ਲੁਧਿਆਣਾ

ਲੁਧਿਆਣਾ ਦੇ ਕਾਲਜਾਂ 'ਚ ਵੋਟਰ ਰਜਿਸਟ੍ਰੇਸ਼ਨ ਕੈਂਪ ਸ਼ੁਰੂ

ਲੁਧਿਆਣਾ, 18 ਮਾਰਚ (ਟੀ. ਕੇ. ) - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਮੁਹਿੰਮ ਦੇ ਹਿੱਸੇ ਵਜੋਂ ਅੱਜ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਏ।

ਇਹ ਕੈਂਪ ਐਸ.ਸੀ.ਡੀ. ਸਰਕਾਰੀ ਕਾਲਜ, ਸ੍ਰੀ ਅਰਬਿੰਦੋ ਕਾਲਜ ਆਫ਼ ਕਾਮਰਸ ਐਂਡ ਮੈਨੇਜਮੈਂਟ, ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ, ਗੁਰੂ ਨਾਨਕ ਖ਼ਾਲਸਾ ਕਾਲਜ (ਲੜਕੀਆਂ) ਮਾਡਲ ਟਾਊਨ, ਜੀ.ਟੀ.ਬੀ. ਨੈਸ਼ਨਲ ਕਾਲਜ ਦਾਖਾ ਅਤੇ ਆਈ.ਟੀ.ਆਈ. ਗਿੱਲ ਰੋਡ ਵਿਖੇ ਲਗਾਏ ਗਏ। ਨੌਜਵਾਨਾਂ ਨੂੰ ਵੋਟਰ ਹੈਲਪਲਾਈਨ ਮੋਬਾਈਲ ਐਪਲੀਕੇਸ਼ਨ ਦੇ ਕੰਮਕਾਜ ਬਾਰੇ ਜਾਗਰੂਕ ਕੀਤਾ ਗਿਆ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਣ ਲਈ ਇਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਨਵੇਂ ਵੋਟਰਾਂ ਨੇ ਮੌਕੇ 'ਤੇ ਹੀ ਵੋਟਰ ਰਜਿਸਟ੍ਰੇਸ਼ਨ ਫਾਰਮ ਵੀ ਭਰੇ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਨਵੇਂ ਵੋਟਰ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਰਾਹੀਂ ਆਪਣੇ ਆਪ ਨੂੰ ਆਨਲਾਈਨ ਵੀ ਰਜਿਸਟਰ ਕਰਵਾ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ। ਉਨ੍ਹਾਂ ਕਿਹਾ ਕਿ ਇਹ ਕੈਂਪ ਦੇਸ਼ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਨੌਜਵਾਨਾਂ ਨੂੰ ਲੋਕਤੰਤਰ ਵਿੱਚ ਵੱਡੇ ਯੋਗਦਾਨ ਲਈ ਵੋਟਰ ਰਜਿਸਟ੍ਰੇਸ਼ਨ ਲਈ ਅੱਗੇ ਆਉਣ ਲਈ ਵੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅਜਿਹੇ ਰਜਿਸਟ੍ਰੇਸ਼ਨ ਕੈਂਪ ਹੋਰ ਕਾਲਜਾਂ ਵਿੱਚ ਲਗਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਵਿੱਚ ਚੋਣ ਪ੍ਰਕਿਰਿਆ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

11ਵਾਂ ਮੁਫ਼ਤ ਹੋਮਿਓਪੈਥਿਕ ਕੈਂਪ ਗਰਲਜ ਪਬਲਿਕ ਸਕੂਲ ਗਿੱਲ ਰੋਡ ਵਿਖੇ ਲਗਾਇਆ ਗਿਆ

ਲੁਧਿਆਣਾ( ਕਰਨੈਲ ਸਿੰਘ ਐੱਮ.ਏ.) 
ਸ਼ਹੀਦ ਏ-ਆਜਮ ਸ੍ਰ: ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 11ਵਾਂ ਮੁਫ਼ਤ  ਹੋਮਿਓਪੈਥਿਕ ਕੈਂਪ ਸਾਬਕਾ ਕੌਂਸਲਰ ਸਰਬਜੀਤ ਸਿੰਘ ਕਾਕਾ ਦੀ ਅਗਵਾਈ ਹੇਠ ਗਰਲਜ ਪਬਲਿਕ ਸਕੂਲ, ਮੁਰਾਦਪੁਰਾ ਮੁਹੱਲਾ, ਗਿੱਲ ਰੋਡ ਵਿਖੇ ਵਾਰਡ  ਨੰਬਰ 74 ਵਿਖੇ ਲਗਾਇਆ ਗਿਆ ਹੈ। ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ  ਭਾਜਪਾ ਆਗੂ ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਭਾਜਪਾ ਆਗੂ ਸਰਬਜੀਤ ਸਿੰਘ ਕਾਕਾ  ਸਮੇਂ-ਸਮੇਂ ਤੇ ਇਲਾਕਾ ਨਿਵਾਸੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਂਦੇ ਰਹਿੰਦੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ  ਜਿਸ ਕਰਕੇ ਬਹੁਤ ਸਾਰੇ ਜ਼ਰੂਰਤਮੰਦ ਲੋਕਾਂ ਨੂੰ ਇਹਨਾਂ ਕੈਂਪਾਂ ਦਾ ਫਾਇਦਾ ਹੁੰਦਾ ਹੈ। ਇਹ ਕੈਂਪ ਹਰ ਮਹੀਨੇ ਅਨੇਜਾ ਹੈਮਿਓਪੈਥਿਕ ਕਲੀਨਿਕ ਦੇ ਸਹਿਯੋਗ  ਨਾਲ ਲਗਾਇਆ ਜਾਂਦਾ ਹੈ । ਇਸ ਮੌਕੇ ਭਾਜਪਾ ਆਗੂ ਸਰਬਜੀਤ ਸਿੰਘ ਕਾਕਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਜਮਾਂਦਰੂ ਬੋਲੇ ਅਤੇ ਗੂੰਗੇ, ਕਿਸੇ ਅੰਗ ਦਾ ਵਿਕਾਸ ਨਾ ਹੋਣਾ ਜਾਂ ਰੁਕ ਜਾਣਾ ਜਾਂ ਬੁੱਧੀ ਤੋਂ ਘੱਟ ਵਿਕਸਿਤ ਹੋਣ ਵਾਲੇ ਬੱਚਿਆਂ ਦਾ ਇਲਾਜ ਵਿਸ਼ੇਸ਼  ਤੌਰ ਤੇ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਹਰ ਮਹੀਨੇ ਦੀ ਦਵਾਈ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਡਾਕਟਰ  ਰਚਨਾ ਅਤੇ ਨਿਤਿਸ਼ ਅਨੇਜਾ ਆਪਣੀ ਪੂਰੀ ਟੀਮ ਨਾਲ ਫ਼ਰੀ ਚੈੱਕਅਪ ਕਰਕੇ ਅਤੇ ਅੱਧੇ ਰੇਟਾਂ ਤੇ ਟੈਸਟ ਵੀ ਕਰਦੇ ਹਨ | ਉਹਨਾਂ  ਦੱਸਿਆ ਕਿ ਅਗਲਾ ਕੈਂਪ 21 ਅਪ੍ਰੈਲ  ਦਿਨ ਐਤਵਾਰ ਨੂੰ ਇਸੇ ਸਥਾਨ ਤੇ  ਲਗਾਇਆ ਜਾ ਰਿਹਾ ਹੈ । ਇਸ ਮੌਕੇ ਰਣਜੀਤ ਸਿੰਘ ਉਭੀ ਸਾਬਕਾ ਕੌਂਸਲਰ ,ਰਛਪਾਲ  ਸਿੰਘ ਪ੍ਰਧਾਨ ਗੁਰਦਵਾਰਾ ਸਿੰਘ ਸਭਾ ਮੁਰਾਦਪੁਰ ,ਮਨੋਹਰ ਸਿੰਘ ਮੱਕੜ ਸਾਬਕਾ ਕੌਸਲਰ, ਰਾਜ ਕੁਮਾਰ ਰਾਜੂ, ਅਜੈਬ ਸਿੰਘ ਭੁੱਟਾ, ਬਲਰਾਮ ਕਿਸ਼ਨ ਗਰਗ, ਸੁਖਵਿੰਦਰ ਸੁਖੀ, ਸੁਮਿਤ ਬਿੰਦਰਾ, ਗੁਰਮੀਤ ਸਿੰਘ ਕਾਲਾ, ਰਾਜਨ ਕੋਹਲੀ, ਜਸਵਿੰਦਰ ਸਿੰਘ ਲਵਲੀ, ਗੋਗੀ ਰਾਜਪੂਤ, ਰਛਪਾਲ ਸਿੰਘ ਪਾਲੀ, ਮਨੋਹਰ ਸਿੰਘ ਮੱਕੜ, ਤਰਨਜੀਤ ਸਿੰਘ ਸਨੀ, ਕਰਨਜੋਤ ਸਿੰਘ, ਕਰਨ ਤੈਨਾ ਸਾਹਿਲ ਆਦਿ  ਮੌਜੂਦ ਸਨ ।

