ਭਾਰਤ

ਰਾਸ਼ਟਰਪਤੀ ਵੱਲੋਂ ਧਾਰਾ 370 ਮਨਸੂਖ਼ ਕਰਨ ਨੂੰ ਪ੍ਰਵਾਨਗੀ

ਨਵੀਂ ਦਿੱਲੀ, ਅਗਸਤ 2019- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਮਨਸੂਖ਼ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੰਸਦ ਦੇ ਦੋਵੇਂ ਸਦਨਾਂ ’ਚ ਇਸ ਬਾਬਤ ਮਤਾ ਪਾਸ ਹੋਣ ਮਗਰੋਂ ਰਾਸ਼ਟਰਪਤੀ ਨੇ ਇਹ ਫ਼ੈਸਲਾ ਲਿਆ ਹੈ। ਅਧਿਕਾਰਤ ਨੋਟਿਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਸੰਸਦ ਦੀ ਸਿਫ਼ਾਰਿਸ਼ ’ਤੇ ਐਲਾਨ ਕਰਦੇ ਹਨ ਕਿ 6 ਅਸਗਤ 2019 ਤੋਂ ਧਾਰਾ 370 ਦੀ ਉਪ ਧਾਰਾ 1 ਨੂੰ ਛੱਡ ਕੇ ਬਾਕੀ ਸਾਰੀਆਂ ਉਪ ਧਾਰਾਵਾਂ ਲਾਗੂ ਨਹੀਂ ਹੋਣਗੀਆਂ। ਇਸ ’ਚ ਕਿਹਾ ਗਿਆ ਹੈ ਕਿ ਸੰਵਿਧਾਨ ਦੇ ਸਮੇਂ ਸਮੇਂ ’ਤੇ ਸੋਧੇ ਗਏ ਸਾਰੇ ਪ੍ਰਾਵਧਾਨ ਜੰਮੂ ਕਸ਼ਮੀਰ ਸੂਬੇ ’ਤੇ ਲਾਗੂ ਹੋਣਗੇ। ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਨੇ ਸੋਮਵਾਰ ਨੂੰ ਧਾਰਾ 370 ਨੂੰ ਮਨਸੂਖ਼ ਕਰਨ ਅਤੇ ਜੰਮੂ ਕਸ਼ਮੀਰ ਤੇ ਲੱਦਾਖ਼ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਵੰਡੇ ਜਾਣ ਦਾ ਮਤਾ ਪੇਸ਼ ਕੀਤਾ ਸੀ। ਉਸੇ ਦਿਨ ਰਾਜ ਸਭਾ ’ਚ ਇਹ ਮਤਾ ਪਾਸ ਹੋ ਗਿਆ ਸੀ ਜਦਕਿ ਲੋਕ ਸਭਾ ਨੇ ਇਸ ਨੂੰ ਮੰਗਲਵਾਰ ਨੂੰ ਪ੍ਰਵਾਨਗੀ ਦਿੱਤੀ ਸੀ।

ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵਲੋਂ ਬੇਟ ਇਲਾਕੇ 'ਚ ਲਗਾਏ ਮੁਫ਼ਤ ਕੈਂਪ

ਧਾਰਮਿਕ ਅਸਥਾਨਾਂ ਤੇ ਸੋਨਾ ਚੜ੍ਹਾਉਣ ਦੀ ਥਾਂ ਪਰਮਾਤਮਾ ਵਲੋਂ ਸਿਰਜਿਆ ਇਨਸਾਨੀ ਜਿੰਦਗੀਆ ਨੂੰ ਬਚਾਉਣਾ ਜਰੂਰੀ-ਧਾਲੀਵਾਲ

ਹੰਬੜਾਂ, ਜੁਲਾਈ ( ਮਨਜਿੰਦਰ ਗਿੱਲ )-ਕੈਂਸਰ ਜਿਹੀ ਨਾ-ਮੁਰਾਦ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ | ਇਸ ਨੂੰ ਖ਼ਤਮ ਕਰਨ ਦਾ ਬੀੜਾ ਚੁੱਕ ਕੇ ਵਰਲਡ ਕੇਅਰ ਚੈਰੀਟਬਲ ਸੁਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰੇ ਪੰਜਾਬ 'ਚ ਮੁਫ਼ਤ ਕੈਂਪ ਲਗਾਏ ਜਾ ਰਹੇ ਹਨ ਤੇ ਜਾਂਚ ਦੌਰਾਨ ਪਾਏ ਗਏ ਕੈਂਸਰ ਪੀੜ੍ਹਤ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਸੁਸਾਇਟੀ ਦੇ ਸੰਸਥਾਪਕ ਕੁਲਵੰਤ ਸਿੰਘ ਧਾਲੀਵਾਲ ਨੇ ਉਦੋਂ ਦਿੱਤੀ ਜਦੋਂ ਉਹ ਆਪਣੀ ਡਾਕਟਰੀ ਟੀਮ ਸਮੇਤ ਵਲੀਪੁਰ ਕਲਾਂ, ਮਾਣੀਏਵਾਲ, ਘਮਣੇਵਾਲ, ਵਲੀਪੁਰ ਖੁਰਦ, ਤਲਵੰਡੀ ਨੌਅਬਾਦ, ਕੁਲਗਹਿਣਾ ਆਦਿ ਬੇਟ ਏਰੀਏ 'ਚ ਦਰਜਨ ਦੇ ਕਰੀਬ ਪਿੰਡਾਂ 'ਚ ਕੈਂਪ ਲਗਾਉਣ ਮੌਕੇ ਸਤਲੁਜ ਦਰਿਆ ਦੇ ਬੰਨ੍ਹ 'ਤੇ ਵਸੀ ਅਬਾਦੀ 'ਚ ਕੈਂਪ ਲਗਾਉਣ ਪਹੁੰਚੇ | ਇਸ ਮੌਕੇ ਉਨ੍ਹਾਂ ਬੁੱਢੇ ਨਾਲੇ ਨਾਲ ਗੰਦੇ ਹੋ ਰਹੇ ਸਤਲੁਜ ਦਰਿਆ ਦੇ ਪਾਣੀ ਨੂੰ ਵੀ ਦੇਖਿਆ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ਅਤੇ ਫੈਕਟਰੀਆਂ ਦਾ ਗੰਦਾ ਤੇਜ਼ਾਬੀ ਪਾਣੀ ਸਤਲੁਜ ਦਰਿਆ 'ਚ ਸਿੱਧਾ ਰਲਣਾ ਬੜਾ ਹੀ ਮੰਦਭਾਗਾ ਹੈ ਤੇ ਇਹ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਇਹ ਸਰਕਾਰਾਂ ਦੀ ਵੱਡੀ ਨਾਕਾਮੀ ਰਹੀ ਹੈ, ਪਰ ਸਾਡੀ ਸੁਸਾਇਟੀ ਕੈਂਸਰ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਵੀ ਕਰ ਰਹੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਸੋਨਾ ਚੜ੍ਹਾਉਣ ਨੂੰ ਪਹਿਲ ਦੇਣ ਦੀ ਥਾਂ ਪ੍ਰਮਾਤਮਾ ਵੱਲੋਂ ਸਿਰਜੀਆਂ ਇਨਸਾਨੀ ਜ਼ਿੰਦਗੀਆਂ ਨੂੰ ਬਚਾਉਣਾ ਜ਼ਰੂਰੀ ਹੈ ਕਿਉਂਕਿ ਸਾਡੇ ਗੁਰੂਆਂ ਨੇ ਵੀ ਹਮੇਸ਼ਾ ਮਾਨਵਤਾ ਦੇ ਭਲੇ ਦੀ ਹੀ ਗੱਲ ਕੀਤੀ ਹੈ | ਕੈਂਸਰ ਜਾਂ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਅੱਜ ਸਾਨੂੰ ਤਨੋਂ, ਮਨੋਂ ਤੇ ਧਨੋਂ ਵੱਡਾ ਯੋਗਦਾਨ ਪਾਉਣ ਦੀ ਲੋੜ ਹੈ |ਉਸ ਸਮੇ ਅਮਨਜੀਤ ਸਿੰਘ ਖਹਿਰਾ ਨੇ ਸ ਕੁਲਵੰਤ ਸਿੰਘ ਧਾਲੀਵਾਲ ਦੀ ਸੋਚ ਨੂੰ ਸਲਾਮ ਕਰਦਿਆਂ ਆਖਿਆ ਕਿ ਜਦੋ ਸਵਰੇ ਉਠੇ ਫੋਨ ਆਇਆ ਕੇ ਅੱਜ ਆਪਾ ਆਪਣੇ ਹੱਥੀ ਬੁਢੇ ਨਾਲੇ ਤੇ ਬਸੇ ਲੋਕਾ ਨੂੰ ਕੈਂਸਰ ਪ੍ਰੀਤ ਜਾਗਰੂਕ ਕਰਨਾ ਹੈ ਅਤੇ ਦਵਾਈਆਂ ਦੇਣੀਆਂ ਹਨ ਮੈਂ ਹਰਾਂਨ ਸੀ ਕਿ ਦੋ ਦਿਨ ਪਹਿਲਾਂ ਸ਼੍ਰੀ ਲੰਕਾ ਵਿਚ ਇਹ ਕੰਮ ਕਰਦੇ ਸੀ ਕੱਲ ਬੀੜ ਰਾਉਂਕੇ ਸੀ ਅਤੇ ਅੱਜ ਦਰਿਆ ਸਤਲੁਜ ਲੁਧਿਆਣਾ ਕੱਲ ਨੂੰ ਸ਼੍ਰੀ ਅੰਮ੍ਰਿਤਸਰ ਅਤੇ ਅਗਲੇ ਦਿਨ ਵਾਪਸੀ ਇੰਗਲੈਂਡ ਵਾਹਿਗੁਰੂ ਇਸ ਇਨਸਾਨ ਨੂੰ ਕਿਵੇਂ ਤਾਕਤ ਦਿਦਾ ਹੈ ਉਹ ਹੀ ਜਾਣਦਾ ਹੈ।  ਇਸ ਮੌਕੇ ਡਾਕਟਰੀ ਟੀਮ ਵੱਲੋਂ ਲੋਕਾਂ ਦੇ ਮੁਫ਼ਤ ਟੈਸਟ ਕੀਤੇ ਗਏ | ਇਸ ਮੌਕੇ ਕੁਲਵੰਤ ਸਿੰਘ ਧਾਲੀਵਾਲ ਤੋਂ ਇਲਾਵਾ ਹੰਬੜਾਂ ਸਹਿਕਾਰੀ ਸਭਾ ਦੇ ਪ੍ਰਧਾਨ ਹਰਮੋਹਨ ਸਿੰਘ ਚੌਹਾਨ, ਡਾ. ਧਰਮਿੰਦਰ ਸਿੰਘ ਢਿੱਲੋਂ, ਡਾ: ਮਾਲਤੀ, ਸਮਾਜ ਸੇਵੀ ਅਧਿਆਪਕ ਹਰਨਰਾਇਣ ਸਿੰਘ, ਹਰਪਾਲ ਸਿੰਘ ਜੱਸਲ ਤੇ ਹੋਰ ਡਾ. ਸਹਿਬਾਨ ਆਦਿ ਹਾਜ਼ਰ ਸਨ |

