You are here

ਲੁਧਿਆਣਾ

ਅਕਾਲੀਆਂ ਤੇ ਕਾਂਗਰਸੀਆਂ ਨੇ ਲੋਕਾਂ ਨੂੰ ਲੁਟਣ ਤੇ ਕੱੁਟਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ: ਆਪ ਆਗੂ ਸੰਜੀਵ ਕੋਛੜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਨੂੰ ਕਿਸੇ ਸਮੇ ‘ਸੋਨੇ ਦੀ ਚਿੜੀ” ਦੇ ਨਾਂਅ ਨਾਲ ਜਾਣਿਆ ਜਾਦਾ ਸੀ ਭਾਵ ਪੰਜਾਬ ਦੇ ਲੋਕਾਂ ਦੀ ਆਰਥਿਕ ਸਥਿਤੀ ਬਹੁਤ ਵਧੀਆ ਸੀ ਪਰ ਪੰਜਾਬ ਤੇ ਰਾਜ ਕਰਨ ਵਾਲੀਆ ਕਾਂਗਰਸ ਅਤੇ ਅਕਾਲੀ,ਭਾਜਪਾ ਰਾਜਨੀਤਿਕ ਪਾਰਟੀਆਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਜੋ ਮੱੁਲ ਸੋਨੇ ਦਾ ਸੀ,ਹੁਣ ਪਿੱਤਲ ਦਾ ਵੀ ਨਹੀ ਰਿਹਾ ਕਿਉਕਿ ਇੰਨ੍ਹਾਂ ਤਿੰਨੋ ਪਾਰਟੀਆਂ ਨੇ ਹੀ ਪੰਜਾਬ ਨੂੰ ਤਬਾਹ ਕਰਨ ‘ਚ ਕਸਰ ਬਾਕੀ ਨਹੀ ਛੱਡੀ।ਉਕਤ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੀਵ ਕੋਛੜ ਨੇ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿਕਾਂਗਰਸੀਆਂ ਅਤੇ ਅਕਾਲੀਆਂ ਨੇ ਹਮੇਸ਼ਾਂ ਹੀ ਲੋਕਾਂ ਨੂੰ ਫੋਕੇ ਦਾਅਵੇ ਕਰਕੇ ਆਪਣੀਆਂ ਸਰਕਾਰਾਂ ਬਣਾਈਆਂ ਅਤੇ ਸਰਕਾਰ ਬਣਨ ਤੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਹੱਕ ਮੰਗਦੇ ਲੋਕਾਂ ਦੀ ਅਵਾਜ਼ ਨੂੰ ਹੇਮਸ਼ਾ ਹੀ ਡੰਡੇ ਦੇ ਜੋਰ ਨਾਲ ਦਬਾਇਆ।ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਬਹਮਤ ਨਾਲ ਸਰਕਾਰ ਬਣੇਗੀ।

ਬਿਨ੍ਹਾਂ ਸਾੜੇ ਪਰਾਲੀ ਸਾਂਭਣ 'ਚ ਉੱਘਾ ਯੋਗਦਾਨ ਪਾਉਣ ਵਾਲਾ ਕਿਸਾਨ ਹੈ ਜਗਰੂਪ ਸਿੰਘ

ਖੇਤਾਂ ਵਿੱਚ ਹੀ ਪਰਾਲੀ ਵਾਹੁਣ ਨਾਲ ਸੁੱਧਰਦੀ ਹੈ ਮਿੱਟੀ ਦੀ ਸਿਹਤ - ਕਿਸਾਨ ਜਗਰੂਪ ਸਿੰਘ

ਲੁਧਿਆਣਾ, ਅਕਤੂਬਰ 2020 ( ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ )- ਵਾਤਾਵਰਣ ਪ੍ਰੇਮੀ ਕਿਸਾਨ ਜਗਰੂਪ ਸਿੰਘ ਪਿੰਡ ਘਰਖਣਾ, ਬਲਾਕ ਸਮਰਾਲਾ, ਜ਼ਿਲਾ ਲੁਧਿਆਣਾ ਦਾ ਰਹਿਣ ਵਾਲਾ ਹੈ, ਜੋ ਕਿ ਪਿਛਲੇ 15 ਸਾਲਾਂ ਤੋਂ ਲੱਗਭੱਗ 40 ਏਕੜ ਰਕਬੇ ਵਿੱਚ ਖੇਤੀ ਕਰਦਾ ਹੈ। ਕਿਸਾਨ ਕਣਕ ਝੋਨੇ ਤੋਂ ਇਲਾਵਾ ਆਲੂ ਅਤੇ ਮੱਕੀ ਦੀ ਫਸਲ ਦੀ ਕਾਸ਼ਤ ਕਰਦਾ ਹੈ। ਕਿਸਾਨ ਜਗਰੂਪ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਕੋਈ ਘਾਟੇ ਦਾ ਵਣਜ਼ ਨਹੀ ਹੈ, ਲੋੜ ਹੈ ਇਸ ਨੂੰ ਸਹੀ ਢੰਗ ਨਾਲ ਕਰਨ ਦੀ, ਲੋੜ ਅਨੁਸਾਰ ਅਤੇ ਸਿਫਾਰਿਸ਼ ਕੀਤੇ ਅਨੁਸਾਰ ਖਾਦ, ਬੀਜ ਤੇ ਦਵਾਈ ਦੀ ਵਰਤੋਂ ਕਰਨ ਦੀ, ਸਮੇਂ ਸਿਰ ਬਿਜਾਈ, ਕਟਾਈ ਤੇ ਪਾਣੀ ਲਗਾਉਣ ਦੀ। ਇਸ ਤੋਂ ਇਲਾਵਾ ਜਗਰੂਪ ਸਿੰਘ ਨੇ ਕਿਹਾ ਕਿ ਖੇਤਾਂ ਵਿਚ ਕਾਮਿਆਂ ਤੋਂ ਕੰਮ ਕਰਵਾਉਂਦੇ ਸਮੇਂ ਉੱਥੇ ਕੋਲ ਖੜ ਕੇ, ਸਹੀ ਦਿਸ਼ਾ ਨਿਰਦੇਸ਼ ਦੇ ਕੇ ਘੱਟ ਲਾਗਤ ਨਾਲ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ।

ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕੀਤੇ ਉਪਰਾਲੇ : ਕਿਸਾਨ ਜਗਰੂਪ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪਿਛਲੇ ਤਕਰੀਬਨ 6 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ, ਪੈਡੀ ਸਟਰਾਅ ਚੌਪਰ ਦੀ ਵਰਤੋਂ ਕਰਕੇ ਤੇ ਬਾਅਦ ਵਿੱਚ ਐਮ.ਬੀ. ਪਲਾਓ ਦੀ ਸਹਾਇਤਾ ਨਾਲ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਆਲੂਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿਂ ਕਣਕ ਦੀ ਬਿਜਾਈ ਵੀ ਬਿਨ੍ਹਾਂ ਅੱਗ ਲਾਏ ਰੋਟਾਵੇਟਰ ਨਾਲ ਕੀਤੀ ਜਾਂਦੀ ਹੈ। ਜਗਰੂਪ ਸਿੰਘ ਪਹਿਲਾਂ ਤਕਰੀਬਨ 15 ਏਕੜ ਰਕਬੇ ਵਿੱਚ ਬੇਲਰ ਦੀ ਸਹਾਇਤਾ ਨਾਲ ਝੋਨੇ ਦੀ ਪਰਾਲੀ ਦੀਆਂ ਗੰਢਾਂ ਬਣਾਉਦਾ ਸੀ ਪਰ ਉਸ ਨੇ ਦੱਸਿਆ ਕਿ ਜਿਹੜੇ ਖੇਤਾਂ ਵਿੱਚ ਪਰਾਲੀ ਵਿੱਚ ਹੀ ਵਾਹੀ ਗਈ ਸੀ ਉਹ ਜ਼ਿਆਦਾ ਫਾਇਦੇ ਵਾਲਾ ਸੌਦਾ ਹੈ, ਜਿਸ ਨਾਲ ਜਿੱਥੇ ਵਾਤਾਵਰਣ ਤਾਂ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ ਤੇ ਨਾਲ ਹੀ ਮਿੱਟੀ ਦੀ ਸਿਹਤ ਵੀ ਸੁਧਰਦੀ ਹੈ। ਸੋ ਇਸ ਸਾਲ ਤੋਂ ਕਿਸਾਨ ਜਗਰੂਪ ਸਿੰਘ ਨੇ ਸਾਰੀ ਪਰਾਲੀ ਖੇਤ ਵਿੱਚ ਹੀ ਵਾਹੁਣ ਦਾ ਫ਼ੈਸਲਾ ਕੀਤਾ ਹੈ।ਵਾਤਾਵਰਣ ਪੱਖੀ ਕਿਸਾਨ ਜਗਰੂਪ ਸਿੰਘ ਨੇ ਆਪਣੀ ਮਿਹਨਤ ਸਦਕਾ ਚੌਪਰ ਦੀ ਵਰਤੋਂ ਨਾਲ ਆਲੂ ਤੇ ਕਣਕ ਦੀ ਫਸਲ ਦੀ ਕਾਸ਼ਤ ਕਰਕੇ ਖਾਦਾਂ ਤੇ ਹੋਣ ਵਾਲੇ ਖਰਚੇ ਵੀ ਘਟਾਏ ਹਨ। ਸੋ ਇਸ ਤਰਾਂ ਸ੍ਰ.ਜਗਰੂਪ ਸਿੰਘ ਬਾਕੀ ਕਿਸਾਨਾਂ ਲਈ ਵੀ ਪ੍ਰੇਰਣਾ ਸਰੋਤ ਹੈ ਜਿਹੜਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਇਕ ਬਹੁਤ ਹੀ ਵਧੀਆ ਤਰੀਕੇ ਨਾਲ ਸਾਂਭਦਾ ਹੈ ਤੇ ਨਾਲ-ਨਾਲ ਪਿੰਡ ਦੇ ਬਾਕੀ ਕਿਸਾਨਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਦਾ ਹੈ।

ਡਾ: ਬਿਸ਼ਵ ਮੋਹਨ ਵੱਲੋਂ ਦਿਲ ਦੀ ਸੰਭਾਲ ਸਬੰਧੀ ਸੁਝਾਅ ਸਾਂਝੇ ਕੀਤੇ

ਕਿਹਾ! ਪੇਨ ਕਿੱਲਰ ਦਾ ਸੇਵਨ ਕੀਸੇ ਵੀ ਹੀਲੇ ਨਾ ਕੀਤਾ ਜਾਵੇ

ਕਿਸਾਨ ਪਰਾਲੀ ਨੂੰ ਸਾੜਨ ਤੋਂ ਕਰਨ ਪ੍ਰਹੇਜ਼, ਪ੍ਰਦੂਸ਼ਣ ਨਾਲ ਪੈਂਦਾ ਹੈ ਸਿੱਧਾ ਦਿਲ 'ਤੇ ਅਸਰ - ਡਾ.ਬਿਸਵ ਮੋਹਨ

ਲੁਧਿਆਣਾ, ਅਕਤੂਬਰ 2020  ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ ) - ਸੰਜੀਵਨੀ ਸਮੂਹ ਦੇ ਮਾਹਿਰ ਡਾਕਟਰ, ਡਾ: ਬਿਸ਼ਵ ਮੋਹਨ ਵੱਲੋਂ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਬਦਲਦੇ ਮੌਸਮ ਦੌਰਾਨ ਆਪਣੇ ਦਿਲ ਦੀ ਸੰਭਾਲ ਸਬੰਧੀ ਸੁਝਾਅ ਸਾਂਝੇ ਕੀਤੇ।ਡਾ: ਬਿਸ਼ਵ ਮੋਹਨ ਨੇ ਦੱਸਿਆ ਕਿ ਉਹ ਤਿੰਨ ਤਰ੍ਹਾਂ ਦੀਆਂ ਸ਼ਿਕਾਇਤਾਂ ਵਾਲੇ ਵਿਅਕਤੀਆਂ ਨੂੰ ਦਿਲ ਦੇ ਮਰੀਜ਼ ਮੰਨਦੇ ਹਨ,  ਜਿਨ੍ਹਾਂ ਵਿੱਚ ਬਲੱਡ ਪ੍ਰੈਸ਼ਰ ਦੀ ਸਮੱਸਿਆ, ਦਿਲ ਵਿੱਚ ਕਮਜ਼ੋਰ ਪੰਪਿੰਗ ਜਾਂ ਨਾੜੀਆਂ ਵਿੱਚ ਬਲੋਕੇਜ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਦੋਂ ਗਰਮੀ ਤੋਂ ਸਰਦੀ ਵੱਲ ਮੌਸਮ ਕਰਵਟ ਲੈਂਦਾ ਹੈ ਤਾਂ ਹਾਰਟ ਅਟੈਕ, ਅਧਰੰਗ ਜਾਂ ਦਿਲ ਨਾਲ ਜੁੜੀਆਂ ਹੋਰ ਬਿਮਾਰੀਆਂ ਦੇ ਵੱਧਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ।

ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਦਿਲ ਨਾਲ ਜੂੜੀਆਂ ਸਮੱਸਿਆਵਾਂ ਨੂੰ ਰੋਕਣ ਲਈ, ਜਿਹੜੇ ਲੋਕਾਂ ਨੂੰ ਬਲੱਡ ਪ੍ਰੈਸ਼ਰ, ਕਮਜ਼ੋਰ ਪੰਪਿੰਗ ਜਾਂ ਹਾਰਟ ਬਲੋਕੇਜ ਦੀ ਸ਼ਿਕਾਇਤ ਹੈ ਉਹ ਸਮੇ ਸਿਰ ਆਪਣਾ ਬਲੱਡ ਪ੍ਰੈਸ਼ਰ ਚੈਕ ਕਰਵਾਉਦੇ ਰਹਿਣ ਅਤੇ ਡਾਕਟਰ ਦੀ ਸਲਾਹ ਲਏ ਬਿਨਾਂ ਖੂਨ ਪਤਲਾ ਕਰਨ ਦੀ ਦਵਾਈ ਬੰਦ ਨਾ ਕਰਨ।ਉਨ੍ਹਾਂ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਬਦਲਦੇ ਮੌਸਮ ਦੌਰਾਨ ਸਰੀਰ ਵਿੱਚ ਦਰਦ ਮਹਿਸੂਸ ਹੁੰਦਾ ਹੈ ਤਾਂ ਉਹ ਪੇਨ ਕਿੱਲਰ (ਦਰਦ ਨਿਵਾਰਕ) ਦਵਾਈਆਂ ਲੈਣ ਤੋਂ ਪ੍ਰਹੇਜ਼ ਕਰਨ, ਕਿਉਂਕਿ ਪੇਨ ਕਿੱਲਰ ਨਮਕ ਨੂੰ ਸੋਖ ਲੈਂਦੇ ਹਨ ਅਤੇ ਨਤੀਜੇ ਵਜੋਂ ਬਲੱਡ ਪ੍ਰੈਸ਼ਰ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਪੇਨ ਕਿੱਲਰ ਦਵਾਈਆਂ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ।ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਬੁਖਾਰ ਹੈ ਜਾਂ ਸਰੀਰ ਵਿੱਚ ਦਰਦ ਹੋ ਰਿਹਾ ਹੈ ਤਾਂ ਪੇਨ ਕਿੱਲਰ ਲੈਣ ਦੀ ਬਜਾਏ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈੈ ਅਤੇ ਜੇਕਰ ਫੇਰ ਵੀ ਉਨ੍ਹਾਂ ਨੂੰ ਦਵਾਈ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਕ੍ਰੋਸਿਨ ਲਈ ਜਾ ਸਕਦੀ ਹੈ।ਉਨ੍ਹਾਂ ਕੋਰੋਨਾ ਪੀੜਤ ਤੰਦਰੁਸਤ ਹੋਏ ਮਰੀਜ਼ਾਂ ਨੂੰ ਕੋਵਿਡ-19 ਸਬੰਧੀ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣੀ ਰੋਜਮਰਾ ਜ਼ਿੰਦਗੀ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਕਸਰਤ ਕਰਨ ਦੇ ਨਾਲ-ਨਾਲ ਸੈਰ ਕਰਨ ਦੀ ਵੀ ਸਲਾਹ ਦਿੱਤੀ।  ਡਾ: ਬਿਸ਼ਵ ਮੋਹਨ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨ ਤੋਂ ਪਰਹੇਜ਼ ਕਰਨ ਦੀ ਵੀ ਅਪੀਲ ਕੀਤੀ, ਕਿਉਂਕਿ ਅਧਿਐਨ ਦਰਸਾਉਂਦੇ ਹਨ ਕਿ ਪ੍ਰਦੂਸ਼ਣ ਸਿੱਧਾ ਦਿਲ ਦੇ ਮਰੀਜ਼ਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਤੋਂ ਇਲਾਵਾ ਇਹ ਕੋਰੋਨਾ ਫੈਲਣ ਦਾ ਕਾਰਨ ਵੀ ਬਣ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਰਹਿੰਦ ਖੂੰਹਦ ਨਾਲ ਨਜਿੱਠਣ ਲਈ ਪਰਾਲੀ ਪ੍ਰਬੰਧਨ ਮਸ਼ੀਨਾਂ ਦਾ ਪ੍ਰਯੋਗ ਕਰਨ।

