You are here

ਲੁਧਿਆਣਾ

ਦਾਖਾ ਵਿਖੇ ਪਹਿਲਵਾਲ ਲਾਭ ਸਿੰਘ ਰਾਣਾ ਯਾਦਗਾਰੀ ਕਬੱਡੀ ਲੀਗ ਦਾ ਆਯੋਜਨ

ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਲੁਧਿਆਣਾ, ਅਕਤੂਬਰ 2020 ( ਗੁਰਦੇਵ ਗਾਲਿਬ)-ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਹਾਈਟੈਕ ਸਪੋਰਟਸ ਪਾਰਕ, ਦਾਖਾ ਵਿਖੇ ਪਹਿਲਵਾਨ ਲਾਭ ਸਿਘ ਰਾਣਾ ਯਾਦਗਾਰੀ ਇੱਕ ਦਿਨਾਂ ਪੇਂਡੂ ਕਬੱਡੀ ਲੀਗ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਕਬੱਡੀ ਲੀਗ ਵਿੱਚ ਲੜਕਿਆਂ ਦੀਆਂ 12 (ਓਪਨ ਦੀਆਂ) ਟੀਮਾਂ ਨੇ ਭਾਗ ਲਿਆ ਜਦਕਿ ਲੜਕੀਆਂ ਦੀਆਂ ਵੀ 4 ਟੀਮਾਂ ਸ਼ਾਮਲ ਸਨ। ਬਿੰਦਰਾ ਵੱਲੋ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੀ ਜਵਾਨੀ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ੇ ਤੋਂ ਦੂਰ ਰਹਿਣ ਅਤੇ ਵੱਧ ਤੋ ਵੱਧ ਖੇਡਾਂ ਵਿੱਚ ਹਿੱਸਾ ਲੈਣ, ਕਿਉਂਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸਨੇ ਰਾਸ਼ਟਰੀ ਪੱਧਰ ਦੇ ਨਾਮਵਰ ਖਿਡਾਰੀ ਪੈਦਾ ਕੀਤੇ ਹਨ। ਇਸ ਮੌਕੇ ਉਨ੍ਹਾਂ ਨਾਲ ਏ.ਸੀ.ਪੀ. ਸ੍ਰੀ ਰਾਜ ਕੁਮਾਰ ਚੌਧਰੀ, ਸਾਬਕਾ ਏ.ਡੀ.ਸੀ.ਪੀ. ਸਤੀਸ਼ ਮਲਹੋਤਰਾ, ਕਾਂਗਰਸੀ ਆਗੂ ਡਿੰਪਲ ਰਾਣਾ, ਜਨਰਲ ਸਕੱਤਰ ਯੂਥ ਕਾਂਗਰਸ ਤਜਿੰਦਰ ਸਿੰਘ ਚਾਹਲ, ਰਾਜੇਸ਼ ਰਾਣਾ ਅਤੇ ਮੇਜ਼ਰ ਸਿੰਘ ਦੇਤਵਾਲ ਤੇ ਹੋਰ ਹਾਜ਼ਰ ਸਨ। ਉਨ੍ਹਾ ਅੱਗੇ ਕਿਹਾ ਕਿ ਕੁੱਝ ਸਾਲ ਪਹਿਲਾਂ ਲੋਕਾਂ ਤੋਂ ਅਕਸਰ ਸੁਣਿਆ ਜਾਂਦਾ ਸੀ ਕਿ ਪੰਜਾਬ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ, ਉਸਦੀ ਤੁਲਨਾ 'ਚ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕੀਤੇ ਉਪਰਾਲਿਆਂ ਸਦਕਾ ਨਸ਼ੇ 'ਤੇ ਕਾਫੀ ਹੱਦ ਤਕ ਕਾਬੂ ਪਾ ਲਿਆ ਗਿਆ ਹੈ। ਚੇਅਰਮੈਨ ਬਿੰਦਰਾ ਵੱਲੋ ਪੱਤਰਕਾਰਾਂ ਦੇ ਸੁਆਲ ਦਾ ਜਵਾਬ ਦਿੰਦਿਆਂ ਕਿਹਾ ਕਿ ਯੂਥ ਡਿਵੈਲਪਮੈਂਟ ਬੋਰਡ ਨੌਜਵਾਨਾਂ ਦੀ ਭਲਾਈ ਅਣਥੱਕ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਆਉਣ ਵਾਲੇ 2 ਮਹੀਨਿਆਂ ਵਿੱਚ ਪੂਰੇ ਸੂਬੇ ਵਿੱਚ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆ, ਜਿਸ ਵਿੱਚ  ਕ੍ਰਿਕਟ, ਫੁੱਟਬਾਲ ਅਤੇ ਵਾਲੀਵਾਲ ਆਦਿ ਦੀਆਂ ਕਿੱਟਾਂ ਸ਼ਾਮਲ ਹਨ। ਉਨ੍ਹਾ ਆਂਕੜੇ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ ਕਰੀਬ 13500 ਦੇ ਕਰੀਬ ਯੂਥ ਕਲੱਬ ਰਜਿਸਟਰਡ ਹਨ, ਜਿਨ੍ਹਾਂ ਨੂੰ ਇਹ ਸਪੋਰਟਸ ਕਿੱਟਾਂ ਵੰਡੀਆਂ ਜਾਣੀਆਂ ਹਨ। ਇਸ ਮੌਕੇ ਕਲੱਬ ਮੈਬਰ ਜੇ.ਪੀ.ਸਿੰਘ, ਸਤਿੰਦਰ ਪਾਲ ਰਾਣਾ, ਅਸ਼ਵਨੀ ਠਾਕੁਰ, ਜਸਵਿੰਦਰ ਕਾਲਾ, ਸੱਤੀ (ਜਿਉਲਰਜ), ਗਗਨਦੀਪ ਸਿੰਘ ਮੁਲਾਂਪੁਰ ਵੱਲੋਂ ਚੇਅਰਮੈਨ ਬਿੰਦਰਾ ਦਾ ਸਨਮਾਨ ਕੀਤਾ।

