5 ਜੂਨ ਨੂੰ ਪੂਰੇ ਵਿਸ਼ਵ ਵਿੱਚ ਵਾਤਾਵਰਨ ਦਿਵਸ ✍️ ਸ.ਸੁਖਚੈਨ ਸਿੰਘ ਕੁਰੜ

ਜਿਵੇਂ ਅਸੀਂ ਜਾਣਦੇ ਹੀ ਹਾਂ ਕਿ 5 ਜੂਨ ਨੂੰ ਪੂਰੇ ਵਿਸ਼ਵ ਵਿੱਚ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ।
ਵਿਸ਼ਵ ਪੱਧਰ ਤੇ ਵਾਤਾਵਰਨ 'ਚ ਜਿਵੇਂ-ਜਿਵੇਂ ਵਿਗਾੜ ਆ ਰਿਹਾ ਤਾਂ ਇਸ ਦਿਨ ਦੀ ਮਹੱਤਤਾ ਹੋਰ ਵੀ ਜਿਆਦਾ ਹੋ ਜਾਂਦੀ ਹੈ।
ਸੱਚੀਂ ! ਇਹ ਦਿਵਸ ਮਨਾਉਣ ਦੀ ਬਹੁਤ ਜ਼ਿਆਦਾ ਲੋੜ ਹੈ। ਕਿਵੇਂ ਮਨਾਈਏ ? ਕੀ ਇੱਕ ਦਿਨ ਵਾਤਾਵਰਨ ਦਾ ਫ਼ਿਕਰ ਕਰਕੇ ਅਸੀਂ ਆਪਣੇ ਫ਼ਰਜ਼ਾਂ ਤੋਂ ਸੁਰਖੁਰੂ ਹੋ ਜਾਵਾਂਗੇ ? ਕੀ ਸਿਰਫ਼ ਰੁੱਖ ਲਗਾਕੇ ਹੀ ਵਾਤਾਵਰਨ ਬਚਾ ਸਕਦੇ ਹਾਂ ?
ਸਾਡੇ ਸਮਾਜ ਵਿੱਚ ਅਸੀਂ ਜ਼ਿਆਦਾਤਰ ਦਿਹਾੜੇ ਸੋਸਲ ਮੀਡੀਆ ਤੇ ਹੀ ਮਨਾਉਂਦੇ ਹਾਂ। ਖ਼ਾਸ ਤੌਰ ਤੇ ਜਦੋਂ ਗਰਮੀ ਵਧਦੀ ਹੈ ਤਾਂ ਸਾਡੇ ਸੋਸਲ ਮੀਡੀਆ ਤੇ ਵਾਤਾਵਰਨ ਬਚਾਉਣ ਦਾ ਬਹੁਤ ਰੌਲ਼ਾ ਵੀ ਵੱਧਦਾ, ਵੱਧਣਾ ਚਾਹੀਦਾ ਵੀ ਹੈ। ਸੋਸਲ ਮੀਡੀਆ ਤੇ ਵਾਤਾਵਰਨ ਪ੍ਰੇਮੀਆਂ ਦਾ ਫ਼ਿਕਰ ਦੇਖਕੇ ਸੱਚੀਂ ਲੱਗਦਾ ਹੁੰਦਾ ਕਿ ਇਸ ਵਾਰ ਪੰਜਾਬ ਪੂਰੇ ਵਿਸ਼ਵ ਪੱਖੋਂ ਰੁੱਖ ਲਗਾਉਣ ਦੀ ਗਿਣਤੀ ਵਿੱਚ ਸਭ ਤੋਂ ਅੱਗੇ ਹੋਵੇਗਾ ਪਰ ਸੋਸਲ ਮੀਡੀਆ ਤੋਂ ਇੱਕ ਪਾਸੇ ਹੋਕੇ ਜਦ ਅਸੀਂ ਜ਼ਮੀਨੀ ਪੱਧਰ ਤੇ ਦੇਖਦੇ ਹਾਂ ਤਾਂ ਇਹੀ ਵਾਤਾਵਰਨ ਪ੍ਰੇਮੀਆਂ ਦੇ ਆਲੇ-ਦੁਆਲੇ ਤਾਂ ਕੀ ਆਪੋ-ਆਪਣੇ ਘਰਾਂ ਵਿੱਚ ਵੀ ਕੋਈ ਰੁੱਖ ਨਹੀਂ ਹੁੰਦਾ।
