ਲੁਧਿਆਣਾ

ਸਰਬ-ਸਾਂਝੀ ਵੈਲਫੇਅਰ ਸੋਸਾਇਟੀ ਦੀ ਮਹੀਨਾਵਾਰ ਮੀਟਿੰਗ ਵਿੱਚ ਕਈ ਗੁਰਮਤਿ ਸਮਾਗਮਾਂ ਬਾਰੇ ਵਿਚਾਰ ਕੀਤੀ ਗਈ

ਲੁਧਿਆਣਾ (ਕਰਨੈਲ ਸਿੰਘ ਐੱਮ ਏ) ਗੁਰਦੁਆਰਾ  ਸ੍ਰੀ ਗੁਰੂ ਸਿੰਘ ਸਭਾ, ਫੋਕਲ ਪੁਆਇੰਟ, ਜਮਾਲਪੁਰ ਅਰਬਨ ਅਸਟੇਟ, ਫੇਸ 2 ਵਿਖੇ ਸਿੱਖ ਸੇਵਾ ਮਿਸ਼ਨ ਅਤੇ ਸਰਬ-ਸਾਂਝੀ ਵੈਲਫੇਅਰ ਸੋਸਾਇਟੀ ਦੀ ਮਹੀਨਾਵਾਰ ਹੋਣ ਵਾਲੀ ਮੀਟਿੰਗ ਬੀਤੇ ਦਿਨੀਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਦੇ ਮੀਟਿੰਗ ਹਾਲ ਵਿੱਚ ਹੋਈ । ਪਿਛਲੇ ਦਿਨੀਂ ਸੋਸਾਇਟੀ ਦੇ ਮੈਬਰ ਸ੍ਰ: ਹਰਚਰਨ ਸਿੰਘ ਸਲੂਜਾ ਦੇ ਅਕਾਲ ਚਲਾਣਾ ਕਰ ਜਾਣ ਤੇ ਸ਼ੋਕ ਮਤਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ । ਸਿੱਖ ਮਿਸ਼ਨਰੀ ਕਾਲਜ ਸਰਕਲ ਜਮਾਲਪੁਰ, ਸਿੱਖ ਸੇਵਾ ਮਿਸ਼ਨ ਅਤੇ ਸਰਬ-ਸਾਂਝੀ ਵੈਲਫੇਅਰ ਸੇਵਾ ਸੋਸਾਇਟੀਆ ਵੱਲੋਂ ਖ਼ਾਲਸਾ ਸਾਜਨਾ ਦਿਵਸ ਵੈਸਾਖੀ ਨੂੰ ਸਮਰਪਿਤ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਖੰਡੇ ਕੀ ਪਾਹੁਲ ਮਿਤੀ 27 ਚੇਤ ਤੋਂ 1ਵੈਸਾਖ ਤੱਕ (9 ਅਪ੍ਰੈਲ ਤੋਂ 14 ਅਪ੍ਰੈਲ ) ਅੰਮ੍ਰਿਤ ਸੰਚਾਰ ਮਿਤੀ 14 ਅਪ੍ਰੈਲ ਦਿਨ ਐਤਵਾਰ ਸ਼ਾਮ 4 ਵਜੇ ਗੁਰਦਆਰਾ ਸਿੱਖ ਮਿਸ਼ਨਰੀ ਕਾਲਜ, ਸੈਕਟਰ 39 ਵਿਖੇ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ । ਸਮਾਗਮ ਦਾ ਵੇਰਵਾ ਇਸ ਪ੍ਰਕਾਰ ਹੈ, 9 ਅਪ੍ਰੈਲ ਸ਼ਾਮ 7 ਵਜੇ ਤੋਂ ਰਾਤ 9:15 ਤੱਕ ਗੁਰਦਆਰਾ ਸ੍ਰੀ ਗੁਰੂ ਨਾਨਕ ਸਤਿਸੰਗ ਸਭਾ ਵਿਸ਼ਕਰਮਾ ਕਲੋਨੀ ਜਮਾਲਪੁਰ, 10 ਅਪ੍ਰੈਲ ਸ਼ਾਮ 7 ਵਜੇ ਤੋਂ ਰਾਤ 9:15 ਗੁਰਦੁਆਰਾ ਨਿਊ ਮੋਤੀ ਨਗਰ, 11 ਅਪ੍ਰੈਲ ਸ਼ਾਮ 7 ਵਜੇ ਤੋਂ ਰਾਤ 9:15 ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ, 12 ਅਪ੍ਰੈਲ ਸ਼ਾਮ 7 ਵਜੇ ਤੋਂ 9:15 ਵਜੇ ਤੱਕ ਗੁਰਦਆਰਾ 9ਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਐਮ.ਆਈ.ਜੀ. ਕਲੋਨੀ, 13 ਅਪ੍ਰੈਲ ਸ਼ਾਮ 7 ਵਜੇ ਤੋਂ 9:15 ਤੱਕ ਗੁਰਦੁਆਰਾ ਸਿੱਖ ਮਿਸ਼ਨਰੀ ਕਾਲਜ ਸੈਕਟਰ- 39, 14 ਅਪ੍ਰੈਲ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਚ ਐਲ ਕਲੋਨੀ ਗੁਰਮਤਿ ਵਿਚਾਰਾਂ ਗਿਆਨੀ ਫਤਿਹ ਸਿੰਘ 9 ਅਪ੍ਰੈਲ ਤੋਂ 13 ਅਪ੍ਰੈਲ ਸ਼ਾਮ 8:15 ਤੋ 9:15, ਪਰਵਿੰਦਰ ਸਿੰਘ ਸ਼ਾਹਜਹਾਨਪੁਰ 14 ਅਪ੍ਰੈਲ ਰਾਤ 9 ਵਜੇ ਤੋਂ 9:45 ਤੱਕ ਕਰਨਗੇ । ਚੇਅਰਮੈਨ ਡਾਕਟਰ ਅੰਮ੍ਰਿਤਪਾਲ ਸਿੰਘ ਨੇ ਸਾਰੇ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਹਾਜਰੀਆਂ ਭਰਨ ਲਈ ਅਪੀਲ ਕੀਤੀ। ਮੀਟਿੰਗ ਵਿੱਚ ਪ੍ਧਾਨ ਹਰਬੰਸ ਸਿੰਘ, ਸੈਕਟਰੀ ਗੁਰਦੇਵ ਸਿੰਘ ਵਿਰਦੀ, ਕੈਸ਼ੀਅਰ ਵਰਿੰਦਰ ਸਿੰਘ ਤੇਜਿੰਦਰ ਸਿੰਘ, ਐਸ ਐਸ ਗੰਭੀਰ, ਫਤਿਹ ਸਿੰਘ ,ਹਰਬੰਸ ਸਿੰਘ ਸਲੂਜਾ, ਰਣਜੀਤ ਸਿੰਘ ਸੈਨੀ, ਸੁਰਜੀਤ ਸਿੰਘ, ਬਾਵਾ ਸਿੰਘ ,ਕੁਲਵੰਤ ਸਿੰਘ ਹਾਜ਼ਰ ਸਨ।

ਭਗਵੰਤ ਮਾਨ ਦੇ ਮੋਗੇ ਆਉਣ ਤੋਂ ਪਹਿਲਾਂ ਮਜ਼ਦੂਰ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ।