ਸ਼ਹੀਦਾਂ ਨੂੰ ਸਜਦਾ ਕਰਦਿਆਂ ਪਰਿਵਾਰ ਸਨਮਾਨਿਤ

ਜਗਰਾਓਂ,ਅਕਤੂਬਰ 2020 -(ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ)- ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਪੁਲਿਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਦੇ ਸ਼ਹੀਦ ਪਰਿਵਾਰਾਂ ਨੂੰ ਘਰ ਘਰ ਪਹੁੰਚ ਕੇ ਸਨਮਾਨਿਤ ਕੀਤਾ ਗਿਆ। ਇਸੇ ਲੜੀ ਵਿਚ ਸ਼ਨੀਵਾਰ ਨੂੰ ਜਗਰਾਓਂ ਥਾਣਾ ਸਦਰ ਦੇ ਮੁਖੀ ਰਮਨ ਕੁਮਾਰ ਸ਼ਹੀਦ ਮਨਜੀਤ ਸਿੰਘ ਦੇ ਪਿੰਡ ਸੋਹੀਆਂ ਉਨ੍ਹਾਂ ਦੇ ਘਰ ਪੁੱਜੇ, ਜਿਥੇ ਉਨ੍ਹਾਂ ਸ਼ਹੀਦ ਦੀ ਮਾਤਾ ਅਮਰ ਕੌਰ ਨਾਲ ਗੱਲਾਂ ਦੀ ਸਾਂਝ ਪਾਉਂਦਿਆਂ ਪੁੱਤ ਦੀ ਸ਼ਹਾਦਤ ਨੂੰ ਯਾਦ ਕੀਤਾ। ਉਨ੍ਹਾਂ ਇਸ ਮੌਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮਾਤਾ ਅਮਰ ਕੌਰ ਨੂੰ ਸਨਮਾਨਿਤ ਕੀਤਾ। ਇੰਸਪੈਕਟਰ ਰਮਨ ਕੁਮਾਰ ਨੇ ਕਿਹਾ ਕਿ ਥਾਣੇ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਵਿਚ ਰਹਿੰਦੇ ਸ਼ਹੀਦ ਪਰਿਵਾਰਾਂ ਨੂੰ ਉਹ ਰੋਜ਼ ਮਿਲ ਰਹੇ ਹਨ। ਉਨ੍ਹਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਜ਼ਿਲ੍ਹਾ ਪੁਲਿਸ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਜੁਝਾਰ ਜਵਾਨਾਂ ਨੇ ਅੱਤਵਾਦੀ ਦੇ ਕਾਲੇ ਦਿਨਾਂ ਵਿਚ ਪੰਜਾਬ ਵਿਚ ਸ਼ਾਂਤੀ ਸਥਾਪਤ ਕਰਨ ਲਈ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਖੇਤੀ ਕਾਨੂੰਨ ਦੇ ਵਿਰੋਧ 'ਚ ਜਗਰਾਓਂ ਵਿਖੇ ਰੋਸ ਮਾਰਚ ਅਤੇ ਪੁਤਲਾ ਫੂਕਿਆਂ-VIDEO

ਜਗਰਾਓਂ, ਅਕਤੂਬਰ 2020 -(ਮੋਹਿਤ ਗੋਇਲ)-

ਜਗਰਾਓਂ 'ਚ ਅੱਜ ਖੇਤੀ ਕਾਨੂੰਨ ਖਿਲਾਫ ਪਿਛਲੇ ਸਤਰਾਂ ਦਿਨਾਂ ਤੋਂ ਰੇਲਵੇ ਪੱਟੜੀਆਂ 'ਤੇ ਡਟੇ ਕਿਸਾਨਾਂ ਦੇ ਵੱਡੇ ਇਕੱਠ ਨੇ ਮੋਦੀ ਹਕੂਮਤ ਖਿਲਾਫ ਸ਼ਹਿਰ ਭਰ ਵਿਚ ਰੋਹ ਭਰਪੂਰ ਅਰਥੀ ਫੂਕ ਮੁਜਾਹਰਾ ਕੀਤਾ। ਇਸ ਦੌਰਾਨ ਕਿਸਾਨ, ਮਜ਼ਦੂਰਾਂ ਦਾ ਇਹ ਕਾਫ਼ਲਾ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਦੀ ਲੰਘਦਾ ਹੋਇਆ ਸਥਾਨਕ ਰਾਣੀ ਝਾਂਸੀ ਚੌਂਕ ਪੁੱਜਾ, ਜਿੱਥੇ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਜਸਪਾਲ ਸਿੰਘ ਹੇਰਾ ਅਤੇ ਹੋਰ ਬੁਲਾਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਵਲੋਂ ਦਿਤੀਆਂ ਜਮੀਨ ਦੇ ਹੱਕ ਨੂੰ ਕਿਸੇ ਨੂੰ ਖੋਹਣ ਨਹੀਂ ਦੀਆਂ ਗੇ ਦੀ ਆਵਾਜ ਬੋਲੰਦ ਕਰਦਿਆਂ ਰਿਲਾਇੰਸ ਸਟੋਰਾਂ ਅਤੇ ਜੀਓ ਦੇ ਸਿੰਮਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਰਪੋਰੇਟ ਨਾਲ ਸਿੱਧੀ ਲੜਾਈ 'ਚ ਜੁੜ ਕੇ ਹੀ ਜਿੱਤ ਹਾਸਲ ਹੋਵੇਗੀ। ਉਨ੍ਹਾਂ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਸੱਦ ਕੇ ਨਿਰਾਦਰ ਕਰਕੇ ਵਾਪਸ ਮੋੜਣ ਦੀ ਨਿੰਦਾ ਕੀਤੀ। ਇਸ ਮੌਕੇ  ਬੂਟਾ ਸਿੰਘ ਚਕਰ, ਇੰਦਰਜੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਦੌਧਰ, ਭੁਪਿੰਦਰ ਸਿੰਘ ਬਰਾੜ, ਕੰਵਲਜੀਤ ਖੰਨਾ, ਗੁਰਮੀਤ ਸਿੰਘ, ਸ਼ਿੰਗਾਰਾ ਸਿੰਘ ਢੋਲਣ, ਮਦਨ ਸਿੰਘ, ਪਲਵਿੰਦਰ ਸਿੰਘ ਮਿੱਠਾ, ਕਰਨੈਲ ਸਿੰਘ ਹਾਂਸ, ਲਖਵੀਰ ਸਿੰਘ ਲੱਖਾ, ਸੁਖ ਜਗਰਾਓਂ, ਜਥੇਦਾਰ ਪਰਮਿਦਰ ਸਿੰਘ, ਕਰਨੈਲ ਸਿੰਘ ਸਾਬਕਾ ਸਰਪੰਚ ਜਨੇਤਪੁਰਾ,ਪ੍ਰਤਾਪ ਸਿੰਘ ਪਹਿਰੇਦਾਰ ਆਦਿ ਹਾਜ਼ਰ ਸਨ।

 ਮਾਂ ਨੇ ਧੀ ਨੂੰ ਕੰਧ ਨਾਲ ਪਟਕ ਕੇ ਮਾਰ ਦਿੱਤਾ

ਦੂਜੀ ਬੇਟੀ ਪੈਦਾ ਹੋਣ ਪਿੱਛੋਂ ਗੁਆ ਬੈਠੀ ਸੀ ਦਿਮਾਗੀ ਤਵਾਜ਼ਨ

 ਲੁਧਿਆਣਾ ,  ਅਕਤੂਬਰ  2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)  