ਚਲੋ ਹੁਣ ਸਮੇਂ- ਸਮੇਂ ਆਈਆਂ ਸਰਕਾਰਾਂ ਦੀ ਗੱਲ ਕਰੀਏ ਜਿੰਨ੍ਹਾਂ ਨੇ ਵਾਤਾਵਰਨ ਦਿਵਸ ਜਾਂ ਵੈਸੇ ਹੀ ਆਪੋ-ਆਪਣੀਆਂ ਪ੍ਰਾਪਤੀਆਂ ਦੀ ਇਸ਼ਤਿਹਾਰਬਾਜ਼ੀ 'ਤੇ ਪਤਾ ਹੀ ਨੀ ਕਿੰਨੇ ਹੀ ਜੰਗਲ ਬਰਬਾਦ ਕਰ ਦਿੱਤੇ ਨੇ ਜਾਂ ਹਜੇ ਹੋਰ ਕੀਤੇ ਜਾ ਰਹੇ ਹਨ। ਸਰਕਾਰਾਂ ਨੇ ਤਾਂ ਵਿਕਾਸ ਦੇ ਨਾਂ ਤੇ ਵੱਡੇ-ਵੱਡੇ ਰੋਡ ਬਣਾਕੇ ਦਰੱਖਤ ਕੱਟ-ਕੱਟ ਜੋ ਵਾਤਾਵਰਨ ਦਾ ਸੱਤਿਆਨਾਸ ਕੀਤਾ ਹੈ,ਉਹ ਵੀ ਤਾਂ ਕਿਸੇ ਤੋਂ ਲੁਕਿਆ ਨਹੀਂ ਸਭ ਕੁਝ ਸਾਹਮਣੇ ਹੀ ਤਾਂ ਹੋ ਰਿਹਾ।
ਇਸ ਤੋਂ ਅਗਲੀ ਗੱਲ ਉਦਯੋਗਪਤੀਆਂ  ਦੀ ਕਰਨੀ ਬਣਦੀ ਹੈ। ਵੈਸੇ ਕਰਨੀ ਤਾਂ ਸਭ ਤੋਂ ਪਹਿਲਾਂ ਚਾਹੀਦੀ ਸੀ। ਵਿਕਾਸ ਤੇ ਰੁਜ਼ਗਾਰ ਦੇ ਮੌਕੇ ਦੇਣ ਬਹਾਨੇ ਪੰਜਾਬੀਆਂ ਦੇ ਚੁੱਲ੍ਹਿਆਂ ਦੀ ਅੱਗ ਖੋਹਣ ਤੋਂ ਲੈਕੇ ਚਿਮਨੀਆਂ ਰਾਹੀਂ ਵੰਡੀਆਂ ਜਾ ਰਹੀਆਂ ਬਿਮਾਰੀਆਂ ਸਭ ਕੁੱਝ ਵਾਤਾਵਰਨ ਦੀ ਬਰਬਾਦੀ ਵੱਲ ਹੀ ਤਾਂ ਲਿਜਾ ਰਿਹਾ ਹੈ।
ਵਾਤਾਵਰਨ ਨੂੰ ਤਬਾਹੀ ਵੱਲ ਲਿਜਾਣ ਵਿੱਚ ਕੌਣ ਕਿੰਨਾ ਜੁੰਮੇਵਾਰ ਹੈ ਇਹ ਸਭ ਤੁਸੀਂ ਇੰਟਰਨੈੱਟ ਤੇ ਸਰਚ ਕਰਕੇ ਵੱਖੋ-ਵੱਖ ਸਰਕਾਰੀ ਸਰੋਤਾਂ ਤੋਂ ਅਸਲ ਸੱਚ ਜਾਣ ਸਕਦੇ ਹੋ।
ਸਭ ਤੋਂ ਵੱਧ ਸਨਅਤ ਦੇ ਕਾਰਨ 51%, ਦੂਜੇ ਨੰਬਰ 'ਤੇ ਵਾਹਨਾਂ 'ਚੋਂ ਨਿਕਲ ਰਹੇ ਧੂੰਏਂ ਕਾਰਨ 25%, ਤੀਜੇ ਨੰਬਰ ਤੇ ਘਰੇਲੂ ਉਪਯੋਗ ਕਾਰਨ 11% , ਚੌਥੇ ਨੰਬਰ ਤੇ ਖੇਤੀਬਾੜੀ ਤੋਂ 8% ਤੇ ਅਖੀਰ ਤੇ ਹੋਰ ਕਾਰਨ 4% ਹੀ ਰਹਿ ਜਾਂਦੇ ਹਨ।