ਮੁੱਲਾਂਪੁਰ ਦਾਖਾ 7 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸਭ ਨੂੰ ਆਸ ਸੀ ਕਿ ਝਾੜੂ ਵਾਲਿਆਂ ਦੀ ਸਰਕਾਰ ਬਣਨ ਨਾਲ ਆਮ ਆਦਮੀ ਦੀ ਪਹੁੰਚ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਮੁੱਖੀ, ਮੁੱਖ ਮੰਤਰੀ ਤੱਕ ਸੌਖੀ ਹੋ ਜਾਵੇਗੀ, ਹਰ ਇੱਕ ਨੂੰ ਵਧੀਆ ਪ੍ਰਸ਼ਾਸਨ ਮਿਲੇਗਾ ਅਤੇ ਸੁਣਵਾਈ ਹੋਵੇਗੀ, ਪਰ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸਾਹਿਬ ਨੇ ਹਕੂਮਤੀ ਕੁਰਸੀ ਤੇ ਬੈਠਣ ਸਾਰ ਪੰਜਾਬ ਦੇ ਆਮ ਆਦਮੀਆਂ ਵੱਲ ਪਿੱਠ ਕਰਕੇ ਮੂੰਹ ਖਾਸਮਖਾਸ ਆਦਮੀਆਂ ਵੱਲ ਕਰ ਲਿਆ ਹੈ, ਉਹ ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਆਗੂਆਂ ਨੂੰ ਲਗਾਤਾਰ ਅੱਠ ਵਾਰ ਮੀਟਿੰਗ ਕਰਨ ਦਾ ਲਿਖਤੀ ਸਮਾਂ ਦੇ ਕੇ ਚੰਡੀਗੜ੍ਹ ਬੁਲਾ ਚੁੱਕੇ ਹਨ ਪਰ ਮੁੱਖ ਮੰਤਰੀ ਸਾਹਿਬ ਆਪ ਮੀਟਿੰਗ ਕਰਨ ਤੋਂ ਪਹਿਲਾਂ ਹੀ ਚੰਡੀਗੜ੍ਹ ਤੋਂ ਬਾਹਰ ਚਲੇ ਜਾਂਦੇ ਹਨ, ਆਏ ਦਿਨ ਉਹ ਹਰ ਰੋਜ਼ ਕਿਸੇ ਨਾ ਕਿਸੇ ਵਫ਼ਦ ਨਾਲ ਮੀਟਿੰਗਾਂ ਕਰਦੇ ਰਹਿੰਦੇ ਹਨ ਪਰ ਸਭ ਤੋਂ ਦੱਬੇ ਕੁੱਚਲੇ ਦਲਿਤ ਮਜ਼ਦੂਰ ਵਰਗ ਨਾਲ ਉਨ੍ਹਾਂ ਦਾ ਮਨ ਮੀਟਿੰਗ ਕਰਨ ਲਈ ਤਿਆਰ ਨਹੀਂ। ਇਸ ਗੱਲ ਦਾ ਪ੍ਰਗਟਾਵਾ ਪੇਂਡੂ ਮਜ਼ਦੂਰ ਯੂਨੀਅਨ ਦੀ ਹੋਈ ਜਗਰਾਉਂ ਮੀਟਿੰਗ ਵਿੱਚ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਹੇ। ਮੀਟਿੰਗ ਦੇ ਦੌਰਾਨ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਦੱਸਿਆ ਕਿ ਬੀਤੇ ਕੱਲ੍ਹ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਮੋਗਾ ਵਿਖੇ ਆਉਣਾ ਸੀ ਪਰ ਸ੍ਰੀ ਮਾਨ ਮੁੱਖ ਮੰਤਰੀ ਦੇ ਆਦੇਸ਼ਾਂ ਤਹਿਤ ਪੰਜਾਬ ਪੁਲਿਸ ਸੀ ਆਈ ਏ ਸਟਾਫ ਮੋਗਾ ਵੱੱਲੋਂ  ਪੇਂਡੂ ਮਜ਼ਦੂਰ ਯੂਨੀਅਨ ਦੇ ਮਜ਼ਦੂਰ ਆਗੂਆਂ ਮਨਜੀਤ ਸਿੰਘ ਬੁੱਘੀਪੁਰਾ ਅਤੇ ਸਮਾਲਸਰ ਪੁਲਿਸ ਵੱਲੋਂ ਹਰਬੰਸ ਸਿੰਘ ਰੋਡੇ ਨੂੰ ਕੱਲ੍ਹ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਆਗੂਆਂ ਦੇ ਘਰਾਂ ਵਿੱਚ ਮੋਗਾ ਜ਼ਿਲ੍ਹੇ ਦੀ ਪੁਲਿਸ ਨੇ ਛਾਪੇਮਾਰੀ ਕੀਤੀ। ਗ੍ਰਿਫਤਾਰ ਮਜ਼ਦੂਰ ਆਗੂਆਂ ਨੂੰ ਰਿਹਾਅ ਕਰਾਉਣ ਲਈ ਵੱਖ ਵੱਖ ਜਥੇਬੰਦੀਆਂ ਨੂੰ ਸਮਾਲਸਰ ਥਾਣੇ ਅੱਗੇ ਧਰਨਾ ਦੇਣਾ ਪਿਆ। ਮੀਟਿੰਗ ਵਿੱਚ ਪੇਸ਼ ਮਤੇ ਰਾਹੀਂ ਭਗਵੰਤ ਮਾਨ ਹਕੂਮਤ ਵੱਲੋਂ ਦਲਿਤਾਂ ਪੇਂਡੂ ਤੇ ਖੇਤ ਮਜ਼ਦੂਰਾਂ ਨਾਲ ਕੀਤੀ ਜਾ ਰਹੀ ਵਿਤਕਰੇਬਾਜੀ ਤਹਿਤ ਮਜ਼ਦੂਰ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਨਿੰਦਾ ਕੀਤੀ ਗਈ। ਇਸ ਮੀਟਿੰਗ ਵਿੱਚ ਕੁਲਵੰਤ ਸਿੰਘ ਸੋਨੀ, ਬਖਤੌਰ ਸਿੰਘ, ਬਲਦੇਵ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।

ਮੋਹੀ ਵਿਖੇ ਗੁਰਬਾਣੀ ਦੇ ਉਲਟ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾਉਣ ਵਾਲੇ ਡੇਰੇ ਦੇ ਖਿਲਾਫ ਸਾਰਾ ਪਿੰਡ ਹੋਇਆ ਇਕੱਠਾ