 ਜੱਸੀਆਂ ਰੋਡ ਸਥਿਤ ਨਵਨੀਤ ਨਗਰ ਵਿਚ ਨਰਾਤੇ ਦੇ ਪਹਿਲੇ ਦਿਨ ਹੀ ਮਾਂ ਨੇ ਸਾਢੇ ਚਾਰ ਸਾਲ ਦੀ ਬੱਚੀ ਨੂੰ ਕੰਧ ਨਾਲ ਪਟਕ-ਪਟਕ ਕੇ ਜਾਨੋਂ ਮਾਰ ਦਿੱਤਾ। ਜਿਸ ਦਿਨ ਮਾਤਾ ਨੂੰ ਬੱਚੀਆਂ ਦੇ ਰੂਪ ਵਿਚ ਪੂਜਿਆ ਜਾਂਦਾ ਹੈ ਉਸੇ ਦਿਨ ਮਾਂ ਬੇਟੀ ਨੂੰ ਉਦੋਂ ਤਕ ਕੰਧ ਨਾਲ ਪਟਕਦੀ, ਜਦੋਂ ਤਕ ਉਸ ਦੀ ਮੌਤ ਨਹੀਂ ਹੋ ਗਈ। ਪੁਲਿਸ ਨੇ ਮਾਂ ਨੂੰ ਗ੍ਰਿਫ਼ਤਾਰ ਕਰ ਕੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਬੱਚੀ ਦੀ ਪਛਾਣ ਦਰਪਣ ਦੇ ਰੂਪ ਵਿਚ ਹੋਈ ਹੈ।

ਪੁਲਿਸ ਨੇ ਇਸ ਮਾਮਲੇ ਵਿਚ ਬੱਚੀ ਦੀ ਮਾਂ ਪ੍ਰਿਅੰਕਾ ਵਿਰੁੱਧ ਹੱਤਿਆ ਜਾ ਮਾਮਲਾ ਦਰਜ ਕੀਤਾ ਹੈ। ਉਕਤ ਔਰਤ ਦੂਜੀ ਬੇਟੀ ਪੈਦਾ ਹੋਣ ਪਿੱਛੋਂ ਆਪਣਾ ਮਾਨਸਿਕ ਤਵਾਜ਼ਨ ਗੁਆ ਬੈਠੀ ਸੀ। ਥਾਣਾ ਸਲੇਮ ਟਾਬਰੀ ਦੇ ਐੱਚਐੱਚਓ ਇੰਸਪੈਕਟਰ ਕਿਸ਼ਨ ਗੋਪਾਲ ਨੇ ਦੱਸਿਆ ਕਿ ਬਿਹਾਰ ਦੇ ਜ਼ਿਲ੍ਹਾ ਪੂਰਨੀਆ ਦਾ ਨਿਵਾਸੀ ਟਿੰਕੂ ਯਾਦਵ ਇਕ ਮਹੀਨਾ ਪਹਿਲਾਂ ਹੀ ਕਿਰਾਏ 'ਤੇ ਘਰ ਲੈ ਕੇ ਇੱਥੇ ਰਹਿਣ ਆਇਆ ਸੀ।

ਉਹ ਇੱਥੇ ਫ਼ਰਸ਼ 'ਤੇ ਮਾਰਬਲ ਲਾਉਣ ਦਾ ਕੰਮ ਕਰਦਾ ਸੀ। ਉਸ ਨਾਲ ਉਸ ਦੀ ਪਤਨੀ ਪ੍ਰਿਅੰਕਾ, ਸਾਢੇ ਚਾਰ ਸਾਲ ਦੀ ਬੇਟੀ ਦਰਪਣ ਤੇ ਢਾਈ ਮਹੀਨੇ ਦੀ ਬੱਚੀ ਵੀ ਰਹਿੰਦੀ ਸੀ। ਪਤੀ ਟਿੰਕੂ ਅਨੁਸਾਰ ਉਸ ਦੇ ਦੂਜੀ ਬੇਟੀ ਹੋਣ ਕਾਰਨ ਪਤਨੀ ਕਾਫ਼ੀ ਸਮੇਂ ਤੋਂ ਪਰੇਸ਼ਾਨ ਸੀ ਤੇ ਛੋਟੀਆਂ-ਛੋਟੀਆਂ ਗੱਲਾਂ 'ਤੇ ਬੇਟੀ ਨੂੰ ਕੁੱਟ ਵੀ ਦਿੰਦੀ ਸੀ। ਰਾਤੀਂ ਸਭ ਕੁਝ ਠੀਕ-ਠਾਕ ਸੀ, ਅਸੀਂ ਸਾਰੇ ਖਾਣਾ ਖਾਣ ਤੋਂ ਬਾਅਦ ਸੌਂ ਗਏ। ਸਵੇਰੇ ਪਤਨੀ ਛੇਤੀ ਉੱਠੀ ਤੇ ਖ਼ੁਦ ਨਹਾਉਣ ਲਈ ਛੱਤ 'ਤੇ ਚਲੀ ਗਈ। ਉਸ ਨੇ ਉਪਰੋਂ ਆਵਾਜ਼ ਮਾਰੀ ਕਿ ਬੇਟੀ ਨੂੰ ਸ਼ੈਂਪੂ ਦੇ ਕੇ ਉਪਰ ਭੇਜੋ। ਜਦੋਂ ਬੱਚੀ ਉਪਰ ਗਈ ਤਾਂ ਪਤਾ ਨਹੀਂ ਕੀ ਹੋਇਆ ਕਿ ਉਸ ਨੇ ਬੱਚੀ ਨੂੰ ਕੰਧ ਨਾਲ ਪਟਕਣਾ ਸ਼ੁਰੂ ਕਰ ਦਿੱਤਾ।

ਬੱਚੀ ਦੀਆਂ ਚੀਕਾਂ ਸੁਣ ਕੇ ਉਨ੍ਹਾਂ ਦਾ ਗੁਆਂਢੀ ਘਰ ਆਇਆ ਤੇ ਉਸ ਨੇ ਇਸ ਸਬੰਧੀ ਦੱਸਿਆ। ਜਦੋਂ ਉਹ ਛੱਤ 'ਤੇ ਪੁੱਜੇ ਤਾਂ ਦਰਪਣ ਦੀ ਲਾਸ਼ ਕੰਧ ਕੋਲ ਪਈ ਸੀ ਤੇ ਪ੍ਰਿਅੰਕਾ ਨੇੜੇ ਖੜ੍ਹੀ ਸੀ। ਕੰਧ 'ਤੇ ਲਹੂ ਲੱਗਾ ਹੋਇਆ ਸੀ ਤੇ ਫ਼ਰਸ਼ 'ਤੇ ਵੀ ਖੂਨ ਡੁੱਲ੍ਹਿਆ ਹੋਇਆ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।  

ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ

ਦੂਜੇ ਪੜਾਅ 'ਚ 13 ਹਜ਼ਾਰ ਪਿੰਡਾਂ ਵਿਚ 2774 ਕਰੋੜ ਰੁਪਏ ਦੀ ਲਾਗਤ ਨਾਲ 50,000 ਵਿਕਾਸ ਕਾਰਜਾਂ ਨੂੰ ਕੀਤਾ ਜਾਵੇਗਾ ਮੁਕੰਮਲ

ਲੁਧਿਆਣਾ,ਅਕਤੂਬਰ 2020 (ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ ) - ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਸ਼ਹਿਰੀ ਖੇਤਰਾਂ ਦੇ ਬਰਾਬਰ ਪਿੰਡਾਂ ਦਾ ਵਿਕਾਸ ਕਰਨ ਦੇ ਉਦੇਸ਼ ਨਾਲ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਪੰਜਾਬ ਸਰਕਾਰ ਵੱਲੋਂ ਂਸਮਾਰਟ ਪਿੰਡ ਮੁਹਿੰਮਂ ਤਹਿਤ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ।ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਦੀ ਆਨਲਾਈਨ ਸ਼ੁਰੂਆਤ ਕੈਬਨਿਟ ਮੰਤਰੀ ਵੱਲੋਂ, ਕਾਂਗਰਸ ਨੇਤਾ ਰਾਹੁਲ ਗਾਂਧੀ (ਨਵੀਂ ਦਿੱਲੀ ਵਿਚ) ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ (ਚੰਡੀਗੜ੍ਹ ਵਿਚ) ਇੱਕੋ ਸਮੇਂ ਸੂਬੇ ਭਰ ਵਿਚ 1500 ਥਾਵਾਂਂ ਤੋਂ ਕੀਤੀ। ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਸੰਜੇ ਤਲਵਾੜ, ਮੇਅਰ ਬਲਕਾਰ ਸਿੰਘ ਸੰਧੂ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੀ ਜ਼ਿਲ੍ਹਾ ਪੱਧਰੀ ਉਦਘਾਟਨ ਸਮਾਰੋਹ ਵਿੱਚ ਹਾਜ਼ਰ ਸਨ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਘਾਟਨ ਕਰਦਿਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਸਮਾਰਟ ਪਿੰਡ ਮੁਹਿੰਮ ਦੇ ਪਹਿਲੇ ਪੜਾਅ ਦੇ ਸਫਲਤਾਪੂਰਵਕ ਮੁਕੰਮਲ ਹੋਣ ਅਤੇ ਦੂਸਰੇ ਪੜਾਅ ਦੀ ਸ਼ੁਰੂਆਤ ਦੇ ਮੰਤਵ ਨਾਲ ਪੰਜਾਬ ਦੇ ਪਿੰਡਾਂ ਦੇ ਵਿਕਾਸ ਪਹਿਲ 'ਤੇ ਸ਼ਲਾਘਾ ਕੀਤੀ। ਤ੍ਰਿਪਤ ਰਾਜਿੰਦਰ ਬਾਜਵਾ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਪੜਾਅ ਵਿਚ ਪਿੰਡਾਂ ਦੇ ਵਿਕਾਸ ਲਈ ਤਕਰੀਬਨ 835 ਕਰੋੜ ਰੁਪਏ ਖਰਚ ਕੀਤੇ ਗਏ ਹਨ ਜਦਕਿ ਦੂਜੇ ਪੜਾਅ ਵਿੱਚ 13000 ਪਿੰਡਾਂ ਵਿਚ ਤਕਰੀਬਨ 2774 ਕਰੋੜ ਰੁਪਏ ਦੀ ਲਾਗਤ ਨਾਲ 50,000 ਵਿਕਾਸ ਕਾਰਜਾਂ ਨੂੰ ਮੁਕੰਮਲ ਕੀਤਾ ਜਾਵੇਗਾ। ਬਾਜਵਾ ਨੇ ਕਿਹਾ, ਂਇਸ ਮੁਹਿੰਮ ਦੀ ਸ਼ੁਰੂਆਤ ਕਰਨ ਪਿੱਛੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮਕਸਦ ਸ਼ਹਿਰੀ ਖੇਤਰਾਂ ਦੇ ਬਰਾਬਰ ਪਿੰਡਾਂ ਵਿੱਚ ਸਹੂਲਤਾਂ ਦੇ ਕੇ ਪਿੰਡਾਂ ਤੋਂ ਸ਼ਹਿਰਾਂ ਵੱਲ ਲੋਕਾਂ ਦੇ ਪ੍ਰਵਾਸ ਨੂੰ ਰੋਕਣਾ ਹੈ।ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਸੀਵਰੇਜ ਸਿਸਟਮ, ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ, ਟਾਇਲਾਂ ਲਾਉਣਾ, ਸੋਲਰ ਸਟਰੀਟ ਲਾਈਟਾਂ, ਫਿਰਨੀਆਂ ਨੂੰ ਪੱਕਾ ਕਰਨਾ, ਨਾਲੀਆਂ, ਤਲਾਬਾਂ, ਕਮਿਊਨਿਟੀ  ਹਾਲਾਂ, ਸ਼ਮਸ਼ਾਨਘਾਟ / ਕਬਰਿਸਤਾਨਾਂ, ਸਕੂਲ / ਆਂਗਣਵਾੜੀ, ਜਿਮਨੇਜ਼ੀਅਮ, ਠੋਸ ਰਹਿੰਦ-ਖੂੰਹਦ ਪ੍ਰਬੰਧ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਯੋਗ ਵਾਤਾਵਰਣ ਪ੍ਰਦਾਨ ਕਰਕੇ ਪੰਜਾਬ ਦੇ ਪਿੰਡਾਂ ਨੂੰ ਸਵੈ-ਨਿਰਭਰ ਬਣਾਉਣ ਲਈ ਅਸੀਂ ਪਿੰਡਾਂ ਵਿਚ ਇਕ ਸਾਫ ਸੁਥਰਾ ਮਾਹੌਲ ਮੁਹੱਈਆ ਕਰਵਾਵਾਂਗੇ ਤਾਂ ਜੋ ਲੋਕ ਸ਼ਹਿਰਾਂ ਵਿਚ ਜਾਣ ਦੀ ਥਾਂ ਪਿੰਡਾਂ ਵਿਚ ਰਹਿਣ 'ਤੇ ਮਾਣ ਮਹਿਸੂਸ ਕਰਨਗੇ। ਬਾਜਵਾ ਨੇ ਕਿਹਾ ਕਿ ਇਸ ਮੁਹਿੰਮ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਪੰਚਾਇਤਾਂ ਆਪਣੇ-ਆਪਣੇ ਪਿੰਡਾਂ ਵਿੱਚ ਜ਼ਰੂਰਤਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਪੂਰਾ ਕਰ ਰਹੀਆਂ ਹਨ ਜਦੋਂ ਕਿ ਪੇਂਡੂ ਅਤੇ ਪੰਚਾਇਤ ਵਿਭਾਗ ਕੇਵਲ ਇੰਜੀਨੀਅਰ ਮੁਹੱਈਆ ਕਰਵਾ ਰਿਹਾ ਹੈ।