ਵਾਤਾਵਰਨ ਨੂੰ ਤਬਾਹ ਕਰਨ ਵਿੱਚ ਧਰਤੀ ਤੇ ਵਸਦਾ ਤਕਰੀਬਨ ਹਰ ਇਨਸਾਨ ਹੀ ਜੁੰਮੇਵਾਰ ਹੈ, ਕੌਣ ਕਿੰਨ੍ਹਾਂ ਜੁੰਮੇਵਾਰ ਹੈ ਇਹ ਬਿਨਾ ਜਾਣੇ ਅਸੀਂ ਸਾਰੇ ਆਪਣੇ- ਆਪ ਨੂੰ ਇੱਕ ਪਾਸੇ ਕਰਕੇ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਕੇ ਖ਼ੁਦ ਸਿਆਣੇ, ਸਮਝਦਾਰ, ਵਾਤਾਵਰਨ ਦੇ ਰਾਖੇ ਹੋਣ ਦਾ ਭਰਮ ਪਾਲ ਕੇ ਬੈਠੇ ਹਾਂ।
ਅੰਕੜਿਆਂ ਨੂੰ ਸਮਝੀਏ ਪੰਜਾਬ ਵਿੱਚ ਜੰਗਲਾਤ ਹੇਠਲਾ ਇਲਾਕਾ ਸਾਲ 2019 ਦੇ ਮੁਕਾਬਲੇ ਸਾਲ 2021 ਵਿਚ 2 ਵਰਗ ਕਿੱਲੋ-ਮੀਟਰ ਘਟ ਗਿਆ ਹੈ। ਅੰਕੜਿਆਂ ਮੁਤਾਬਿਕ ਪੰਜਾਬ ਵਿਚ ਜੰਗਲਾਤ ਹੇਠਲਾ ਇਲਾਕਾ 2021 ਵਿੱਚ 1,847 ਵਰਗ ਕਿੱਲੋਮੀਟਰ ਰਹਿ ਗਿਆ ਹੈ ਜਦਕਿ ਸਾਲ 2019 ਵਿਚ ਇਹ ਅੰਕੜਾ 1849 ਵਰਗ ਕਿੱਲੋ ਮੀਟਰ ਸੀ। ਜਦ ਕਿ ਪੰਜਾਬ ਦਾ ਕੁੱਲ ਇਲਾਕਾ 50,362 ਵਰਗ ਕਿਲੋ-ਮੀਟਰ ਹੈ।
ਵਾਤਾਵਰਨ ਸੰਬੰਧਿਤ ਫ਼ਿਕਰ, ਵਿਚਾਰ-ਚਰਚਾ ਜਿੰਨ੍ਹੀ ਹੋਵੇ ਘੱਟ ਹੀ ਘੱਟ ਹੈ, ਰੁੱਖ ਲਗਾਉਣ ਦੀਆਂ ਅਪੀਲਾਂ ਜਿੰਨ੍ਹੀਆਂ ਵੀ ਹੋਣ ਘੱਟ ਹੀ ਘੱਟ ਹਨ।
ਇੱਕ ਗੱਲ ਤਾਂ ਹੈ ਏ.ਸੀ ਕਮਰਿਆਂ 'ਚ ਬਹਿਕੇ ਰੁੱਖ ਨੀ ਲਗਾਏ ਜਾ ਸਕਦੇ। ਸਰਕਾਰ ਕੁੱਝ ਕਰੇ ਜਾਂ ਨਾ ਕਰੇ ਆਪਾਂ ਨੂੰ ਆਪ ਘਰਾਂ ਚੋਂ ਬਾਹਰ ਨਿਕਲਣਾ ਪੈਣਾ। ਸਰਕਾਰ ਨੇ ਕੀ ਕਰਨਾ ਆਪਾਂ ਉਹਦੇ ਬਾਰੇ ਗੱਲ ਕਰੀਏ,ਉਸ ਤੋਂ ਪਹਿਲਾਂ ਆਪਾਂ ਨਿੱਜੀ ਤੌਰ ਤੇ ਖ਼ੁਦ ਕੀ ਕਰੀਏ ?