ਡੇਢ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਣ ਜਲ-ਸਰੋਤ ਕਾਮੇ ਹੋਏ ਪ੍ਰੇਸ਼ਾਨ

*ਲੋਕ ਸਭਾ ਚੋਣਾਂ ਦੌਰਾਨ ਆਪ ਦੇ ਉਮੀਦਵਾਰਾਂ ਦਾ ਕੀਤਾ ਜਾਵੇਗਾ ਵਿਰੋਧ
ਹੁਸ਼ਿਆਰਪੁਰ, 17 ਮਾਰਚ (  ਬਿਊਰੋ  ) ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਹੀਰ ਅਤੇ ਜਨਰਲ ਸਕੱਤਰ ਰਾਜਨ ਸ਼ਰਮਾ ਨੇ ਇੱਕ ਸਾਂਝੇ  ਬਿਆਨ ਰਾਹੀਂ ਕਿਹਾ ਹੈ ਕਿ ਪੰਜਾਬ ਜਲ-ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਅਧੀਨ ਕੰਮ ਕਰਦੇ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਫਰਵਰੀ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ ਹੈ ਜਿਸ ਕਾਰਣ ਮੁਲਾਜ਼ਮਾਂ ਅੰਦਰ ਭਾਰੀ ਰੋਸ ਹੈ। ਆਗੂਆਂ ਨੇ ਕਿਹਾ ਕਿ ਉਕਤ ਮੁਲਾਜ਼ਮ ਤਨਖਾਹਾਂ ਨਾ ਮਿਲਣ ਕਾਰਣ ਪੰਜਾਬ ਸਰਕਾਰ ਅਤੇ ਵਿਭਾਗ ਤੋਂ ਪ੍ਰੇਸ਼ਾਨ ਚੱਲ ਰਹੇ ਹਨ ਅਤੇ ਸਿਰਫ ਤਨਖਾਹ ਤੇ ਹੀ ਨਿਰਭਰ ਇਹਨਾਂ ਮੁਲਾਜ਼ਮਾਂ ਦੇ ਘਰਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਹੈ ਅਤੇ ਮੁਲਾਜ਼ਮ ਅਤੇ ਉਹਨਾਂ ਦੇ ਪਰਿਵਾਰ ਆਰਥਿਕ ਤੰਗੀ ‘ਚੋਂ ਗੁਜ਼ਰ ਰਹੇ ਹਨ। ਆਗੂਆਂ ਨੇ ਆਖਿਆ ਕਿ ਸੂਬਾ ਸਰਕਾਰ ਵਲੋ ਉਕਤ ਮੁਲਾਜ਼ਮਾਂ ਦੀਆਂ ਰਹਿੰਦੀਆਂ ਤਮਾਮ ਮੰਗਾਂ ਨੂੰ ਵੀ ਜਲਦ ਹੱਲ ਕੀਤਾ ਜਾਵੇ। ਇਸਦੇ ਨਾਲ ਹੀ ਮੰਗ ਕੀਤੀ ਗਈ ਕਿ ਉਕਤ ਮੁਲਾਜ਼ਮਾਂ ‘ਚ ਪਨਪ ਰਹੇ ਰੋਹ ਨੂੰ ਦੇਖਦਿਆਂ ਪੰਜਾਬ ਸਰਕਾਰ ਇਹਨਾਂ ਮੁਲਾਜ਼ਮਾਂ ਦੀ ਹਰ ਮਹੀਨੇ ਤਨਖਾਹ ਦੀ ਪਹਿਲੀ ਤਰੀਕ ਤੱਕ ਅਦਾਇਗੀ ਨੂੰ ਯਕੀਨੀ ਬਣਾਇਆ ਜਾਵੇ।ਆਗੂਆਂ ਵਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਮੰਗਾਂ ਨੂੰ ਤੁਰੰਤ ਹੱਲ ਨਾ ਕੀਤਾ ਗਿਆ ਲੋਕ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।

ਵੈਟਨਰੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਈ 47ਵੀਂ ਉਪ-ਕੁਲਪਤੀ ਕਨਵੈਨਸ਼ਨ

