ਪੰਜਾਬ

ਪੰਜਾਬ ’ਚ ਕਾਂਗਰਸ ਨੇ ਛੇ ਉਮੀਦਵਾਰ ਐਲਾਨੇ

ਚੰਡੀਗੜ੍ਹ,  ਅਪਰੈਲ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਦੇ ਛੇ ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕਮੇਟੀ ਨੇ ਚਾਰ ਮੌਜੂਦਾ ਲੋਕ ਸਭਾ ਮੈਂਬਰਾਂ ਨੂੰ ਟਿਕਟਾਂ ਨਾਲ ਨਿਵਾਜਿਆ ਹੈ। ਜਦਕਿ ਹੁਸ਼ਿਆਰਪੁਰ (ਰਾਖ਼ਵੇਂ) ਹਲਕੇ ਤੋਂ ਕਾਂਗਰਸ ਨੇ ਚੱਬੇਵਾਲ ਹਲਕੇ ਤੋਂ ਵਿਧਾਇਕ ਡਾ. ਰਾਜ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ। ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ, ਗੁਰਦਾਸਪੁਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੂੰ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਹੈ। ਚੋਣ ਕਮੇਟੀ ਨੇ ਸਾਰੇ ਮੌਜੂਦਾ ਲੋਕ ਸਭਾ ਮੈਂਬਰਾਂ ਨੂੰ ਟਿਕਟ ਦੇਣ ਦੀ ਨੀਤੀ ਤਹਿਤ ਵਿਰੋਧ ਦੇ ਬਾਵਜੂਦ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦਿੱਤੀ ਹੈ। ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਵਿਰੋਧ ਦੇ ਬਾਵਜੂਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਗੁਰਦਾਸਪੁਰ ਤੋਂ ਟਿਕਟ ਦਿੱਤੀ ਗਈ ਹੈ। ਕੈਪਟਨ ਨੇ ਕੁਝ ਸਮਾਂ ਪਹਿਲਾਂ ਪਠਾਨਕੋਟ ਫੇਰੀ ਸਮੇਂ ਸ੍ਰੀ ਜਾਖੜ ਨੂੰ ਗੁਰਦਾਸਪੁਰ ਤੋਂ ਟਿਕਟ ਦੇਣ ਦਾ ਸੰਕੇਤ ਦਿੱਤਾ ਸੀ। ਜਾਖੜ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੋ ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ। ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਟਿਕਟ ਮਿਲਣਾ ਲਗਭਗ ਤੈਅ ਹੀ ਸੀ। ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਨੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮੈਦਾਨ ਵਿਚ ਉਤਾਰ ਕੇ ਨੌਜਵਾਨ ਚਿਹਰੇ ਨੂੰ ਮੌਕਾ ਦਿੱਤਾ ਹੈ। ਇਸ ਹਲਕੇ ਤੋਂ ਸੰਤੋਸ਼ ਚੌਧਰੀ ਨੇ ਟਿਕਟ ਲੈਣ ਲਈ ਕਾਫੀ ਜ਼ੋਰ ਅਜ਼ਮਾਈ ਕੀਤੀ, ਪਰ ਗੱਲ ਨਹੀਂ ਬਣ ਸਕੀ। ਇਸ ਹਲਕੇ ਤੋਂ ਵਿਧਾਇਕ ਨੂੰ ਟਿਕਟ ਦੇਣ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਇਕ ਜਾਂ ਦੋ ਹੋਰ ਵਿਧਾਇਕਾਂ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ। ਕੇਂਦਰੀ ਚੋਣ ਕਮੇਟੀ ਦੀ ਅੱਜ ਦਿੱਲੀ ਵਿਚ ਹੋਈ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ, ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਹਾਜ਼ਰ ਸਨ।

ਕਾਂਗਰਸੀ ਮੈਨੀਫੈਸਟੋ ਚਿੱਕੜ 'ਚ ਖਲੋ ਕੇ ਚੰਨ ਦੇਣ ਦਾ ਵਾਅਦਾ: ਸਰਦਾਰ ਬਾਦਲ

ਚੰਡੀਗੜ ਅਪ੍ਰੈਲ -(ਜਨ ਸ਼ਕਤੀ ਨਿਉਜ)- ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ਨੂੰ 'ਕਿਸੇ ਵੱਲੋਂ ਚਿੱਕੜ 'ਚ ਖਲੋ ਕੇ ਦੂਜਿਆਂ ਨੂੰ ਚੰਨ ਦੇਣ ਦਾ ਕੀਤਾ ਵਾਅਦਾ' ਕਰਾਰ ਦਿੱਤਾ ਹੈ। ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਜਾਰੀ ਕੀਤਾ ਕਾਂਗਰਸੀ ਮੈਨੀਫੈਸਟੋ ਕੋਰੀਆਂ ਗੱਪਾਂ ਅਤੇ ਨਾ ਪੂਰੇ ਕੀਤੇ ਜਾਣ ਯੋਗ ਵਾਅਦਿਆਂ ਨਾਲ ਭਰਿਆ ਇੱਕ ਜਾਅਲੀ ਦਸਤਾਵੇਜ਼ ਹੈ। ਉਹਨਾਂ ਕਿਹਾ ਕਿ ਬੁਰੀ  ਤਰ•ਾਂ ਬੌਖਲਾਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਾਰਿਆਂ ਨੂੰ ਇਸ ਕਰਕੇ ਹਰ ਚੀਜ਼ ਦੇਣ ਦਾ ਵਾਅਦਾ ਕਰ ਰਹੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਉਹਨਾਂ ਦੀ ਪਾਰਟੀ ਦੀ ਜਿੱਤਣ ਦੀ ਕੋਈ ਉਮੀਦ ਨਹੀਂ ਹੈ, ਇਸ ਲਈ ਲੋਕਾਂ ਨਾਲ ਵੱਡੇ ਵਾਅਦੇ ਕਰਨ ਵਿਚ ਵੀ ਕੋਈ ਜੋਖ਼ਮ ਨਹੀ ਹੈ। ਸਰਦਾਰ ਬਾਦਲ ਨੇ ਯਾਦ ਕੀਤਾ ਕਿ ਡਾਕਟਰ ਮਨਮੋਹਨ ਸਿੰਘ ਨੇ ਦੋ ਸਾਲ ਪਹਿਲਾਂ ਪੰਜਾਬ ਕਾਂਗਰਸ ਦਾ ਵੀ ਮੈਨੀਫੈਸਟੋ ਜਾਰੀ ਕੀਤਾ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾਧੀ ਸੀ, ਪਰ ਉਹਨਾਂ ਨੇ ਆਪਣਾ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਤੋਂ ਕੋਈ ਕਿਵੇਂ ਵਾਅਦੇ ਪੂਰੇ ਕਰਨ ਦੀ ਉਮੀਦ ਰੱਖ ਸਕਦਾ ਹੈ, ਕਿਉਂਕਿ ਉਸ ਦੀ ਪਾਰਟੀ ਨੇ ਮਨਮੋਹਨ ਸਿੰਘ ਵੱਲੋਂ ਕੀਤੇ ਗਏ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੂੰ ਪਤਾ ਹੈ ਕਿ ਉਹਨਾਂ ਦੇ ਜਿੱਤਣ ਦੀ ਕੋਈ ਸੰਭਾਵਨਾ ਹੀ ਨਹੀਂ ਹੈ, ਉਹ ਬਿਨਾਂ ਜੁਆਬਦੇਹੀ ਦੀ ਚਿੰਤਾ ਕਰੇ ਲੋਕਾਂ ਨੂੰ ਅਜੀਬੋ ਗਰੀਬ ਵਾਅਦੇ ਕਰ ਸਕਦੀਆਂ ਹਨ। ਉਹਨਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਸਭ ਵੱਡੀ ਦਾ ਹਾਰ ਦਾ ਸਾਹਮਣਾ ਕਰੇਗੀ। ਉਹਨਾਂ ਕਿਹਾਕਿ ਭਾਵੇਂਕਿ ਇਹ ਮੈਨੀਫੈਸਟੋ ਸਭ ਤੋਂ ਵੱਡੇ ਕਾਂਗਰਸੀ ਸਿੱਖ ਆਗੂ ਡਾਕਟਰ ਮਨਮੋਹਨ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ, ਪਰੰਤੂ ਇਸ ਵਿਚ 1984 ਕਤਲੇਆਮ ਵਾਸਤੇ ਮੁਆਫੀ ਜਾਂ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਸੰਬੰਧੀ ਇੱਕ ਵੀ ਸ਼ਬਦ ਨਹੀਂ ਹੈ। ਉਹਨਾਂ ਕਿਹਾ ਕਿ ਆਪਣੇ ਅਪਰਾਧ ਵਾਸਤੇ ਖੁਦ ਨੂੰ ਸਜ਼ਾ ਦੇਣ ਦਾ ਵਾਅਦਾ ਉਹ ਕਿਵੇਂ ਕਰ ਸਕਦੇ ਹਨ? ਉਹਨਾਂ ਕਿਹਾ ਕਿ ਇਸ ਦੀ ਬਜਾਇ ਪਾਰਟੀ ਦੀ ਜਨਰਲ ਸਕੱਤਰ ਅਤੇ ਸਰਗਰਮ ਸਿਆਸਤ ਅੰਦਰ ਤਾਜ਼ਾ ਦਾਖਲ ਹੋਈ ਪ੍ਰਿਯੰਕਾ ਗਾਂਧੀ ਅਜਿਹੇ ਵਿਅਕਤੀ ਯਾਨਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੀ ਸੰਗਤ ਵਿਚ 'ਝੂਠ ਦੀ ਪੰਡ ਮੈਨੀਫੈਸਟੋ ਦਾ ਮੁਜ਼ਾਹਰਾ ਕਰਦੀ ਰਹੀ, ਜਿਹੜਾ ਕਿ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਵਾਂਗ ਸਿੱਖਾਂ ਉੱਤੇ ਹਮਲੇ ਕਰਨ ਵਾਲੀਆਂ ਭੀੜਾਂ ਦੀ ਅਗਵਾਈ ਕਰਨ ਦਾ ਦੋਸ਼ੀ ਹੈ।

ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸਜਾਇਆ ਜਾਵੇਗਾ ਨਗਰ ਕੀਰਤਨ

ਨਵੀਂ ਦਿੱਲੀ, ਅਪਰੈਲ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਾਨਕ ਦੇਵ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸੜਕ ਰਸਤੇ ਨਗਰ ਕੀਰਤਨ ਸਜਾਉਣ ਦਾ ਫ਼ੈਸਲਾ ਕੀਤਾ ਹੈ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕੀਤਾ ਹੈ। ਆਗੂਆਂ ਨੇ ਦੱਸਿਆ ਕਿ ਨਗਰ ਕੀਰਤਨ ਸਜਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਮੇਟੀ ਨੇ ਪਾਕਿਸਤਾਨ ਹਾਈ ਕਮਿਸ਼ਨਰ ਨੂੰ ਪੱਤਰ ਲਿਖ ਕੇ ਆਖਿਆ ਹੈ ਕਿ ਕਮੇਟੀ ਦੀ ਟੀਮ ਦੀ ਪਾਕਿਸਤਾਨ ਵਿਚ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਬਣਾਈ ਗਈ ਤਿਆਰੀ ਕਮੇਟੀ ਨਾਲ ਮੀਟਿੰਗ ਕਰਵਾਈ ਜਾਵੇ ਤਾਂ ਜੋ ਸਮੇਂ ਸਿਰ ਲੋੜੀਂਦੀਆਂ ਪ੍ਰਵਾਨਗੀਆਂ ਹਾਸਲ ਕਰ  ਈਆਂ ਜਾਣ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਕੌਮੀ ਰਾਜਧਾਨੀ ਵਿਚ ਆਈਪੀ ਸਟੇਡੀਅਮ ਵਿਚ 21 ਸਤੰਬਰ ਨੂੰ ਕੀਰਤਨ ਦਰਬਾਰ ਸਜਾਇਆ ਜਾਵੇਗਾ। ਇਸ ਵਿਚ ਦਿੱਲੀ ਗੁਰਦੁਆਰਾ ਕਮੇਟੀ ਨਾਲ ਸਬੰਧਿਤ ਸਕੂਲਾਂ ਦੇ 1100 ਵਿਦਿਆਰਥੀ ਇਕੋ ਸਮੇਂ ਕੀਰਤਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਗੁਰੂ ਦੇ ਜੀਵਨ ਨਾਲ ਸਬੰਧਤ ਲੇਜ਼ਰ ਸ਼ੋਅ ਵੀ ਕਰਵਾਇਆ ਜਾਵੇਗਾ। ਪ੍ਰਧਾਨ ਨੇ ਦੱਸਿਆ ਕਿ ਅਜਿਹਾ ਦੂਜਾ ਕੀਰਤਨ ਦਰਬਾਰ ਅਕਤੂਬਰ ਮਹੀਨੇ ਵਿਚ ਕਰਵਾਇਆ ਜਾਵੇਗਾ ਤੇ 12 ਅਕਤੂਬਰ ਨੂੰ ਇੰਡੀਆ ਗੇਟ ’ਤੇ ਹੋਣ ਵਾਲੇ ਇਸ ਕੀਰਤਨ ਦਰਬਾਰ ਵਿਚ ਵਿਸ਼ਵ ਪ੍ਰਸਿੱਧ 550 ਰਾਗੀ ਸਿੰਘ ਇਕੋ ਸਮੇਂ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਤੰਤੀ ਸਾਜ਼ਾਂ ਨਾਲ ਕਰਨਗੇ।