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 4201 ਸੈਂਪਲ ਲਏ

ਮਰੀਜ਼ਾਂ ਦੇ ਠੀਕ ਹੋਣ ਦੀ ਦਰ 92.67% ਹੋਈ

ਲੁਧਿਆਣਾ,  ਅਕਤੂਬਰ 2020 ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ ) - ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 4201 ਸੈਂਪਲ ਲਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਵੀ ਵਾਧਾ ਦਰਜ ਕੀਤਾ ਹੈ, ਜੌ ਕਿ ਇਕ ਸ਼ੁਭ ਸੰਕੇਤ ਹੈ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ ਡੀ ਐੱਮਜ਼ ਦੀ ਦੇਖ-ਰੇਖ ਵਿੱਚ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਦਿਨ ਰਾਤ ਯਤਨਾਂ ਤਹਿਤ ਰੋਜ਼ਾਨਾ ਵੱਧ ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਜਿਸ ਤਹਿਤ ਅੱਜ ਵੀ 4201 ਸੈਂਪਲ ਲਏ ਗਏ। ਉਹਨਾਂ ਸਮੂਹ ਐੱਸ ਡੀ ਐੱਮਜ਼ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਵਸਨੀਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ 7 ਦਿਨ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 'ਮਿਸ਼ਨ ਫਤਹਿ' ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 18942 ਮਰੀਜ਼ਾਂ ਵਿਚੋਂ 92.67% (17555 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕਈ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਵਸਨੀਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਆਪਣੇ ਆਪ ਨੂੰ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਕੋਈ ਕੋਵਿਡ ਵਰਗੇ ਲੱਛਣ ਹੋਣ। ਉਨ੍ਹਾਂ ਕਿਹਾ ਕਿ ਲੱਛਣਾਂ ਦੇ ਪਤਾ ਲੱਗਣ ਅਤੇ ਜਾਂਚ ਵਿਚਕਾਰ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਜਦੋਂ ਲੋਕ ਲੱਛਣ ਹੋਣ ਦੇ ਬਾਵਜੂਦ ਆਪਣੇ ਆਪ ਦਾ ਟੈਸਟ ਨਹੀਂ ਕਰਵਾਉਂਦੇ ਤਾਂ ਕਈ ਵਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਸ਼ਹਿਰ ਵਿੱਚ ਕਈ ਟੈਸਟਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੇਂਦਰਾਂ ਵਿੱਚ ਕੋਵਿਡ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਲੱਗਦੇ ਹਨ ਤਾਂ ਬਿਨ੍ਹਾਂ ਦੇਰੀ ਕੀਤੇ ਨੇੜਲੇ ਟੈਸਟ ਕੇਂਦਰ ਜਾ ਕੇ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਰੋਜ਼ਾਨਾ ਲਏ ਗਏ ਨਮੂਨਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 4201 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 594 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 17555 ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 104 ਮਰੀਜ਼ (89 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 15 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 311647 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 310040 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 288669 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1607 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 18942 ਹੈ, ਜਦਕਿ 2429 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 6 ਮੌਤਾਂ ਹੋਈਆਂ ਹਨ (2 ਜ਼ਿਲ੍ਹਾ ਲੁਧਿਆਣਾ, 1 ਫਾਜਿਲਕਾ ਅਤੇ 3 ਰਾਜ ਜੰਮੂ ਤੇ ਕਸ਼ਮੀਰ ਨਾਲ ਸਬੰਧਤ ਹਨ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 790 ਅਤੇ 281 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 44971 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 2443 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 152 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਹੁਣ ਅਸੀਂ ਚਰਮ ਸੀਮਾ (Peak) ਦੌਰ ਵਿੱਚੋਂ ਗੁਜ਼ਰ ਰਹੇ ਹਨ, ਹੁਣ ਜਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਕਿਸਾਨ ਜਥੇਬੰਦੀਆਂ ਨੇ ਕੀਤਾ ਰਿਲਾਇੰਸ ਸਟੋਰ ਬੰਦ

ਜਗਰਾਓਂ, ਅਕਤੂਬਰ 2020 -( ਸੱਤਪਾਲ ਸਿੰਘ ਦੇਹੜਕਾਂ/ਮੋਹਿਤ ਗੋਈਲ/ਮਨਜਿੰਦਰ ਗਿੱਲ)- ਖੇਤੀ ਕਾਨੂੰਨ ਖ਼ਿਲਾਫ਼ ਬੁੱਧਵਾਰ ਨੂੰ ਇਲਾਕੇ ਦੀਆਂ ਕਿਸਾਨ, ਮਜ਼ਦੂਰ ਜੱਥੇਬੰਦੀਆਂ ਦੇ ਵੱਡੇ ਇਕੱਠ ਨੇ ਸਥਾਨਕ ਰਿਲਾਇੰਸ ਸਟੋਰ ਬੰਦ ਕਰਵਾਉਂਦਿਆਂ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਦੇ ਵੱਡੇ ਇਕੱਠ ਦੇ ਰੋਸ ਮਾਰਚ ਦੇ ਰੂਪ 'ਚ ਆਉਂਦਿਆਂ ਦੇਖ ਕੇ ਸਟੋਰ ਸਟਾਫ਼ ਨੇ ਸਟੋਰ ਦੇ ਸ਼ਟਰ ਬੰਦ ਕਰ ਲਏ। ਇਸ ਰੋਸ ਧਰਨੇ ਨੂੰ ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਤੇ ਦਿਹਾਤੀ ਮਜ਼ਦੂਰ ਸਭਾ ਦੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨ ਜਿੱਥੇ ਕਿਸਾਨ ਦੀ ਜ਼ਮੀਨ ਖੋਹ ਲਵੇਗਾ, ਉਥੇ ਮਜ਼ਦੂਰ ਨੂੰ ਬੇਰੁਜ਼ਗਾਰ ਤੇ ਆੜ੍ਹਤੀ, ਸ਼ੈਲਰ ਤੇ ਦੁਕਾਨਦਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ, ਜਿਸ ਕਾਰਨ ਕਿਸੇ ਵੀ ਹਾਲਤ ਵਿਚ ਇਸ ਕਾਨੂੰਨ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ, ਉਨ੍ਹਾਂ ਸਮੂਹ ਜੱਥੇਬੰਦੀਆਂ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਵੀ ਇਸ ਕਾਲੇ ਕਾਨੂੰਨ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਮਾਸਟਰ ਗੁਰਮੇਲ ਸਿੰਘ, ਗੁਰਚਰਨ ਸਿੰਘ, ਅਵਤਾਰ ਸਿੰਘ ਰਸੂਲਪੁਰ, ਹੁਕਮ ਰਾਜ ਦੇਹੜਕਾ, ਗੁਰਮੁਖ ਸਿੰਘ ਗੱਗ ਕਲਾਂ, ਗੁਰਮੀਤ ਸਿੰਘ ਮੀਤਾ, ਡਾ. ਲਖਵੀਰ ਸਿੰਘ, ਨਿਹਾਲ ਸਿੰਘ ਤਲਵੰਡੀ ਨੌਆਬਾਦ, ਅੰਗਰੇਜ਼ ਸਿੰਘ, ਦਲਜੀਤ ਸਿੰਘ, ਸੁਖਜਿੰਦਰ ਸਿੰਘ, ਪ੍ਰਰੀਤਮ ਸਿੰਘ ਆਦਿ ਹਾਜ਼ਰ ਸਨ।

ਜਥੇਬੰਦੀਆਂ ਦੀ ਚਿਤਾਵਨੀ 'ਤੇ ਐੱਸਡੀਐੱਮ ਪੁੱਜੇ ਧਰਨਾਕਾਰੀਆਂ ਕੋਲ

ਜਗਰਾਓਂ, ਅਕਤੂਬਰ 2020 -(ਸੱਤਪਾਲ ਸਿੰਘ ਦੇਹੜਕਾਂ/ਮੋਹਿਤ ਗੋਈਲ/ਮਨਜਿੰਦਰ ਗਿੱਲ)- ਇਲਾਕੇ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਕੁੰਭਕਰਨੀਂ ਨੀਂਦ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਅੱਜ ਜੱਥੇਬੰਦੀਆਂ ਦਾ ਵੱਡਾ ਇਕੱਠ ਐੱਸਡੀਐੱਮ ਦਫ਼ਤਰ ਜਾ ਪੁੱਜਾ। ਜਿੱਥੇ ਜੱਥੇਬੰਦੀਆਂ ਨੇ ਨਾਅਰਿਆਂ ਰਾਹੀਂ ਅਵੇਸਲੇ ਹੋਏ ਪ੍ਰਸ਼ਾਸਨ ਨੂੰ ਅਵਾਰਾ ਪਸ਼ੂਆਂ ਕਾਰਨ ਹੋ ਰਹੀ ਇਨਸਾਨੀ ਮੌਤਾਂ ਦੇ ਕਾਰਵੇ ਨੂੰ ਰੋਕਣ ਦੀ ਮੰਗ ਕੀਤੀ। ਇਸ ਦੌਰਾਨ ਜੱਥੇਬੰਦੀਆਂ ਦੇ ਇਕੱਠ ਵੱਲੋਂ ਐੱਸਡੀਐੱਮ ਜਗਰਾਓਂ ਨੂੰ ਮੰਗ ਪੱਤਰ ਲੈਣ ਦੀ ਮੰਗ ਕੀਤੀ ਗਈ ਤਾਂ ਨਾਇਬ ਤਹਿਸੀਲਦਾਰ ਪਹੁੰਚੇ। ਜਿਸ 'ਤੇ ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਸ਼ਾਮ ਤਕ ਐੱਸਡੀਐੱਮ ਉਨ੍ਹਾਂ ਦਾ ਮੰਗ ਪੱਤਰ ਲੈਣ ਨਾ ਆਏ ਤਾਂ ਉਹ ਵੀਰਵਾਰ ਤੋਂ ਉਨ੍ਹਾਂ ਦੇ ਦਫ਼ਤਰ ਪੱਕਾ ਡੇਰਾ ਲਾ ਲੈਣਗੇ, ਕਿਉਂਕਿ ਮਹੀਨਾ ਪਹਿਲਾ ਵੀ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਇਸ 'ਤੇ ਸ਼ਾਮ ਨੂੰ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਅਤੇ ਡੀਐੱਸਪੀ ਗੁਰਦੀਪ ਸਿੰਘ ਗੋਸਲ ਸਥਾਨਕ ਰੇਲਵੇ ਸਟੇਸ਼ਨ 'ਤੇ ਡਟੇ ਕਿਸਾਨਾਂ ਦੇ ਧਰਨੇ 'ਤੇ ਜਾ ਪੁੱਜੇ, ਜਿੱਥੇ ਉਨ੍ਹਾਂ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਜੱਥੇਬੰਦੀਆਂ ਤੋਂ ਮੰਗ ਪੱਤਰ ਲਿਆ ਅਤੇ ਇਸ ਸਬੰਧੀ ਜਲਦੀ ਹੀ ਕੋਈ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੰਵਲਜੀਤ ਖੰਨਾ, ਮਹਿੰਦਰ ਸਿੰਘ ਕਮਾਲਪੁਰਾ, ਪਰਵਾਰ ਸਿੰਘ ਗਾਲਬ, ਹਰਦੀਪ ਸਿੰਘ ਗਾਲਿਬ, ਬੂਟਾ ਸਿੰਘ ਚਕਰ, ਇੰਦਰਜੀਤ ਸਿੰਘ ਧਾਲੀਵਾਲ , ਬਲਬਿੰਦਰ ਸਿੰਘ ਕਮਾਲਪੁਰਾ ਆਦਿ ਹਾਜ਼ਰ ਸਨ।

 

ਕਿਸਾਨਾਂ ਨੇ ਕੇਂਦਰ ਵੱਲੋਂ ਦਿੱਤਾ ਗੱਲਬਾਤ ਦਾ ਸੱਦਾ ਰੱਦ ਕੀਤਾ-Video

ਕੈਪਟਨ ਨੂੰ 15 ਅਕਤੂਬਰ ਤੱਕ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦਾ ਅਲਟੀਮੇਟਮ ਦਿੱਤਾ

