ਰੋਜ਼ੀ ਰੋਟੀ ਕਮਾਉਣ ਦੁਬਈ ਗਏ ਨੌਜਵਾਨ ਦੀ ਵਤਨ ਪੁੱਜੀ ਮ੍ਰਿਤਕ ਦੇਹ

ਰਾਜਾਸਾਂਸੀ, ਜੂਨ 2019 - 

ਰੋਜੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ੇ ਦੇ ਭਾਰ ਤੋਂ ਮੁਕਤ ਕਰਨ ਦੇ ਸੁਪਨੇ ਲੈ ਕੇ ਦੁਬਈ ਪੁੱਜੇ 24 ਵਰ੍ਹਿਆਂ ਦੇ ਨੌਜਵਾਨ, ਜਿਸ ਦੀ ਬੀਤੇ ਦਿਨੀਂ ਦੁਬਈ ਵਿਖੇ ਹੀ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ: ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਜਹਾਜ ਰਾਹੀਂ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਫ਼ਿਰੋਜਪੁਰ ਜ਼ਿਲ੍ਹੇ ਨਾਲ ਸੰਬੰਧਿਤ ਮ੍ਰਿਤਕ ਨੌਜਵਾਨ ਗੁਰਭੇਜ ਸਿੰਘ ਹਾਲੇ ਕਰੀਬ ਢਾਈ ਵਰ੍ਹੇ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ 'ਚ ਸਮੋਈ ਮਜ਼ਦੂਰੀ ਕਰਨ ਦੁਬਈ ਗਿਆ ਸੀ ਕਿ ਅਚਾਨਕ ਬੀਤੀ 29 ਮਈ ਨੂੰ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ। ਜਦ ਭਾਰਤ ਰਹਿੰਦੇ ਉਸ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਦੁਬਈ ਰਹਿੰਦੇ ਉਸ ਦੇ ਰਿਸ਼ਤੇਦਾਰਾਂ ਨੂੰ ਗੁਰਭੇਜ ਸਿੰਘ ਦੀ ਮੌਤ ਦੇ ਆਏ ਸੁਨੇਹੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਪਤਲੀ ਆਰਥਿਕ ਹਾਲਤ ਦਾ ਵਾਸਤਾ ਪਾਉਂਦਿਆਂ ਟਰੱਸਟ ਦੇ ਸਰਪ੍ਰਸਤ ਡਾ: ਓਬਰਾਏ ਨਾਲ ਸੰਪਰਕ ਕਰ ਕੇ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ ਸੀ, ਜਿਸ 'ਤੇ ਕਾਰਵਾਈ ਕਰਦਿਆਂ ਡਾ: ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜ਼ਰੂਰੀ ਕਾਗ਼ਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਹੈ। ਹਵਾਈ ਅੱਡੇ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਦੁਖ ਪ੍ਰਗਟ ਕਰਨ ਪੁੱਜੇ ਟਰੱਸਟ ਦੇ ਸੇਵਾਦਾਰ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਹਰਜਿੰਦਰ ਸਿੰਘ ਹੇਰ, ਸਿਸ਼ਪਾਲ ਸਿੰਘ ਲਾਡੀ, ਪਰਮਿੰਦਰ ਸਿੰਘ ਕੜਿਆਲ ਨੇ ਦੱਸਿਆ ਕਿ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ 'ਚ ਭਾਰਤੀ ਦੂਤਾਵਾਸ ਤੋਂ ਇਲਾਵਾ ਸ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਜ਼ਿਕਰਯੋਗ ਭੂਮਿਕਾ ਨਿਭਾਈ ਹੈ। ਦੁਬਈ ਤੋਂ ਮ੍ਰਿਤਕ ਦੇਹ ਨਾਲ ਪੁੱਜੇ ਮ੍ਰਿਤਕ ਨੌਜਵਾਨ ਦੇ ਮਾਸੜ ਬਲਵਿੰਦਰ ਸਿੰਘ ਨੇ ਜਿੱਥੇ ਦੱਸਿਆ ਕਿ ਗੁਰਭੇਜ ਸਿੰਘ ਦੀ ਮੌਤ 14 ਮਈ ਨੂੰ ਹੋ ਚੁੱਕੀ ਸੀ ਜਦਕਿ ਮ੍ਰਿਤਕ ਸਰੀਰ 19 ਮਈ ਨੂੰ ਮਿਲਿਆ ਅਤੇ ਉਸ ਦੀ ਸ਼ਨਾਖ਼ਤ 29 ਮਈ ਨੂੰ ਹੋਈ।