ਮੁੱਲਾਂਪੁਰ ਦਾਖਾ 7 ਅਪ੍ਰੈਲ (ਸਤਵਿੰਦਰ  ਸਿੰਘ ਗਿੱਲ) ਗੁਰੂ ਗੋਬਿੰਦ ਸਿੰਘ ਮਾਰਗ ਤੇ ਸਥਿਤ ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਛੱਲਾ ਸਾਹਿਬ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਵਿਖੇ। ਪਿੰਡ ਵਾਸੀਆਂ ਵੱਲੋਂ ਜਾਂਗਪੁਰ ਰੋਡ ਤੇ ਨਵੇਂ ਬਣੇ ਡੇਰੇ ਦਾ ਡਟ ਕੇ ਵਿਰੋਧ ਕੀਤਾ ਕਿ ਉਹ ਗੁਰਬਾਣੀ ਦੇ ਉਲਟ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਫਰੀਡਮ ਫਾਈਟਰਜ਼ ਐਂਡ ਸਕਸੈਸਰਜ਼ ਔਰਗੇਨਾਈਜੇਸ਼ਨ ਜਿਲਾ ਲੁਧਿਆਣਾ ਦੇ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਮੋਹੀ, ਸਾਬਕਾ ਸਰਪੰਚ ਕੁਲਦੀਪ ਸਿੰਘ ਮੋਹੀ, ਨੌਜਵਾਨ ਆਗੂ ਸੁਖਰਾਜ ਸਿੰਘ ਰਾਜੂ ਮੋਹੀ ਨੇ ਆਖਿਆ ਕਿ ਮੋਹੀ ਤੋਂ ਜਾਂਗਪੁਰ ਨੂੰ ਜਾਣ ਵਾਲੇ ਸੜਕ ਉੱਪਰ ਇੱਕ ਡੇਰਾ ਬਣ ਰਿਹਾ ਹੈ ਜਿੱਥੇ ਉੱਚੀ ਆਵਾਜ਼ ਵਿੱਚ ਡੀ ਜੇ ਲਾ ਕੇ ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚ ਪਾ ਕੇ ਡਰਾਮੇਬਾਜੀ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਡੇਰੇ ਵਿੱਚ ਕੁਝ ਲੋਕ ਗੁਰੂ ਘਰਾਂ ਵਿੱਚ ਜਾਣ ਵਾਲੀ ਸੰਗਤ ਨੂੰ ਰੋਕ ਅਤੇ ਗੁਰੂ ਘਰ ਤੋਂ ਪ੍ਰਸਾਦ ਲੈਣ ਤੇ ਵੀ ਮਨਾਹੀ ਕਰ ਰਹੇ ਹਨ। ਉਹਨਾਂ ਨੇ ਅੱਗੇ ਆਖਿਆ ਕਿ ਕਿ ਦੁਨੀਆ ਗਵਾਹ ਹੈ ਕਿ ਸਿੱਖ ਕੌਮ ਕਦੇ ਵੀ ਕਿਸੇ ਧਰਮ ਵਿਰੋਧ ਨਹੀਂ ਕਰਦਾ। ਜਦਕਿ ਮੋਹੀ ਪਿੰਡ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਬੜੇ ਹੀ ਪ੍ਰੇਮ ਪਿਆਰ ਨਾਲ ਆਪਸ ਵਿੱਚ ਮਿਲ ਕੇ ਰਹਿੰਦੇ ਹਨ ਕਦੇ ਵੀ ਇਦਾਂ ਦਾ ਮਾਹੌਲ ਪੈਦਾ ਨਹੀਂ ਹੋਇਆ। ਆਖਰ ਇਹ ਲੋਕ ਜੋ ਡੇਰਾ ਬਣਾ ਕੇ ਪਿੰਡ ਵਿੱਚ ਜਾਤਾਂ ਪਾਤਾਂ ਅਤੇ ਧਰਮਾਂ ਦੇ ਨਾਮ ਤੇ ਵੰਡੀਆਂ ਪਾ ਰਹੇ ਹਨ ਇਹਨਾਂ ਦੀ ਅਸਲ ਮਨਸਾ ਕੀ ਹੈ, ਇਹ ਤਾਂ ਖੁਦ ਹੀ ਜਾਣਦੇ ਹਨ ਪਰ ਅਸੀਂ ਕਦੇ ਵੀ ਇਹ ਗੱਲ ਬਰਦਾਤ ਨਹੀਂ ਕਰਾਂਗੇ। ਜਦਕਿ ਇਹ ਲੋਕ ਆਪਣੇ ਆਪ ਨੂੰ ਇਸਾਈ ਧਰਮ ਨਾਲ ਜੋੜ ਰਹੇ ਹਨ । ਪਰ ਕੁਝ ਮਹੀਨੇ ਪਹਿਲਾਂ ਇਸਾਈ ਧਰਮ ਦੇ ਸਤਿਕਾਰਯੋਗ ਆਗੂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਉਹਨਾਂ ਨੇ ਆਖਿਆ ਸੀ ਕਿ ਜੋ ਲੋਕ ਈਸਾਈ ਧਰਮ ਦੇ ਨਾਂ ਤੇ ਡਰਾਮੇਬਾਜ਼ੀਆਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ।ਅਸੀਂ ਇਹਨਾਂ ਦਾ ਬਾਈਕਾਟ ਕਰਦੇ ਹਾਂ। ਆਗੂਆਂ ਨੇ ਆਖਿਰ ਵਿੱਚ ਆਖਿਆ ਕਿ ਪੰਜਾਬ ਦੀ ਧਰਤੀ ਦੇ ਲੋਕ ਹਮੇਸ਼ਾ ਗੁਰੂਆਂ, ਪੀਰਾਂ, ਸ਼ਹੀਦਾਂ, ਰਹਿਬਰਾਂ ਦਾ ਸਤਿਕਾਰ ਕਰਦੇ ਹਨ ਅਤੇ ਉਹਨਾਂ ਤੋਂ ਸਿਵਾਏ ਕਿਸੇ ਵੀ ਵਹਿਮਾਂ ਭਰਮਾਂ ਚਪਾਉਣ ਵਾਲੇ ਇਦਾਂ ਦੇ ਘਟੀਆ ਸੋਚ ਰੱਖਣ ਵਾਲੇ ਲੋਕਾਂ ਨੂੰ ਸਵੀਕਾਰ ਨਹੀਂ ਕਰਦੀ। ਅਗਰ ਕੋਈ ਪਿੰਡ ਵਾਸੀ ਉਹਨਾਂ ਦੇ ਡੇਰੇ ਤੇ ਜਾਵੇਗਾ ਪੂਰਾ ਪਿੰਡ ਉਹਨਾਂ ਦਾ ਡੱਟ ਕੇ ਵਿਰੋਧ ਕਰੇਗਾ ਅਤੇ ਪਿੰਡ ਵਿੱਚੋਂ ਵੀ ਉਹਨਾਂ ਦਾ ਬਾਈਕਾਟ ਵੀ ਕਰਾਂਗੇ। ਇਸ ਮਸਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਗੁਰਦੁਆਰਾ ਛੱਲਾ ਸਾਹਿਬ ਮੋਹੀ ਵਿਖੇ ਪੂਰੇ ਪਿੰਡ ਦੀ ਇੱਕ ਮੀਟਿੰਗ ਬੁਲਾਈ।  ਮੁੱਲਾਪੁਰ ਦਾਖਾ ਦੇ ਨਾਇਬ ਤਸੀਲਦਾਰ ਮਨਦੀਪ ਸਿੰਘ, ਡੀ ਐਸ ਪੀ ਤਜਿੰਦਰਪਾਲ ਸਿੰਘ ਮੁੱਲਾਪੁਰ/ਦਾਖਾ, ਐਸ ਐਚ ਓ ਬਲਵਿੰਦਰ ਸਿੰਘ ਥਾਣਾ ਸੁਧਾਰ ਮੌਕੇ ਤੇ ਪਹੁੰਚੇ। ਪਿੰਡ ਵਾਸੀਆਂ ਵੱਲੋਂ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਮੁੱਲਾਪੁਰ ਦਾਖਾ ਨੂੰ ਲਿਖਤੀ ਦਰਖਾਸਤ ਵੀ ਮੌਕੇ ਤੇ ਹੀ ਦਿੱਤੀ। ਆਗੂਆਂ ਵੱਲੋਂ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਇਸ ਪਾਸੇ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ। ਅਸੀਂ ਡੇਰੇ ਦੇ ਗੇਟ ਦੇ ਸਾਹਮਣੇ ਕਾਲੇ ਝੰਡਿਆਂ ਨਾਲ ਵਿਰੋਧ ਕਰਾਂਗੇ ਅਤੇ ਨਿਹੰਗ ਜਥੇਬੰਦੀਆਂ ਨੂੰ ਨਾਲ ਲੈ ਕੇ ਪੱਕਾ ਮੋਰਚਾ ਵੀ ਉਹਨਾਂ ਦੇ ਡੇਰੇ ਦੇ ਸਾਹਮਣੇ ਲਾਵਾਂਗੇ। ਇਸ ਸਮੇਂ ਨੰਬਰਦਾਰ ਜਗਰੂਪ ਸਿੰਘ ਮੋਹੀ,ਕਮਿਕੱਰ ਸਿੰਘ ਧੰਨਾ, ਗੁਰਪ੍ਰੀਤ ਸਿੰਘ ਰੂਬੀ, ਬੁੱਧ ਸਿੰਘ , ਰਾਜੂ ਖਾਲਸਾ , ਗਗਨਦੀਪ ਸਿੰਘ, ਅਰਜਨ ਸਿੰਘ ਸਾਬਕਾ ਪੰਚ, ਨਛੱਤਰ ਸਿੰਘ,ਪਰਮਜੀਤ ਸਿੰਘ ਪੰਮਾ , ਗੁਰਮਿੰਦਰ ਸਿੰਘ ਬਿੰਦਰੀ, ਬਲਵਿੰਦਰ ਸਿੰਘ ਮੋਹੀ, ਪ੍ਰਭਦੀਪ ਸਿੰਘ ਮਾਂਗਟ, ਰਾਜਵਿੰਦਰ ਸਿੰਘ, ਹਰਪ੍ਰੀਤ ਸਿੰਘ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਸੋਹਣ ਸਿੰਘ, ਅਰਜਨ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਅਮਰਜੋਤ ਸਿੰਘ, ਹਰਮਿੰਦਰ ਸਿੰਘ, ਗਗਨਵੀਰ ਸਿੰਘ, ਸੁੱਖਦਰਸ਼ਨ ਸਿੰਘ, ਅਰਸਦੀਪ ਸਿੰਘ, ਕੁਲਵਿੰਦਰ ਸਿੰਘ, ਜਗਜੀਵਨ ਸਿੰਘ, ਸੁਖਵੰਤ ਸਿੰਘ, ਕੁਲਵੰਤ ਸਿੰਘ, ਰਛਪਾਲ ਸਿੰਘ,ਆਦਿ ਵੱਡੀ ਗਿਣਤੀ ਵਿੱਚ  ਲੋਕ ਹਾਜ਼ਰ ਸਨ।

ਦਿੱਲੀ ਮੋਰਚਾ -2 ਦੇ ਸਾਂਝੇ ਫੋਰਮ ਦੇ ਸੱਦੇ 'ਤੇ ਵਿਸ਼ਾਲ ਤੇ ਰੋਹ ਭਰਪੂਰ ਕਿਸਾਨ- ਮਜ਼ਦੂਰ ਰੈਲੀ ਤੇ ਮਾਰਚ ਉਪਰੰਤ ਡੀ.ਸੀ. ਦਫਤਰ ਲੁਧਿਆਣਾ ਵਿਖੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ 