ਵਿੱਤੀ ਵਰ੍ਹੇ ਦੇ ਸ਼ੁਰੂ ’ਚ ਹੀ ਸਰਕਾਰ ਵੱਲੋਂ ਖਜ਼ਾਨਿਆਂ ਦੀ ਤਾਲਾਬੰਦੀ

ਚੰਡੀਗੜ੍ਹ,  ਅਪਰੈਲ ਪੰਜਾਬ ਸਰਕਾਰ ਨੇ ਨਵੇਂ ਵਿੱਤੀ ਵਰ੍ਹੇ ਦੇ ਸ਼ੁਰੂ ਵਿਚ ਹੀ ਖਜ਼ਾਨੇ ਨੂੰ ਤਾਲੇ ਲਾ ਕੇ ਹਰ ਤਰ੍ਹਾਂ ਦੀਆਂ ਅਦਾਇਗੀਆਂ ਰੋਕ ਦਿੱਤੀਆਂ ਹਨ ਜਿਸ ਕਾਰਨ ਜਿੱਥੇ ਪੰਜਾਬ ਸਰਕਾਰ ਨੇ ਵਿੱਤੀ ਮਾਮਲਿਆਂ ਆਦਿ ਉੱਪਰ ਸਲਾਹ-ਮਸ਼ਵਰਾ ਕਰਨ ਆਏ ਭਾਰਤ ਦੇ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਦੇ ਸ਼ਾਹੀ ਠਾਠ ਉੱਪਰ ਖਰਚੇ 41,13,402 ਰੁਪਏ ਦੇ ਬਿੱਲ ਜਿੱਥੇ ਖਜ਼ਾਨਾ ਦਫਤਰ ਵੱਲੋਂ ਪਾਸ ਨਹੀਂ ਕੀਤੇ ਗਏ ਉਥੇ ਸੂਬਾ ਭਰ ਦੇ ਖਜ਼ਾਨਾ ਦਫਤਰਾਂ ਵਿੱਚ ਕੈਂਸਰ ਦੇ ਮਰੀਜ਼ਾਂ ਦੇ ਮੈਡੀਕਲ ਬਿੱਲਾਂ ਸਮੇਤ ਹੋਰ ਸਾਰੇ ਤਰ੍ਹਾਂ ਦੀਆਂ ਅਦਾਇਗੀਆਂ ਵੀ ਰੋਕ ਦਿੱਤੀਆਂ ਗਈਆਂ ਹਨ। ਸੂਤਰਾਂ ਅਨੁਸਾਰ 31 ਜਨਵਰੀ ਅਤੇ 1 ਫਰਵਰੀ 2019 ਨੂੰ ਭਾਰਤ ਦੇ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰ ਪੰਜਾਬ ਸਰਕਾਰ ਨਾਲ ਵਿੱਤੀ ਮਾਮਲਿਆਂ ਉੱਪਰ ਚਰਚਾ ਕਰਨ ਲਈ ਚੰਡੀਗੜ੍ਹ ਆਏ ਸਨ। ਪਹਿਲਾਂ ਵਿੱਤ ਕਮਿਸ਼ਨ ਦੇ ਅਧਿਕਾਰੀਆਂ ਨੂੰ ਚੰਡੀਗੜ੍ਹ ਦੇ ਨਾਲ ਲਗਦੇ ਹੋਟਲ ‘ਸੁਖਵਿਲਾਸ’ ਵਿੱਚ ਠਹਿਰਾਉਣ ਦਾ ਪ੍ਰੋਗਰਾਮ ਸੀ ਪਰ ਉਥੇ ਠਹਿਰਾਉਣਾ ਬੜਾ ਮਹਿੰਗਾ ਪੈਂਦਾ ਜਾਪਦਿਆਂ ਅਧਿਕਾਰੀਆਂ ਨੂੰ ਇੱਥੇ ਹੋਟਲ ‘ਤਾਜ’ ਵਿੱਚ ਠਹਿਰਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਪ੍ਰਾਹੁਣਚਾਰੀ ਵਿਭਾਗ ਵੱਲੋਂ ਕਮਿਸ਼ਨ ਦੇ ਅਧਿਕਾਰੀਆਂ ਨੂੰ ਹੋਟਲ ‘ਤਾਜ’ ’ਚ ਠਹਿਰਾਉਣ ਦਾ ਖਰਚਾ ਤਕਰੀਬਨ 25 ਲੱਖ ਰੁਪਏ ਆਇਆ ਹੈ। ਇਸ ਤੋਂ ਇਲਾਵਾ ਹੋਟਲ ਜੇਡਬਲਿਊ ਮੈਰੀਅਟ ਦਾ ਵੀ ਢਾਈ ਲੱਖ ਰੁਪਏ ਦਾ ਬਿੱਲ ਹੈ। ਕਮਿਸ਼ਨ ਦੇ ਅਧਿਕਾਰੀਆਂ ਲਈ ਭਾੜੇ ’ਤੇ ਲਏ ਲਗਜ਼ਰੀ ਵਾਹਨਾਂ ਦਾ ਸਾਢੇ ਅੱਠ ਲੱਖ ਰੁਪਏ ਦੇ ਕਰੀਬ ਖਰਚਾ ਆਇਆ ਹੈ। ਇਸ ਤੋਂ ਇਲਾਵਾ ਟੈਂਟ ਦਾ 5 ਲੱਖ ਰੁਪਏ ਖਰਚਾ ਵੱਖਰਾ ਹੈ। ਪ੍ਰਾਹੁਣਚਾਰੀ ਵਿਭਾਗ ਵੱਲੋਂ ਲੰਮੀਆਂ ਦਫਤਰੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਵਿੱਤ ਕਮਿਸ਼ਨ ਦੇ ਅਧਿਕਾਰੀਆਂ ਦੇ ਰਹਿਣ, ਬਹਿਣ, ਖਾਣ-ਪੀਣ ਅਤੇ ਟਰਾਂਸਪੋਰਟ ਦਾ ਕੁੱਲ੍ਹ 41 ਲੱਖ ਰੁਪਏ ਤੋਂ ਵੱਧ ਦਾ ਬਿੱਲ ਖਜ਼ਾਨਾ ਦਫਤਰ ਨੂੰ ਭੇਜਿਆ ਤਾਂ ਵਿਭਾਗ ਦਾ ਬਜਟ ਮੁਹੱਈਆ ਹੋਣ ਦੇ ਬਾਵਜੂਦ ਇਹ ਬਿੱਲ ਪਾਸ ਨਹੀਂ ਕੀਤਾ ਗਿਆ। ਸੂਤਰਾਂ ਅਨੁਸਾਰ ਨਵੇਂ ਵਿੱਤੀ ਵਰ੍ਹੇ 2019-2020 ਦੇ ਬਜਟ ਦੀ ਅਲਾਟਮੈਂਟ ਹੋਣ ਤੋਂ ਬਾਅਦ ਹੀ ਪਿਛਲੇ ਸਾਲ ਦੀਆਂ ਅਦਾਇਗੀਆਂ ਹੋਣੀਆਂ ਸੰਭਵ ਹਨ। ਪੰਜਾਬ ਭਰ ਦੇ ਖਜ਼ਾਨਾ ਦਫਤਰਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਜੀਪੀਐੱਫ ਵਿੱਚੋਂ ਬੱਚਿਆਂ ਦੇ ਵਿਆਹ, ਉੱਚ ਸਿੱਖਿਆ ਲਈ ਵਿਦੇਸ਼ ਭੇਜਣ ਤੇ ਇਲਾਜ ਅਤੇ ਨਵਾਂ ਮਕਾਨ ਬਣਾਉਣ ਲਈ ਐਡਵਾਂਸ ਲੈਣ ਦੇ ਬਿੱਲ 15 ਅਕਤੂਬਰ 2018 ਤੋਂ ਖਜ਼ਾਨਾ ਦਫਤਰਾਂ ਵਿੱਚ ਪੈਂਡਿੰਗ ਪਏ ਹਨ। ਇਸ ਤੋਂ ਇਲਾਵਾ ਸੇਵਾਮੁਕਤ ਹੋਏ ਮੁਲਾਜ਼ਮਾਂ ਦੇ ਬਿੱਲ ਵੀ 15 ਅਕਤੂਬਰ 2018 ਤੋਂ ਬਾਅਦ ਪਾਸ ਨਹੀਂ ਕੀਤੇ ਗਏ। ਇਸੇ ਤਰ੍ਹਾਂ ਮੈਡੀਕਲ ਬਿੱਲ ਵੀ ਪੈਂਡਿੰਗ ਹਨ ਅਤੇ ਕਈ ਕੈਂਸਰ ਦੇ ਮਰੀਜ਼ ਮੁਲਾਜ਼ਮਾਂ ਦੇ ਬਿੱਲ ਵੀ ਰੁਲ ਰਹੇ ਹਨ।

ਹਾਈ ਕੋਰਟ ਵੱਲੋਂ ਕੈਪਟਨ ਤੇ ਰਣਇੰੰਦਰ ਨੂੰ ਨੋਟਿਸ

ਚੰਡੀਗੜ੍ਹ,  ਅਪਰੈਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਮਦਨ ਕਰ ਵਿਭਾਗ ਵੱਲੋਂ ਲੁਧਿਆਣਾ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। ਕੇਸ ਦੀ ਅਗਲੀ ਸੁਣਵਾਈ 25 ਅਪਰੈਲ ਨੂੰ ਹੋਵੇਗੀ। ਵਿਭਾਗ ਨੇ ਹਾਈ ਕੋਰਟ ਨੂੰ ਦੱਸਿਆ ਕਿ ਡਾਇਰੈਕਟਰ ਜਨਰਲ ਆਮਦਨ ਕਰ (ਜਾਂਚ) ਨੂੰ 22 ਜੁਲਾਈ 2011 ਨੂੰ ਜਿਹੜੀਆਂ ਮਾਸਟਰ-ਸ਼ੀਟਾਂ ਪ੍ਰਾਪਤ ਹੋਈਆਂ ਸਨ, ਉਸ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਦਾ ਕੁਝ ਵਿਦੇਸ਼ੀ ਕੰਪਨੀਆਂ ਨਾਲ ਰਾਬਤਾ/ਸਬੰਧ ਹੈ। ਵਕੀਲ ਨੇ ਕਿਹਾ ਕਿ ਆਈਟੀ ਵਿਭਾਗ ਕੋਲ ਮੌਜੂਦ ਦਸਤਾਵੇਜ਼ਾਂ ਤੋਂ ਇਹ ਸਾਫ਼ ਹੈ ਕਿ ਅਮਰਿੰਦਰ ਸਿੰਘ ਨੂੰ ਵਿਦੇਸ਼ ਅਸਾਸਿਆਂ/ਲੈਣ-ਦੇਣ ਬਾਰੇ ਪਤਾ ਸੀ ਤੇ ਉਹ ਇਸ ਕੇਸ ’ਚ ਇਕ ਧਿਰ ਹਨ।

ਸਿੱਖਿਆ ਬੋਰਡ ਨੇ ਬਣਾਇਆ ‘ਅਪਰੈਲ ਫੂਲ’

ਬਠਿੰਡਾ, 1 ਅਪਰੈਲ  ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਦਸਵੀਂ ਕਲਾਸ ਦੇ ਸਮਾਜਿਕ ਸਿੱਖਿਆ ਦੇ ਪੇਪਰ ਦੇ ਮਾਮਲੇ ਵਿਚ ਵਿਦਿਆਰਥੀਆਂ ਦਾ ‘ਅਪਰੈਲ ਫੂਲ’ ਬਣਾ ਦਿੱਤਾ। ਸੋਮਵਾਰ ਸਵੇਰੇ ਜਦੋਂ ਸਮਾਜਿਕ ਸਿੱਖਿਆ ਦਾ ਪੇਪਰ ਖੁੱਲ੍ਹਿਆ ਤਾਂ ਵਿਦਿਆਰਥੀ ਪੰਜਾਬ ਦਾ ਨਕਸ਼ਾ ਦੇਖ ਕੇ ਭੰਬਲਭੂਸੇ ਵਿਚ ਪੈ ਗਏ। ਸਿੱਖਿਆ ਬੋਰਡ ਨੇ ਇਸ ਪੇਪਰ ਵਿਚ ਦਸਵੀਂ ਦੇ ਸਿਲੇਬਸ ਦਾ ਨਕਸ਼ਾ ਪਾਉਣ ਦੀ ਥਾਂ ਨੌਵੀਂ ਦਾ ਨਕਸ਼ਾ ਪਾ ਦਿੱਤਾ। ਨਕਸ਼ਾ ਪੰਜ ਨੰਬਰ ਦਾ ਸੀ ਅਤੇ ਵਿਦਿਆਰਥੀ ਹੁਣ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਗਰੇਸ ਨੰਬਰ ਦਿੱਤੇ ਜਾਣ। ਵੇਰਵਿਆਂ ਅਨੁਸਾਰ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ 1947 ਤੋਂ ਪਹਿਲਾਂ ਦੇ ਪੰਜਾਬ ਦਾ ਨਕਸ਼ਾ ਕਰਾਇਆ ਜਾਂਦਾ ਹੈ ਜਦੋਂ ਕਿ ਨੌਵੀਂ ਕਲਾਸ ਦਾ ਸਿਲੇਬਸ ਨਵਾਂ ਹੋਣ ਕਰਕੇ ਵਿਦਿਆਰਥੀ ਪੇਪਰ ਵਿਚ ਆਏ ਨਕਸ਼ੇ ਤੋਂ ਬਿਲਕੁਲ ਅਣਜਾਣ ਸਨ। ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈ) ਬਲਜੀਤ ਕੁਮਾਰ ਨੇ ਕਿਹਾ ਕਿ ਇਸ ਬਾਬਤ ਸਿੱਖਿਆ ਬੋਰਡ ਨੂੰ ਜਾਣੂ ਕਰਾ ਦਿੱਤਾ ਜਾਵੇਗਾ।
ਫਿਲੌਰ (ਪੱਤਰ ਪ੍ਰੇਰਕ): ਦਸਵੀਂ ਜਮਾਤ ਦੇ ਸਮਾਜਿਕ ਸਿੱਖਿਆ ਪੇਪਰ ’ਚ ਨਕਸ਼ਾ ਗਲਤ ਆਉਣ ਕਾਰਨ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਿਭਾਗੀ ਅਣਗਹਿਲੀ ਕਾਰਨ ਵਿਦਿਆਰਥੀਆਂ ਦਾ ਪੰਜ ਅੰਕਾਂ ਦਾ ਨੁਕਸਾਨ ਹੋ ਗਿਆ ਹੈ। ਮਾਪਿਆਂ ਨੇ ਵਿਦਿਆਰਥੀਆਂ ਨੂੰ ਗਰੇਸ ਵਜੋਂ 5-5 ਵਾਧੂ ਅੰਕ ਦੇਣ ਦੀ ਮੰਗ ਕੀਤੀ ਹੈ।

