You are here

ਪੰਜਾਬ

ਬੀਕੇਯੂ ਰਾਜੇਵਾਲ ਜ਼ਿਲ੍ਹਾ ਬਰਨਾਲਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਬਰਨਾਲਾ/ ਮਹਿਲਕਲਾ 5 ਮਾਰਚ (ਗੁਰਸੇਵਕ ਸੋਹੀ) ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਰਨਾਲਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕਾਲਾ ਮਹਿਲ ਬਰਨਾਲਾ ਵਿਖੇ ਹੋਈ। ਇਹ ਮੀਟਿੰਗ ਜਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ,ਜਰਨਲ ਸਕੱਤਰ ਨਗਿੰਦਰ ਸਿੰਘ ਬੱਬਲਾ ਅਤੇ ਮੀਤ ਪ੍ਰਧਾਨ ਅਭੀਕਰਨ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿਚ 13 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਦੇਣ ਲਈ ਬਰਨਾਲਾ ਦੇ ਰੇਲਵੇ ਸਟੇਸ਼ਨ ਤੋਂ ਕਿਸਾਨ ਵੱਡੀ ਗਿਣਤੀ ਵਿਚ 12 ਤਰੀਕ ਨੂੰ ਰਵਾਨਾ ਹੋਣਗੇ। ਇਹ ਮੰਗ ਪੱਤਰ ਪੰਜਾਬ ਪ੍ਰਧਾਨ ਬਲਵੀਰ ਸਿਘ ਰਾਜੇਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਿਤਾ ਜਾਵੇਗਾ ਕਿ ਜੋ ਦਿੱਲੀ ਸਘੰਰਸ਼ ਵਿਚ ਕਿਸਾਨਾਂ ਤੇ ਝੂਠੇ ਮੁੱਕਦਮੇ ਦਰਜ਼ ਕੀਤੇ ਗਏ ਤੁਰੰਤ ਰੱਦ ਕੀਤੇ ਜਾਣ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ , ਪੰਜਾਬ ਦਾ ਪਾਣੀ ਬਾਹਰਲੀਆਂ ਸਟੇਟਾਂ ਦਾ ਬੰਦ ਕਰਕੇ ਪੰਜਾਬ ਨੂੰ ਵੀ ਦਿੱਤਾ ਜਾਵੇ। ਇਸ ਮੌਕੇ ਸਰਪੰਚ ਭਿਦਾ ਸਿੰਘ ਰਾਏਸਰ, ਕਰਨੈਲ ਸਿੰਘ ਕੁਰੜ, ਬੇਅੰਤ ਸਿੰਘ ਬਰਨਾਲਾ, ਨਿਰਮਲ ਸਿੰਘ ਛੀਨੀਵਾਲ, ਗੁਰਬਚਨ ਸਿੰਘ ਠੀਕਰੀ ਵਾਲਾ ,ਕੌਰ ਸਿੰਘ ਛੀਨੀਵਾਲ ਕਲਾਂ, ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ ,ਹਰਦੇਵ ਸਿੰਘ ਕਾਕਾ ਮੀਤ ਪ੍ਰਧਾਨ ਮਹਿਲ ਕਲਾਂ ,ਗੁਰਮੇਲ ਸਿੰਘ ਛੀਨੀਵਾਲ ਕਲਾਂ, ਮੁਖਤਿਆਰ ਸਿੰਘ ਬੀਹਲਾ, ਗੁਰਸੇਵਕ ਸਿੰਘ, ਸੁਰਜੀਤ ਸਿੰਘ, ਗੁਰਬਚਨ ਸਿੰਘ ਮਾਨ ਆਦਿ ਆਗੂ ਹਾਜ਼ਰ ਸਨ।

ਕੇਂਦਰੀ ਏਜੰਸੀਆਂ ਦੀ ਖੁੱਲ੍ਹੇਆਮ ਦੁਰਵਰਤੋਂ ਨਾਲ ਹਿੰਦੁਸਤਾਨ ਲੋਕਤੰਤਰ ਤੋਂ ਨਿਰੰਕੁਸ਼ਤਾ ਵੱਲ ਮੁੜਿਆ

ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਪੀਐਮ ਮੋਦੀ ਨੂੰ ਪੱਤਰ ਲਿਖ ਕੇ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਦਾ ਲਗਾਇਆ ਦੋਸ਼

