ਲੁਧਿਆਣਾ

ਬੀਬੀ ਮਾਣੂੰਕੇ ਵੱਲੋਂ ਕਰਮਜੀਤ ਅਨਮੋਲ ਦਾ ਜਗਰਾਉਂ ਪਹੁੰਚਣ 'ਤੇ ਨਿੱਘਾ ਸਵਾਗਤ

ਵੱਡੀ ਗਿਣਤੀ ਵਿੱਚ ਪਹੁੰਚੇ ਵਲੰਟੀਅਰਾਂ ਨੇ ਸਿਰੋਪੇ ਤੇ ਹਾਰ ਪਾਕੇ ਕੀਤਾ ਸਨਮਾਨ

ਜਗਰਾਓ, 17 ਮਾਰਚ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)
ਉੱਘੇ ਫਿਲਮ ਅਦਾਕਾਰ, ਲੋਕ ਗਾਇਕ, ਕਮੇਡੀਅਨ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦਾ ਫਰੀਦਕੋਟ ਨੂੰ ਜਾਂਦਿਆਂ ਜਗਰਾਉਂ ਪਹੁੰਚਣ 'ਤੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਹਲਕੇ ਦੇ ਵਲੰਟੀਅਰਾਂ ਨੇ 'ਇੰਨਕਲਾਬ-ਜ਼ਿੰਦਾਬਾਦ' ਦੇ ਨਾਹਰੇ ਲਗਾਉਂਦਿਆਂ ਆਪਣੇ ਚਹੇਤੇ ਕਰਮਜੀਤ ਅਨਮੋਲ ਦਾ ਸਿਰੋਪੇ ਅਤੇ ਫੁੱਲਾਂ ਦੇ ਹਾਰ ਪਾਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਰਮਜੀਤ ਅਨਮੋਲ ਨੇ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਉਹਨਾਂ ਦੇ ਸਾਥੀਆਂ ਦਾ ਮਾਣ-ਸਨਮਾਨ ਦੇਣ ਲਈ ਧੰਨਵਾਦ ਕਰਦਿਆਂ ਆਖਿਆ ਕਿ ਉਹ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਅਤੇ ਪੰਜਾਬੀਆਂ ਦੇ ਮਾਣ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿੰਨਾਂ ਨੇ ਉਹਨਾਂ ਨੂੰ ਲੋਕ ਸਭਾ ਹਲਕਾ ਫਰੀਦਕੋਟ ਦੇ ਲੋਕਾਂ ਦੀ ਸੇਵਾ ਕਰਨ ਲਈ ਭੇਜਿਆ ਹੈ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਲੋਕਾਂ ਤੋਂ ਮਿਲ ਰਹੇ ਨਿੱਘੇ ਸਹਿਯੋਗ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਫਰੀਦਕੋਟ ਹਲਕੇ ਦੇ ਲੋਕ ਵੱਡਾ ਮਾਣ ਦੇਣਗੇ। ਕਰਮਜੀਤ ਅਨਮੋਲ ਨੇ ਵਿਸ਼ਵਾਸ਼ ਦਿਵਾਉਂਦਿਆਂ ਆਖਿਆ ਕਿ ਜੇਕਰ ਲੋਕਾਂ ਨੇ ਉਹਨਾਂ ਨੂੰ ਜੇਤੂ ਹੋਣ ਦਾ ਮਾਣ ਦਿੱਤਾ ਤਾਂ ਉਹ ਵੀ ਹਲਕੇ ਲੋਕਾਂ ਦੀਆਂ ਉਮੀਦਾਂ ਉਪਰ ਖਰਾ ਉਤਰਨਗੇ ਅਤੇ ਲੋਕਾਂ ਸਭਾ ਵਿੱਚ ਹਲਕੇ ਦੀ ਅਵਾਜ਼ ਬੁਲੰਦ ਕਰਨਗੇ। ਇਸ ਮੌਕੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਦੇ ਰਹੀ ਹੈ ਅਤੇ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਪੂਰੀ ਤਰਾਂ ਖੁਸ਼ ਹਨ। ਇਸ ਲਈ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦੇ ਸਾਰੇ ਦੇ ਸਾਰੇ ਉਮੀਦਵਾਰ ਵੱਡੀ ਗਿਣਤੀ ਵਿੱਚ ਵੋਟਾਂ ਲੈਕੇ ਜੇਤੂ ਹੋਣਗੇ। ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਕੋਆਰਡੀਨੇਟਰ ਕਮਲਜੀਤ ਸਿੰਘ ਕਮਾਲਪੁਰਾ, ਕਰਤਾਰ ਸਿੰਘ ਸਵੱਦੀ, ਐਡਵੋਕੇਟ ਕੇ.ਐਸ.ਚੀਮਾਂ, ਅਮਰਦੀਪ ਸਿੰਘ ਟੂਰੇ, ਸਰਪੰਚ ਬਲਦੇਵ ਸਿੰਘ ਕਲੇਰ, ਡਾ.ਮਨਦੀਪ ਸਿੰਘ ਸਰਾਂ, ਤੇਜਿੰਦਰ ਸਿੰਘ ਪੋਨਾਂ, ਸੁਖਦੇਵ ਸਿੰਘ ਕਾਉਂਕੇ, ਸੋਨੀ ਕਾਉਂਕੇ, ਲਖਵੀਰ ਸਿੰਘ ਲੱਖਾ, ਸਾਜਨ ਮਲਹੋਤਰਾ, ਕੌਂਸਲਰ ਸਤੀਸ਼ ਕੁਮਾਰ ਪੱਪੂ, ਸੁਖਵਿੰਦਰ ਸਿੰਘ ਕਾਕਾ, ਕੌਂਸਲਰ ਜਗਜੀਤ ਸਿੰਘ ਜੱਗੀ, ਨਿਰਭੈ ਸਿੰਘ ਕਮਾਲਪੁਰਾ, ਗੁਰਵਿੰਦਰ ਸਿੰਘ ਕਮਾਲਪੁਰਾ, ਜਗਰੂਪ ਸਿੰਘ ਜੱਗਾ, ਹਰਮਨਪ੍ਰੀਤ ਸਿੰਘ ਚੀਮਾਂ, ਕੁਲਦੀਪ ਸਿੰਘ ਚੀਮਨਾਂ, ਦੇਸਾ ਬਾਘੀਆਂ, ਸਰੋਜ ਰਾਣੀ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਹਰਬੰਸ ਸਿੰਘ ਕੋਠੇ ਹਰੀ ਸਿੰਘ, ਰਕੇਸ਼ ਕੁਮਾਰ ਸਿੰਗਲਾ, ਜਸਵਿੰਦਰ ਸਿੰਘ ਜੱਸੀ, ਰਜਿਤ ਸ਼ਰਮਾ, ਸੁਰਿੰਦਰ ਛਿੰਦੀ, ਮਨਮੋਹਣ ਸਿੰਘ ਮੋਹਣਾ, ਰਣਵੀਰ ਸਿੰਘ ਰਾਜੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਲੰਟੀਅਰ ਹਾਜ਼ਰ ਸਨ।

ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ 'ਚ ਕਰਵਾਇਆ ਕੀਰਤਨ ਸਮਾਗਮ

ਲੁਧਿਆਣਾ 17 ਮਾਰਚ ( ਕਰਨੈਲ ਸਿੰਘ ਐੱਮ.ਏ.)     
      ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਵਿੱਚ ਭਾਈ ਦਯਾ ਸਿੰਘ ਜੀ ਸੰਤ ਸੇਵਕ ਜੱਥਾ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਵੱਡਮੁੱਲੇ ਸਹਿਯੋਗ ਨਾਲ ਕੀਰਤਨ ਸਮਾਗਮ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ, ਪ੍ਰਤਾਪ ਨਗਰ, ਵਿਖੇ ਜੱਥੇ ਦੇ ਮੁਖੀ ਭਾਈ ਕੁਲਬੀਰ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।  ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਦੀ ਸੇਵਾ ਬੀਬੀ ਉਜਾਗਰ ਕੌਰ ਜੀ ਰਤਵਾੜਾ ਸਾਹਿਬ ਵਾਲਿਆਂ ਅਤੇ ਉਨ੍ਹਾਂ ਦੇ ਜੱਥੇ ਵੱਲੋਂ ਨਿਭਾਈ ਗਈ। ਉਪਰੰਤ ਪਿਛਲੇ ਦਿਨੀਂ ਆਰੰਭ ਕਰਵਾਏ ਗਏ ਸ੍ਰੀ ਆਖੰਡ ਪਾਠ ਜੀ ਦੀ ਸੰਪੂਰਨਤਾ ਦੇ  ਭੋਗ ਪਾਏ ਗਏ। ਭਾਈ ਦਯਾ ਸਿੰਘ ਜੀ ਸੰਤ ਸੇਵਕ ਜੱਥਾ ਦੇ ਮੁਖੀ ਭਾਈ ਕੁਲਵੀਰ ਸਿੰਘ ਨੇ ਸੰਗਤਾਂ ਨਾਲ ਮਹਾਂਪੁਰਸ਼ਾਂ ਦੇ ਜੀਵਨ ਸੰਬੰਧੀ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮਹਾਂਪੁਰਸ਼ਾਂ ਦਾ ਜੀਵਨ ਨਿਰੋਲ ਗੁਰਬਾਣੀ ਦੇ ਪ੍ਰਚਾਰ ਅਤੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਗੁਰੂ ਨਾਲ ਜੋੜਨ ਨੂੰ ਸਮਰਪਿਤ ਰਿਹਾ। ਇਸ ਮੌਕੇ ਜਿੱਥੇ  ਬੀਬੀ ਉਜਾਗਰ ਕੌਰ ਜੀ (ਰਤਵਾੜਾ ਸਾਹਿਬ)  ਵਾਲਿਆਂ ਅਤੇ ਉਨ੍ਹਾਂ ਦੇ ਜੱਥੇ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ ਉੱਥੇ ਭਾਈ ਦਯਾ ਸਿੰਘ ਜੀ ਸੰਤ ਸੇਵਕ ਜੱਥੇ ਦੇ ਮੁੱਖ ਸੇਵਾਦਾਰ ਭਾਈ ਕੁਲਬੀਰ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁੰਦਨ ਸਿੰਘ ਨਾਗੀ, ਚੇਅਰਮੈਨ ਹਰਜਿੰਦਰ ਸਿੰਘ ਸੰਧੂ, ਉੱਪ ਚੇਅਰਮੈਨ ਸੋਹਣ ਸਿੰਘ ਗੋਗਾ ਅਤੇ ਬਾਕੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁੰਦਨ ਸਿੰਘ ਨਾਗੀ, ਚੇਅਰਮੈਨ ਹਰਜਿੰਦਰ ਸਿੰਘ ਸੰਧੂ, ਸੋਹਣ ਸਿੰਘ ਗੋਗਾ, ਨਰਿੰਦਰ ਸਿੰਘ ਉੱਭੀ, ਗੁਰਚਰਨ ਸਿੰਘ ਗੁਰੂ, ਭਾਈ ਚਤਰ ਸਿੰਘ, ਬਲਜੀਤ ਸਿੰਘ ਉੱਭੀ, ਹਰਦੀਪ ਸਿੰਘ ਗੁਰੂ, ਬਲਜੀਤ ਸਿੰਘ ਪੱਪੂ, ਜੋਗਾ ਸਿੰਘ, ਇਕਬਾਲ ਸਿੰਘ, ਹਰੀ ਸਿੰਘ , ਹਰਪਾਲ ਸਿੰਘ ਗਹੀਰ, ਪਰਕਾਸ਼ ਸਿੰਘ, ਬਲਵੀਰ ਸਿੰਘ ਸੋਂਦ, ਅਵਤਾਰ ਸਿੰਘ ਘੜਿਆਲ, ਬੀਬੀ ਮਨਜੀਤ ਕੌਰ, ਹਰਭਜਨ ਕੌਰ, ਸੁਰਜੀਤ ਕੌਰ ਵੀ ਹਾਜ਼ਰ ਸਨ । 

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਬਾਬਾ ਨੰਦ ਸਿੰਘ ਜੀ ਤੇ ਬਾਬਾ ਈਸ਼ਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਆਯੋਜਿਤ*

ਲੁਧਿਆਣਾ 17 ਮਾਰਚ( ਕਰਨੈਲ ਸਿੰਘ ਐੱਮ.ਏ.)                          ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਬਾਬਾ ਨੰਦ ਸਿੰਘ ਜੀ ਤੇ ਬਾਬਾ ਈਸ਼ਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਜਸਕੀਰਤ ਸਿੰਘ ਯੂ.ਐਸ.ਏ  ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ  ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਸਮੁੱਚੀ ਮਨੁੱਖਤਾ ਨੂੰ ਬਖਸ਼ੇ ਸਿਧਾਂਤਾਂ "ਨਾਮ ਜਪੋ,ਕਿਰਤ ਕਰੋ ਤੇ ਵੰਡ ਛਕੋ" ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਆਪਣਾ ਜੀਵਨ ਗੁਰੂ ਆਸ਼ੇ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰੀਏ। ਕੀਰਤਨ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਜਿੱਥੇ ਸਮੁੱਚੀ ਲੋਕਾਈ ਨੂੰ ਜਾਤ-ਪਾਤ, ਧਰਮ ਦੀਆਂ ਸੌੜੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਆਪਸੀ ਇੱਕਜੁੱਟਤਾ ਅਤੇ ਏਕਤਾ ਦਾ ਉਪਦੇਸ਼ ਦਿੱਤਾ ਉੱਥੇ ਨਾਲ ਹੀ ਦਿਖਾਵੇ ਦੀਆਂ ਰਸਮਾਂ ਰਿਵਾਜਾਂ ਨੂੰ ਛੱਡ ਕੇ ਮਨੁੱਖ ਨੂੰ ਸੱਚੇ ਦਿਲੋਂ ਪ੍ਰਭੂ ਸਿਮਰਨ ਕਰਨ ਦੀ ਤਾਕੀਦ ਕੀਤੀ। ਅੱਜ ਲੋੜ ਹੈ ਪ੍ਰਭੂ ਕੀਰਤੀ ਵਿੱਚ ਲੀਨ ਰਹਿਣ ਵਾਲੇ ਸਾਹਿਬ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪੂਰਨਿਆਂ ਤੇ ਚੱਲਦਿਆਂ ਸੰਗਤਾਂ ਆਪਣਾ ਜੀਵਨ ਸਫਲ ਕਰਨ । ਇਸ ਦੌਰਾਨ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਜਗਪ੍ਰੀਤ ਸਿੰਘ ਯੂ.ਐਸ.ਏ. ਤੇ ਉਨ੍ਹਾਂ ਦੇ ਕੀਰਤਨੀ ਜੱਥੇ  ਦੇ ਮੈਂਬਰਾਂ ਨੂੰ ਸਿਰੋਪਾਉ ਭੇਟ ਕੀਤੇ ਗਏ । ਇਸ ਮੌਕੇ ਸ੍ਰ.ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਵਿੰਦਰ ਸਿੰਘ( ਟੋਨੀ ਵੀਰ ਜੀ) ਦਾ ਕੀਰਤਨੀ ਜੱਥਾ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰੇਗਾ। ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ.ਇੰਦਰਜੀਤ ਸਿੰਘ ਮੱਕੜ, ਜਤਿੰਦਰਪਾਲ ਸਿੰਘ ਸਲੂਜਾ, ਸ੍ਰ.ਕਰਨੈਲ ਸਿੰਘ ਬੇਦੀ, ਪ੍ਰਿਤਪਾਲ ਸਿੰਘ , ਮਨਜੀਤ ਸਿੰਘ ਟੋਨੀ, ਪ੍ਰਿਤਪਾਲ ਸਿੰਘ , ਭੁਪਿੰਦਰਪਾਲ  ਸਿੰਘ ਧਵਨ,  ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ), ਸੁਰਿੰਦਰਪਾਲ ਸਿੰਘ ਭੁਟੀਆਨੀ , ਰਣਜੀਤ ਸਿੰਘ ਖਾਲਸਾ, ਰਜਿੰਦਰ ਸਿੰਘ ਮੱਕੜ, ਬਲਜੀਤ ਸਿੰਘ ਮੱਕੜ, ਜੀਤ ਸਿੰਘ,  ਗੁਰਵਿੰਦਰ ਸਿੰਘ ਆੜਤੀ, ਸੁਰਿੰਦਰ ਸਿੰਘ ਸਚਦੇਵਾ, ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ, ਹਰਕੀਰਤ ਸਿੰਘ ਬਾਵਾ,ਸਰਪੰਚ ਗੁਰਚਰਨ ਸਿੰਘ, ਏ.ਪੀ ਸਿੰਘ ਅਰੋੜਾ, ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਹਰਮੀਤ ਸਿੰਘ ਡੰਗ,ਅਵਤਾਰ ਸਿੰਘ ਮਿੱਡਾ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ, ਬਲ ਫਤਹਿ ਸਿੰਘ,  ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

