਅਮਰੀਕ ਸਿੰਘ ਜੀ ਰਠੋਰ ਪ੍ਰਧਾਨ ਪਰਮਜੀਤ ਸਿੰਘ ਜੀ ਗਲੋਈ ਅਦਿ ॥

ਵਰਲਡ ਕੈਂਸਰ ਕੇਅਰ ਵੱਲੋਂ ਸ. ਸੁਖਪਾਲ ਸਿੰਘ ਸਿੱਧੂ ਦੀ ਨਵੀਂ ਬਣੀ ਫਿਲਮ "ਜਿੰਦਗੀ" ਰਿਲੀਜ਼

ਸ੍ਰੀ ਮੁਕਤਸਰ ਸਾਹਿਬ -(ਮਨਜਿੰਦਰ ਗਿੱਲ)-ਵਰਲਡ ਕੈਂਸਰ ਕੇਅਰ ਵੱਲੋਂ ਅੱਜ ਵਿਸਾਖੀ ਦੇ ਦਿਹਾੜੇ ਤੇ ਸ. ਸੁਖਪਾਲ ਸਿੰਘ ਸਿੱਧੂ ਦੀ ਨਵੀਂ ਬਣੀ ਫਿਲਮ "ਜਿੰਦਗੀ" ਨੂੰ ਰਿਲੀਜ਼ ਕੀਤਾ ਗਿਆ। "ਜਿੰਦਗੀ" ਅੱਜ ਦੀ ਕਿਸਾਨੀ ਨੂੰ ਸਮਰਪਿਤ ਫਿਲਮ ਹੈ ਜਿਸ ਵਿੱਚ ਵੱਧ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਕਿਸਾਨਾਂ ਨੂੰ ਸੇਧ ਦਿੱਤੀ ਗਈ ਹੈ। "ਜਿੰਦਗੀ ਫਿਲਮ", ਉੱਘੇ ਸਮਾਜ ਸੇਵਕੀ ਸ. ਸੁਖਪਾਲ ਸਿੰਘ ਸਿੱਧੂ ਵੱਲੋਂ ਡਾਇਰੈਕਟ ਕੀਤੀ ਗਈ ਹੈ। ਸ. ਸਿੱਧੂ ਲੋਕ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਪੰਜਾਬ ਦੀਆਂ ਕਈ ਸੰਸਥਾਵਾਂ ਨਾਲ ਜੁੜੇ ਹੋਏ ਹਨ।

ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ ਲੁਧਿਆਣਾ ਤੋਂ ਅਕਾਲੀ-ਭਾਜਪਾ ਉਮੀਦਵਾਰ ਐਲਾਨਿਆ

ਚੰਡੀਗੜ੍ਹ/13 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ ਲੋਕ ਸਭਾ ਹਲਕਾ ਲੁਧਿਆਣਾ ਲਈ ਅਕਾਲੀ-ਭਾਜਪਾ ਉਮੀਦਵਾਰ ਘੋਸ਼ਿਤ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਦੱਿਸਆ ਕਿ ਬਾਕੀ ਰਹਿੰਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਸਰਦਾਰ ਗਰੇਵਾਲ ਦੇ ਨਾਂ ਦੇ ਐਲਾਨ ਮਗਰੋਂ ਅਕਾਲੀ ਦਲ ਨੇ ਪੰਜਾਬ ਅੰਦਰ ਆਪਣੇ 10 ਉਮੀਦਵਾਰਾਂ ਵਿਚੋਂ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਦੀ ਗਠਜੋੜ ਸਹਿਯੋਗੀ ਭਾਜਪਾ ਵੱਲੋਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤਿੰਨ ਸੀਟਾਂ ਉੱਤੇ ਚੋਣ ਲੜੀ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਸਰਦਾਰ ਗਰੇਵਾਲ ਇੱਕ ਸੀਨੀਅਰ ਅਤੇ ਟਕਸਾਲੀ ਅਕਾਲੀ ਆਗੂ ਹਨ, ਜਿਹਨਾਂ ਦਾ ਆਪਣੇ ਹਲਕੇ ਅੰਦਰ ਇੱਕ ਪੰਥਕ ਆਗੂ ਵਜੋਂ ਬੜਾ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਅਕਸ ਹੈ।

ਡੇਰਾ ਬਾਬਾ ਨਾਨਕ ਚੈੱਕ ਪੋਸਟ ’ਤੇ ਬਣਨਗੇ 54 ਕਾਊਂਟਰ

ਚੰਡੀਗੜ੍ਹ, ਅਪਰੈਲ ਕੇਂਦਰ ਸਰਕਾਰ ਡੇਰਾ ਬਾਬਾ ਨਾਨਕ ਵਿਚ ਆਧੁਨਿਕ ਚੈੱਕ ਪੋਸਟ ਬਣਾਉਣ ਜਾ ਰਹੀ ਹੈ। ਇਸ ’ਚ ਦੋ ਵੀਆਈਪੀ ਕਾਊਂਟਰਾਂ ਸਮੇਤ ਕੁੱਲ 54 ਕਾਊਂਟਰ ਹੋਣਗੇ ਤਾਂ ਜੋ ਸ੍ਰੀ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰੇ ਦੇ ਦਰਸ਼ਨ ਦੀਦਾਰ ਕਰਨ ਵਾਲੇ ਸ਼ਰਧਾਲੂਆਂ ਨੂੰ ਚੈੱਕ ਪੋਸਟਾਂ ’ਤੇ ਕਾਗਜ਼ ਪੱਤਰ ਬਣਾਉਣ ਵਿਚ ਬਹੁਤੀ ਉਡੀਕ ਨਾ ਕਰਨੀ ਪਵੇ। ਚੈੱਕ ਪੋਸਟ 165 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਦਾ ਅਨੁਮਾਨ ਹੈ।
ਜਾਣਕਾਰੀ ਅਨੁਸਾਰ 54 ਕਾਊਂਟਰਾਂ ਵਿਚੋਂ ਇਕ ਕਾਊਂਟਰ ਐਮਰਜੈਂਸੀ ਹਾਲਾਤ ਨਾਲ ਸਿੱਝਣ ਲਈ ਹੋਵੇਗਾ ਤਾਂ ਜੋ ਕਿਸੇ ਦੇ ਬਿਮਾਰ ਹੋਣ ਦੀ ਸਥਿਤੀ ਵਿਚ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਵਾਪਸ ਲਿਆਂਦਾ ਜਾ ਸਕੇ। ਚੈੱਕ ਪੋਸਟ ਦੀ ਇਮਾਰਤ ਬਹੁਤ ਹੀ ਵਧੀਆ ਬਣਾਉਣ ਦੀ ਤਿਆਰੀ ਹੈ ਜਿਸ ਵਿਚ ਇਕੋ ਸਮੇਂ ਦੋ ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ। ਵੱਡੀ ਗਿਣਤੀ ਵਿਚ ਕਾਊਂਟਰ ਬਣਾਉਣ ਦਾ ਮੰਤਵ ਕਿਸੇ ਵੀ ਸ਼ਰਧਾਲੂ ਨੂੰ ਇਕ ਘੰਟੇ ਤੋਂ ਵੱਧ ਉਡੀਕ ਨਾ ਕਰਨੀ ਪਵੇ ਹੋਵੇਗਾ। ਇਸ ਦੇ ਮੁਕਾਬਲੇ ’ਚ ਅਟਾਰੀ ਚੈੱਕ ਪੋਸਟ ਕਿਤੇ ਛੋਟੀ ਹੈ ਅਤੇ ਇਸ ਵਿਚ ਕੇਵਲ 10 ਹੀ ਕਾਊਂਟਰ ਹਨ।
ਕਰਤਾਰਪੁਰ ਲਾਂਘੇ ਨਾਲ ਜੁੜੇ ਮਸਲਿਆਂ ਦੇ ਹੱਲ ਅਤੇ ਆਪਸੀ ਸਹਿਮਤੀ ਬਣਾਉਣ ਲਈ ਦੋਵੇਂ ਮੁਲਕਾਂ ਦੇ ਅਧਿਕਾਰੀਆਂ ਵਿਚਕਾਰ 16 ਅਪਰੈਲ ਨੂੰ ਇਕ ਹੋਰ ਮੀਟਿੰਗ ਹੋਵੇਗੀ। ਦੋਵੇਂ ਮੁਲਕਾਂ ਨੇ ਰੋਜ਼ਾਨਾ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਨਿਰਧਾਰਤ ਕਰਨੀ ਹੈ ਅਤੇ ਇਹ ਫ਼ੈਸਲਾ ਵੀ ਕਰਨਾ ਹੈ ਕਿ ਪਾਸਪੋਰਟ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਦਸਤਾਵੇਜ਼ ਹੋ ਸਕਦੇ ਹਨ ਜਿਸ ਨੂੰ ਆਧਾਰ ਮੰਨ ਕੇ ਪਰਮਿਟ ਦਿੱਤਾ ਜਾ ਸਕਦਾ ਹੈ ਅਤੇ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ ਕਿੰਨਾ ਸਮਾਂ ਠਹਿਰ ਸਕਣਗੇ। ਪਾਕਿਸਤਾਨ ਵਾਲੇ ਪਾਸੇ ਤੋਂ ਆ ਰਹੀ ਜਾਣਕਾਰੀ ਅਨੁਸਾਰ ਉਥੋਂ ਦੀ ਸਰਕਾਰ ਇਸ ਇਲਾਕੇ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਵੱਡੇ ਵੱਡੇ ਹੋਟਲ ਬਣਾ ਰਹੀ ਹੈ ਤੇ ਖ਼ਰੀਦੋ ਫਰੋਖ਼ਤ ਲਈ ਵੱਡੀ ਮਾਰਕੀਟ ਬਣਾਉਣ ਜਾ ਰਹੀ ਹੈ। ਇਸ ਸਥਿਤੀ ਵਿਚ ਦਰਸ਼ਨ ਕਰਨ ਗਏ ਸ਼ਰਧਾਲੂ ਚਾਰ-ਪੰਜ ਘੰਟਿਆਂ ਤੋਂ ਪਹਿਲਾਂ ਨਹੀਂ ਮੁੜ ਸਕਣਗੇ। ਇਸ ਕਾਰਨ ਦੋ ਘੰਟੇ ਦੀ ਥਾਂ ਵੱਧ ਸਮੇਂ ਵਾਸਤੇ ਪਾਕਿਸਤਾਨ ਵਿਚ ਰੁਕਣ ਲਈ ਸਮਾਂ ਦੇਣਾ ਪਵੇਗਾ। ਸੰਭਵ ਹੈ ਕਿ ਸ਼ੁਰੂ ਸ਼ੁਰੂ ਵਿਚ ਘੱਟ ਸਮਾਂ ਦਿੱਤਾ ਜਾਵੇ ਅਤੇ ਬਾਅਦ ਵਿਚ ਪਾਕਿਸਤਾਨ ਦੀ ਮਾਕਰੀਟ ਦੀ ਮੰਗ ’ਤੇ ਸਮਾਂ ਵਧਾਉਣਾ ਪੈ ਸਕਦਾ ਹੈ।