ਲੁਧਿਆਣਾ 7 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)ਦਿੱਲੀ ਮੋਰਚਾ -2 ਦੀਆਂ 200 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਫੋਰਮ ਦੇ ਸੰਗਰਾਮੀ ਸੱਦੇ ਅਨੁਸਾਰ ਇਸ ਦੀਆਂ ਅੰਗ ਜੱਥੇਬੰਦੀਆਂ ਦਸਮੇਸ਼ ਕਿਸਾਨ -ਮਜ਼ਦੂਰ ਯੂਨੀਅਨ (ਰਜਿ:), ਭਾਰਤੀ ਕਿਸਾਨ ਮਜ਼ਦੂਰ ਯੂਨੀਅਨ,ਵੱਲੋਂ ਅੱਜ ਭਾਈ ਬਾਲਾ ਚੌਂਕ ਨੇੜੇ ਲੁਧਿਆਣਾ ਵਿਖੇ ਵਿਸ਼ਾਲ ਤੇ ਰੋਹ ਭਰਪੂਰ ਕਿਸਾਨ - ਮਜ਼ਦੂਰ ,ਨੌਜਵਾਨ ਪੁਤਲਾ ਫੂਕ ਜਨਤਕ ਰੈਲੀ ਰੱਖੀ ਗਈ ।
     ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜੱਥੇਬੰਦੀਆਂ ਦੇ ਨਾਮਵਰ ਆਗੂਆਂ ਗੁਰਦਿਆਲ ਸਿੰਘ ਤਲਵੰਡੀ, ਜਸਦੇਵ ਸਿੰਘ ਲਲਤੋਂ, ਗੁਰਦੇਵ ਸਿੰਘ,   ਦਿਲਬਾਗ ਸਿੰਘ ਪ੍ਰਧਾਨ  ,ਮਨਜੀਤ ਸਿੰਘ , ਗੁਰਚਰਨ ਸਿੰਘ,  ਰਣਜੀਤ ਸਿੰਘ, ਅਮਰਜੀਤ ਸਿੰਘ ਨੇ ਵਰਨਣ ਕੀਤਾ ਕਿ ਦਿੱਲੀ ਮੋਰਚਾ -2  ਦੇ ਖਨੌਰੀ ਬਾਰਡਰ ਦੇ ਸ਼ਹੀਦ ਸ਼ੁਭਕਰਨ ਸਿੰਘ ਬੱਲੋ ਦੇ ਕਤਲ ਦੇ ਮੁੱਖ ਦੋਸ਼ੀ ਹਰਿਆਣਾ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ, ਸਬੰਧਤ ਡੀ.ਜੀ.ਪੀ. ਤੇ ਸਾਬਕਾ ਮੁੱਖ ਮੰਤਰੀ ਦੇ ਨਾਮ ਐਫ.ਆਈ.ਆਰ. ਵਿੱਚ ਦਰਜ ਕਰਨ ,ਸਮੇਤ ਕੁੱਲ 12 ਅਹਿਮ ਮੰਗਾਂ ਦੀ ਪ੍ਰਾਪਤੀ ਯਕੀਨੀ ਬਣਾਉਣ ,ਮੋਰਚੇ ਲਈ ਦਿੱਲੀ ਤੱਕ ਦੀਆਂ ਕੁੱਲ ਸੜਕੀ ਰੋਕਾਂ ਖਤਮ ਕਰਵਾਉਣ ਵਾਸਤੇ ਅੱਜ ਦਾ ਦੇਸ਼ ਪੱਧਰੀ ਪੁਤਲਾ ਫੂਕ ਐਕਸ਼ਨ ਕੀਤਾ ਜਾ ਰਿਹਾ ਹੈ ।ਜੇਕਰ ਅਜੇ ਵੀ ਇਹ ਮੰਗਾਂ ਨਾਂ ਮੰਨੀਆਂ  ਗਈਆਂ ਤਾਂ 9 ਅਪ੍ਰੈਲ ਤੋਂ ਸ਼ੰਭੂ ਬਾਰਡਰ 'ਤੇ ਪੂਰੀ ਰੇਲ ਆਵਾਜਾਈ ਠੱਪ ਕਰ ਦਿੱਤੀ ਜਾਵੇਗੀ।          
      ਅੱਜ ਦੀ ਪੁਤਲਾ ਫੂਕ ਰੈਲੀ ਉਪਰੰਤ ਡੀਸੀ ਦਫਤਰ ਲੁਧਿਆਣਾ ਤੱਕ ਭਾਰੀ ਤੇ ਜੋਸ਼ ਭਰਪੂਰ ਪੈਦਲ ਮਾਰਚ ਕੀਤਾ ਗਿਆ ,ਜਿਸ ਉਪਰੰਤ ਫਿਰਕੂ, ਫਾਸ਼ੀ, ਜਾਲਮ ਕਿਸਾਨ -ਮਜ਼ਦੂਰ ਵਿਰੋਧੀ ਤੇ ਲੋਕ ਵਿਰੋਧੀ ਕੇਂਦਰੀ ਹਕੂਮਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਹੱਕੀ ਮੰਗਾਂ ਦੇ ਪੱਖ 'ਚ ਤੇ ਕੇਂਦਰ ਸਰਕਾਰ ਦੇ ਵਿਰੁੱਧ ਆਕਾਸ਼ ਗੁੰਜਾਊ ਨਾਹਰੇ ਤੇ ਜੈਕਾਰੇ ਬੁਲੰਦ ਕੀਤੇ ਗਏ ।
     ਅੱਜ ਦੇ ਐਕਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਸੋਨੀ ਸਵੱਦੀ ,ਬਲਜੀਤ ਸਿੰਘ ਸਵੱਦੀ, ਗੁਰਮੇਲ ਸਿੰਘ ਢੱਟ, ਗੁਰਮੇਲ ਸਿੰਘ ਕਲਾਰ, ਅਮਰੀਕ ਸਿੰਘ ਤਲਵੰਡੀ, ਗੁਰਬਖ਼ਸ਼  ਸਿੰਘ ਤਲਵੰਡੀ, ਅਵਤਾਰ ਸਿੰਘ ਬਿੱਲੂ ਉਚੇਚੇ ਤੌਰ ਤੇ ਸ਼ਾਮਿਲ ਹੋਏ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸੈਸ਼ਨ 2024-25 ਲਈ ਦਾਖਲਾ ਅਤੇ ਅਕਾਦਮਿਕ ਪ੍ਰੋਗਰਾਮਾਂ ਦਾ ਐਲਾਨ 

ਲੁਧਿਆਣਾ 7 ਅਪ੍ਰੈਲ (ਟੀ. ਕੇ.) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਕਾਰੀਆਂ ਨੇ ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਰਹਿਣ ਵਾਲੇ ਸੰਭਾਵੀ ਉਮੀਦਵਾਰਾਂ ਤੋਂ  ਵੱਖ-ਵੱਖ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਸੈਸ਼ਨ 2024-25 ਦੇ ਸਮੈਸਟਰ 1 ਵਿਚ ਦਾਖਲਾ ਲੈਣ ਲਈ

ਲਈ ਅਰਜ਼ੀਆਂ ਮੰਗੀਆਂ ਹਨ। 

ਪੀਏਯੂ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਓਹੀਓ ਸਟੇਟ ਯੂਨੀਵਰਸਿਟੀ ਅਮਰੀਕਾ ਦੇ ਨਕਸ਼ੇ ਕਦਮਾਂ 'ਤੇ ਸਥਾਪਿਤ ਕੀਤੀ ਗਈ ਸੀ। ਮੌਜੂਦਾ ਸਮੇਂ ਤਕ ਇਸ ਯੂਨੀਵਰਸਿਟੀ ਨੇ ਨਾ ਸਿਰਫ ਪੰਜਾਬ ਅਤੇ ਸਮੁੱਚੇ ਉਤਰੀ ਭਾਰਤ ਦੀ ਖੇਤੀ ਨੂੰ ਵਿਗਿਆਨਕ ਦਿਸ਼ਾ ਵਿਚ ਤੋਰਿਆ ਬਲਕਿ ਅਨੇਕ ਖੇਤੀ ਵਿਗਿਆਨੀ ਪੈਦਾ ਕੀਤੇ ਜਿਨ੍ਹਾਂ ਦੇਸ਼ ਵਿਦੇਸ਼ ਵਿੱਚ ਨਾਮਣਾ ਖੱਟਿਆ। ਅੱਜ ਤਕ ਇਹ ਯੂਨੀਵਰਸਿਟੀ ਅਧਿਆਪਨ, ਖੋਜ ਅਤੇ ਪਸਾਰ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਖੇਤੀਬਾੜੀ ਅਤੇ ਵਾਤਾਵਰਨ ਸੰਭਾਲ ਦੇ ਨਾਲ ਮਨੁੱਖੀ ਸਰੋਤਾਂ ਲਈ ਦਿੱਤੇ ਯੋਗਦਾਨ ਸਦਕਾ ਪੀਏਯੂ ਨੂੰ ਪੰਜਾਬ ਜਾਂ ਭਾਰਤ ਦੀਆਂ ਹੀ ਨਹੀਂ ਬਲਕਿ ਏਸ਼ੀਆ ਦੀਆਂ ਸਿਖਰਲੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਗਿਣਿਆ ਜਾਂਦਾ ਹੈ। ਪਿਛਲੇ ਸਾਲ ਦੀ ਰੈਂਕਿੰਗ ਵਿਚ ਇਸਨੂੰ ਦੇਸ਼ ਦੀ ਸ੍ਰੇਸ਼ਠ ਖੇਤੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਸੀ। ਛੇ ਹੋਰ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਪੀਏਯੂ ਦਾ ਹਿੱਸਾ ਰਹੀਆਂ ਤੇ ਬਾਅਦ ਵਿਚ ਅੱਡ ਸੰਸਥਾਵਾਂ ਬਣੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਨੂੰ ਨਵੀਆਂ ਲੀਹਾਂ ਤੇ ਤੋਰਨ ਲਈ ਪੀ ਏ ਯੂ ਲਗਾਤਾਰ ਯਤਨਸ਼ੀਲ ਰਹੀ ਹੈ। ਇਸ ਸੰਸਥਾ ਦਾ ਉਦੇਸ਼ ਹੈ ਕਿ ਨਾ ਸਿਰਫ ਨੌਜਵਾਨੀ ਨੂੰ ਮਿਆਰੀ ਸਿੱਖਿਆ ਦੇ ਕੇ ਰੁਜ਼ਗਾਰ ਯੋਗ ਬਣਾਇਆ ਜਾਵੇ ਬਲਕਿ ਏਥੋਂ ਸਿੱਖਿਆ ਹਾਸਿਲ ਕਰਨ ਵਾਲੇ ਨੌਜਵਾਨ ਖੇਤੀ ਖੇਤਰ ਵਿਚ ਭਰਪੂਰ ਯੋਗਦਾਨ ਦੇਣ।