ਨਵੀਂ ਦਿੱਲੀ 5 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਦੇਸ਼ ਦੀਆਂ ਨੌਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਵਿਰੁੱਧ ਕੇਂਦਰੀ ਏਜੰਸੀਆਂ ਦੀ ਖੁੱਲ੍ਹੇਆਮ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਹਿੰਦੁਸਤਾਨ ਲੋਕਤੰਤਰ ਤੋਂ ਨਿਰੰਕੁਸ਼ਤਾ ਵੱਲ ਮੁੜਿਆ ਜਾਪਦਾ ਹੈ ਅਤੇ ਰਾਜਪਾਲ ਵਰਗੇ ਸੰਵਿਧਾਨਕ ਅਹੁਦਿਆਂ ਦੀ ਦੁਰਵਰਤੋਂ ਹੋ ਰਹੀ ਹੈ। ਇਹ ਸਾਡੇ ਲੋਕਤੰਤਰ ਲਈ ਚੰਗਾ ਨਹੀਂ ਹੈ। ਪੱਤਰ ਵਿੱਚ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸੀਬੀਆਈ ਵੱਲੋਂ ਗ੍ਰਿਫ਼ਤਾਰੀ ਦੇ ਮਾਮਲੇ ਦੇ ਜ਼ਿਕਰ ਨਾਲ ਸਿਸੋਦੀਆ 'ਤੇ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ, ਇਹ ਸਿਆਸੀ ਸਾਜ਼ਿਸ਼ ਦਾ ਮੂੰਹ ਚਿੜਾ ਰਿਹਾ ਹੈ ਜਿਸ ਕਰਕੇ ਉਸ ਦੀ ਗ੍ਰਿਫ਼ਤਾਰੀ ਕਾਰਨ ਦੇਸ਼ ਭਰ ਦੇ ਲੋਕਾਂ ਦੇ ਮਨਾਂ ਵਿੱਚ ਗੁੱਸਾ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿਸੋਦੀਆ ਦਿੱਲੀ ਦੀ ਸਕੂਲੀ ਸਿੱਖਿਆ ਨੂੰ ਬਦਲਣ ਲਈ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਹੈ। ਦੁਨੀਆ ਭਰ ਦੇ ਲੋਕ ਉਸ ਦੀ ਗ੍ਰਿਫਤਾਰੀ ਨੂੰ ਹਿੰਦੁਸਤਾਨ 'ਚ ਵਿਰੋਧੀਆਂ ਖਿਲਾਫ ਸਿਆਸੀ ਬਦਲਾਖੋਰੀ ਵਜੋਂ ਦੇਖ ਰਹੇ ਹਨ। ਦੁਨੀਆ ਪਹਿਲਾਂ ਹੀ ਸ਼ੱਕ ਕਰ ਰਹੀ ਹੈ ਕਿ ਭਾਜਪਾ ਦੇ ਸ਼ਾਸਨ ਤੋਂ ਹਿੰਦੁਸਤਾਨ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨੂੰ ਖ਼ਤਰਾ ਹੈ ਇਸ ਲਈ ਅਜਿਹੀ ਕਾਰਵਾਈ ਇਸ ਸ਼ੱਕ ਦੀ ਪੁਸ਼ਟੀ ਕਰਦੀ ਹੈ।

ਪੱਤਰ 'ਚ ਦੋਸ਼ ਲਗਾਇਆ ਗਿਆ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਦੋਸ਼ੀ ਨੇਤਾਵਾਂ ਨੂੰ ਭਾਜਪਾ 'ਚ ਸ਼ਾਮਲ ਹੋਣ 'ਤੇ ਰਾਹਤ ਮਿਲੀ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਅਤੇ ਸਾਬਕਾ ਟੀਐਮਸੀ ਨੇਤਾਵਾਂ ਸ਼ੁਭੇਂਦੂ ਅਧਿਕਾਰੀ ਅਤੇ ਮੁਕੁਲ ਰਾਏ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ, ਇਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਏ ਵਿਰੋਧੀ ਨੇਤਾਵਾਂ ਦੇ ਖਿਲਾਫ ਕੇਸਾਂ ਵਿੱਚ ਜਾਂਚ ਏਜੰਸੀਆਂ ਹੌਲੀ ਹਨ।