ਲੁਧਿਆਣਾ, 17 ਮਾਰਚ (ਟੀ. ਕੇ.) 
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 47ਵੀਂ ਉਪ-ਕੁਲਪਤੀ ਕਨਵੈਨਸ਼ਨ ‘ਭੋਜਨ ਤੇ ਪੌਸ਼ਟਿਕ ਸੁਰੱਖਿਆ ਅਤੇ ਕਿਸਾਨ ਭਲਾਈ : ਭਾਰਤ 2047 ਦੀ ਦ੍ਰਿਸ਼ਟੀ ਅਤੇ ਉਸਤੋਂ ਅੱਗੇ ਤੱਕ’ ਵਿਸ਼ੇ ’ਤੇ  17 ਮਾਰਚ ਨੂੰ ਆਰੰਭ ਹੋਈ। ਉਦਘਾਟਨੀ ਸਮਾਰੋਹ ਦੀ ਸੋਭਾ ਪਦਮ ਭੂਸ਼ਣ ਡਾ. ਆਰ ਐਸ ਪਰੋਡਾ, ਚੇਅਰਮੈਨ, ਟਰੱਸਟ ਫਾਰ ਅਡਵਾਂਸਮੈਂਟ ਆਫ ਐਗਰੀਕਲਚਰਲ ਸਾਇੰਸਜ਼, ਨਵੀਂ ਦਿੱਲੀ ਅਤੇ ਸਾਬਕਾ ਮਹਾਂਨਿਰਦੇਸ਼ਕ ਭਾਰਤੀ ਖੇਤੀ ਖੋਜ ਪਰਿਸ਼ਦ ਮੁੱਖ ਮਹਿਮਾਨ ਵਜੋਂ, ਪਦਮ ਸ਼੍ਰੀ ਡਾ. ਗੁਰਦੇਵ ਸਿੰਘ ਖੁਸ਼, ਚੌਲ ਇਨਕਲਾਬ ਦੇ ਪਿਤਾਮਾ ਅਤੇ ਵਿਸ਼ਵ ਭੋਜਨ ਇਨਾਮ ਦੇ ਜੇਤੂ ਵਿਸ਼ੇਸ਼ ਮਹਿਮਾਨ ਵਜੋਂ, ਡਾ. ਆਰ ਸੀ ਅਗਰਵਾਲ, ਉਪ-ਮਹਾਂਨਿਰਦੇਸ਼ਕ ਭਾਰਤੀ ਖੇਤੀ ਖੋਜ ਪਰਿਸ਼ਦ ਮਾਣਯੋਗ ਮਹਿਮਾਨ ਵਜੋਂ, ਡਾ. ਰਾਮੇਸ਼ਵਰ ਸਿੰਘ, ਪ੍ਰਧਾਨ, ਭਾਰਤੀ ਖੇਤੀਬਾੜੀ ਯੂਨੀਵਰਸਿਟੀ ਐਸੋਸੀਏਸ਼ਨ, ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਕਨਵੈਨਸ਼ਨ ਦੇ ਸਰਪ੍ਰਸਤ ਅਤੇ ਡਾ. ਦਿਨੇਸ਼ ਕੁਮਾਰ, ਕਾਰਜਕਾਰੀ ਸਕੱਤਰ, ਭਾਰਤੀ ਖੇਤੀਬਾੜੀ ਯੂਨੀਵਰਸਿਟੀ ਐਸੋਸੀਏਸ਼ਨ ਨੇ ਵਧਾਈ। 
    ਡਾ. ਇੰਦਰਜੀਤ ਸਿੰਘ ਨੇ ਸਾਰੀਆਂ ਮੁਹਤਬਰ ਸ਼ਖ਼ਸੀਅਤਾਂ, ਉਪ-ਕੁਲਪਤੀਆਂ ਅਤੇ ਵਿਭਿੰਨ ਖੇਤੀਬਾੜੀ ਯੂਨੀਵਰਸਿਟੀਆਂ ਦੇ ਨੁਮਾਇੰਦਾ ਅਧਿਕਾਰੀਆਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਇਹ ਮੰਚ ਖੇਤੀਬਾੜੀ ਅਤੇ ਪਸ਼ੂਧਨ ਕਿੱਤਿਆਂ ਨਾਲ ਸੰਬੰਧਤ ਸਾਡੀ ਦੇਸ਼ ਦੀ ਕਿਸਾਨੀ ਦੀ ਬਿਹਤਰੀ ਵਾਸਤੇ ਸਿਫਾਰਸ਼ਾਂ ਤਿਆਰ ਕਰਨ ਅਤੇ ਨੀਤੀਆਂ ਬਨਾਉਣ ਵਿਚ ਸਹਾਈ ਹੋਣ ਦੀ ਭੂਮਿਕਾ ਨਿਭਾਵੇਗਾ। ਡਾ. ਆਰ. ਐਸ. ਪਰੋਡਾ ਨੇ ਭਾਰਤ ਦੇ ਹਰੇ, ਚਿੱਟੇ, ਨੀਲੇ ਅਤੇ ਸਤਰੰਗੀ ਇਨਕਲਾਬ ਨਾਲ ਹੋਏ ਬਹਗੁਣੀ ਵਿਕਾਸ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕਿਸਾਨੀ ਦੀ ਸੁਰੱਖਿਆ ਵਾਸਤੇ ਸਾਨੂੰ ਕਿਸਾਨਾਂ ਲਈ ਸਿਹਤਮੰਦ ਭੂਮੀ, ਚੰਗਾ ਪਾਣੀ, ਖੇਤੀ ਵਸਤਾਂ ਦੀ ਸਮੇਂ ਸਿਰ ਪੂਰਤੀ, ਸੁਚੱਜਾ ਗਿਆਨ, ਚੁਸਤ ਪਸਾਰ ਸੇਵਾਵਾਂ, ਘੱਟ ਦਰ ’ਤੇ ਵਿਤੀ ਸਹੂਲਤ, ਵਧੀਆ ਮੰਡੀਕਾਰੀ ਅਤੇ ਸਮਾਜ ਵਿਚ ਕਿਸਾਨ ਦੀ ਇੱਜ਼ਤ ਬਨਾਉਣੀ ਬਹੁਤ ਜ਼ਰੂਰੀ ਹੈ। ਡਾ. ਗੁਰਦੇਵ ਸਿੰਘ ਖੁਸ਼ ਨੇ ਕਿਹਾ ਕਿ ਆਲਮੀ ਪੱਧਰ ਦੀਆਂ ਸੰਸਥਾਵਾਂ ਖੜੀਆਂ ਕਰਨ ਲਈ ਪੇਸ਼ੇਵਰ ਗੁਣਾਂ ਵਾਲੇ ਅਤੇ ਵਿਕਾਸਸ਼ੀਲ ਸੋਚ ਦੇ ਨਾਇਕ ਲੱਭਣੇ ਬਹੁਤ ਜ਼ਰੂਰੀ ਹਨ।
    ਡਾ. ਆਰ. ਸੀ. ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਖੇਤੀਬਾੜੀ ਵਿਚ ਉੇਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਦੀ ਰੁਚੀ ਵਧੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਸ਼ੁਰੂ ਹੋ ਰਹੇ ਸਟਾਰਟਅੱਪ ਉਦਮਾਂ ਵਿਚ ਬਹੁਤੇ ਖੇਤੀਬਾੜੀ ਅਤੇ ਪਸ਼ੂ ਪਾਲਣ ਕਿੱਤਿਆਂ ਦੀ ਪਿੱਠਭੂਮੀ ਵਾਲੇ ਹਨ। ਉਨ੍ਹਾਂ ਖੇਤੀਬਾੜੀ ਸਿੱਖਿਆ ਵਿਚ ਡਿਜੀਟਲ ਉਪਰਾਲਿਆਂ ਦੀ ਲੋੜ ’ਤੇ ਜ਼ੋਰ ਦਿੱਤਾ। ਡਾ. ਰਾਮੇਸ਼ਵਰ ਸਿੰਘ ਨੇ ਭਾਰਤੀ ਖੇਤੀਬਾੜੀ ਯੂਨੀਵਰਸਿਟੀ ਐਸੋਸੀਏਸ਼ਨ ਦੀ ਭੂਮਿਕਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਸੰਗਠਨ ਵਿਭਿੰਨ ਖੇਤੀਬਾੜੀਆਂ ਯੂਨੀਵਰਸਿਟੀਆਂ ਅਤੇ ਅਜਿਹੀਆਂ ਹੋਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਸਾਂਝੇ ਹਿੱਤਾਂ ਤਹਿਤ ਸਹਿਯੋਗ ਅਧੀਨ ਲਿਆਉਣ ਲਈ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਅਤੇ ਪਸ਼ੂਧਨ ਖੇਤਰ ਵਿਚ ਬਹੁਤ ਚੁਣੌਤੀਆਂ ਹਨ ਜਿਵੇਂ ਮੌਸਮੀ ਤਬਦੀਲੀਆਂ, ਮੰਡੀਕਾਰੀ ਅੜਚਣਾਂ ਅਤੇ ਨੌਜਵਾਨਾਂ ਦਾ ਖੇਤੀ ਤੋਂ ਭੰਗ ਹੁੰਦਾ ਮੋਹ। ਇਸ ਮੌਕੇ ਵਿਭਿੰਨ ਯੂਨੀਵਰਸਿਟੀਆਂ ਦੇ ਪੰਜ ਖੋਜਾਰਥੀਆਂ ਨੂੰ ਸਰਵਉੱਤਮ ਖੋਜ ਪ੍ਰਬੰਧ ਦੇ ਸਨਮਾਨ ਨਾਲ ਵੀ ਨਿਵਾਜਿਆ ਗਿਆ।
    ਡਾ. ਸੰਜੀਵ ਕੁਮਾਰ ਉੱਪਲ, ਕਨਵੈਨਸ਼ਨ ਦੇ ਕਨਵੀਨਰ ਨੇ ਸਾਰੇ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ। ਡਾ. ਯਸ਼ਪਾਲ ਸਿੰਘ ਮਲਿਕ ਨੇ ਦੱਸਿਆ ਕਿ ਕਨਵੈਨਸ਼ਨ ਵਿਚ 30 ਤੋਂ ਵਧੇਰੇ ਉਪ-ਕੁਲਪਤੀਆਂ ਤੋਂ ਇਲਾਵਾ ਮੋਹਰੀ ਪੇਸ਼ੇਵਰਾਂ, ਅਗਾਂਹਵਧੂ ਕਿਸਾਨਾਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਡਾ. ਸਰਵਪ੍ਰੀਤ ਸਿੰਘ ਘੁੰਮਣ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਅੱਜ ਦੇ ਤਕਨੀਕੀ ਸੈਸ਼ਨਾਂ ਵਿਚ ‘ਮਨੁੱਖੀ ਸਾਧਨ ਅਤੇ ਆਧਾਰਭੂਤ ਢਾਂਚਾ’, ‘ਵਾਤਾਵਰਣ ਸਨੇਹੀ ਭੋਜਨ ਪ੍ਰਬੰਧ’ ਅਤੇ ‘ਕਿਸਾਨ- ਉਦਮੀ-ਸਾਇੰਸਦਾਨ ਵਿਚਾਰ ਵਟਾਂਦਰਾ’ ਵਿਸ਼ਿਆਂ ’ਤੇ ਚਰਚਾ ਹੋਈ। ਕਨਵੈਨਸ਼ਨ 18 ਅਤੇ 19 ਮਾਰਚ ਨੂੰ ਵੀ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਕਰੇਗੀ।