34ਵੇਂ ਅੰਤਰਰਾਸ਼ਟਰੀ ਗੁਰਮਤਿ ਸਮਾਗਮ 'ਚ ਪੰਥ ਦੇ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਲਾਈਆਂ ਗੁਰਬਾਣੀ ਕੀਰਤਨ ਦੀਆਂ ਛਹਿਬਰਾਂ*

ਲੁਧਿਆਣਾ;17 ਮਾਰਚ( ਕਰਨੈਲ ਸਿੰਘ ਐੱਮ.ਏ. )
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਆਰੰਭ ਹੋਏ 34ਵੇਂ ਮਹਾਂ ਪਵਿੱਤਰ ਅੰਤਰਰਾਸ਼ਟਰੀ ਗੁਰਮਤਿ ਸਮਾਗਮ ਦੇ ਦੂਜੇ ਦਿਨ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਦੇ ਨਾਲ ਵਿਸ਼ੇਸ਼ ਤੌਰ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਪੰਥ ਦੇ ਸਤਿਕਾਰਤ ਕੀਰਤਨੀਏ ਭਾਈ ਚਮਨਜੀਤ ਸਿੰਘ ਲਾਲ ਦਿੱਲੀ ਤੇ ਭਾਈ ਗੁਰਸ਼ਰਨ ਸਿੰਘ ਲੁਧਿਆਣੇ ਵਾਲਿਆਂ ਨੇ ਕਿਹਾ ਕਿ ਸਿੱਖ ਧਰਮ ਦੇ ਮੋਢੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾਂ ਸਾਨੂੰ ਜਿੱਥੇ ਅਧਿਆਤਮਕ ਦੇ ਮਾਰਗ ਤੇ ਚੱਲਣ ਦਾ ਸ਼ੰਦੇਸ਼ ਦਿੱਤਾ, ਉੱਥੇ ਸਮੁੱਚੀ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੰਦਿਆਂ ਹੋਇਆਂ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦਾ ਸਿਧਾਂਤ ਵੀ ਬਖਸ਼ਿਆ। ਉਨ੍ਹਾਂ ਨੇ ਆਪਣੇ ਉਪਦੇਸ਼ਕ ਸ਼ਬਦਾਂ ਵਿੱਚ ਕਿਹਾ ਕਿ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਵੱਲੋਂ ਹਰ ਸਾਲ ਗੁਰਬਾਣੀ ਕੀਰਤਨ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਯੋਜਿਤ ਕੀਤਾ ਜਾਂਦਾ ਅੰਤਰਰਾਸ਼ਟਰੀ ਗੁਰਮਤਿ ਸਮਾਗਮ ਸਮੁੱਚੇ ਸੰਸਾਰ ਵਿੱਚ ਵੱਸਦੀਆਂ ਸੰਗਤਾਂ ਦੇ ਲਈ ਪ੍ਰੇਰਣਾ ਦਾ ਸਰੋਤ ਬਣ ਚੁੱਕਾ ਹੈ। ਇਸ ਤੋਂ ਪਹਿਲਾਂ ਬਾਣੀ ਦੇ ਬੋਹਿਥ, ਕੀਰਤਨ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਨੰਦ ਸਿੰਘ ਜੀ ਅਤੇ ਬਾਬਾ ਈਸ਼ਰ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਉਕਤ 34ਵੇਂ ਅੰਤਰਰਾਸ਼ਟਰੀ ਗੁਰਮਤਿ ਸਮਾਗਮ ਅੰਦਰ ਪੁੱਜੇ ਬਾਬਾ ਧੰਨਾ ਸਿੰਘ ਨਾਨਕਸਰ ਬੜੂੰਦੀ ਵਾਲੇ, ਬਾਬਾ ਅਨਹਦਰਾਜ ਸਿੰਘ ਨਾਨਕਸਰ ਸਮਰਾਲਾ ਚੌਕ, ਮਾਤਾ ਵਿਪਨਪ੍ਰੀਤ ਕੌਰ, ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਭਰੀਆਂ ਅਤੇ ਸੰਗਤਾਂ ਦੇ ਦਰਸ਼ਨ ਦੀਦਾਰੇ ਕੀਤੇ। ਅੰਤਰਰਾਸ਼ਟਰੀ ਮਹਾਂ ਪਵਿੱਤਰ ਗੁਰਮਤਿ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਸ਼ਰਨ ਸਿੰਘ, ਜਸਬੀਰ ਸਿੰਘ ਜੀ ਪਾਉਂਟਾ ਸਾਹਿਬ ਵਾਲੇ, ਭਾਈ ਬਲਵਿੰਦਰ ਸਿੰਘ ਰੰਗੀਲਾ, ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ ਅਤੇ ਭਾਈ ਦਵਿੰਦਰ ਸਿੰਘ ਸੋਢੀ ਦੇ ਕੀਰਤਨੀ ਜੱਥਿਆਂ ਨੇ ਗੁਰੂ ਸਾਹਿਬਾਂ ਵੱਲੋਂ ਉਚਰੀ ਇਲਾਹੀ ਬਾਣੀ ਦਾ ਆਨੰਦਮਈ ਕੀਰਤਨ ਕਰਕੇ ਜਿੱਥੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਨਿਹਾਲ ਕੀਤਾ, ਉੱਥੇ ਵਿਸ਼ੇਸ਼ ਤੌਰ ਤੇ ਗੁਰਮਤਿ ਸਮਾਗਮ ਅੰਦਰ ਪੁੱਜੇ ਗੁਰਮਤਿ ਸੰਗੀਤ ਕਲਾ ਦੇ ਉਸਤਾਦ ਪ੍ਰਿੰਸੀਪਲ ਸੁਖਵੰਤ ਸਿੰਘ ਨੇ ਆਪਣੇ ਕੀਰਤਨੀ ਜੱਥੇ ਨਾਲ ਤੰਤੀ ਸਾਜਾਂ ਰਾਹੀਂ ਗੁਰੂ ਸਾਹਿਬਾਂ ਵੱਲੋਂ ਉਚਰੀ ਇਲਾਹੀ ਬਾਣੀ ਦਾ ਆਨੰਦਮਈ ਕੀਰਤਨ ਕਰਕੇ ਸਮੁੱਚੇ ਮਾਹੌਲ ਨੂੰ ਅਧਿਆਤਮਕ ਦੇ ਰੰਗ ਵਿੱਚ ਰੰਗ ਦਿੱਤਾ। ਸਮੁੱਚੇ ਸਮਾਗਮ ਦੌਰਾਨ ਸਟੇਜ ਸੈਕਟਰੀ ਦੀ ਸੇਵਾ ਉੱਘੇ ਪੰਥਕ ਵਿਦਵਾਨ ਭਾਈ ਭਗਵਾਨ ਸਿੰਘ ਜੌਹਲ ਨੇ ਬੜੀ ਬਾਖੂਬੀ ਨਾਲ ਨਿਭਾਈ। ਸਮਾਗਮ ਦੌਰਾਨ ਭਾਈ ਦਵਿੰਦਰ ਸਿੰਘ ਸੋਢੀ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ.ਇੰਦਰਜੀਤ ਸਿੰਘ ਮੱਕੜ ਸਮੇਤ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਸਾਂਝੇ ਤੌਰ ਤੇ ਸਮਾਗਮ ਅੰਦਰ ਪੁੱਜੀਆਂ ਧਾਰਮਿਕ ਸ਼ਖਸ਼ੀਅਤਾਂ ਸਮੇਤ ਸਮੂਹ ਕੀਰਤਨੀ ਜੱਥਿਆਂ ਨੂੰ ਸਿਰੋਪਾਉ ਬਖਸ਼ਿਸ਼ ਕਰਕੇ ਸਨਮਾਨਿਤ ਵੀ ਕੀਤਾ ,ਉੱਥੇ ਨਾਲ ਹੀ ਪਿਛਲੇ ਗੁਰਮਤਿ ਸਮਾਗਮਾਂ ਨੂੰ ਸਫਲਤਾਪੂਰਵਕ ਕਰਵਾਉਣ ਵਿੱਚ ਆਪਣਾ ਨਿੱਘਾ ਯੋਗਦਾਨ ਪਾਉਣ ਵਾਲੀ ਸ਼ਖਸ਼ੀਅਤ ਸਵ.