ਤੇਜ਼ ਝੱਖੜ ਤੇ ਗੜੇਮਾਰੀ ਨਾਲ ਭਾਰੀ ਮੀਂਹ,ਸਬਜ਼ੀ ,ਮੱਕੀ ਅਤੇ ਮੂੰਗੀ ਦੀ ਫਸਲ ਤੈਸ ਨੈਸ

ਪੰਜਾਬ ਵਾਸੀਆਂ ਦੇ ਹਿੱਸੇ ਬਹੁਤ ਆਈ ਹੈ ਕੁਦਰਤ ਦੀ ਕਰੋਪੀ

 

ਜਗਰਾਓਂ ,ਜੂਨ 2019-(ਮਨਜਿੰਦਰ ਗਿੱਲ)- ਭਲੇ ਹੀ ਮੌਸਮ ਵਿਭਾਗ ਅਜੇ ਮੌਨਸੂਨ ਨੂੰ ਪੰਜਾਬ ਵਿਚ ਦੇਰੀ ਨਾਲ ਆਉਣ ਦੀ ਭਵਿੱਖਬਾਣੀ ਕਰ ਰਿਹਾ ਸੀ, ਪਰ ਇਸ ਦੇ ਉਲਟ ਅੱਜ ਬਾਅਦ ਦੁਪਹਿਰ ਪਿੰਡ ਸੋਡੀਵਾਲਾ, ਜਨੇਤਪੁਰਾ,ਲੀਲਾ ਮੇਘ ਸਿੰਘ,ਜੰਡੀ, ਰਸੂਲਪੁਰ, ਬਰਸਾਲ ਅਤੇ ਆਲੇ ਦੁਆਲੇ ਇਲਾਕੇ ਵਿਚ ਤੇਜ਼ ਝੱਖੜ ਅਤੇ ਗੜੇ ਮਾਰੀ  ਨਾਲ ਬਹੁਤ ਵੱਡਾ ਮਾਲੀ ਨੁਕਸਾਨ ਅਤੇ ਸਬਜ਼ੀ ,ਮੱਕੀ ਅਤੇ ਮੂੰਗੀ ਦੀ ਫਸਲ ਤੈਸ ਨੈਸ, ਆਏ ਭਾਰੀ ਮੀਂਹ ਨੇ ਇਕ ਵਾਰ ਤਾਂ ਆਮ ਲੋਕਾਂ ਅਤੇ ਕਿਸਾਨੀ ਨੂੰ ਵੱਡੀ ਰਾਹਤ ਦੇ ਕੇ ਪਲਾਂ ਵਿਚ ਹੀ ਹਰ ਪਾਸੇ ਪਾਣੀ ਹੀ ਕਰ ਦਿੱਤਾ, ਪਰ ਮੀਂਹ ਦੇ ਨਾਲ ਆਏ ਤੇਜ਼ ਝੱਖੜ ਨੇ ਹਰ ਪਾਸੇ ਤਬਾਹੀ ਹੀ ਤਬਾਹੀ ਕਰਕੇ ਰੱਖ ਦਿੱਤੀ। ਜਿੱਥੇ ਦੁਕਾਨਾਂ ਅੱਗੇ ਲੱਗੇ ਬੋਰਡਾਂ ਦੀ ਪੂਰੀ ਤਰ੍ਹਾਂ ਭੰਨਤੋੜ ਕੀਤੀ। ਉੱਥੇ ਜਲੰਧਰ-ਸਿੱਧਵਾਂ ਬੇਟ ਮਾਰਗ 'ਤੇ ਝੱਖੜ ਨਾਲ ਡਿੱਗੇ ਦਰੱਖ਼ਤਾਂ ਨੇ ਆਮ ਜਨਜੀਵਨ ਠੱਪ ਕਰਕੇ ਰੱਖ ਦਿੱਤਾ। ਥਾਂ-ਥਾਂ 'ਤੇ ਡਿੱਗੇ ਬਿਜਲੀ ਦੇ ਖੰਭੇ ਤੇਜ਼ ਝੱਖੜ ਦੀ ਦਾਸਤਾਨ ਬਿਤਾ ਰਹੇ ਸਨ। ਜਿਸ ਨਾਲ ਜਿੱਥੇ ਬਿਜਲੀ ਵਿਭਾਗ ਦਾ ਭਾਰੀ ਆਰਥਿਕ ਨੁਕਸਾਨ ਦਾ ਅਨੁਮਾਨ ਹੈ, ਉੱਥੇ ਤਾਰਾਂ ਟੁੱਟਣ ਕਾਰਨ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ। ਥਾਣਾ ਸਿੱਧਵਾਂ ਬੇਟ ਵਿੱਚ ਖੜ੍ਹੇ ਕਈ ਦਰੱਖ਼ਤ ਵੀ ਤੇਜ਼ ਝੱਖੜ ਦੀ ਮਾਰ ਹੇਠ ਆ ਗਏ। ਇਕ ਦਰੱਖਤ ਥਾਣੇ ਦੀ ਗੱਡੀ 'ਤੇ ਵੀ ਆਣ ਡਿੱਗਾ। ਦੂਜੇ ਪਾਸੇ ਝੱਖੜ ਕਈ ਲੋੜਵੰਦ ਪਰਿਵਾਰਾਂ ਲਈ ਵਰਦਾਨ ਵੀ ਸਾਬਿਤ ਹੋਇਆ ਜਿਨ੍ਹਾਂ ਨੇ ਸੜਕਾਂ 'ਤੇ ਡਿੱਗੇ ਦਰੱਖਤਾਂ ਤੇ ਵੱਡੇ ਟਾਹਣਿਆਂ ਨੂੰ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੇ ਆਉਣ ਤੋਂ ਪਹਿਲਾਂ ਹੀ ਟਿਕਾਣੇ ਲਗਾ ਦਿੱਤਾ। ਇਲਾਕੇ ਵਿਚ ਪਏ ਮੀਂਹ ਨੇ ਅੱਤ ਦੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਤੇ ਕਿਸਾਨੀ ਨੂੰ ਤਾਂ ਵੱਡੀ ਰਾਹਤ ਦੇ ਦਿੱਤੀ ਪਰ ਇਸ ਨਾਲ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਵੀ ਹੋ ਗਿਆ।