ਬਾਜਵਾ ਵੱਲੋਂ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਿਸੇ ਵੀ ਪਿੰਡ ਨਾਲ ਕੋਈ ਪੱਖਪਾਤ ਨਹੀਂ ਹੋ ਰਿਹਾ ਹੈ ਅਤੇ ਰਾਜ ਦੇ ਲੱਗਭਗ ਹਰ ਪਿੰਡ ਵਿੱਚ ਕੋਈ ਨਾ ਕੋਈ  ਵਿਕਾਸ ਕਾਰਜ ਚੱਲ ਰਹੇ ਹਨ।ਉਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਰਾਜ ਵਿੱਚ ਭਾਜਪਾ ਨੇਤਾਵਾਂ ਦੇ ਘਿਰਾਓ 'ਤੇ ਕਿਸਾਨਾਂ ਨੂੰ ਹਿੰਸਾ ਨਾ ਕਰਕੇ ਅਤੇ ਸੂਬੇ ਵਿੱਚ ਸ਼ਾਂਤੀ ਬਣਾਈ ਰੱਖਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਬਾਜਵਾ ਵੱਲੋਂ 'ਰੇਲ ਰੋਕੋ' ਅੰਦੋਲਨ ਸਬੰਧੀ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰੇਲ ਗੱਡੀਆਂ ਨੂੰ ਰੋਕਣ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਜੋ ਕਿ ਖੇਤੀ ਬਚਾਉਣ ਦੇ ਨਾਮ 'ਤੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਰੇਲ ਗੱਡੀਆਂ ਰੋਕਣ ਨਾਲ ਜਿੱਥੇ ਖਾਦ ਪਦਾਰਥਾਂ ਦੀ ਸਪਲਾਈ ਠੱਪ ਹੋ ਰਹੀ ਹੈ ਨਾਲ ਹੀ ਬਿਜਲੀ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਮੌਕੇ ਤ੍ਰਿਪਤ ਰਾਜਿੰਦਰ ਬਾਜਵਾ ਵੱਲੋ ਕੁਝ ਸਰਪੰਚਾਂ ਨੂੰ ਵੀ ਬੁਲਾਇਆ ਗਿਆ, ਜਿਨ੍ਹਾਂ ਨੇ ਪਿੰਡਾਂ ਦੇ ਵਿਕਾਸ ਸਬੰਧੀ ਗਰਾਂਟਾਂ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਪਾਰਦਰਸ਼ੀ ਢੰਗ ਨਾਲ ਗਰਾਂਟਾਂ ਖਰਚਣ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਪੀ.ਐਮ.ਆਈ.ਡੀ.ਬੀ. ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਵਧੀਕ ਡਿਪਟੀਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ, ਵਾਈਸ ਚੇਅਰਮੈਨ ਪੇਡਾ ਕਰਨ ਵੜਿੰਗ, ਐਸ.ਡੀ.ਐਮ.(ਵੈਸਟ) ਅਮਰਿੰਦਰ ਸਿੰਘ ਮੱਲ੍ਹੀ ਵੀ ਹਾਜ਼ਰ ਸਨ।