ਮੈਨੂੰ ਮਾਰਨ ਦੀ ਸਾਜ਼ਿਸ਼ ਘੜੀ ਗਈ- ਹਜ਼ਾਰੇ

ਮੁੰਬਈ,  ਜੁਲਾਈ 2019-

ਕਾਂਗਰਸ ਆਗੂ ਪਵਨਰਾਜੇ ਨਿੰਬਲਕਰ ਦੇ 2006 ’ਚ ਹੋਏ ਕਤਲ ਨਾਲ ਸਬੰਧਤ ਕੇਸ ’ਚ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਅੱਜ ਸਰਕਾਰੀ ਗਵਾਹ ਵਜੋਂ ਵਿਸ਼ੇਸ਼ ਅਦਾਲਤ ’ਚ ਪੇਸ਼ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਘੜੀ ਗਈ ਸੀ। ਸਾਬਕਾ ਲੋਕ ਸਭਾ ਮੈਂਬਰ ਪਦਮਸਿੰਘ ਪਾਟਿਲ ਇਸ ਕੇਸ ਦੇ ਮੁੱਖ ਮੁਲਜ਼ਮ ਹਨ। ਸ੍ਰੀ ਹਜ਼ਾਰੇ ਨੇ ਜਸਟਿਸ ਆਨੰਦ ਯਾਵਲਕਰ ਦੀ ਅਦਾਲਤ ਨੂੰ ਦੱਸਿਆ ਕਿ ਉਹ ਪਾਟਿਲ ਨੂੰ ਚੁਣੇ ਹੋਏ ਪ੍ਰਤੀਨਿਧ ਵਜੋਂ ਜਾਣਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਤੇ ਇਸ ਲਈ ਉਨ੍ਹਾਂ ਉਸ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਜਿਸ ਮਗਰੋਂ ਸਰਕਾਰ ਨੇ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਪੀਬੀ ਸਾਵੰਤ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਦਾ ਗਠਨ ਕੀਤਾ ਸੀ। ਉਨ੍ਹਾਂ ਕਿਹਾ, ‘ਮੈਨੂੰ ਮੀਡੀਆ ਰਾਹੀਂ ਇਸ ਕਤਲ ਦਾ ਪਤਾ ਲੱਗਾ ਤੇ ਮੀਡੀਆ ਰਿਪੋਰਟਾਂ ਤੋਂ ਹੀ ਮੈਨੂੰ ਪਤਾ ਲੱਗਾ ਕਿ ਮੇਰਾ ਕਤਲ ਕਰਨ ਲਈ ਵੀ ਸ਼ੂਟਰਾਂ ਨੂੰ ਸੁਪਾਰੀ ਦਿੱਤੀ ਗਈ ਸੀ ਜਿਸ ਮਗਰੋਂ ਮੈਂ ਇਸ ਸਬੰਧੀ ਪਾਰਨੇਰ ਥਾਣੇ (ਅਹਿਮਦਨਗਰ ਜ਼ਿਲ੍ਹਾ) ’ਚ ਕੇਸ ਦਰਜ ਕਰਵਾਇਆ।’ ਉਨ੍ਹਾਂ ਕਿਹਾ ਕਿ ਕੇਸ ਦਰਜ ਕਰਵਾਉਣ ਤੋਂ ਪਹਿਲਾਂ ਮੈਂ ਸਰਕਾਰ ਨੂੰ ਚਿੱਠੀ ਵੀ ਲਿਖੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

ਪਰਵਾਸੀ ਭਾਰਤੀਆਂ ਨੂੰ ਪ੍ਰੌਕਸੀ ਵੋਟ ਦੀ ਸਹੂਲਤ ਹਾਲੇ ਨਹੀਂ

ਨਵੀਂ ਦਿੱਲੀ,  ਜੁਲਾਈ 2019-
ਸਰਕਾਰ ਨੇ ਪਰਵਾਸੀ ਭਾਰਤੀਆਂ ਨੂੰ ‘ਪ੍ਰੌਕਸੀ ਵੋਟ’ ਦੀ ਸਹੂਲਤ ਦੇਣ ਸਬੰਧੀ ਇਕ ਨਵਾਂ ਬਿੱਲ ਸੰਸਦ ਵਿੱਚ ਪੇਸ਼ ਕਰਨ ਦੀ ਆਪਣੀ ਯੋਜਨਾ ਨੂੰ ਹਾਲ ਦੀ ਘੜੀ ਰੋਕਣ ਦਾ ਫ਼ੈਸਲਾ ਲਿਆ ਹੈ। ਇਸੇ ਤਰ੍ਹਾਂ ਦਾ ਇਕ ਬਿੱਲ ਪਿਛਲੇ ਮਹੀਨੇ 16ਵੀਂ ਲੋਕ ਸਭਾ ਭੰਗ ਹੋਣ ਤੋਂ ਬਾਅਦ ਲੈਪਸ ਹੋ ਗਿਆ ਸੀ। ਇਹ ਬਿੱਲ ਲੋਕ ਸਭਾ ਵਿੱਚ ਪਾਸ ਹੋ ਚੁੱਕਿਆ ਸੀ ਪਰ ਰਾਜ ਸਭਾ ਵਿੱਚ ਪੈਂਡਿੰਗ ਪਿਆ ਸੀ। ਸਰਕਾਰੀ ਸੂਤਰਾਂ ਅਨੁਸਾਰ ਕਾਨੂੰਨ ਮੰਤਰਾਲੇ ਦਾ ਇਹ ਪ੍ਰਸਤਾਵ 24 ਜੂਨ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਰੱਖਿਆ ਗਿਆ ਸੀ, ਜਿੱਥੇ ਇਸ ਸਬੰਧੀ ਹੋਰ ਸਰਵੇਖਣ ਕਰਨ ਲਈ ਹਾਲ ਦੀ ਘੜੀ ਇਸ ਪ੍ਰਸਤਾਵ ਨੂੰ ਰੋਕਣ ਦਾ ਫ਼ੈਸਲਾ ਲਿਆ ਗਿਆ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੁਣ ਇਹ ਪ੍ਰਸਤਾਵ ਇਸ ਸਬੰਧੀ ਵਖਰੇਵਿਆਂ ਨੂੰ ਦੂਰ ਕਰਨ ਤੋਂ ਬਾਅਦ ਹੀ ਅੱਗੇ ਭੇਜਿਆ ਜਾਵੇਗਾ।

ਸੰਸਦ ਮੈਂਬਰ ਔਜਲਾ ਨੇ ਉਭਾਰਿਆ ਤਸਕਰੀ ਦਾ ਮਾਮਲਾ

ਨਵੀਂ ਦਿੱਲੀ,  ਜੁਲਾਈ 2019- ਸਰਹੱਦ ਰਸਤੇ ਨਸ਼ੀਲੇ ਪਦਾਰਥਾਂ ਦੀ ਹੋ ਰਹੀ ਤਸਕਰੀ ਅਤੇ ਅਟਾਰੀ ਸਥਿਤ ਆਈਸੀਪੀ ਵਿਖੇ ਟਰੱਕ ਸਕੈਨਰ ਦੀ ਅਣਹੋਂਦ ਦਾ ਮੁੱਦਾ ਅੱਜ ਸੰਸਦ ਵਿੱਚ ਵੀ ਗੂੰਜਿਆ ਹੈ। ਇਸ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਆਈਸੀਪੀ ਵਿਖੇ ਟਰੱਕ ਸਕੈਨਰ ਸਥਾਪਤ ਕਰਨ ਵਿਚ ਹੋ ਰਹੀ ਦੇਰੀ ਅਤੇ 532 ਕਿਲੋ ਹੈਰੋਇਨ ਤਸਕਰੀ ਮਾਮਲੇ ਵਿਚ ਫੜੇ ਗਏ ਵਿਅਕਤੀਆਂ ਦਾ ਕਸਟਮ ਵੱਲੋਂ ਪੁਲੀਸ ਰਿਮਾਂਡ ਨਾ ਲਏ ਜਾਣ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਇਹ ਮਾਮਲਾ ਅੱਜ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਰੱਖਿਆ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਉਨ੍ਹਾਂ ਕਿਹਾ ਕਿ ਅਟਾਰੀ ਆਈਸੀਪੀ ਵਿਖੇ ਟਰੱਕ ਸਕੈਨਰ ਦੀ ਸਥਾਪਤੀ ਦਾ ਮਾਮਲਾ ਦੇਸ਼ ਦੀ ਕੌਮੀ ਸੁਰੱਖਿਆ ਨਾਲ ਜੁੜਿਆ ਹੈ। ਪਰ ਇਸ ਦੀ ਸਥਾਪਤੀ ਲਈ ਲੰਮੇ ਸਮੇਂ ਤੋਂ ਦੇਰ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਹੁਣ ਇਥੇ ਟਰੱਕ ਸਕੈਨਰ ਦੀ ਸਥਾਪਤੀ ਲਈ ਜੋ ਇਮਾਰਤ ਉਸਾਰੀ ਗਈ ਹੈ, ਉਹ ਮਾਪਦੰਡ ’ਤੇ ਪੂਰੀ ਨਹੀਂ ਉਤਰਦੀ ਹੈ। ਇਸ ਇਮਾਰਤ ’ਤੇ ਇਤਰਾਜ਼ ਲਾਇਆ ਗਿਆ ਹੈ। ਉਨ੍ਹਾਂ ਇਹ ਮਾਮਲਾ ਵੀ ਉਭਾਰਿਆ ਕਿ ਹਾਲ ਹੀ ਵਿਚ ਕਸਟਮ ਵਿਭਾਗ ਵੱਲੋਂ ਆਈਸੀਪੀ ਤੋਂ ਪਾਕਿਸਤਾਨੀ ਲੂਣ ਵਿਚੋਂ ਫੜੀ ਗਈ 532 ਕਿਲੋ ਹੈਰੋਇਨ ਦੇ ਮਾਮਲੇ ਵਿਚ ਫੜੇ ਗਏ ਦੋ ਵਿਅਕਤੀਆਂ ਕੋਲੋਂ ਕਸਟਮ ਵਿਭਾਗ ਨੇ ਕੋਈ ਵਿਸ਼ੇਸ਼ ਪੁੱਛ-ਪੜਤਾਲ ਨਹੀਂ ਕੀਤੀ। ਮੁਲਜ਼ਮਾਂ ਦਾ ਪੁਲੀਸ ਰਿਮਾਂਡ ਨਹੀਂ ਲਿਆ ਗਿਆ, ਜਿਸ ਕਾਰਨ ਇਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਕੋਲੋਂ ਮੰਗ ਕੀਤੀ ਕਿ ਦੋਵਾਂ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਆਈਸੀਪੀ ਵਿਖੇ ਤੁਰੰਤ ਫੁੱਲ ਬਾਡੀ ਟਰੱਕ ਸਕੈਨਰ ਸਥਾਪਤ ਕੀਤਾ ਜਾਵੇ। ਸ੍ਰੀ ਔਜਲਾ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਨਾਲ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 13 ਅਪਰੈਲ 2012 ਨੂੰ ਆਈਸੀਪੀ ਦਾ ਉਦਘਾਟਨ ਤਤਕਾਲੀ ਗ੍ਰਹਿ ਮੰਤਰੀ ਪੀ ਚਿੰਦਬਰਮ ਨੇ ਕੀਤਾ ਸੀ।
ਉਨ੍ਹਾਂ ਇਥੇ ਜਾਂਚ ਵਾਸਤੇ ਟਰੱਕ ਸਕੈਨਰ ਲਾਉਣ ਦਾ ਭਰੋਸਾ ਦਿੱਤਾ ਸੀ, ਜੋ ਹੁਣ ਤਕ ਲਟਕਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਦੁਵੱਲਾ ਵਪਾਰ 2008 ਵਿੱਚ ਸ਼ੁਰੂ ਹੋ ਗਿਆ ਸੀ ਅਤੇ ਪਾਕਿਸਤਾਨ ਵੱਲੋਂ ਉਸ ਵੇਲੇ ਹੀ ਆਪਣੇ ਪਾਸੇ ਟਰੱਕ ਸਕੈਨਰ ਸਥਾਪਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਟਾਰੀ ਆਈਸੀਪੀ ਵਿਖੇ ਹੁਣ ਤਕ ਟਰੱਕ ਸਕੈਨਰ ਦਾ ਸਥਾਪਤ ਨਾ ਹੋਣਾ ਕਿਸੇ ਸਾਜਿਸ਼ ਦਾ ਹਿੱਸਾ ਲਗਦਾ ਹੈ।

ਅਗਵਾ ਕੀਤੇ ਪਿੰਡ ਮਲਕ ਦੇ ਅਨਮੋਲਪ੍ਰੀਤ ਦੀ ਲਾਸ਼ ਤੀਸਰੇ ਦਿਨ ਅਖਾੜਾ ਨਹਿਰ ਦੇ ਪੁਲ ਡੱਲਾ ਤੋਂ ਬਰਾਮਦ