ਅਮਰੀਕ ਸਿੰਘ ਮਿੱਕੀ ਜੀ ਦੀ ਮਾਤਾ ਬੀਬੀ ਚੰਨਣ ਕੌਰ ਨੂੰ ਵੀ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਬਲਜੀਤ ਸਿੰਘ ਬਾਵਾ, ਅਵਤਾਰ ਸਿੰਘ ਬੀ.ਕੇ.,ਹਰਬੰਸ ਸਿੰਘ ਰਾਜਾ,ਪਰਮਜੀਤ ਸਿੰਘ ਸੇਠੀ, ਹਰਪਾਲ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਭੁਟੀਆਨੀ, ਐੱਸ.ਪੀ. ਸਿੰਘ ਖੁਰਾਣਾ, ਸੰਦੀਪ ਸਿੰਘ ਧਵਨ, ਸਤਨਾਮ ਸਿੰਘ, ਬਹਾਦਰ ਸਿੰਘ, ਹਰਦੀਪ ਸਿੰਘ ਬਿੱਟੂ, ਸਾਗਰ ਸਿੰਘ ਖੁਸ਼ਦਿਲ ਸਿੰਘ, ਗੁਰਬਖਸ਼ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ, ਭੂਪਿੰਦਰ ਸਿੰਘ ਨਿਸ਼ਕਾਮ, ਮਨਿੰਦਰ ਸਿੰਘ ਆਹੂਜਾ, ਗੁਰਪ੍ਰੀਤ ਸਿੰਘ, ਬੀਬੀ ਜਸਲੀਨ ਕੌਰ, ਇੰਦਰਜੀਤ ਕੌਰ ,ਬੀਬੀ ਜਸਬੀਰ ਕੌਰ, ਬੀਬੀ ਕੁਲਵਿੰਦਰ ਕੌਰ ਬਿਲਗੇ ਵਾਲੇ, ਸ੍ਰ ਅਮਰਿੰਦਰ ਸਿੰਘ ਕੁੱਕੀ, ਸ਼੍ਰੀ ਅਨੀਲ ਖਟਵਾਨੀ , ਖੁਸ਼ਦਿਲ ਸਿੰਘ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ 'ਚ ਜੁੜੀਆਂ ਸੰਗਤਾਂ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਪ੍ਰੇਮ ਪਿਆਰ ਤੇ ਸਹਿਜਮਈ ਤੇ ਦੁੱਖਾਂ ਰਹਿਤ ਜ਼ਿੰਦਗੀ ਜਿਊਣ ਦਾ ਉਪਦੇਸ਼ ਦਿੰਦੇ ਹਨ-ਸੰਤ ਬਾਬਾ ਅਮੀਰ ਸਿੰਘ
ਲੁਧਿਆਣਾ 17 ਮਾਰਚ ( ਕਰਨੈਲ ਸਿੰਘ ਐੱਮ.ਏ. )- ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਗੁਰਮਤਿ ਸੰਗੀਤ ਦੇ ਪੁਰਾਤਨ ਤੇ ਅਸਲ ਸਰੂਪ ਦੀ ਬਹਾਲੀ ਲਈ ਜੀਵਨ ਭਰ ਕਾਰਜਸ਼ੀਲ ਸਿੱਖ ਕੌਮ ਦੀ ਅਜ਼ੀਮ ਸ਼ਖਸ਼ੀਅਤ ਸੱਚਖੰਡਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਸਿਰਜਿਤ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਵਿੱਚ ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫ਼ੁਰਮਾਇਆ ਕਿ ਮਨੁੱਖ ਆਪਣੇ ਮੰਦੇ ਅਮਲਾਂ ਕਾਰਨ ਦੁਨੀਆਂ ਤੇ ਆ ਕੇ ਸਭ ਕੁਝ ਭੁੱਲ ਜਾਂਦਾ ਹੈ ਕਿ ਉਹ ਕਿੱਥੋਂ ਆਇਆ, ਕਿੱਥੇ ਜਾਣਾ। ਪਰਮੇਸ਼ਰ ਨੂੰ ਭੁੱਲਿਆਂ ਨੂੰ ਏਥੇ ਸਭ ਕੁਝ ਆਪਣਾ ਲੱਗਣ ਲੱਗ ਪੈਂਦਾ ਹੈ। ਉਹ ਕਮਾਈ ਕਰਕੇ ਕਹਿੰਦਾ ਹੈ ਕਿ ਇਹ ਮੈਂ ਕੀਤਾ, ਮੈਂ ਲਿਆ, ਇਹ ਮੈਰਿਟ ਉਹ ਮੇਰਾ, ਇਸ ਤਰ੍ਹਾਂ ਮਨੁੱਖ ਹਉਂਮੈਂ ਆ ਜਾਂਦੀ ਹੈ। ਉਹ ਨਾਮ ਤਾਂ ਹੀ ਧਿਆ ਸਕਦਾ ਹੈ ਜੇਕਰ ਹਉਂਮੈਂ ਤੋਂ ਮੁਕਤੀ ਪਾ ਲਵੇ।  ਜਦੋਂ ਮਨੁੱਖ ਆਪਣੇ ਅੰਦਰੋਂ ਹਉਂਮੈਂ ਕੱਢ ਕੇ ਆਪਣੇ ਮਨ ਨੂੰ ਸਾਫ ਕਰ ਲਵੇ ਤਾਂ ਉਸਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਬਾਬਾ ਜੀ ਨੇ ਸਮਝਾਇਆ ਕਿ ਇਹ ਦੁਨੀਆ ਨਸਵਾਂ ਹੈ। ਇੱਥੇ ਰੁਤਬੇ, ਬਾਗ਼ ਬਗੀਚੇ, ਮਹਿਲ ਮਾੜੀਆਂ ਸ਼ਾਨੋ ਸ਼ੌਕਤ ਲਈ ਕਿਉਂ ਦਿਨ ਰਾਤ ਇੱਕ ਕੀਤੀ ਹੈ?  ਬਾਬਾ ਜੀ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਸਮਝਾਇਆ ਕਿ ਮਨੁੱਖੀ ਮਨ ਅੰਦਰ ਸੱਚ ਦਾ ਪ੍ਰਕਾਸ਼ ਦੇਣ ਦੀ ਸ਼ਕਤੀ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਕੋਲ ਹੈ। ਵਹਿਗੁਰੂ ਜੀ ਸਭ ਦੇ ਮਨਾਂ ਦੀਆਂ ਜਾਣਦੇ ਹਨ। ਗੁਰਬਾਣੀ ਨੇ ਵਿਖਾਵੇ ਦੇ ਮੁਕਾਬਲੇ ਸ਼ੁਭ ਅਮਲਾਂ ਤੇ ਜ਼ੋਰ ਦਿੱਤਾ। ਗੁਰੂ ਸਾਹਿਬ ਜੀ ਨੇ ਮਨੁੱਖ ਨੂੰ ਆਤਮਾਂ ਨੂੰ ਸ਼ੁੱਧ ਕਰਨ ਲਈ ਨਾਮ ਰੰਗ, ਪ੍ਰੇਮ ਭਗਤੀ, ਪ੍ਰਭੂ ਚਿੰਤਨ ਕਰਨ 'ਤੇ  ਜ਼ੋਰ ਦਿੱਤਾ। ਸਰਬੱਤ ਦਾ ਭਲਾ ਕਰਨ ਦਾ ਉਪਦੇਸ਼ ਦਿੱਤਾ। ਅਪਣੇ ਪ੍ਰਵਚਨਾਂ ਦੇ ਅੰਤਲੇ ਬੋਲਾਂ 'ਚ ਬਾਬਾ  ਜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਮਾਤਮਾਂ ਜਿਸ ਤੇ ਦਿਆਲ ਹੁੰਦਾ ਹੈ ਉਸ ਦੀਆਂ ਸਮੁੱਚੀਆਂ  ਇਛਾਵਾਂ ਪੂਰੀਆਂ ਹੁੰਦੀਆਂ ਨੇ, ਦੁਨੀਆਂ ਦੇ ਸਮੁੱਚੇ ਸੁੱਖਾਂ ਅਨੰਦਾਂ ਦੀ  ਪ੍ਰਾਪਤੀ ਹੋ ਜਾਂਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖ ਨੂੰ ਪ੍ਰੇਮ ਪਿਆਰ ਤੇ ਸਹਿਜਮਈ ਤੇ ਦੁੱਖਾਂ ਰਹਿਤ ਜ਼ਿੰਦਗੀ ਜਿਊਣ ਦਾ ਉਪਦੇਸ਼ ਦਿੰਦੇ ਹਨ।