ਅਕਾਲੀ ਦਲ ਨੇ ਤਿੰਨ ਹੋਰ ਉਮੀਦਵਾਰ ਐਲਾਨੇ

ਚੰਡੀਗੜ੍ਹ,1 ਅਪਰੈਲ ਸ਼੍ਰੋਮਣੀ ਅਕਾਲੀ ਦਲ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਅੱਜ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਵਲੋਂ ਐਲਾਨੇ ਗਏ ਉਮੀਦਵਾਰਾਂ ਦੀ ਗਿਣਤੀ ਪੰਜ ਹੋ ਗਈ ਹੈ ਪਰ ਦੋ ਅਹਿਮ ਹਲਕਿਆਂ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਟਿੰਗ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ੍ਰੀ ਆਨੰਦਪੁਰ ਸਾਹਿਬ, ਸਾਬਕਾ ਆਈ.ਏ.ਐੱਸ. ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਪਟਿਆਲਾ ਹਲਕੇ ਤੋਂ ਰੱਖੜਾ ਦੀ ਟੱਕਰ ਸ਼ਾਹੀ ਘਰਾਣੇ ਦੀ ਉਮੀਦਵਾਰ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਅਤੇ ‘ਆਪ’ ਦੇ ਬਾਗੀ ਆਗੂ ਤੇ ਸਿਟਿੰਗ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਹੋਵੇਗੀ। ਡਾ. ਗਾਂਧੀ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਨਵੀਂ ਪਾਰਟੀ ਬਣਾ ਲਈ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਅਤੇ ਸੀਨੀਅਰ ਆਗੂ ਚਰਨਜੀਤ ਸਿੰਘ ਅਟਵਾਲ ਨੂੰ ਜਲੰਧਰ ਲੋਕ ਸਭਾ ਹਲਕਿਆਂ ਤੋਂ ਉਮੀਦਵਾਰ ਐਲਾਨਿਆ ਜਾ ਚੁੱਕਿਆ ਹੈ। ਪ੍ਰੋ. ਚੰਦੂਮਾਜਰਾ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਮੁੜ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਤਾਂ ਕਾਫ਼ੀ ਪਹਿਲਾਂ ਹੋ ਚੁੱਕਿਆ ਸੀ ਪਰ ਰਸਮੀ ਐਲਾਨ ਅੱਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ੍ਰੀ ਦਰਬਾਰਾ ਸਿੰਘ ਗੁਰੂ ਬਾਰੇ ਵੀ ਕੁਝ ਸਮਾਂ ਪਹਿਲਾਂ ਫੈਸਲਾ ਲੈ ਲਿਆ ਗਿਆ ਸੀ ਪਰ ਰਸਮੀ ਐਲਾਨ ਹੀ ਕਰਨਾ ਬਾਕੀ ਸੀ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਲੁਧਿਆਣਾ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਤੋਂ ਢੁਕਵੇਂ ਉਮੀਦਵਾਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤਕ ਸਫਲਤਾ ਹੱਥ ਨਹੀਂ ਲੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ ਕਰਨ ਵਿਚ ਉਡੀਕ ਕਰਨ ਦੀ ਨੀਤੀ ਅਪਣਾਈ ਗਈ ਹੈ।  ਬਠਿੰਡਾ ਤੋਂ ਸਿਟਿੰਗ ਲੋਕ ਸਭਾ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਹੈ ਪਰ ਇਹ ਗਿਣਤੀ-ਮਿਣਤੀ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਲਈ ਬਠਿੰਡਾ ਤੇ ਫਿਰੋਜ਼ਪੁਰ ਵਿੱਚੋਂ ਕਿਹੜਾ ਹਲਕਾ ਬਿਹਤਰ ਰਹੇਗਾ। ਅਕਾਲੀ ਦਲ ਦੇ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਸ੍ਰੀਮਤੀ ਬਾਦਲ ਨੂੰ ਬਠਿੰਡਾ ਤੋਂ ਚੋਣ ਲੜਨੀ ਚਾਹੀਦੀ ਹੈ ਕਿਉਂਕਿ ਹਲਕਾ ਬਦਲਣ ਨਾਲ ਗਲਤ ਸੰਕੇਤ ਜਾਣਗੇ। ਇਸ ਲਈ ਬਾਦਲਾਂ ਨੂੰ ਜਲਦੀ ਫ਼ੈਸਲਾ ਕਰਨਾ ਪਵੇਗਾ।

ਜਥੇਦਾਰ ਨੇ ਦਰਸ਼ਨੀ ਡਿਉਢੀ ਢਾਹੁਣ ਦੀ ਜਾਂਚ ਰਿਪੋਰਟ ਮੰਗੀ

ਅੰਮ੍ਰਿਤਸਰ, 1 ਅਪਰੈਲ   ਤਰਨ ਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਦੀ ਪੁਰਾਤਨ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਦੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਰਿਪੋਰਟ ਮੰਗੀ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਨੇ ਨੁਕਸਾਨੀ ਇਮਾਰਤ ਦੇ ਹਿੱਸੇ ਦੀ ਮੁਰੰਮਤ ਅਤੇ ਇਸ ਦੀ ਸਾਂਭ-ਸੰਭਾਲ ਕਾਰ ਸੇਵਾ ਦੀ ਥਾਂ ਖੁਦ ਕੰਮ ਕਰਾਉਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਇਸ ਪੁਰਾਤਨ ਇਮਾਰਤ ਨੂੰ ਰਾਤ ਵੇਲੇ ਢਾਹੁਣ ਦਾ ਯਤਨ ਕੀਤਾ ਗਿਆ ਸੀ, ਜਿਸ ਦਾ ਸ਼੍ਰੋਮਣੀ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆਂ ਦਰਬਾਰ ਸਾਹਿਬ ਤਰਨ ਤਾਰਨ ਦੇ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਅਤੇ ਮੁਅੱਤਲੀ ਦੌਰਾਨ ਉਸ ਨੂੰ ਹਰਿਆਣਾ ਸਥਿਤ ਜੀਂਦ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਇਸ ਸਬੰਧੀ ਦਿੱਤੀ ਕਾਰ ਸੇਵਾ ਵਾਪਸ ਲੈ ਲਈ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਹੈ, ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਇਸ ਮਾਮਲੇ ਦਾ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜ ਕੇ ਮਾਮਲੇ ਦੀ ਜਾਂਚ ਰਿਪੋਰਟ ਮੰਗੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭੇਜੇ ਗਏ ਪੱਤਰ ਵਿਚ ਉਨ੍ਹਾਂ ਕਿਹਾ ਕਿ ਦਰਸ਼ਨੀ ਡਿਉਢੀ ਦੀ ਪੁਰਾਤਨ ਇਮਾਰਤ ਨੂੰ ਢਾਹੇ ਜਾਣ ਦੀ ਸਿੱਖ ਜਗਤ ਵਲੋਂ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਇਸ ਸਬੰਧ ਸਿੱਖ ਸੰਗਤ ਨੇ ਇਤਰਾਜ਼ ਵੀ ਪ੍ਰਗਟ ਕੀਤੇ ਹਨ ਅਤੇ ਇਮਾਰਤ ਢਾਹੁਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਰਿਪੋਰਟ ਤੁਰੰਤ ਅਕਾਲ ਤਖ਼ਤ ’ਤੇ ਭੇਜੀ ਜਾਵੇ। ਉਨ੍ਹਾਂ ਨੇ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਨੂੰ ਮੰਦਭਾਗਾ ਆਖਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਦਰਸ਼ਨੀ ਡਿਉਢੀ ਦੀ ਦਿੱਤੀ ਕਾਰ ਸੇਵਾ ਵਾਪਸ ਲੈ ਲਈ ਹੈ ਅਤੇ ਹੁਣ ਇਹ ਕੰਮ ਸ਼੍ਰੋਮਣੀ ਕਮੇਟੀ ਵਲੋਂ ਖੁਦ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਇਮਾਰਤ ਦੇ ਜਿਸ ਹਿੱਸੇ ਨੂੰ ਨੁਕਸਾਨਿਆ ਗਿਆ ਹੈ, ਉਸ ਦੀ ਮੁਰੰਮਤ ਅਤੇ ਬਾਕੀ ਹਿੱਸੇ ਦੀ ਸਾਂਭ ਸੰਭਾਲ ਸ਼੍ਰੋਮਣੀ ਕਮੇਟੀ ਖੁਦ ਕਰੇਗੀ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਸ ਸਬੰਧੀ ਕੰਮ ਲੰਬਿਤ ਰੱਖਣ ਦਾ ਮਤਾ ਪਾਸ ਹੋਣ ਦੇ ਬਾਵਜੂਦ ਇਮਾਰਤ ਢਾਹੁਣ ਦਾ ਯਤਨ ਕਿਉਂ ਕੀਤਾ ਗਿਆ ਹੈ। ਉਨ੍ਹਾਂ ਇਸ ਸਬੰਧ ਵਿਚ ਜਾਂਚ ਕਮੇਟੀ ਨੂੰ ਜਲਦੀ ਰਿਪੋਰਟ ਸੌਂਪਣ ਵਾਸਤੇ ਆਖਿਆ ਹੈ। ਇਸ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ, ਸਾਬਕਾ ਕੌਂਸਲਰ ਅਮਰਜੀਤ ਸਿੰਘ, ਕੁਲਜੀਤ ਸਿੰਘ, ਹਰਪ੍ਰੀਤ ਸਿੰਘ, ਹਰਵਿੰਦਰਪਾਲ ਸਿੰਘ ਆਦਿ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਦੇ ਨਾਂ ਜਾਰੀ ਕੀਤੇ ਪੱਤਰ ਵਿਚ ਆਖਿਆ ਕਿ ਦਰਸ਼ਨੀ ਡਿਉਢੀ ਢਾਹੁਣ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸਪੱਸ਼ਟਤਾ ਨਾਲ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਡਿਉਢੀ ਤੋੜਣ ਤੋਂ ਰੋਕਿਆ ਸੀ ਤਾਂ ਢਾਹੁਣ ਵਾਲਿਆਂ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਜੇਕਰ ਸ਼੍ਰੋਮਣੀ ਕਮੇਟੀ ਨਿਰਦੋਸ਼ ਹੈ ਤਾਂ ਦਰਸ਼ਨੀ ਡਿਉਢੀ ਢਾਹੁਣ ਵਾਲਿਆਂ ਨੂੰ ਕਟਹਿਰੇ ਵਿਚ ਖੜ੍ਹੇ ਕਰੇ। ਇਸ ਦੌਰਾਨ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਪ੍ਰੋ. ਬਲਜਿੰਦਰ ਸਿੰਘ ਨੇ ਵੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ।

ਪਿੰਡ ਸਹੌਲ਼ੀ ਦੇ ਪ੍ਰਾਇਮਰੀ ਸਕੂਲ ਵਿਖੇ ਸਭਿਆਚਾਰਕਪ੍ਰੋਗਰਾਮ

ਸੁਧਾਰ-(ਮਨਜਿੰਦਰ ਗਿੱਲ )- 5 ਅਪ੍ਰੈਲ 2019 ਦਿਨ ਸ਼ੁਕਰਵਾਰ ਨੂੰ ਪਿੰਡ ਸਹੌਲ਼ੀ(ਲੁਧਿਆਣਾ) ਦੇ ਪ੍ਰਾਇਮਰੀ ਵਿਖੇ ਬੱਚਿਆਂ ਦੀਆਂ ਸੁਪਇਆ ਕਲਵਾ ਨੂੰ ਉਤਸ਼ਾਹਤ ਕਰਨ ਲਈ ਇਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।ਜਿਸ ਦੀ ਜਾਣਕਾਰੀ ਦਿਦੇ ਹੈਡ ਅਧਿਆਪਕ ਹਰਦਿਆਲ ਸਿੰਘ ਲਿਟ ਨੇ ਦੱਸਿਆ ਕਿ ਪਿਛਲੇ 20 ਮਾਰਚ ਤੋਂ ਸਕੂਲ਼ ਵਿਖੇ ਲਗਤਾਰ ਬਚਿਆ ਦੀਆਂ ਸੁਪਿਆ ਕਲਵਾ ਨੂੰ ਉਤਸ਼ਾਹਤ ਕਰਨ ਲਈ ਕੈਂਪ ਲਾਇਆ ਜਾ ਰਿਹਾ ਹੈ।ਜਿਸ ਦੀ ਸਮਾਪਤੀ 3 ਅਪ੍ਰੈਲ ਨੂੰ ਹੈ ਜਿਸ ਦੇ ਸਬੰਧ ਵਿਚ 5 ਅਪ੍ਰੈਲ ਦੀਨ ਸ਼ੁਕਰਵਾਰ ਨੂੰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਡਾ ਹਰਦਿਆਲ ਸਿੰਘ ਬਰਾੜ ਕਰਨ ਗੇ ਏਟ ਮੁੱਖ ਮਹਿਮਾਨ ਪ੍ਰੋ ਬਾਵਾ ਸਿੰਘ ਸਾਬਕਾ ਉਪ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਇੰਡੀਆ ਹੋਣਗੇ।ਬਚਿਆ ਦੀ ਹੌਸਲਾ ਅਫਜਾਈ ਲਈ ਪ੍ਰੋਗਰਾਮ ਵਿਚ ਵੱਧ ਚੜ ਕੇ ਹਿਸਾ ਲਿਆ ਜਾਵੇ।ਮੁੱਖ ਪ੍ਰਬੰਧਕ ਸ ਗੁਰਪ੍ਰੀਤ ਸਿੰਘ ਹੈਡ ਅਧਿਆਪਕ ਸਮੂਹ ਸਟਾਫ ਅਤੇ ਸ ਹਰਵਿਦਰ ਸਿੰਘ ਬਰਾੜ।

ਸੁਖਬੀਰ, ਮਜੀਠੀਆ ਤੇ ਹੋਰ ਆਗੂਆਂ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ

ਚੰਡੀਗੜ੍ਹ, ਮਾਰਚ . ਕੌਮੀ ਮਾਰਗ ਰੋਕਣ ਦੇ ਦੋਸ਼ਾਂ ਤਹਿਤ ਦਰਜ ਮਾਮਲਿਆਂ ’ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਅਕਾਲੀ ਦਲ ਦੇ ਹੋਰਨਾਂ ਆਗੂਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਗ਼ੈਰ ਸਰਕਾਰੀ ਸੰਸਥਾ ‘ਹੈਲਪ’ ਦੇ ਨੁਮਾਇੰਦੇ ਪਰਵਿੰਦਰ ਸਿੰਘ ਕਿੱਤਣਾ ਅਤੇ ਹੋਰਾਂ ਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਪੱਤਰ ਲਿਖ ਕੇ ਪੰਜਾਬ ਪੁਲੀਸ ਵੱਲੋਂ ਦਰਜ ਐਫਆਈਆਰਜ਼ ਦੇ ਮਾਮਲੇ ’ਤੇ ਕਾਰਵਾਈ ਦੀ ਮੰਗ ਕੀਤੀ ਸੀ। ਦਿਲਚਸਪ ਤੱਥ ਇਹ ਹੈ ਕਿ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਦੌਰਾਨ ਪੰਜਾਬ ਪੁਲੀਸ ਨੇ ਕਿਹਾ ਸੀ ਕਿ ਉਕਤ ਮਾਮਲਿਆਂ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਾਨੂੰਨੀ ਮਾਹਿਰਾਂ ਅਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਕੋਈ ਵੀ ਮਾਮਲਾ ਦਰਜ ਹੋਣ ਤੋਂ ਬਾਅਦ ਪੁਲੀਸ ਵੱਲੋਂ ਲੋੜੀਂਦੀ ਤਫ਼ਤੀਸ਼ ਮਗਰੋਂ ਜਾਂ ਤਾਂ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਐਫਆਈਆਰ ਰੱਦ ਹੋਣੀ ਚਾਹੀਦੀ ਹੈ। ਮਹੱਤਪੂਰਨ ਤੱਥ ਇਹ ਵੀ ਹੈ ਕਿ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਦੇ ਸਬੰਧ ਵਿੱਚ ਚੋਣ ਕਮਿਸ਼ਨ ਨੇ ਪਾਰਲੀਮਾਨੀ ਚੋਣਾਂ ਦੌਰਾਨ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਭਰ ’ਚ 12 ਦਸੰਬਰ 2017 ਨੂੰ ‘ਚੱਕਾ ਜਾਮ’ ਕੀਤਾ ਗਿਆ ਸੀ। ਛੋਟੇ ਬਾਦਲ ਵੱਲੋਂ ਮਾਝੇ ਦੇ ਆਗੂਆਂ, ਜਿਨ੍ਹਾਂ ਵਿੱਚ ਖਾਸ ਕਰਕੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਬਿਕਰਮ ਸਿੰਘ ਮਜੀਠੀਆ ਸ਼ਾਮਲ ਹਨ, ਸਮੇਤ ਹਰੀਕੇ ਪੁਲ ’ਤੇ ਸੜਕ ਰੋਕੀ ਗਈ ਸੀ। ਪੰਜਾਬ ਪੁਲੀਸ ਨੇ ਕਈ ਜ਼ਿਲ੍ਹਿਆਂ ’ਚ ਧਾਰਾਵਾਂ 341, 283, 431, 188,148 ਅਤੇ ਨੈਸ਼ਨਲ ਹਾਈਵੇਅ ਐਕਟ 1956 ਦੀ ਧਾਰਾ 8 ਬੀ ਤਹਿਤ ਮਾਮਲੇ ਦਰਜ ਕੀਤੇ ਸਨ। ਇਹ ਪਰਚੇ ਅੰਮ੍ਰਿਤਸਰ, ਹੁਸ਼ਿਆਰਪੁਰ, ਤਰਨ ਤਾਰਨ, ਨਵਾਂਸ਼ਹਿਰ, ਲੁਧਿਆਣਾ, ਪਠਾਨਕੋਟ, ਫਿਰੋਜ਼ਪੁਰ ਅਤੇ ਜਲੰਧਰ ਜ਼ਿਲ੍ਹਿਆਂ ’ਚ ਦਰਜ ਕੀਤੇ ਗਏ ਸਨ। ਸੂਤਰਾਂ ਮੁਤਾਬਕ ਇਨ੍ਹਾਂ ਮਾਮਲਿਆਂ ਵਿੱਚ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ। ਕਾਨੂੰਨੀ ਮਾਹਿਰਾਂ ਨੇ ਕਿਹਾ ਕਿ ਉਕਤ ਧਾਰਾਵਾਂ ਤਹਿਤ ਦਰਜ ਮਾਮਲਿਆਂ ’ਚ ਨਾਮਜ਼ਦ ਵਿਅਕਤੀਆਂ ਨੂੰ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੁਣਾ ਰਾਜੂ ਵੱਲੋਂ ਵਧੀਕ ਡੀਜੀਪੀ ਆਰ ਐਨ ਢੋਕੇ ਨੂੰ ਲਿਖੇ ਪੱਤਰ ’ਚ ਕਿਹਾ ਗਿਆ ਕਿ ਉਕਤ ਮਾਮਲਿਆਂ ਵਿੱਚ ਬਣਦੀ ਕਾਰਵਾਈ ਕੀਤੀ ਜਾਵੇ।

ਸ਼੍ਰੋਮਣੀ ਕਮੇਟੀ ਵਲੋਂ 12 ਅਰਬ ਤੋਂ ਵੱਧ ਦਾ ਬਜਟ ਪਾਸ

ਅੰਮ੍ਰਿਤਸਰ, ਮਾਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਵਰ੍ਹੇ 2019-20 ਵਾਸਤੇ 12 ਅਰਬ 5 ਕਰੋੜ 3 ਲੱਖ ਰੁਪਏ ਦਾ ਸਾਲਾਨਾ ਬਜਟ ਅੱਜ ਇਥੇ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਜੋ ਪਿਛਲੇ ਵਰ੍ਹੇ ਨਾਲੋਂ ਲਗਭਗ 46 ਕਰੋੜ ਵਾਧੇ ਦਾ ਬਜਟ ਹੈ। ਪਿਛਲੇ ਵਰ੍ਹੇ ਕਰੀਬ 11 ਅਰਬ 59 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ। ਬਜਟ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਵਿਦਿਅਕ ਅਦਾਰਿਆਂ ਲਈ 238 ਕਰੋੜ, ਇਤਿਹਾਸਕ ਤੇ ਹੋਰ ਗੁਰਦੁਆਰਿਆਂ ਵਾਸਤੇ ਲਗਭਗ 714 ਕਰੋੜ ਅਤੇ ਧਰਮ ਪ੍ਰਚਾਰ ਕਮੇਟੀ ਵਾਸਤੇ 84 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ। ਇਹ ਬਜਟ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਸ਼ਤਾਬਦੀ ਸਮਾਗਮਾਂ ਲਈ 12 ਕਰੋੜ 63 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਬਜਟ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਸਮੇਤ ਲੋਕ ਇਨਸਾਫ ਪਾਰਟੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ, ਜਿਸ ਦਾ ਉਨ੍ਹਾਂ ਇਤਰਾਜ਼ ਜਤਾਇਆ। ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬਜਟ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ ਨੇ ਪੇਸ਼ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹਾਜ਼ਰ ਮੈਂਬਰਾਂ ਨੇ ਬਜਟ ਨੂੰ ਪੂਰਾ ਸੁਣੇ ਬਿਨਾਂ ਹੀ ਜੈਕਾਰਿਆਂ ਦੀ ਗੂੰਜ ਵਿਚ ਇਸ ਨੂੰ ਪਾਸ ਕਰ ਦਿੱਤਾ। ਸਮੁੱਚੇ ਬਜਟ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਸੈਕਸ਼ਨ 85 ਅਤੇ ਇਸ ਨਾਲ ਜੁੜੇ ਗੁਰਦੁਆਰਿਆਂ ਦਾ ਬਜਟ ਅਤੇ ਵਿਦਿਅਕ ਅਦਾਰਿਆਂ ਦਾ ਬਜਟ ਸ਼ਾਮਲ ਹੈ। ਸ਼੍ਰੋਮਣੀ ਕਮੇਟੀ ਦੇ ਖੁਦ ਦੇ ਬਜਟ ਨੂੰ ਮੁੜ ਚਾਰ ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਜਨਰਲ ਬੋਰਡ ਫੰਡ ਵਾਸਤੇ 72 ਕਰੋੜ 50 ਲੱਖ ਰੁਪਏ, ਟਰਸੱਟ ਫੰਡ ਲਈ 50 ਕਰੋੜ 60 ਲੱਖ ਰੁਪਏ, ਵਿਦਿਆ ਫੰਡ ਲਈ 37 ਕਰੋੜ 40 ਲੱਖ ਰੁਪਏ ਅਤੇ ਸ਼੍ਰੋਮਣੀ ਕਮੇਟੀ ਦੀਆਂ ਪ੍ਰਿੰਟਿੰਗ ਪ੍ਰੈੱਸਾਂ ਲਈ 7 ਕਰੋੜ 25 ਲੱਖ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਿਸ਼ਨ ਸ਼ਾਹਪੁਰ ਲਈ 40 ਲੱਖ ਰੁਪਏ ਰੱਖੇ ਗਏ ਹਨ। ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਇਸ ਵਿੱਤੀ ਵਰ੍ਹੇ ਦਾ ਬਜਟ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਤਹਿਤ ਨਵੰਬਰ ਵਿਚ ਵੱਡੇ ਪੱਧਰ ’ਤੇ ਸ਼ਤਾਬਦੀ ਸਮਾਗਮ ਕਰਾਇਆ ਜਾਵੇਗਾ। ਸਿਕਲੀਗਰ ਤੇ ਵਣਜਾਰੇ ਸਿੱਖਾਂ ਅਤੇ ਪੰਜਾਬ ਤੋਂ ਬਾਹਰਲੇ ਗੁਰਦੁਆਰਿਆਂ ਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਲਗਭਗ 14 ਕਰੋੜ 50 ਲੱਖ ਰੁਪਏ, ਖਾਲਸਾਈ ਖੇਡਾਂ ਲਈ 60 ਲੱਖ ਰੁਪਏ, ਸਿੱਖ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ 1 ਕਰੋੜ ਰੁਪਏ, ਧਰਮੀ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਦੋ ਕਰੋੜ ਰੁਪਏ, ਪੰਜਾਬ ਤੋਂ ਬਾਹਰ ਸਥਾਪਤ ਕੀਤੇ ਸਿੱਖ ਮਿਸ਼ਨ ਕੇਂਦਰਾਂ ਲਈ ਅੱਠ ਕਰੋੜ ਰੁਪਏ, ਕੁਦਰਤੀ ਆਫਤਾਂ ਸਮੇਂ ਮਦਦ ਲਈ 70 ਲੱਖ ਰੁਪਏ, ਸਿੱਖ ਇਤਿਹਾਸ ਦੀ ਖੋਜ ਅਤੇ ਛਪਾਈ ਲਈ 70 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਬਜਟ ਸਮਾਗਮ ਦੌਰਾਨ 11 ਮਤੇ ਵੀ ਪਾਸ ਕੀਤੇ ਗਏ ਜਿਨ੍ਹਾਂ ’ਚ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ਨੂੰ ਖੁੱਲ੍ਹਾ ਕਰਨ ਅਤੇ ਵਿਰਾਸਤੀ ਦਿਖ ਦੇਣ, ਪੰਜਾਬ-ਚੰਡੀਗੜ੍ਹ ਸਮੇਤ ਨੇੜਲੇ ਸੂਬਿਆਂ ਵਿਚ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਵਿਸ਼ੇਸ਼ ਉਪਰਾਲੇ ਕਰਨ, ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਸਬੰਧੀ ਕੇਸ ਨੂੰ ਨਿਬੇੜਣ ਅਤੇ ਹੋਰ ਨਜ਼ਰਬੰਦ ਸਿੱਖਾਂ ਦੀ ਰਿਹਾਈ, ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਮਗਰੋਂ ਸੰਗਤ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰਨ, ਫਿਲਮ ਸੈਂਸਰ ਬੋਰਡ ਵਿਚ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਪੱਕੇ ਤੌਰ ’ਤੇ ਸ਼ਾਮਲ ਕਰਨ, ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ 1984 ਦੇ ਸਿੱਖ ਨਸਲਕੁਸ਼ੀ ਕੇਸਾਂ ਵਿਚ ਹੋਰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਗਈ ਹੈ। ਲੋਕ ਇਨਸਾਫ ਪਾਰਟੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਬਜਟ ਸਮਾਗਮ ਦੀ ਸ਼ੁਰੂਆਤ ਵੇਲੇ ਹੀ ਬਰਗਾੜੀ ਕਾਂਡ ਅਤੇ ਬੇਅਦਬੀ ਘਟਨਾਵਾਂ ਦੇ ਸਬੰਧ ਵਿਚ ਮਤਾ ਪਾਉਣ ਦੀ ਮੰਗ ਕੀਤੀ। ਉਨ੍ਹਾਂ ਨੂੰ ਬੋਲਣ ਦਾ ਸਮਾਂ ਦੇਣ ਦਾ ਭਰੋਸਾ ਦਿੱਤਾ ਗਿਆ ਪਰ ਸਮਾਗਮ ਦੀ ਪਹਿਲਾਂ ਹੀ ਸਮਾਪਤੀ ਕਰ ਦਿੱਤੀ ਗਈ। ਸ੍ਰੀ ਬੈਂਸ ਨੇ ਮੀਡੀਆ ਕੋਲ ਇਸ ਦਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਸਿੱਖ ਸੰਸਥਾ ਹੀ ਬੇਅਦਬੀ ਸਬੰਧੀ ਮਤਾ ਪਾਸ ਕਰਨ ਤੋਂ ਭੱਜ ਰਹੀ ਹੈ। ਅੰਤ੍ਰਿੰਗ ਕਮੇਟੀ ਮੈਂਬਰ ਗੁਰਮੀਤ ਸਿੰਘ ਤਿਰਲੋਕੇਵਾਲਾ ਨੂੰ ਵੀ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਮੈਂਬਰ ਕਿਰਨਜੋਤ ਕੌਰ ਨੂੰ ਵੀ ਪੂਰੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਬਜਟ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਸਫ਼ਰ ਖ਼ਰਚ ਲਈ 85 ਲੱਖ ਰੁਪਏ ਰੱਖਣ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਇਹ ਖ਼ਰਚ ਪੰਜ ਲੱਖ ਕਰਨ ਦੀ ਮੰਗ ਕੀਤੀ। ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਤੋਤਾ ਸਿੰਘ ਨੇ ਬਜਟ ਇਜਲਾਸ ਦੋ ਦਿਨ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵੱਡੀ ਗਿਣਤੀ ਵਿਦਿਅਕ ਅਦਾਰੇ ਘਾਟੇ ਵਿਚ ਚਲ ਰਹੇ ਹਨ, ਜਿਨ੍ਹਾਂ ਨੂੰ ਘਾਟੇ ਵਿਚੋਂ ਕੱਢਣ ਦੇ ਉਪਰਾਲੇ ਹੋਣੇ ਚਾਹੀਦੇ ਹਨ।

ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਅੱਜ ਤੋਂ

ਪਟਿਆਲਾ, ਮਾਰਚ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਰਹੀ ਹੈ, ਜਿਸ ਲਈ ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਵਾਰ ਚੋਣਾਂ ਕਣਕ ਦੇ ਸੀਜ਼ਨ ਵਿਚ ਆ ਜਾਣ ਕਰਕੇ ਸਰਕਾਰ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਉਣ ਦੇਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਵਾਰ ਕਣਕ ਦੇ ਚੰਗੇ ਝਾੜ ਦੀ ਆਸ ਤਹਿਤ 190 ਲੱਖ ਟਨ ਕਣਕ ਦੀ ਪੈਦਾਵਾਰ ਦਾ ਅਨੁਮਾਨ ਹੈ। ਪਰ ਇਸ ਵਿਚੋਂ ਮੰਡੀਆਂ ਵਿਚ 130 ਲੱਖ ਟਨ ਕਣਕ ਦੀ ਆਮਦ ਦਾ ਹੀ ਅੰਦਾਜ਼ਾ ਹੈ। ਇਸ ਸਬੰਧੀ ਪੰਜਾਬ ਭਰ ਵਿੱਚ 1835 ਮੰਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ।

ਕਾਰ-ਸੇਵਾ ਦੇ ਨਾਂਅ ‘ਤੇ ਵਿਰਾਸਤੀ ਘਾਣ ਦੇ ਵਰਤਾਰੇ ਨੂੰ ਰੋਕਣ ਦਾ ਵੇਲਾ...

ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਇਤਿਹਾਸਕ ਦਰਸ਼ਨੀ ਡਿਓਢੀ ਨੂੰ ‘ਕਾਰ ਸੇਵਾ’ ਦੇ ਨਾਂਅ ‘ਤੇ ਢਾਹੁਣ ਦੀ ਕਾਰਵਾਈ ਸਾਡੀ ਵਿਰਾਸਤ, ਇਤਿਹਾਸ ਅਤੇ ਸਾਡੇ ਪੁਰਖਿਆਂ ਦੀਆਂ ਯਾਦਾਂ ‘ਤੇ ਅਸਹਿ ਤੇ ਅਕਹਿ ਹਮਲਾ ਹੈ। ਕਾਰ ਸੇਵਾ ਦਾ ਸੰਕਲਪ ਬੁਨਿਆਦੀ ਤੌਰ ‘ਤੇ ਤਾਂ ਬਹੁਤ ਪਵਿੱਤਰ, ਨਿਸ਼ਕਾਮ ਅਤੇ ਨਿਰਮਲ ਸੀ ਪਰ ਪਿਛਲੇ ਕੁਝ ਸਮੇਂ ਤੋਂ ਕਾਰ ਸੇਵਾ ਸੰਪਰਦਾਵਾਂ ‘ਤੇ ਕਾਬਜ਼ ਹੋਏ ਸਿੱਖੀ ਜਜ਼ਬੇ ਅਤੇ ਗੁਰਮਤਿ ਦੇ ਅਨੁਭਵੀ ਗਿਆਨ ਤੋਂ ਸੱਖਣੇ ਤੇ ਵਪਾਰੀ ਬਿਰਤੀ ਵਾਲੇ ਲੋਕਾਂ ਵਲੋਂ ਜਿਸ ਤਰ੍ਹਾਂ ਕਾਰ ਸੇਵਾ ਦੇ ਨਾਂਅ ‘ਤੇ ਸਾਡੇ ਗੁਰ-ਇਿਤਹਾਸ ਅਤੇ ਸਿੱਖ ਇਤਿਹਾਸ ਦੀਆਂ ਅਨਮੋਲ ਯਾਦਾਂ ਨੂੰ ਢਹਿਢੇਰੀ ਕੀਤਾ ਗਿਆ ਹੈ, ਉਸ ਵਰਤਾਰੇ ਨੇ ਕਾਰ ਸੇਵਾ ਦੀ ਰਵਾਇਤ ਨੂੰ ਬਦਨਾਮ ਅਤੇ ਸ਼ੱਕੀ ਬਣਾ ਦਿੱਤਾ ਹੈ। ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਦਾ ਪੁਰਾਤਨ ਘਰ ਅਤੇ ਚੁੱਲ੍ਹਾ, ਚਮਕੌਰ ਦੀ ਕੱਚੀ ਗੜ੍ਹੀ, ਅਨੰਦਪੁਰ ਸਾਹਿਬ ਵਿਖੇ ਪੁਰਾਤਨ ਇਿਤਹਾਸਕ ਅਸਥਾਨਾਂ ਦੇ ਬਚੇ-ਖੁਚੇ ਅਵਸ਼ੇਸ਼ਾਂ ਨੂੰ ਵੀ ਸੰਗਮਰਮਰੀ ਇਮਾਰਤਾਂ ਹੇਠ ਮਲੀਆਮੇਟ ਕਰਨ ਸਮੇਤ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਕੁਝ ਬਹੁਤ ਮਹੱਤਵਪੂਰਨ ਇਤਿਹਾਸਕ ਤੇ ਵਿਰਾਸਤੀ ਯਾਦਗਾਰਾਂ ਨੂੰ ਨਵੀਨੀਕਰਨ ਦੀ ਮਾਰ ਹੇਠ ਮਿਟਾਉਣ ਤੋਂ ਇਲਾਵਾ ਬਹੁਤ ਸਾਰੇ ਇਿਤਹਾਸਕ ਗੁਰਦੁਆਰਿਆਂ ਦੇ ‘ਦਰਬਾਰ ਸਾਹਿਬ’ ਵੱਡੇ ਕਰਨ ਦੀ ਆੜ ਹੇਠ ਪੁਰਾਤਨ ‘ਦਰਬਾਰ ਸਾਹਿਬ’ ਢਾਹੁਣੇ ਆਦਿ ਸਾਡੇ ਵਿਰਾਸਤੀ ਤੇ ਇਿਤਹਾਸਕ ਤੌਰ ‘ਤੇ ਬਹੁਤ ਵੱਡੇ ਅਤੇ ਕਦੇ ਨਾ ਪੂਰੇ ਕਰ ਸਕਣ ਵਾਲੇ ਨੁਕਸਾਨ ਹੋ ਚੁੱਕੇ ਹਨ। ਹੁਣ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਖ਼ਾਲਸਾ ਰਾਜ ਵੇਲੇ ਦੀ ਬਣੀ ਤਕਰੀਬਨ 200 ਸਾਲ ਪੁਰਾਣੀ ਦਰਸ਼ਨੀ ਡਿਓਢੀ ਨੂੰ ਸ਼ਨਿੱਚਰਵਾਰ ਦੀ ਰਾਤ ਨੂੰ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਵਲੋਂ ਢਾਹੁਣ ਦੀ ਅਸਹਿਣਯੋਗ ਕਾਰਵਾਈ ਨੇ ਸਮੁੱਚੀ ਸਿੱਖ ਕੌਮ ਨੂੰ ਆਪਣੀ ਵਿਰਾਸਤ ਤੇ ਇਤਿਹਾਸਕ ਗੁਰਧਾਮਾਂ ਦੀ ਪੁਰਾਤਨਤਾ ਨੂੰ ਮਿਟਾਉਣ ਦੇ ਸੰਗੀਨ ਸਾਜ਼ਿਸ਼ੀ ਵਰਤਾਰੇ ਪ੍ਰਤੀ ਸੁਚੇਤ ਤੇ ਚਿੰਤਤ ਕਰ ਦਿੱਤਾ ਹੈ। 

ਥੋੜ੍ਹਾ ਜਿਹਾ ਧੀਰਜ ਦੇਣ ਵਾਲੀ ਗੱਲ ਇਹ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਭਾਵਨਾਵਾਂ ਸਮਝਦਿਆਂ ਕਾਰ ਸੇਵਾ ਦੇ ਨਾਂਅ ‘ਤੇ ਸਿੱਖ ਵਿਰਾਸਤ ਦਾ ਘਾਣ ਕਰਨ ਦੇ ਵਰਤਾਰੇ ਪ੍ਰਤੀ ਗੰਭੀਰ ਰੁਖ ਅਖਤਿਆਰ ਗਿਆ ਕੀਤਾ ਹੈ। ਜਗਤਾਰ ਸਿੰਘ ਕਾਰ ਸੇਵਾ ਵਾਲੇ ਤੋਂ ਸਾਰੀਆਂ ਸੇਵਾਵਾਂ ਵਾਪਸ ਲੈ ਲਈਆਂ ਗਈਆਂ ਹਨ। ਅਸੀਂ ਆਸ ਕਰਦੇ ਹਾਂ ਕਿ ਬਾਬਾ ਜਗਤਾਰ ਸਿੰਘ ਖ਼ਿਲਾਫ਼ ਅਪਰਾਧਿਕ ਮਾਮਲਾ ਵੀ ਪੁਲਿਸ ਕੋਲ ਦਰਜ ਹੋਣਾ ਚਾਹੀਦਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਸ ਨੂੰ ਬੱਜਰ ਗੁਨਾਹ ਦੇ ਦੋਸ਼ ‘ਚ ਪੰਥ ਵਿਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਗੁਰਧਾਮਾਂ ਦੀ ਸੇਵਾ-ਸੰਭਾਲ ਗੁਰਮਤਿ ਅਨੁਸਾਰੀ ਪ੍ਰਬੰਧਾਂ ਅਨੁਸਾਰ ਕਰਨ ਲਈ ਹੋਇਆ ਸੀ। ਸਾਡੇ ਇਤਿਹਾਸਕ ਗੁਰ-ਅਸਥਾਨਾਂ ਅਤੇ ਵਿਰਾਸਤ ਦੀ ਪੁਰਾਤਨਤਾ ਨੂੰ ਸੁਰੱਖਿਅਤ ਰੱਖਣਾ ਵੀ ਇਸ ਦੇ ਵਿਧਾਨਕ ਫਰਜ਼ਾਂ ਵਿਚੋਂ ਪ੍ਰਮੁੱਖ ਹੈ। ਪਿਛਲੇ ਸਮਿਆਂ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਇਤਿਹਾਸਕ ਅਸਥਾਨਾਂ ਵਿਖੇ ਸਮੇਂ ਦੀ ਲੋੜ ਅਨੁਸਾਰ ਨਵੀਆਂ ਉਸਾਰੀਆਂ ਕਾਰ ਸੇਵਾ ਵਾਲੇ ਬਾਬਿਆਂ ਤੋਂ ਕਰਵਾਈਆਂ ਜਾਂਦੀਆਂ ਰਹੀਆਂ। ਇਸੇ ਦੌਰਾਨ ਬਹੁਤ ਸਾਰੇ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਅਣਗਹਿਲੀ ਜਾਂ ਵਿਰਾਸਤ ਦੀ ਅਹਿਮੀਅਤ ਤੋਂ ਅਨਜਾਣ ਹੋਣ ਕਰਕੇ ਸਾਡੇ ਗੁਰ-ਇਤਿਹਾਸ ਨਾਲ ਸਬੰਧਤ ਬਹੁਤ ਸਾਰੀਆਂ ਅਨਮੋਲ ਨਿਸ਼ਾਨੀਆਂ ਨੂੰ ਮਿਟਾ ਦਿੱਤਾ ਗਿਆ, ਜੋ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਭਾਵਨਾਤਮਕ ਤੌਰ ‘ਤੇ ਆਪਣੇ ਪੁਰਖਿਆਂ ਦੀਆਂ ਯਾਦਾਂ ਨਾਲ ਜੋੜਨ ਵਾਲੀਆਂ ਸਨ। ਨਵੀਨੀਕਰਨ ਅਤੇ ਸੁੰਦਰੀਕਰਨ ਦਾ ਸਾਡੇ ਗੁਰਧਾਮਾਂ ਦੇ ਪ੍ਰਬੰਧਕਾਂ ਅਤੇ ਕਾਰ-ਸੇਵਾ ਵਾਲੇ ਬਾਬਿਆਂ ‘ਤੇ ਐਸਾ ਭੂਤ ਸਵਾਰ ਰਿਹਾ ਹੈ ਕਿ ਦੋ-ਚਾਰ ਸਾਲ ਬਾਅਦ ਹੀ ਤੁਸੀਂ ਕਿਸੇ ਇਤਿਹਾਸਕ ਗੁਰਧਾਮ ਦੇ ਦਰਸ਼ਨਾਂ ਲਈ ਜਾਵੋ ਤਾਂ ਉਥੇ ਸਾਰਾ ਨਕਸ਼ਾ ਹੀ ਬਦਲਿਆ ਹੋਇਆ ਨਜ਼ਰ ਆਵੇਗਾ। ਆਪਣੇ ਪਵਿੱਤਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਕੇ ਗੁਰੂ-ਕਾਲ ਜਾਂ ਸਿੱਖ ਇਤਿਹਾਸ ਦੀਆਂ ਸਦੀਆਂ ਪੁਰਾਣੀਆਂ ਯਾਦਾਂ ਜਾਂ ਪ੍ਰੇਰਨਾ ਦਾ ਅਹਿਸਾਸ ਹੋਣਾ ਤੇ ਦੂਰ ਦੀ ਗੱਲ, ਤੁਹਾਨੂੰ  ਪਿਛਲੀ ਯਾਤਰਾ ਦੀਆਂ ਯਾਦਾਂ ਵੀ ਨਹੀਂ ਲੱਭਣਗੀਆਂ। 