ਪੀ ਐਮ ਮੋਦੀ ਨੂੰ ਲਿਖੇ ਗਏ ਪੱਤਰ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਐਨਸੀਪੀ ਨੇਤਾ ਸ਼ਰਦ ਪਵਾਰ, ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ, ਸ਼ਿਵ ਸੈਨਾ ਊਧਵ ਠਾਕਰੇ ਧੜੇ ਦੇ ਨੇਤਾ ਊਧਵ ਠਾਕਰੇ ਅਤੇ ਸਮਾਜਵਾਦੀ ਪਾਰਟੀ ਨੇਤਾ ਅਖਿਲੇਸ਼ ਯਾਦਵ ਨੇ ਦਸਤਖਤ ਕੀਤੇ ਹਨ।

ਅੰਮ੍ਰਿਤਸਰ ਵਿੱਚ ਜੀ-20 ਮੀਟਿੰਗ ਰੱਦ ਹੋਣ ਸੰਬੰਧੀ ਅਫਵਾਹਾਂ ਦਾ ਖੰਡਨ - ਵਿਕਰਮ ਸਾਹਨੀ

ਪੰਜਾਬ ਅੰਤਰਰਾਸ਼ਟਰੀ ਸਮਾਗਮ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਸਮਰੱਥ

ਨਵੀਂ ਦਿੱਲੀ 5 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਸੰਸਦ ਮੈਂਬਰ ਵਿਕਰਮ ਸਾਹਨੀ ਨੇ ਦੱਸਿਆ ਕਿ ਹੁਣ ਤੱਕ ਜੀ 20 ਓਆਰਜੀ ਦੀ ਅੰਮ੍ਰਿਤਸਰ ਵਿੱਚ 15-17 ਮਾਰਚ ਨੂੰ ਹੋਣ ਵਾਲੀ ਮੀਟਿੰਗ ਤੈਅ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਕਿਸੇ ਅੰਤਰਰਾਸ਼ਟਰੀ ਸਮਾਗਮ ਦੀ ਮੇਜ਼ਬਾਨੀ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇਹ ਇੱਕ ਯਾਦਗਾਰੀ ਸਮਾਗਮ ਹੋਵੇਗਾ, ਜਦੋਂ ਕਿ ਛੋਟੀ ਜਿਹੀ ਘਟਨਾ ਸੂਬੇ ਦਾ ਪ੍ਰਤੀਬਿੰਬ ਨਹੀਂ ਹੋ ਸਕਦੀ।

ਸ੍ਰੀ ਸਾਹਨੀ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੇ ਅਫਵਾਹਾਂ ਸੁਣੀਆਂ, ਉਹ ਹਰਕਤ ਵਿੱਚ ਆ ਗਏ ਅਤੇ ਵਿਦੇਸ਼ ਮੰਤਰਾਲੇ, ਸਿੱਖਿਆ ਮੰਤਰਾਲੇ, ਜੀ-20 ਸਕੱਤਰੇਤ ਨੂੰ ਫੋਨ ਕੀਤਾ।  ਸਕਿਲਿੰਗ ਜੌਬਜ਼ ਐਂਡ ਮੋਬਿਲਿਟੀ ਦੇ ਭਵਿੱਖ 'ਤੇ ਜੀ-20 ਦੀ ਟਾਸਕ ਫੋਰਸ ਦੇ ਮੈਂਬਰ ਵਿਕਰਮ ਸਾਹਨੀ ਨੇ ਕਿਹਾ ਕਿ ਕਾਨੂੰਨ ਅਤੇ ਵਿਵਸਥਾ 'ਤੇ ਚਰਚਾ ਕੀਤੀ ਗਈ, ਪਰ ਸਦਭਾਵਨਾ ਕਾਇਮ ਰਹੀ ਅਤੇ ਜੀ-20 ਦੀ ਮੀਟਿੰਗ ਤੈਅ ਸਮੇਂ ਮੁਤਾਬਕ ਅੰਮ੍ਰਿਤਸਰ 'ਚ ਹੋ ਰਹੀ ਹੈ।

