ਲੁਧਿਆਣਾ, ਅਕਤੂਬਰ 2020 - ( ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ ) - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ 'ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ।ਸਰਮਾ ਨੇ ਦੱਸਿਆ ਕਿ ਹੁਣ ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਮਹਾਂਮਾਰੀ 'ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ, ਪਰ ਦੂਜੀ ਲਹਿਰ (second wave) ਤੋਂ ਬਚਾਅ ਰੱਖਣਾ ਬੇਹੱਦ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਵੱਲੋਂ ਲਾਈਵ ਸੈਸ਼ਨ ਦੌਰਾਨ ਦੱਸਿਆ ਕਿ ਜਿਵੇਂ ਪੱਛਮੀ ਦੇਸ਼ਾਂ ਅਮਰੀਕਾ, ਫਰਾਂਸ ਜਾਂ ਸਪੇਨ ਦੀ ਗੱਲ ਕਰੀਏ ਤਾਂ ਉੱਥੇ ਵੀ ਇਸ ਬਿਮਾਰੀ ਵੱਲੋਂ ਦੋਬਾਰਾ ਦਸਤਕ ਦਿੱਤੀ ਗਈ ਹੈ। ਇਸ ਲਈ ਸਾਨੂੰ ਅਵੇਸਲੇ ਹੋਣ ਦੀ ਬਜਾਏ ਸਗੋਂ ਹੋਰ ਚੌਕੰਨੇ ਹੋ ਕੇ ਇਸ ਬਿਮਾਰੀ ਨਾਲ ਨਜਿੱਠਣ ਦੀ ਲੋੜ ਹੈ। ਉਨ੍ਹਾਂ ਕਿਹਾ ਬਿਮਾਰੀਆਂ ਸਮੁੰਦਰ ਦੀ ਲਹਿਰਾਂ ਵਾਂਗ ਹੁੰਦੀਆਂ ਹਨ, ਕਦੇ ਆਉਂਦੀਆਂ ਤੇ ਕਦੇ ਚਲੀਆਂ ਜਾਂਦੀਆਂ ਹਨ। ਜੇਕਰ ਹੁਣ ਇੱਕ ਵਾਰ ਘਟੀ ਹੈ ਤਾਂ ਇਸ ਗੱਲ ਦਾ ਖ਼ਦਸ਼ਾ ਹੈ ਕਿ ਜੇਕਰ ਇਸ ਦੇ ਬਚਾਅ ਸਬੰਧੀ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ, ਮਾਸਕ ਪਹਿਨਣਾ, ਆਪਸੀ ਵਿੱਥ ਤੇ ਹੱਥਾਂ ਦੀ ਸਫਾਈ ਨਾ ਰੱਖੀ ਗਈ ਤਾਂ ਇਹ ਬਿਮਾਰੀ ਸਾਨੂੰ ਦੂਜੀ ਲਹਿਰ ਦੀ ਤਰ੍ਹਾਂ ਇੱਕ ਵਾਰ ਫੇਰ ਪ੍ਰਭਾਵਿਤ ਕਰ ਸਕਦੀ ਹੈ। ਸ੍ਰੀ ਵਰਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਇੱਕ ਵਾਰ ਫੇਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਦੀ ਨਾੜ ਨੂੰ ਅੱਗ ਨਾ ਲਗਾਈ ਜਾਵੇ, ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਸਾਹ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਰੋਗੀਆਂ ਨੂੰ ਕਾਫੀ ਔਕੜ ਆਉਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੰਡੀਆਂ 'ਚ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ, ਕਿਸਾਨ ਵੀਰ ਜ਼ਿਲ੍ਹਾ ਪ੍ਰਸਾਸ਼ਨ ਵੱਲੋ ਅਪਣਾਈ ਪ੍ਰਣਾਲੀ ਅਨੁਸਾਰ ਮੰਡੀਆਂ ਵਿੱਚ ਆਉਣ, ਆਪਸੀ ਵਿੱਥ ਬਣਾਈ ਰੱਖਣ ਅਤੇ ਜਿਵੇਂ ਕਣਕ ਦੇ ਸੀਜ਼ਨ ਦੌਰਾਨ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕੀਤਾ ਓਸੇ ਤਰ੍ਹਾਂ ਝੋਨੇ ਦੀ ਖਰੀਦ ਨੂੰ ਵੀ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮੱਦਦ ਕਰਨ। ਉਨ੍ਹਾਂ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਵਸਨੀਕਾਂ ਦੇ ਸਵਾਲਾਂ ਦੇ ਜੁਆਬ ਦਿੱਤੇ ਅਤੇ ਉਨ੍ਹਾਂ ਵੱਲੋਂ ਇਸ ਮਹਾਂਮਾਰੀ ਦੌਰਾਨ ਕੀਤੇ ਭਰਪੂਰ ਸਹਿਯੋਗ ਲਈ ਤਹਿਦਿਲੋਂ ਸੁਕਰੀਆਦਾ ਵੀ ਕੀਤਾ।