ਪਰਾਲੀ ਸਾੜਨ ਤੋਂ ਰੋਕਣ ਲਈ ਪਿੰਡ ਖਹਿਰਾ ਬੇਟ ਤੋਂ ਮੁਹਿੰਮ ਦਾ ਆਗਾਜ਼

ਚੇਅਰਮੈਨ ਪੀ.ਪੀ.ਸੀ.ਬੀ. ਅਤੇ ਡਿਪਟੀ ਕਮਿਸ਼ਨਰ ਵੱਲੋਂ ਮੁਹਿੰਮ ਦੀ ਕੀਤੀ ਗਈ ਸ਼ੁਰੂਆਤ

ਲੁਧਿਆਣਾ, ਅਕਤੂਬਰ 2020 ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ ) - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਐਸ. ਐਸ. ਮਰਵਾਹਾ ਵੱਲੋਂ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਣ ਅਤੇ ਵਾਤਾਵਰਣ ਨੂੰ ਸਾਫ ਸੁੱਥਰਾ ਬਣਾਈ ਰੱਖਣ ਲਈ ਇੱਕ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਖ਼ਾਸਕਰ ਚਲ ਰਹੇ ਕੋਵੀਡ ਮਹਾਂਮਾਰੀ ਦੇ ਦੌਰ ਵਿੱਚ। ਚੇਅਰਮੈਨ ਪੀ.ਪੀ.ਸੀ.ਬੀ. ਪ੍ਰੋਫੈਸਰ ਮਰਵਾਹਾ ਦੇ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ  ਇਕ ਵਿਸ਼ੇਸ਼ ਸੁਨੇਹਾ ਦਰਸਾਉਂਦਾ ''ਪਰਾਲੀ ਨੂੰ ਕਦੇ ਨਾ ਜਲਾਓ, ਵਾਤਾਵਰਣ ਨੂੰ ਸਾਫ ਸੁਥਰਾ ਬਣਾਓ'' ਸਲੋਗਨ ਬਰੋਸ਼ਰ ਲਾਂਚ ਕੀਤਾ ਗਿਆ ਜੋ ਸ਼ਹਿਰ ਦੇ ਵਕੀਲ ਹਰਪ੍ਰੀਤ ਸੰਧੂ ਦੁਆਰਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਸੰਦੀਪ ਬਹਿਲ (ਐਸ.ਈ), ਐਸ.ਐਸ.ਮਠਾੜੂ(ਐਕਸੀਅਨ), ਪੀ.ਪੀ.ਸੀ.ਬੀ. ਅਧਿਕਾਰੀ ਅਤੇ ਪਿੰਡ ਖਹਿਰਾ ਬੇਟ ਜ਼ਿਲ੍ਹਾ ਲੁਧਿਆਣਾ ਦੇ ਸਰਪੰਚ ਅਤੇੇ ਕਈ ਕਿਸਾਨ ਵੀ ਹਾਜ਼ਰ ਸਨ।ਚੇਅਰਮੈਨ ਪ੍ਰੋ: ਮਰਵਾਹਾ ਨੇ ਪਿੰਡ ਖਹਿਰਾ ਬੇਟ ਵਿਖੇ ਪਿੰਡ ਵਾਸੀਆਂ/ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਦੇ ਅਧਿਕਾਰੀਆਂ ਵੱਲੋਂ ਪਰਾਲੀ ਸਾੜਨ ਤੇ ਰੋਕ ਲਗਾਈ ਗਈ ਹੈ, ਅਜੇ ਵੀ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿੱਥੇ ਤਿਆਰ ਪਈ ਫਸਲ ਨੂੰ ਅੱਗ ਲੱਗਣ ਕਾਰਨ ਖੇਤਾਂ ਵਿੱਚ ਅੱਗ ਲੱਗਣ ਕਾਰਨ ਨੁਕਸਾਨ ਹੋਇਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਤੋਂ ਰੋਕਣਾ ਸਮੇਂ ਦੀ ਲੋੜ ਹੈ ਤਾਂ ਜੋ ਸਾਫ਼ ਵਾਤਾਵਰਣ ਬਣਾਈ ਰੱਖਿਆ ਜਾ ਸਕੇ।ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੇ ਰੋਕ ਲਗਾਉਣ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਪੱਕੀਆਂ ਫਸਲਾਂ ਦੇ ਨਾਲ-ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਨੁਕਸਾਨ ਪਹੁੰਚਾਉਣ ਦੀ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।ਲੁਧਿਆਣਾ ਦੇ ਵਕੀਲ ਹਰਪ੍ਰੀਤ ਸੰਧੂ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਟਿਊਬਵੈਲਾਂ ਨੂੰ ਬਿਜਲੀ ਸਪਲਾਈ ਕੱਟਣ ਤੋਂ ਲੈ ਕੇ ਭਾਰੀ ਜੁ਼ਰਮਾਨੇ ਅਤੇ ਸਖ਼ਤ ਸਜਾਵਾਂ ਵੀ ਭੁਗਤਣੀਆਂ ਪੈ ਸਕਦੀਆਂ ਹਨ।

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ 3984 ਸੈਂਪਲ ਲਏ

ਮਰੀਜ਼ਾਂ ਦੇ ਠੀਕ ਹੋਣ ਦੀ ਦਰ 94.08% ਹੋਈ

ਲੁਧਿਆਣਾ, ਅਕਤੂਬਰ 2020  (ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ ) - ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 3984 ਸੈਂਪਲ ਲਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਵੀ ਵਾਧਾ ਦਰਜ ਕੀਤਾ ਹੈ, ਜੌ ਕਿ ਇਕ ਸ਼ੁਭ ਸੰਕੇਤ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਡੀ.ਐੱਮਜ਼. ਦੀ ਦੇਖ-ਰੇਖ ਵਿੱਚ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਦਿਨ ਰਾਤ ਯਤਨਾਂ ਤਹਿਤ ਰੋਜ਼ਾਨਾ ਵੱਧ ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਜਿਸ ਤਹਿਤ ਅੱਜ ਵੀ 3984 ਸੈਂਪਲ ਲਏ ਗਏ। ਉਹਨਾਂ ਸਮੂਹ ਐੱਸ ਡੀ ਐੱਮਜ਼ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਵਸਨੀਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ 7 ਦਿਨ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 'ਮਿਸ਼ਨ ਫਤਹਿ' ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 19606 ਮਰੀਜ਼ਾਂ ਵਿਚੋਂ 94.08% (18446 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕਈ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਵਸਨੀਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਆਪਣੇ ਆਪ ਨੂੰ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਕੋਈ ਕੋਵਿਡ ਵਰਗੇ ਲੱਛਣ ਹੋਣ। ਉਨ੍ਹਾਂ ਕਿਹਾ ਕਿ ਲੱਛਣਾਂ ਦੇ ਪਤਾ ਲੱਗਣ ਅਤੇ ਜਾਂਚ ਵਿਚਕਾਰ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਜਦੋਂ ਲੋਕ ਲੱਛਣ ਹੋਣ ਦੇ ਬਾਵਜੂਦ ਆਪਣੇ ਆਪ ਦਾ ਟੈਸਟ ਨਹੀਂ ਕਰਵਾਉਂਦੇ ਤਾਂ ਕਈ ਵਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਸ਼ਹਿਰ ਵਿੱਚ ਕਈ ਟੈਸਟਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੇਂਦਰਾਂ ਵਿੱਚ ਕੋਵਿਡ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਲੱਗਦੇ ਹਨ ਤਾਂ ਬਿਨ੍ਹਾਂ ਦੇਰੀ ਕੀਤੇ ਨੇੜਲੇ ਟੈਸਟ ਕੇਂਦਰ ਜਾ ਕੇ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਰੋਜ਼ਾਨਾ ਲਏ ਗਏ ਨਮੂਨਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 3984 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 339 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 18446 ਹੋ ਗਈ ਹੈ।

ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 71 ਮਰੀਜ਼ (54 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 17 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 348193 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 346495 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 324320 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1698 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 19606 ਹੈ, ਜਦਕਿ 2569 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 3 ਮੌਤਾਂ ਹੋਈਆਂ ਹਨ (1 ਜ਼ਿਲ੍ਹਾ ਲੁਧਿਆਣਾ, 1 ਰੋਪੜ ਅਤੇ 1 ਨਵਾਂਸ਼ਹਿਰ ਹੈ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 818 ਅਤੇ 297 ਦੂਜੇ  ਜ਼ਿਲਿਆਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 46008 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 1677 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 120 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਹੁਣ ਅਸੀਂ ਚਰਮ ਸੀਮਾ (Peak) ਦੌਰ ਵਿੱਚੋਂ ਗੁਜ਼ਰ ਰਹੇ ਹਨ, ਹੁਣ ਜਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਥਾਣਾ ਹਠੂਰ ਪੁਲਿਸ ਨੇ ਵਿਅਕਤੀ ਨੂੰ 90 ਲੀਟਰ ਲਾਹਣ ਅਤੇ ਸੱਤ ਬੋਤਲਾ ਨਜਾਇਜ ਸਰਾਬ ਸਮੇਤ ਕਾਬੂ ਕੀਤਾ