ਕਾਤਲ ਗੁਆਂਢੀ ਹੀ ਨਿਕਲਿਆ, ਪਹਿਲੇ ਦਿਨ ਹੀ ਨਹਿਰ 'ਚ ਸੁੱਟ ਕੇ ਕੀਤਾ ਸੀ ਕਤਲ

ਜਗਰਾਓਂ, ਜੁਲਾਈ 2019-(ਸਤਪਾਲ ਦੇਹਰਕਾਂ/ਮਨਜਿੰਦਰ ਗਿੱਲ)- ਐਤਵਾਰ 30 ਜੂਨ ਦੀ ਸ਼ਾਮ ਨੂੰ ਪਿੰਡ ਮਲਕ ਤੋਂ ਅਗਵਾ ਕੀਤੇ ਗਏ 14 ਸਾਲ ਦੇ ਸੱਤਵੀਂ ਕਲਾਸ ਵਿਚ ਪੜ੍ਹਦੇ ਲੜਕੇ ਅਨਮੋਲਪ੍ਰੀਤ ਸਿੰਘ ਦਾ ਕਤਲ ਕਰ ਦਿਤਾ ਗਿਆ। ਉਸਦੀ ਲਾਸ਼  ਅਖਾੜਾ ਨਹਿਰ ਦੇ ਪੁਲ ਡੱਲਾ ਦੇ ਨਜ਼ਦੀਕ ਤੋਂ ਮਿਲੀ। ਪੁਲਿਸ ਨੇ ਕਾਤਲ ਨੂੰ ਗਿਰਫਤਾਰ ਕਰ ਲਿਆ। ਇਸ ਸੰਬਧ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਲਕ ਦੇ ਹੀ ਅਤੇ ਅਨਮੋਲਪ੍ਰੀਤ ਦੇ ਗੁਆਂਢੀ ਬਲਵੀਰ ਸਿੰਘ ਉਰਫ ਗੈਰੀ ਨੇ ਐਤਵਾਰ ਸ਼ਾਮ ਨੂੰ ਸੱਤ ਵਜੇ ਦੇ ਕਰੀਬ ਅਨਮੋਲਪ੍ਰੀਤ ਨੂੰ ਉਸਦੇ ਘਰ ਦੇ ਨਜਦੀਕ ਧਰਮਸ਼ਾਲਾ ਵਿਚ ਖੇਡਦੇ ਸਮੇਂ ਆਪਣੇ ਨਾਲ ਲੈ ਗਿਆ ਸੀ ਅਤੇ ਬਾਅਦ ਵਿਚ ਪਿੰਡ ਦੇ ਹੀ ਇਕ ਕੈਫੇ ਤੇ ਉਤਾਰ ਕੇ ਆਪ ਚਲਿਆ ਗਿਆ। ਪਿੰਡ ਦੇ ਲੋਕਾਂ ਅਤੇ ਪੁਲਿਸ ਦੀਆਂ ਅੱਖਾਂ ਵਿਚ ਧੂਲ ਝੋਂਕਣ ਦੇ ਇਰਾਦੇ ਨਾਲ ਬਲਵੀਰ ਨੇ ਕੈਫੇ ਦੇ ਮਾਲਕ ਨੂੰ ਫੋਨ ਕਰਕੇ ਪੁੱਛਿਆ ਕਿ ਇਥੇ ਤੇਰੇ ਪਾਸ ਅਨਮੋਲਪ੍ਰੀਤ ਬੈਠਾ ਹੈ ਉਸਨੂੰ ਕਹਿ ਦਿਓ ਕਿ ਉਹ ਆਪਣੇ ਘਰ ਚੱਲਿਆ ਜਾਵੇ ਮੈਂ ਬਾਅਦ ਵਿਚ ਆਵਾਂਗਾ ਅਤੇ ਅਗਲੇ ਹੀ ਪਲ ਉਸਨੇ ਚਲਾਕੀ ਨਾਲ ਕੈਫੇ ਮਾਲਕ ਨੂੰ ਇਹ ਕਹਿ ਦਿਤਾ ਕਿ ਮੇਰੇ ਨਾਲ ਅਨਮੋਲਪ੍ਰੀਤ ਦੀ ਗੱਲ ਹੀ ਕਰਵਾ ਦੇ। ਉਸਨੇ ਅਨਮੋਲ ਨੂੰ ਦੁਕਾਨ ਤੋਂ ਬਾਹਰ ਥੋੜਾ ਅੱਗੇ ਆ ਕੇ ਖੜ੍ਹ ਲਈ ਕਹਿ ਦਿਤਾ ਅਤੇ ਬਾਹਰ ਖੜੇ ਅਨਮੋਲਪ੍ਰੀਤ ਨੂੰ ਉਹ ਕਾਰ ਵਿਚ ਬਿਠਾ ਕੇ ਆਪਣੇ ਨਾਲ ਲੈ ਗਿਆ। ਜਿਸਦੀ ਸੀਸੀ ਟੀ ਵੀ ਕੈਮਰੇ ਵਿਚ ਫੁਟੇਜ ਵੀ ਪੁਲਿਸ ਨੇ ਬਰਾਮਦ ਕੀਤੀ। ਜਦੋਂ ਉਹ ਉਥੋਂ ਚਲਾ ਗਿਆ ਤਾਂ ਸ਼ਾਤਰ ਬਲਵੀਰ ਸਿੰਘ ਨੇ ਸੋਫਟਵੇਅਰ ਰਾਹੀਂ ਇਕ ਮੈਸੇਜ ਅਨਮੋਲਪ੍ਰੀਤ ਦੇ ਦੋਸਤ ਦੇ ਫੋਨ ਤੇ ਕਰ ਦਿਤਾ ਕਿ ਅਨਮੋਲਪ੍ਰੀਤ ਦੇ ਬਦਲੇ 20 ਲੱਖ ਰੁਪਏ ਦਿਓ ਅਤੇ ਜੇਕਰ ਇਹ ਗੱਲ ਬਾਹਰ ਕੀਤੀ ਜਾਂ ਪੁਲਿਸ ਦੇ ਪਾਸ ਗਏ ਤਾਂ ਅਨਮੋਲਪ੍ਰੀਤ ਦਾ ਕਤਲ ਕਰ ਦਿਤਾ ਜਾਵੇਗਾ। ਇਹ ਸੋਫਟਵੇਅਰ ਅਕਸਰ ਸਮਗਲਰ ਅਤੇ ਕ੍ਰਿਮਿਨਲ ਲੋਕ ਵਰਤਦੇ ਹਨ ਕਿਉਂਕਿ ਇਸ ਵਿਚ ਫੋਨ ਕਰਨ ਤੇ ਯੂ ਐਸ ਏ ਦਾ ਨੰਬਰ ਆ ਜਾਂਦਾ ਹੈ। ਮੈਸੇਜ ਕਰਨ ਤੋਂ ਬਾਅਦ ਬਲਵੀਰ ਸਿੰਘ ਨੇ ਉਹ ਸੋਫਟਵੇਅਰ ਡਲੀਟ ਕਰ ਦਿਤਾ। ਜਦੋਂ ਪਿੰਡ ਵਿਚ ਰੌਲਾ ਪੈ ਗਿਆ ਤਾਂ ਪਿੰਡ ਦੇ ਲੋਕ ਬਲਵੀਰ ਸਿੰਘ ਨੂੰ ਫੋਨ ਕਰਕੇ ਅਨਮੋਲਪ੍ਰੀਤ ਸੰਬਧੀ ਪੁੱਛਣ ਲੱਗੇ ਅਤੇ ਉਸਦੇ ਘਰ ਵੀ ਜਾਣ ਲੱਗੇ। ਉਸ ਸਮੇਂ ਬਲਵੀਰ ਘਰ ਵਿੱਚ ਮੌਜੂਦ ਨਹੀਂ ਸੀ। ਬਲਵੀਰ ਦੇ ਪਰਿਵਾਰ ਨੇ ਉਸਨੂੰ ਫੋਨ ਕਰਕੇ ਫੌਰਨ ਘਰ ਆਉਣ ਲਈ ਕਿਹਾ ਤਾਂ ਬਲਵੀਰ ਨੇ ਪਹਿਲਾਂ ਮਾਸੂਮ ਅਨਮੋਲਪ੍ਰੀਤ ਨੂੰ ਅਖਾੜਾ ਨਹਿਰ ਦੇ ਪੁਲ ਤੇ ਲਿਜਾ ਕੇ ਨਹਿਰ ਵਿਚ ਧੱਕਾ ਦੇ ਦਿਤਾ ਅਤੇ ਆਪ ਪਿੰਡ ਆ ਗਿਆ। ਪਿੰਡ ਆ ਕੇ ਉਹ ਖੁਦ ਵੀ ਪੁਲਿਸ ਨੂੰ ਅਨਮੋਲਪ੍ਰੀਤ ਦੀ ਗੁਮਸ਼ੁਦਗੀ ਦੀ ਰਿਪੋਰਟ ਲਿਖਾਉਣ ਲਈ ਅਨਮੋਲਪ੍ਰੀਤ ਦੇ ਪਰਿਵਾਰ ਦੇ ਨਾਲ ਗਿਆ ਤਾਂ ਕਿ ਉਸ ਉੱਪਰ ਕੋਈ ਸ਼ੱਕ ਨਾ ਕਰੇ। ਪੁਲਿਸ ਨੇ ਐਤਵਾਰ ਰਾਤ ਨੂੰ ਹੀ ਬਲਵੀਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਸ਼ਾਤਰ ਦਿਮਾਗ ਬਲਵੀਰ ਪੁਲਿਸ ਨੂੰ ਵਾਰ -ਵਾਰ ਗੁਮੰਰਾਹ ਕਰਦਾ ਰਿਹਾ ਅਤੇ ਸੋਮਵਾਰ ਤੱਕ ਉਹ ਪੁਲਿਸ ਨੂੰ ਪਿੰਡ ਅਖਾੜਾ ਅਤੇ ਉਸਦੇ ਆਸ-ਪਾਸ ਮੋਟਰਾਂ ਤੇ ਘੁਮਾਈ ਫਿਰਦਾ ਰਿਹਾ। ਇਸ ਸਮੇਂ ਦੌਰਾਨ ਪੁਲਿਸ ਨੇ ਜਿਸ ਫੋਨ ਤੋਂ ਮੈਸੇਜ ਕੀਤਾ ਸੀ ਉਹ ਸਾਇਬਰ ਕ੍ਰਾਇਮ ਸੈਲ ਤੋਂ ਟਰੇਸ ਕਰਵਾ ਲਿਆ। ਜੋ ਕਿ ਬਲਵੀਰ ਦਾ ਹੀ ਨਿਕਲਿਆ। ਇਹ ਖੁਲਾਸਾ ਸਾਹਮਣੇ ਆਉਣ ਤੇ ਬਲਵੀਰ ਨੇ ਆਪਣਾ ਜੁਰਮ ਪੁਲਿਸ ਅੱਗੇ ਕਬੂਲ ਕਰਕੇ ਦੱਸ ਦਿਤਾ ਕਿ ਉਸਨੇ ਅਖਾੜਾ ਨਹਿਰ ਵਿਚ ਅਨਮੋਲ ਨੂੰ ਸੁੱਟ ਕੇ ਮਾਰ ਦਿਤਾ ਹੈ। ਅੱਜ ਪੁਲਿਸ ਨੇ ਅਨਮੋਲ ਦੀ ਲਾਸ਼ ਨੂੰ ਅਖਾੜਾ ਨਹਿਰ ਦੇ ਪਿੰਡ ਡੱਲਾ ਵਾਲੇ ਪੁਲ ਤੋਂ ਬਰਾਂਮਦ ਕਰ ਲਿਆ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਉਸਦੇ ਪਰਿਵਾਰ ਸੇ ਸਪੁਰਦ ਕਰ ਦਿਤੀ ਅਤੇ ਦੇਰ ਸ਼ਾਮ ਅਨਮੋਲਪ੍ਰੀਤ ਦਾ ਅੰਤਿਮ ਸੰਸਕਾਰ ਹਜ਼ਾਰ ਲੋਕਾਂ ਦੀ ਹਾਜਰੀ ਵਿੱਚ ਕਰ ਦਿਤਾ ਗਿਆ।ਜਿਸ ਵਿਚ ਇਲਾਕਾ ਭਰ ਤੋਂ ਮੋਹਤਬਰ ਵਿਅਕਤੀਆਂ ਪਿੰਡ ਅਤੇ ਇਲਾਕਾ ਵਸਿਆ ਨੇ ਸੇਜਲ ਅੱਖਾਂ ਨਾ ਅਨਮੋਲਪ੍ਰੀਤ ਨੂੰ ਆਖਰੀ ਵਦਾਇਗੀ ਦਿਤੀ। ਦੋਸ਼ੀ ਬਲਵੀਰ ਸਿੰਘ ਉਰਫ ਗੈਰੀ ਦੇ ਖਿਲਾਫ ਕਤਲ ਦਾ ਮੁਕਦਮਾ ਦਰਜ ਕਰ ਲਿਆ ਗਿਆ ਹੈ।ਹੋਰ ਜਾਣਕਾਰੀ ਲਈ ਪੁਲਿਸ ਦੀ ਪ੍ਰਿਸ ਕਾਨਫਰੰਸ ਦੀ ਉਡੀਕ ਕੀਤੀ ਜਾ ਰਹੀ ਹੈ।