 ਪੀ ਏ ਯੂ ਦੀਆਂ ਸਹੂਲਤਾਂ ਅਤੇ ਪ੍ਰਾਪਤੀਆਂ ਸਾਂਝੀਆਂ ਕਰਦੇ ਹੋਏ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ 1962 ਵਿੱਚ ਸਥਾਪਿਤ ਪੀਏਯੂ, ਖੇਤੀਬਾੜੀ ਅਧਿਆਪਨ, ਖੋਜ ਅਤੇ ਪਸਾਰ ਵਿੱਚ ਦੇਸ਼ ਦੀ ਸਿਖਰਲੀ ਯੂਨੀਵਰਸਿਟੀ ਹੈ। ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਦੀ 2023 ਦੀ ਰੈਂਕਿੰਗ ਅਨੁਸਾਰ ਦੇਸ਼ ਦੀਆਂ 63 ਰਾਜ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਅਤੇ ਖੇਤੀਬਾੜੀ ਸੰਸਥਾਵਾਂ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਯੂਨੀਵਰਸਿਟੀ ਨੇ ਆਪਣੀ ਪਰਮਾਣਿਕਤਾ ਨੂੰ ਸਿੱਧ ਕੀਤਾ ਹੈ।

 ਇਸ ਮੌਕੇ ਪੀ ਏ ਯੂ ਦੇ ਰਜਿਸਟਰਾਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮ ਲੁਧਿਆਣਾ ਵਿਖੇ ਇਸਦੇ ਪੰਜ ਕਾਂਸਟੀਚੂਐਂਟ ਕਾਲਜਾਂ ਰਾਹੀਂ ਚਲਾਏ ਜਾਂਦੇ ਹਨ। ਇਨ੍ਹਾਂ ਵਿਚ ਖੇਤੀਬਾੜੀ ਕਾਲਜ, ਬਾਗਬਾਨੀ ਕਾਲਜ, ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ, ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ, ਕਮਿਊਨਿਟੀ ਸਾਇੰਸ  ਕਾਲਜ ਅਤੇ ਇਕ ਹੋਰ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਹੈ। ਵਰਤਮਾਨ ਵਿੱਚ, ਯੂਨੀਵਰਸਿਟੀ ਵੱਖ-ਵੱਖ ਵਿਸ਼ਿਆਂ ਵਿੱਚ 89 ਅਧਿਆਪਨ ਪ੍ਰੋਗਰਾਮਾਂ ਜਾਰੀ ਹਨ। ਇਨ੍ਹਾਂ ਵਿਚ 30 ਡਾਕਟਰੇਟ (ਪੀ.ਐੱਚ.ਡੀ.), 46 ਪੋਸਟ ਗ੍ਰੈਜੂਏਟ (ਐੱਮ.ਐੱਸ.ਸੀ./ਐੱਮ.ਟੈਕ./ਐੱਮ.ਬੀ.ਏ./ਐੱਮ.ਬੀ.ਏ.-ਏ.ਬੀ.), 10 ਅੰਡਰਗ੍ਰੈਜੂਏਟ (ਬੀ.ਐੱਸ.ਸੀ. ਆਨਰਜ਼। ਬੀ ਟੈਕ), ਇੱਕ ਡਿਪਲੋਮਾ ਕੋਰਸ ਅਤੇ ਦੋ ਸਰਟੀਫਿਕੇਟ ਕੋਰਸ ਪ੍ਰਮੁੱਖ ਹਨ।

ਜ਼ਿਕਰਯੋਗ ਹੈ ਕਿ ਵਿਦਿਆਰਥੀ ਬੀ.ਐਸ.ਸੀ. ਵਿੱਚ ਮੈਟ੍ਰਿਕ ਤੋਂ ਬਾਅਦ ਪੀਏਯੂ ਵਿੱਚ ਵੀ ਦਾਖਲਾ ਲੈ ਸਕਦੇ ਹਨ। ਇਸ ਲਈ 2+4 ਸਾਲ ਦਾ ਡਿਗਰੀ ਪ੍ਰੋਗਰਾਮ ਗੁਰਦਾਸਪੁਰ ਅਤੇ ਬਠਿੰਡਾ ਵਿਖੇ ਖੇਤੀਬਾੜੀ ਸੰਸਥਾਵਾਂ  ਵਿੱਚ ਸ਼ਾਮਲ ਹੋ ਕੇ ਕੀਤਾ ਜਾ ਸਕਦਾ ਹੈ। ਉਕਤ ਡਿਗਰੀ ਪ੍ਰੋਗਰਾਮ ਵਿੱਚ ਪਹਿਲੇ ਦੋ ਸਾਲ ਖੇਤੀ ਸੰਸਥਾਨਾਂ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਦੇ 10+2 (ਮੈਡੀਕਲ ਸਟਰੀਮ) ਦੇ ਮਿਆਰ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ, ਵਿਦਿਆਰਥੀ ਡਿਗਰੀ ਪ੍ਰੋਗਰਾਮ ਨੂੰ ਪੂਰਾ ਕਰਨ ਲਈ ਪੀਏਯੂ ਵਿੱਚ ਦਾਖਲਾ ਲੈ ਲੈਂਦੇ ਹਨ।

ਹਰੇਕ ਕੋਰਸ ਦੇ ਵੇਰਵੇ, ਦਾਖਲੇ ਅਤੇ ਯੋਗਤਾ ਦੇ ਮਾਪਦੰਡਾਂ ਦੇ ਨਾਲ, ਦਾਖਲਾ ਟੈਸਟ, ਦਾਖਲੇ ਦੀ ਯੋਗਤਾ, ਫੀਸ ਦੇ ਵੇਰਵਿਆਂ ਆਦਿ ਨੂੰ ਪੀਏਯੂ ਦੀ ਵੈੱਬਸਾਈਟ (www.pau.edu) ਤੋਂ ਹਾਸਿਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਯੂਨੀਵਰਸਿਟੀ ਮਾਪਦੰਡਾਂ ਦੇ ਅਨੁਸਾਰ ਯੋਗ ਉਮੀਦਵਾਰਾਂ ਨੂੰ ਵਜ਼ੀਫ਼ੇ/ਫੈਲੋਸ਼ਿਪ ਵੀ ਪ੍ਰਦਾਨ ਕਰਦੀ ਹੈ।
 

ਸੁਨੇਤ ਇਲਾਕੇ ਵਿੱਚ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਦੀ ਯਾਦਗਾਰ ਨੂੰ ਦਰਸਾਉਂਦੇ ਬੋਰਡ ਲਗਵਾਏ

