ਸੰਸਦ ਮੈਂਬਰ ਔਜਲਾ ਨੇ ਉਭਾਰਿਆ ਤਸਕਰੀ ਦਾ ਮਾਮਲਾ

ਨਵੀਂ ਦਿੱਲੀ,  ਜੁਲਾਈ 2019- ਸਰਹੱਦ ਰਸਤੇ ਨਸ਼ੀਲੇ ਪਦਾਰਥਾਂ ਦੀ ਹੋ ਰਹੀ ਤਸਕਰੀ ਅਤੇ ਅਟਾਰੀ ਸਥਿਤ ਆਈਸੀਪੀ ਵਿਖੇ ਟਰੱਕ ਸਕੈਨਰ ਦੀ ਅਣਹੋਂਦ ਦਾ ਮੁੱਦਾ ਅੱਜ ਸੰਸਦ ਵਿੱਚ ਵੀ ਗੂੰਜਿਆ ਹੈ। ਇਸ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਆਈਸੀਪੀ ਵਿਖੇ ਟਰੱਕ ਸਕੈਨਰ ਸਥਾਪਤ ਕਰਨ ਵਿਚ ਹੋ ਰਹੀ ਦੇਰੀ ਅਤੇ 532 ਕਿਲੋ ਹੈਰੋਇਨ ਤਸਕਰੀ ਮਾਮਲੇ ਵਿਚ ਫੜੇ ਗਏ ਵਿਅਕਤੀਆਂ ਦਾ ਕਸਟਮ ਵੱਲੋਂ ਪੁਲੀਸ ਰਿਮਾਂਡ ਨਾ ਲਏ ਜਾਣ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਇਹ ਮਾਮਲਾ ਅੱਜ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਰੱਖਿਆ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਉਨ੍ਹਾਂ ਕਿਹਾ ਕਿ ਅਟਾਰੀ ਆਈਸੀਪੀ ਵਿਖੇ ਟਰੱਕ ਸਕੈਨਰ ਦੀ ਸਥਾਪਤੀ ਦਾ ਮਾਮਲਾ ਦੇਸ਼ ਦੀ ਕੌਮੀ ਸੁਰੱਖਿਆ ਨਾਲ ਜੁੜਿਆ ਹੈ। ਪਰ ਇਸ ਦੀ ਸਥਾਪਤੀ ਲਈ ਲੰਮੇ ਸਮੇਂ ਤੋਂ ਦੇਰ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਹੁਣ ਇਥੇ ਟਰੱਕ ਸਕੈਨਰ ਦੀ ਸਥਾਪਤੀ ਲਈ ਜੋ ਇਮਾਰਤ ਉਸਾਰੀ ਗਈ ਹੈ, ਉਹ ਮਾਪਦੰਡ ’ਤੇ ਪੂਰੀ ਨਹੀਂ ਉਤਰਦੀ ਹੈ। ਇਸ ਇਮਾਰਤ ’ਤੇ ਇਤਰਾਜ਼ ਲਾਇਆ ਗਿਆ ਹੈ। ਉਨ੍ਹਾਂ ਇਹ ਮਾਮਲਾ ਵੀ ਉਭਾਰਿਆ ਕਿ ਹਾਲ ਹੀ ਵਿਚ ਕਸਟਮ ਵਿਭਾਗ ਵੱਲੋਂ ਆਈਸੀਪੀ ਤੋਂ ਪਾਕਿਸਤਾਨੀ ਲੂਣ ਵਿਚੋਂ ਫੜੀ ਗਈ 532 ਕਿਲੋ ਹੈਰੋਇਨ ਦੇ ਮਾਮਲੇ ਵਿਚ ਫੜੇ ਗਏ ਦੋ ਵਿਅਕਤੀਆਂ ਕੋਲੋਂ ਕਸਟਮ ਵਿਭਾਗ ਨੇ ਕੋਈ ਵਿਸ਼ੇਸ਼ ਪੁੱਛ-ਪੜਤਾਲ ਨਹੀਂ ਕੀਤੀ। ਮੁਲਜ਼ਮਾਂ ਦਾ ਪੁਲੀਸ ਰਿਮਾਂਡ ਨਹੀਂ ਲਿਆ ਗਿਆ, ਜਿਸ ਕਾਰਨ ਇਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਕੋਲੋਂ ਮੰਗ ਕੀਤੀ ਕਿ ਦੋਵਾਂ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਾਈ ਜਾਵੇ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਆਈਸੀਪੀ ਵਿਖੇ ਤੁਰੰਤ ਫੁੱਲ ਬਾਡੀ ਟਰੱਕ ਸਕੈਨਰ ਸਥਾਪਤ ਕੀਤਾ ਜਾਵੇ। ਸ੍ਰੀ ਔਜਲਾ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਨਾਲ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 13 ਅਪਰੈਲ 2012 ਨੂੰ ਆਈਸੀਪੀ ਦਾ ਉਦਘਾਟਨ ਤਤਕਾਲੀ ਗ੍ਰਹਿ ਮੰਤਰੀ ਪੀ ਚਿੰਦਬਰਮ ਨੇ ਕੀਤਾ ਸੀ।
ਉਨ੍ਹਾਂ ਇਥੇ ਜਾਂਚ ਵਾਸਤੇ ਟਰੱਕ ਸਕੈਨਰ ਲਾਉਣ ਦਾ ਭਰੋਸਾ ਦਿੱਤਾ ਸੀ, ਜੋ ਹੁਣ ਤਕ ਲਟਕਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਦੁਵੱਲਾ ਵਪਾਰ 2008 ਵਿੱਚ ਸ਼ੁਰੂ ਹੋ ਗਿਆ ਸੀ ਅਤੇ ਪਾਕਿਸਤਾਨ ਵੱਲੋਂ ਉਸ ਵੇਲੇ ਹੀ ਆਪਣੇ ਪਾਸੇ ਟਰੱਕ ਸਕੈਨਰ ਸਥਾਪਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਟਾਰੀ ਆਈਸੀਪੀ ਵਿਖੇ ਹੁਣ ਤਕ ਟਰੱਕ ਸਕੈਨਰ ਦਾ ਸਥਾਪਤ ਨਾ ਹੋਣਾ ਕਿਸੇ ਸਾਜਿਸ਼ ਦਾ ਹਿੱਸਾ ਲਗਦਾ ਹੈ।