ਪੰਜਾਬ ਅੰਦਰ ਬੱਸ ਮੁਲਜ਼ਮਾਂ ਦੀ ਤਿੰਨ ਦਿਨਾਂ ਹੜਤਾਲ ਦਾ ਪਹਿਲਾ ਦਿਨ

ਸਰਕਾਰ ਦੇ ਨਾਲ-ਨਾਲ ਸਵਾਰੀਆਂ ਵੀ ਪ੍ਰੇਸ਼ਾਨ

ਜਗਰਾਓਂ,ਜੁਲਾਈ 2019 - ( ਸਤਪਾਲ ਦੇਹਰਕਾਂ/ਮਨਜਿੰਦਰ ਗਿੱਲ)- ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਅੱਜ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਤੱਕ ਹੜਤਾਲ ਸਵੇਰ ਤੋਂ ਸ਼ੁਰੂ ਕੀਤੀ ਸੀ। ਜਿਸ ਕਾਰਨ ਜਿੱਥੇ ਸਰਕਾਰ ਨੂੰ ਨੁਕਸਾਨ ਝੱਲਣਾ ਪਿਆ ਉੱਥੇ ਹੀ ਸਵਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੁਲਾਜ਼ਮਾਂ ਦੀ ਹੜਤਾਲ ਦਾ ਅੱਜ ਪਹਿਲਾ ਦਿਨ ਸੀ ਅਤੇ ਅਗਲੇ ਆਉਣ ਵਾਲੇ ਦੋ ਦਿਨ ਹੋਰ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਭਾਵ ਦੋ ਤੋਂ ਚਾਰ ਜੁਲਾਈ ਤੱਕ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ।
ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਜਿੱਥੇ ਸਰਕਾਰ ਨੂੰ ਭਾਰੀ ਨੁਕਸਾਨ  ਝੱਲਣਾ ਪਿਆ ਉੱਥੇ ਹੀ ਪੂਰੇ ਪੰਜਾਬ 'ਚ ਸਵਾਰੀਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਰ ਇਸਦੇ ਉਲਟ ਮੁਲਾਜ਼ਮਾਂ ਦੀ ਹੜਤਾਲ ਦਾ ਸਿੱਧਾ ਫਾਇਦਾ ਪ੍ਰਾਈਵੇਟ ਕੰਪਨੀਆ ਦੀਆਂ ਬੱਸਾਂ ਨੂੰ ਹੋਇਆ।

ਦਿੱਲੀ ਚ ਸਿੱਖ ਡਰਾਈਵਰ 'ਤੇ ਹਮਲਾ ਕਰਨ ਵਾਲੇ ਪੁਲਿਸਕਰਮੀ ਬਦਲੇ - ਜੀ.ਕੇ ਨੇ ਪ੍ਰਗਟਾਈ ਤਸੱਲੀ

ਨਵੀਂ ਦਿੱਲੀ, ਜੁਲਾਈ 2019 - ਸਿੱਖ ਡਰਾਈਵਰ ਨਾਲ ਕੁੱਟਮਾਰ ਮਾਮਲੇ ਵਿੱਚ ਦਿੱਲੀ ਪੁਲਿਸ ਵਲੋਂ ਆਰੋਪੀ 10 ਪੁਲਿਸ ਕਰਮਚਾਰੀਆਂ  ਖਿਲਾਫ ਮਹਿਕਮਾਨਾ ਜਾਂਚ ਖੋਲਣ ਅਤੇ ਦਿੱਲੀ ਆਰਮਡ ਪੁਲਿਸ ਦੀ ਪਹਿਲੀ ਬਟਾਲੀਅਨ ਵਿੱਚ ਭੇਜਣ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸੰਤੋਸ਼ ਜਤਾਇਆ ਹੈਂ। ਨਾਲ ਹੀ ਇਸ ਮਸਲੇ ਉੱਤੇ ਕੌਮ ਦੀਆਂ ਭਾਵਨਾਵਾਂ ਦੇ ਉਲਟ ਕਮੇਟੀ  ਦੇ ਲੀਗਲ ਸੇਲ ਦੇ ਡੂੰਘੀ ਨੀਂਦਰ ਵਿੱਚ ਸੁਤੇ ਹੋਣ ਉੱਤੇ ਹੈਰਾਨੀ ਜਤਾਈ ਹੈਂ।  

ਜੀਕੇ ਨੇ ਕਿਹਾ ਕਿ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਨੂੰ ਪੈਰਾਂ ਤਲੇ ਕੁਚਲਣ ਦੇ ਕਥਿਤ ਆਰੋਪੀ  ਪੁਲਿਸ ਕਰਮਚਾਰੀਆਂ  ਖਿਲਾਫ ਬੇਮਿਸਾਲ ਕਾਰਵਾਈ ਦਾ ਫਰਜ ਕਮੇਟੀ ਦਾ ਬਣਦਾ ਸੀ। ਪਰ ਇਹ ਕੰਮ ਕੁੱਝ ਇੰਸਾਫ ਪਸੰਦ ਲੋਕਾਂ ਨੂੰ ਆਪਣੀ ਜ਼ਿੰਮੇਦਾਰੀ ਸੱਮਝ ਕਰਕੇ ਕਮੇਟੀ ਦੇ ਲੱਚਰ ਰਵਈਏ ਦੇ ਕਾਰਨ ਆਪਣੇ ਸਰੋਤਾਂ ਨਾਲ ਕਰਣ ਨੂੰ ਮਜਬੂਰ ਹੋਣਾ ਪਿਆ।  ਕਮੇਟੀ ਦੀ ਲੀਗਲ ਸੇਲ ਕਿਉਂ ਅਤੇ ਕਿਸਦੇ ਆਦੇਸ਼ ਉੱਤੇ ਮੂਕਦਰਸ਼ਕ ਬਣੀ ਸੀ, ਇਸਦਾ ਜਵਾਬ ਸੰਗਤ ਅੱਜ ਵੀ ਮੰਗ ਰਹੀ ਹੈਂ।  

ਜੀਕੇ ਨੇ ਕਿਹਾ ਕਿ ਸਿਵਿਲ ਸੋਸਾਇਟੀ ਦੇ ਕਾਨੂੰਨੀ ਦਵਾਬ ਦੇ ਬਾਅਦ 10 ਪੁਲਿਸ ਵਾਲਿਆ ਖਿਲਾਫ ਦੇ ਪੁਲਿਸ ਵਲੋਂ ਜਾਂਚ ਖੋਲ੍ਹਣਾ,  ਇਸ ਗੱਲ ਦਾ ਸੰਕੇਤ ਹੈਂ ਕਿ ਪੁਲਿਸ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੈਂ। ਪਰ ਇਸ ਅਹਿਸਾਸ ਨੂੰ ਜਗਾਉਣ ਲਈ ਸਿੱਖਾਂ ਦੀ ਪ੍ਰਤਿਨਿੱਧੀ ਸੰਸਥਾ ਕੌਮ ਦੇ ਨਾਲ ਖੜੀ ਨਹੀਂ ਹੋਈ, ਇਹ ਅਫਸੋਸ ਹੈਂ।

ਬਾਜਵਾ ਨੇ ਖ਼ੁਦ ਰਾਹੁਲ ਦੇ ਸਮਰਥਨ 'ਚ ਦਿੱਤਾ ਅਸਤੀਫ਼ਾ, ਕਾਂਗਰਸੀ ਮੁੱਖ ਮੰਤਰੀਆਂ ਲਈ ਖੜ੍ਹੀ ਕੀਤੀ ਮੁਸੀਬਤ

ਨਵੀਂ ਦਿੱਲੀ, ਜੁਲਾਈ 2019-(ਜਨ ਸ਼ਕਤੀ ਨਿਉਜ) ਕਾਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅਸਤੀਫ਼ੇ ਦੀ ਅੜੀ ਕਰਨ ਮਗਰੋਂ ਪਾਰਟੀ ਵਿੱਚ ਅਸਤੀਫ਼ਿਆਂ ਦਾ ਦੌਰ ਜਾਰੀ ਹੈ। ਬੀਤੀ ਰਾਤ ਪਾਰਟੀ ਅਤੇ ਪੰਜਾਬ ਦੇ ਵੱਡੇ ਨੇਤਾ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਵਿਦੇਸ਼ ਵਿਭਾਗ ਦੇ ਉਪ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਸੀਨੀਅਰ ਨੇਤਾਵਾਂ ਸੀਡਬਲਿਊਸੀ ਮੈਂਬਰ, ਸਾਰੇ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨਾਂ ਨੂੰ ਵੀ ਰਾਹੁਲ ਗਾਂਧੀ ਦੇ ਸਮਰਥਨ ਵਿੱਚ ਅਸਤੀਫ਼ੇ ਦੇਣ ਦੀ ਅਪੀਲ ਕੀਤੀ ਹੈ।ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੂੰ ਚਿੱਠੀ ਲਿਖ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਸਤੀਫ਼ਿਆਂ ਨਾਲ ਰਾਹੁਲ ਗਾਂਧੀ ਨੂੰ ਮਜ਼ਬੂਤੀ ਮਿਲੇਗੀ ਤਾਂ ਕਿ ਉਹ ਆਪਣੀ ਸੋਚ ਮੁਤਾਬਕ ਬਦਲਾਅ ਕਰ ਸਕਣ। ਬਾਜਵਾ ਨੇ ਤਿੱਖੇ ਲਹਿਜ਼ੇ ਵਿੱਚ ਇਹ ਵੀ ਕਿਹਾ ਹੈ ਕਿ ਅੱਜ ਕਾਂਗਰਸ ਦੀ ਹੋਂਦ ਸੰਕਟ ਵਿੱਚ ਹੈ, ਜੋ ਨੇਤਾ ਅਸਤੀਫ਼ਾ ਨਹੀਂ ਦੇਵੇਗਾ, ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਆਪਣੇ ਨਿਜੀ ਹਿਤਾਂ ਨੂੰ ਪਾਰਟੀ ਦੇ ਸਮੂਹਿਕ ਵਿਕਾਸ ਤੋਂ ਵੱਧ ਅਹਿਮੀਅਤ ਦਿੰਦਾ ਹੈ।ਬਾਜਵਾ ਨੇ ਰਾਹੁਲ ਗਾਂਧੀ ਨੂੰ ਮੁੜ ਤੋਂ ਕਾਂਗਰਸ ਦੀ ਕਮਾਨ ਸੰਭਾਲਣ ਦੀ ਬੇਨਤੀ ਕਰਦਿਆਂ ਕਿਹਾ ਹੈ ਕਿ ਉਹ ਇੱਕ ਅਜਿਹਾ ਸੰਗਠਨ ਬਣਾਉਣ ਜੋ ਨਿਜੀ ਝੇੜਿਆਂ ਤੋਂ ਮੁਕਤ ਹੋਵੇ। ਬਾਜਵਾ ਤੋਂ ਇਲਾਵਾ ਸ਼ਨੀਵਾਰ ਨੂੰ ਅਸਤੀਫ਼ਾ ਦੇਣ ਵਾਲੇ ਕਾਂਗਰਸੀ ਆਗੂਆਂ ਵਿੱਚ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਨਾਨਾ ਪਟੋਲੇ, ਸਕੱਤਰ ਤਰੁਣ ਕੁਮਾਰ ਜ਼ਿਕਰਯੋਗ ਹਨ।ਦੂਜੇ ਪਾਸੇ, ਸ਼ੁੱਕਰਵਾਰ ਨੂੰ ਸਮੂਹਿਕ ਤੌਰ 'ਤੇ ਅਸਤੀਫ਼ਾ ਦੇਣ ਵਾਲੇ 50 ਨੌਜਵਾਨ ਅਹੁਦੇਦਾਰਾਂ ਨੇ ਵੀ ਮੀਡੀਆ ਵਿੱਚ ਖੁੱਲ੍ਹ ਕੇ ਆਪਣੀ ਗੱਲ ਰੱਖੀ। ਅਸਤੀਫ਼ਾ ਦੇਣ ਵਾਲਿਆਂ ਦੀ ਅਗਵਾਈ ਕਰਨ ਵਾਲੇ ਵੀਰੇਂਦਰ ਵਸ਼ਿਸ਼ਠ ਨੇ ਕਿਹਾ ਕਿ ਸਾਰੇ ਜਣੇ ਆਪਣੀ ਇੱਛਾ ਨਾਲ ਅਸਤੀਫ਼ਾ ਦੇ ਰਹੇ ਹਨ, ਕਿਉਂਕਿ ਇਹ ਹਾਰ ਸਮੂਹਿਕ ਜ਼ਿੰਮੇਵਾਰੀ ਹੈ। ਪ੍ਰਕਾਸ਼ ਜੋਸ਼ੀ ਨੇ ਕਿਹਾ ਹੈ ਕਿ ਹੁਣ ਤਕ ਸੀਨੀਅਰ ਨੇਤਾਵਾਂ ਨੇ ਜ਼ਿੰਮੇਵਾਰੀ ਨਹੀਂ ਲਈ ਹੈ, ਜੋ ਕਿ ਗ਼ਲਤ ਹੈ।

ਅਮਰੀਕਾ ਤੋਂ ਆਏ ਜੀਜੇ ਨੇ ਸਾਲੇ ਨੂੰ ਮਾਰਨ ਦੀ ਦਿੱਤੀ ਸੁਪਾਰੀ, ਸਾਲੇ 'ਤੇ ਹਮਲਾ ਹੋਣ ਤੋਂ ਪਹਿਲਾਂ ਹੀ ਜਗਰਾਓਂ ਪੁਲਿਸ ਨੇ ਦੋ ਸ਼ੂਟਰਾਂ ਨੂੰ 12 ਬੋਰ ਦੀ ਪਿਸਤੌਲ ਅਤੇ ਕਾਰਤੂਸ ਸਮੇਤ ਕੀਤਾ ਕਾਬੂ

ਜਗਰਾਓਂ, 29 ਮਈ (ਮਨਜੀਤ ਗਿੱਲ ਸਿੱਧਵਾਂ/ਗੁਰਦੇਵ ਗਾਲਿਬ)। ਅਮਰੀਕਾ ਤੋਂ ਆਏ ਜੀਜੇ ਵੱਲੋਂ ਆਪਣੇ ਹੀ ਸਾਲੇ ਦਾ ਕਤਲ ਕਰਵਾਉਣ ਲਈ ਸ਼ੂਟਰਾਂ ਨੂੰ ਸੁਪਾਰੀ ਦੇ ਕੇ ਬੁਲਾਇਆ ਗਿਆ ਸੀ, ਸਾਲੇ 'ਤੇ ਹਮਲਾ ਹੋਣ ਤੋਂ ਪਹਿਲਾਂ ਹੀ ਜਗਰਾਓਂ ਪੁਲਿਸ ਨੇ ਦੋ ਸ਼ੂਟਰਾਂ ਨੂੰ 12 ਬੋਰ ਦੀ ਪਿਸਤੋਲ ਅਤੇ ਕਾਰਤੂਸ ਸਮੇਤ ਕਾਬੂ ਕਰ ਲਿਆ। 
ਸਥਾਨਕ ਦਫਤਰ ਵਿਖੇ ਰੱਖੀ ਕਾਨਫਰੰਸ ਦੋਰਾਨ ਐਸਪੀਡੀ ਰੁਪਿੰਦਰ ਕੁਮਾਰ ਭਾਰਦਵਾਜ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ ਰਿੰਕੂ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੱਜਾਵਾਲ ਨੇ ਬਿਆਨ ਕੀਤਾ ਕਿ ਉਹ ਪਿੰਡ ਰੂੰਮੀ ਵਿਖੇ ਜੀ.ਐਨ ਸੈਨਟਰੀ ਸਟੋਰ ਨਾਂਅ ਦੀ ਦੁਕਾਨ ਕਰਦਾ ਹੈ। ਉਸ ਦੀ ਇੱਕ ਭੈਣ ਪਰਵਿੰਦਰ ਕੌਰ ਅਮਰੀਕਾ 'ਚ ਰਹਿੰਦੇ ਰੁਪਿੰਦਰ ਸਿੰਘ ਵਾਸੀ ਪਿੰਡ ਤਾਰੇਵਾਲਾ ਜ਼ਿਲ੍ਹਾ ਮੋਗਾ ਨਾਲ ਵਿਆਹੀ ਹੋਈ ਸੀ। ਇਨ੍ਹਾਂ ਦੀ ਆਪਸ 'ਚ ਅਣਬਣ ਹੋਣ ਕਰਕੇ ਕਰੀਬ 5 ਸਾਲ ਪਹਿਲਾਂ ਉਹਨਾਂ ਦਾ ਅਮਰੀਕਾ ਵਿੱਚ ਤਲਾਕ ਹੋ ਗਿਆ ਸੀ। ਉਹਨਾਂ ਦੇ ਤਿੰਨੇ ਬੱਚੇ ਉਸਦੀ ਭੈਣ ਪਰਵਿੰਦਰ ਕੌਰ ਪਾਸ ਅਮਰੀਕਾ ਵਿੱਚ ਹੀ ਰਹਿੰਦੇ ਸਨ। ਰੁਪਿੰਦਰ ਸਿੰਘ ਜਦੋ ਵੀ ਇੰਡੀਆਂ ਆਉਂਦਾ ਸੀ ਤਾਂ ਮੁੱਦਈ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਅਤੇ ਉਸ ਨੇ ਗੁਰਜਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਉਰਫ ਫੌਜੀ ਵਾਸੀ ਰਾਮਗੜ੍ਹ ਭੁੱਲਰ ਨਾਂਅ ਦੀ ਇੱਕ ਔਰਤ ਨਾ ਮਿਲ ਕੇ ਉਸ ਨੂੰ ਮਰਵਾਉਣ ਲਈ 5 ਲੱਖ ਰੁਪਏ ਦੀ ਸੁਪਾਰੀ ਤਹਿਤ ਅਰਸ਼ਦੀਪ ਸਿੰਘ ਉਰਫ ਅਮਨਾ ਪੁੱਤਰ ਗੁਰਸਵੇਕ ਸਿੰਘ ਵਾਸੀ ਫਰੀਦਕੋਟ ਜੋ ਕਿ ਗੁਰਜਿੰਦਰ ਕੌਰ ਦਾ ਰਿਸ਼ਤੇਦਾਰ ਹੈ ਅਤੇ ਸੰਦੀਪ ਸਿੰਘ ਉਰਫ ਕਾਲਾ ਪੁੱਤਰ ਮੱਖਣ ਸਿੰਘ ਵਾਸੀ ਹਨੂੰਮਾਨਗੜ੍ਹ ਅਤੇ ਭਿੰਦਾ ਵਾਸੀ ਡੱਬਵਾਲੀ ਨੂੰ ਹਾਇਰ ਕੀਤਾ ਹੈ। ਰੁਪਿੰਦਰ ਸਿੰਘ ਨੇ ਗੁਰਜਿੰਦਰ ਕੌਰ ਅਤੇ ਅਰਸ਼ਦੀਪ ਸਿੰਘ ਨੂੰ ਪਹਿਲਾਂ 01 ਲੱਖ ਰੁਪਏ ਨਕਦ ਪੇਸ਼ਗੀ ਦਿੱਤੀ। ਇਹਨਾਂ ਸਾਰਿਆਂ ਨੇ ਰਲਕੇ ਜਤਿੰਦਰ ਸਿੰਘ ਉਰਫ ਰਿੰਕੂ ਨੂੰ ਮਾਰਨ ਦੀ ਸਕੀਮ ਤਹਿਤ ਉਸ ਦੀ ਦੁਕਾਨ, ਘਰ ਆਉਣ ਹਰ ਆਣ-ਜਾਣ ਵਾਲੇ ਰਸਤੇ ਅਤੇ ਸਮੇਂ ਦੀ ਚੰਗੀ ਤਰ੍ਹਾਂ ਰੈਕੀ ਕੀਤੀ ਅਤੇ ਬੀਤੇ ਦਿਨੀਂ ਸਵੇਰੇ 08:00 ਵਜੇ ਅਰਸ਼ਦੀਪ ਸਿੰਘ ਉਰਫ ਅਮਨਾ ਅਤੇ ਸੰਦੀਪ ਸਿੰਘ ਉਰਫ ਕਾਲਾ ਦੋਨੋਂ ਜਣੇ ਮੋਟਰਸਾਈਕਲ ਪਰ ਉਸ (ਮੁੱਦਈ) ਨੂੰ ਮਾਰਨ ਦੀ ਨੀਅਤ ਨਾਲ ਖੜ੍ਹੇ ਸਨ, ਜਿਨ੍ਹਾਂ ਨੂੰ ਜਗਰਾਓਂ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਦੇਖ ਰੇਖ ਹੇਠ ਸੀ.ਆਈ.ਏ ਸਟਾਫ ਦੇ ਏ.ਐਸ.ਆਈ ਜਨਕ ਰਾਜ ਵੱਲੋਂ ਸਮੇਤ ਪੁਲਿਸ ਪਾਰਟੀ ਨੇ ਉੱਕਤ ਦੋਵਾਂ ਦੋਸ਼ੀਆਂ ਨੂੰ ਇੱਕ ਮੋਟਰਸਾਈਕਲ, ਇੱਕ ਪਿਸਤੌਲ 12 ਬੋਰ ਅਤੇ 2 ਕਾਰਤੂਸਾਂ ਸਮੇਤ ਗ੍ਰਿਫਤਾਰ ਕਰਕੇ ਧਾਰਾ 307/115/120-ਬੀ ਅਸਲਾ ਐਕਟ ਤਹਿਤ ਥਾਣਾ ਸਦਰ ਜਗਰਾਓਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਕ ਸਿੱਖ ਨੂੰ ਝੁਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੇ ਦੋਸ਼ੀਆਂ ਦੀ ਸਜਾ ਮੁਆਫੀ

ਚੰਡੀਗੜ੍ਹ , ਜੂਨ , 2019 : 18 ਵਰ੍ਹੇ ਪਹਿਲਾਂ ਇੱਕ ਸਿੱਖ ਹਰਜੀਤ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ  ਦੇ ਦੋਸ਼ ਵਿਚ ਸਜ਼ਾਯਾਫ਼ਤਾ 4 ਪੁਲਿਸ ਕਰਮੀਆਂ ਦੀ ਸਜ਼ਾ ਰਾਜਪਾਲ ਪੰਜਾਬ ਵੱਲੋਂ ਮਾਫ਼ ਕਰਨ ਦੇ ਕੇਸ 'ਚ ਮਾਫ਼ੀ ਦੇ ਹੁਕਮਾਂ ਨੇ ਇਹ ਸਵਾਲ ਵੀ ਖੜ੍ਹਾ ਕਰ ਦਿੱਤਾ ਹੈ ਕਿ ਕੀ ਉਨ੍ਹਾਂ ਦੀ ਰਿਹਾਈ ਦੀ ਫਾਈਲ ਪਿਛਲੀ ਬਾਦਲ ਸਰਕਾਰ ਵੇਲੇ ਸ਼ੁਰੂ ਹੋਈ ਸੀ ਜਾਂ ਬਾਅਦ ਵਿਚ ?

ਇਨ੍ਹਾਂ ਹੁਕਮਾਂ ਨੂੰ ਪੜ੍ਹ ਕੇ ਇਹ ਵੀ ਅਹਿਮ ਸਵਾਲ ਖੜ੍ਹਾ ਹੋਇਆ ਹੈ ਕਿ ਕੀ ਜਦੋਂ ਉਨ੍ਹਾਂ ਮੁਜਰਿਮਾਂ ਦੇ ਕੇਸ ਹਾਈ ਕੋਰਟ ਵਿਚ ਸੁਣਵਾਈ ਅਧੀਨ ਸਨ ਤਾਂ ਉਦੋਂ ਕਾਨੂੰਨੀ ਤੌਰ ਤੇ ਰਾਜਪਾਲ , ਉਨ੍ਹਾਂ ਦੀ ਮਾਫੀ ਦੇ ਹੁਕਮ ਜਾਰੀ ਕਰ ਸਕਦੇ ਹਨ ?
ਕੀ ਮਾਫ਼ੀ ਦੇ ਹੁਕਮ ਤੋਂ ਪਹਿਲਾਂ ਹਾਈ ਕੋਰਟ ਦੇ ਫੈਸਲੇ ਦੀ ਉਡੀਕ ਜ਼ਰੂਰੀ ਨਹੀਂ ਸੀ ?  
ਇਸ ਬਾਰੇ ਪਾਠਕ ਖ਼ੁਦ ਹੀ ਹਿਸਾਬ ਲਾ ਲੈਣ ਇਸ ਲਈ ਹੁਕਮਾਂ ਦੀਆਂ ਨਕਲਾਂ ਪੇਸ਼ ਹਨ : 

ਮੇਰੇ ਜਾਨਸ਼ੀਨ ਬਾਰੇ ਪਾਰਟੀ ਫ਼ੈਸਲਾ ਕਰੇ- ਰਾਹੁਲ

ਨਵੀਂ ਦਿੱਲੀ,  ਜੂਨ 2019- ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਬਾਅਦ ਉਸ ਵੱਲੋਂ ਚੁੱਕੇ ਜਾਣ ਵਾਲੇ ਅਗਲੇ ਕਦਮ ਬਾਰੇ ਚੱਲ ਰਹੀਆਂ ਕਿਆਸਅਰਾਈਆਂ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪਾਰਟੀ ਨੂੰ ਉਸ ਬਾਰੇ ਨਹੀਂ, ਸਗੋਂ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਉਸ ਦਾ ਜਾਨਸ਼ੀਨ ਕੌਣ ਹੋਵੇਗਾ।
ਉਨ੍ਹਾਂ ਕਿਹਾ ਕਿ ਉਹ ਆਪਣੇ ਜਾਨਸ਼ੀਨ ਬਾਰੇ ਫੈਸਲਾ ਨਹੀਂ ਲੈਣਗੇ ਪਰ ਇਸ ਦੇ ਨਾਲ ਹੀ ਉਨ੍ਹਾਂ ਇਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ ਕਿ ਉਨ੍ਹਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਨਾਂਅ ਪਾਰਟੀ ਦੀ ਅਗਵਾਈ ਕਰਨ ਲਈ ਤਜ਼ਵੀਜ ਕੀਤਾ ਹੈ। ਇਸ ਦੌਰਾਨ ਹੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਕੀਤੇ ਸੰਬੋਧਨ ਵਿੱਚ ਰਾਫਾਲ ਦੀ ਪ੍ਰਾਪਤੀ ਦੇ ਜ਼ਿਕਰ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਚੋਰੀ ਹੋਈ ਹੈ ਅਤੇ ਉਹ ਆਪਣੇ ਸਟੈਂਡ ਉੱਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਰਾਫਾਲ ਸੌਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਪਹਿਲਾਂ ਹੀ ਸੀਵੀਸੀ (ਕੇਂਦਰੀ ਵਿਜੀਲੈਂਸ ਕਮਿਸ਼ਨ) ਕੋਲ ਰਾਫਾਲ ਦੀ ਜਾਂਚ ਲਈ ਪਟੀਸ਼ਨ ਦਾਇਰ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੋਇਆ ਹੈ ਅਤੇ ਉਹ ਆਪਣੇ ਫੈਸਲੇ ਉੱਤੇ ਕਾਇਮ ਹੈ ਜਦੋਂ ਕਿ ਕਾਂਗਰਸ ਦੀ ਸਭ ਤੋਂ ਸ਼ਕਤੀਸ਼ਾਲੀ ਕਮੇਟੀ ਕਾਂਗਰਸ ਵਰਕਿੰਗ ਕਮੇਟੀ ਨੇ ਉਨ੍ਹਾਂ ਦੇ ਫੈਸਲੇ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਹ ਨਵੇਂ ਸਿਰੇ ਤੋਂ ਪਾਰਟੀ ਦੇ ਹਰ ਵਿੰਗ ਦਾ ਪੁਨਰਗਠਿਨ ਕਰਨ।

ਡਰਾਈਵਿੰਗ ਲਾਇਸੈਂਸ ਲਈ ਘੱਟੋ-ਘੱਟ ਯੋਗਤਾ ਖ਼ਤਮ ਕਰਨ ਦਾ ਫ਼ੈਸਲਾ

ਨਵੀਂ ਦਿੱਲੀ, ਜੂਨ 2019- ਸਰਕਾਰ ਨੇ ਰੁਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਦੇ ਇਰਾਦੇ ਨਾਲ ਡਰਾਈਵਿੰਗ ਲਾਇਸੈਂਸ ਹਾਸਲ ਕਰਨ ਲਈ ਰੱਖੀ ਘੱਟੋ-ਘੱਟ ਯੋਗਤਾ ਦੀ ਸ਼ਰਤ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਮੌਜੂਦਾ ਸਮੇਂ ਕੇਂਦਰੀ ਮੋਟਰ ਵਹੀਕਲ ਰੂਲਜ਼ 1989 ਦੇ ਨੇਮ 8 ਤਹਿਤ ਇਕ ਟਰਾਂਸਪੋਰਟ ਵਹੀਕਲ ਦੇ ਡਰਾਈਵਰ ਲਈ ਅੱਠ ਜਮਾਤਾਂ ਪਾਸ ਕੀਤੀਆਂ ਹੋਣੀਆਂ ਲਾਜ਼ਮੀ ਹਨ। 

ਸਿੱਖ ਡਰਾਈਵਰ ਕੁੱਟਮਾਰ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਕੀਤਾ ਜਾਰੀ

ਦਿੱਲੀ, ਜੂਨ 2019- ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁਖਰਜੀ ਨਗਰ 'ਚ 17 ਜੂਨ ਨੂੰ ਸਿੱਖ ਡਰਾਈਵਰ ਸਰਬਜੀਤ ਸਿੰਘ ਅਤੇ ਨਾਬਾਲਗ ਬੇਟੇ 'ਤੇ ਪੁਲਿਸ ਦੇ ਤਸ਼ੱਦਦ ਦੀ ਘਟਨਾ 'ਤੇ ਇਕ ਹਫ਼ਤੇ 'ਚ ਰਿਪੋਰਟ ਮੰਗੀ ਹੈ। ਇਸ ਮਾਮਲੇ 'ਚ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ।

 

ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ,ਬਿਜਲੀ ਅਧਿਕਾਰੀ ਵਿਰੁੱਧ ਕੇਸ ਦਰਜ

 

ਭਦੌੜ , ਜੂਨ 2019-  ਬੀਤੇ ਦਿਨ 11 ਕੇਵੀ ਵਿਧਾਤਾ ਫੀਡਰ ਉੱਤੇ ਪ੍ਰਾਈਵੇਟ ਤੌਰ ਉੱਤੇ ਕੰਮ ਕਰਦੇ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ, ਜਿਸ ਤਹਿਤ ਇੱਕ ਬਿਜਲੀ ਅਧਿਕਾਰੀ ਵਿਰੁੱਧ ਕੇਸ ਵੀ ਦਰਜ ਕੀਤਾ ਗਿਆ ਸੀ ਪਰ ਮ੍ਰਿਤਕ ਜਗਤਾਰ ਸਿੰਘ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਇੱਕ ਜੇਈ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਲਈ ਮ੍ਰਿਤਕ ਦੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਤਿੰਨ ਕੋਨੀ ਚੌਕ ਵਿਚ ਧਰਨਾ ਲਗਾ ਕੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਧਰਨੇ ਵਿਚ ਪੁੱਜੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ, ਅੰਗਰੇਜ਼ ਸਿੰਘ ਵਿਧਾਤਾ, ਰਾਜ ਸਿੰਘ ਵਿਧਾਤੇ, ਭੋਲਾ ਸਿੰਘ ਨੰਬਰਦਾਰ, ਰੋਸ਼ਨ ਲਾਲ ਅਤੇ ਗੁਰਮੁੱਖ ਸਿੰਘ ਨੇ ਦੋਸ਼ ਲਾਇਆ ਕਿ ਪੁਲੀਸ ਕਿਸੇ ਦਬਾਅ ਕਾਰਨ ਅਸਲ ਕਥਿਤ ਦੋਸ਼ੀਆਂ ਨੂੰ ਜਾਣਬੁੱਝ ਕੇ ਬਚਾ ਰਿਹਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਧਰਨੇ ਮੌਕੇ ਪੁੱਜੇ ਐੱਸਡੀਓ ਲਖਵੀਰ ਸਿੰਘ ਭਦੌੜ ਅਤੇ ਸੁਸ਼ੀਲ ਕੁਮਾਰ ਸ਼ਹਿਣਾ ਨੇ ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਸਿੰਘ, ਸਰਦਾਰਾ ਸਿੰਘ ਸ਼ਹਿਣਾ ਅਤੇ ਥਾਣਾ ਮੁਖੀ ਮਲਕੀਤ ਸਿੰਘ ਤਪਾ ਅਤੇ ਧਰਨਾਕਾਰੀਆਂ ਵਿਚੋਂ ਪ੍ਰਮੁੱਖ ਵਿਅਕਤੀਆਂ ਨਾਲ ਗੱਲਬਾਤ ਰਾਹੀਂ ਇਸ ਮਾਮਲੇ ਦਾ ਹੱਲ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਿਸ ਦੌਰਾਨ ਮ੍ਰਿਤਕ ਦੇ ਪਰਿਵਾਰ ਨੂੰ ਅੰਤਿਮ ਅਰਦਾਸ ਮੌਕੇ 5 ਲੱਖ ਰੁਪਏ ਦੇਣ ਉੱਤੇ ਸਮਝੌਤਾ ਕੀਤਾ ਗਿਆ। ਧਰਨੇ ਦੀ ਸਮਾਪਤੀ ਕਰ ਕੇ ਦੇਹ ਨੂੰ ਸਸਕਾਰ ਲਈ ਲਿਜਾਇਆ ਗਿਆ। ਇਸ ਸਮੇਂ ਭੋਲਾ ਸਿੰਘ ਸ਼ਹਿਣਾ, ਓਂਕਾਰ ਸਿੰਘ, ਕਰਮਜੀਤ ਸਿੰਘ, ਕਾਲਾ ਸਿੰਘ ਜੈਦ, ਭੋਲਾ ਸਿੰਘ, ਨਾਜ਼ਮ ਸਿੰਘ ਅਤੇ ਸਵਰਨ ਸਿੰਘ ਤੋਂ ਇਲਾਵਾ ਹੋਰ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

ਵਿਰੋਧੀ ਧਿਰ ਵੱਲੋਂ ਬੇਰੁਜ਼ਗਾਰੀ ਤੇ ਕਿਸਾਨੀ ਮਸਲਿਆਂ ’ਤੇ ਚਰਚਾ ਦੀ ਮੰਗ

ਨਵੀਂ ਦਿੱਲੀ, ਜੂਨ 2019 ਸੰਸਦ ਦਾ ਬਜਟ ਇਜਲਾਸ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਸਰਕਾਰ ਵੱਲੋਂ ਅੱਜ ਸੱਦੀ ਸਰਬ ਪਾਰਟੀ ਮੀਟਿੰਗ ਵਿੱਚ ਵਿਰੋਧੀ ਪਾਰਟੀਆਂ ਨੇ ਕਿਸਾਨੀ ਮੁਸ਼ਕਲਾਂ, ਬੇਰੁਜ਼ਗਾਰੀ ਤੇ ਸੋਕੇ ਜਿਹੇ ਮਸਲਿਆਂ ’ਤੇ ਸੰਸਦ ਵਿੱਚ ਬਹਿਸ ਕਰਵਾਏ ਜਾਣ ਦੀ ਮੰਗ ਕੀਤੀ। ਵਿਰੋਧੀ ਧਿਰ ਨੇ ਜੰਮੂ ਤੇ ਕਸ਼ਮੀਰ ’ਚ ਛੇਤੀ ਚੋਣਾਂ ਕਰਵਾਉਣ, ਮਹਿਲਾ ਰਾਖਵਾਂਕਰਨ ਬਿੱਲ ਤੇ ਚੋਣ ਸੁਧਾਰਾਂ ਦਾ ਮੁੱਦਾ ਵੀ ਚੁੱਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੀਟਿੰਗ ਵਿਚ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ, ਅਧੀਰ ਰੰਜਨ ਚੌਧਰੀ, ਕੇ.ਸੁਰੇਸ਼, ਨੈਸ਼ਨਲ ਕਾਨਫਰੰਸ ਦੇ ਆਗੂ ਫ਼ਾਰੂਕ ਅਬਦੁੱਲਾ, ਤ੍ਰਿਣਮੂਲ ਕਾਂਗਰਸ ਦੇ ਆਗੂ ਡੈਰੇਕ ਓਬ੍ਰਾਇਨ ਸਮੇਤ ਹੋਰਨਾਂ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਜ਼ਾਦ ਨੇ ਕਿਹਾ ਕਿ ਪਾਰਟੀਆਂ ਦਰਮਿਆਨ ‘ਵਿਚਾਰਧਾਰਾ ਦੀ ਲੜਾਈ’ ਹੋ ਸਕਦੀ ਹੈ, ਪਰ ਉਹ ਲੋਕ ਹਿੱਤਾਂ ਨਾਲ ਸਬੰਧਤ ਕਿਸੇ ਵੀ ਬਿੱਲ ਦਾ ਵਿਰੋਧ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨੀ ਮੁਸ਼ਕਲਾਂ, ਬੇਰੁਜ਼ਗਾਰੀ ਤੇ ਸੋਕੇ ਜਿਹੇ ਮੁੱਦਿਆਂ ’ਤੇ ਚਰਚਾ ਹੋਣੀ ਚਾਹੀਦੀ ਹੈ। ਸ੍ਰੀ ਆਜ਼ਾਦ ਨੇ ਜੰਮੂ-ਕਸ਼ਮੀਰ ਵਿੱਚ ਜਲਦੀ ਹੀ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਦੀ ਮੰਗ ਵੀ ਕੀਤੀ, ਜਿੱਥੇ ਇਸੇ ਵੇਲੇ ਰਾਸ਼ਟਰਪਤੀ ਰਾਜ ਲਾਗੂ ਹੈ। ਕਾਂਗਰਸੀ ਆਗੂ ਨੇ ਸਵਾਲ ਕੀਤਾ ਕਿ ਜੇਕਰ ਜੰਮੂ-ਕਸ਼ਮੀਰ ’ਚ ਸੰਸਦੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ ਤਾਂ ਵਿਧਾਨ ਸਭਾ ਚੋਣਾਂ ਕਿਉਂ ਨਹੀਂ ? ਉਨ੍ਹਾਂ ਦੋਸ਼ ਲਾਇਆ ਕਿ ਅਜਿਹਾ ਲਗਦਾ ਹੈ ਕਿ ਕੇਂਦਰ ਸਰਕਾਰ ਰਾਜਪਾਲ ਪ੍ਰਸ਼ਾਸਨ ਜ਼ਰੀਏ ਰਾਜ ਦੀ ਹਕੂਮਤ ਚਲਾਉਣਾ ਚਾਹੁੰਦੀ ਹੈ। ਤ੍ਰਿਣਮੂਲ ਕਾਂਗਰਸ ਦੇ ਡੈਰੇਕ ਓਬ੍ਰਾਇਨ ਤੇ ਸੁਦੀਪ ਬੰਡੋਪਾਧਿਆਏ ਨੇ ਇਸ ਸੈਸ਼ਨ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਲਿਆਉਣ ਦੀ ਮੰਗ ਕੀਤੀ, ਜੋ ਲੋਕ ਸਭਾ ਤੇ ਰਾਜ ਸਭਾ ਵਿੱਚ ਮਹਿਲਾਵਾਂ ਨੂੰ ਇਕ ਤਿਹਾਈ ਸੀਟਾਂ ’ਤੇ ਰਾਖਵਾਂਕਰਨ ਦੇਣ ਦੀ ਮੰਗ ਕਰਦਾ ਹੈ। ਵਿਰੋਧੀ ਧਿਰ ਨੇ ਸੰਘੀ ਢਾਂਚੇ ਨੂੰ ਕਮਜ਼ੋਰ ਕੀਤੇ ਜਾਣ ’ਤੇ ਫਿਕਰਮੰਦੀ ਜ਼ਾਹਿਰ ਕਰਦਿਆਂ ਜ਼ੋਰ ਦਿੱਤਾ ਕਿ ਰਾਜਾਂ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਜ਼ਾਦ ਨੇ ਮੀਟਿੰਗ ਉਪਰੰਤ ਕਿਹਾ, ‘ਅਸੀਂ ਸਰਕਾਰ ਨੂੰ ਵਧਾਈ ਦਿੰਦੇ ਹਾਂ, ਪਰ ਅਸੀਂ ਉਨ੍ਹਾਂ ਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਵਿਚਾਰਧਾਰਾ ਦੀ ਲੜਾਈ ਸੀ ਤੇ ਰਹੇਗੀ।’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਧਰਮਨਿਰਪੱਖ ਤਾਕਤਾਂ ਦੀ ਬੁਨਿਆਦ ਹੈ ਤੇ ਇਸ ਜਜ਼ਬੇ ਨੂੰ ਜਿਊਂਦਾ ਰੱਖਣ ਲਈ ਕੰਮ ਕਰਦੀ ਰਹੇਗੀ।’ ਉਨ੍ਹਾਂ ਕਿਹਾ, ‘ਅਸੀਂ ਸੱਤਾ ਵਿੱਚ ਹੋਈਏ ਜਾਂ ਨਾ, ਅਸੀਂ ਕਿਸਾਨਾਂ, ਕਿਰਤੀਆਂ ਤੇ ਮਹਿਲਾਵਾਂ ਦੀ ਤਰੱਕੀ ਲਈ ਕੰਮ ਕਰਦੇ ਰਹਾਂਗੇ।’ ਆਜ਼ਾਦ ਨੇ ਕਿਹਾ ਕਿ ਉਨ੍ਹਾਂ ਮੀਟਿੰਗ ਦੌਰਾਨ ਪੱਤਰਕਾਰਾਂ ਦੀ ਆਜ਼ਾਦੀ ਦਾ ਮੁੱਦਾ ਵੀ ਚੁੱਕਿਆ। 17ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਭਲਕੇ 17 ਜੂਨ ਤੋਂ 26 ਜੁਲਾਈ ਤੱਕ ਚੱਲੇਗਾ।

ਮੋਦੀ ਨੇ ‘ਇਕ ਰਾਸ਼ਟਰ, ਇਕ ਚੋਣ’ ਮੁੱਦੇ ’ਤੇ ਸੱਦੀ ਸਰਬ ਪਾਰਟੀ ਮੀਟਿੰਗ

ਨਵੀਂ ਦਿੱਲੀ, ਜੂਨ 2019- ਵੱਡੇ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਕਰਨ ਵਾਲੀ ਭਾਜਪਾ, ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠਿਆਂ ਕਰਵਾਉਣ ਦੇ ਆਪਣੇ ਮਿਸ਼ਨ ਬਾਬਤ ਆਮ ਰਾਇ ਬਣਾਉਣ ਵਿੱਚ ਜੁਟ ਗਈ ਹੈ। ਮਿਸ਼ਨ ਦੀ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇਕ ਰਾਸ਼ਟਰ, ਇਕ ਚੋਣ’ ਮੁੱਦੇ ’ਤੇ ਚਰਚਾ ਲਈ 19 ਜੂਨ ਨੂੰ ਲੋਕ ਸਭਾ ਤੇ ਰਾਜ ਸਭਾ ਵਿੱਚ ਵੱਖ ਵੱਖ ਪਾਰਟੀਆਂ ਦੀ ਨੁਮਾਇੰਦਗੀ ਕਰਦੇ ਆਗੂਆਂ ਦੀ ਮੀਟਿੰਗ ਸੱਦ ਲਈ ਹੈ। ਇਸ ਤਜਵੀਜ਼ਤ ਮੀਟਿੰਗ ਦੌਰਾਨ 2022 ਵਿੱਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ, ਇਸ ਸਾਲ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਤੇ ਜ਼ਿਲ੍ਹਿਆਂ ਨਾਲ ਸਬੰਧਤ ਮਸਲੇ ਵੀ ਵਿਚਾਰੇ ਜਾਣਗੇ। ਸ੍ਰੀ ਮੋਦੀ ਨੇ ਇਸ ਤੋਂ ਅਗਲੇ ਦਿਨ 20 ਜੂਨ ਨੂੰ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਵੀ ਸੱਦੀ ਹੈ। ਭਲਕ ਤੋਂ ਸ਼ੁਰੂ ਹੋ ਰਹੇ ਸੰਸਦੀ ਇਜਲਾਸ ਦੀ ਪੂਰਬਲੀ ਸੰਧਿਆ ਸੱਦੀ ਸਰਬ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਲੋਕ ਸਭਾ ਵਿੱਚ ਐਤਕੀਂ ਕਈ ਨਵੇਂ ਚਿਹਰੇ ਹਨ ਤੇ ਹੇਠਲੇ ਸਦਨ ਦਾ ਪਲੇਠਾ ਇਜਲਾਸ ਨਵੇਂ ਉਤਸ਼ਾਹ ਤੇ ਸੋਚ ਨਾਲ ਸ਼ੁਰੂ ਹੋਣਾ ਚਾਹੀਦਾ ਹੈ। ਇਸ ਨਾਲ ਨਵੇਂ ਭਾਰਤ ਦਾ ਨਿਰਮਾਣ ਹੋਵੇਗਾ। ਮੀਟਿੰਗ ਦੌਰਾਨ ਸ੍ਰੀ ਮੋਦੀ ਨੇ ਸੰਸਦੀ ਕੰਮਕਾਜ ਨੂੰ ਸੁਖਾਲੇ ਤਰੀਕੇ ਨਾਲ ਚਲਾਉਣ ਲਈ ਵਿਰੋਧੀ ਪਾਰਟੀਆਂ ਤੋਂ ਸਹਿਯੋਗ ਮੰਗਿਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੰਸਦ ਵਿੱਚ ਟੀਮ ਭਾਵਨਾ ਪੈਦਾ ਕਰਨਾ ਚਾਹੁੰਦੇ ਹਨ।
17ਵੀਂ ਲੋਕ ਸਭਾ ਦਾ ਪਲੇਠਾ ਮੌਨਸੂਨ ਇਜਲਾਸ ਭਲਕ ਤੋਂ ਸ਼ੁਰੂ ਹੋਵੇਗਾ। ਇਜਲਾਸ ਦੌਰਾਨ ਕੇਂਦਰੀ ਬਜਟ ਪੇਸ਼ ਕਰਨ ਸਮੇਤ ਤੀਹਰੇ ਤਲਾਕ ਤੇ ਹੋਰਨਾਂ ਅਹਿਮ ਬਿਲਾਂ ’ਤੇ ਚਰਚਾ ਸਰਕਾਰ ਦਾ ਸਿਖਰਲਾ ਏਜੰਡਾ ਰਹੇਗਾ। ਉਂਜ ਮੌਨਸੂਨ ਇਜਲਾਸ ਤੋਂ ਪਹਿਲਾਂ ਭਾਜਪਾ ਨੇ ਅੱਜ ਇਥੇ ਸੰਸਦੀ ਪਾਰਟੀ ਦੀ ਮੀਟਿੰਗ ਵੀ ਕੀਤੀ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਅਜਿਹੇ ਬਿਲਾਂ ਦੀ ਮੋਹਰੇ ਹੋ ਕੇ ਅਗਵਾਈ ਕਰੇਗੀ, ਜੋ ‘ਸਬਕਾ ਸਾਥ, ਸਬਕਾ ਵਿਕਾਸ ਤੇ ਸਬਕਾ ਵਿਸ਼ਵਾਸ’ ਦੀ ਗੱਲ ਕਰਦੇ ਹੋਣਗੇ। ਇਸ ਦੌਰਾਨ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐਨਡੀਏ) ਵਿੱਚ ਸ਼ਾਮਲ ਪਾਰਟੀਆਂ ਦੇ ਆਗੂਆਂ ਨੇ ਵੀ ਅੱਜ ਮੌਨਸੂਨ ਇਜਲਾਸ ਦੀ ਪੂਰਬਲੀ ਸੰਧਿਆ ਮੀਟਿੰਗ ਕੀਤੀ ਤੇ ਇਜਲਾਸ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿਲਾਂ ਨੂੰ ਲੈ ਕੇ ਰਣਨੀਤੀ ਬਣਾਈ।
ਸਰਬ ਪਾਰਟੀ ਮੀਟਿੰਗ ਉਪਰੰਤ ਸ੍ਰੀ ਮੋਦੀ ਨੇ ਟਵੀਟ ਕੀਤਾ, ‘ਅੱਜ ਅਸੀਂ ਸਰਬ ਪਾਰਟੀ ਮੀਟਿੰਗ ਕੀਤੀ, ਜੋ ਚੋਣ ਨਤੀਜਿਆਂ ਮਗਰੋਂ ਤੇ ਮੌਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਦੀ ਪਲੇਠੀ ਮੀਟਿੰਗ ਹੈ। ਆਗੂਆਂ ਦੇ ਬੇਸ਼ਕੀਮਤੀ ਸੁਝਾਵਾਂ ਲਈ ਉਨ੍ਹਾਂ ਦਾ ਧੰਨਵਾਦ। ਅਸੀਂ ਸਾਰੇ ਸੰਸਦ ਵਿੱਚ ਕੰਮਕਾਜ ਲਈ ਸਹਿਮਤ ਹਾਂ ਤਾਂ ਕਿ ਅਸੀਂ ਸਾਰੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰ ਸਕੀਏ।

ਰੋਜ਼ੀ ਰੋਟੀ ਕਮਾਉਣ ਦੁਬਈ ਗਏ ਨੌਜਵਾਨ ਦੀ ਵਤਨ ਪੁੱਜੀ ਮ੍ਰਿਤਕ ਦੇਹ

ਰਾਜਾਸਾਂਸੀ, ਜੂਨ 2019 - 

ਰੋਜੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ੇ ਦੇ ਭਾਰ ਤੋਂ ਮੁਕਤ ਕਰਨ ਦੇ ਸੁਪਨੇ ਲੈ ਕੇ ਦੁਬਈ ਪੁੱਜੇ 24 ਵਰ੍ਹਿਆਂ ਦੇ ਨੌਜਵਾਨ, ਜਿਸ ਦੀ ਬੀਤੇ ਦਿਨੀਂ ਦੁਬਈ ਵਿਖੇ ਹੀ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ: ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਜਹਾਜ ਰਾਹੀਂ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਫ਼ਿਰੋਜਪੁਰ ਜ਼ਿਲ੍ਹੇ ਨਾਲ ਸੰਬੰਧਿਤ ਮ੍ਰਿਤਕ ਨੌਜਵਾਨ ਗੁਰਭੇਜ ਸਿੰਘ ਹਾਲੇ ਕਰੀਬ ਢਾਈ ਵਰ੍ਹੇ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ 'ਚ ਸਮੋਈ ਮਜ਼ਦੂਰੀ ਕਰਨ ਦੁਬਈ ਗਿਆ ਸੀ ਕਿ ਅਚਾਨਕ ਬੀਤੀ 29 ਮਈ ਨੂੰ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ। ਜਦ ਭਾਰਤ ਰਹਿੰਦੇ ਉਸ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਦੁਬਈ ਰਹਿੰਦੇ ਉਸ ਦੇ ਰਿਸ਼ਤੇਦਾਰਾਂ ਨੂੰ ਗੁਰਭੇਜ ਸਿੰਘ ਦੀ ਮੌਤ ਦੇ ਆਏ ਸੁਨੇਹੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਪਤਲੀ ਆਰਥਿਕ ਹਾਲਤ ਦਾ ਵਾਸਤਾ ਪਾਉਂਦਿਆਂ ਟਰੱਸਟ ਦੇ ਸਰਪ੍ਰਸਤ ਡਾ: ਓਬਰਾਏ ਨਾਲ ਸੰਪਰਕ ਕਰ ਕੇ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਡਾ: ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜ਼ਰੂਰੀ ਕਾਗ਼ਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਹੈ। ਹਵਾਈ ਅੱਡੇ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਦੁਖ ਪ੍ਰਗਟ ਕਰਨ ਪੁੱਜੇ ਟਰੱਸਟ ਦੇ ਸੇਵਾਦਾਰ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਹਰਜਿੰਦਰ ਸਿੰਘ ਹੇਰ, ਸਿਸ਼ਪਾਲ ਸਿੰਘ ਲਾਡੀ, ਪਰਮਿੰਦਰ ਸਿੰਘ ਕੜਿਆਲ ਨੇ ਦੱਸਿਆ ਕਿ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ 'ਚ ਭਾਰਤੀ ਦੂਤਾਵਾਸ ਤੋਂ ਇਲਾਵਾ ਸ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਜ਼ਿਕਰਯੋਗ ਭੂਮਿਕਾ ਨਿਭਾਈ ਹੈ। ਦੁਬਈ ਤੋਂ ਮ੍ਰਿਤਕ ਦੇਹ ਨਾਲ ਪੁੱਜੇ ਮ੍ਰਿਤਕ ਨੌਜਵਾਨ ਦੇ ਮਾਸੜ ਬਲਵਿੰਦਰ ਸਿੰਘ ਨੇ ਜਿੱਥੇ ਦੱਸਿਆ ਕਿ ਗੁਰਭੇਜ ਸਿੰਘ ਦੀ ਮੌਤ 14 ਮਈ ਨੂੰ ਹੋ ਚੁੱਕੀ ਸੀ ਜਦਕਿ ਮ੍ਰਿਤਕ ਸਰੀਰ 19 ਮਈ ਨੂੰ ਮਿਲਿਆ ਅਤੇ ਉਸ ਦੀ ਸ਼ਨਾਖ਼ਤ 29 ਮਈ ਨੂੰ ਹੋਈ।

ਦਿੱਲੀ 'ਚ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ 2 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ

ਨਵੀਂ ਦਿੱਲੀ,ਜੂਨ 2019-  ਦਿੱਲੀ ਦੀ ਨੰਦ ਨਗਰੀ ਇਲਾਕੇ 'ਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ 2 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਮਾਮਲੇ 'ਚ ਪੁਲਿਸ ਵੱਲੋਂ ਕੇਸ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਨੇ ਦੱਸਿਆ ਕਿ ਸ਼ੱਕੀ ਵਿਅਕਤੀ ਅਤੇ ਵਾਹਨ ਨੂੰ ਫੜ ਲਿਆ ਗਿਆ ਹੈ। ਡੀ.ਐੱਸ.ਪੀ. ਨੇ ਕਿਹਾ ਕਿ ਦੋ ਵਿਅਕਤੀਆਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਇਸ ਘਟਨਾ ਦਾ ਮਕਸਦ ਨਿੱਜੀ ਦੁਸ਼ਮਣੀ ਲਗਦੀ ਹੈ।

ਸੁਪਰੀਮ ਕੋਰਟ ਵਲੋਂ ਪੱਤਰਕਾਰ ਪ੍ਰਸ਼ਾਂਤ ਕਨੌਜੀਆ ਨੂੰ ਜ਼ਮਾਨਤ

ਨਵੀਂ ਦਿੱਲੀ, ਜੂਨ 2019- ਸੁਪਰੀਮ ਕੋਰਟ ਨੇ ਅੱਜ ਪੱਤਰਕਾਰ ਪ੍ਰਸ਼ਾਂਤ ਕਨੌਜੀਆ ਦੀ ਤੁਰੰਤ ਰਿਹਾਈ ਦੇ ਹੁਕਮ ਦਿੱਤੇ ਹਨ, ਜਿਸਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਬਾਰੇ ਸੋਸ਼ਲ ਮੀਡੀਆ ਉੱਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਦਾਲਤ ਨੇ ਕਿਹਾ ਕਿ ਸੁਤੰਤਰਤਾ ਦਾ ਅਧਿਕਾਰ ‘ਪਵਿੱਤਰ’ ਹੈ ਅਤੇ ਇਸ ਉੱਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਜਸਟਿਸ ਇੰਦਰਾ ਬੈਨਰਜੀ ਅਤੇ ਅਜੈ ਰਸਤੋਗੀ ਦੇ ਬੈਂਚ ਨੇ ਕਿਹਾ ਕਿ ਅਦਾਲਤ ਵਲੋਂ ਅਪੀਲਕਰਤਾ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਕਿਉਂਕਿ ਇਹ ਰਾਜ ਵਲੋਂ ਕਿਸੇ ਵਿਅਕਤੀ ਨੂੰ ਸੁਤੰਤਰਤਾ ਦੇ ਅਧਿਕਾਰ ਤੋਂ ਵਾਂਝੇ ਰੱਖਣ ਦਾ ਆਗਿਆ ਨਹੀਂ ਦਿੰਦੀ। ਪੱਤਰਕਾਰ ਕਨੌਜੀਆ ਖ਼ਿਲਾਫ਼ ਹਜ਼ਰਤਗੰਜ ਪੁਲੀਸ ਸਟੇਸ਼ਨ ਵਿਚ ਸ਼ੁੱਕਰਵਾਰ ਰਾਤ ਨੂੰ ਕੇਸ ਦਰਜ ਕੀਤਾ ਗਿਆ ਸੀ, ਜਿਸ ਮੁਤਾਬਕ ਉਸ ਉੱਤੇ ਪ੍ਰਮੁੱਖ ਮੰਤਰੀ ਯੋਗੀ ਆਦਿਤਿਆਨਾਥ ਉੱਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਤੇ ਉਨ੍ਹਾਂ ਦਾ ਅਕਸ ਖਰਾਬ ਕਰਨ ਦਾ ਦੋਸ਼ ਸੀ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੱਤਰਕਾਰ ਕਨੌਜੀਆ ਖ਼ਿਲਾਫ ਕਾਰਵਾਈ ਕਾਨੂੰਨ ਮੁਤਾਬਕ ਚੱਲਦੀ ਰਹੇਗੀ। ਬੈਂਚ ਨੇ ਇਹ ਵੀ ਕਿਹਾ ਕਿ ਅਦਾਲਤਾਂ ਨੂੰ ਸੋਸ਼ਲ ਮੀਡੀਆ ਦਾ ਸੰਤਾਪ ਭੁਗਤਣਾ ਪੈਂਦਾ ਹੈ।ਇਸ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪੱਤਰਕਾਰ ਪ੍ਰਸ਼ਾਂਤ ਕਨੌਜੀਆ ਅਤੇ ਨੋਇਡਾ ਆਧਾਰਤ ਟੀਵੀ ਚੈਨਲ ਦੇ ਸੰਪਾਦਕ ਤੇ ਮੁਖੀ ਦੀ ਗ੍ਰਿਫ਼ਤਾਰੀ ਦੇ ਮਾਮਲੇ ’ਚ ਉੱਤਰ ਪ੍ਰਦੇਸ਼ ਸਰਕਾਰ ਦੀ ਨਿਖੇਧੀ ਕੀਤੀ ਹੈ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਖ਼ਿਲਾਫ਼ ਗਲਤ ਰਿਪੋਰਟ ਜਾਂ ਉਨ੍ਹਾਂ ਖਿਲਾਫ਼ ਝੂਠੀ, ਮਾੜੀ ਆਰਐਸਐਸ/ਭਾਜਪਾ ਦੇ ਸਪਾਂਸਰਸ਼ਿਪ ਵਾਲੇ ਪ੍ਰਾਪੇਗੰਡਾ ਤਿਆਰ ਕਰਨ ਵਾਲੇ ਹਰ ਪੱਤਰਕਾਰ ਨੂੰ ਜੇਲ੍ਹ ਵਿਚ ਸੁੱਟਿਆ ਜਾਂਦਾ ਹੈ ਤਾਂ ਜ਼ਿਆਦਾਤਰ ਅਖਬਾਰਾਂ ਜਾਂ ਨਿਊਜ਼ ਚੈਨਲਾਂ ਵਿਚ ਸਟਾਫ਼ ਦੀ ਵੱਡੀ ਗਿਣਤੀ ਵਿਚ ਕਮੀ ਹੋ ਜਾਵੇਗੀ। ਉਨ੍ਹਾਂ ਟਵੀਟ ਕੀਤਾ,‘ਯੂਪੀ ਦੇ ਸੀ ਐੱਮ ਮੂਰਖਤਾ ਭਰੇ ਢੰਗ ਨਾਲ ਵਿਵਹਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਪੱਤਰਕਾਰਾਂ ਨੂੰ ਰਿਹਾਅ ਕਰਨ ਦੀ ਲੋੜ ਹੈ। ਰਾਹੁਲ ਗਾਂਧੀ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਵੀ ਇਸ ਮਾਮਲੇ ’ਤੇ ਸੂਬਾ ਸਰਕਾਰ ਦੀ ਖਿਚਾਈ ਕੀਤੀ।