ਜਗਰਾਓਂ, ਅਕਤੂਬਰ 2020 -(ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ)-  ਪੰਜਾਬ ਦੀਆਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਵਿਧਾਨ ਸਭਾ ਦਾ 15 ਅਕਤੂਬਰ ਤੱਕ ਵਿਸ਼ੇਸ਼ ਸੈਸ਼ਨ ਬੁਲਾਕੇ ਖੇਤੀ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਸੰਘਰਸ਼ੀ ਧਿਰਾਂ ਕਾਂਗਰਸ ਦਾ ਭਾਰਤੀ ਜਨਤਾ ਪਾਰਟੀ ਵਾਂਗ ਬਾਈਕਾਟ ਕਰਨਗੀਆਂ।  ਇਸ ਤੋਂ ਪਹਿਲਾਂ ਇਨ੍ਹਾਂ ਜਥੇਬੰਦੀਆਂ ਨੇ ਮੀਟਿੰਗ ਵਿੱਚ ਕੇਂਦਰ ਦੇ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਰਾਕੇਸ਼ ਕੁਮਾਰ ਅੱਗਰਵਾਲ ਵੱਲੋਂ ਕਿਸਾਨ ਧਿਰਾਂ ਨੂੰ ਗੱਲਬਾਤ ਲਈ ਭੇਜੇ ਸੱਦਾ ਪੱਤਰ ਨੂੰ ਰੱਦ ਕਰਦਿਆਂ ਇਸ ਨੂੰ ਅਣਅਧਿਕਾਰਤ ਕਰਾਰ ਦਿੰਦਿਆਂ ਗੱਲਬਾਤ ਦਾ ਸੱਦਾ ਰੱਦ ਕਰ ਦਿੱਤਾ। ਜਥੇਬੰਦੀ ਵੱਲੋਂ ਅੱਜ ਦੀ ਮੀਟਿੰਗ ਵਿੱਚ ਅਜਮੇਰ ਸਿੰਘ ਲੱਖੋਵਾਲ ਨੂੰ ਉੰਨਾ ਚਿਰ ਤੱਕ ਮੀਟਿੰਗਾਂ 'ਚੋਂ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ, ਜਿੰਨਾਂ ਚਿਰ ਤੱਕ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਗਈ ਪਟੀਸ਼ਨ ਨੂੰ ਵਾਪਸ ਲੈਣ ਸਬੰਧੀ ਪੂਰਨ ਦਸਤਾਵੇਜ਼ ਸੰਘਰਸ਼ੀ ਜਥੇਬੰਦੀਆਂ ਸਾਹਮਣੇ ਪੇਸ਼ ਨਹੀਂ ਕੀਤੇ ਜਾਂਦੇ। ਜਥੇਬੰਦੀਆਂ ਨੇ ਰੇਲ ਰੋਕੂ ਅੰਦੋਲਨ,ਭਾਜਪਾ ਦਾ ਬਾਈਕਾਟ, ਟੌਲ-ਪਲਾਜ਼ਿਆਂ ਉਪਰ ਧਰਨੇ, ਰਿਲਾਇੰਸ ਪੰਪਾਂ ਦਾ ਬਾਈਕਾਟ, ਸੌਂਪਿੰਗ ਮਾਲਜ਼, ਅਡਾਨੀ ਸ਼ੋਲ ਗੁਦਾਮ ਦੇ ਪੁਆਇੰਟ ਵਧਾਕੇ ਲਗਾਤਾਰ ਹਫ਼ਤੇ ਲਈ ਇਸ ਅੰਦੋਲਨ ਨੂੰ ਪਹਿਲਾਂ ਤਰ੍ਹਾਂ ਹੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਫੈਸਲਿਆਂ ਸਬੰਧੀ ਜਾਣਕਾਰੀ 31 ਪੰਜਾਬ ਕਿਸਾਨ ਜਥੇਬੰਦੀਆਂ ਦੇ ਵਲੋਂ ਜਗਰਾਓਂ ਵਿਖੇ ਸੰਘਰਸ ਦੀ ਕਮਾਡ ਕਰ ਰਹੇ ਕਮਲਜੀਤ ਖੰਨਾ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਹੋਏ ਕੀਤੀ। 

ਪੋਸਟ ਮੈਟ੍ਰਿਕ ਘੁਟਾਲਾ ਸਕਾਲਰਸ਼ਿਪ, ਹਾਥਰਸ ਬਲਾਤਕਾਰ ਦੇ ਵਿਰੁੱਧ ਅਤੇ ਕਿਸਾਨਾਂ ਦੇ ਹੱਕ ਚ ਸਾਧੂ ਜਥੇਬੰਦੀਆਂ ਨੂੰ ਸਮਰਥਨ ਦੇਵੇਗੀ ਅਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ

ਪੰਜਾਬ ਚ 10 ਅਕਤੂਬਰ ਨੂੰ ਚੱਕਾ ਜਾਮ ਤੇ ਬੰਦ ਨੂੰ ਕਾਮਯਾਬ ਬਣਾ ਕੇ ਦਲਿਤਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰੇਗੀ ਆਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ: ਰਾਜੀਵ ਕੁਮਾਰ ਲਵਲੀ

ਭ੍ਰਿਸ਼ਟ ਕੇਂਦਰ ਸਰਕਾਰ ਦੇ ਵਿਰੁੱਧ ਅਜ਼ਾਦ ਸਮਾਜ ਪਾਰਟੀ ਦੇ ਕੋਮੀਂ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਧਰਨੇ-ਪ੍ਰਦਰਸ਼ਨਾਂ ਦੀ ਖੁਦ ਸੰਭਾਲਣਗੇ ਕਮਾਨ