ਲੁਧਿਆਣਾ 7 ਅਪ੍ਰੈਲ (ਟੀ. ਕੇ. ) ਇਸ ਸਬੰਧੀ ਦੱਸਦਿਆਂ ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਜ਼ੀਰਖ ਸਕੱਤਰ ਰਾਕੇਸ਼ ਆਜ਼ਾਦ ਨੇ ਕਿਹਾ ਕਿ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟ੍ਰੱਸਟ ਵੱਲੋ ਇਲਾਕੇ ਵਿੱਚ ਉਸਾਰੀ ਯਾਦਾਗਰ ਲੋਕਾ ਲਈ ਖਿੱਚ ਦਾ ਕੇਂਦਰ ਹੈ ਜਿਸ ਵਿੱਚ ਗ਼ਦਰੀ ਸ਼ਹੀਦਾਂ ਨੂੰ ਦਰਸਾਉਂਦੇ ਢਾਈ x ਢਾਈ ਫੁੱਟ ਦੇ ਪਿੰਜਰੇ ਦਿਖਾਏ ਗਏ ਹਨ ਜਿੰਨਾ ਵਿੱਚ ਮਹਾਨ ਗ਼ਦਰੀ ਸ਼ਹੀਦਾਂ ਨੂੰ ਕੈਦ ਕਰਕੇ ਤਸੀਹੇ ਦਿੱਤੇ ਜਾਂਦੇ ਸਨ, ਜਿੰਨਾ ਨੂੰ ਦੇਖ ਕਿ ਭਿਆਨਕ ਦ੍ਰਿਸ ਅੱਖਾਂ ਸਾਹਮਣੇ ਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ਪਿੰਡ ਦੇ ਜੰਮਪਲ ਸਨ ਜਿੰਨਾ ਨੇ ਆਪਣੇ ਗ਼ਦਰੀ ਸਾਥੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਸਾਥੀਆਂ ਨਾਲ ਅੰਗਰੇਜ਼ੀ ਹਕੂਮਤ ਖਿਲਾਫ ਗਦਰ ਪਾਰਟੀ ਵਿੱਚ ਕੰਮ ਕੀਤਾ ਤੇ ਜਿੰਨਾ ਨੂੰ ਅੰਡੇਮਾਨ ਨੀਕੋਬਾਰ ਦੀ ਜੇਲ ਵਿੱਚ ਬੰਦ ਕਰਕੇ ਕਲੇਪਣੀ ਦੀ ਸਜ਼ਾ ਦਿੱਤੀ ਸੀ ਤੇ ਓਥੇ ਹੀ ਬਾਬਾ ਜੀ ਸ਼ਹੀਦ ਹੋ ਗਏ ਸਨ। ਇਸ ਤੋ ਇਲਾਵਾ ਯਾਦਗਾਰ ਵਿੱਚ ਸਾਰੇ ਗ਼ਦਰੀ ਸ਼ਹੀਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ ਜਿਸ ਨੂੰ ਦੇਖਣ ਲਈ ਦੇਸੋਂ ਵਿਦੇਸੋਂ ਲੋਕ ਆਉਂਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਜੀ ਬਾਰੇ ਤਰਕਸ਼ੀਲ ਤੇ ਅਗਾਂਹਵਾਧੂ ਲੇਖਕ ਬਲਬੀਰ ਲੌਂਗੋਵਾਲ ਵੱਲੋ ਇੱਕ ਕਿਤਾਬ ਵੀ ਲਿਖੀ ਗਈ ਹੈ ਜਿਸ ਉਪਰ ਨੌਜਵਾਨ ਸਭਾ ਵੱਲੋ ਚਰਚਾ ਮਿਤੀ 14 ਅਪ੍ਰੈਲ ਨੂੰ ਕੀਤੀ ਜਾਵੇਗੀ ਜਿਸ ਵਿੱਚ ਲੇਖਕ ਬਲਬੀਰ ਲੌਂਗੋਵਾਲ ਮੁੱਖ ਬੁਲਾਰੇ ਹੋਣਗੇ। ਅੱਜ ਬੋਰਡ ਲਗਾਉਣ ਸਮੇ ਫੋਜੀ ਸੁਭੇਗ ਸਿੰਘ ਸੁਨੇਤ, ਪ੍ਰਤਾਪ ਸਿੰਘ, ਅਰੁਣ ਕੁਮਾਰ, ਅਮ੍ਰਿਤਪਾਲ ਸਿੰਘ, ਮਹੇਸ਼ ਕੁਮਾਰ ਹਾਜਰ ਸਨ।

ਨਿਆਂ-ਪਾਲਿਕਾ ਅਤੇ ਭਾਰਤੀ ਚੋਣ ਕਮਿਸ਼ਨ ਦੀ ਸੁਤੰਤਰਤਾ 'ਤੇ ਹਮਲੇ  ਚਿੰਤਾ -ਆਈ.ਏ.ਐਲ

ਲੁਧਿਆਣਾ, 7 ਅਪ੍ਰੈਲ (ਟੀ. ਕੇ.) ਇੰਡੀਅਨ ਲਾਇਰਜ਼ ਐਸੋਸੀਏਸ਼ਨ (ਆਈ. ਏ. ਐਲ. ) ਦੀ ਪੰਜਾਬ ਇਕਾਈ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਐਡਵੋਕੇਟ ਐਨ.ਕੇ.  ਛਿੱਬੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐਡਵੋਕੇਟ ਛਿੱਬੜ ਨੇ ਸੰਬੋਧਨ ਕਰਦਿਆਂ ਕਿਹਾ ਕਿ "ਭਾਰਤ ਇਤਿਹਾਸ ਦੇ ਇੱਕ ਮੋੜ ਵੱਲ ਵਧ ਰਿਹਾ ਹੈ। ਸਮਾਜ ਦੇ ਇੱਕ ਚੇਤੰਨ ਤਬਕੇ ਵਜੋਂ ਵਕੀਲਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਸੰਵਿਧਾਨ ਅਤੇ ਨਿਆਂਪਾਲਿਕਾ ਦੀ ਆਜ਼ਾਦੀ ਦੀ ਰੱਖਿਆ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਨਿਆਂ-ਪਾਲਿਕਾ ਅਤੇ ਭਾਰਤੀ ਚੋਣ ਕਮਿਸ਼ਨ ਦੀ ਸੁਤੰਤਰਤਾ ਤੇ  ਹਮਲੇ ਬਾਰੇ ਬਹੁਤ ਹੀ ਚਿੰਤਾਜਨਕ ਸਥਿਤੀ ਹੈ, ਜਿਸ ਕਰਕੇ ਜਥੇਬੰਦੀ ਭਾਰਤ ਸਰਕਾਰ ਦੁਆਰਾ ਪਾਸ ਕੀਤੇ ਗਏ ਕਾਨੂੰਨ ਦੀ ਸਖ਼ਤ ਨਿਖੇਧੀ ਕਰਦੀ ਹੈ ਜਿਸ ਤਹਿਤ ਸਰਕਾਰ ਨੇ ਭਾਰਤ ਦੇ ਚੋਣ ਕਮਿਸ਼ਨ ਦੇ ਮੈਂਬਰਾਂ ਦੀ ਚੋਣ ਕਰਨ ਵਾਲੀ ਕਮੇਟੀ ਦੇ ਮੈਂਬਰ ਵਜੋਂ ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਨੂੰ ਹਟਾ ਦਿੱਤਾ ਹੈ।  ਉਨ੍ਹਾਂ ਅੱਗੇ ਕਿਹਾ ਕਿ ਇਜ਼ਰਾਈਲ ਸਰਕਾਰ ਤੋਂ ਫਲਸਤੀਨ ਲੋਕਾਂ 'ਤੇ ਹਮਲੇ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ 'ਭੁੱਖਮਰੀ' ਨੂੰ ਫਲਸਤੀਨ ਦੇ ਲੋਕਾਂ ਵਿਰੁੱਧ ਜੰਗ ਦੇ ਹਥਿਆਰ ਵਜੋਂ ਵਰਤਣ ਲਈ ਇਜ਼ਰਾਈਲੀ ਸਰਕਾਰ ਚੰਗਾ ਨਹੀਂ ਕਰ ਰਹੀ। ਉਨ੍ਹਾਂ ਅੱਗੇ ਕਿਹਾ ਕਿ ਜਥੇਬੰਦੀ ਫਲਸਤੀਨ ਦੇ ਲੋਕਾਂ ਦੇ ਆਪਣੇ ਸੁਤੰਤਰ ਫਲਸਤੀਨ ਰਾਜ ਦੇ ਜਾਇਜ਼ ਹੱਕ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ 
 ਮੀਟਿੰਗ ਵਿੱਚ ਨਿਆਂਪਾਲਿਕਾ ਦੀ ਆਜ਼ਾਦੀ ਵਿੱਚ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ 'ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ  ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲ ਕੇ ਵਕੀਲਾਂ ਦੀ ਸੁਰੱਖਿਆ ਐਕਟ ਪਾਸ ਕਰਨ ਲਈ ਪੰਜਾਬ ਸਰਕਾਰ ਨੂੰ ਅਪੀਲ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।  ਨੌਜਵਾਨ ਵਕੀਲਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਨੌਜਵਾਨ ਵਕੀਲਾਂ ਨੂੰ ਉਨ੍ਹਾਂ ਦੇ ਦਾਖਲੇ ਤੋਂ ਪੰਜ ਸਾਲ ਤੱਕ ਵਜ਼ੀਫ਼ਾ ਦੇਣ ਲਈ ਕੇਰਲਾ ਪੈਟਰਨ 'ਤੇ ਕਾਨੂੰਨ ਪਾਸ ਕੀਤਾ ਜਾਵੇਗਾ।
 ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਜਥੇਬੰਦੀ ਪੰਜਾਬ ਦੇ ਸਰਪ੍ਰਸਤ ਸੰਪੂਰਨ ਸਿੰਘ ਛਾਜਲੀ, ਹਰਚੰਦ ਸਿੰਘ ਬਾਠ ਐਡਵੋਕੇਟ ਹਾਈਕੋਰਟ, ਜਸਪਾਲ ਸਿੰਘ ਦੱਪਰ ਜਨਰਲ ਸਕੱਤਰ ਆਈ.ਏ.ਐਲ ਪੰਜਾਬ, ਹਾਕਮ ਸਿੰਘ ਐਡਵੋਕੇਟ ਬਰਨਾਲਾ, ਰਜਿੰਦਰ ਸਿੰਘ ਐਡਵੋਕੇਟ ਰਾਜਪੁਰਾ, ਅੰਗਰੇਜ ਸਿੰਘ ਕਲੇਰ ਐਡਵੋਕੇਟ ਮਾਨਸਾ, ਜੋਗਿੰਦਰ ਸ਼ਰਮਾ ਐਡਵੋਕੇਟ ਹਾਈਕੋਰਟ ਅਤੇ ਸਨੇਹਪ੍ਰੀਤ ਸਿੰਘ ਐਡਵੋਕੇਟ ਮੁਹਾਲੀ ਸ਼ਾਮਲ ਸਨ।