ਹਠੂਰ/ਲੁਧਿਆਣਾ, ਅਕਤੂਬਰ 2020 -(ਕੌਂਸਲ ਮੱਲ੍ਹਾ)- ਹਠੂਰ ਪੁਲਿਸ ਨੇ ਇੱਕ ਵਿਅਕਤੀਆਂ ਨੂੰ 90 ਲੀਟਰ ਲਾਹਣ ਅਤੇ ਸੱਤ ਬੋਤਲਾ ਨਜਾਇਜ ਸਰਾਬ ਸਮੇਤ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਰੁਬਨੀਵ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁੱਪਤ ਸੂਚਨਾ ਮਿਲੀ ਸੀ ਕਿ ਪਿੰਡ ਅੱਚਰਵਾਲ ਦੇ ਇੱਕ ਵਿਅਕਤੀਆ ਨੇ ਆਪਣੇ ਘਰ ਵਿਚ ਘਰ ਦੀ ਸਰਾਬ ਤਿਆਰ ਕਰਨ ਲਈ ਲਾਹਣ ਪਾਇਆ ਹੋਇਆ ਹੈ ਅਤੇ ਨਜਾਇਕ ਸਰਾਬ ਵੇਚਦਾ ਹੈ।ਜਿਸ ਦੇ ਅਧਾਰ ਤੇ ਜਦੋ ਹਠੂਰ ਪੁਲਿਸ ਨੇ ਵਿਅਕਤੀ ਦੇ ਘਰ ਦੀ ਤਲਾਸੀ ਲਈ ਤਾਂ 90 ਲੀਟਰ ਲਾਹਣ ਅਤੇ ਸੱਤ ਬੋਤਲਾ ਨਜਾਇਜ ਸਰਾਬ ਬਰਾਮਦ ਕੀਤੀ ਗਈ।ਉਨ੍ਹਾ ਦੱਸਿਆ ਕਿ ਘਰ ਦੀ ਨਜਾਇਜ ਸਰਾਬ ਬਣਾਉਣ ਵਾਲੇ ਦਲਜੀਤ ਸਿੰਘ ਉਰਫ ਜੀਤੀ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਅੱਚਰਵਾਲ ਦੇ ਖਿਲਾਫ ਮੁਕੱਦਮਾ ਨੰਬਰ 82 ਧਾਰਾ 61-01-14 ਦਰਜ ਕਰ ਲਿਆ ਹੈ ਅਤੇ ਬਾਕੀ ਤਫਤੀਸ ਜਾਰੀ ਹੈ।

