ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ ਕਿਸਾਨ ਗੁਰਦੀਪ ਸਿੰਘ

ਮਾਤਾ ਧਰਤ ਤੇ ਉਸ ਦੀ ਛਾਂ ਵਿੱਚ ਰਹਿੰਦੇ ਜੀਵ-ਜੰਤੂਆਂ ਨੂੰ ਕਦੇ ਅੱਗ ਲਗਾ ਕੇ ਨਹੀਂ ਪਚੁੰਚਾਈ ਹਾਨੀ

ਮਾਛੀਵਾੜਾ, ਨਵੰਬਰ 2020 - ( ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ )-

ਬਲਾਕ ਮਾਛੀਵਾੜਾ ਸਾਹਿਬ ਅਧੀਨ ਆਉਂਦੇ ਪਿੰਡ ਬਰਮਾ ਦੇ 36 ਸਾਲਾਂ ਮਿਹਨਤੀ ਅਤੇ ਅਗਾਂਹਵਧੂ ਕਿਸਾਨ ਗੁਰਦੀਪ ਸਿੰਘ ਬਲਾਕ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ। ਸਾਲ 1975 ਦੇ ਲਗਭਗ ਜਦੋ ਇਸ ਕਿਸਾਨ ਦੇ ਪਰਿਵਾਰ ਵੱਲੋਂ ਝੋਨੇ ਦੀ ਖੇਤੀ ਕੀਤੀ ਜਾਣ ਲੱਗੀ, ਉਦੋਂ ਤੋਂ ਹੀ ਇਸ ਪਰਿਵਾਰ ਨੇ ਮਾਤਾ ਧਰਤ ਅਤੇ ਉਸ ਦੀ ਛਾਂ ਵਿੱਚ ਰਹਿੰਦੇ ਜੀਵ-ਜੰਤੂਆਂ ਨੂੰ ਕਦੇ ਅੱਗ ਲਗਾ ਕੇ ਹਾਨੀ ਨਹੀਂ ਪਹੁੰਚਾਈ। ਕਿਸਾਨ ਗੁਰਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਮੁੱਢ ਤੋਂ ਹੀ ਪਰਾਲੀ ਗੁੱਜ਼ਰਾ ਨੂੰ ਚੁਕਾਈ ਜਾਂਦੀ ਹੈ। ਉਸਨੇ ਦੱਸਿਆ ਕਿ ਸਾਲ 2003 ਤੋਂ ਬਾਅਦ ਪਰਾਲੀ ਦਾ ਮੁੱਲ ਜਾਣਦੇ ਹੋਏ ਇਸ ਨੂੰ ਗੁੱਜ਼ਰਾ ਨੂੰ ਨਾ ਦੇ ਕੇ ਤਵੀਆਂ ਨਾਲ ਖੇਤਾਂ ਵਿੱਚ ਹੀ ਮਿਲਾਣਾ ਸ਼ੁਰੂ ਕਰ ਦਿੱਤਾ। ਵਿਗਿਆਨੀ ਅਤੇ ਆਧੂਨਿਕ ਸੋਚ ਰੱਖਣ ਵਾਲੇ ਕਿਸਾਨ ਗੁਰਦੀਪ ਸਿੰਘ ਵੱਲੋਂ ਸਾਲ 2019 ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਧੀਨ ਚਲਦੀ 'ਇੰਨ-ਸੀਟੂ ਕਰਾਪ ਰੇਜ਼ੀਡੀਊ ਮੈਨੇਜ਼ਮੇਂਟ ਸਕੀਮ ਤਹਿਤ' 'ਨਵੀਂ ਸੋਚ ਗਰੁੱਪ' ਬਣਾ ਕੇ ਪਰਾਲੀ ਪ੍ਰਬੰਧਨ ਸਬੰਧੀ ਆਧੂਨਿਕ ਮਸ਼ੀਨਾਂ ਐਂਮ.ਬੀ.ਪਲਾਅ, ਮਲਚਰ ਅਤੇ ਜ਼ੀਰੋ ਡਰਿੱਲ ਦੀ ਖਰੀਦ ਕੀਤੀ। ਉਸਨੇ ਦੱਸਿਆ ਕਿ ਇਹਨਾਂ ਮਸ਼ੀਨਾਂ ਨਾਲ ਲਗਭਗ 100 ਏਕੜ ਰਕਬੇ ਵਿੱਚ ਸੁਚਾਰੂ ਢੰਗ ਨਾਲ ਪਰਾਲੀ ਦਾ ਪ੍ਰਬੰਧ ਕੀਤਾ। ਅਗਾਂਹਵਧੂ ਕਿਸਾਨ ਨੇ ਆਲੇ-ਦੁਆਲੇ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਵੱਖ-ਵੱਖ ਢੰਗ ਨਾਲ ਪਰਾਲੀ ਦਾ ਪ੍ਰਬੰਧ ਕਰਦੇ ਹੋਏ ਕਣਕ ਦੀ ਬਿਜਾਈ ਕਰਕੇ ਹੋਰਨਾਂ ਕਿਸਾਨਾਂ ਨੂੰ ਵੀ ਇਸ ਤਕਨੀਕ ਨੂੰ ਅਪਣਾਉਣ ਵੱਲ ਪ੍ਰੇਰਿਤ ਕੀਤਾ, ਜਿਸ ਸਦਕਾ ਜੋ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਸਨ ਜਾਂ ਗੁੱਜ਼ਰਾ ਨੂੰ ਦਿੰਦੇ ਸਨ, ਉਹਨਾਂ ਨੇ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾਉਣ ਦਾ ਫ਼ੈਸਲਾ ਕੀਤਾ। ਇਸ ਕਿਸਾਨ ਤੋਂ ਪ੍ਰੇਰਿਤ ਕਿਸਾਨਾਂ ਨੇ ਇਸ ਸਾਲ ' ਇੰਨ - ਸੀਟੂ ਕਰਾਪ ਰੇਜ਼ੀਡੀਊ ਮੈਨੇਜ਼ਮੇਂਟ ' ਸਕੀਮ ਤਹਿਤ ਹੋਰ ਪਰਾਲੀ ਪ੍ਰਬੰਧਨ ਗਰੁੱਪ ਬਣਾਉਣ ਵਿੱਚ ਵੱਧ ਚੱੜ ਕੇ ਹਿੱਸਾ ਵੀ ਲਿਆ । ਕਿਸਾਨ ਗੁਰਦੀਪ ਸਿੰਘ ਨੇ ਅੱਗੇ ਦੱਸਿਆ ਕਿ ਉਹ 15 ਏਕੜ ਦੀ ਖੇਤੀ ਕਰਦਾ ਹੈ, ਕਣਕ ਦੀ ਕਟਾਈ ਤੋਂ ਬਾਅਦ ਮੂੰਗੀ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ ਜਿਸ ਦੀ ਤੁੜਾਈ ਤੋਂ ਬਾਅਦ ਉਹ ਇਸਨੂੰ ਖੇਤਾਂ ਵਿੱਚ ਮਿਲਾ ਕੇ ਇਸਦੀ ਵਰਤੋਂ ਹਰੀ ਖਾਦ ਵਜੋਂ ਵੀ ਕਰਦਾ ਹੈ। ਉਸਨੇ ਦੱਸਿਆ ਕਿ ਕਣਕ-ਝੋਨੇ ਤੋਂ ਇਲਾਵਾ ਉਹ ਗੰਨੇ ਦੀ ਖੇਤੀ ਕਰਕੇ ਵੀ ਵਧੇਰੇ ਮੁਨਾਫ਼ਾ ਕਮਾਉਂਦਾ ਹੈ ਜਿਵੇਂ ਕਿ ਗੰਨੇ ਤੋਂ ਉਹ ਦੇਸੀ ਢੰਗ ਨਾਲ ਖੰਡ, ਗੁੜ, ਸ਼ੱਕਰ ਆਦਿ ਤਿਆਰ ਕਰਦਾ ਹੈ ਜਿਸ ਦੀ ਆਮ ਜਨਤਾ ਵਿੱਚ ਭਾਰੀ ਡਿਮਾਂਡ ਰਹਿੰਦੀ ਹੈ ਅਤੇ ਇਹਨਾਂ ਦੀ ਵਿੱਕਰੀ ਹੱਥੋ-ਹੱਥ ਹੋ ਜਾਂਦੀ ਹੈ। ਗੁਰਦੀਪ ਸਿੰਘ ਨੇ ਇਹਨਾਂ ਦੀ ਵੱਧਦੀ ਡਿਮਾਂਡ ਨੂੰ ਦੇਖਦਿਆਂ ਇਸ ਸਾਲ ਗੰਨੇ ਹੇਠ ਰਕਬਾ ਵੀ ਵਧਾਇਆ ਹੈ।ਇਸ ਕਿਸਾਨ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਛੀਵਾੜਾ ਵੱਲੋਂ ਕਰਵਾਈਆ ਜਾਂਦੀਆ ਗਤੀਵਿਧੀਆਂ ਵਿੱਚ ਹਮੇਸ਼ਾ ਵੱਧ-ਚੜ ਕੇ ਹਿੱਸਾ ਲਿਆ ਜਾਂਦਾ ਹੈ ਅਤੇ ਹੋਰ ਕਿਸਾਨਾਂ ਨੂੰ ਵੀ ਇਸ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ। ਘੱਟ ਉਮਰੇ ਖੇਤੀ ਤਜ਼ਰਬਿਆ ਵਿੱਚ ਵੱਧ ਤਜ਼ਰਬਾ ਹੋਣ ਕਰਕੇ ਆਲੇ-ਦੁਆਲੇ ਪਿੰਡਾਂ ਦੇ ਬਹੁਤ ਕਿਸਾਨ ਇਸ ਵਿਗਿਆਨੀ ਸੋਚ ਰੱਖਣ ਵਾਲੇ ਕਿਸਾਨ ਦੀ ਸਲਾਹ ਨਾਲ ਹੀ ਚਲਦੇ ਹਨ ।