ਪਿੰਡ ਸੰਦੋਹਾ ਵਿਖੇ ਕਰਵਾਇਆ 8ਵਾਂ ਵਾਲੀਬਾਲ ਟੂਰਨਾਮੈਂਟ

ਤਲਵੰਡੀ ਸਾਬੋ, 05 ਮਾਰਚ (ਗੁਰਜੰਟ ਸਿੰਘ ਨਥੇਹਾ)- ਪਿੰਡ ਸੰਦੋਹਾ ਵਿੱਚ 8ਵਾਂ ਵਾਲੀਬਾਲ ਟੂਰਨਾਮੈਂਟ ਪਿੰਡ ਸੰਦੋਹਾ ਦੇ ਫੌਜੀ, ਸਮੂਹ ਐਨ ਆਰ ਆਈ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਦੌਰਾਨ ਪਹਿਲਾਂ ਇਨਾਮ ਸੰਦੀਪ ਸਰਾਂ ਸਾਈਪ੍ਰਸ ਵੱਲੋਂ ਦਿੱਤਾ ਗਿਆ। ਦੂਸਰਾ ਇਨਾਮ ਅਮਨ ਕੈਨੇਡਾ ਅਤੇ ਨਵੀ ਕਨੇਡਾ ਵੱਲੋਂ ਦਿੱਤਾ ਗਿਆ। ਪਹਿਲਾ ਇਨਾਮ ਪਿੰਡ ਮੀਰਪੁਰ, ਦੂਸਰਾ ਬੁਰਜ ਭਲਾਈ, ਤੀਸਰਾ ਬੁਰਜ ਭਲਾਈ ਸਿਮਰਾ ਅਤੇ ਚੌਥਾ ਸਥਾਨ ਪਿੰਡ ਸੰਦੋਹਾ-ਏ ਨੇ ਪ੍ਰਾਪਤ ਕੀਤਾ। ਇਸ ਮੌਕੇ ਤੇਜਿੰਦਰ ਸਿੰਘ ਸੰਦੋਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 55 ਟੀਮਾਂ ਨੇ ਭਾਗ ਲਿਆ। ਇਸ ਟੂਨਾਮੈਂਟ ਦਾ ਦਾ ਉਦਘਟਨ ਵਿਜੈ ਕੁਮਾਰ ਸੰਦੋਹਾ ਅਤੇ ਸਰਪੰਚ ਧਰਮ ਸਿੰਘ ਸਿੱਧੂ ਦੁਆਰਾ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਹਰਬੰਸ ਸਿੰਘ ਗੋਰਾ, ਪ੍ਰਧਾਨ ਤਰਸੇਮ ਸਿੰਘ ਸਿੱਧੂ, ਸਰਪੰਚ ਕੁਲਵੰਤ ਸਿੰਘ ਮਾਨ, ਬਲਜੀਤ ਸਿੰਘ ਮੈਂਬਰ, ਜਗਸੀਰ ਸਿੰਘ ਮੈਂਬਰ, ਤਾਰਾ ਸਿੰਘ ਮਾਨ, ਜੋਗਿੰਦਰ ਸਿੰਘ ਸਿੱਧੂ ਅਤੇ ਕਸ਼ਮੀਰ ਸਿੰਘ ਸਰਾਂ, ਕਾਲਾ ਸਿੰਘ ਮੈਂਬਰ, ਗੁਰਸੇਵਕ ਸਿੰਘ ਸਰਾਂ, ਬੂਟਾ ਸਿੰਘ ਸਰਾਂ ਯੂਥ ਪ੍ਰਧਾਨ ਆਮ ਆਦਮੀ ਪਾਰਟੀ, ਬੱਬੀ ਸਿੰਘ ਮਾਨ ਅਤੇ ਗੁਰਪ੍ਰੀਤ ਸਿੰਘ ਸਰਾਂ ਆਦਿ ਸ਼ਾਮਿਲ ਸਨ। ਟੂਰਨਾਮੈਂਟ ਕਮੇਟੀ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ, ਸਲਾਹਕਾਰ ਬਲਕਾਰ ਸਿੰਘ ਸਿੱਧੂ, ਜਸ ਸਿੰਘ ਸਰਾਂ, ਮੀਤ ਮਾਨ, ਪ੍ਰੈਸ ਸਕੱਤਰ ਤੇਜਿੰਦਰ ਸਿੰਘ ਸਿੱਧੂ, ਜਸ ਮਾਨ, ਦੀਪ ਮਾਨ, ਸਰਨਾ ਸਰਾਂ, ਗਗਨ ਸਿੱਧੂ ਅਤੇ ਤਰਸ ਮਾਨ ਨੇ ਸਮੁੱਚਾ ਪ੍ਰਬੰਧ ਕੀਤਾ।

ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੀ ਹੋਈ ਦੂਜੀ ਅਹਿਮ ਮੀਟਿੰਗ

2 ਅਪ੍ਰੈਲ ਨੂੰ ਹੋਵੇਗਾ ਛਿਮਾਹੀ ਸਮਾਗਮ

ਤਲਵੰਡੀ ਸਾਬੋ, 5 ਮਾਰਚ (ਗੁਰਜੰਟ ਸਿੰਘ ਨਥੇਹਾ)- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਵੰਜਾ ਸਾਹਿਤਕਾਰਾਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਪੰਜਾਬ ਦੀ ਨੌ ਮੈਂਬਰੀ ਕਮੇਟੀ ਦੀ ਆਨਲਾਈਨ ਮਾਧਿਅਮ ਰਾਹੀਂ ਅੱਜ ਅਕਾਦਮੀ ਦੇ ਆਉਣ ਵਾਲੇ ਛਿਮਾਹੀ ਸਮਾਗਮ ਦੇ ਸੰਦਰਭ ਵਿੱਚ ਮੀਟਿੰਗ ਹੋਈ। ਜਿਸ ਵਿੱਚ ਛਿਮਾਹੀ ਸਮਾਗਮ ਨੂੰ ਲੈਕੇ ਅਹਿਮ ਫੈਸਲੇ ਸਰਬਸੰਮਤੀ ਨਾਲ ਲਏ ਗਏ। ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਛਿਮਾਹੀ ਸਮਾਗਮ ਦੀ ਤਰੀਕ ਤੇ ਸਥਾਨ ਦਾ ਐਲਾਨ ਕੀਤਾ ਗਿਆ। ਜਿਕਰਯੋਗ ਹੈ ਕਿ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਪੰਜਾਬ ਦਾ ਛਿਮਾਹੀ ਸਮਾਗਮ 02 ਅਪ੍ਰੈਲ 2023 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਲਾਇਬ੍ਰੇਰੀ ਤਲਵੰਡੀ ਸਾਬੋ ਵਿਖੇ ਨਿਯਤ ਕੀਤਾ ਗਿਆ ਹੈ। ਜਿਸ ਵਿੱਚ ਸਨਮਾਨ ਸਮਾਰੋਹ ਅਤੇ ਵਿਸ਼ਾਲ ਪੰਜਾਬੀ ਕਵੀ ਦਰਬਾਰ ਹੋਵੇਗਾ। ਛਿਮਾਹੀ ਸਮਾਗਮ ਮੌਕੇ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਦੇ ਨਾਮ ਆਉਣ ਵਾਲੀ ਤੀਜੀ ਮੀਟਿੰਗ ਵਿੱਚ ਐਲਾਨੇ ਜਾਣਗੇ। ਮੀਟਿੰਗ ਵਿੱਚ ਹਾਜ਼ਰ ਰਹਿਣ ਵਾਲੇ ਕਮੇਟੀ ਮੈਂਬਰ ਅਹੁਦੇਦਾਰ ਚੇਅਰਮੈਨ ਪ੍ਰਿੰ. ਬਲਵੀਰ ਸਿੰਘ ਸਨੇਹੀ, ਸੰਸਥਾਪਕ ਪ੍ਰਧਾਨ ਡਾ. ਹਰਗੋਬਿੰਦ ਸਿੰਘ ਸ਼ੇਖਪੁਰੀਆ, ਕਾਰਜਕਾਰੀ ਪ੍ਰਧਾਨ ਪ੍ਰੋ. ਡਾ. ਗੁਰਜੀਤ ਸਿੰਘ ਖ਼ਾਲਸਾ, ਦਫ਼ਤਰ ਸਕੱਤਰ ਗੁਰੀ ਆਦੀਵਾਲ, ਸੰਚਾਲਕ ਸਕੱਤਰ ਗਗਨ ਫੂਲ ਅਤੇ ਪ੍ਰੈੱਸ ਸਕੱਤਰ ਪੰਜਾਬ ਗੁਰਜੰਟ ਸਿੰਘ ਸੋਹਲ ਜੀ ਹਾਜ਼ਰ ਰਹੇ। ਸੰਸਥਾਪਕ ਪ੍ਰਧਾਨ ਡਾ. ਹਰਗੋਬਿੰਦ ਸਿੰਘ ਸ਼ੇਖਪੁਰੀਆ ਜੋ ਕਿ ਹੁਣ ਆਪਣੇ ਪਰਿਵਾਰ ਸਮੇਤ ਨਿਊਜ਼ੀਲੈਂਡ ਆਕਲੈਂਡ ਵਿਖੇ ਰਹਿ ਰਹੇ ਹਨ ਅਤੇ ਕਾਰਜਕਾਰੀ ਪ੍ਰਧਾਨ ਪ੍ਰੋ. ਡਾ. ਗੁਰਜੀਤ ਸਿੰਘ ਖ਼ਾਲਸਾ ਜੀ ਦੋਨਾਂ ਹੀ ਸਖਸ਼ੀਅਤਾਂ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਗਲੇਰੀ ਮੀਟਿੰਗ ਲਈ ਦੱਸਿਆ ਅਤੇ ਸਮੁੱਚੀ ਅਕਾਦਮੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਭਾਰਤ ਅਤੇ ਪੰਜਾਬ ਦੀ ਸੁਤੀ ਸਰਕਾਰ ਨੂੰ ਜਗਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲ੍ਹਾ ਲੁਧਿਆਣਾ ਵੱਲੋਂ MLA ਜਗਰਾਉ ਨੂੰ ਮੰਗ ਪੱਤਰ

