ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ,ਬਿਜਲੀ ਅਧਿਕਾਰੀ ਵਿਰੁੱਧ ਕੇਸ ਦਰਜ

 

ਭਦੌੜ , ਜੂਨ 2019-  ਬੀਤੇ ਦਿਨ 11 ਕੇਵੀ ਵਿਧਾਤਾ ਫੀਡਰ ਉੱਤੇ ਪ੍ਰਾਈਵੇਟ ਤੌਰ ਉੱਤੇ ਕੰਮ ਕਰਦੇ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ, ਜਿਸ ਤਹਿਤ ਇੱਕ ਬਿਜਲੀ ਅਧਿਕਾਰੀ ਵਿਰੁੱਧ ਕੇਸ ਵੀ ਦਰਜ ਕੀਤਾ ਗਿਆ ਸੀ ਪਰ ਮ੍ਰਿਤਕ ਜਗਤਾਰ ਸਿੰਘ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਇੱਕ ਜੇਈ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਲਈ ਮ੍ਰਿਤਕ ਦੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਤਿੰਨ ਕੋਨੀ ਚੌਕ ਵਿਚ ਧਰਨਾ ਲਗਾ ਕੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਧਰਨੇ ਵਿਚ ਪੁੱਜੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ, ਅੰਗਰੇਜ਼ ਸਿੰਘ ਵਿਧਾਤਾ, ਰਾਜ ਸਿੰਘ ਵਿਧਾਤੇ, ਭੋਲਾ ਸਿੰਘ ਨੰਬਰਦਾਰ, ਰੋਸ਼ਨ ਲਾਲ ਅਤੇ ਗੁਰਮੁੱਖ ਸਿੰਘ ਨੇ ਦੋਸ਼ ਲਾਇਆ ਕਿ ਪੁਲੀਸ ਕਿਸੇ ਦਬਾਅ ਕਾਰਨ ਅਸਲ ਕਥਿਤ ਦੋਸ਼ੀਆਂ ਨੂੰ ਜਾਣਬੁੱਝ ਕੇ ਬਚਾ ਰਿਹਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਧਰਨੇ ਮੌਕੇ ਪੁੱਜੇ ਐੱਸਡੀਓ ਲਖਵੀਰ ਸਿੰਘ ਭਦੌੜ ਅਤੇ ਸੁਸ਼ੀਲ ਕੁਮਾਰ ਸ਼ਹਿਣਾ ਨੇ ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਸਿੰਘ, ਸਰਦਾਰਾ ਸਿੰਘ ਸ਼ਹਿਣਾ ਅਤੇ ਥਾਣਾ ਮੁਖੀ ਮਲਕੀਤ ਸਿੰਘ ਤਪਾ ਅਤੇ ਧਰਨਾਕਾਰੀਆਂ ਵਿਚੋਂ ਪ੍ਰਮੁੱਖ ਵਿਅਕਤੀਆਂ ਨਾਲ ਗੱਲਬਾਤ ਰਾਹੀਂ ਇਸ ਮਾਮਲੇ ਦਾ ਹੱਲ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਿਸ ਦੌਰਾਨ ਮ੍ਰਿਤਕ ਦੇ ਪਰਿਵਾਰ ਨੂੰ ਅੰਤਿਮ ਅਰਦਾਸ ਮੌਕੇ 5 ਲੱਖ ਰੁਪਏ ਦੇਣ ਉੱਤੇ ਸਮਝੌਤਾ ਕੀਤਾ ਗਿਆ। ਧਰਨੇ ਦੀ ਸਮਾਪਤੀ ਕਰ ਕੇ ਦੇਹ ਨੂੰ ਸਸਕਾਰ ਲਈ ਲਿਜਾਇਆ ਗਿਆ। ਇਸ ਸਮੇਂ ਭੋਲਾ ਸਿੰਘ ਸ਼ਹਿਣਾ, ਓਂਕਾਰ ਸਿੰਘ, ਕਰਮਜੀਤ ਸਿੰਘ, ਕਾਲਾ ਸਿੰਘ ਜੈਦ, ਭੋਲਾ ਸਿੰਘ, ਨਾਜ਼ਮ ਸਿੰਘ ਅਤੇ ਸਵਰਨ ਸਿੰਘ ਤੋਂ ਇਲਾਵਾ ਹੋਰ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।