ਵਾਅਦਾ ਕਰੋ ਕਿ ਤੁਸੀਂ ਸਭ ਆਪੋ-ਆਪਣੇ ਜਨਮ ਦਿਨ 'ਤੇ ਰੁੱਖ ਲਗਾਉਣ ਅਤੇ ਤੋਹਫ਼ੇ ਦੇਣ ਦੇ ਰੂੂਪ 'ਚ ਵੀ ਇਹ ਕੋਸ਼ਸ਼ ਜ਼ਰੂਰ ਕਰੋਂਗੇ ?
ਇਹ ਆਦਤ ਆਪਣੇ ਆਲੇ-ਦੁਆਲੇ ਤੇ ਆਪਣੇ ਬੱਚਿਆਂ ਦੀ ਜ਼ਰੂਰ ਬਣਾਓ। ਬੇਸ਼ੱਕ ਰੁੱਖ ਲਗਾਉਣ ਲਈ ਤੁਸੀਂ ਮੌਸਮ ਮੁਤਾਬਕ ਕਦੋਂ ਵੀ ਆਪਣਾ ਫ਼ਰਜ਼ ਨਿਭਾ ਸਕਦੇ ਹੋ। ਇੱਥੇ ਜਨਮ ਦਿਨ ਵਿਸ਼ੇਸ਼ ਦਾ ਮਤਲਬ ਤੁਸੀਂ ਜਾਂ ਤੁਹਾਡੇ ਬੱਚੇ ਭਵਿੱਖ 'ਚ ਇਸ ਉੱਦਮ 'ਤੇ ਮਾਣ ਮਹਿਸੂਸ ਕਰ ਸਕੋ।
ਮਨੋਵਿਗਿਆਨਕ ਤੌਰ 'ਤੇ ਤੁਸੀਂ ਮਨ ਤੋਂ ਉਸ ਪੌਦੇ ਨਾਲ ਜੁੜੋਗੇ, ਰੁੱਖ ਬਣਨ ਤੱਕ ਬੱਚੇ ਵਾਂਗ ਪਾਲੋਗੇ ਤੇ ਬੁਢਾਪੇ 'ਚ ਉਸ ਤੋਂ ਸੇਵਾ ਦੀ ਉਮੀਦ ਰੱਖ ਸਕਦੇ ਹੋ। ਇੱਥੇ ਇੱਕ ਹੋਰ ਸਭ ਤੋਂ ਜ਼ਰੂਰੀ ਗੱਲ ਜੋ ਕਿ ਸਾਡੇ ਸਾਰਿਆਂ ਲਈ ਹੀ ਜ਼ਰੂਰੀ ਹੈ ਕਿ ਇੱਕਲੇ ਰੁੱਖ ਲਗਾਕੇ ਹੀ ਵਾਤਾਵਰਨ ਨਹੀਂ ਬਚਾਇਆ ਜਾ ਸਕਦਾ। ਜੇ ਕਿਤੇ ਸੌ ਰੁੱਖ ਲਗਾਏ ਜਾਂਦੇ ਹਨ ਤਾਂ ਉਹਨਾਂ ਚੋਂ ਬਚਕੇ ਅੱਗੇ ਚੱਲਦੇ ਕਿੰਨੇ ਹਨ ? ਇੱਥੇ ਇਹ ਸਭ ਤੋਂ ਵੱਡੀ ਲੋੜ ਹੈ, ਜਿੰਨ੍ਹੇ ਵੀ ਰੁੱਖ ਲਗਾਈਏ, ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਸੰਭਾਲੀਏ, ਉਹਨਾਂ ਤੋਂ ਤੇ ਉਹਨਾਂ ਦੇ ਨਾਲ਼ ਜਿਊਣਾ ਸਿੱਖੀਏ।