ਟ੍ਰੈਫਿਕ ਇੰਚਾਰਜ ਜਗਰਾਓਂ ਨੇ ਵਾਹਨਾਂ ਦੀ ਕੀਤੀ ਚੈਕਿੰਗ।

ਜਗਰਾਓਂ 02 ਅਪ੍ਰੈਲ  ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ 

ਐਸਐਸਪੀ ਲੁਧਿਆਣਾ  ਦਿਹਾਤੀ  ਸਰਦਾਰ ਨਵਨੀਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਲੋਕ ਸਭਾ ਚੁਣਾਵਾਂ ਦੇ ਮੱਦੇ ਨਜ਼ਰ ਚੱਲ ਰਹੀ ਚੈਕਿੰਗ ਦੌਰਾਨ ਡੀਐਸਪੀ ਮਨਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਟਰੈਫਿਕ ਇੰਚਾਰਜ ਜਗਰਾਉਂ ਕੁਮਾਰ ਸਿੰਘ ਨੇ ਮੌਕੇ ਉੱਤੇ ਤਹਿਸੀਲ ਚੌਂਕ ਵਿੱਚ ਆ ਰਹੇ ਵਾਹਨਾਂ ਨੂੰ ਰੋਕ ਰੋਕ ਕੇ ਚੈਕਿੰਗ ਕੀਤੀ ਇਸ ਚੈਕਿੰਗ ਦੌਰਾਨ ਉਹਨਾਂ ਨੂੰ ਕੁਛ ਇਸੇ ਤਰ੍ਹਾਂ ਦੀ ਕੋਈ ਚੀਜ਼ ਤਾਂ ਨਹੀਂ ਮਿਲੀ ਪਰ ਲੋਕਾਂ ਦੇ ਵਿੱਚ ਇੱਕ ਮੈਸਜ ਪਹੁੰਚਾਉਣ ਦੇ ਲਈ ਉਹਨਾਂ ਨੇ ਆਲਾ ਅਧਿਕਾਰੀਆਂ ਦੇ ਦਿਸ਼ਾ ਦੇਸ਼ਾਂ ਤੇ ਜੋ ਮੁਹਈਮ ਚਲਾਈ ਹੋਈ ਹੈ।ਉਸ ਮੁਹਿੰਮ ਨੂੰ ਮਧੇ ਨਜ਼ਰ ਰੱਖਦੇ ਹੋਏ ਸ਼ਹਿਰ ਵਿੱਚ ਚੈਕਿੰਗ ਦਾ ਜੋ ਬਿਆਨ ਚੱਲ ਰਿਹਾ ਹੈ। ਉਹ ਬਹੁਤ ਹੀ ਕਾਬਲੇ ਤਰੀਫ ਹੈ ਇਸ ਮੌਕੇ ਉਨਾਂ ਦੇ ਨਾਲ ਉਹਨਾਂ ਦੇ ਜੂਨੀਅਰ ਥਾਣੇਦਾਰ ਸਰਦਾਰ ਸਾਂਘਾ ,ਥਾਣੇਦਾਰ ਮਹਿੰਦਰ ਪਾਲ ਸਿੰਘ ,ਥਾਣੇਦਾਰ ਸੋਹਣ ਸਿੰਘ  ਦੀ ਮੌਜੂਦ ਸਨ।

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਆਯੋਜਿਤ

ਲੁਧਿਆਣਾ, 31ਮਾਰਚ  (ਕਰਨੈਲ ਸਿੰਘ ਐੱਮ.ਏ. )  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਬੱਤ ਦੇ ਭਲੇ ਨੂੰ ਸਮਰਪਿਤ  ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ  ਭਾਈ ਗੁਰਦੇਵ ਸਿੰਘ ਪਟਿਆਲੇ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ  ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਰੀ ਇਲਾਹੀ ਬਾਣੀ ਸਮੁੱਚੀ ਮਨੁੱਖਤਾ ਨੂੰ ਅਕਾਲ ਪੁਰਖ ਦੀ ਬੰਦਗੀ ਕਰਨ ਅਤੇ ਸਰਬੱਤ ਦਾ ਭਲਾ ਮੰਗਣ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ। ਜਿਸ ਦੇ ਸਦਕਾ ਸਮੁੱਚੀ ਲੋਕਾਈ ਗੁਰਬਾਣੀ ਨੂੰ ਆਪਣਾ ਸਤਿਕਾਰ ਅਰਪਿਤ ਕਰਦੀ ਹੈ। ਉਨ੍ਹਾਂ ਨੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਨਿਰੰਤਰ ਚਲਾਈ ਜਾ ਰਹੀ ਹਫਤਾਵਾਰੀ ਕੀਰਤਨ ਸਮਾਗਮ ਲੜੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਅਤੇ ਕੀਰਤਨ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਧਰਮ ਦੇ ਮਾਰਗ ਉੱਪਰ ਚੱਲਣ, ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਤਾਕੀਦ ਵੀ ਕੀਤੀ।
ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਨੇ ਕਿਹਾ ਕਿ ਕੀਰਤਨ ਸਮਾਗਮ ਕਰਵਾਉਣੇ ਤਾਂ ਹੀ ਸਫਲਾ ਹੋ ਸਕਦੇ ਹਨ। ਜੇਕਰ ਅਸੀਂ ਗੁਰੂ ਦੇ ਉਪਦੇਸ਼ਾਂ ਨੂੰ ਸਮੁੱਚੀ ਮਾਨਵਤਾ ਤੱਕ ਪੁਹੰਚਾਣ ਦਾ ਯਤਨ ਕਰੀਏ ਅਤੇ ਆਪ ਨੂੰ ਸੰਪੂਰਨ ਸਿੱਖ ਬਣਾ ਕੇ  ਸਿਮਰਨ ਦੇ ਸਿਧਾਂਤ ਨਾਲ ਜੁੜੀਏ ਤਾਂ ਹੀ ਸਿੱਖੀ ਦੀ ਫੁਲਵਾੜੀ ਹੋਰ ਮਹਿਕ ਸਕੇਗੀ।
ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਗੁਰਦੇਵ ਸਿੰਘ ਪਟਿਆਲਾ  ਅਤੇ ਉਨ੍ਹਾਂ ਦੇ ਕੀਰਤਨੀ ਜੱਥੇ  ਦੇ ਮੈਂਬਰਾਂ ਨੂੰ ਸਿਰੋਪਾਉ ਭੇਟ ਕੀਤੇ । ਇਸ ਦੌਰਾਨ ਸ੍ਰ.ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਭਾਈ ਨਰਿੰਦਰ ਸਿੰਘ  ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ  ਵਾਲਿਆਂ ਦਾ ਕੀਰਤਨੀ ਜੱਥਾ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰੇਗਾ।ਸਮਾਗਮ ਦੌਰਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੇ ਪ੍ਰਧਾਨ ਸ੍ਰ.ਇੰਦਰਜੀਤ ਸਿੰਘ ਮੱਕੜ, ਜਤਿੰਦਰਪਾਲ ਸਿੰਘ ਸਲੂਜਾ,ਸ੍ਰ.ਕਰਨੈਲ ਸਿੰਘ ਬੇਦੀ, ਸ੍ਰ. ਪ੍ਰਿਤਪਾਲਸਿੰਘ, ਮਨਜੀਤ ਸਿੰਘ ਟੋਨੀ , ਭੁਪਿੰਦਰਪਾਲ  ਸਿੰਘ ਧਵਨ,  ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ), ਰਣਜੀਤ ਸਿੰਘ ਖਾਲਸਾ, ਰਜਿੰਦਰ ਸਿੰਘ ਮੱਕੜ, ਬਲਜੀਤ ਸਿੰਘ ਮੱਕੜ, ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ, ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ, ਹਰਕੀਰਤ ਸਿੰਘ ਬਾਵਾ,ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ,ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਬਲਜੀਤ ਸਿੰਘ ਬਾਵਾ ,ਅਵਤਾਰ ਸਿੰਘ ਮਿੱਡਾ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ, ਕਰਨਦੀਪ ਸਿੰਘ, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਜਵੱਦੀ ਟਕਸਾਲ ਵਿਖੇ ਗੁਰਮਤਿ ਵਿੱਚ “ਮੀਰੀ-ਪੀਰੀ” ਦਾ ਸੰਕਲਪ ਦੇ ਵਿਸ਼ੇ ਤੇ ਸੈਮੀਨਾਰ ਚੜ੍ਹਦੀਕਲਾ ਨਾਲ ਹੋਇਆ ਸੰਪੰਨ