ਸਾਡੇ ਬਹੁਤੇ ਪਵਿੱਤਰ ਇਤਿਹਾਸਕ ਗੁਰਧਾਮਾਂ ਦੇ ਦਰਬਾਰ ਤੇ ਹੋਰ ਇਮਾਰਤਾਂ ਮਿਸਲ ਰਾਜ ਜਾਂ ਸ਼ੇਰ-ਏ-ਪੰਜਾਬ ਦੇ ਖ਼ਾਲਸਾ ਰਾਜ ਵੇਲੇ ਦੀਆਂ ਬਣੀਆਂ ਹਨ। ਗੁਰਦੁਆਰਾ ਪ੍ਰਬੰਧਕਾਂ ਅਤੇ ਕਾਰ-ਸੇਵਾ ਸੰਪਰਦਾਵਾਂ ਵਲੋੰ ਗੁਰਮਤਿ ਵਿਚਲੇ ਸਤਿਸੰਗਤ ਦੇ ਰੂਹਾਨੀ ਅਹਿਸਾਸ ਤੇ ਸੰਕਲਪ ਤੋਂ ਅਨਜਾਣ ਹੋਣ ਕਰਕੇ ਗੁਰਦੁਆਰਿਆਂ ਦੇ ਦਰਬਾਰਾਂ ਦੀਆਂ ਪੁਰਾਤਨ ਤੇ ਵਿਰਾਸਤੀ ਇਮਾਰਤਾਂ ਨੂੰ ਬੇਹੱਦ ਮਜ਼ਬੂਤ ਤੇ ਸੁਰੱਖਿਅਤ ਹੋਣ ਦੇ ਬਾਵਜੂਦ ਢਾਹ ਕੇ ਵੱਡੇ-ਵੱਡੇ ਸੰਗਮਰਮਰੀ ਦਰਬਾਰ ਉਸਾਰ ਦਿੱਤੇ ਗਏ। ਇਸੇ ਸੰਦਰਭ ‘ਚ ਇਕ ਘਟਨਾ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਕੁਝ ਸਾਲ ਪਹਿਲਾਂ ਇਕ ਸਿੱਖ ਵਿਦਵਾਨ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਗਿਆ ਤਾਂ ਉਸ ਨੇ ਉਥੇ ਇਤਿਹਾਸਕ ਗੁਰਦੁਆਰਿਆਂ ਦੇ ਪੁਰਾਤਨ ਤੇ ਛੋਟੇ-ਛੋਟੇ ਦਰਬਾਰਾਂ ਦੀਆਂ ਇਮਾਰਤਾਂ ਵੇਖ ਕੇ ਉਥੋਂ ਦੇ ਕਿਸੇ ਪ੍ਰਬੰਧਕ ਨੂੰ ਪੁੱਛਿਆ ਕਿ ਸਾਡੇ ਪੰਜਾਬ ‘ਚ ਤਾਂ ਸਮੇਂ ਦੇ ਲਿਹਾਜ਼ ਨਾਲ ਸੰਗਤ ਦੀ ਆਮਦ ਨੂੰ ਵੇਖਦਿਆਂ ਇਤਿਹਾਸਕ ਗੁਰਦੁਆਰਿਆਂ ਦੇ ਪੁਰਾਤਨ ਦਰਬਾਰ ਸਾਹਿਬ ਢਾਹ ਕੇ ਵੱਡੇ-ਵੱਡੇ ਦਰਬਾਰ ਉਸਾਰ ਦਿੱਤੇ ਗਏ ਹਨ ਪਰ ਤੁਹਾਡੇ ਇੱਥੇ ਸਾਰੇ ਗੁਰਦੁਆਰਿਆਂ ਦੇ ਦਰਬਾਰ ਸਾਹਿਬ ਪੁਰਾਤਨ ਅਤੇ ਨਿੱਕੇ-ਨਿੱਕੇ ਹੀ ਹਨ, ਅਜਿਹਾ ਕਿਉਂ? ਤਾਂ ਉਸ ਪ੍ਰਬੰਧਕ ਨੇ ਜਵਾਬ ਦਿੱਤਾ ਕਿ ਦਰਬਾਰ ਸਾਹਿਬ ਵਿਚ ਬੈਠ ਕੇ ਕੀਰਤਨ ਜਾਂ ਗੁਰਬਾਣੀ ਸੁਣਨ ਵਾਲੀ ਸਤਿਸੰਗਤ ਦੀ ਗਿਣਤੀ ਤਾਂ ਏਨੀ ਕੁ ਹੀ ਹੁੰਦੀ ਹੈ, ਜਿੰਨੇ ਕੁ ਸਰੀਰ ਇਨ੍ਹਾਂ ਪੁਰਾਤਨ ਗੁਰਦੁਆਰਿਆਂ  ਦੇ ਦਰਬਾਰ ਵਿਚ ਬੈਠ ਸਕਦੇ ਹਨ। ਵਾਕਈ ਸਤਿਸੰਗਤ ਦੇ ਇਸ ਗੋਹਜ ਤੇ ਵਾਸਤਵੀ ਅਹਿਸਾਸ ਨੂੰ ਸਾਡੇ ਅਜੋਕੇ ਗੁਰਦੁਆਰਾ ਪ੍ਰਬੰਧਕਾਂ ਤੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਵੀ ਮਹਿਸੂਸ ਕਰਨ ਦੀ ਲੋੜ ਹੈ, ਤਾਂ ਜੋ ਜਿਹੜੇ ਇਤਿਹਾਸਕ ਗੁਰਦੁਆਰਿਆਂ ਦੇ ਪੁਰਾਤਨ ਦਰਬਾਰ ਸਾਡੇ ਕੋਲ ਸਾਡੇ ਗੁਰੂ ਸਾਹਿਬਾਨ ਅਤੇ ਸਿੱਖ ਰਾਜ ਕਾਇਮ ਕਰਨ ਵਾਲੇ ਪੁਰਖਿਆਂ ਦੀਆਂ ਯਾਦਾਂ ਦੇ ਰੂਪ ਵਿਚ ਅਜੇ ਬਚੇ ਹਨ, ਉਹ ਵੀ ਕਿਤੇ ਵੱਡੇ-ਵੱਡੇ ਸੰਗਮਰਮਰੀ ਦਰਬਾਰ ਉਸਾਰਨ ਦੀ ਹੋੜ ਦੀ ਭੇਟ ਨਾ ਚੜ੍ਹ ਜਾਣ। 

ਅੱਜ ਜਦੋਂ ਤਰਨਤਾਰਨ ਦੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਗੁੰਬਦ ਦੀ ਸ਼ਹਾਦਤ ਨਾਲ ਕੌਮ ਜਾਗੀ ਹੈ ਤਾਂ ਇਸ ਨੂੰ ਚਿੰਤਨ ਤੋਂ ਚਾਨਣ ਵੱਲ ਜਾਣ ਲਈ ਜ਼ਰੀਆ ਬਣਾਇਆ ਜਾਵੇ। ਮੈਂ ਇਹ ਗੱਲ ਵੀ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਹਾਂ ਕਿ ਜੇਕਰ ਤਰਨਤਾਰਨ ਦੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ’ਤੇ ਕਾਰ-ਸੇਵਾ ਵਾਲੇ ਬਾਬਾ ਜਗਤਾਰ ਸਿੰਘ ਵਲੋਂ ਕੀਤੇ ਗੈਰ-ਜ਼ਿੰਮੇਵਾਰਾਨਾ ਤੇ ਅਸਹਿ ਹਮਲੇ ‘ਤੇ ਸ਼੍ਰੋਮਣੀ ਕਮੇਟੀ ਨੇ ਤੁਰੰਤ ਗੰਭੀਰ ਰੁਖ਼ ਅਖਤਿਆਰ ਕੀਤਾ ਹੈ ਅਤੇ ਹੋਰ ਨੁਕਸਾਨ ਹੋਣੋਂ ਬਚ ਗਿਆ ਤਾਂ ਅਜਿਹਾ ਇਸ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮੀ ਬਿਰਤੀ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਗੁਰਮਤਿ ਦੇ ਇਤਿਹਾਸਕ, ਵਿਰਾਸਤੀ ਅਤੇ ਅਧਿਆਤਮਕ ਸੰਕਲਪਾਂ ਪ੍ਰਤੀ ਸੋਝੀ ਸਦਕਾ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਲੋਕ ਦਰਸ਼ਨੀ ਡਿਓਢੀ ਢਾਹੁਣ ਦੀ ਕਾਰਵਾਈ ਲਈ ਕਾਰ ਸੇਵਾ ਵਾਲੇ ਜਗਤਾਰ ਸਿੰਘ ਦੇ ਬਰਾਬਰ ਸ਼੍ਰੋਮਣੀ ਕਮੇਟੀ ਨੂੰ ਇਕ ਮਤੇ ਦੀ ਨਕਲ ਦੇ ਹਵਾਲੇ ਨਾਲ ਦੋਸ਼ੀ ਠਹਿਰਾ ਰਹੇ ਹਨ ਕਿ 12-07-2018 ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਓਢੀ ਨੂੰ ਢਾਹੁਣ ਦੀ ਆਗਿਆ ਦਿੱਤੀ ਗਈ ਹੈ ਜਦੋਂਕਿ ਇਕ ਜ਼ਿੰਮੇਵਾਰ ਤੇ ਪੇਸ਼ੇਵਰ ਪੱਤਰਕਾਰ ਹੋਣ ਨਾਤੇ ਜੋ ਮੈਂ ਖੋਜਬੀਨ ਕੀਤੀ ਉਸ ਅਨੁਸਾਰ ਇਸ ਦਰਸ਼ਨੀ ਡਿਓੜੀ ਦੀ ਕਾਰ ਸੇਵਾ ਦੀ ਆਰੰਭਤਾ ਵੇਲੇ 14 ਸਤੰਬਰ 2018 ਨੂੰ ਸੰਗਤਾਂ ਵੱਲੋਂ ਵੱਡੇ ਪੱਧਰ ‘ਤੇ ਇਤਰਾਜ਼ ਉਠਾਉਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਇਸ ’ਤੇ ਰੋਕ ਲਗਾ ਦਿੱਤੀ ਸੀ ਅਤੇ 18 ਅਕਤੂਬਰ 2018 ਨੂੰ ਹੋਈ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਵਿਚ ਮਤਾ ਨੰ: 765 ਰਾਹੀਂ ਇਸ ਕਾਰ ਸੇਵਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਦਰਸ਼ਨੀ ਡਿਓਢੀ ਦਾ ਗੁੰਬਦ ਢਾਹੇ ਜਾਣ ਦੀ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਬਾਬਾ ਜਗਤਾਰ ਸਿੰਘ ਤੋਂ ਸਾਰੀਆਂ ਸੇਵਾਵਾਂ ਵਾਪਸ ਲੈ ਲਈਆਂ ਹਨ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਨੂੰ ਬੀਤੀ ਸ਼ਨਿੱਚਰਵਾਰ ਦੀ ਰਾਤ ਨੂੰ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਦਰਸ਼ਨੀ ਡਿਓਢੀ ਦੇ ਗੁੰਬਦ ਨੂੰ ਢਾਹੇ ਜਾਣ ਦੀ ਕਾਰਵਾਈ ਦੀ ਤੁਰੰਤ ਸੂਚਨਾ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ਨਾ ਦੇਣ ਕਾਰਨ ਮੁਅੱਤਲ ਕਰਕੇ ਪੂਰੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ। ਸੋ, ਸਾਨੂੰ ਸਾਰਿਆਂ ਨੂੰ ਕਿਸੇ ਵੀ ਸੰਵੇਦਨਸ਼ੀਲ ਪੰਥਕ ਮੁੱਦੇ ‘ਤੇ ਬਿਨਾਂ ਸੱਚਾਈ ਦੀ ਤਹਿ ਤੱਕ ਜਾਣ ਅਤੇ ਸਮੇਂ ਤੋਂ ਪਹਿਲਾਂ ਹੀ ਜਜ਼ਬਾਤੀ ਅਤੇ ਸਿਆਸੀ ਤੌਰ ‘ਤੇ ਕੋਈ ਸਿੱਟਾ ਕੱਢਣ ਦੀ ਸੋਚ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਅਜਿਹੀ ਸੋਚ ਅਕਸਰ ਗੰਭੀਰ ਤੇ ਸੰਵੇਦਨਸ਼ੀਲ ਪੰਥਕ ਮੁੱਦਿਆਂ ਦੀ ਸੰਜੀਦਗੀ ਤੇ ਗੰਭੀਰਤਾ ਨੂੰ ਖ਼ਤਮ ਕਰਕੇ ਮੁੱਦਿਆਂ ਨੂੰ ਕੋਈ ਹੋਰ ਹੀ ਰੂਪ-ਰੰਗਤ ਦੇ ਦਿੰਦੀ ਹੈ ਤੇ ਪੰਥ ਦੀ ਮਾਨਸਿਕਤਾ ‘ਚ ਸਮੂਹਿਕ ਇਕ-ਰਾਇ ਬਣਨ ਦੀ ਬਜਾਇ, ਪੰਥ ਦੇ ਵਿਚਾਰ ਸਿਆਸੀ ਤੇ ਧੜਿਆਂ ਦੀ ਸੋਚ ਵਿਚ ਵੰਡੇ ਜਾਂਦੇ ਹਨ। ਇਸ ਤਰ੍ਹਾਂ ਸਾਡੀ ਕਿਸੇ ਵੱਡੇ ਤੋਂ ਵੱਡੇ ਪੰਥਕ ਮੁੱਦੇ ਦੀ ਚਿੰਤਾ ਵੀ ਪਾਣੀ ਦੇ ਬੁਲਬੁਲੇ ਵਰਗੀ ਵਕਤੀ ਹੋ ਨਿਬੜਦੀ ਹੈ।

ਵੱਡੇ ਬਾਦਲ ਦੇ ‘ਆਸ਼ੀਰਵਾਦ’ ਤੋਂ ਗੁਜਰਾਤ ਦੇ ਪੰਜਾਬੀ ਕਿਸਾਨ ਔਖੇ

ਬਠਿੰਡਾ, ਮਾਰਚ ਗੁਜਰਾਤ ’ਚ ਉਜਾੜੇ ਦੀ ਵੱਟ ’ਤੇ ਬੈਠੇ ਹਜ਼ਾਰਾਂ ਪੰਜਾਬੀ ਕਿਸਾਨ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ‘ਆਸ਼ੀਰਵਾਦ ਫੇਰੀ’ ਤੋਂ ਔਖੇ ਹਨ। ਵੱਡੇ ਬਾਦਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ‘ਆਸ਼ੀਰਵਾਦ’ ਦੇਣ ਤਾਂ ਗੁਜਰਾਤ ਪੁੱਜ ਗਏ ਪਰ ਉਨ੍ਹਾਂ ਪੰਜਾਬੀ ਕਿਸਾਨਾਂ ਨੂੰ ਚੇਤੇ ਤੋਂ ਵਿਸਾਰ ਦਿੱਤਾ ਜਿਨ੍ਹਾਂ ਨੂੰ ਵਰ੍ਹਿਆਂ ਤੋਂ ਗੁਜਰਾਤ ’ਚੋਂ ‘ਆਊਟ’ ਕਰਨ ਲਈ ਗੁਜਰਾਤ ਸਰਕਾਰ ਕਾਹਲੀ ਹੈ। ਗੁਜਰਾਤ ਵਿਚ ਕਰੀਬ ਪੰਜ ਹਜ਼ਾਰ ਪੰਜਾਬੀ ਪਰਿਵਾਰ ਪੰਜ ਵਰ੍ਹਿਆਂ ਤੋਂ ਉਥੋਂ ਦੀ ਸਰਕਾਰ ਦੇ ਵਿਤਕਰੇ ਦਾ ਸ਼ਿਕਾਰ ਹਨ। ਜ਼ਿਕਰਯੋਗ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ 1964 ਵਿਚ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਤਹਿਤ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਭੁਜ ਇਲਾਕੇ ਵਿਚ ਜ਼ਮੀਨਾਂ ਦੀ ਅਲਾਟਮੈਂਟ ਕੀਤੀ ਸੀ। ਭੁਜ ਖ਼ਿੱਤੇ ’ਚੋਂ ਕਾਫ਼ੀ ਕਿਸਾਨ ਪਰਿਵਾਰ ਪੰਜਾਬ ਵੀ ਮੁੜ ਆਏ ਹਨ। ਗੁਜਰਾਤ ਵਿਚ ਪੰਜਾਬੀ ਕਿਸਾਨਾਂ ਦੀ ਕਰੀਬ 20 ਹਜ਼ਾਰ ਏਕੜ ਜ਼ਮੀਨ ਖ਼ਤਰੇ ਵਿਚ ਹੈ ਜਿਸ ਨੂੰ ਭੂ ਮਾਫੀਏ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬੀ ਕਿਸਾਨਾਂ ਨੂੰ ਗੁਜਰਾਤ ਹਾਈ ਕੋਰਟ ਤੋਂ ਰਾਹਤ ਮਿਲ ਗਈ ਸੀ ਪਰ ਸੂਬਾ ਸਰਕਾਰ ਸੁਪਰੀਮ ਕੋਰਟ ਚਲੀ ਗਈ ਜਿਥੇ ਫ਼ੈਸਲਾ ਬਕਾਇਆ ਪਿਆ ਹੈ। ਪੰਜ ਵਰ੍ਹੇ ਪਹਿਲਾਂ ਜਦੋਂ ਪੰਜਾਬੀ ਕਿਸਾਨਾਂ ਦੇ ਉਜਾੜੇ ਦਾ ਮਾਮਲਾ ਭਖਿਆ ਸੀ ਤਾਂ ਉਦੋਂ ਨਰਿੰਦਰ ਮੋਦੀ ਨੇ 23 ਫਰਵਰੀ 2014 ਨੂੰ ਜਗਰਾਓਂ ਵਿਖੇ ‘ਫਤਹਿ ਰੈਲੀ’ ਵਿਚ ਐਲਾਨ ਕੀਤਾ ਸੀ ਕਿ ਕੋਈ ਸਿੱਖ ਕਿਸਾਨ ਗੁਜਰਾਤ ’ਚੋਂ ਉਜੜਨ ਨਹੀਂ ਦਿੱਤਾ ਜਾਵੇਗਾ। ਪੰਜਾਬੀ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਜ਼ਿਲ੍ਹਾ ਭੁਜ ਦੇ ਪਿੰਡ ਮਾਂਡਵੀ ਦੇ ਕਿਸਾਨ ਸੁਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸੁਪਰੀਮ ਕੋਰਟ ਵਿਚ ਗੁਜਰਾਤ ਸਰਕਾਰ ਪੂਰੀ ਤਰ੍ਹਾਂ ਨਾਲ ਪੰਜਾਬੀ ਕਿਸਾਨਾਂ ਖ਼ਿਲਾਫ਼ ਖੜ੍ਹੀ ਹੈ। ਉਨ੍ਹਾਂ ਆਖਿਆ ਕਿ ਵੱਡੇ ਬਾਦਲ ਨੇ ਹੁਣ ਅਮਿਤ ਸ਼ਾਹ ਨੂੰ ਆਸ਼ੀਰਵਾਦ ਤਾਂ ਦਿੱਤਾ ਹੈ ਪਰ ਉਹ ਪੰਜਾਬੀ ਕਿਸਾਨਾਂ ਦੇ ਮਸਲੇ ਭੁੱਲ ਗਏ ਹਨ। ਉਨ੍ਹਾਂ ਆਖਿਆ ਕਿ ਬਾਦਲ ਆਪਣੇ ਸਿਆਸੀ ਹਿੱਤਾਂ ਲਈ ਗੁਜਰਾਤ ਆਏ ਸਨ, ਨਾ ਕਿ ਪੰਜਾਬੀ ਕਿਸਾਨਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਲਈ। ਪਿੰਡ ਨਰੌਣਾ ਦੇ ਕਿਸਾਨ ਬਿੱਕਰ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਪੰਜ ਵਰ੍ਹੇ ਪਹਿਲਾਂ ਕੀਤੇ ਵਾਅਦੇ ਤੋਂ ਮੁੱਕਰ ਗਏ ਹਨ ਅਤੇ ਹੁਣ ਤਾਂ ਬਾਦਲ ਵੀ ਕਿਸਾਨਾਂ ਦਾ ਦਰਦ ਭੁੱਲ ਗਏ ਹਨ। ‘ਹੁਣ ਤਿਲ਼ਾਂ ਵਿਚ ਤੇਲ ਨਹੀਂ ਰਿਹਾ ਅਤੇ ਵੱਡੇ ਬਾਦਲ ਤਾਂ ਭਵਿੱਖ ਦੀ ਗੋਟੀ ਫਿੱਟ ਕਰਨ ਲਈ ਗੁਜਰਾਤ ਦੇ ਗੇੜੇ ਮਾਰ ਰਹੇ ਹਨ।’ ਪਿੰਡ ਜੁਰਾ ਦੇ ਕਿਸਾਨ ਸਾਧੂ ਸਿੰਘ ਅਤੇ ਚਮਕੌਰ ਸਿੰਘ ਮੁਤਾਬਕ ਗੁਜਰਾਤ ਸਰਕਾਰ ਨੇ ਪੰਜਾਬੀ ਕਿਸਾਨਾਂ ’ਤੇ ‘ਬਾਹਰਲੇ’ ਹੋਣ ਦਾ ਠੱਪਾ ਲਾ ਦਿੱਤਾ ਹੈ ਅਤੇ ਪੰਜ ਵਰ੍ਹਿਆਂ ਵਿਚ ਗੁਜਰਾਤ ਸਰਕਾਰ ਜਾਂ ਕੇਂਦਰ ਸਰਕਾਰ ਨੇ ਕੋਈ ਰਾਹਤ ਨਹੀਂ ਦਿੱਤੀ। ਉਨ੍ਹਾਂ ਆਖਿਆ ਕਿ ਵੱਡੇ ਬਾਦਲ ਆਸ਼ੀਰਵਾਦ ਦੇਣ ਵੇਲੇ ਅਮਿਤ ਸ਼ਾਹ ਨੂੰ ਪੰਜਾਬੀ ਕਿਸਾਨਾਂ ਦਾ ਚੇਤਾ ਤਾਂ ਕਰਾਉਂਦੇ। ਕੁਠਾਰਾ ਪਿੰਡ ਵਿਚ ਬੈਠੇ ਕਿਸਾਨ ਜਸਵਿੰਦਰ ਸਿੰਘ ਤੇ ਹਰਵਿੰਦਰ ਸਿੰਘ ਨੇ ਕਿਹਾ,‘‘ਵੱਡੇ ਬਾਦਲ ਕਦੇ ਵੀ ਪੰਜਾਬੀ ਕਿਸਾਨਾਂ ਦੇ ਦੁੱਖ ਦਰਦ ਜਾਣਨ ਲਈ ਗੁਜਰਾਤ ਨਹੀਂ ਆਏ ਪਰ ਆਸ਼ੀਰਵਾਦ ਦੇਣ ਲਈ ਰਾਤੋਂ ਰਾਤ ਪੁੱਜ ਗਏ। ਚੰਗਾ ਹੁੰਦਾ, ਉਹ ਉਜਾੜੇ ਦੀ ਤਲਵਾਰ ਝੱਲ ਰਹੇ ਪੰਜਾਬੀ ਕਿਸਾਨਾਂ ਦੀ ਗੱਲ ਵੀ ਕਰਦੇ।’’ ਦੱਸਣਯੋਗ ਹੈ ਕਿ ਇਕੱਲੇ ਕੁਠਾਰਾ ਕਸਬੇ ਵਿਚ ਕਰੀਬ ਤਿੰਨ ਹਜ਼ਾਰ ਪੰਜਾਬੀ ਕਿਸਾਨ ਪਰਿਵਾਰ ਹਨ। ਇਸੇ ਤਰ੍ਹਾਂ ਨਲੀਆ ਵਿਧਾਨ ਸਭਾ ਹਲਕੇ ਵਿਚ ਵੀ ਕਾਫ਼ੀ ਪੰਜਾਬੀ ਹਨ। ਲੋਰੀਆ ਵਿਚ ਕਈ ਕਿਸਾਨ ਗੁਜਰਾਤੀ ਸਰਕਾਰ ਤੇ ਭੂ ਮਾਫੀਆ ਦਾ ਧੱਕਾ ਝੱਲ ਚੁੱਕੇ ਹਨ। ਹੁਣ ਲੋਕ ਸਭਾ ਚੋਣਾਂ ਵਿਚ ਇਹ ਕਿਸਾਨ ਮੁੜ ਸਿਆਸੀ ਤੌਰ ’ਤੇ ਸਰਗਰਮ ਹੋਏ ਹਨ।

 

ਪੰਜਾਬ ਸਰਕਾਰ ਨੇ ਅਦਾਇਗੀਆਂ ਰੋਕੀਆਂ

ਚੰਡੀਗੜ੍ਹ, ਮਾਰਚ ਪੰਜਾਬ ਸਰਕਾਰ ਦੀ 31 ਮਾਰਚ ਵਾਲੇ ਦਿਨ ਵੀ ਵਿੱਤੀ ਸਥਿਤੀ ਡਗਮਗਾ ਗਈ ਜਾਪਦੀ ਹੈ। ਸਰਕਾਰ ਨੇ ਅੱਜ ਹੰਗਾਮੀ ਹਾਲਤ ਵਿੱਚ ਸੂਬੇ ਦੇ ਸਮੂਹ ਜ਼ਿਲ੍ਹਾ ਖਜ਼ਾਨਾ ਅਫਸਰਾਂ ਨੂੰ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਆਪਣੇ ਪੱਧਰ ’ਤੇ ਕੋਈ ਵੀ ਬਿੱਲ ਪਾਸ ਨਾ ਕੀਤਾ ਜਾਵੇ। ਇਸ ਦਾ ਸਿੱਧਾ ਅਰਥ ਹੈ ਕਿ ਖਜ਼ਾਨਾ ਦਫਤਰਾਂ ਵਿਚੋਂ ਹੁਣ ਕੋਈ ਅਦਾਇਗੀ ਨਹੀਂ ਕੀਤੀ ਜਾਵੇਗੀ। ਵਿੱਤ ਵਿਭਾਗ ਵੱਲੋਂ ਖਜ਼ਾਨਾ ਅਫਸਰਾਂ ਨੂੰ ਜਾਰੀ ਕੀਤੇ ਪੱਤਰ ਵਿਚ ਸਾਫ ਲਿਖਿਆ ਹੈ ਕਿ ਰਾਜ ਦੀ ਵਿੱਤੀ ਸਥਿਤੀ ਠੀਕ ਨਹੀਂ ਨਾ ਹੋਣ ਕਾਰਨ ਖਜ਼ਾਨਾ ਅਫਸਰ ਵੱਲੋਂ ਆਪਣੇ ਪੱਧਰ ’ਤੇ ਕੋਈ ਵੀ ਬਿੱਲ ਪਾਸ ਨਾ ਕੀਤਾ ਜਾਵੇ। ਜੇਕਰ ਕਿਸੇ ਖਜ਼ਾਨਾ ਅਫਸਰ ਵੱਲੋਂ ਆਪਣੇ ਪੱਧਰ ’ਤੇ ਕੋਈ ਵੀ ਬਿੱਲ ਪਾਸ ਕੀਤਾ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਤ ਜ਼ਿਲ੍ਹਾ ਖਜ਼ਾਨਾ ਅਫਸਰ ਦੀ ਹੋਵੇਗੀ ਤੇ ਉਸ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਸਰਕਾਰ ਨੇ ਪਹਿਲਾਂ ਹੀ ਲੰਮੇ ਸਮੇਂ ਤੋਂ ਮੁਲਾਜ਼ਮਾਂ ਆਦਿ ਦੀਆਂ ਕਈ ਤਰ੍ਹਾਂ ਦੀਆਂ ਅਦਾਇਗੀਆਂ ਉੱਪਰ ਰੋਕ ਲਾਈ ਹੋਈ ਹੈ।

ਵਿਦਿਆਰਥੀ ਨੇ ਖ਼ੁਦਕੁਸ਼ੀ ਕੀਤੀ

ਬਰਨਾਲਾ, ਮਾਰਚ ਏਅਰ ਫੋਰਸ ਸਟੇਸ਼ਨ ਬਰਨਾਲਾ ਦੇ ਸਕੂਲ ’ਚ 11ਵੀਂ ਜਮਾਤ ਦੇ ਵਿਦਿਆਰਥੀ ਨੇ ਫੇਲ੍ਹ ਹੋਣ ਤੋਂ ਨਿਰਾਸ਼ ਹੋ ਕੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਠੀਕਰੀਵਾਲ ਰੋਡ ਸਥਿਤ ਜ਼ੀਰੋ ਪੁਆਇੰਟ ਨੇੜੇ ਰਹਿਣ ਵਾਲੇ ਹਾਕਮ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਨ। ਛੋਟਾ ਬੇਟਾ ਮਨਪ੍ਰੀਤ ਸਿੰਘ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ। 27 ਮਾਰਚ ਨੂੰ ਐਲਾਨੇ ਪ੍ਰੀਖਿਆ ਦੇ ਨਤੀਜੇ ਵਿਚ ਉਹ ਫੇਲ੍ਹ ਹੋ ਗਿਆ ਤੇ ਉਸ ਦਿਨ ਤੋਂ ਹੀ ਪ੍ਰੇਸ਼ਾਨੀ ਦੇ ਆਲਮ ਵਿਚ ਸੀ। ਉਨ੍ਹਾਂ ਕਿਹਾ ਕਿ 28 ਮਾਰਚ ਸ਼ਾਮ ਨੂੰ ਸਾਰਾ ਪਰਿਵਾਰ ਕਿਤੇ ਬਾਹਰ ਗਿਆ ਹੋਇਆ ਸੀ ਅਤੇ ਜਦ ਉਹ ਦੇਰ ਰਾਤ ਨੂੰ ਘਰ ਪਹੁੰਚੇ ਤਾਂ ਬੇਟੇ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਖਰੜ ’ਚ ਮਹਿਲਾ ਡਰੱਗ ਇੰਸਪੈਕਟਰ ਦੀ ਗੋਲੀਆਂ ਮਾਰ ਕੇ ਹੱਤਿਆ

ਖਰੜ,  ਮਾਰਚ ਇੱਥੇ ਅੱਜ ਖ਼ੁਰਾਕ ਤੇ ਡਰੱਗਜ਼ ਪ੍ਰਬੰਧਨ (ਫੂਡ ਤੇ ਡਰੱਗਜ਼ ਐਡਮਿਨਿਸਟ੍ਰੇਸ਼ਨ) ਅਧੀਨ ਜ਼ਿਲ੍ਹਾ ਲਾਇਸੈਂਸਿੰਗ ਅਥਾਰਿਟੀ ਦੇ ਦਫ਼ਤਰ ’ਚ ਡਰੱਗ ਇੰਸਪੈਕਟਰ ਡਾ. ਨੇਹੀ ਸ਼ੋਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਵੇਰੇ ਕਰੀਬ 11.30 ਵਜੇ ਮੁਲਜ਼ਮ ਨੇ ਅਧਿਕਾਰੀ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਮੁਲਜ਼ਮ ਦੀ ਸ਼ਨਾਖ਼ਤ ਬਲਵਿੰਦਰ ਸਿੰਘ ਵਾਸੀ ਮੋਰਿੰਡਾ ਵਜੋਂ ਹੋਈ ਹੈ। ਦਫ਼ਤਰ ਵਿਚ ਬਤੌਰ ਕੰਪਿਊਟਰ ਅਪਰੇਟਰ ਕੰਮ ਕਰਦੇ ਗੁਰਜੀਤ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਮੁਲਜ਼ਮ ਕਰੀਬ ਸਾਢੇ 11 ਵਜੇ ਦਫ਼ਤਰ ਵਿਚ ਦਾਖ਼ਲ ਹੋਇਆ ਤੇ ਉਹ ਸਾਰੇ ਕੰਮ ਵਿਚ ਰੁੱਝੇ ਹੋਏ ਸਨ। ਅੰਦਰ ਦਾਖ਼ਲ ਹੁੰਦਿਆਂ ਹੀ ਉਸ ਨੇ ਅਧਿਕਾਰੀ ਦੇ ਕਮਰੇ ਵਿਚ ਜਾ ਕੇ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ ਤੇ ਆਪ ਉੱਥੋਂ ਫ਼ਰਾਰ ਹੋ ਗਿਆ। ਜਦ ਘਟਨਾ ਵਾਪਰੀ ਤਾਂ ਅਧਿਕਾਰੀ ਆਪਣੇ ਦੋ ਸਾਲ ਦੇ ਭਤੀਜੇ ਨਾਲ ਬੈਠੀ ਇਮਾਰਤ ਦੇ ਕਮਰਾ ਨੰਬਰ 211 ਵਿਚ ਫ਼ਲ ਖਾ ਰਹੀ ਸੀ। ਇਸ ਤੋਂ ਬਾਅਦ ਜਦ ਉਹ ਇਮਾਰਤ ਦੇ ਹੇਠਾਂ ਖੜ੍ਹੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਦਫ਼ਤਰ ਦੇ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਲੈਬ ਸਹਾਇਕ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਨੂੰ ਜੱਫਾ ਪਾ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਨੂੰ ਵੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਇਸੇ ਦੌਰਾਨ ਉਹ ਮੋਟਰਸਾਈਕਲ ਤੋਂ ਡਿੱਗ ਗਿਆ ਤੇ ਖ਼ੁਦ ਨੂੰ ਦੋ ਗੋਲੀਆਂ ਮਾਰ ਲਈਆਂ। ਜ਼ਿਲ੍ਹਾ ਪੁਲੀਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਕਤਲ ਰੰਜਿਸ਼ ਤਹਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਲਵਿੰਦਰ ਸਿੰਘ 2009 ਵਿਚ ਮੋਰਿੰਡਾ ’ਚ ਦਵਾਈਆਂ ਦੀ ਦੁਕਾਨ ਚਲਾਉਂਦਾ ਸੀ। ਡਾ. ਸ਼ੋਰੀ ਉਸ ਵੇਲੇ ਰੋਪੜ ਵਿਚ ਡਰੱਗ ਇੰਸਪੈਕਟਰ ਵਜੋਂ ਤਾਇਨਾਤ ਸਨ। ਡਾ. ਸ਼ੋਰੀ ਨੇ 29 ਸਤੰਬਰ 2009 ਨੂੰ ਬਲਵਿੰਦਰ ਦੇ ਜਸਪ੍ਰੀਤ ਮੈਡੀਕਲ ਸਟੋਰ ਉੱਤੇ ਛਾਪਾ ਮਾਰਿਆ ਸੀ। ਇਸ ਦੌਰਾਨ ਉੱਥੋਂ ਬਿਨਾਂ ਦਸਤਾਵੇਜ਼ਾਂ ਤੋਂ ਅਜਿਹੀਆਂ 35 ਤਰ੍ਹਾਂ ਦੀਆਂ ਦਵਾਈਆਂ ਬਰਾਮਦ ਹੋਈਆਂ ਸਨ, ਜਿਨ੍ਹਾਂ ਦੀ ਵਰਤੋਂ ਨਸ਼ੇ ਲਈ ਕੀਤੀ ਜਾ ਸਕਦੀ ਸੀ। ਮੈਡੀਕਲ ਸਟੋਰ ਦਾ ਲਾਇਸੈਂਸ ਤਤਕਾਲੀ ਡਰੱਗ ਇੰਸਪੈਕਟਰ ਡਾ. ਸ਼ੋਰੀ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਡਾ. ਸ਼ੋਰੀ ਤੇ ਮੁਲਜ਼ਮ ਬਲਵਿੰਦਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਲਿਜਾਇਆ ਗਿਆ, ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਮੌਜੂਦਾ ਸਮੇਂ ਕੁਰਾਲੀ ਦੇ ਇਕ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ। ਉਹ ਦੋ ਲੜਕੀਆਂ ਅਤੇ ਇਕ ਲੜਕੇ ਦਾ ਪਿਤਾ ਹੈ।

ਭਾਰਤੀ ਰਿਜ਼ਰਵ ਬੈਂਕ ਵੱਲੋਂ ਪੰਜਾਬ ਲਈ 19,240 ਕਰੋੜ ਦੀ ਸੀਸੀਐੱਲ ਜਾਰੀ

ਚੰਡੀਗੜ੍ਹ, ਮਾਰਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹਾੜੀ ਦੇ ਸੀਜ਼ਨ ’ਚ ਕਣਕ ਦੀ ਖਰੀਦ ਲਈ ਪੰਜਾਬ ਨੂੰ 19,240.91 ਕਰੋੜ ਰੁਪਏ ਦੇ ਨਗਦ ਹੱਦ ਕਰਜ਼ੇ (ਸੀਸੀਐੱਲ) ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੂਬਾ ਸਰਕਾਰ ਵੱਲੋਂ ਇਸ ਸੀਜ਼ਨ ਦੌਰਾਨ 130 ਲੱਖ ਟਨ ਕਣਕ ਦੀ ਖਰੀਦ ਕਰਨ ਵਾਸਤੇ ਮੰਗੀ ਗਈ ਸੀਸੀਐੱਲ ਰਾਸ਼ੀ ਵਿੱਚੋਂ ਕੇਂਦਰੀ ਬੈਂਕ ਵੱਲੋਂ ਇਹ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਸੀਸੀਐੱਲ ਜਾਰੀ ਹੋਣ ਨਾਲ ਪੰਜਾਬ ਸਰਕਾਰ ਨੂੰ ਕਣਕ ਦੀ ਖਰੀਦ ਮਗਰੋਂ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕਰਨ ’ਚ ਮਦਦ ਮਿਲੇਗੀ। ਹਾੜੀ ਦਾ ਸੀਜ਼ਨ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਕੇ 25 ਮਈ ਤੱਕ ਚੱਲੇਗਾ। ਕੇਂਦਰ ਸਰਕਾਰ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1840 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ ਜੋ ਪਿਛਲੇ ਸਾਲ ਦੇ 1735 ਰੁਪਏ ਨਾਲੋਂ 105 ਰੁਪਏ ਵੱਧ ਹੈ। ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਹਦਾਇਤਾਂ ਕੀਤੀਆਂ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ।

ਮਹਾਂ-ਮਿਲਾਵਟੀ ਗੱਠਜੋੜ ਦਾ ਮੁੱਖ ਨਿਸ਼ਾਨਾ ਵਿਕਾਸ ਨਹੀਂ, ਮੈਂ ਹਾਂ: ਹਰਸਿਮਰਤ

ਲੰਬੀ,  ਮਾਰਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਪੰਜਾਬ ਵਿਚ ਸਾਰੀਆਂ ਪਾਰਟੀਆਂ ਦੇ ਮਹਾਂ- ਮਿਲਾਵਟੀ ਗੱਠਜੋੜ ਦਾ ਮੁੱਖ ਨਿਸ਼ਾਨਾ ਵਿਕਾਸ ਨਹੀਂ, ਸਗੋਂ ਉਹ ਹਨ। ਉਨ੍ਹਾਂ ਕਿਹਾ ਕਿ ਅਜਿਹਾ ਹੀ ਗੱਠਜੋੜ ਦੇਸ਼ ਪੱੱਧਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਵੀ ਕਾਰਜਸ਼ੀਲ ਹੈ, ਜਿਸ ਕੋਲ ਵਿਕਾਸ ਨਾਂ ਦਾ ਕੋਈ ਚੀਜ਼ ਨਹੀਂ ਹੈ। ਅੱਜ ਸ਼ਾਮ ਪਿੰਡ ਬਾਦਲ ਵਿਚ ਗੱਲਬਾਤ ਦੌਰਾਨ ਬੀਬੀ ਬਾਦਲ ਨੇ ਆਖਿਆ ਕਿ ਬਠਿੰਡਾ ’ਚ ਉਨ੍ਹਾਂ ਨੂੰ ਹਰਾਉਣ ਲਈ ਕੋਈ ਵਾਹ ਨਾ ਚੱਲਣ ’ਤੇ ਕਾਂਗਰਸ, ਆਮ ਆਦਮੀ ਪਾਰਟੀ ਤੇ ਸੁਖਪਾਲ ਖਹਿਰਾ ਆਦਿ ਇਕੱਠੇ ਹੋ ਕੇ ਕੋਈ ਵੀ ਚਾਲ ਚੱਲ ਸਕਦੇ ਹਨ ਪਰ ਉਹ ਕਦੇ ਸਫ਼ਲ ਨਹੀਂ ਹੋਣਗੇ। ਕੇਂਦਰੀ ਮੰਤਰੀ ਨੇ ਆਖਿਆ ਕਿ ਉਹ ਇਸ ਮਿਲਾਵਟੀ ਗੱਠਜੋੜ ਨਾਲ ਫ਼ਸਵਾਂ ਮੁਕਾਬਲਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਸੂਬੇ ਦੀਆਂ ਬਾਕੀ 12 ਲੋਕ ਸਭਾ ਸੀਟਾਂ ਨਾਲੋਂ ਹਰਸਿਮਰਤ ਕੌਰ ਬਾਦਲ ਦਾ ਸਿਆਸੀ ਘਿਰਾਓ ਮੁੱਖ ਨਿਸ਼ਾਨਾ ਹੈ। ਸੁਖਪਾਲ ਸਿੰਘ ਖਹਿਰਾ ਵੀ ਕਾਂਗਰਸ ਦੀ ਬੀ ਟੀਮ ਹੈ ਅਤੇ ਕੇਜਰੀਵਾਲ ਕਾਂਗਰਸ ਦੀ ਬੁੱਕਲ ’ਚ ਬੈਠਣ ਲਈ ਉਤਾਵਲਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ (ਬ) ਦਾ ਮੁੱਖ ਨਿਸ਼ਾਨਾ ਵਿਕਾਸ ਤੇ ਸਮਾਜਿਕ ਭਾਈਚਾਰਾ ਹੈ ਤੇ ਇਸ ਗੱਲ ਨੂੰ ਪੰਜਾਬ ਦੇ ਲੋਕ ਸਮਝ ਚੁੱਕੇ ਹਨ। ਇਕ ਸਵਾਲ ਦੇ ਜਵਾਬ ਵਿਚ ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਉਨ੍ਹਾਂ ਦੀ ਤਰਜੀਹ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਹੈ। ਬਠਿੰਡਾ ਜਾਂ ਫਿਰੋਜ਼ਪੁਰ ਵਿੱਚੋਂ ਚੋਣ ਲੜਨਾ ਹਾਈਕਮਾਂਡ ਦੇ ਫ਼ੈਸਲੇ ’ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ ਸਰਕਾਰ ਨੇ ਬਠਿੰਡਾ ਲੋਕ ਸਭਾ ਹਲਕੇ ਨੂੰ ਹੱਥੀਂ ਸੰਵਾਰਿਆ-ਸਜਾਇਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਵਰਕਰ ਮੀਟਿੰਗਾਂ ਤਾਂ ਅਕਾਲੀ ਦਲ ਦੀ ਸਰਗਰਮ ਕਾਰਜ ਪ੍ਰਣਾਲੀ ਦਾ ਹਿੱਸਾ ਹਨ ਅਤੇ ਇਹ ਜ਼ਮੀਨੀ ਰਾਬਤਾ ਹਮੇਸ਼ਾਂ ਤੋਂ ਲਗਾਤਾਰ ਜਾਰੀ ਰਹਿੰਦਾ ਹੈ। ਪੰਜਾਬ ਵਿਚ ਅਕਾਲੀ ਦਲ ਵੱਲੋਂ ਦਸ ਸਾਲਾ ਕਾਰਜਕਾਲ ਦੀਆਂ ਪ੍ਰਾਪਤੀਆਂ ਦੀ ਥਾਂ ਹੁਣ ਨਰਿੰਦਰ ਮੋਦੀ ਦੇ ਨਾਂ ’ਤੇ ਵੋਟਾਂ ਮੰਗਣ ਦੇ ਸਵਾਲ ’ਤੇ ਉਨ੍ਹਾਂ ਆਖਿਆ ਕਿ ਉਹ ਲੋਕ ਸਭਾ ਚੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲੜ ਰਹੇ ਹਨ ਤਾਂ ਅਜਿਹਾ ਲਾਜ਼ਮੀ ਹੈ। ਇਸ ਦੇ ਨਾਲ-ਨਾਲ ਅਕਾਲੀ ਦਲ ਕਾਡਰ ਅਤੇ ਲੀਡਰਸ਼ਿਪ ਦਸ ਸਾਲਾਂ ’ਚ ਹੋਏ ਵਿਕਾਸ ਨੂੰ ਵੋਟਰਾਂ ਦੇ ਸਨਮੁੱਖ ਰੱਖ ਰਿਹਾ ਹੈ।