ਠੇਕਾ ਮੁਲਾਜਮਾਂ ਵੱਲੋੰ ਸੂਬਾ ਪੱਧਰੀ ਕਨਵੈਨਸ਼ਨ ਕਰਕੇ ਅਗਲੇ ਸੰਘਰਸ਼ ਦਾ ਐਲਾਨ

ਲੁਧਿਆਣਾ, 17 ਮਾਰਚ (ਟੀ. ਕੇ. ) ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਵੱਲੋੰ ਪ੍ਰਤਾਪ ਚੌਂਕ ਨੇੜੇ ਪਾਰਕ ਵਿੱਚ ਸੂਬਾ ਪੱਧਰੀ ਕਨਵੈਨਸ਼ਨ ਕਰਕੇ ਕੀਤਾ ਅਗਲੇ ਸੂਬਾ ਪੱਧਰੀ ਸੰਘਰਸ਼ ਦਾ ਐਲਾਨ,ਇਸ ਸਮੇਂ ਹਾਜ਼ਿਰ ਮੋਰਚੇ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ,ਜਸਵੀਰ ਸਿੰਘ ਜੱਸੀ,ਬਲਿਹਾਰ ਸਿੰਘ ਕਟਾਰੀਆ,ਜਗਸੀਰ ਸਿੰਘ ਭੰਗੂ,ਗੁਰਵਿੰਦਰ ਸਿੰਘ ਪੰਨੂੰ,ਸਿਮਰਨਜੀਤ ਸਿੰਘ ਨੀਲੋਂ,ਜਸਪ੍ਰੀਤ ਸਿੰਘ ਗਗਨ,ਸੁਰਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਮਰਜ਼ ਕਰਕੇ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ 'ਆਪ ਸਰਕਾਰ' ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸਬ-ਕਮੇਟੀਆਂ ਦਾ ਗਠਨ ਕਰਕੇ ਲਾਰੇ-ਲੱਪਿਆਂ ਨਾਲ਼ ਆਪਣਾ ਸਮਾਂ ਲੰਘਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋੰ ਵਿਧਾਨ ਸਭਾ ਵਿੱਚ ਠੇਕੇਦਾਰਾਂ ਅਤੇ ਕੰਪਨੀਆਂ ਵੱਲੋੰ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਦੀ ਕਿਰਤ ਦੀ ਕੀਤੀ ਜਾ ਰਹੀ ਅੰਨੀ-ਲੁੱਟ ਨੂੰ ਬੰਦ ਕਰਨ ਦੇ ਐਲਾਨ ਮਗਰੋਂ ਵੀ ਠੇਕਾ ਮੁਲਾਜ਼ਮਾਂ ਨੂੰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪਿਸਣ ਲਈ ਮਜ਼ਬੂਰ ਕੀਤਾ ਹੋਇਆ ਹੈ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਜਿਵੇਂ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ,ਪਾਵਰਕਾਮ ਅਤੇ ਟ੍ਰਾਂਸਕੋ ਸਮੇਤ ਸਮੂਹ ਸਰਕਾਰੀ ਥਰਮਲ ਪਲਾਂਟਾਂ ਅਤੇ ਹਾਈਡਲ ਪ੍ਰਾਜੈਕਟਾਂ,ਵਾਟਰ ਸਪਲਾਈ ਅਤੇ ਸੀਬਰੇਜ਼ ਬੋਰਡ,ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟਾਂ,ਲੋਕ ਨਿਰਮਾਣ ਵਿਭਾਗ (ਬਿਜਲੀ ਵਿੰਗ) ਅਤੇ ਸਿਹਤ ਆਦਿ ਵਿੱਚ ਪਿਛਲੇ 15-20 ਸਾਲਾਂ ਦੇ ਲੰਬੇ ਅਰਸੇ ਤੋਂ ਲਗਾਤਾਰ ਨਿਗੁਣੀਆਂ ਤਨਖਾਹਾਂ ’ਤੇ ਤਨਦੇਹੀ ਨਾਲ ਸੇਵਾਵਾਂ ਦਿੰਦੇ ਆ ਰਹੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਮਰਜ਼ ਕਰਕੇ ਪੱਕਾ ਕਰਨ ਲਈ 'ਆਪ ਸਰਕਾਰ' ਵੱਲੋਂ ਆਪਣੇ ਦੋ ਸਾਲਾਂ ਦੇ ਕਾਰਜ਼ਕਾਲ ਵਿੱਚ ਹਜ਼ੇ ਤੱਕ ਕੋਈ ਵੀ ਨੀਤੀ ਨਹੀਂ ਬਣਾਈ ਗਈ,ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ 'ਆਪ ਸਰਕਾਰ' ਵੱਲੋੰ ਵੀ ਪਿਛਲੀਆਂ ਸਰਕਾਰਾਂ ਦੀ ਤਰਾਂ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨਾਲ਼ ਨੰਗਾ-ਚਿੱਟਾ ਧੋਖਾ ਕੀਤਾ ਜਾ ਰਿਹਾ ਹੈ,ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋੰ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਲਈ ਵੱਖ-ਵੱਖ ਸ਼ਹਿਰਾਂ ਵਿੱਚ ਕੀਤੇ ਸੰਘਰਸ਼ਾਂ ਉਪਰੰਤ ਵੱਖ-ਵੱਖ ਜ਼ਿਲਿਆਂ ਦੇ ਪ੍ਰਸ਼ਾਸਨ ਵੱਲੋੰ 20 ਵਾਰ ਮੁੱਖ ਮੰਤਰੀ ਪੰਜਾਬ ਨਾਲ਼ ਪੈਨਲ ਮੀਟਿੰਗ ਕਰਵਾਉਣ ਦੇ ਲਿਖਤੀ ਭਰੋਸੇ ਦੇਣ ਦੇ ਬਾਵਜੂਦ ਵੀ 'ਮੁੱਖ ਮੰਤਰੀ' ਵੱਲੋੰ "ਮੋਰਚੇ" ਦੀ ਲੀਡਰਸ਼ਿਪ ਨਾਲ਼ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋੰ ਪਿਛਲੀਆਂ ਸਰਕਾਰਾਂ ਦੀ ਤਰਜ਼  'ਤੇ ਕੇਂਦਰ ਸਰਕਾਰ ਅਤੇ ਵਿਸ਼ਵ ਵਪਾਰ ਸੰਸਥਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੇਵਾ ਦੇ ਸਮੂਹ ਸਰਕਾਰੀ ਅਦਾਰਿਆਂ ਤੇ ਨਿੱਜੀਕਰਨ ਦਾ ਹੱਲਾ ਵਿੱਢਿਆ ਹੋਇਆ ਹੈ ਅਤੇ ਨਿੱਜੀਕਰਨ ਦੇ ਇਸ ਹੱਲੇ ਤਹਿਤ ਸਮੂਹ ਸਰਕਾਰੀ ਵਿਭਾਗਾਂ ਵਿੱਚੋਂ ਕੰਮ ਭਾਰ ਮੁਤਾਬਿਕ ਤਹਿ ਕੀਤੀਆਂ ਪੱਕੀਆਂ ਅਸਾਮੀਆਂ ਦਾ ਲਗਾਤਾਰ ਖਾਤਮਾ ਕੀਤਾ ਜਾ ਰਿਹਾ ਹੈ,ਜਿਸ ਦੇ ਵਿਰੋਧ ਵਜੋਂ ਸਰਕਾਰੀ ਵਿਭਾਗਾਂ ਦੇ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਵੱਲੋੰ 'ਮੁੱਖ ਮੰਤਰੀ ਪੰਜਾਬ ਸਮੇਤ ਕੈਬਨਿਟ ਮੰਤਰੀਆਂ' ਦਾ ਸਮੁੱਚੇ ਪੰਜਾਬ ਵਿੱਚ ਚੋਣ ਪ੍ਰਚਾਰ ਮੌਕੇ ਕਾਲੇ ਝੰਡਿਆਂ ਨਾਲ਼ ਵਿਰੋਧ ਕੀਤਾ ਜਾਵੇਗਾ,ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਸਮੂਹ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਤਜ਼ਰਬੇ ਦੇ ਆਧਾਰ ਤੇ ਵਿਭਾਗਾਂ ਵਿੱਚ ਮਰਜ਼ ਕਰਕੇ ਪੱਕਾ ਕੀਤਾ ਜਾਵੇ,ਪੰਦਰਵੀਂ ਲੇਬਰ ਕਾਨਫਰੰਸ ਵਿੱਚ ਤਹਿ ਹੋਏ ਫਾਰਮੂਲੇ ਅਤੇ ਅੱਜ ਮਹਿੰਗਾਈ ਮੁਤਾਬਿਕ ਠੇਕਾ ਮੁਲਾਜ਼ਮਾਂ ਦੀ ਤਨਖ਼ਾਹ ਘੱਟੋ-ਘੱਟ 30 ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ,ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਅਤੇ ਵਿਭਾਗਾਂ ਵਿੱਚੋਂ ਠੇਕੇਦਾਰਾਂ ਅਤੇ ਕੰਪਨੀਆਂ ਨੂੰ ਬਾਹਰ ਕਰਕੇ ਵਿਭਾਗਾਂ ਅਤੇ ਠੇਕਾ ਮੁਲਾਜ਼ਮਾਂ ਦੀ ਹੋ ਰਹੀ ਅੰਨ੍ਹੀ ਲੁੱਟ ਨੂੰ ਬੰਦ ਕੀਤਾ ਜਾਵੇ ਅਤੇ ਕਿਸਾਨਾਂ-ਮਜ਼ਦੂਰਾਂ-ਰੈਗੂਲਰ ਅਤੇ ਪੈਨਸ਼ਨਰਜ਼ ਮੁਲਾਜ਼ਮਾਂ ਸਮੇਤ ਹਰ ਵਰਗ ਦੇ ਠੇਕਾ ਮੁਲਾਜ਼ਮਾਂ ਦੀਆਂ ਸਮੂਹ ਮੰਗਾਂ ਨੂੰ ਜਲਦ ਪ੍ਰਵਾਨ ਕੀਤਾ ਜਾਵੇ।