ਗੁਰਮਤਿ ਵਿੱਚ ਧਰਮ ਅਤੇ ਰਾਜਨੀਤੀ ਦਾ ਸੁਮੇਲ ਹੋਣਾ ਜ਼ਰੂਰੀ ਹੈ – ਸੰਤ ਬਾਬਾ ਅਮੀਰ ਸਿੰਘ ਜੀ
ਲੁਧਿਆਣਾ 31 ਮਾਰਚ (ਕਰਨੈਲ ਸਿੰਘ ਐੱਮ.ਏ. ): ਬੀਤੇ ਕੱਲ੍ਹ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦੀ ਸਿੱਖ ਸਮਾਜ ਸਨਮੁੱਖ ਮੌਜੂਦਾ ਹਾਲਾਤਾਂ ਅਤੇ ਭਵਿੱਖ ਦੀਆਂ ਚਣੌਤੀਆਂ ਦੇ ਮੱਦੇਨਜ਼ਰ ਕੀਤੀ ਪਹਿਲਕਦਮੀ, ਟਕਸਾਲ ਦੇ ਮੁੱਖ ਕੇਂਦਰ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਕਰਵਾਏ ਮੀਰੀ-ਪੀਰੀ ਦੇ ਸੰਕਲਪ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਉਪਰੰਤ ਬਾਬਾ ਜੀ ਨੇ ਡਾ: ਨਛੱਤਰ ਸਿੰਘ, ਪ੍ਰਿੰ: ਸਹਿਜਪਾਲ ਸਿੰਘ, ਪ੍ਰਸਿੱਧ ਵਿਦਵਾਨ ਡਾ: ਅਨੁਰਾਗ ਸਿੰਘ, ਡਾ: ਸੁਖਦਿਆਲ ਸਿੰਘ, ਡਾ: ਹਰਪਾਲ ਸਿੰਘ ਪੰਨੂ, ਡਾ: ਗੁਰਮੀਤ ਸਿੰਘ ਸਿੱਧੂ, ਪ੍ਰੋ: ਹਰਮੀਤ ਕੌਰ ਜੀ ਦੇ ਸੈਮੀਨਾਰ ਵਿੱਚ ਪਹੁੰਚਣ ਤੇ ਧੰਨਵਾਦ ਪ੍ਰਗਟ ਕੀਤਾ। ਵਿਸ਼ੇਸ਼ ਤੌਰ ਤੇ ਸੈਮੀਨਾਰ ਦੇ ਮੁੱਖ ਮਹਿਮਾਨ ਸਿੰਘ ਸਾਹਿਬ ਸੰਤ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਬੁੱਢਾ ਦਲ ਸੈਮੀਨਾਰ ਵਿੱਚ ਪਹੁੰਚ ਕੇ ਆਪਣੇ ਵਿਚਾਰ ਸਾਂਝੇ ਕਰਨ ਤੇ ਆਪਣੀ ਹਾਜ਼ਰੀ ਲਗਾਉਣ ਕਰਕੇ ਬਾਬਾ ਜੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਬਾ ਜੀ ਨੇ ਕਿਹਾ ਕਿ ਅਜੋਕਾ ਦੌਰ ਵਿੱਚ ਧਰਮ ਤੇ ਰਾਜਨੀਤੀ ਦੇ ਸੰਬੰਧ 'ਚ ਮੀਰੀ-ਪੀਰੀ ਦਾ ਸੰਕਲਪ ਹੀ ਉਸਾਰੀ ਸੇਧ ਦੇਣ ਦੇ ਸਮਰੱਥ ਹੈ। ਲੋਕਤੰਤਰ ਦੇ ਯੁੱਗ ਚ ਬਹੁਧਰਮੀ ਦੇਸ਼ ਚ ਘੱਟ ਗਿਣਤੀਆਂ ਧਰਮ ਦੇ ਪੈਰੋਕਾਰ ਅਸੁਰੱਖਿਅਤ ਹਨ। ਇਸੇ ਦੂਰ ਅੰਦੇਸ਼ੀ ਤਹਿਤ ਮੀਰੀ-ਪੀਰੀ ਕਿਰਪਾਨ ਧਾਰਨ ਕੀਤੀਆਂ। ਨਾਨਕ ਰਾਜ ਦੇ ਪਾਤਸ਼ਾਹੀ ਦਾਵੇ ਹਲਤ ਮੁਖੀ ਪ੍ਰਭਤਾ ਨੂੰ ਸਪੱਸ਼ਟ ਕੀਤਾ। ਇਸ ਲਈ ਧਰਮ ਅਤੇ ਰਾਜਨੀਤੀ ਦੇ ਵਿਚਕਾਰ ਇਕਸੁਰਤਾ ਹੋਣ ਦੇ ਬਾਵਜ਼ੂਦ ਏਨ੍ਹਾ ਦੇ ਅਧਿਕਾਰ ਖੇਤਰ ਵੱਖੋ-ਵੱਖਰੇ ਹਨ। ਮੀਰੀ-ਪੀਰੀ ਦਾ ਸੰਕਲਪ ਹੀ ਲੋਕਤੰਤਰ ਦਾ ਆਦਰਸ਼ ਹੋ ਸਕਦਾ ਹੈ।  ਗੁਰਮਤਿ ਵਿੱਚ ਧਰਮ ਅਤੇ ਰਾਜਨੀਤੀ ਦਾ ਸੁਮੇਲ ਹੋਣਾ ਜ਼ਰੂਰੀ ਹੈ। ਇਸ ਸੈਮੀਨਾਰ ਵਿੱਚ ਡਾ:ਰਣਜੀਤ ਸਿੰਘ, ਡਾ: ਸੁਖਦੇਵ ਸਿੰਘ, ਡਾ: ਅਮਰੀਕ ਸਿੰਘ ਸੋਹੀ, ਡਾ: ਦਵਿੰਦਰ ਸਿੰਘ, ਬਾਬਾ ਅਵਤਾਰ ਸਿੰਘ ਸਾਧਾਵਾਲੇ, ਬਾਬਾ ਕੁਲਦੀਪ ਸਿੰਘ ਦਬੜ੍ਹੀਖਾਨਾਂ, ਬਾਬਾ ਵਰਿੰਦਰ ਸਿੰਘ ਮਾਛੀਵਾੜਾ, ਬਾਬਾ ਮੁਖਤਿਆਰ ਸਿੰਘ ਮੋਖੀ ਜੀ ਯੂ.ਐਸ.ਏ, ਪਰਮਜੀਤ ਸਿੰਘ ਖ਼ਾਲਸਾ, ਮੇਜ਼ਰ ਸਿੰਘ, ਦਲੇਰ ਸਿੰਘ ਡੋਢ (ਪ੍ਰਧਾਨ ਸਿੱਖ ਸਟੁਡੈਂਟ ਫੈਡਰੇਸ਼ਨ), ਹਰਜਿੰਦਰ ਸਿੰਘ ਜਿੰਦਾ, ਗੁਰਵੀਰ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਤੁਰ, ਅਮਰਦੀਪ ਸਿੰਘ, ਸਤਨਾਮ ਸਿੰਘ ਕੋਮਲ, ਰਣਜੋਧ ਸਿੰਘ, ਤੇਜਪਰਤਾਪ ਸਿੰਘ, ਚਰਨਜੀਤ ਸਿੰਘ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਬਲਵੀਰ ਸਿੰਘ ਰਾਮੂਵਾਲੀਆ, ਸੁਖਾ ਸਿੰਘ ਮੋਗਾ ਆਦਿ ਨੇ ਆਪਣੀ ਹਾਜ਼ਰੀਆਂ ਭਰੀਆਂ।
ਫੋਟੋ ਕੈਪਸ਼ਨ : ਸੰਤ ਬਾਬਾ ਅਮੀਰ ਸਿੰਘ ਜੀ ਸਨਮਾਨ ਕਰਦੇ ਹੋਏ ਬਾਬਾ ਬਲਬੀਰ ਸਿੰਘ ਜੀ, ਪਰਮਜੀਤ ਸਿੰਘ ਖਾਲਸਾ, ਬਾਬਾ ਅਵਤਾਰ ਸਿੰਘ, ਡਾ. ਸੁਖਦਿਆਲ ਸਿੰਘ ਤੇ ਨਾਲ ਆਦਿ।