You are here

ਮਾਲ ਗੱਡੀਆਂ ਦੀ ਆਵਾਜਾਈ ਮੁੜ ਸ਼ੁਰੂ ਨਾ ਹੋਣ ਦੀ ਸੂਰਤ 'ਚ, ਜ਼ਿਲ੍ਹੇ ਵਿੱਚ ਝੋਨੇ ਲਈ ਬਾਰਦਾਨੇ ਦੀ ਭਾਰੀ ਕਿੱਲਤ ਦਾ ਕਰਨਾ ਪੈ ਸਕਦਾ ਹੈ ਸਾਹਮਣਾ

ਗੋਦਾਮਾਂ ਵਿਚ ਜਗ੍ਹਾ ਦੀ ਘਾਟ ਇਕ ਹੋਰ ਚਿੰਤਾ 

ਲੁਧਿਆਣਾ, ਨਵੰਬਰ 2020 - ( ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ)

ਚੱਲ ਰਹੇ ਝੋਨੇ ਦੀ ਖਰੀਦ ਦੇ ਸੀਜਨ ਦੌਰਾਨ, ਜੇਕਰ ਜਲਦ ਮਾਲ ਗੱਡੀਆਂ   ਦੀ ਆਵਾਜਾਈ ਮੁੜ ਸ਼ੁਰੂ ਨਹੀਂ ਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ ਝੋਨੇ ਲਈ ਬਾਰਦਾਨੇ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਜ਼ਿਲੇ ਨੂੰ ਝੋਨੇ ਦੀ ਸਾਰੀ ਫਸਲ ਨੂੰ ਭਰਨ ਲਈ ਕੁੱਲ 97000 ਗੱਠਾਂ ਦੀ ਜ਼ਰੂਰਤ ਹੈ, ਜਿਸ ਵਿਚੋਂ 70 ਪ੍ਰਤੀਸ਼ਤ ਗੱਠਾਂ ਮਿੱਲਰਾਂ ਦੁਆਰਾ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜਦਕਿ ਕਿ 30 ਪ੍ਰਤੀਸ਼ਤ ਤਕਰੀਬਨ 28500 ਗੱਠਾਂ (1 ਗੱਠ ਵਿੱਚ 500 ਥੈਲਾ) ਦਾ ਪ੍ਰਬੰਧ ਰਾਜ ਦੀਆਂ ਖੁਰਾਕ ਏਜੰਸੀਆਂ ਦੁਆਰਾ ਕੀਤਾ ਜਾਣਾ ਹੈ। ਖੁਰਾਕ ਏਜੰਸੀਆਂ ਦੇ ਆਂਕੜਿਆਂ ਮੁਤਾਬਿਕ ਉਨ੍ਹਾਂ ਕੋਲ 22820 ਗੱਠਾਂ ਹਨ ਜਦੋਂ ਕਿ ਫਸਲ ਨੂੰ ਨਿਰਵਿਘਨ ਖਰੀਦਣ ਲਈ 5618 ਹੋਰ ਗੱਠਾਂ ਲੋੜੀਂਦੀਆ ਹਨ। ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਲੁਧਿਆਣਾ ਦੱਖਣੀ ਸ੍ਰੀ ਸੁਖਵਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਹ ਜੋੜ-ਤੋੜ ਕਰਕੇ ਬਾਰਦਾਨੇ ਦਾ ਪ੍ਰਬੰਧ ਕਰ ਰਹੇ ਹਨ ਪਰ ਜੇਕਰ ਮਾਲ ਗੱਡੀਆਂ ਦੀ ਆਵਾਜਾਈ ਜਲਦ ਸੁਰੂ ਨਾ ਹੋਈ ਤਾਂ ਉਨ੍ਹਾਂ ਨੂੰ ਬਾਰਦਾਨੇ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋੜ ਪੂਰੀ ਕਰਨ ਲਈ ਉਨ੍ਹਾਂ ਨੂੰ ਬਾਰਦਾਨੇ ਦੇ ਘੱਟੋ-ਘੱਟ 125 ਰੇਲ ਗੱਡੀ ਦੇ ਡੱਬਿਆਂ ਦੀ ਜ਼ਰੂਰਤ ਹੈ ਜੋ ਕਿ ਕਿਸੇ ਹੋਰ ਸਾਧਨਾਂ ਰਾਹੀਂ ਸੰਭਵ ਨਹੀਂ ਹੈ। ਗੋਦਾਮਾਂ ਵਿਚ ਜਗ੍ਹਾ ਦੀ ਘਾਟ ਇਕ ਹੋਰ ਚਿੰਤਾ ਹੈ : ਸੀਨੀਅਰ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਬਾਰਦਾਨੇ ਦੀ ਘਾਟ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਚਾਵਲਾਂ ਦੇ ਨਵੇਂ ਮਾਲ ਨੂੰ ਰੱਖ-ਰਖਾਅ ਲਈ ਗੁਦਾਮਾਂ ਵਿੱਚ ਜਗ੍ਹਾ ਦੀ ਵੀ ਘਾਟ ਹੋਣ ਦੀ ਸੰਭਾਵਨਾ ਹੈ ਕਿਉਕਿ ਰੇਲ ਗੱਡੀਆਂ ਦੇ ਰੁਕਣ ਕਰਕੇ ਚਾਵਲ ਅਤੇ ਕਣਕ ਦੀ ਦੂਜੇ ਰਾਜਾਂ ਵਿੱਚ ਸਪਲਾਈ ਨਹੀਂ ਹੋ ਪਾ ਰਹੀ। ਜਾਣਕਾਰੀ ਅਨੁਸਾਰ ਜਿੱਥੇ ਰੋਜ਼ਾਨਾ ਦੋ ਤੋਂ ਪੰਜ ਵਿਸ਼ੇਸ਼ ਰੇਲ ਗੱਡੀਆਂ ਆਉਂਦੀਆਂ ਸਨ ਜੋ ਚਾਵਲ ਅਤੇ ਕਣਕ ਦੂਜੇ ਰਾਜਾਂ ਵਿਚ ਸਪਲਾਈ ਕਰਨ ਲਈ ਲਿਜਾਦੀਆਂ ਹਨ ਅਤੇ ਗੋਦਾਮਾਂ ਵਿਚ ਚਾਵਲ ਅਤੇ ਕਣਕ ਦੇ ਨਵੇਂ ਭੰਡਾਰ ਲਈ ਜਗ੍ਹਾ ਖਾਲੀ ਹੋ ਜਾਂਦੀ ਹੈ। ਗਿੱਲ ਨੇ ਕਿਹਾ ਕਿ ਰੇਲ ਗੱਡੀਆਂ ਦੇ ਰੁਕਣ ਕਾਰਨ ਉਹ ਹਾਲੇ ਤੱਕ ਸਿਰਫ ਚੌਲਾਂ ਅਤੇ ਕਣਕ ਦੀਆਂ ਦੋ ਗੱਡੀਆਂ ਹੀ ਭੇਜ ਸਕੇ ਹਨ, ਜਦੋਂ ਰੇਲ ਗੱਡੀਆਂ ਇਕ ਦਿਨ ਲਈ ਚੱਲੀਆਂ ਸਨ।