ਸੱਤ ਕਰੋੜ ਅੱਸੀ ਲੱਖ ਰੁਪਏ ਦਾ 26 ਕਿੱਲੋ ਸੋਨਾ ਬਰਾਮਦ

ਲਾਲੜੂ,  ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਵਿਸ਼ੇਸ਼ ਚੈਕਿੰਗ ਦੌਰਾਨ ਪੁਲੀਸ ਨੇ ਅੱਜ ਅੰਬਾਲਾ-ਚੰਡੀਗੜ੍ਹ ਮਾਰਗ ’ਤੇ ਪਿੰਡ ਝਰਮੜੀ ਕੋਲ ਲਾਏ ਨਾਕੇ ਦੌਰਾਨ ਕਰਨਾਟਕ ਨੰਬਰ ਦੀ ਕਾਰ ਵਿਚੋਂ 26 ਕਿੱਲੋ ਸੋਨਾ ਬਰਾਮਦ ਕੀਤਾ ਹੈ। ਇਸ ਦੀ ਬਾਜ਼ਾਰੀ ਕੀਮਤ ਸੱਤ ਕਰੋੜ 80 ਲੱਖ ਰੁਪਏ ਬਣਦੀ ਹੈ। ਪੁਲੀਸ ਨੇ ਕਾਰ ਸਵਾਰ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਹਾਲੀ ਦੇ ਐੱਸਪੀ (ਜਾਂਚ) ਵਰੁਣ ਸ਼ਰਮਾ ਤੇ ਡੀਐੱਸਪੀ (ਡੇਰਾਬਸੀ) ਸਿਮਰਨਜੀਤ ਸਿੰਘ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਕਾਰ ਨੰਬਰ ਕੇਏ-01 ਐਮਜੇ-2521 ਦੀ ਤਲਾਸ਼ੀ ਲੈਣ ’ਤੇ 26 ਕਿੱਲੋ ਸੋਨਾ ਬਰਾਮਦ ਹੋਇਆ। ਕਾਰ ਵਿਚ ਸਵਾਰ ਵਿਅਕਤੀਆਂ ਦੀ ਸ਼ਨਾਖ਼ਤ ਰਾਕੇਸ਼ ਕੁਮਾਰ ਤੇ ਬਲਬੀਰ ਚੰਦ ਦੋਵੇਂ ਵਾਸੀ ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ਼), ਸੰਜੇ ਕੁਮਾਰ ਪਿੰਡ ਬਲਿਆਣ (ਕਾਂਗੜਾ), ਜਸਵੰਤ ਸਿੰਘ ਵਾਸੀ ਜੋਧਪੁਰ (ਰਾਜਸਥਾਨ) ਵੱਜੋਂ ਹੋਈ ਹੈ। ਉਹ ਬਰਾਮਦ ਸੋਨੇ ਸਬੰਧੀ ਕੋਈ ਕਾਗਜ਼ ਪੱਤਰ ਜਾਂ ਬਿੱਲ ਨਹੀਂ ਵਿਖਾ ਸਕੇ। ਪੁਲੀਸ ਵੱਲੋਂ ਕੀਤੀ ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਕਿਹਾ ਕਿ ਸੋਨਾ ਦੱਖਣੀ ਅਫ਼ਰੀਕਾ ਤੋਂ ਆਇਆ ਤੇ ਉਹ ਕਾਰ ਰਾਹੀਂ ਇਸ ਨੂੰ ਹਿਮਾਚਲ ਪ੍ਰਦੇਸ਼ ਲਿਜਾ ਰਹੇ ਸਨ। ਪੁਲੀਸ ਨੇ ਚਾਰਾਂ ਖ਼ਿਲਾਫ਼ ਲਾਲੜੂ ਥਾਣੇ ਵਿਚ ਕੇਸ ਦਰਜ ਕਰ ਲਿਆ ਹੈ ਅਤੇ ਇਸ ਦੀ ਜਾਣਕਾਰੀ ਆਮਦਨ ਕਰ ਵਿਭਾਗ ਤੇ ਜੀਐੱਸਟੀ ਅਥਾਰਿਟੀ ਨੂੰ ਦਿੱਤੀ ਗਈ ਹੈ। ਦੋਵੇਂ ਵਿਭਾਗਾਂ ਤੇ ਪੁਲੀਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।