ਲੁਧਿਆਣਾ, ਅਕਤੂਬਰ 2020  ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ )- ਅੱਜ ਇੱਥੇ ਅਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਦੀ ਅਗਵਾਈ ਇਕ ਅਹਿਮ ਬੈਠਕ ਕੀਤੀ ਤੇ ਜਿਸ ਕੀ ਫੈਸਲਾ ਲਿਆ ਗਿਆ ਕਿ 9 ਅਤੇ 10 ਅਕਤੂਬਰ ਨੂੰ ਅਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਦੀ ਪੰਜਾਬ ਫੇਰੀ ਦੇ ਦੌਰਾਨ ਸਾਧੂ ਜਥੇਬੰਦੀਆਂ ਵੱਲੋਂ ਉਲੀਕੇ ਗਏ ਚੱਕਾ ਜਾਮ ਅਤੇ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਅਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਸਾਂਝੇ ਤੌਰ ਤੇ ਹਿੱਸਾ ਲਵੇਗੀ ਕੇਂਦਰ ਦੀ ਭਰਿਸ਼ਟ ਅਤੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਅਵਾਜ਼ ਬੁਲੰਦ ਕਰੇਗੀ। 10 ਅਕਤੂਬਰ ਨੂੰ ਪੰਜਾਬ ਚ ਚੱਕਾ ਜਾਮ ਕੀਤਾ ਜਾਵੇਗਾ ਅਤੇ ਪੂਰੇ ਪੰਜਾਬ ਭਰ ਦੇ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਮਾਮਲੇ, ਹਾਥਰਸ ਸਮੂਹਿਕ ਬਲਾਤਕਾਰ ਦੇ ਵਿਰੋਧ ਅਤੇ ਕਿਸਾਨਾਂ ਦੇ ਹੱਕ ਚ ਅਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਵੱਧ ਚੜ੍ਹ ਕੇ ਹਿੱਸਾ ਲਵੇਗੀ।ਇਸ ਅਹਿਮ ਬੈਠਕ ਦੀ ਅਗਵਾਈ ਕਰਦੇ ਹੋਏ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਅਤੇ ਭੀਮ ਆਰਮੀ ਦੇ ਹੋਰਨਾਂ ਮੈਂਬਰਾਂ ਨੇ ਕਿਹਾ ਕਿ 9 ਅਕਤੂਬਰ ਨੂੰ ਰੋਪੜ ਚ ਅਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਪਹੁੰਚ ਰਹੇ ਨੇ ਅਤੇ ਇਸ ਦੌਰਾਨ 10 ਅਕਤੂਬਰ ਨੂੰ ਸਾਧੂ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ, ਇਸ ਵਿੱਚ ਖੁਦ ਐਡਵੋਕੇਟ ਚੰਦਰ ਸ਼ੇਖਰ ਨਾ ਸਿਰਫ਼ ਸ਼ਾਮਲ ਹੋਣਗੇ ਸਗੋਂ ਆਜ਼ਾਦ ਸਮਾਜ ਪਾਰਟੀ ਵਰਕਰਾਂ ਅਤੇ ਭੀਮ ਆਰਮੀ ਨੂੰ ਇਕਜੁਟ ਕਰਕੇ ਕੇਂਦਰ ਸਰਕਾਰ ਦੇ ਖਿਲਾਫ਼ ਆਵਾਜ਼ ਬੁਲੰਦ ਕਰਨਗੇ ਅਤੇ ਵਰਕਰਾਂ ਵਿੱਚ ਜੋਸ਼ ਭਰਨਗੇ, ਉਨ੍ਹਾਂ ਕਿਹਾ ਕਿ ਅੱਜ ਨਾ ਤਾਂ ਸਾਡੇ ਦੇਸ਼ ਵਿੱਚ ਦਲਿਤ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਕਿਸੇ ਤਰ੍ਹਾਂ ਦੀ ਸਕਾਲਰਸ਼ਿਪ ਹਾਸਿਲ ਕਰ ਪਾ ਰਹੇ ਨੇ ਸਗੋਂ ਸਰਕਾਰ ਦੀ ਮਾੜੀ ਨੀਤੀਆਂ ਦਾ ਸ਼ਿਕਾਰ ਹੋ ਰਹੇ ਨੇ, ਉਹਨਾਂ ਕਿਹਾ ਕਿ ਹਾਥਰਸ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਸ ਤੋਂ ਜ਼ਾਹਿਰ ਹੈ ਕਿ ਸਾਡੀ ਦੇਸ਼ ਦੀਆਂ ਧੀਆਂ ਅੱਜ ਵੀ ਸੁਰੱਖਿਅਤ ਨਹੀਂ ਹਨ ਪਰ ਅਜ਼ਾਦ ਸਮਾਜ ਪਾਰਟੀ ਦੇਸ਼ ਦੀਆਂ ਧੀਆਂ ਅਤੇ ਮਾਵਾਂ ਦੇ ਨਾਲ ਖੜ੍ਹੀ ਹੈ,  ਉਨ੍ਹਾਂ ਕਿਹਾ ਕਿ ਦੂਜੇ ਪਾਸੇ ਅੱਜ ਦੇਸ਼ ਦਾ ਅੰਨਦਾਤਾ ਵੀ ਸੜਕਾਂ ਤੇ ਧਰਨੇ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹੈ ਕਿਉਂਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਾਰਪੋਰੇਟ ਘਰਾਨੇ ਹੋਰ ਵੱਡੇ ਹੋ ਰਹੇ ਨੇ ਅਤੇ ਕਿਸਾਨ, ਖੇਤ ਮਜ਼ਦੂਰ, ਦਿਹਾੜੀਦਾਰ ਦੋ ਵਕਤ ਦੀ ਰੋਟੀ ਖਾਣ ਦੇ ਵੀ ਮੁਹਤਾਜ ਬਣਾਏ ਜਾ ਰਹੇ ਨੇ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਨ੍ਹਾਂ ਜ਼ੁਲਮਾਂ ਦੇ ਖਿਲਾਫ ਅਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਹੁਣ ਉੱਠ ਗਈ ਹੈ। ਇਸ ਬੈਠਕ ਦੇ ਵਿਚ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ, ਮਾਲਵਾ ਜ਼ੋਨ ਦੇ ਇੰਚਾਰਜ ਐਡਵੋਕੇਟ ਇੰਦਰਜੀਤ, ਤੀਰਥ ਸਮਰਾ, ਡਾਕਟਰ ਰਵਿੰਦਰ ਸਰੋਏ, ਧਰਮਿੰਦਰ, ਨਵੀਨ ਕੁਮਾਰ, ਐਡਵੋਕੇਟ ਰਾਹੁਲ ਚੀਮਾ, ਬਲਵਿੰਦਰ ਸਿੰਘ ਗੋਲਡੀ, ਗੁਰਦੀਪ ਚਾਵਲਾ ਅਤੇ ਰਾਜਨ ਤੋਂ ਇਲਾਵਾ ਅਜ਼ਾਦ ਸਮਾਜ ਪਾਰਟੀ ਤੇ ਭੀਮ ਆਰਮੀ ਦੇ ਹੋਰਨਾਂ ਮੈਂਬਰ ਵੀ ਮੌਜੂਦ ਰਹੇ

ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਹੀ ਦੂਜੀ ਲਹਿਰ ਤੋਂ ਬਚਿਆ ਜਾ ਸਕਦਾ - ਡਿਪਟੀ ਕਮਿਸ਼ਨਰ

ਕਿਹਾ! ਅਵੇਸਲੇ ਹੋਣ ਦੀ ਬਜਾਏ ਚੌਕੰਨੇ ਰਹਿਣ ਦੀ ਲੋੜ

ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਫੇਰ ਅਪੀਲ

ਫੇਸਬੁੱਕ ਲਾਈਵ ਸੈਸ਼ਨ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਹੋਏ ਰੂ-ਬਰੂ