ਰਸੂਲਪੁਰ (ਮੱਲ੍ਹਾ)ਦੀ ਦਾਣਾ ਮੰਡੀ ਵਿਚ ਬਾਹਰਲੇ ਸੂਬੇ ਦਾ ਝੋਨਾ ਪਹੁੱਚਣ ਦਾ ਮਾਮਲਾ ਸਾਹਮਣੇ ਆਇਆ

ਜਗਰਾਓਂ/ਲੁਧਿਆਣਾ, ਅਕਤੂਬਰ 2020 -( ਕੌਸ਼ਲ ਮੱਲ੍ਹਾ)- ਪਿੰਡ ਰਸੂਲਪੁਰ (ਮੱਲ੍ਹਾ)ਦੀ ਦਾਣਾ ਮੰਡੀ ਵਿਚ ਬਾਹਰਲੇ ਸੂਬੇ ਦਾ ਝੋਨਾ ਪਹੁੱਚਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਰਸੂਲਪੁਰ ਅਤੇ ਇਕਾਈ ਪ੍ਰਧਾਨ ਹਰਦੇਵ ਸਿੰਘ ਮੋਰ ਨੇ ਦੱਸਿਆ ਕਿ ਪਿੰਡ ਰਸੂਲਪੁਰ ਦੀ ਦਾਣਾ ਮੰਡੀ ਵਿਚ ਝੋਨੇ ਦੀ ਖਰਦੀ ਸੁਰੂ ਨਹੀ ਹੋਈ ਅਤੇ ਨਾ ਹੀ ਬਾਰਦਾਨਾ ਮੰਡੀ ਵਿਚ ਆਇਆ ਹੈ ਪਰ ਬੀਤੀ ਰਾਤ ਦੇਹੜਕਾ ਟਰੇਡਿੰਗ ਖਰੀਦ ਏਜੰਸੀ ਦੀ ਦੁਕਾਨ ਤੇ ਕਿਸੇ ਬਾਹਰਲੇ ਸੂਬੇ ਵਿਚੋ ਝੋਨੇ ਦੀਆਂ ਬੋਰੀਆਂ ਦਾ ਭਰਿਆ ਵੱਡਾ ਟਰਾਲਾ (ਘੌੜਾ) ਬਿਨਾ ਪਾਸ ਲਏ ਹੀ ਮੰਡੀ ਵਿਚ ਉਤਾਰ ਦਿੱਤਾ ਗਿਆ ਜਿਸ ਦਾ ਸਵੇਰੇ ਜਦੋ ਕਿਸਾਨਾ ਅਤੇ ਯੂਨੀਅਨ ਦੇ ਆਗੂਆਂ ਨੂੰ ਪਤਾ ਲੱਗਾ ਤਾਂ ਖਰੀਦ ਏਜੰਸੀ ਦੇ ਮੁਨੀਮ ਤੋ ਜਾਣਕਾਰੀ ਮੰਗੀ ਤਾਂ ਮੁਨੀਮ ਨੇ ਕੋਈ ਤਸੱਲੀ ਬਖਸ ਜਵਾਬ ਨਹੀ ਦਿੱਤਾ ਪਰ ਮੌਕੇ ਤੇ ਮੌਜੂਦ ਲੇਬਰ ਨੇ ਦੱਸਿਆ ਕਿ ਅਸੀ ਬੀਤੀ ਰਾਤ ਵੱਡੇ ਟਰਾਲੇ (ਘੌੜਾ) ਵਿਚੋ ਝੋਨੇ ਦੀਆ ਬੋਰੀਆਂ ਉਤਾਰੀਆ ਹਨ,ਰਾਤ ਦੇ ਹਨੇਰੇ ਵਿਚ ਹੀ ਬੋਰੀਆਂ ਖਾਲੀ ਕੀਤੀਆ ਹਨ ਜੋ ਟਰੱਕ ਵਾਲਾ ਖਾਲੀ ਬੋਰੀਆ ਆਪਣੇ ਨਾਲ ਹੀ ਲੈ ਗਿਆ ਹੈ ਪਰ ਬੋਰੀਆ ਦੇ ਧਾਗੇ ਅਤੇ ਸਾਫ ਕੀਤੇ ਝੋਨਾ ਦੀਆ ਅੱਠ ਵੱਡੀਆ ਢੇਰੀਆ ਮੰਡੀਆ ਵਿਚ ਹੀ ਪਾਈਆ ਹਨ।ਉਨ੍ਹਾ ਦੱਸਿਆ ਕਿ ਖਰੀਦ ਏਜੰਸੀ ਵੱਲੋ ਇਹ ਝੋਨਾ ਬਾਹਰਲੇ ਸੂਬੇ ਵਿਚੋ ਸਸਤੇ ਰੇਟ ਤੇ ਲਿਆ ਕੇ ਇਥੇ ਸਰਕਾਰੀ ਰੇਟ ਤੇ ਵੇਚਿਆ ਜਾ ਰਿਹਾ ਹੈ ਜਿਸ ਦਾ ਅਸੀ ਸਖਤ ਵਿਰੋਧ ਕਰਦੇ ਹਾਂ ਅਤੇ ਪ੍ਰਸਾਸਨ ਨੂੰ ਬੇਨਤੀ ਕਰਦੇ ਹਾਂ ਕਿ ਖਰੀਦ ਏਜੰਸੀ ਖਿਲਾਫ ਅਤੇ ਟਰੱਕ ਵਾਲੇ ਵਿਅਕਤੀ ਖਿਲਾਫ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀ ਤਾਂ ਕਿਰਤੀ ਕਿਸਾਨ ਯੂਨੀਅਨ ਵੱਲੋ ਮਜਬੂਰ ਹੋ ਕੇ ਪ੍ਰਸਾਸਨ ਖਿਲਾਫ ਰੋਸ ਧਰਨਾ ਦਿੱਤਾ ਜਾਵੇਗਾ।ਇਸ ਮੌਕੇ ਉਨ੍ਹਾ ਕੇਂਦਰ ਸਰਕਾਰ,ਪੰਜਾਬ ਸਰਕਾਰ ਅਤੇ ਆੜ੍ਹਤੀਆ ਯੂਨੀਅਨ ‘ਮੁਰਦਾਬਾਦ’ ਅਤੇ ਕਿਸਾਨ-ਮਜਦੂਰ ਏਕਤਾ ਜਿੰਦਾਬਾਦ ਦੇ ਨਾਅਰੇਬਾਜੀ ਕੀਤੀ।ਇਸ ਮੌਕੇ ਉਨ੍ਹਾ ਨਾਲ ਦਲੀਪ ਸਿੰਘ,ਗੁਰਚਰਨ ਸਿੰਘ,ਅਜੈਬ ਸਿੰਘ,ਅਮਰਜੀਤ ਸਿੰਘ,ਗੁਰਮੇਲ ਸਿੰਘ,ਗੁਰਪ੍ਰੀਤ ਸਿੰਘ,ਗੋਪੀ ਸਿੰਘ,ਹਰਦੇਵ ਸਿੰਘ,ਸੀਰਾ ਸਿੰਘ,ਪੰਚ ਰਾਮ ਸਿੰਘ,ਸੋਹਣ ਸਿੰਘ,ਮੋਹਣ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।ਇਸ ਮਾਮਲੇ ਸਬੰਧੀ ਮਾਰਕੀਟ ਕਮੇਟੀ ਜਗਰਾਓ ਦੇ ਸੈਕਟਰੀ ਜਸਨਦੀਪ ਸਿੰਘ ਨੇ ਦੱਸਿਆ ਕਿ ਅਸੀ ਦੇਹੜਕਾ ਟਰੇਡਿੰਗ ਖਰੀਦ ਏਜੰਸੀ ਨੂੰ ਦੋ ਦਿਨਾ ਵਿਚ ਸਪੱਸਟੀਕਰਨ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਜੋ ਵੀ ਦੋਸੀ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਰਕਾਰ ਦੇ ਝਾਂਸੇ 'ਚ ਆਉਣ ਵਾਲੇ ਨਹੀਂ ਕਿਸਾਨ - ਮਾਸਟਰ ਕਮਾਲਪੁਰਾ

 ਰਾਏਕੋਟ/ਲੁਧਿਆਣਾ, ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)-

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਬਲਾਕ ਰਾਏਕੋਟ ਵੱਲੋਂ 30 ਕਿਸਾਨ ਜੱਥੇਬੰਦੀਆਂ ਦੇ ਸੱਦੇ 'ਤੇ ਐਸਰ ਪੈਟਰੋਲ ਪੰਪ ਅਤੇ ਈਜੀਡੇ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਇਸ ਮੌਕੇ ਬਲਾਕ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨਾਲ ਮੀਟਿੰਗਾਂ ਕਰਨ ਦਾ ਬੁਲਾਵਾ ਦੇ ਕੇ ਬੇਵਕੂਫ ਬਣਾ ਰਿਹਾ ਹੈ ਉਨ੍ਹਾਂ ਕਿਹਾ ਕਿ ਕਿਸਾਨ ਮੋਦੀ ਸਰਕਾਰ ਦੀਆਂ ਇੰਨ੍ਹਾਂ ਘਟੀਆ ਚਾਲਾਂ ਵਿੱਚ ਨਹੀਂ ਆਉਣਗੇ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਜਿੱਥੇ ਵੀ ਅਡਾਨੀ-ਅੰਬਾਨੀ ਦੇ ਕਾਰੋਬਾਰ ਚੱਲ ਰਹੇ ਹਨ, ਉਨ੍ਹਾਂ ਸਭ ਦਾ ਿਘਰਾਓ ਕਰਕੇ ਬੰਦ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਇਹ ਤਿੰਨੋ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ, ਉਸ ਸਮੇਂ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪ੍ਰਧਾਨ ਸਰਬਜੀਤ ਸਿੰਘ, ਹਰਦੇਵ ਸਿੰਘ, ਅਮਰ ਸਿੰਘ, ਹਰਦੇਵ ਸਿੰਘ, ਮਨਦੀਪ ਸਿੰਘ, ਸ਼ਿੰਗਾਰਾ ਸਿੰਘ, ਦਰਸ਼ਨ ਸਿੰਘ, ਹਰਚੇਤ ਸਿੰਘ, ਕੁਲਦੀਪ ਸਿੰਘ, ਬਿੰਦਰ ਸਿੰਘ, ਅਵਤਾਰ ਸਿੰਘ, ਜੁਗਿੰਦਰ ਸਿੰਘ, ਸਾਧੂ ਸਿੰਘ, ਗੁਰਤੇਜ ਸਿੰਘ, ਜਸਵਿੰਦਰ ਸਿੰਘ, ਸੰਦੀਪ ਸਿੰਘ, ਬਲਜਿੰਦਰ ਸਿੰਘ, ਬਲਦੀਪ ਸਿੰਘ, ਮਨੀ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ।