ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸੈਸ਼ਨ 2024-25 ਲਈ ਦਾਖਲਾ ਅਤੇ ਅਕਾਦਮਿਕ ਪ੍ਰੋਗਰਾਮਾਂ ਦਾ ਐਲਾਨ 

ਲੁਧਿਆਣਾ 7 ਅਪ੍ਰੈਲ (ਟੀ. ਕੇ.) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਕਾਰੀਆਂ ਨੇ ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਰਹਿਣ ਵਾਲੇ ਸੰਭਾਵੀ ਉਮੀਦਵਾਰਾਂ ਤੋਂ  ਵੱਖ-ਵੱਖ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਸੈਸ਼ਨ 2024-25 ਦੇ ਸਮੈਸਟਰ 1 ਵਿਚ ਦਾਖਲਾ ਲੈਣ ਲਈ

ਲਈ ਅਰਜ਼ੀਆਂ ਮੰਗੀਆਂ ਹਨ। 

ਪੀਏਯੂ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਓਹੀਓ ਸਟੇਟ ਯੂਨੀਵਰਸਿਟੀ ਅਮਰੀਕਾ ਦੇ ਨਕਸ਼ੇ ਕਦਮਾਂ 'ਤੇ ਸਥਾਪਿਤ ਕੀਤੀ ਗਈ ਸੀ। ਮੌਜੂਦਾ ਸਮੇਂ ਤਕ ਇਸ ਯੂਨੀਵਰਸਿਟੀ ਨੇ ਨਾ ਸਿਰਫ ਪੰਜਾਬ ਅਤੇ ਸਮੁੱਚੇ ਉਤਰੀ ਭਾਰਤ ਦੀ ਖੇਤੀ ਨੂੰ ਵਿਗਿਆਨਕ ਦਿਸ਼ਾ ਵਿਚ ਤੋਰਿਆ ਬਲਕਿ ਅਨੇਕ ਖੇਤੀ ਵਿਗਿਆਨੀ ਪੈਦਾ ਕੀਤੇ ਜਿਨ੍ਹਾਂ ਦੇਸ਼ ਵਿਦੇਸ਼ ਵਿੱਚ ਨਾਮਣਾ ਖੱਟਿਆ। ਅੱਜ ਤਕ ਇਹ ਯੂਨੀਵਰਸਿਟੀ ਅਧਿਆਪਨ, ਖੋਜ ਅਤੇ ਪਸਾਰ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਖੇਤੀਬਾੜੀ ਅਤੇ ਵਾਤਾਵਰਨ ਸੰਭਾਲ ਦੇ ਨਾਲ ਮਨੁੱਖੀ ਸਰੋਤਾਂ ਲਈ ਦਿੱਤੇ ਯੋਗਦਾਨ ਸਦਕਾ ਪੀਏਯੂ ਨੂੰ ਪੰਜਾਬ ਜਾਂ ਭਾਰਤ ਦੀਆਂ ਹੀ ਨਹੀਂ ਬਲਕਿ ਏਸ਼ੀਆ ਦੀਆਂ ਸਿਖਰਲੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਗਿਣਿਆ ਜਾਂਦਾ ਹੈ। ਪਿਛਲੇ ਸਾਲ ਦੀ ਰੈਂਕਿੰਗ ਵਿਚ ਇਸਨੂੰ ਦੇਸ਼ ਦੀ ਸ੍ਰੇਸ਼ਠ ਖੇਤੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਸੀ। ਛੇ ਹੋਰ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਪੀਏਯੂ ਦਾ ਹਿੱਸਾ ਰਹੀਆਂ ਤੇ ਬਾਅਦ ਵਿਚ ਅੱਡ ਸੰਸਥਾਵਾਂ ਬਣੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਨੂੰ ਨਵੀਆਂ ਲੀਹਾਂ ਤੇ ਤੋਰਨ ਲਈ ਪੀ ਏ ਯੂ ਲਗਾਤਾਰ ਯਤਨਸ਼ੀਲ ਰਹੀ ਹੈ। ਇਸ ਸੰਸਥਾ ਦਾ ਉਦੇਸ਼ ਹੈ ਕਿ ਨਾ ਸਿਰਫ ਨੌਜਵਾਨੀ ਨੂੰ ਮਿਆਰੀ ਸਿੱਖਿਆ ਦੇ ਕੇ ਰੁਜ਼ਗਾਰ ਯੋਗ ਬਣਾਇਆ ਜਾਵੇ ਬਲਕਿ ਏਥੋਂ ਸਿੱਖਿਆ ਹਾਸਿਲ ਕਰਨ ਵਾਲੇ ਨੌਜਵਾਨ ਖੇਤੀ ਖੇਤਰ ਵਿਚ ਭਰਪੂਰ ਯੋਗਦਾਨ ਦੇਣ।

 ਪੀ ਏ ਯੂ ਦੀਆਂ ਸਹੂਲਤਾਂ ਅਤੇ ਪ੍ਰਾਪਤੀਆਂ ਸਾਂਝੀਆਂ ਕਰਦੇ ਹੋਏ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ 1962 ਵਿੱਚ ਸਥਾਪਿਤ ਪੀਏਯੂ, ਖੇਤੀਬਾੜੀ ਅਧਿਆਪਨ, ਖੋਜ ਅਤੇ ਪਸਾਰ ਵਿੱਚ ਦੇਸ਼ ਦੀ ਸਿਖਰਲੀ ਯੂਨੀਵਰਸਿਟੀ ਹੈ। ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਦੀ 2023 ਦੀ ਰੈਂਕਿੰਗ ਅਨੁਸਾਰ ਦੇਸ਼ ਦੀਆਂ 63 ਰਾਜ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਅਤੇ ਖੇਤੀਬਾੜੀ ਸੰਸਥਾਵਾਂ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਯੂਨੀਵਰਸਿਟੀ ਨੇ ਆਪਣੀ ਪਰਮਾਣਿਕਤਾ ਨੂੰ ਸਿੱਧ ਕੀਤਾ ਹੈ।

 ਇਸ ਮੌਕੇ ਪੀ ਏ ਯੂ ਦੇ ਰਜਿਸਟਰਾਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮ ਲੁਧਿਆਣਾ ਵਿਖੇ ਇਸਦੇ ਪੰਜ ਕਾਂਸਟੀਚੂਐਂਟ ਕਾਲਜਾਂ ਰਾਹੀਂ ਚਲਾਏ ਜਾਂਦੇ ਹਨ। ਇਨ੍ਹਾਂ ਵਿਚ ਖੇਤੀਬਾੜੀ ਕਾਲਜ, ਬਾਗਬਾਨੀ ਕਾਲਜ, ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ, ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ, ਕਮਿਊਨਿਟੀ ਸਾਇੰਸ  ਕਾਲਜ ਅਤੇ ਇਕ ਹੋਰ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਹੈ। ਵਰਤਮਾਨ ਵਿੱਚ, ਯੂਨੀਵਰਸਿਟੀ ਵੱਖ-ਵੱਖ ਵਿਸ਼ਿਆਂ ਵਿੱਚ 89 ਅਧਿਆਪਨ ਪ੍ਰੋਗਰਾਮਾਂ ਜਾਰੀ ਹਨ। ਇਨ੍ਹਾਂ ਵਿਚ 30 ਡਾਕਟਰੇਟ (ਪੀ.ਐੱਚ.ਡੀ.), 46 ਪੋਸਟ ਗ੍ਰੈਜੂਏਟ (ਐੱਮ.ਐੱਸ.ਸੀ./ਐੱਮ.ਟੈਕ./ਐੱਮ.ਬੀ.ਏ./ਐੱਮ.ਬੀ.ਏ.-ਏ.ਬੀ.), 10 ਅੰਡਰਗ੍ਰੈਜੂਏਟ (ਬੀ.ਐੱਸ.ਸੀ. ਆਨਰਜ਼। ਬੀ ਟੈਕ), ਇੱਕ ਡਿਪਲੋਮਾ ਕੋਰਸ ਅਤੇ ਦੋ ਸਰਟੀਫਿਕੇਟ ਕੋਰਸ ਪ੍ਰਮੁੱਖ ਹਨ।

ਜ਼ਿਕਰਯੋਗ ਹੈ ਕਿ ਵਿਦਿਆਰਥੀ ਬੀ.ਐਸ.ਸੀ. ਵਿੱਚ ਮੈਟ੍ਰਿਕ ਤੋਂ ਬਾਅਦ ਪੀਏਯੂ ਵਿੱਚ ਵੀ ਦਾਖਲਾ ਲੈ ਸਕਦੇ ਹਨ। ਇਸ ਲਈ 2+4 ਸਾਲ ਦਾ ਡਿਗਰੀ ਪ੍ਰੋਗਰਾਮ ਗੁਰਦਾਸਪੁਰ ਅਤੇ ਬਠਿੰਡਾ ਵਿਖੇ ਖੇਤੀਬਾੜੀ ਸੰਸਥਾਵਾਂ  ਵਿੱਚ ਸ਼ਾਮਲ ਹੋ ਕੇ ਕੀਤਾ ਜਾ ਸਕਦਾ ਹੈ। ਉਕਤ ਡਿਗਰੀ ਪ੍ਰੋਗਰਾਮ ਵਿੱਚ ਪਹਿਲੇ ਦੋ ਸਾਲ ਖੇਤੀ ਸੰਸਥਾਨਾਂ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਦੇ 10+2 (ਮੈਡੀਕਲ ਸਟਰੀਮ) ਦੇ ਮਿਆਰ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ, ਵਿਦਿਆਰਥੀ ਡਿਗਰੀ ਪ੍ਰੋਗਰਾਮ ਨੂੰ ਪੂਰਾ ਕਰਨ ਲਈ ਪੀਏਯੂ ਵਿੱਚ ਦਾਖਲਾ ਲੈ ਲੈਂਦੇ ਹਨ।

ਹਰੇਕ ਕੋਰਸ ਦੇ ਵੇਰਵੇ, ਦਾਖਲੇ ਅਤੇ ਯੋਗਤਾ ਦੇ ਮਾਪਦੰਡਾਂ ਦੇ ਨਾਲ, ਦਾਖਲਾ ਟੈਸਟ, ਦਾਖਲੇ ਦੀ ਯੋਗਤਾ, ਫੀਸ ਦੇ ਵੇਰਵਿਆਂ ਆਦਿ ਨੂੰ ਪੀਏਯੂ ਦੀ ਵੈੱਬਸਾਈਟ (www.pau.edu) ਤੋਂ ਹਾਸਿਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਯੂਨੀਵਰਸਿਟੀ ਮਾਪਦੰਡਾਂ ਦੇ ਅਨੁਸਾਰ ਯੋਗ ਉਮੀਦਵਾਰਾਂ ਨੂੰ ਵਜ਼ੀਫ਼ੇ/ਫੈਲੋਸ਼ਿਪ ਵੀ ਪ੍ਰਦਾਨ ਕਰਦੀ ਹੈ।