ਮੌਜੂਦਾ ਸਰਕਾਰ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦਾ ਜੋ ਕੰਮ ਕਰ ਰਹੀ ਹੈ, ਉਹ ਕਾਬਿਲ ਏ ਤਾਰੀਫ਼ ਹੈ। ਹੁਣ ਸਰਕਾਰ ਇੱਥੇ ਕੋਸ਼ਸ਼ ਕਰੇ ਪੰਚਾਇਤੀ ਜ਼ਮੀਨਾਂ ਵਿੱਚ ਨਿੱਕੇ-ਨਿੱਕੇ ਰਵਾਇਤੀ ਰੁੱਖਾਂ ਨਾਲ਼ ਸੰਬੰਧਿਤ ਜੰਗਲ ਜ਼ਰੂਰ ਲਗਵਾਏ। ਹੋਰ ਉਦਯੋਗਪਤੀਆਂ ਲਈ ਸਰਕਾਰ ਕਾਨੂੰਨੀ ਤੌਰ ਤੇ ਜ਼ਰੂਰੀ ਕਰੇ ਕਿ ਉਹ ਪਹਿਲਾਂ ਆਪਣੇ ਉਦਯੋਗ ਵਾਲ਼ੇ ਥਾਂ ਦੇ ਦੁਆਲ਼ੇ ਜਾਂ ਕਿਤੇ ਨੇੜੇ ਇੱਕ ਨਿੱਕਾ ਜੰਗਲ ਜ਼ਰੂਰ ਲਗਾਉਣ, ਅਗਲੀ ਗੱਲ ਕਿਸੇ ਵੀ ਕੋਲ਼ ਵਾਹਨਾਂ ਦੀ ਗਿਣਤੀ ਜਿੰਨ੍ਹੀ ਹੈ ਉਹ ਆਪਣੇ ਵਾਹਨਾਂ ਦੀ ਗਿਣਤੀ ਬਰਾਬਰ ਆਪਣੇ ਹਿੱਸੇ ਦੇ ਰੁੱਖ ਜ਼ਰੂਰ ਲਗਾਉਣ, ਕਿਸਾਨ ਆਪਣੀ ਜ਼ਮੀਨ ਮੁਤਾਬਕ ਆਲ਼ੇ ਦੁਆਲ਼ੇ ਰੁੱਖ ਲਗਾਉਣ, ਇਹ ਸਭ ਸਾਰਿਆਂ ਲਈ ਕਾਨੂੰਨੀ ਤੌਰ 'ਤੇ ਜ਼ਰੂਰੀ ਹੋਵੇ।
ਨਹੀਂ ਫ਼ਿਰ ਏ.ਸੀ ਕਮਰਿਆਂ 'ਚ ਬਹਿਕੇ ਵੈਦਰ ਐਪ 'ਤੇ ਟੈਮਪਰਚਰ ਵਾਲੇ ਸਕਰੀਨ ਸੌਰਟ ਪਾਕੇ, ਟੂ ਡੇ ਇਜ ਵੈਰੀ ਹੌਟ ਅੱਪਡੇਟਸ ਪਾ ਕੇ ਰੱਬ ਨੂੰ ਗਾਲਾਂ ਕੱਢਣ ਦੀ ਲੋੜ ਨਹੀਂ। ਰੱਬ ਕਿਸੇ ਨੇ ਦੇਖਿਆ..?
ਤੁਸੀਂ ਖ਼ੁਦ ਕੁਦਰਤ ਦੇ ਨਾਲ਼ ਜੁੜੋ,ਜ਼ਿੰਦਗੀ ਨਾਲ਼ ਜੁੜ ਜਾਉਂਗੇ।
ਕੁਦਰਤ ਜਿਊਣਾ ਸਿਖਾਉਂਦੀ ਹੈ। ਫਿਰ ਝਿਜਕ ਕਾਹਦੀ ਸਿੱਖ'ਲੋ ਜਿਊਣਾ।
ਸ.ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)