ਕਾਰਗਿਲ ਦੇ ਵੈਟਰਨ ਮੇਜਰ ਅਮਿਤ ਸਰੀਨ ਨੇ ਲੁਧਿਆਣਾ ਦੇ ਏ.ਡੀ.ਸੀ. (ਜਨਰਲ) ਦਾ ਅਹੁਦਾ ਸੰਭਾਲਿਆ

ਲੁਧਿਆਣਾ, 17 ਮਾਰਚ (ਟੀ. ਕੇ. ) - ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ.) ਦੇ 2012 ਬੈਚ ਦੇ ਅਧਿਕਾਰੀ ਮੇਜਰ ਅਮਿਤ ਸਰੀਨ ਵੱਲੋਂ ਅੱਜ ਲੁਧਿਆਣਾ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦਾ ਅਹੁੱਦਾ ਸੰਭਾਲਿਆ।

ਮੇਜਰ ਸਰੀਨ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜਗਰਾਓਂ) ਵਜੋਂ ਸੇਵਾ ਨਿਭਾ ਰਹੇ ਸਨ ਅਤੇ ਸ਼ਨੀਵਾਰ ਨੂੰ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਉਹ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਲੰਧਰ ਅਤੇ ਐਸ.ਡੀ.ਐਮ. ਹੁਸ਼ਿਆਰਪੁਰ, ਫਗਵਾੜਾ ਅਤੇ ਕੋਟਕਪੂਰਾ ਵੀ ਰਹਿ ਚੁੱਕੇ ਹਨ।

ਆਪਣੇ ਨਵੇਂ ਅਹੁਦੇ ਦੀ ਜਿੰਮੇਵਾਰੀ ਸੰਭਾਲਣ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਨੂੰ ਮੁੱਖ ਤਰਜੀਹ ਦੇਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਆਪਣੇ ਦਫ਼ਤਰ ਵਿਖੇ ਸਟਾਫ਼ ਨਾਲ ਮੁੱਢਲੀ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਆਪਣੀ ਚੋਣ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।

ਜਿਕਰਯੋਗ ਹੈ ਕਿ ਮੇਜਰ ਅਮਿਤ ਸਰੀਨ ਨੇ ਭਾਰਤੀ ਫੌਜ ਵਿੱਚ ਅੱਠ ਸਾਲ ਸੇਵਾ ਕੀਤੀ ਹੈ ਅਤੇ ਕਾਰਗਿਲ ਵਿਜੇ ਆਪਰੇਸ਼ਨ ਦਾ ਵੀ ਹਿੱਸਾ ਵੀ ਰਹੇ। ਉਹ ਸਿਆਚਿਨ ਗਲੇਸ਼ੀਅਰ, ਚੀਨ ਬਾਰਡਰ ਕਾਰਾਕੋਰਮ ਰੇਂਜ ਡੀ.ਬੀ.ਓ. ਪੋਸਟ 'ਤੇ ਵੀ ਗਏ ਜਿੱਥੇ ਤਾਪਮਾਨ ਮਨਫ਼ੀ 55 ਡਿਗਰੀ ਰਹਿੰਦਾ ਹੈ।

ਸੈਂਟਰਲ ਬੈਂਕ ਆਫ਼ ਇੰਡੀਆ ਰਿਟਾਇਰੀਜ਼ ਐਸੋਸੀਏਸ਼ਨ ਦੀ ਲੁਧਿਆਣਾ ਇਕਾਈ ਦੀ ਚੋਣ

  
ਲੁਧਿਆਣਾ, 17 ਮਾਰਚ (ਟੀ. ਕੇ. ) ਪੈਨਸ਼ਨਰ ਭਵਨ ਲੁਧਿਆਣਾ ਵਿਖੇ ਹੋਈ ਜਨਰਲ ਬਾਡੀ ਦੀ ਮੀਟਿੰਗ ਵਿੱਚ ਪੈਨਸ਼ਨਰਾਂ ਨੂੰ ਦਿੱਤੇ ਜਾਣ ਵਾਲੇ ਐਕਸ-ਗ੍ਰੇਸ਼ੀਆ ਦੇ ਮੁੱਦੇ 'ਤੇ ਚਰਚਾ ਕਰਨ ਅਤੇ ਇਸ 'ਤੇ ਸੇਵਾਮੁਕਤ ਵਿਅਕਤੀਆਂ ਦੇ ਰਵੱਈਏ ਬਾਰੇ ਵਿਚਾਰ ਕਰਨ ਲਈ ਰੱਖੀ ਗਈ ਸੀ।  ਆਈ.ਬੀ.ਏ ਨੇ 01.11.2022 ਤੋਂ 31.10.2027 ਤੱਕ 5 ਸਾਲਾਂ ਲਈ ਮਾਸਿਕ ਐਕਸ-ਗ੍ਰੇਸ਼ੀਆ ਦੀ ਪੇਸ਼ਕਸ਼ ਕੀਤੀ ਹੈ।1300ਰੁਪਏ ਤੋਂ 7000ਰੁਪਏ ਦੇ ਵਿਚਕਾਰ ਮਹੀਨਾਵਾਰ ਭੁਗਤਾਨ  ਸੇਵਾਮੁਕਤ ਲੋਕਾਂ ਨੂੰ  ਕੀਤਾ ਜਾਵੇਗਾ।  ਸਾਰਿਆਂ ਦਾ ਸਰਬਸੰਮਤੀ ਨਾਲ ਵਿਚਾਰ ਸੀ ਕਿ ਐਕਸ-ਗ੍ਰੇਸ਼ੀਆ ਦੀ ਰਕਮ ਬਹੁਤ ਘੱਟ ਹੈ ਅਤੇ ਸੇਵਾਮੁਕਤ ਵਿਅਕਤੀਆਂ ਦੀਆਂ ਉਮੀਦਾਂ ਤੇ ਪੂਰਾ ਨਹੀਂ ਉਤਰਿਆ ਹੈ।ਸਦਨ ਨੇ ਪ੍ਰਾਪਤੀ ਤੱਕ ਪੈਨਸ਼ਨ ਨੂੰ ਅਪਡੇਟ ਕਰਨ ਦੀ ਮੰਗ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ।
 ਚੰਡੀਗੜ ਜੋਨ ਦੇ ਜਨਰਲ ਸਕੱਤਰ ਕਾਮਰੇਡ ਦਰਸ਼ਨ ਸਿੰਘ ਰੀਹਲ ਨੇ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਏਕਤਾ ਅਤੇ ਟੀਮ ਵਰਕ ਦੀ ਲੋੜ 'ਤੇ ਜ਼ੋਰ ਦਿੱਤਾ।
 ਮੈਂਬਰਾਂ ਨੂੰ 1.4.2024 ਤੋਂ ਅਗਲੇ ਸਾਲ ਦੀ ਮੈਂਬਰਸ਼ਿਪ  ਫੀਸ ਦਾ ਭੁਗਤਾਨ ਕਰਨ ਲਈ ਬੇਨਤੀ ਕੀਤੀ ਗਈ।
 ਮੀਟਿੰਗ ਦੌਰਾਨ ਸੈਂਟਰਲ ਬੈਂਕ ਆਫੀਸਰਜ਼ ਯੂਨੀਅਨ(ਚੰਡੀਗੜ੍ਹ ਜੋਨ) ਦੇ ਜਨਰਲ ਸਕੱਤਰ  ਗੁਰਮੀਤ ਸਿੰਘ, ਜਿਸ ਨੇ 08/03/2024 ਨੂੰ ਆਈ.ਬੀ.ਏ. ਨਾਲ ਜੁਆਇੰਟ ਨੋਟ 'ਤੇ ਹਸਤਾਖਰ ਕੀਤੇ ਹਨ, ਨੂੰ ਸਨਮਾਨਿਤ ਕੀਤਾ ਗਿਆ।  ਉਨ੍ਹਾਂ ਨੇ ਰੀਜਨਲ ਦਫ਼ਤਰ ਦਾ ਦੌਰਾ ਕਰਨ ਵਾਲੇ ਮੈਂਬਰਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
 ਕਾਮਰੇਡ ਐਮ.ਐਸ.ਭਾਟੀਆ ਨੇ ਦੋ-ਮਾਸਿਕ ਜ਼ਰੂਰੀ ਮੀਟਿੰਗ ਦਾ ਸੁਝਾਅ ਦਿੱਤਾ।  ਉਨ੍ਹਾਂ ਨੇ ਸੇਵਾਮੁਕਤ ਵਿਅਕਤੀਆਂ ਦੇ ਪਰਿਵਾਰਾਂ ਸਮੇਤ ਸਾਲਾਨਾ ਇਕੱਤਰਤਾ ਦਾ ਸੁਝਾਅ ਵੀ ਦਿੱਤਾ, ਜੋ ਹਰ ਸਾਲ ਦਸੰਬਰ ਵਿਚ ਬੈਂਕ ਦੇ ਸਥਾਪਨਾ ਦਿਵਸ ਤੇ ਕੀਤਾ ਜਾ ਸਕਦਾ ਹੈ, ਜਿਸ ਨੂੰ ਸਦਨ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ।
 ਨਵੇਂ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਦਾ ਪੈਨਲ ਪ੍ਰਸਤਾਵਿਤ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਚੇਅਰਮੈਨ ਆਰ ਕੇ ਬੱਤਾ,ਪ੍ਰਧਾਨ ਐਮ.ਐਸ.ਭਾਟੀਆ, ਸੀਨੀਅਰ ਮੀਤ ਪ੍ਰਧਾਨ ਡੀ.ਐਸ.ਸੱਗੂ, ਉਪ ਪ੍ਰਧਾਨ ਸੁਨੀਲ ਗਰੋਵਰ
ਅਤੇ ਰਾਜੇਸ਼ ਅੱਤਰੀ, ਸਕੱਤਰ ਅਜੇ ਬੱਗਾ,ਜੁਆਂਇੰਟ ਸਕੱਤਰ ਸੁਖਰਾਜ ਅਤੇ ਅਸ਼ਮਾ ਅਗਰਵਾਲ,ਖਜ਼ਾਨਚੀ
ਸੁਭਾਸ਼ ਤਨੇਜਾ,ਸਹਾਇਕ ਖਜ਼ਾਨਚੀ ਐਨ.ਕੇ.ਬਾਂਸਲ, ਕਾਰਜਕਾਰਨੀ ਮੈਂਬਰ ਕੇ.ਐਸ.ਭੱਟੀ, ਹਰਵਿੰਦਰ ਕੌਰ ਧੂਪੜ, ਸਰੂਪ ਭਗਤ, ਬੈਜ ਨਾਥ, ਸੁਰਿੰਦਰ ਗੋਇਲ , ਯੂ ਸੀ ਜੈਨ, ਜੇ.ਐਲ.ਸੁਧਾ, ਚਮਕੌਰ ਸਿੰਘ ਚੋਪੜਾ, ਗੁਰਮੇਲ ਸਿੰਘ, ਅਮਰੀਕ ਸਿੰਘ ਅਤੇ ਪਰਵੀਨ ਗੁਪਤਾ। ਜੀ.ਪੀ.ਰਾਵਲ ਆਡੀਟਰ ਚੁਣੇ ਗਏ। 
ਆਰ ਕੇ ਬੱਤਾ ਚੇਅਰਮੈਨ ਨੇ ਧੰਨਵਾਦ ਦੇ ਮਤੇ ਨਾਲ ਮੀਟਿੰਗ ਦੀ ਸਮਾਪਤੀ ਕੀਤੀ।

ਇਨਕਲਾਬੀ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਦਿਵਸ ਸਮਾਗਮ ਕਰਵਾਇਆ ਗਿਆ