ਹਰਪ੍ਰੀਤ ਸਿੰਘ ਸਰਾਂ ਹਲਕਾ ਦਾਖਾ ਦੇ ਕਿਸਾਨ ਵਿੰਗ ਦਾ ਕੁਆਡੀਨੇਟਰ ਨਿਯੁਕਤ

ਮੁੱਲਾਂਪੁਰ ਦਾਖਾ.17 ਮਾਰਚ (ਸਤਵਿੰਦਰ ਸਿੰਘ ਗਿੱਲ) ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਪ ਦੇ ਹਲਕਾ ਦਾਖਾ ਦੇ ਇੰਚਾਰਜ ਡਾ.ਕੇ.ਐੱਨ. ਐੱਸ ਕੰਗ ਦੀ ਦੇਖ ਰੇਖ ਹੇਠ ਹਰਪ੍ਰੀਤ ਸਿੰਘ ਸਰਾਂ ਤਲਵੰਡੀ ਖੁਰਦ ਨੂੰ ਹਲਕਾ ਦਾਖਾ ਦੇ ਕਿਸਾਨ ਵਿੰਗ ਦਾ ਕੁਆਡੀਨੇਟਰ ਨਿਯੁਕਤ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਵੱਲੋਂ ਹਰਪ੍ਰੀਤ ਸਿੰਘ ਸਰਾਂ ਦਾ ਸਨਮਾਨ ਵੀ ਕੀਤਾ ਗਿਆ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਾਕ ਪ੍ਰਧਾਨ ਸਤਵਿੰਦਰ ਸਿੰਘ ਸਵੱਦੀ ਕਲਾਂ ਨੇ ਪੱਤਰਕਾਰ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਭਾ ਦੀਆਂ ਚੌਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ।ਪੰਜਾਬ ਵਿੱਚ ਵੱਧ ਤੋਂ ਵੱਧ ਐੱਮ ਪੀ ਜਿਤਾ ਕੇ ਲੋਕ ਸਭਾ ਵਿੱਚ ਭੇਜਾਂਗੇ।ਇਸ ਮੌਕੇ ਸੋਸ਼ਲ ਮੀਡੀਆ ਇੰਚਾਰਜ ਜਗਦੀਪ ਸਿੰਘ ਸਵੱਦੀ ਕਲਾਂ, ਸਰਪੰਚ ਹਰਬੰਸ ਸਿੰਘ ਤਲਵੰਡੀ ਕਲਾਂ,ਐਸ ਸੀ ਵਿੰਗ ਕੁਆਡੀਨੇਟਰ ਕੁਲਦੀਪ ਸਿੰਘ ਭਰੋਵਾਲ, ਸੈਕਟਰੀ ਸੁੱਖਦਰਸ਼ਨ ਸਿੰਘ ਸਵੱਦੀ ਪੱਛਮੀ ,ਚਰਨਜੀਤ ਸਿੰਘ ਭਰੋਵਾਲ, ਸੈਕਟਰੀ ਨਿਰਮਲਜੀਤ ਸਿੰਘ, ਸੈਕਰਟਰੀ ਮਨਮੋਹਨ ਸਿੰਘ ਮਾਜਰੀ, ਬਲਵੀਰ ਸਿੰਘ ਧੋਥੜ ਆਦਿ ਸ਼ਾਮਿਲ ਸਨ।

ਮੇਜਰ ਸਿੰਘ ਦਿਉਲ ਯੂ.ਐੱਸ.ਏ ਵੱਲੋਂ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ ਵਿੱਚ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਦਿਉਲ ਪਰਿਵਾਰ ਵੱਲੋਂ ਡੇਢ ਦਹਾਕੇ ਤੋਂ ਕੀਤੀ ਜਾ ਰਹੀ ਲੋੜਵੰਦਾਂ ਦੀ ਮੱਦਦ ਕਾਬਲੇ -ਤਾਰੀਫ – ਸੰਧੂ, ਮੁੱਲਾਂਪੁਰ
ਮੁੱਲਾਂਪੁਰ ਦਾਖਾ 17 ਮਾਰਚ (ਸਤਵਿੰਦਰ ਸਿੰਘ ਗਿੱਲ)   ਸਮਾਜ ਅੰਦਰ ਬਹੁਤ ਸਾਰੇ ਧਨੀ ਲੋਕ ਰਹਿੰਦੇ ਹਨ, ਪਰ ਕੋਈ ਵਿਰਲੇ ਹੀ ਹੁੰਦੇ ਹਨ ਜੋ ਦੂਸਰਿਆਂ ਦੀ ਨਿਰਸਵਾਰਥ ਸੇਵਾ ਵਿੱਚ ਜੁਟੇ ਹੋਣ। ਪਰ ਮੇਜਰ ਸਿੰਘ ਦਿਉਲ ਯੂ.ਐੱਸ.ਏ ਵੱਲੋਂ ਹਰੇਕ ਸਾਲ ਕੀਤੀ ਜਾਂਦੀ ਲੋੜਵੰਦਾਂ ਦੀ ਸੇਵਾ ਜੋ ਕਿ ਡੇਢ ਦਹਾਕੇ ਤੋਂ ਪਾਰ ਹੋ ਚੁੱਕੀ ਹੈ, ਇਹ ਸੇਵਾ ਕਾਬਲ-ਏ-ਤਾਰੀਫ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਤੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਲੁਧਿਆਣਾ (ਦਿਹਾਤੀ) ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਬੀਤੇ ਦਿਨੀਂ ਪਿੰਡ ਬੋਪਾਰਾਏ, ਢੱਟ ਅਤੇ ਪੰਡੋਰੀ ਵਿਖੇ ਮੇਜਰ ਸਿੰਘ ਦਿਉਲ ਵੱਲੋਂ ਆਪਣੇ ਪੁੱਤਰ ਜਸਪਾਲ ਸਿੰਘ ਦਿਉਲ ਯੂ.ਐੱਸ.ਏ ਦੇ ਵਿਆਹ ਦੀ ਖੁਸ਼ੀ ਵਿੱਚ ਭੇਜੀ ਰਾਸ਼ਨ ਸਮੱਗਰੀ ਦੀ ਸ਼ੁਰੂਆਤ ਕਰਵਾਉਣ ਸਮੇਂ ਚੋਣਵੇਂ ਪੱਤਰਕਾਰਾਂ ਨਾਲ ਸ਼ਾਂਝੇ ਕੀਤੇ। ਉਨ੍ਹਾਂ ਨਾਲ ਸਾਬਕਾ ਸਰਪੰਚ ਕੁਲਵੰਤ ਸਿੰਘ ਬੋਪਾਰਾਏ, ਰਛਪਾਲ ਸਿੰਘ ਰਾਣਾ, ਰਣਜੀਤ ਸਿੰਘ, ਪ੍ਰੀਤਮ ਸਿੰਘ, ਸਾਧੂ ਸਿੰਘ ਫੌਜੀ, ਰਾਜਵੀਰ ਸਿੰਘ, ਗੁਰਮੇਲ ਸਿੰਘ, ਰੁਲਦਾ ਸਿੰਘ, ਮਾਤਾ ਰਣਜੀਤ ਕੌਰ, ਸੁਰਿੰਦਰ ਸਿੰਘ ਡੀਪੀ ਢੱਟ, ਹਰਿੰਦਰ ਸਿੰਘ ਹਿੰਦਰੀ, ਸੋਨੀ ਰਕਬਾ ਅਤੇ ਅਵਤਾਰ ਸਿੰਘ ਕੈਨੇਡਾ ਆਦਿ ਹਾਜਰ ਸਨ।
          ਕੈਪਟਨ ਸੰਧੂ ਤੇ ਮੁੱਲਾਂਪੁਰ ਨੇ ਸ਼ਾਂਝੇ ਤੌਰ ’ਤੇ ਕਿਹਾ ਕਿ ਮੇਜਰ ਸਿੰਘ ਦਿਉਲ ਯੂ.ਐੱਸ.ਏ ਨੇ ਵਿਦੇਸ਼ਾਂ ਦੀ ਧਰਤੀ ਤੇ ਕਾਰੋਬਾਰ ਦੇ ਝੰਡੇ ਗੱਡੇ ਹਨ ਜੋ ਹਮੇਸਾਂ ਆਪਣੇ ਵਤਨ ਦੇ ਲੋਕਾਂ ਦੇ ਲਈ ਭਲਾਈ ਕਾਰਜਾਂ ਵਿੱਚ ਵਧ ਚੜ੍ਹਕੇ ਹਿੱਸਾ ਲੈਂਦੇ ਆ ਰਹੇ ਹਨ। ਉਨ੍ਹਾਂ ਵੱਲੋਂ ਪਿੰਡ ਅੰਦਰ ਕੀਤੇ ਅਨੇਕਾਂ ਹੀ ਕਾਰਜ ਆਪਣੇ-ਆਪ ਵਿੱਚ ਇੱਕ ਮਿਸਾਲ ਹਨ।
             ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਕਿਹਾ ਕਿ ਹਰੇਕ ਸਾਲ ਦੀ ਤਰ੍ਹਾਂ ਐਂਤਕੀ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਵੰਡੀ ਗਈ। ਪਹਿਲਾ ਉਹ ਠੰਡ ਸ਼ੁਰੂ ਹੋਣ ਤੋਂ ਪਹਿਲਾ ਗਰਮ ਕੰਬਲ ਅਤੇ ਸ਼ਾਲ ਆਦਿ ਵੰਡਦੇ ਸਨ। ਐਂਤਕੀ ਸਮਾਜ ਸੇਵੀ ਦਿਉਲ ਪਰਿਵਾਰ ਵੱਲੋਂ ਰਾਸ਼ਨ ਵੰਡਣ ਦੀ ਤਾਕੀਦ ਕੀਤੀ ਗਈ। ਦਿਉਲ ਪਰਿਵਾਰ ਦੀ ਸਹਿਮਤੀ ਨਾਲ ਹੀ ਉਕਤ ਆਗੂਆਂ ਦੀ ਹਾਜਰੀ ਵਿੱਚ ਸ੍ਰ ਮੇਜਰ ਸਿੰਘ ਦਿਉਲ ਦੇ ਲਾਡਲੇ ਫਰਜ਼ੰਦ ਜਸਪਾਲ ਸਿੰਘ ਦਿਉਲ ਯੂ.ਐੱਸ.ਏ ਦੇ ਵਿਆਹ ਦੀ ਖੁਸ਼ੀ ਵਿੱਚ ਤਿੰਨ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਸਾਬਕਾ ਸਰਪੰਚ ਕੁਲਵੰਤ ਸਿੰਘ ਅਨੁਸਾਰ ਇਹ ਪਰਿਵਾਰ ਲੋੜਵੰਦਾਂ ਦੀ ਮੱਦਦ ਕਰਨ ਲਈ ਹਮੇਸਾਂ ਤੱਤਪਰ ਰਹਿੰਦਾ ਹੈ, ਇਸ ਤੋਂ ਪਹਿਲਾ ਵੀ ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ ਜੋ ਦਿਉਲ ਦੇ ਪਰਿਵਾਰ ਦੇ ਨਜ਼ਦੀਕੀ ਰਿਸਤੇਦਾਰ ਹਨ ਉਨ੍ਹਾਂ ਵੱਲੋਂ ਜਨਵਰੀ-ਫਰਵਰੀ ਮਹੀਨੇ ਰਾਸ਼ਨ ਵੰਡਣ ਦੀ ਸ਼ੁਰੂਆਤ ਕੀਤੀ ਸੀ।

3 ਵੱਖ ਵੱਖ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਸੀਆਈਏ ਸਟਾਫ ਪੁਲਿਸ ਨੇ ਕਾਬੂ ਕੀਤੇ 6 ਨਸ਼ਾ ਤਸਕਰ

ਕਾਬੂ ਕੀਤੇ ਨਸ਼ਾ ਤਸਕਰਾਂ ਤੋਂ ਬਰਾਮਦ ਹੋਈ 2 ਕਿਲੋ 600 ਗ੍ਰਾਮ ਅਫੀਮ
ਜਗਰਾਉਂ 14 ਮਾਰਚ( ਅਮਿਤ ਖੰਨਾ )   ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸੀਆਈਏ ਸਟਾਫ ਪੁਲਿਸ ਨੇ 3 ਵੱਖ ਵੱਖ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਹੋਇਆਂ 6 ਨਸ਼ਾ ਤਸਕਰਾਂ ਨੂੰ 2 ਕਿਲੋ 600 ਗ੍ਰਾਮ ਅਫੀਮ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪਹਿਲੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਸੀਆਈਏ ਸਟਾਫ ਦੇ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਇਲਾਕੇ ਵਿੱਚ ਗਸ਼ਤ ਦੌਰਾਨ ਪਿੰਡ ਅਮਰਗੜ੍ਹ ਕਲੇਰ ਮੌਜੂਦ ਸਨ ਤਾਂ  ਸੂਚਨਾ ਮਿਲੀ ਕੀ ਪਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬਹਿਲਾ ਜ਼ਿਲ੍ਹਾ ਤਰਨ ਤਾਰਨ ਅਤੇ ਸਤਨਾਮ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਨੂਰਦੀ ਜ਼ਿਲ੍ਹਾ ਤਰਨ ਤਾਰਨ ਦੋਵੇਂ ਬਾਹਰਲੀਆਂ ਸਟੇਟਾਂ ਤੋਂ ਸਸਤੇ ਭਾਅ ਅਫੀਮ ਲਿਆ ਕੇ ਵੇਚਣ ਦਾ ਕਾਰੋਬਾਰ ਕਰਦੇ ਹਨ ਅਤੇ ਅੱਜ ਵੀ ਆਪਣੀ ਵਰਨਾ ਕਾਰ ਨੰਬਰ ਪੀ.ਬੀ 35 ਵੀ 5005 ਚ ਸਵਾਰ ਹੋ ਕੇ ਮੋਗਾ ਸਾਈਡ ਤੋਂ ਜਗਰਾਉਂ ਵੱਲ ਆ ਰਹੇ ਹਨ। ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਿਲੀ ਸੂਚਨਾ ਦੇ ਅਧਾਰ ਤੇ ਜਗਰਾਉਂ ਮੋਗਾ ਮੁੱਖ ਮਾਰਗ ਉੱਪਰ ਪੈਂਦੇ ਗੁਰੂਸੁਰ ਗੇਟ ਦੇ ਨਜਦੀਕ ਨਾਕਾਬੰਦੀ ਦੌਰਾਨ ਕਾਰ ਸਵਾਰ ਦੋਹਾਂ ਨਸ਼ਾ ਤਸਕਰਾਂ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕਰ ਥਾਣਾ ਸਦਰ ਜਗਰਾਉਂ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ‌। ਦੂਸਰੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਸੀਆਈਏ ਸਟਾਫ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਇਲਾਕੇ ਵਿੱਚ ਗਸ਼ਤ ਦੌਰਾਨ ਝਾਂਸੀ ਰਾਣੀ ਚੌਂਕ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਰੇਸ਼ਮ ਸਿੰਘ ਅਤੇ ਸੁਰਜੀਤ ਸਿੰਘ ਉਰਫ ਜੋਬਨ ਪੁੱਤਰ ਗੁਰਸਾਹਿਬ ਸਿੰਘ ਵਾਸੀ ਰਾਜੋਕੇ ਜ਼ਿਲ੍ਹਾ ਤਰਨ ਤਾਰਨ ਰਾਜਸਥਾਨ ਤੋਂ ਸਸਤੇ ਅਫੀਮ ਲਿਆ ਕੇ ਜਗਰਾਉਂ ਦੇ ਏਰੀਏ ਵਿੱਚ ਵੇਚਣ ਦਾ ਕੰਮ ਕਰਦੇ ਹਨ ਅਤੇ ਅੱਜ ਵੀ ਬੱਸ ਰਾਹੀਂ ਜਗਰਾਉਂ ਆ ਕੇ ਮਲਕ ਚੌਂਕ ਦੇ ਏਰੀਏ ਵਿੱਚ ਅਫੀਮ ਦੀ ਸਪਲਾਈ ਦੇਣ ਜਾਂਣਗੇ। ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਿਲੀ ਜਾਣਕਾਰੀ ਦੇ ਆਧਾਰ ਤੇ ਇਹਨਾਂ ਦੋਹਾਂ ਨਸ਼ਾ ਤਸਕਰਾਂ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕਰ ਥਾਣਾ ਸਿਟੀ ਜਗਰਾਉਂ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਤੀਸਰੇ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਸੀਆਈਏ ਸਟਾਫ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਇਲਾਕੇ ਵਿੱਚ ਗਸ਼ਤ ਦੌਰਾਨ ਮਲਕ ਚੌਂਕ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਲੋਕੇਸ਼ ਸਿੱਗੜ ਉਰਫ ਲੱਕੀ ਚੌਧਰੀ ਪੁੱਤਰ ਮੂਲ ਚੰਦ ਚੌਧਰੀ ਵਾਸੀ ਵਾਰਡ ਨੰਬਰ 13 ਭਗਤ ਸਿੰਘ ਕਲੋਨੀ ਸੀਕਰ(ਰਾਜਸਥਾਨ) ਅਤੇ ਲੋਕੇਸ਼ ਕੁਮਾਰ ਪੁੱਤਰ ਹਰਫੂਲ ਰਾਠੀ ਵਾਸੀ ਪਿੰਡ ਰਿੰਗਜ ਜ਼ਿਲਾ ਸੀਕਰ (ਰਾਜਸਥਾਨ) ਦੋਵੇਂ ਰਾਜਸਥਾਨ ਤੋਂ ਸਸਤੇ ਭਾ ਅਫੀਮ ਲਿਆ ਕੇ ਜਗਰਾਉਂ ਦੇ ਇਲਾਕਿਆਂ ਵਿੱਚ ਵੇਚਣ ਦਾ ਕੰਮ ਕਰਦੇ ਹਨ ਅਤੇ ਅੱਜ ਵੀ ਦੋਵੇਂ ਮੋਗਾ ਵੱਲੋਂ ਅਫੀਮ ਲਿਆ ਕੇ ਜਗਰਾਉਂ ਸ਼ਹਿਰ ਵੱਲ ਆ ਰਹੇ ਹਨ ਅਤੇ ਅਫੀਮ ਦੀ ਸਪਲਾਈ ਦੇਣ ਲਈ ਸਿੱਧਵਾਂ ਬੇਟ ਰੋਡ ਵੱਲ ਜਾਣਗੇ। ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਿਲੀ ਜਾਣਕਾਰੀ ਦੇ ਅਧਾਰ ਤੇ ਅਫੀਮ ਵੇਚਣ ਦਾ ਕੰਮ ਕਰਨ ਵਾਲੇ ਇਹਨਾਂ ਦੋਹਾਂ ਨਸ਼ਾ ਤਸਕਰਾਂ ਨੂੰ 600 ਗ੍ਰਾਮ ਅਫੀਮ ਸਮੇਤ ਕਾਬੂ ਕਰ ਥਾਣਾ ਸਿਟੀ ਜਗਰਾਉਂ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਬੀਬੀ ਮਾਣੂੰਕੇ ਵੱਲੋਂ ਮੁਹੱਲਾ ਰਾਮ ਨਗਰ ਵਾਸੀਆਂ ਨੂੰ ਰਸਤਾ ਦਿਵਾਉਣ ਲਈ ਯਤਨ ਤੇਜ਼

ਐਸ.ਡੀ.ਐਮ.ਗੁਰਬੀਰ ਸਿੰਘ ਕੋਹਲੀ ਨਾਲ ਮੌਕੇ ਦਾ ਲਿਆ ਜਾਇਜ਼ਾ
ਜਗਰਾਓ, 14 ਮਾਰਚ (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ)ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਰੇਕ ਵਰਗ ਦੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦਿਵਾਉਣ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ ਅਤੇ ਹੁਣ ਵੀ ਉਹ ਜਗਰਾਉਂ ਦੇ ਸ਼ੇਰਪੁਰਾ ਰੋਡ ਉਪਰ ਰੇਲਵੇ ਫਾਟਕਾਂ ਦੇ ਨਜ਼ਦੀਕ ਵਸੇ ਮੁਹੱਲਾ ਰਾਮ ਨਗਰ ਦੇ ਵਾਸੀਆਂ ਨੂੰ ਰਸਤਾ ਦਿਵਾਉਣ ਲਈ ਸਰਗਰਮ ਹਨ। ਵਿਧਾਇਕਾ ਮਾਣੂੰਕੇ ਵੱਲੋਂ ਪਹਿਲਾਂ ਰੇਲਵੇ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਪੱਤਰ-ਵਿਹਾਰ ਕਰਕੇ ਮੁਹੱਲਾ ਵਾਸੀਆਂ ਨੂੰ ਰਸਤਾ ਦੇਣ ਲਈ ਯਤਨ ਕੀਤੇ ਗਏ ਅਤੇ ਹੁਣ ਡਿਪਟੀ ਕਮਿਸ਼ਨਰ ਲੁਧਿਆਣਾ ਨਾਲ ਰਾਬਤਾ ਕਰਕੇ ਮੁਹੱਲੇ ਦੇ ਲੋਕਾਂ ਦੀ ਸਮੱਸਿਆ ਹੱਲ ਕਰਨ ਲਈ ਕਾਰਵਾਈ ਆਰੰਭੀ ਗਈ ਹੈ। ਵਿਧਾਇਕਾ ਮਾਣੂੰਕੇ ਵੱਲੋਂ ਅੱਜ ਐਸ.ਡੀ.ਐਮ.ਜਗਰਾਉਂ ਗੁਰਬੀਰ ਸਿੰਘ ਕੋਹਲੀ ਅਤੇ ਹੋਰ ਅਧਿਕਾਰੀਆਂ ਨਾਲ ਮੁਹੱਲਾ ਰਾਮ ਨਗਰ ਵਿਖੇ ਪਹੁੰਚਕੇ ਮੌਕਾ ਦੇਖਿਆ ਗਿਆ ਅਤੇ ਮੁਹੱਲੇ ਦੇ ਨਾਲ ਲੱਗਦੇ ਵਿਭਾਗਾਂ ਦੀ ਜਗ੍ਹਾ ਨਾਲ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁਹੱਲਾ ਰਾਮ ਨਗਰ ਨੂੰ ਰਸਤਾ ਦੇਣ ਲਈ ਲੋੜੀਂਦੀ ਜਗ੍ਹਾ ਦੀ ਮਿਣਤੀ ਕੀਤੀ ਜਾਵੇ ਅਤੇ ਹੋਰ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਸਾਡਾ ਦੇਸ਼ ਅਜ਼ਾਦ ਹੋਏ ਨੂੰ 76 ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਚੁੱਕਾ ਹੈ, ਪਰੰਤੂ ਮੁਹੱਲਾ ਰਾਮ ਨਗਰ ਦੇ ਵਾਸੀਆਂ ਰੋਜ਼ਮਰ੍ਹਾ ਦੇ ਕੰਮ ਕਾਜ਼ ਲਈ ਬਾਹਰ ਜਾਣ ਵਾਸਤੇ ਕੋਈ ਪੱਕਾ ਰਸਤਾ ਹੀ ਨਹੀਂ ਹੈ। ਜਦੋਂ ਕਿ ਮੁਹੱਲਾ ਰਾਮ ਨਗਰ ਵਿੱਚ 250 ਦੇ ਲਗਭਗ ਘਰ ਵਸੇ ਹੋਏ ਹਨ ਅਤੇ ਮੁਹੱਲਾ ਵਾਸੀ ਪਿਛਲੀਆਂ ਸਰਕਾਰਾਂ ਨੂੰ ਰਸਤਾ ਦਿਵਾਉਣ ਲਈ ਬੇਨਤੀਆਂ ਕਰਦੇ ਰਹੇ, ਪਰੰਤੂ ਕਿਸੇ ਨੇ ਵੀ ਸਾਰ ਨਹੀਂ ਲਈ। ਬੀਬੀ ਮਾਣੂੰਕੇ ਨੇ ਆਖਿਆ ਕਿ ਉਹਨਾਂ ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਮੁਹੱਲਾ ਵਾਸੀਆਂ ਨੂੰ ਰਸਤਾ ਦਿਵਾਉਣ ਲਈ ਜੁਟੇ ਹੋਏ ਹਨ ਅਤੇ ਮੁਹੱਲੇ ਦੇ ਆਸੇ-ਪਾਸੇ ਪਈ ਵੱਖ-ਵੱਖ ਵਿਭਾਗਾਂ ਦੀ ਜਗ੍ਹਾ ਨਾਲ ਸਬੰਧਿਤ ਅਧਿਕਾਰੀਆਂ ਨੂੰ ਪੱਤਰ ਵਿਹਾਰ ਵੀ ਕਰ ਚੁੱਕੇ ਹਨ ਅਤੇ ਨਿੱਜੀ ਤੌਰਤੇ ਰਾਬਤਾ ਵੀ ਕਰ ਚੁੱਕੇ ਹਨ। ਉਹਨਾਂ ਆਖਿਆ ਕਿ ਸਾਰੀਆਂ ਕਾਨੂੰਨੀ ਅਤੇ ਵਿਭਾਗੀ ਪ੍ਰਕਿਰਿਆਵਾਂ ਮੁਕੰਮਲ ਕਰਵਾਕੇ ਮੁਹੱਲਾ ਵਾਸੀਆਂ ਨੂੰ ਰਸਤਾ ਦਿਵਾਇਆ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਰੀਡਰ ਸੁਖਦੇਵ ਸਿੰਘ ਸ਼ੇਰਪੁਰੀ, ਹੀਰਾ ਸਿੰਘ ਅਤੇ ਨਗਰ ਕੌਂਸਲ ਦੇ ਅਧਿਕਾਰੀ ਵੀ ਹਾਜ਼ਰ ਸਨ।

ਭਾਰਤ ਰਤਨ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਹੋਈ ਮੀਟਿੰਗ।    

      ਜਗਰਾਉਂ 14 ਮਾਰਚ( ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)  ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਸਬੰਧੀ ਜਗਰਾਉਂ ਨਗਰ ਕੌਂਸਲ ਦੇ ਮੀਟਿੰਗ ਹਾਲ ਵਿੱਚ ਵੱਖ ਵੱਖ ਟਰਸਟਾਂ ਐਸੀ ਸਮਾਜ ਦੇ ਨੁਮਾਇੰਦਿਆਂ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਕੁਲਵੰਤ ਸਿੰਘ ਸਹੋਤਾ ਵੱਲੋਂ ਸਾਰਿਆਂ ਨੂੰ ਜੀ ਆਇਆ ਆਖ ਕੇ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਆਪਣੇ ਆਪਣੇ ਵਿਚਾਰ ਰੱਖੇ, ਸਾਰਿਆਂ ਦੇ ਵਿਚਾਰ ਸੁਣਨ ਤੋਂ ਬਾਅਦ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। 11 ਮੈਂਬਰੀ ਕਮੇਟੀ ਵੱਲੋਂ ਵਧੀਆ ਸੁਝਾਵਾਂ ਨੂੰ ਧਿਆਨ ਵਿੱਚ ਲਿਆ ਕੇ ਉਹਨਾਂ ਦੇ ਉੱਪਰ ਮੋਹਰ ਲਾਈ ਗਈ। ਬਾਬਾ ਸਾਹਿਬ ਦੇ ਜਨਮ ਦਿਹਾੜੇ ਉੱਪਰ ਪੜ੍ਨ ਜੁੜਨ ਤੇ ਸੰਘਰਸ਼ ਕਰਨ ਨੂੰ ਪਹਿਲ ਦੇਣ ਅਤੇ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਪੁਰਜੋਰ ਯਤਨ ਕਰਨ ਤੇ ਸਹਿਮਤੀ ਪ੍ਰਗਟ ਕੀਤੀ ਗਈ l 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਹਾੜਾ 10 ਵਜੇ ਤੋਂ ਲੈ ਕੇ 2 ਵਜੇ ਤੱਕ ਮਨਾਇਆ ਜਾਵੇਗਾ। ਜਿਸ ਵਿੱਚ ਬੁੱਧੀਜੀਵੀ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਯਤਨ ਕਰਨਗੇl ਪ੍ਰੋਗਰਾਮ ਵਿੱਚ ਬੱਚਿਆਂ ਦੇ ਸਵਾਲ ਜਵਾਬ ਹੋਣਗੇ ਜਿਨਾਂ ਦੇ ਉੱਪਰ ਬੱਚਿਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਆਈ ਹੋਈ ਸੰਗਤ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਸਤੀਸ਼ ਕੁਮਾਰ ਦੌਧਰੀਆ ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ ਰਿਟਾਇਰਡ ਪ੍ਰਿੰਸੀਪਲ ਰਜਿੰਦਰ ਸਿੰਘ ਕਾਉਂਕੇ ਰਿਟਾਇਰਡ ਪ੍ਰਿੰਸੀਪਲ ਕਾਨਤਾ ਰਾਣੀ ਮਾਸਟਰ ਰਣਜੀਤ ਸਿੰਘ ਹਠੂਰ ਮਾਸਟਰ ਰਸ਼ਪਾਲ ਸਿੰਘ ਸਫਾਈ ਯੂਨੀਅਨ ਨਗਰ ਕੌਂਸਲ ਦੇ ਪ੍ਰਧਾਨ ਅਰੁਣ ਕੁਮਾਰ ਗਿੱਲ ਪ੍ਰਧਾਨ ਅੰਮ੍ਰਿਤ ਲਾਲ ਧਾਲੀਵਾਲ ਸੁਖਦੇਵ ਸਿੰਘ ਕਾਉਂਕੇ ਰਿਟਾਇਰਡ ਬੈਂਕ ਅਫਸਰ ਪ੍ਰੇਮ ਲੋਹਟ ਰਜਿੰਦਰ ਸਿੰਘ ਧਾਲੀਵਾਲ ਜਗਜੀਤ ਸਿੰਘ ਸਰਪੰਚ ਦਰਸ਼ਨ ਸਿੰਘ ਪੂਨਾ ਡਾਕਟਰ ਜਸਵੀਰ ਸਿੰਘ ਡਾਕਟਰ ਨਿਰਮਲ ਸਿੰਘ ਭੁੱਲਰ ਕੈਪਟਨ ਸ਼ਮਸ਼ੇਰ ਸਿੰਘ ਮਹਿੰਗਾ ਸਿੰਘ ਸਤੀਸ਼ ਕੁਮਾਰ ਬੱਗਾ ਰਿਟਾਇਰਡ ਸਬ ਇੰਸਪੈਕਟਰ ਹਰਦੇਵ ਸਿੰਘ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਤੇਜ ਸਿੰਘ ਗੇਜਾ ਕੁਲਵੰਤ ਸਿੰਘ ਸਹੋਤਾ ਮਨਜੀਤ ਸਿੰਘ ਧਾਲੀਵਾਲ ਖਾਲਸਾ ਗੁਰਚਰਨ ਸਿੰਘ ਦਲੇਰ ਮੈਨੇਜਰ ਬਲਵਿੰਦਰ ਸਿੰਘ ਸੁਨੀਲ ਕੁਮਾਰ ਸੁਰਜੀਤ ਸਿੰਘ ਪ੍ਰਦੀਪ ਕੁਮਾਰ ਆਸ਼ਾ ਰਾਣੀ ਰਾਜ ਕੁਮਾਰ ਆਦੀ ਵੱਡੀ ਗਿਣਤੀ ਦੇ ਵਿੱਚ ਨੁਮਾਇੰਦੇ ਹਾਜ਼ਰ ਹੋਏ।