ਲੁਧਿਆਣਾ, ਅਕਤੂਬਰ 2020 - ( ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ ) - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ 'ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ।ਸਰਮਾ ਨੇ ਦੱਸਿਆ ਕਿ ਹੁਣ ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਮਹਾਂਮਾਰੀ 'ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ, ਪਰ ਦੂਜੀ ਲਹਿਰ (second wave) ਤੋਂ ਬਚਾਅ ਰੱਖਣਾ ਬੇਹੱਦ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਵੱਲੋਂ ਲਾਈਵ ਸੈਸ਼ਨ ਦੌਰਾਨ ਦੱਸਿਆ ਕਿ ਜਿਵੇਂ ਪੱਛਮੀ ਦੇਸ਼ਾਂ ਅਮਰੀਕਾ, ਫਰਾਂਸ ਜਾਂ ਸਪੇਨ ਦੀ ਗੱਲ ਕਰੀਏ ਤਾਂ ਉੱਥੇ ਵੀ ਇਸ ਬਿਮਾਰੀ ਵੱਲੋਂ ਦੋਬਾਰਾ ਦਸਤਕ ਦਿੱਤੀ ਗਈ ਹੈ। ਇਸ ਲਈ ਸਾਨੂੰ ਅਵੇਸਲੇ ਹੋਣ ਦੀ ਬਜਾਏ ਸਗੋਂ ਹੋਰ ਚੌਕੰਨੇ ਹੋ ਕੇ ਇਸ ਬਿਮਾਰੀ ਨਾਲ ਨਜਿੱਠਣ ਦੀ ਲੋੜ ਹੈ। ਉਨ੍ਹਾਂ ਕਿਹਾ ਬਿਮਾਰੀਆਂ ਸਮੁੰਦਰ ਦੀ ਲਹਿਰਾਂ ਵਾਂਗ ਹੁੰਦੀਆਂ ਹਨ, ਕਦੇ ਆਉਂਦੀਆਂ ਤੇ ਕਦੇ ਚਲੀਆਂ ਜਾਂਦੀਆਂ ਹਨ। ਜੇਕਰ ਹੁਣ ਇੱਕ ਵਾਰ ਘਟੀ ਹੈ ਤਾਂ ਇਸ ਗੱਲ ਦਾ ਖ਼ਦਸ਼ਾ ਹੈ ਕਿ ਜੇਕਰ ਇਸ ਦੇ ਬਚਾਅ ਸਬੰਧੀ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ, ਮਾਸਕ ਪਹਿਨਣਾ, ਆਪਸੀ ਵਿੱਥ ਤੇ ਹੱਥਾਂ ਦੀ ਸਫਾਈ ਨਾ ਰੱਖੀ ਗਈ ਤਾਂ ਇਹ ਬਿਮਾਰੀ ਸਾਨੂੰ ਦੂਜੀ ਲਹਿਰ ਦੀ ਤਰ੍ਹਾਂ ਇੱਕ ਵਾਰ ਫੇਰ ਪ੍ਰਭਾਵਿਤ ਕਰ ਸਕਦੀ ਹੈ। ਸ੍ਰੀ ਵਰਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਇੱਕ ਵਾਰ ਫੇਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਦੀ ਨਾੜ ਨੂੰ ਅੱਗ ਨਾ ਲਗਾਈ ਜਾਵੇ, ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਸਾਹ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਰੋਗੀਆਂ ਨੂੰ ਕਾਫੀ ਔਕੜ ਆਉਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੰਡੀਆਂ 'ਚ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ, ਕਿਸਾਨ ਵੀਰ ਜ਼ਿਲ੍ਹਾ ਪ੍ਰਸਾਸ਼ਨ ਵੱਲੋ ਅਪਣਾਈ ਪ੍ਰਣਾਲੀ ਅਨੁਸਾਰ ਮੰਡੀਆਂ ਵਿੱਚ ਆਉਣ, ਆਪਸੀ ਵਿੱਥ ਬਣਾਈ ਰੱਖਣ ਅਤੇ ਜਿਵੇਂ ਕਣਕ ਦੇ ਸੀਜ਼ਨ ਦੌਰਾਨ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕੀਤਾ ਓਸੇ ਤਰ੍ਹਾਂ ਝੋਨੇ ਦੀ ਖਰੀਦ ਨੂੰ ਵੀ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮੱਦਦ ਕਰਨ। ਉਨ੍ਹਾਂ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਵਸਨੀਕਾਂ ਦੇ ਸਵਾਲਾਂ ਦੇ ਜੁਆਬ ਦਿੱਤੇ ਅਤੇ ਉਨ੍ਹਾਂ ਵੱਲੋਂ ਇਸ ਮਹਾਂਮਾਰੀ ਦੌਰਾਨ ਕੀਤੇ ਭਰਪੂਰ ਸਹਿਯੋਗ ਲਈ ਤਹਿਦਿਲੋਂ ਸੁਕਰੀਆਦਾ ਵੀ ਕੀਤਾ।

ਭਲਾਈ ਟਰੱਸਟ ਦੀ ਮੀਟਿੰਗ ਹੋਈ 

ਜਗਰਾਉਂ ,ਅਕਤੂਬਰ 2020 - (ਮੋਹਿਤ ਗੋਇਲ) -ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਤੇ ਭਲਾਈ ਟੱਰਸਟ ਜਗਰਾਉਂ ਦੀ ਜਗਰਾਉਂ ਦੀ ਇੱਕ ਅਹਿਮ ਮਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਰਾਣੀ ਵਾਲਾ ਖੋਜ ਰਾਹੋਂ ਵਿਖੇ ਹੋਈ ਤਾਂ ਸਭ ਦੇ ਪ੍ਰਧਾਨ ਗੁਰਚਰਨ ਸਿੰਘ ਕਲੇਰ ਦੇ ਪ੍ਰਧਾਨ ਹੇਠ ਹੋਈ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਲੋੜਬੰਦ ਪਰਿਵਾਰਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਨੂੰ ਵਿਚਾਰਨ ਤੇ ਉਨ੍ਹਾਂ ਦਾ ਹੱਲ ਕੱਢਣ ਲਈ ਤਰਸ ਦੀ ਮੀਟਿੰਗ ਅਕਤੂਬਰ 2020 ਨੂੰ ਬੁਲਾਈ ਗਈ ਮੀਟਿੰਗ ਵਿੱਚ ਹੋਰਨਾ ਅਹੁਦੇਦਾਰਾਂ ਨੂੰ ਤੋਂ ਇਲਾਵਾ ਟਰੱਸਟ  ਚੇਅਰਮੈਨ ਜਸਵੰਤ ਸਿੰਘ ਕਾਰ ਸੇਵਾ ਵਾਲੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਸ ਮੌਕੇ ਜਥੇਦਾਰ ਪਾਲਾ ਸਿੰਘ, ਕੈਪਟਨ ਬਲੌਰ ਸਿੰਘ ਟਹਿਲ ਸਿੰਘ, ਜਗਜੀਤ ਸਿੰਘ, ਨਛੱਤਰ ਸਿੰਘ ਬਾਰਦੇਕੇ, ਪਿ੍ਤਪਾਲ ਸਿੰਘ ਪਾਰਸ, ਸੁਖਦੇਵ ਸਿੰਘ ਲੋਪੋ ਆਦਿ ਹਾਜ਼ਰ ਸਨ।