ਲੁਧਿਆਣਾ, 17 ਮਾਰਚ (ਟੀ. ਕੇ.)  ਅਮਰ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਵਿੱਚ ਮਜਦੂਰ-ਨੌਜਵਾਨ ਜੱਥੇਬੰਦੀਆਂ ਵੱਲੋਂ  ਸ਼ਾਮ ਮਜਦੂਰ ਲਾਇਬ੍ਰੇਰੀ, ਈ.ਡਬਲਿਯੂ.ਐਸ. ਕਾਲੋਨੀ , ਲੁਧਿਆਣਾ ਵਿਖੇ ਸ਼ਹੀਦੀ ਦਿਵਸ ਸਮਾਗਮ ਕੀਤਾ ਗਿਆ। ਇਸ ਮੌਕੇ ਜਥੇਬੰਦੀਆਂ ਦੇ ਬੁਲਾਰਿਆਂ ਨੇ ਇਨਕਲਾਬੀਆਂ ਦੇ ਵਿਚਾਰਾਂ, ਮੌਜੂਦਾ ਹਾਲਤਾਂ ਅਤੇ ਅੱਜ ਦੇ ਸਮੇਂ ਵਿੱਚ ਇਨਕਲਾਬੀ ਵਿਚਾਰਾਂ ਦੀ ਪ੍ਰਸੰਗਿਕਤਾ ਬਾਰੇ ਗੱਲ ਕੀਤੀ। ਨੌਜਵਾਨ ਭਾਰਤ ਸਭਾ ਦੇ ਸਾਥੀਆਂ ਵੱਲੋਂ ‘ਟੋਆ’ ਨਾਟਕ ਅਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਸਮਾਗਮ ਨੂੰ ਕਾਰਖਾਨਾ ਮਜਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਸੰਜੂ ਨੇ ਸੰਬੋਧਿਤ ਕੀਤਾ। ਮੰਚ ਸੰਚਾਲਨ ਕਲਪਨਾ ਨੇ ਕੀਤਾ। ਇਸ ਮੌਕੇ ਮਨਪ੍ਰੀਤ ਅਚਾਨਕ ਅਤੇ ਰਮੇਸ਼  ਨੇ ਵੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਸਮਾਗਮ ਤੋਂ ਬਾਅਦ ਇਲਾਕੇ ਵਿੱਚ ਪੈਦਲ ਮਾਰਚ ਕੀਤਾ ਗਿਆ। ਇਸ ਮੌਕੇ ਇਨਕਲਾਬੀ-ਅਗਾਂਹਵਧੂ ਸਾਹਿਤ ਦੀ ਪ੍ਰਦਰਸ਼ਨੀ ਵੀ ਲਾਈ ਗਈ।
ਬੁਲਾਰਿਆਂ ਨੇ ਕਿਹਾ ਕਿ ਸਾਡੇ ਸ਼ਹੀਦਾਂ ਨੇ ਅੰਗਰੇਜਾਂ ਤੋਂ ਆਜ਼ਾਦੀ ਦੇ ਨਾਲ-ਨਾਲ ਲੋਕਾਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਲਈ ਕੁਰਬਾਨੀਆਂ ਕੀਤੀਆਂ ਸਨ। ਉਨ੍ਹਾਂ ਧਰਮਾਂ-ਜਾਤਾਂ ਦੀਆਂ ਵੰਡੀਆਂ ਖਿਲਾਫ ਆਵਾਜ ਉਠਾਈ ਸੀ। ਪਰ ਸਾਨੂੰ ਅਧੂਰੀ ਅਜ਼ਾਦੀ ਮਿਲੀ। ਲੋਟੂ ਚਿਹਰੇ ਬਦਲ ਗਏ ਪਰ ਲੋਟੂ ਨਿਜ਼ਾਮ ਨਹੀਂ ਬਦਲਿਆ। ਅੱਜ ਵੀ ਦੇਸ਼ ਦੇ ਮਜਦੂਰ-ਕਿਰਤੀ ਸਰਮਾਏਦਾਰਾਂ ਦੀ ਗੁਲਾਮੀ ਹੰਢਾ ਰਹੇ ਹਨ ਰਹੇ ਹਨ। ਅੱਜ ਵੀ ਧਰਮਾਂ-ਜਾਤਾਂ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਲੜਾਇਆ ਜਾ ਰਿਹਾ ਹੈ। ਇਸ ਲੋਟੂ ਢਾਂਚੇ ਵਿੱਚ ਮਿਹਨਤ ਕਰਨ ਵਾਲੇ ਇਨਸਾਨ ਦੀ ਕੋਈ ਵੁੱਕਤ ਨਹੀਂ ਹੈ। ਮੁੱਠੀ ਭਰ ਅਮੀਰਾਂ ਨੇ ਅੰਗਰੇਜ਼ਾਂ ਦੀ ਤਰ੍ਹਾਂ ਹੀ ਦੇਸ਼ ਦੀ ਕੁੱਲ ਦੌਲਤ ਤੇ ਕਬਜ਼ਾ ਕੀਤਾ ਹੋਇਆ ਹੈ। ਅੱਜ ਆਮ ਲੋਕ ਗਰੀਬੀ, ਬੇਰੁਜਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਨਸ਼ਿਆਂ ਜਿਹੀਆਂ ਅਲਾਮਤਾਂ ਨਾਲ਼ ਜੂਝ ਰਹੇ ਹਨ। ਸਰਕਾਰਾਂ ਲਗਾਤਾਰ ਨਿੱਜੀਕਰਨ ਕਰਦੇ ਹੋਏ ਸਾਰਾ ਦੇਸ਼ ਸਰਮਾਏਦਾਰਾਂ ਦੇ ਹਵਾਲੇ ਕਰ ਰਹੀਆਂ ਹਨ ਅਤੇ ਲੋਕਾਂ ਤੋਂ ਬੁਨਿਆਦੀ ਸਹੂਲਤਾਂ ਖੋਹ ਰਹੀਆਂ ਹਨ। ਕੇਂਦਰ ਦੀ ਫਾਸ਼ੀਵਾਦੀ ਭਾਜਪਾ ਹਕੂਮਤ ਵੱਲੋਂ ਲੋਕਾਂ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਹਟਾਉਣ ਲਈ ਮੰਦਰਾਂ-ਮਸਜਿਦਾਂ ਦੇ ਝਗੜੇ ਖੜ੍ਹੇ ਕਰਕੇ, ਫ਼ਿਰਕੂ ਪਾਟਕ ਪਾ ਕੇ ਲੋਕਾਂ ਨੂੰ ਦੂਜੇ ਧਰਮਾਂ ਦੇ ਲੋਕਾਂ ਖਿਲਾਫ ਭੜਕਾਉਣ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਇਹਨਾਂ ਤੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਦੇਸ਼ ਅੰਦਰ ਗਰੀਬਾਂ, ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ ਤੋਂ ਨਾਗਰਿਕਤਾ ਖੋਹਣ ਲਈ ਨਾਗਰਿਕਤਾ ਸੋਧ ਕਨੂੰਨ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਹਿਣ ਨੂੰ ਆਮ ਆਦਮੀ ਪਾਰਟੀ ਹੈ ਪਰ ਸੇਵਾ ਸਰਮਾਏਦਾਰਾਂ ਦੀ ਹੀ ਕਰਦੀ ਹੈ। ਮਜ਼ਦੂਰਾਂ ਦੇ ਕਿਰਤ ਹੱਕ ਲਾਗੂ ਕਰਵਾਉਣ, ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਰੱਦ ਕਰਵਾਉਣ, ਮਜ਼ਦੂਰਾਂ ਦੀਆਂ ਉਜਰਤਾਂ ਵਧਾਉਣ, ਠੇਕਾ ਪ੍ਰਬੰਧ ਬੰਦ ਕਰਵਾਉਣ ਜਿਹੇ ਮਸਲਿਆਂ ‘ਤੇ ਚੁੱਪ ਹੈ। ਮੁੱਖ ਮੰਤਰੀ ਭਗਵੰਤ ਮਾਨ ਆਏ ਦਿਨੀਂ ਸਰਮਾਏਦਾਰਾਂ ਨਾਲ਼ ਮੀਟਿੰਗਾਂ ਕਰਕੇ ਉਹਨਾਂ ਨੂੰ ਕਿਰਤੀ ਅਬਾਦੀ ਦੀ ਲੁੱਟ ਕਰਨ ਦੀ ਹੋਰ ਖੁੱਲ ਦੇ ਰਿਹਾ ਹੈ। ਇਸ ਵੇਲੇ ਲੋਕਾਂ ਨੂੰ ਆਪਣੇ ਮਸਲੇ ਹੱਲ ਕਰਵਾਉਣ ਲਈ ਇੱਕਮੁੱਠ ਤਾਕਤ ’ਤੇ ਹੀ ਭਰੋਸਾ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਇਨਕਲਾਬੀਆਂ ਦਾ ਬੁਲੰਦ ਕੀਤਾ ‘ਇਨਕਲਾਬ ਜਿੰਦਾਬਾਦ’ ਦਾ ਨਾਅਰਾ ਅੱਜ ਵੀ ਓਨਾ ਹੀ ਪ੍ਰਸੰਗਿਕ ਹੈ। ਇਨਕਲਾਬੀਆਂ ਦੇ ਵਿਚਾਰਾਂ ਨੂੰ ਜਾਨਣਾ ਤੇ ਅੱਜ ਦੀਆਂ ਹਾਲਤਾਂ ਨੂੰ ਸਮਝਦੇ ਹੋਏ ਸਮਾਜ ਨੂੰ ਬਦਲਣ ਲਈ ਆਪਣੀ ਭੂਮਿਕਾ ਨਿਭਾਉਣਾ ਇਨਕਲਾਬੀਆਂ ਨੂੰ ਸੱਚੀ ਸ਼ਰਧਾਂਜਲੀ ਹੈ।

ਸਿਆਸੀ ਪਾਰਟੀਆਂ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ 'ਤੇ ਰਾਜਨੀਤਿਕ ਇਸ਼ਤਿਹਾਰਾਂ ਲਈ ਅਗਾਊਂ ਮਨਜ਼ੂਰੀ ਲੈਣ - ਜ਼ਿਲ੍ਹਾ ਚੋਣ ਅਫ਼ਸਰ

ਲੁਧਿਆਣਾ, 17 ਮਾਰਚ (ਟੀ. ਕੇ. ) - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਿਆਸੀ ਪਾਰਟੀਆਂ ਨੂੰ ਕਿਹਾ ਕਿ ਉਹ ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ 'ਤੇ ਇਸ਼ਤਿਹਾਰਬਾਜ਼ੀ ਕਰਨ ਲਈ ਅਗਾਊਂ ਪ੍ਰਵਾਨਗੀ ਲੈਣ ਜਿਨ੍ਹਾਂ ਵਿੱਚ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਅਤੇ ਹੋਰ ਇਲੈਕਟ੍ਰਾਨਿਕ ਮੀਡੀਆ ਪਲੇਟਫਾਰਮ ਸ਼ਾਮਲ ਹਨ।
 
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਿਰਫ ਪੂਰਵ-ਪ੍ਰਮਾਣਿਤ ਇਸ਼ਤਿਹਾਰਾਂ ਨੂੰ ਫਲੈਸ਼ ਕਰਨ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਇਸ਼ਤਿਹਾਰਾਂ 'ਤੇ ਹੋਣ ਵਾਲਾ ਸਾਰਾ ਖਰਚਾ ਚੋਣ ਖਰਚੇ ਖਾਤੇ ਵਿੱਚ ਪਾ ਦਿੱਤਾ ਜਾਵੇਗਾ। ਇਸੇ ਤਰ੍ਹਾਂ, ਸਾਰੇ ਪੈਂਫਲੈਟਾਂ, ਪੋਸਟਰਾਂ ਅਤੇ ਹੈਂਡਬਿਲਾਂ ਆਦਿ 'ਤੇ ਪ੍ਰਕਾਸ਼ਕ, ਪ੍ਰਿੰਟਰ ਦੇ ਨਾਮ ਤੋਂ ਇਲਾਵਾ ਛਪੀਆਂ ਕਾਪੀਆਂ ਦੀ ਗਿਣਤੀ ਅਤੇ ਪ੍ਰਕਾਸ਼ਕ ਦਾ ਘੋਸ਼ਣਾ ਪੱਤਰ ਇਸ ਪ੍ਰਕਾਸ਼ਨ ਸੰਬੰਧੀ ਸਾਰੀ ਜਾਣਕਾਰੀ ਦੇ ਨਾਲ ਜਮ੍ਹਾ ਕਰਨਾ ਲਾਜ਼ਮੀ ਹੈ।

ਇਸ ਤੋਂ ਇਲਾਵਾ, ਨਿੱਜੀ ਇਮਾਰਤਾਂ 'ਤੇ ਸਿਆਸੀ ਹੋਰਡਿੰਗ/ਬੈਨਰਾਂ/ਪੋਸਟਰਾਂ ਲਈ ਨਿੱਜੀ ਜਾਇਦਾਦਾਂ ਦੇ ਮਾਲਕਾਂ ਦੀ ਸਹਿਮਤੀ ਲੋੜੀਂਦੀ ਹੋਵੇਗੀ ਅਤੇ ਅਜਿਹੀਆਂ ਸੂਚੀਆਂ ਉਨ੍ਹਾਂ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਚੋਣਾਂ ਵਿੱਚ ਸੁਚਾਰੂ ਅਤੇ ਨਿਰਵਿਘਨ ਪੋਲਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਅਜਿਹੀ ਕਿਸੇ ਵੀ ਮੁਹਿੰਮ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਆਪਸੀ ਨਫ਼ਰਤ ਨੂੰ ਭੜਕਾਉਂਦੀ ਹੋਵੇ ਅਤੇ ਪ੍ਰਚਾਰ ਲਈ ਕਿਸੇ ਵੀ ਧਾਰਮਿਕ ਸਥਾਨ ਦੀ ਵਰਤੋਂ ਨਾ ਕੀਤੀ ਜਾਵੇ।

ਉਨ੍ਹਾਂ ਰਾਜਨੀਤਿਕ ਪਾਰਟੀਆਂ ਤੋਂ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਪੰਜਾਬ ਦੀ ਮਿੱਟੀ ਦਾ ਮੋਹ ਹਮੇਸ਼ਾਂ ਨਾਲ ਰਹਿੰਦਾ ਹੈ-ਪੀਟਰ ਸੰਧੂ

ਲੁਧਿਆਣਾ 17 ਮਾਰਚ ( ਕਰਨੈਲ ਸਿੰਘ ਐੱਮ.ਏ. )             ਬੜਾ ਮਾਣ ਤੇ ਫ਼ਖਰ ਮਹਿਸੂਸ ਹੁੰਦਾ ਜਦ ਅਸੀਂ ਆਪਣੀ ਜਨਮ ਭੂਮੀ ਤੇ ਆਉਂਦੇ ਹਾਂ ਤੇ ਸਾਡੇ ਆਪਣੇ ਸਾਡਾ ਮਾਣ ਤੇ ਸਤਿਕਾਰ ਕਰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀਟਰ ਸੰਧੂ ਵਿਧਾਇਕ ਐਡਮਿੰਟਨ (ਕੈਨੇਡਾ) ਨੇ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਅਕਾਲਗੜ੍ਹ ਮਾਰਕੀਟ ਵਿਖੇ ਰੱਖੇ ਗਏ ਸਨਮਾਨ ਸਮਾਰੋਹ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੱਥੇਦਾਰ ਗਾਬੜ੍ਹੀਆ ਇੱਕ ਸੂਝਵਾਨ ਰਾਜਨੀਤਕ ਆਗੂ ਹੀ ਨਹੀਂ ਸਗੋਂ ਇੱੱਕ ਮਿਲਾਪੜੇ ਸੁਭਾਅ ਦੇ ਇਨਸਾਨ ਵੀ ਹਨ। ਉਨ੍ਹਾਂ ਕਿਹਾ ਕਿ ਅੱਜ ਜੱਥੇਦਾਰ ਗਾਬੜ੍ਹੀਆ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੇ ਗਏ ਸਨਮਾਨ ਦਾ ਧੰਨਵਾਦੀ ਹਾਂ। ਜੱਥੇਦਾਰ ਗਾਬੜ੍ਹੀਆ ਨੇ ਕਿਹਾ ਕਿ ਅੱਜ ਪੀਟਰ ਸੰਧੂ ਵਰਗੇ ਮਿਹਨਤੀ ਪੰਜਾਬੀਆਂ ਦੀ ਬਦੌਲਤ ਪੰਜਾਬ ਅਤੇ ਪੰਜਾਬੀਆਂ ਦਾ ਨਾਂ ਬੜੀ ਸ਼ਾਨ ਨਾਲ ਲਿਆ ਜਾਂਦਾ ਹੈ। ਇਸ ਮੌਕੇ ਪ੍ਰਲਾਦ ਸਿੰਘ ਢੱਲ, ਸੋਹਣ ਸਿੰਘ ਗੋਗਾ, ਮੁਖਤਿਆਰ ਸਿੰਘ ਚੀਮਾ, ਧਰਮ ਸਿੰਘ ਬਾਜਵਾ , ਸੁਰਜੀਤ ਸਿੰਘ ਪੰਮਾ ਉਬਰਾਏ, ਕੁਲਜਿੰਦਰ ਸਿੰਘ ਬਾਜਵਾ, ਸਨੀ ਬਸਰਾ, ਸਨੀ ਦੁੱਗਰੀ, ਸਿਕੰਦਰ ਸਿੰਘ ਸਕੰਦਾ, ਕੁਲਦੀਪ ਸਿੰਘ, ਸਤਵੀਰ ਸਿੰਘ ਢੀਂਡਸਾ, ਜਗਜੀਤ ਸਿੰਘ ਜੱਗਾ, ਰਛਪਾਲ ਸਿੰਘ ਫੌਜੀ, ਮੱਖਣ ਸਿੰਘ ਚੌਹਾਨ, ਰਤਨ ਸਿੰਘ ਭੁੱਲਰ, ਮਨਜੀਤ ਸਿੰਘ ਸੋਖੀ, ਕਮਲ ਗਰੇਵਾਲ, ਬਿੱਟੂ ਗੁਜਰਾਲ, ਕੁਲਦੀਪ ਸਿੰਘ ਸੋਨੂੰ, ਕਰਨ ਸਿੰਘ , ਹਰਿੰਦਰ ਸਿੰਘ ਲਾਲੀ, ਕਮਲਜੀਤ ਸਿੰਘ ਲੋਟੇ ਵੀ ਹਾਜ਼ਰ ਸਨ।  ਫੋਟੋ: ਪੀਟਰ ਸੰਧੂ ਵਿਧਾਇਕ ਐਡਮਿੰਟਨ (ਕੈਨੇਡਾ) ਦਾ ਸਨਮਾਨ ਕਰਦੇ ਹੋਏ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ, ਪ੍ਰਲਾਦ ਸਿੰਘ ਢੱਲ, ਕੁਲਜਿੰਦਰ ਸਿੰਘ ਬਾਜਵਾ, ਜਗਜੀਤ ਸਿੰਘ ਜੱਗਾ ਤੇ ਹੋਰ