ਕੁੰਵਰ ਵਿਜੈ ਪ੍ਰਤਾਪ ਨੂੰ ਬਦਲਣ ਦੇ ਫ਼ੈਸਲੇ ’ਤੇ ਵਿਚਾਰ ਕਰੇ ਚੋਣ ਕਮਿਸ਼ਨ: ਕੈਪਟਨ

ਚੰਡੀਗੜ੍ਹ,  ਅਪਰੈਲ  ਵੱਖ ਵੱਖ ਕਾਨੂੰਨੀ, ਨਿਆਂਇਕ ਅਤੇ ਸੰਵਿਧਾਨਿਕ ਇਤਰਾਜ਼ਾਂ ਦੇ ਹਵਾਲੇ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਬਾਰੀ ਘਟਨਾ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਬਦਲਣ ਦੇ ਹੁਕਮ ’ਤੇ ਮੁੜ ਵਿਚਾਰ ਕਰਨ ਲਈ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ।
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਵਿਜੈ ਪ੍ਰਤਾਪ ਸਮੇਤ ਸਿਟ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜਰ ਤਹਿਤ ਕਾਨੂੰਨੀ ਕਾਰਵਾਈ ਕਰ ਰਹੀ ਸੀ ਅਤੇ ਇਹ ਆਦਰਸ਼ ਚੋਣ ਜ਼ਾਬਤੇ ਨੂੰ ਪ੍ਰਭਾਵਿਤ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਆਈਜੀ ਨੂੰ ਤਬਦੀਲ ਕਰਨਾ ਜਾਂਚ ਵਿੱਚ ਦਖ਼ਲਅੰਦਾਜ਼ੀ ਹੈ ਅਤੇ ਇਹ 25 ਜਨਵਰੀ 2019 ਦੇ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਹੈ। ਹਾਈ ਕੋਰਟ ਨੇ ਸਿਟ ਦੀ ਬਣਤਰ ਅਤੇ ਪੜਤਾਲ ਦੇ ਢੰਗ ਤਰੀਕਿਆਂ ਵਿਰੁੱਧ ਸਿਆਸੀ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਏਜੰਸੀ ਅਤੇ ਸਿਟ ਵੱਲੋਂ ਪ੍ਰੈੱਸ ਵਿੱਚ ਆਖੀਆਂ ਗਈਆਂ ਗੱਲਾਂ ਅਣਹੋਣੀਆਂ ਜਾਂ ਵਿਲੱਖਣ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਗਟਾਵੇ ਜਾਂਚ ਏਜੰਸੀਆਂ ਦੇ ਨਿਯਮਾਂ ਅਤੇ ਅਮਲ ਦਾ ਹਿੱਸਾ ਬਣ ਗਏ ਹਨ ਜੋ ਪਾਰਦਰਸ਼ੀ ਅਤੇ ਜਨਤਕ ਜਾਗਰੂਕਤਾ ਦੇ ਅਮਲ ਦਾ ਹਿੱਸਾ ਹਨ। ‘ਸੀਬੀਆਈ ਵਰਗੀ ਜਾਂਚ ਏਜੰਸੀ ਆਪਣੇ ਪ੍ਰੈੱਸ ਬੁਲਾਰੇ ਨਿਯੁਕਤ ਕਰਦੀ ਹੈ ਅਤੇ ਸਮੇਂ-ਸਮੇਂ ’ਤੇ ਪ੍ਰੈੱਸ ਰਿਲੀਜ਼ ਜਾਰੀ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਵੈੱਬਸਾਈਟ ’ਤੇ ਅਪਲੋਡ ਵੀ ਕੀਤਾ ਜਾਂਦਾ ਹੈ।’ ਉਨ੍ਹਾਂ ਕਿਹਾ ਕਿ ਆਈਜੀ ਦੀ ਜਿਸ ਇੰਟਰਵਿਊ ’ਤੇ ਸਵਾਲ ਉਠਾਏ ਜਾ ਰਹੇ ਹਨ, ਉਸ ਨੂੰ ਸਹੀ ਸੰਦਰਭ ਵਿੱਚ ਦੇਖਣ ਦੀ ਲੋੜ ਹੈ ਅਤੇ ਇਹ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਨਹੀਂ ਹੈ ਅਤੇ ਨਾ ਹੀ ਇਹ ਸਿਆਸੀ ਤੌਰ ’ਤੇ ਪ੍ਰੇਰਿਤ ਹੈ। ਮੁੱਖ ਮੰਤਰੀ ਨੇ ਲਿਖਿਆ ਹੈ ਕਿ ਸ੍ਰੀ ਕੁੰਵਰ ਵਿਜੈ ਪ੍ਰਤਾਪ ਨੂੰ ਸਿਆਸੀ ਸਵਾਲ ਕਰਨ ਦੇ ਬਾਵਜੂਦ ਉਨ੍ਹਾਂ ਨੇ ਅਜਿਹੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕੀਤਾ ਸੀ।
ਕੈਪਟਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਮੁੱਚੇ ਰੂਪ ਵਿੱਚ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ। ਚੋਣ ਕਮਿਸ਼ਨ ਨੇ ਜਿਸ ਸ਼ਿਕਾਇਤ ’ਤੇ ਕਾਰਵਾਈ ਕੀਤੀ ਹੈ, ਉਹ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਾਈ ਗਈ ਸੀ। ਪਟੀਸ਼ਨ ਵਿੱਚ ਜਾਂਚ ਸੀਬੀਆਈ ਨੂੰ ਤਬਦੀਲ ਕਰਨ ਦੀ ਮੰਗ ਕੀਤੀ ਸੀ ਜੋ ਅਦਾਲਤ ਨੇ ਰੱਦ ਕਰ ਦਿੱਤੀ ਸੀ ਅਤੇ ਉਸ ਨੇ ਮੌਜੂਦਾ ਐਸਆਈਟੀ ਵਿੱਚ ਪੂਰਾ ਵਿਸ਼ਵਾਸ ਜਤਾਇਆ ਸੀ।

ਪੰਜਾਬ ਪੁਲੀਸ ਵਿਚ ਵੱਖਰਾ ਤਫ਼ਤੀਸ਼ੀ ਕੇਡਰ ਕਾਇਮ

ਪਟਿਆਲਾ,  ਅਪਰੈਲ  ਪੰਜਾਬ ਪੁਲੀਸ ਵਿਚ ਨਵੀਆਂ ਕਾਇਮ ਕੀਤੀਆਂ ਅਸਾਮੀਆਂ ’ਤੇ ਪੂਰੇ ਸੂਬੇ ’ਚ ਅਧਿਕਾਰੀਆਂ ਦੀ ਤਾਇਨਾਤੀ ਹੋਣ ਦੇ ਨਾਲ ਹੀ ਪੰਜ ਸਾਲ ਪਹਿਲਾਂ ਸੂਬਾ ਸਰਕਾਰ ਵੱਲੋਂ ਲਿਆ ਵੱਖਰੇ ਪੁਲੀਸ ਤਫ਼ਤੀਸ਼ੀ ਕੇਡਰ ਦਾ ਸੁਫ਼ਨਾ ਸਾਕਾਰ ਹੋ ਗਿਆ ਹੈ। ਪਿਛਲੇ ਮਹੀਨੇ ਚੋਣ ਕਮਿਸ਼ਨ ਨੇ ਇਨ੍ਹਾਂ ਅਧਿਕਾਰੀਆਂ ਦੀ ਨਿਯੁਕਤੀ ਉੱਤੇ ਪਾਬੰਦੀ ਲਾ ਦਿੱਤੀ ਸੀ ਪਰ ਲੰਘੇ ਮੰਗਲਵਾਰ ਰੋਕ ਹਟਾ ਲਈ ਗਈ। ਚੋਣ ਕਮਿਸ਼ਨ ਦੇ 8 ਅਪਰੈਲ ਦੇ ਹੁਕਮਾਂ ਤੋਂ ਬਾਅਦ ਹੀ ਵੱਖਰੇ ਤਫ਼ਤੀਸ਼ੀ ਕੇਡਰ ਦੀ ਕਾਇਮੀ ਦਾ ਰਾਹ ਪੱਧਰਾ ਹੋ ਗਿਆ ਸੀ। ਇਹ ਕਾਨੂੰਨ ਤੇ ਵਿਵਸਥਾ (ਲਾਅ ਐਂਡ ਆਰਡਰ) ਕਾਨੂੰਨ ਤੇ ਵਿਵਸਥਾ (ਲਾਅ ਐਂਡ ਆਰਡਰ) ਤੋਂ ਵੱਖਰਾ ਹੋਵੇਗਾ ਤੇ ਇਸ ਨੂੰ ‘ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ’ ਦਾ ਨਾਂ ਦਿੱਤਾ ਗਿਆ ਹੈ। ਇਸ ਤਹਿਤ 269 ਪੁਲੀਸ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਪਿਛਲੇ ਮਹੀਨੇ 10 ਮਾਰਚ ਨੂੰ ‘ਦਿ ਟ੍ਰਿਬਿਊਨ’ ਵੱਲੋਂ ਪੰਜਾਬ ਪੁਲੀਸ ਦੇ ਆਲ੍ਹਾ ਅਧਿਕਾਰੀਆਂ ਵੱਲੋਂ ਪਦਉੱਨਤ ਡੀਐੱਸਪੀ ਰੈਂਕ ਦੇ ਅਫ਼ਸਰਾਂ ਲਈ ਨਵੀਆਂ ਅਸਾਮੀਆਂ ਕਾਇਮ ਕੀਤੇ ਜਾਣ ਬਾਰੇ ਇਕ ਰਿਪੋਰਟ ਛਾਪੀ ਗਈ ਸੀ। ਰਿਪੋਰਟ ਵਿਚ ਇਨ੍ਹਾਂ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਤਾਇਨਾਤ ਕੀਤੇ ਜਾਣ ਦਾ ਵੀ ਜ਼ਿਕਰ ਸੀ। ਇਸ ਤੋਂ ਬਾਅਦ ਕਮਿਸ਼ਨ ਨੇ ਅਧਿਕਾਰੀਆਂ ਦੇ ਜੁਆਇਨ ਕਰਨ ’ਤੇ ਰੋਕ ਲਾ ਦਿੱਤੀ ਸੀ। ਇਕ ਸਿਖ਼ਰਲੇ ਅਧਿਕਾਰੀ ਮੁਤਾਬਕ ਉਦੋਂ ਤੋਂ ਹੀ ਇਹ ਅਫ਼ਸਰ ਬਿਨਾਂ ਕੰਮ ਤੋਂ ਤਨਖ਼ਾਹ ਲੈ ਰਹੇ ਸਨ। ਹਾਲਾਂਕਿ ਮੰਗਲਵਾਰ ਨੂੰ ਨਿਯੁਕਤੀ ਦੇ ਹੁਕਮ ਆਉਣ ਤੋਂ ਬਾਅਦ ਬਹੁਤੇ ਅਧਿਕਾਰੀ ਜ਼ਿਲ੍ਹਿਆਂ ’ਚ ਬਿਨਾਂ ‘ਮੁੱਢਲੇ ਢਾਂਚੇ ਤੇ ਡਿਊਟੀ ਵੰਡੇ ਬਿਨਾਂ’ ਹੀ ਤਾਇਨਾਤ ਕਰ ਦਿੱਤੇ ਗਏ ਹਨ। ਕੁਝ ਕੋਲ ਤਾਂ ਦਫ਼ਤਰ ਵੀ ਨਹੀਂ ਹਨ।

ਬਾਦਲ ਪਰਿਵਾਰ ਨੇ ਡੇਰਾ ਮੁਖੀ ਨੂੰ ਬਿਨਾਂ ਮੰਗੇ ਮੁਆਫ਼ੀ ਦਿਵਾਈ: ਖਾਲਸਾ

ਬਰਨਾਲਾ, ਅਪਰੈਲ  ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਸਾਰੀਆਂ ਛੋਟੀਆਂ ਪਾਰਟੀਆਂ ਨੂੰ ਆਪਣੇ ਗਿਲੇ-ਸ਼ਿਕਵੇ ਦੂਰ ਕਰਕੇ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਹਰਾਉਣ ਦਾ ਸੱਦਾ ਦਿੱਤਾ ਹੈ। ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਸ੍ਰੀ ਖਾਲਸਾ ਨੇ ਕਿਹਾ ਕਿ ਜੇਕਰ ਪੰਜਾਬੀਆਂ ਦੀ ਆਵਾਜ਼ ਦਿੱਲੀ ਤਕ ਪਹੁੰਚਾਉਣੀ ਹੈ ਤਾਂ ਸਾਰੇ ਪੰਜਾਬ ’ਚ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਮਾਤ ਦੇਣੀ ਹੀ ਪਵੇਗੀ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਅਕਾਲ ਤਖ਼ਤ ਦੇ ਜਥੇਦਾਰ ਤੋਂ ਹੁਕਮ ਜਾਰੀ ਕਰਵਾ ਕੇ ਧੱਕੇ ਨਾਲ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਈ ਸੀ ਜਦੋਂਕਿ ਡੇਰਾ ਮੁਖੀ ਨੇ ਮੁਆਫ਼ੀ ਨਹੀਂ ਮੰਗੀ ਸੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਹੀ ਹਿੰਦੂ-ਸਿੱਖ ਪੱਤਾ ਖੇਡ ਰਿਹਾ ਹੈ। ਸ੍ਰੀ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਆਪਣੀ ਨਿੱਜੀ ਪਾਰਟੀ ਬਣਾਇਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਏ ਹਨ। ਉਨ੍ਹਾਂ ਕਿਹਾ ਕਿ ਦਲਿਤ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਮਿਲਣ ਵਾਲੀ ਵਜ਼ੀਫ਼ਾ ਰਾਸ਼ੀ ’ਚ ਹੋਏ ਘਪਲੇ ਦੀ ਜਾਂਚ ਸੂਬਾ ਸਰਕਾਰ ਵੱਲੋਂ ਹਾਲੇ ਤੱਕ ਨਹੀਂ ਕਰਵਾਈ ਗਈ। ਜਾਣਕਾਰੀ ਅਨੁਸਾਰ ਰਾਜਦੇਵ ਸਿੰਘ ਖਾਲਸਾ 1989 ’ਚ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਉਸ ਵੇਲੇ ਉਹ ਖਾਲਸਾ ਯੂਨਾਈਟਿਡ ਅਕਾਲੀ ਦਲ ਦੇ ਉਮੀਦਵਾਰ ਸਨ।

ਬਰਗਾੜੀ ਇਨਸਾਫ਼ ਮੋਰਚਾ ਵੱਲੋਂ ਚੋਣ ਕਮਿਸ਼ਨ ਨੂੰ ਸੱਤ ਦਿਨਾਂ ਦਾ ਅਲਟੀਮੇਟਮ

ਬਠਿੰਡਾ,  ਅਪਰੈਲ  ਬਰਗਾੜੀ ਇਨਸਾਫ ਮੋਰਚਾ ਅੱਜ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪਿੱਠ ’ਤੇ ਆ ਗਿਆ ਹੈ। ਚੋਣ ਕਮਿਸ਼ਨ ਵੱਲੋਂ ਆਈ.ਜੀ ਦਾ ਤਬਾਦਲਾ ਕਰਨ ਮਗਰੋਂ ਬਰਗਾੜੀ ਮੋਰਚਾ ਕਾਫ਼ੀ ਤਲਖ਼ ਰੌਂਅ ਵਿੱਚ ਹੈ ਅਤੇ ਇਸ ਤਬਾਦਲੇ ਨੂੰ ਰੋਕਣ ਲਈ ਮੋਰਚਾ ਨਵਾਂ ਸੰਘਰਸ਼ ਵਿੱਢਣ ਦੇ ਰਾਹ ਪੈਣ ਲੱਗਾ ਹੈ। ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਅੱਜ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਸੱਤ ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਹੈ। ਮੁਤਵਾਜ਼ੀ ਜਥੇਦਾਰ ਮੰਡ ਨੇ ਆਖਿਆ ਕਿ ਜੇਕਰ ਸਿੱਟ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਹਫਤੇ ਵਿਚ ਰੱਦ ਨਾ ਕੀਤਾ ਗਿਆ ਤਾਂ ਉਹ ਅਗਲਾ ਸੰਘਰਸ਼ ਵਿੱਢਣਗੇ। ਮੁਤਵਾਜ਼ੀ ਜਥੇਦਾਰ ਮੰਡ ਨੇ ਅੱਜ ਇਹ ਅਲਟੀਮੇਟਮ ਮੋਰਚੇ ਦੇ ਆਗੂ ਗੁਰਦੀਪ ਸਿੰਘ ਬਠਿੰਡਾ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗੁਰਸੇਵਕ ਸਿੰਘ ਜਵਾਹਰਕੇ ਤੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਦੀ ਹਾਜ਼ਰੀ ਦੌਰਾਨ ਦਿੱਤਾ। ਪੰਥਕ ਆਗੂਆਂ ਨੇ ਆਖਿਆ ਕਿ ਅਗਰ ਆਈ.ਜੀ ਦਾ ਤਬਾਦਲਾ ਰੱਦ ਨਾ ਕੀਤਾ ਤਾਂ ਸ਼ਾਂਤਮਈ ਤੇ ਤਿੱਖਾ ਸੰਘਰਸ਼ ਹੋਵੇਗਾ, ਜਿਸ ਦਾ ਮਗਰੋਂ ਐਲਾਨ ਕੀਤਾ ਜਾਵੇਗਾ। ਸਾਰੀਆਂ ਪੰਥਕ ਧਿਰਾਂ ਦੇ ਸਹਿਯੋਗ ਨਾਲ ਇਹ ਸੰਘਰਸ਼ ਹੋਵੇਗਾ। ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਆਖਿਆ ਕਿ ਚੋਣ ਕਮਿਸ਼ਨ ਨੇ ਆਈ.ਜੀ ਦਾ ਤਬਾਦਲਾ ਕਰਕੇ ਸਿੱਖ ਪੰਥ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ।

ਸਹੂਲਤਾਂ ਖੋਹ ਕੇ ਕੈਪਟਨ ਨੇ ਲੋਕਾਂ ਨਾਲ ਧ੍ਰੋਹ ਕਮਾਇਆ: ਸੁਖਬੀਰ

ਮਾਛੀਵਾੜਾ, ਅਪਰੈਲ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਚੋਣ ਮੁਹਿੰਮ ਦੌਰਾਨ ਹਲਕਾ ਸਾਹਨੇਵਾਲ ਦੇ ਪਿੰਡ ਕੂੰਮਕਲਾਂ ’ਚ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਰੈਲੀ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ।
ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੀ ਤਰੱਕੀ ਲਈ ਸੂਬੇ ਵਿਚ 2 ਕੌਮਾਂਤਰੀ ਹਵਾਈ ਅੱਡੇ ਸਥਾਪਿਤ ਕਰਨ ਦੇ ਨਾਲ-ਨਾਲ 132 ਮੰਡੀਆਂ ਅਤੇ ਸ਼ਹਿਰਾਂ ਵਿਚ ਸੀਵਰੇਜ, ਪੱਕੀਆਂ ਸੜਕਾਂ ਅਤੇ ਪੁਲ ਬਣਾ ਕੇ ਪੰਜਾਬ ਨੂੰ ਵਿਕਾਸ ਦੇ ਸਿਖ਼ਰ ’ਤੇ ਪਹੁੰਚਾਇਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ’ਚ ਸੱਤਾ ਕਰਨ ਦੇ ਕਾਬਿਲ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਠੱਗੀ ਨਾਲ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਲਜਾਂ ’ਚ ਪੜ੍ਹਨ ਵਾਲੇ ਗ਼ਰੀਬ ਬੱਚਿਆਂ ਦਾ ਕਰੀਬ 700 ਕਰੋੜ ਰੁਪਏ ਦਾ ਵਜ਼ੀਫ਼ਾ ਅਤੇ ਬਜ਼ੁਰਗਾਂ ਨੂੰ ਪੈਨਸ਼ਨ, ਨੀਲੇ ਕਾਰਡ ਤਹਿਤ ਮਿਲਦੀਆਂ ਸਹੂਲਤਾਂ ਬੰਦ ਕਰ ਕੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਲੋਕਾਂ ਸਭਾ ਚੋਣਾਂ ਦੌਰਾਨ ਉਹ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਣ ਵਾਲੇ ਮੁੱਖ ਮੰਤਰੀ ਨੂੰ ਸਬਕ ਸਿਖਾਉਣ ਅਤੇ 13 ਸੀਟਾਂ ’ਤੇ ਅਕਾਲੀ ਦਲ ਨੂੰ ਜਿਤਾਉਣ। ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਨੇ ਉਨ੍ਹਾਂ ਨੂੰ ਵੱਡਾ ਮਾਣ ਬਖ਼ਸ਼ਿਆ ਹੈ ਅਤੇ ਉਹ ਲੋਕਾਂ ਦੀ ਆਸ ’ਤੇ ਖ਼ਰਾ ਉਤਰਨਗੇ।

ਚੋਣ ਕਮਿਸ਼ਨ ਵੱਲੋਂ ਪੁਲੀਸ ਅਧਿਕਾਰੀਆਂ ਦੀ ਤਾਇਨਾਤੀ ਨੂੰ ਪ੍ਰਵਾਨਗੀ

ਚੰਡੀਗੜ੍ਹ,  ਅਪਰੈਲ ਚੋਣ ਕਮਿਸ਼ਨ ਨੇ ਪੰਜਾਬ ਦੇ ਸਵਾ ਦੋ ਸੌ ਐੱਸਪੀ ਤੇ ਡੀਐੱਸਪੀ ਰੈਂਕ ਦੇ ਪੁਲੀਸ ਅਫ਼ਸਰਾਂ ਦੀਆਂ ਤਾਇਨਾਤੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਰਾਜ ਸਰਕਾਰ ਵੱਲੋਂ 10 ਮਾਰਚ ਨੂੰ ਚੋਣ ਜ਼ਾਬਤੇ ਵਾਲੇ ਦਿਨ ਹੀ ਇਨ੍ਹਾਂ ਪੁਲੀਸ ਅਫ਼ਸਰਾਂ ਦੀਆਂ ਤਾਇਨਾਤੀਆਂ ਕੀਤੀਆਂ ਹੋਣ ਕਾਰਨ ਕਮਿਸ਼ਨ ਨੇ ਵੱਡੀ ਗਿਣਤੀ ਪੁਲੀਸ ਅਫ਼ਸਰਾਂ ਨੂੰ ਨਵੀਆਂ ਥਾਵਾਂ ’ਤੇ ਜੁਆਇਨ ਨਹੀਂ ਸੀ ਕਰਨ ਦਿੱਤਾ। ਪੁਲੀਸ ਵਿਭਾਗ ਵੱਲੋਂ 269 ਅਫ਼ਸਰਾਂ ਦੇ ਤਬਾਦਲੇ ਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਕਈਆਂ ਨੇ ਤਾਂ ਨਵੀਆਂ ਥਾਵਾਂ ’ਤੇ ਜੁਆਇਨ ਕਰ ਲਿਆ ਸੀ ਜਦਕਿ 225 ਦੇ ਕਰੀਬ ਅਧਿਕਾਰੀ ਜੁਆਇਨ ਨਹੀਂ ਸਨ ਕਰ ਸਕੇ। ਕਮਿਸ਼ਨ ਦੇ ਇਸ ਫ਼ੈਸਲੇ ਤੋਂ ਬਾਅਦ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਸੁਖ ਦਾ ਸਾਹ ਲਿਆ ਹੈ ਕਿਉਂਕਿ ਕਮਿਸ਼ਨ ਵੱਲੋਂ ਅੜਿੱਕਾ ਖੜ੍ਹਾ ਕੀਤੇ ਜਾਣ ਕਾਰਨ ਪਿਛਲੇ ਪੂਰੇ ਇੱਕ ਮਹੀਨੇ ਤੋਂ ਇਹ ਅਫ਼ਸਰ ਵਿਹਲੇ ਬੈਠੇ ਹਨ। ਇਸ ਤਰ੍ਹਾਂ ਨਾਲ ਜੇ ਦੇਖਿਆ ਜਾਵੇ ਤਾਂ ਸਰਕਾਰ ਵੱਲੋਂ ਇੱਕ ਮਹੀਨੇ ਦੀ ਤਨਖ਼ਾਹ ਬਿਨਾਂ ਕੰਮ ਤੋਂ ਹੀ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਪੁਲੀਸ ਤੋਂ ਇਨ੍ਹਾਂ ਤਾਇਨਾਤੀਆਂ ਦਾ ਆਧਾਰ ਪੁੱਛਿਆ ਤਾਂ ਸਰਕਾਰ ਵੱਲੋਂ 8 ਅਪਰੈਲ ਨੂੰ ਲਿਖੇ ਇੱਕ ਪੱਤਰ ਰਾਹੀਂ ਜ਼ਿਆਦਾਤਰ ਤਾਇਨਾਤੀਆਂ ਬਿਊਰੋ ਆਫ਼ ਇਨਵੈਸਟੀਗੇਸ਼ਨ ’ਚ ਕੀਤੀਆਂ ਹੋਣ ਕਰਕੇ ਪ੍ਰਵਾਨਗੀ ਮੰਗੀ ਗਈ। ਪੁਲੀਸ ਅਧਿਕਾਰੀਆਂ ਵੱਲੋਂ ਇਹ ਵੀ ਤਰਕ ਦਿੱਤਾ ਗਿਆ ਕਿ 10 ਮਾਰਚ ਨੂੰ ਜਿਨ੍ਹਾਂ ਪੁਲੀਸ ਅਫ਼ਸਰਾਂ ਦੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਅਸਾਮੀਆਂ ਦਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਪੁਲੀਸ ਵੱਲੋਂ ਇੰਸਪੈਕਟਰਾਂ ਤੋਂ ਡੀਐੱਸਪੀ ਅਤੇ ਡੀਐੱਸਪੀ ਤੋਂ ਐੱਸਪੀ ਰੈਂਕ ’ਤੇ ਪਦ ਉੱਨਤੀਆਂ ਕਰਕੇ ਇਹ ਤਾਇਨਾਤੀਆਂ ਕੀਤੀਆਂ ਗਈਆਂ ਸਨ। ਇਸੇ ਦੌਰਾਨ ਕਮਿਸ਼ਨ ਨੇ ਇੱਕ ਹੋਰ ਮਾਮਲੇ ਵਿੱਚ ਖੁਰਾਕ ਤੇ ਸਪਲਾਈ ਵਿਭਾਗ ਨੂੰ ਹਾੜ੍ਹੀ ਦੇ ਸੀਜ਼ਨ ਲਈ ਈ-ਟੈਂਡਰਿੰਗ ਪ੍ਰਣਾਲੀ ਵਿੱਚ ਸੋਧ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਕਮਿਸ਼ਨ ਨੇ ਟੈਂਡਰਿੰਗ ਦੇ ਮਾਮਲੇ ਵਿੱਚ ਵਿਭਾਗ ਨੂੰ ਤਾਕੀਦ ਕੀਤੀ ਹੈ ਕਿ ਇਸ ਮੁੱਦੇ ’ਤੇ ਕਿਸੇ ਕਿਸਮ ਦਾ ਰਾਜਸੀ ਲਾਹਾ ਨਾ ਲਿਆ ਜਾਵੇ।

ਪ੍ਰਨੀਤ ਦੀ ਅਗਵਾਈ ਹੇਠ ਗੈਂਗਸਟਰ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਵਿਵਾਦ

ਪਟਿਆਲਾ,  ਪੰਜਾਬ ਪੁਲੀਸ ਨੇ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ ਪਰ ਪਿਛਲੇ ਦਿਨੀਂ ਇੱੱਕ ਚਰਚਿਤ ਗੈਂਗਸਟਰ ਕੰਵਰ ਰਣਦੀਪ ਸਿੰਘ ਖਰੌੜ ਉਰਫ਼ ਐੱਸ.ਕੇ. ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਇਸ ਨਾਲ ਜਿੱਥੇ ਕਾਂਗਰਸ ’ਚ ਹਲਚਲ ਪੈਦਾ ਹੋ ਗਈ, ਉੱਥੇ ਹੀ ਵਿਰੋਧੀ ਧਿਰਾਂ ਵੀ ਕਾਂਗਰਸ ਨੂੰ ਘੇਰ ਰਹੀਆਂ ਹਨ। ਇਸ ਤੋਂ ਇਲਾਵਾ ਪੁਲੀਸ ਹਲਕਿਆਂ ਵਿੱਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ। ਨੇੜਲੇ ਪਿੰਡ ਬਾਰਨ ਦਾ ਰਹਿਣ ਵਾਲਾ ਐੱਸ.ਕੇ. ਗੈਂਗਸਟਰਾਂ ਦੇ ਹਰਵਿੰਦਰ ਰਿੰਦਾ ਦੀ ਅਗਵਾਈ ਹੇਠਲੇ ਬਹੁ-ਚਰਚਿਤ ਗਰੋਹ ਨਾਲ ਸਬੰਧਤ ਦੱਸਿਆ ਜਾਂਦਾ ਹੈ। ਐੱਸ.ਕੇ. ਖ਼ਿਲਾਫ਼ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਤਲ, ਇਰਾਦਾ ਕਤਲ, ਡਕੈਤੀ ਤੇ ਲੁੱਟ-ਖੋਹ ਆਦਿ ਦੇ 20 ਕੇਸ ਦਰਜ ਹਨ। ਕੁਝ ਕੇਸਾਂ ਵਿੱਚੋਂ ਉਹ ਬਰੀ ਵੀ ਹੋ ਚੁੱਕਾ ਹੈ ਜਦੋਂਕਿ ਬਹੁਤੇ ਕੇਸ ਅਜੇ ਵੀ ਅਦਾਲਤ ’ਚ ਚੱਲ ਰਹੇ ਹਨ। ਉਂਜ, ਅਜੇ ਤੱਕ ਸਜ਼ਾ ਕਿਸੇ ਕੇਸ ਵਿੱਚ ਨਹੀਂ ਹੋਈ ਹੈ। ਉਹ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਪੁਸੂ) ਦਾ ਪ੍ਰਮੁੱਖ ਅਹੁਦੇਦਾਰ ਵੀ ਹੈ। ਉਸ ਨਾਲ ਪਟਿਆਲਾ ਸਮੇਤ ਹੋਰਨਾਂ ਖੇਤਰਾਂ ਤੋਂ ਵੱਡੀ ਗਿਣਤੀ ਵਿਦਿਆਰਥੀ ਅਤੇ ਨੌਜਵਾਨ ਜੁੜੇ ਹੋਏ ਹਨ।
ਅਪਰੈਲ-2016 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਵਿਦਿਆਰਥੀ ਆਗੂ ’ਤੇ ਗੋਲੀ ਚਲਾਉਣ ਦੀ ਘਟਨਾ ਦੇ ਸਬੰਧ ’ਚ ਚੰਡੀਗੜ੍ਹ ਪੁਲੀਸ ਨੇ ਐੱਸ.ਕੇ. ਸਮੇਤ ਤਿੰਨ ਜਣਿਆਂ ’ਤੇ 50-50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਸੀ। ਫਿਰ ਐੱਸ.ਕੇ. ਅਤੇ ਗੁਰਪ੍ਰੀਤ ਗੋਪੀ ਨੂੰ ਗ੍ਰਿਫ਼ਤਾਰ ਕਰ ਕੇ ਇੱਕ ਲੱਖ ਰੁਪਏ ਦਾ ਇਨਾਮ ਪਟਿਆਲਾ ਪੁਲੀਸ ਨੇ ਹਾਸਲ ਕੀਤਾ ਸੀ। ਕੁਝ ਮਹੀਨੇ ਪਹਿਲਾਂ ਐੱਸ.ਕੇ. ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਬਾਹਰ ਆਇਆ ਸੀ। ਇਸ ਤੋਂ ਪਹਿਲਾਂ ਉਹ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਸਮਰਥਕ ਵੀ ਰਹਿ ਚੁੱਕਾ ਹੈ, ਪਰ 6 ਅਪਰੈਲ ਨੂੰ ਇੱਥੇ ਇੱਕ ਸਮਾਗਮ ਵਿੱਚ ਉਹ ਆਪਣੇ ਸੈਂਕੜੇ ਸਮਰਥਕਾਂ ਸਣੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ। ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਸ੍ਰੀ ਹੈਰੀਮਾਨ ਦੇ ਇੱਕ ਸਮਰਥਕ ਜਤਿੰਦਰ ਸਿੰਘ ਵੱੱਲੋਂ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨੇ ਐੱਸ.ਕੇ. ਤੇ ਸਾਥੀਆਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਸੀ। ਸਟੇਜ ’ਤੇ ਐੱਸ.ਕੇ. ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਦੇ ਨਾਲ ਵਾਲੀ ਕੁਰਸੀ ’ਤੇ ਬੈਠਾ ਸੀ।
ਉੱਧਰ, ਵਿਰੋਧੀ ਧਿਰਾਂ ਨੇ ਇਸ ਸਬੰਧੀ ਕਾਂਗਰਸ ਨੂੰ ਲੰਬੇ ਹੱੱਥੀਂ ਲਿਆ। ਵੱਖ ਵੱਖ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਚੋਣਾਂ ਜਿੱਤਣ ਲਈ ਹਮੇਸ਼ਾਂ ਅਜਿਹੇ ਹੀ ਅਡੰਬਰ ਰਚੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਪਤਨੀ ਵੱਲੋਂ ਇੱਕ ਗੈਂਗਸਟਰ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੀ ਕਾਰਵਾਈ ਚੋਣਾਂ ਵਿੱਚ ਅਪਰਾਧੀਆਂ ਦਾ ਸਹਾਰਾ ਲੈਣ ਦੀ ਪ੍ਰਤੱਖ ਮਿਸਾਲ ਹੈ। ਉੱਧਰ, ਐੱਸ.ਕੇ. ਦੇ ਇੱਕ ਸਾਥੀ ਦਾ ਕਹਿਣਾ ਹੈ ਕਿ ਐੱਸ.ਕੇ. ਖ਼ਿਲਾਫ਼ ਕਈ ਕੇਸ ਰੰਜਿਸ਼ ਤਹਿਤ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸਓਆਈ ਦੇ ਕੁਝ ਆਗੂਆਂ ਨੇ ਦਰਜ ਕਰਵਾਏ ਹਨ।

ਭਾਜਪਾ ਆਪਣੀਆਂ ਨਫ਼ਰਤੀ ਨੀਤੀਆਂ ਕਾਰਨ ਹਾਰੇਗੀ: ਮਾਇਆਵਤੀ

ਦਿਓਬੰਦ,  ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਅੱਜ ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਲੋਕ ਦਲ ਨਾਲ ਇੱਥੇ ਪਹਿਲੀ ਸਾਂਝੀ ਰੈਲੀ ਕਰਦਿਆਂ ਭਾਜਪਾ ਤੇ ਕਾਂਗਰਸ ਦੀ ਤਿੱਖੀ ਨਿਖੇਧੀ ਕੀਤੀ। ਬਸਪਾ ਸੁਪਰੀਮੋ ਨੇ ਇਹ ਰੈਲੀ ਲੋਕ ਸਭਾ ਦੀਆਂ ਪਹਿਲੇ ਗੇੜ ਦੀਆਂ ਚੋਣਾਂ ਤੋਂ ਹਫ਼ਤਾ ਪਹਿਲਾਂ ਕੀਤੀ ਹੈ।
ਮਾਇਆਵਤੀ ਨੇ ਕਿਹਾ ਕਿ ਭਾਜਪਾ ‘ਨਫ਼ਰਤ ਭਿੱਜੀਆਂ ਆਪਣੀਆਂ ਨੀਤੀਆਂ’ ਤੇ ਖ਼ਾਸ ਕਰ ਕੇ ‘ਚੌਕੀਦਾਰ’ ਮੁਹਿੰਮ ਕਾਰਨ ਹੀ ਚੋਣ ਹਾਰ ਜਾਵੇਗੀ। ਉਨ੍ਹਾਂ ਕਿਹਾ ਕਿ ਛੋਟੇ, ਵੱਡੇ ਜਿੰਨੇ ਮਰਜ਼ੀ ਚੌਕੀਦਾਰ ਕੋਸ਼ਿਸ਼ ਕਰੀ ਜਾਣ, ਭਾਜਪਾ ਜਿੱਤ ਨਹੀਂ ਸਕੇਗੀ। ਇਸ ਰੈਲੀ ’ਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਤੇ ਰਾਸ਼ਟਰੀ ਲੋਕ ਦਲ ਦੇ ਮੁਖੀ ਅਜੀਤ ਸਿੰਘ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਕਈ ਵਰ੍ਹੇ ਰਾਜ ਕਰਨ ਤੋਂ ਬਾਅਦ ਨਾਕਾਮ ਸਾਬਿਤ ਹੋਈ ਹੈ। ਬਸਪਾ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਘੱਟੋ ਘੱਟ ਆਮਦਨ ਸਹਾਇਤਾ ਦੇਣ ਦੀ ਬਜਾਏ ਗਰੀਬਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ। ਮਾਇਆਵਤੀ ਨੇ ਸਵਾਲ ਕੀਤਾ ਕਿ ਇੰਦਰਾ ਗਾਂਧੀ ਨੇ ਵੀ ਗਰੀਬੀ ਖ਼ਤਮ ਕਰਨ ਲਈ 20 ਨੁਕਤਿਆਂ ਵਾਲਾ ਇਕ ਪ੍ਰੋਗਰਾਮ ਤਿਆਰ ਕੀਤਾ ਸੀ ਪਰ ਕੀ ਉਹ ਸਫ਼ਲ ਰਿਹਾ? ਬਸਪਾ ਮੁਖੀ ਨੇ ਕਿਹਾ ਕਿ ਉਹ ਦੂਜੀਆਂ ਪਾਰਟੀਆਂ ਵਾਂਗ ਰੌਲਾ ਪਾਉਣ ਵਿਚ ਯਕੀਨ ਨਹੀਂ ਰੱਖਦੇ ਤੇ ਚੁੱਪਚਾਪ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵੱਡੇ-ਵੱਡੇ ਵਾਅਦੇ ਕਰ ਰਹੀ ਹੈ, ਕੀ ਉਨ੍ਹਾਂ ਨੂੰ ਦਹਾਕਿਆਂ ਬੱਧੀ ਮੌਕਾ ਨਹੀਂ ਮਿਲਿਆ? ਉਨ੍ਹਾਂ ਕਿਹਾ ਕਿ ਨਿਆਏ ਸਕੀਮ ਗਰੀਬੀ ਦਾ ਹੱਲ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਭਾਜਪਾ ਸਰਕਾਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਪੱਛੜੇ ਵਰਗ ਦੇ ਲੋਕ ਵੀ ਭਾਜਪਾ ਤੇ ਸਾਥੀ ਧਿਰਾਂ ਦੀ ਵੰਡਪਾਊ ਨੀਤੀ ਕਾਰਨ ਸੰਤਾਪ ਭੋਗ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਪੱਧਰ ’ਤੇ ਵੀ ਰਾਖ਼ਵਾਂਕਰਨ ਮੁੱਦੇ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਹੈ ਅਤੇ ਪੱਛੜੇ ਵਰਗ ਨੂੰ ਕੋਈ ਲਾਭ ਨਹੀਂ ਹੋਇਆ। ਮਾਇਆਵਤੀ ਨੇ ਕਿਹਾ ਕਿ ਘੱਟ ਗਿਣਤੀਆਂ ਦਾ ਵੀ ਸ਼ੋਸ਼ਣ ਹੋ ਰਿਹਾ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਕਾਂਗਰਸ ਬੋਫੋਰਜ਼ ਤੇ ਭਾਜਪਾ ਰਾਫਾਲ ਜਿਹੇ ਘੁਟਾਲਿਆਂ ਵਿਚ ਘਿਰੀ ਹੋਈ ਹੈ ਤੇ ਭ੍ਰਿਸ਼ਟਾਚਾਰ ਸਿਖ਼ਰਾਂ ’ਤੇ ਹੈ। 

ਕੈਪਟਨ ਨੂੰ ਝਟਕਾ -ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ

ਚੰਡੀਗੜ੍ਹ,  ਪੰਜਾਬ ਸਰਕਾਰ ਵੱਲੋਂ ਬਰਗਾੜੀ ਪਿੰਡ (ਫ਼ਰੀਦਕੋਟ) ’ਚ ਹੋਈ ਬੇਅਦਬੀ ਦੀ ਘਟਨਾਂ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅਹਿਮ ਮੈਂਬਰ ਅਤੇ ਚਰਚਿਤ ਆਈਪੀਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਚੋਣ ਕਮਿਸ਼ਨ ਨੇ ਤਬਾਦਲਾ ਕਰ ਦਿੱਤਾ ਹੈ। ਕਮਿਸ਼ਨ ਦੀਆਂ ਹਦਾਇਤਾਂ ’ਤੇ ਅੱਜ ਰਾਜ ਸਰਕਾਰ ਨੇ ਇਸ ਪੁਲੀਸ ਅਧਿਕਾਰੀ ਨੂੰ ਆਈ.ਜੀ. (ਕਾਉਂਟਰ ਇੰਟੈਲੀਜੈਂਸ) ਅੰਮ੍ਰਿਤਸਰ ਲਾਇਆ ਗਿਆ ਹੈ। ਚੋਣ ਕਮਿਸ਼ਨ ਵੱਲੋਂ ਮੁੱਖ ਸਕੱਤਰ ਨੂੰ ਜੋ ਪੱਤਰ ਲਿਖਿਆ ਗਿਆ ਹੈ ਉਸ ਵਿੱਚ ਕੁੰਵਰਵਿਜੈ ਪ੍ਰਤਾਪ ਸਿੰਘ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਗਏ ਹਨ ਤੇ ਇਨ੍ਹਾਂ ਦੋਸ਼ਾਂ ਦੇ ਅਧਾਰ ’ਤੇ ਕਾਰਵਾਈ ਕਰਨ ਦੀ ਹਦਾਇਤ ਵੀ ਕੀਤੀ ਹੈ। ਸਰਕਾਰ ਵੱਲੋਂ ਆਈਜੀ ਰੈਂਕ ਦੇ ਇਸ ਅਧਿਕਾਰੀ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ 5 ਅਪਰੈਲ ਨੂੰ ਲਿਖੇ ਪੱਤਰ ਰਾਹੀਂ ਰਾਜ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਆਈਜੀ ਰੈਂਕ ਦੇ ਇਸ ਅਧਿਕਾਰੀ ਦੇ ਮਾਮਲੇ ਵਿੱਚ ਕਾਰਵਾਈ ਅਮਲ ’ਚ ਲਿਆ ਕੇ 8 ਅਪਰੈਲ ਸ਼ਾਮੀ 5 ਵਜੇ ਤੱਕ ਸੂਚਿਤ ਕਰਨ ਲਈ ਕਿਹਾ ਸੀ। ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਦੇ ਨਾਲ ਇਸ ਪੁਲੀਸ ਅਧਿਕਾਰੀ ਵੱਲੋਂ ਮੀਡੀਆ ਨਾਲ ਕੀਤੀ ਗੱਲਬਾਤ ਦੀ ਇੱਮਕ ਵੀਡੀਓ ਵੀ ਨੱਥੀ ਕੀਤੀ ਗਈ ਸੀ। ਇਹ ਸ਼ਿਕਾਇਤ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੇ ਦਸ਼ਤਖਤਾਂ ਹੇਠ ਕੀਤੀ ਗਈ ਸੀ।

ਅਕਾਲੀ ਦਲ ਨੇ ਰਣੀਕੇ ਨੂੰ ਫਰੀਦਕੋਟ ਤੋਂ ‘ਰਣ’ ’ਚ ਉਤਾਰਿਆ

ਚੰਡੀਗੜ੍ਹ,  ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਫਰੀਦਕੋਟ ਸੀਟ ਤੋਂ ਪਾਰਟੀ ਦਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਥੇ ਬਿਆਨ ਰਾਹੀਂ ਸ੍ਰੀ ਰਣੀਕੇ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਜੋ ਪਾਰਟੀ ਦੇ ਅਨੁਸੂਚਿਤ ਜਾਤਾਂ ਬਾਰੇ ਵਿੰਗ ਦੇ ਮੁਖੀ ਹਨ। ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤਕ ਸੱਤ ਸੀਟਾਂ ’ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਪਾਰਟੀ ਵੱਲੋਂ ਪੰਜਾਬ ਦੀਆਂ 13 ’ਚੋਂ 10 ਸੀਟਾਂ ’ਤੇ ਚੋਣ ਲੜੀ ਜਾ ਰਹੀ ਹੈ ਜਦਕਿ ਭਾਈਵਾਲ ਭਾਜਪਾ ਨੂੰ ਤਿੰਨ ਸੀਟਾਂ ਦਿੱਤੀਆਂ ਗਈਆਂ ਹਨ। ਸ੍ਰੀ ਰਣੀਕੇ ਨੂੰ ਫਰੀਦਕੋਟ ਤੋਂ ਉਮੀਦਵਾਰ ਉਸ ਸਮੇਂ ਐਲਾਨਿਆ ਗਿਆ ਹੈ ਜਦੋਂ ਕਾਂਗਰਸ ਨੇ ਇਕ ਦਿਨ ਪਹਿਲਾਂ ਗਾਇਕ ਮੁਹੰਮਦ ਸਦੀਕ ਨੂੰ ਰਾਖਵੇਂ ਹਲਕੇ ਤੋਂ ਟਿਕਟ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਮੌਜੂਦਾ ਸੰਸਦ ਮੈਂਬਰ ਸਾਧੂ ਸਿੰਘ ਅਤੇ ਪੰਜਾਬ ਏਕਤਾ ਪਾਰਟੀ ਨੇ ਮਾਸਟਰ ਬਲਦੇਵ ਸਿੰਘ ’ਤੇ ਦਾਅ ਖੇਡਿਆ ਹੈ। ਸ੍ਰੀ ਰਣੀਕੇ ਅੰਮ੍ਰਿਤਸਰ ਜ਼ਿਲ੍ਹੇ ਦੀ ਅਟਾਰੀ (ਰਾਖਵੀਂ) ਸੀਟ ਤੋਂ ਚਾਰ ਵਾਰ ਵਿਧਾਇਕ ਰਹੇ ਹਨ। ਉਹ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ 2007 ਅਤੇ 2012 ’ਚ ਸਰਕਾਰ ਦੌਰਾਨ ਦੋ ਵਾਰ ਮੰਤਰੀ ਰਹੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਉਹ ਕਾਂਗਰਸ ਉਮੀਦਵਾਰ ਤਰਸੇਮ ਸਿੰਘ ਡੀਸੀ ਤੋਂ ਹਾਰ ਗਏ ਸਨ

ਪ੍ਰਿੰਸ ਧਾਲੀਵਾਲ ਬਣੇ ਆਮ ਆਦਮੀ ਪਾਰਟੀ ਦੇ ਜੋਇੰਟ ਸੈਕਟਰੀ

ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜਿਲਾ ਪ੍ਰਧਾਨ ਨਵਜੋਤ ਸਿੰਘ ਸੈਣੀ ਵਲੋਂ ਸਨੀ ਇਨਕਲੇਵ ਮੁਹਾਲੀ ਵਿਖੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਨਸ਼ਿਆ ਦੇ ਰੋਕਥਾਮ ਲਈ ਨੌਜਵਾਨ ਵਰਗ ਨੂੰ ਜਾਗਰੂਕ ਕੀਤਾ ਗਿਆ । ਸਮਾਜਿਕ ਕੰਮਾਂ ਲਈ ਪ੍ਰੇਰਿਤ ਕੀਤਾ ਗਿਆ । ਆਮ ਆਦਮੀ ਪਾਰਟੀ ਵਿੱਚ ਕਾਫੀ ਨੌਜਵਾਨਾਂ ਨੂੰ ਸ਼ਾਮਿਲ ਕੀਤਾ ਗਿਆ । ਨਵਜੋਤ ਸੈਣੀ ਜੀ ਵਲੋਂ ਪਾਰਟੀ ਦੇ ਨਾਲ ਕੰਮ ਕਰ ਰਹੇ ਪ੍ਰਿੰਸ ਧਾਲੀਵਾਲ ਨੂੰ  ਜੁਆਇੰਟ ਸੈਕਟਰੀ ਦਾ ਅਹੁਦਾ ਦਿੱਤਾ ਗਿਆ। ਇਸ ਮੌਕੇ ਤੇ ਪ੍ਰਿੰਸ ਧਾਲੀਵਾਲ ਪੂਰੇ ਜਿਮੇਵਾਰੀ ਨਾਲ ਪਾਰਟੀ ਪ੍ਰਤੀ ਕੰਮ ਕਰਨ ਦਾ ਵਾਅਦਾ ਕੀਤਾ । ਇਸ ਮੌਕੇ ਤੇ ਹੋਰ ਵੀ ਪਤਵੰਤੇ ਸੱਜਣ ਸ਼ਾਮਿਲ ਸਨ ।

ਬੇਅਦਬੀ ਕਾਂਡ ਦੀ ਜਾਂਚ ਕਰ ਰਹੇ ਕੁੰਵਰ ਵਿਜੈ ਪ੍ਰਤਾਪ ਦੇ ਹੱਕ ’ਚ ਡਟੀ ਸਰਕਾਰ

ਚੰਡੀਗੜ੍ਹ,  ਅਪਰੈਲ ਪੰਜਾਬ ਸਰਕਾਰ ਨੇ ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਮੈਂਬਰ ਅਤੇ ਚਰਚਿਤ ਆਈਪੀਐੱਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਪੱਖ ’ਚ ਸਪੱਸ਼ਟ ਸਟੈਂਡ ਲੈਂਦਿਆਂ ਅਕਾਲੀ ਦਲ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਗ੍ਰਹਿ ਵਿਭਾਗ ਵੱਲੋਂ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੂੰ ਆਈਜੀ (ਹੈੱਡਕੁਆਰਟਰ) ਦੇ ਦਸਤਖ਼ਤਾਂ ਹੇਠ ਦੋ ਸਫਿਆਂ ਦੀ ਰਿਪਰੋਟ ਭੇਜੀ ਗਈ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਧੀਕ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠਲੀ ਸਿਟ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਪਿੰਡ ਬਰਗਾੜੀ (ਫ਼ਰੀਦਕੋਟ) ਦੇ ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਪੇਸ਼ੇਵਰ ਤਰੀਕੇ ਨਾਲ ਨਿਰਪੱਖ ਰਹਿ ਕੇ ਕੀਤੀ ਜਾ ਰਹੀ ਹੈ। ਸਰਕਾਰ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਪੇਸ਼ੇਵਰ ਤੇ ਨਿਰਪੱਖ ਅਧਿਕਾਰੀ ਕਰਾਰ ਦਿੱਤਾ ਹੈ। ਚੋਣ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਹ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਜਾਵੇਗੀ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਨੇ ਅਕਾਲੀ ਦਲ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਦਆਵਾ ਕੀਤਾ ਕਿ ਸਿਟ ਵੱਲੋਂ ਬਿਨਾਂ ਕਿਸੇ ਪ੍ਰਭਾਵ ਦੇ ਫੌਜਦਾਰੀ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਕਾਲੀ ਦਲ ਨੇ ਬੇਅਦਬੀ ਤੇ ਪੁਲੀਸ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ’ਤੇ ਪੱਖਪਾਤੀ ਹੋਣ ਦੇ ਦੋਸ਼ ਲਾਉਂਦਿਆਂ ਇਸ ਅਧਿਕਾਰੀ ਨੂੰ ਸੂਬੇ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਸੀ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਇਸ ਪੁਲੀਸ ਅਧਿਕਾਰੀ ਵੱਲੋਂ ਪੱਖਪਾਤੀ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਦਾ ਅਸਰ ਸੰਸਦੀ ਚੋਣਾਂ ’ਤੇ ਵੀ ਹੋਵੇਗਾ ਤੇ ਅਕਾਲੀ ਦਲ ਨੂੰ ਸਿਆਸੀ ਤੌਰ ’ਤੇ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਉਧਰ ਅਕਾਲੀ ਦਲ ਦੇ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਅਕਾਲੀਆਂ ਖਾਸ ਕਰਕੇ ਬਾਦਲ ਪਰਿਵਾਰ ਨੂੰ ਖ਼ਦਸ਼ਾ ਹੈ ਕਿ ਪੰਜਾਬ ਵਿੱਚ ਚੋਣ ਮੁਹਿੰਮ ਭਖਣ ਤੋਂ ਬਾਅਦ ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਸਿਟ ਦੀਆਂ ਸਰਗਰਮੀਆਂ ਵਧ ਸਕਦੀਆਂ ਹਨ। ਸਿਟ ਦੀਆਂ ਗਤੀਵਿਧੀਆਂ ਵਿੱਚ ਆਈਜੀ ਰੈਂਕ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਹੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਅਕਾਲੀ ਦਲ ਵੱਲੋਂ ਯਤਨ ਕੀਤੇ ਜਾ ਰਹੇ ਹਨ ਕਿ ਸੰਸਦੀ ਚੋਣਾਂ ਦੇ ਪ੍ਰਚਾਰ ਦੌਰਾਨ ਸਿਟ ਦੀਆਂ ਸੰਭਾਵੀ ਗਤੀਵਿਧੀਆਂ ਨੂੰ ਬੇਅਸਰ ਕਰਨ ਲਈ ਆਈਜੀ ’ਤੇ ਨਿਸ਼ਾਨਾ ਸੇਧਿਆ ਜਾਵੇ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਕਤਸਰ ਅਤੇ ਜਲੰਧਰ (ਦਿਹਾਤੀ) ਦੇ ਜ਼ਿਲ੍ਹਾ ਪੁਲੀਸ ਮੁਖੀਆਂ ਕ੍ਰਮਵਾਰ ਮਨਜੀਤ ਸਿੰਘ ਢੇਸੀ ਅਤੇ ਨਵਜੇਤ ਸਿੰਘ ਮਾਹਲ ਬਾਰੇ ਕੀਤੀ ਗਈ ਸ਼ਿਕਾਇਤ ਦੇ ਮਾਮਲੇ ਵਿੱਚ ਵੀ ਸਰਕਾਰ ਨੇ ਕਲੀਨ ਚਿੱਟ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਮਾਹਲ ਦੀ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਵਜਾ ਨਾਲ ਭਾਵੇਂ ਰਿਸ਼ਤੇਦਾਰੀ ਹੈ ਪਰ ਇਹ ਪੁਲੀਸ ਅਧਿਕਾਰੀ ਨਾ ਤਾਂ ਮੰਤਰੀ ਬਾਜਵਾ ਦੇ ਖੇਤਰ ਵਿੱਚ ਤਾਇਨਾਤ ਹੈ ਤੇ ਨਾ ਹੀ ਬਾਜਵਾ ਸੰਸਦੀ ਚੋਣਾਂ ਲੜ ਰਹੇ ਹਨ। ਇਸੇ ਤਰ੍ਹਾਂ ਦੀ ਦਲੀਲ ਮਨਜੀਤ ਸਿੰਘ ਢੇਸੀ ਦੇ ਮਾਮਲੇ ਵਿੱਚ ਦਿੱਤੀ ਗਈ ਹੈ। ਮੁੱਖ ਚੋਣ ਅਧਿਕਾਰੀ ਵੱਲੋਂ ਇਹ ਰਿਪੋਰਟ ਵੀ ਚੋਣ ਕਮਿਸ਼ਨ ਨੂੰ ਭੇਜੀ ਗਈ ਹੈ। ਚੋਣ ਅਧਿਕਾਰੀਆਂ ਦਾ ਇਹ ਵੀ ਦੱਸਣਾ ਹੈ ਕਿ 225 ਐੱਸ.ਪੀ. ਅਤੇ ਡੀਐੱਸੀ ਰੈਂਕ ਦੇ ਅਫ਼ਸਰਾਂ ਦੇ ਤਬਾਦਲਿਆਂ ਸਬੰਧੀ ਵੀ ਕਮਿਸ਼ਨ ਵੱਲੋਂ ਕੁਝ ਅਫ਼ਸਰਾਂ ਦੀਆਂ ਨਵੀਆਂ ਥਾਵਾਂ ’ਤੇ ਤਾਇਨਾਤੀਆਂ ਕਰਕੇ ਨਵੇਂ ਸਿਰੇ ਤੋਂ ਹੁਕਮ ਜਾਰੀ ਕਰਨ ਦੇ ਆਸਾਰ ਹਨ।

ਸੱਤ ਕਰੋੜ ਅੱਸੀ ਲੱਖ ਰੁਪਏ ਦਾ 26 ਕਿੱਲੋ ਸੋਨਾ ਬਰਾਮਦ

ਲਾਲੜੂ,  ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਵਿਸ਼ੇਸ਼ ਚੈਕਿੰਗ ਦੌਰਾਨ ਪੁਲੀਸ ਨੇ ਅੱਜ ਅੰਬਾਲਾ-ਚੰਡੀਗੜ੍ਹ ਮਾਰਗ ’ਤੇ ਪਿੰਡ ਝਰਮੜੀ ਕੋਲ ਲਾਏ ਨਾਕੇ ਦੌਰਾਨ ਕਰਨਾਟਕ ਨੰਬਰ ਦੀ ਕਾਰ ਵਿਚੋਂ 26 ਕਿੱਲੋ ਸੋਨਾ ਬਰਾਮਦ ਕੀਤਾ ਹੈ। ਇਸ ਦੀ ਬਾਜ਼ਾਰੀ ਕੀਮਤ ਸੱਤ ਕਰੋੜ 80 ਲੱਖ ਰੁਪਏ ਬਣਦੀ ਹੈ। ਪੁਲੀਸ ਨੇ ਕਾਰ ਸਵਾਰ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਹਾਲੀ ਦੇ ਐੱਸਪੀ (ਜਾਂਚ) ਵਰੁਣ ਸ਼ਰਮਾ ਤੇ ਡੀਐੱਸਪੀ (ਡੇਰਾਬਸੀ) ਸਿਮਰਨਜੀਤ ਸਿੰਘ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਕਾਰ ਨੰਬਰ ਕੇਏ-01 ਐਮਜੇ-2521 ਦੀ ਤਲਾਸ਼ੀ ਲੈਣ ’ਤੇ 26 ਕਿੱਲੋ ਸੋਨਾ ਬਰਾਮਦ ਹੋਇਆ। ਕਾਰ ਵਿਚ ਸਵਾਰ ਵਿਅਕਤੀਆਂ ਦੀ ਸ਼ਨਾਖ਼ਤ ਰਾਕੇਸ਼ ਕੁਮਾਰ ਤੇ ਬਲਬੀਰ ਚੰਦ ਦੋਵੇਂ ਵਾਸੀ ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ਼), ਸੰਜੇ ਕੁਮਾਰ ਪਿੰਡ ਬਲਿਆਣ (ਕਾਂਗੜਾ), ਜਸਵੰਤ ਸਿੰਘ ਵਾਸੀ ਜੋਧਪੁਰ (ਰਾਜਸਥਾਨ) ਵੱਜੋਂ ਹੋਈ ਹੈ। ਉਹ ਬਰਾਮਦ ਸੋਨੇ ਸਬੰਧੀ ਕੋਈ ਕਾਗਜ਼ ਪੱਤਰ ਜਾਂ ਬਿੱਲ ਨਹੀਂ ਵਿਖਾ ਸਕੇ। ਪੁਲੀਸ ਵੱਲੋਂ ਕੀਤੀ ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਕਿਹਾ ਕਿ ਸੋਨਾ ਦੱਖਣੀ ਅਫ਼ਰੀਕਾ ਤੋਂ ਆਇਆ ਤੇ ਉਹ ਕਾਰ ਰਾਹੀਂ ਇਸ ਨੂੰ ਹਿਮਾਚਲ ਪ੍ਰਦੇਸ਼ ਲਿਜਾ ਰਹੇ ਸਨ। ਪੁਲੀਸ ਨੇ ਚਾਰਾਂ ਖ਼ਿਲਾਫ਼ ਲਾਲੜੂ ਥਾਣੇ ਵਿਚ ਕੇਸ ਦਰਜ ਕਰ ਲਿਆ ਹੈ ਅਤੇ ਇਸ ਦੀ ਜਾਣਕਾਰੀ ਆਮਦਨ ਕਰ ਵਿਭਾਗ ਤੇ ਜੀਐੱਸਟੀ ਅਥਾਰਿਟੀ ਨੂੰ ਦਿੱਤੀ ਗਈ ਹੈ। ਦੋਵੇਂ ਵਿਭਾਗਾਂ ਤੇ ਪੁਲੀਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।