ਬਾਜਵਾ ਨੇ ਖ਼ੁਦ ਰਾਹੁਲ ਦੇ ਸਮਰਥਨ 'ਚ ਦਿੱਤਾ ਅਸਤੀਫ਼ਾ, ਕਾਂਗਰਸੀ ਮੁੱਖ ਮੰਤਰੀਆਂ ਲਈ ਖੜ੍ਹੀ ਕੀਤੀ ਮੁਸੀਬਤ

ਨਵੀਂ ਦਿੱਲੀ, ਜੁਲਾਈ 2019-(ਜਨ ਸ਼ਕਤੀ ਨਿਉਜ) ਕਾਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅਸਤੀਫ਼ੇ ਦੀ ਅੜੀ ਕਰਨ ਮਗਰੋਂ ਪਾਰਟੀ ਵਿੱਚ ਅਸਤੀਫ਼ਿਆਂ ਦਾ ਦੌਰ ਜਾਰੀ ਹੈ। ਬੀਤੀ ਰਾਤ ਪਾਰਟੀ ਅਤੇ ਪੰਜਾਬ ਦੇ ਵੱਡੇ ਨੇਤਾ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਵਿਦੇਸ਼ ਵਿਭਾਗ ਦੇ ਉਪ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਾਰੇ ਸੀਨੀਅਰ ਨੇਤਾਵਾਂ ਸੀਡਬਲਿਊਸੀ ਮੈਂਬਰ, ਸਾਰੇ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨਾਂ ਨੂੰ ਵੀ ਰਾਹੁਲ ਗਾਂਧੀ ਦੇ ਸਮਰਥਨ ਵਿੱਚ ਅਸਤੀਫ਼ੇ ਦੇਣ ਦੀ ਅਪੀਲ ਕੀਤੀ ਹੈ।ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੂੰ ਚਿੱਠੀ ਲਿਖ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਸਤੀਫ਼ਿਆਂ ਨਾਲ ਰਾਹੁਲ ਗਾਂਧੀ ਨੂੰ ਮਜ਼ਬੂਤੀ ਮਿਲੇਗੀ ਤਾਂ ਕਿ ਉਹ ਆਪਣੀ ਸੋਚ ਮੁਤਾਬਕ ਬਦਲਾਅ ਕਰ ਸਕਣ। ਬਾਜਵਾ ਨੇ ਤਿੱਖੇ ਲਹਿਜ਼ੇ ਵਿੱਚ ਇਹ ਵੀ ਕਿਹਾ ਹੈ ਕਿ ਅੱਜ ਕਾਂਗਰਸ ਦੀ ਹੋਂਦ ਸੰਕਟ ਵਿੱਚ ਹੈ, ਜੋ ਨੇਤਾ ਅਸਤੀਫ਼ਾ ਨਹੀਂ ਦੇਵੇਗਾ, ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਆਪਣੇ ਨਿਜੀ ਹਿਤਾਂ ਨੂੰ ਪਾਰਟੀ ਦੇ ਸਮੂਹਿਕ ਵਿਕਾਸ ਤੋਂ ਵੱਧ ਅਹਿਮੀਅਤ ਦਿੰਦਾ ਹੈ।ਬਾਜਵਾ ਨੇ ਰਾਹੁਲ ਗਾਂਧੀ ਨੂੰ ਮੁੜ ਤੋਂ ਕਾਂਗਰਸ ਦੀ ਕਮਾਨ ਸੰਭਾਲਣ ਦੀ ਬੇਨਤੀ ਕਰਦਿਆਂ ਕਿਹਾ ਹੈ ਕਿ ਉਹ ਇੱਕ ਅਜਿਹਾ ਸੰਗਠਨ ਬਣਾਉਣ ਜੋ ਨਿਜੀ ਝੇੜਿਆਂ ਤੋਂ ਮੁਕਤ ਹੋਵੇ। ਬਾਜਵਾ ਤੋਂ ਇਲਾਵਾ ਸ਼ਨੀਵਾਰ ਨੂੰ ਅਸਤੀਫ਼ਾ ਦੇਣ ਵਾਲੇ ਕਾਂਗਰਸੀ ਆਗੂਆਂ ਵਿੱਚ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਨਾਨਾ ਪਟੋਲੇ, ਸਕੱਤਰ ਤਰੁਣ ਕੁਮਾਰ ਜ਼ਿਕਰਯੋਗ ਹਨ।ਦੂਜੇ ਪਾਸੇ, ਸ਼ੁੱਕਰਵਾਰ ਨੂੰ ਸਮੂਹਿਕ ਤੌਰ 'ਤੇ ਅਸਤੀਫ਼ਾ ਦੇਣ ਵਾਲੇ 50 ਨੌਜਵਾਨ ਅਹੁਦੇਦਾਰਾਂ ਨੇ ਵੀ ਮੀਡੀਆ ਵਿੱਚ ਖੁੱਲ੍ਹ ਕੇ ਆਪਣੀ ਗੱਲ ਰੱਖੀ। ਅਸਤੀਫ਼ਾ ਦੇਣ ਵਾਲਿਆਂ ਦੀ ਅਗਵਾਈ ਕਰਨ ਵਾਲੇ ਵੀਰੇਂਦਰ ਵਸ਼ਿਸ਼ਠ ਨੇ ਕਿਹਾ ਕਿ ਸਾਰੇ ਜਣੇ ਆਪਣੀ ਇੱਛਾ ਨਾਲ ਅਸਤੀਫ਼ਾ ਦੇ ਰਹੇ ਹਨ, ਕਿਉਂਕਿ ਇਹ ਹਾਰ ਸਮੂਹਿਕ ਜ਼ਿੰਮੇਵਾਰੀ ਹੈ। ਪ੍ਰਕਾਸ਼ ਜੋਸ਼ੀ ਨੇ ਕਿਹਾ ਹੈ ਕਿ ਹੁਣ ਤਕ ਸੀਨੀਅਰ ਨੇਤਾਵਾਂ ਨੇ ਜ਼ਿੰਮੇਵਾਰੀ ਨਹੀਂ ਲਈ ਹੈ, ਜੋ ਕਿ ਗ਼ਲਤ ਹੈ।