ਬੰਦੀ ਸਿੰਘਾਂ ਦੀ ਰਿਹਾਈ ਤੁਰੰਤ ਕੀਤੀ ਜਾਵੇ -ਪ੍ਰਧਾਨ ਕਮਾਲਪੁਰਾ

ਜਗਰਾਓਂ, 05 ਮਾਰਚ (ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ)ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਬਲਾਕ ਸਿੱਧਵਾ ਬੇਟ ਦੇ ਪ੍ਰਧਾਨ ਹਰਜੀਤ ਸਿੰਘ ਕਾਲਾ ਬਲਾਕ ਜਗਰਾਉ ਦੇ ਆਗੂ ਚੰਦ ਸਿੰਘ ਢੋਲਣ ਦੀ ਅਗਵਾਈ ਚ ਮੰਗ ਪੱਤਰ  ਐਮ ਐਲ ਏ ਜਗਰਾਉ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿਘਾਂ ਪੱਤਰਕਾਰਾਂ ਬੁੱਧੀਜੀਵੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਵਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਸ ਮਸਲੇ ਨੂੰ ਵਿਧਾਨ ਸਭਾ ਚ ੳਠਾਇਆ ਜਾਵੇਗਾ । ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਅੱਜ ਭਾਰਤ ਉਪਰ ਰਾਜ ਕਰਨ ਵਾਲੀਆਂ ਰਾਜਸੀ ਤਾਕਤ ਮਨੁੱਖਾਂ ਦੇ ਹੱਕ-ਹਕੂਕ ਨੂੰ ਕੁਚਲ ਰਹੀਆ ਹਨ। ਬਹੁਤ ਹੀ ਨਿੰਦਣਯੋਗ ਅਤੇ ਅਤਿ ਦੁਖਦਾਇਕ ਗੱਲ ਇਹ ਹੈ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋ ਲੰਮਾ ਸਮਾਂ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਅੱਜ ਵੀ ਸਲਾਖਾਂ ਦੇ ਪਿੱਛੇ ਢਕਿਆ ਹੋਇਆ ਹੈ । ਜਿਨ੍ਹਾਂ ਦੀ ਰਿਹਾਈ ਲਈ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਇਸ ਮੌਕੇ ਬਲਦੇਵ ਸਿੰਘ ਢੋਲਣ ਰਣਜੀਤ ਢੋਲਣ ਤਰਸੇਮ ਸਿੰਘ ਰਸੂਲਪੁਰ ਸੁਖਵਿੰਦਰ ਸਿੰਘ ਰਸੂਲਪੁਰ ਜੰਡੀ ਜਗਦੀਪ ਸਿੰਘ ਨਵਦੀਪ ਸਿੰਘ ਨਵਗੀਤ ਸਿੰਘ ਕਾਉਕੇ ਪਿਆਰਾ ਸਿੰਘ ਡਾਗੀਆ ਗੁਰਪ੍ਰੀਤ ਸਿੰਘ ਕਮਾਲਪੁਰਾ ਪ੍ਰੀਤਮ ਸਿੰਘ ਮਲਕ ਲਖਵੀਰ ਸਿੰਘ ਸਮਰਾ ਪਿੱਕਾ ਗ਼ਾਲਿਬ ਆਦਿ ਹਾਜ਼ਰ ਸਨ

6 ਤੋਂ 8 ਮਾਰਚ ਤੱਕ ਹੋਲੇ-ਮਹੱਲੇ ਤੇ ਵਿਸ਼ੇਸ਼

ਚੜ੍ਹਦੀ ਕਲਾ ਦਾ ਪ੍ਰਤੀਕ-ਹੋਲਾ ਮਹੱਲਾ
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿੱਦਿਆ ਵਿੱਚ ਨਿਪੁੰਨ ਕਰਨ ਲਈ ਚੇਤ ਵਦੀ ਇੱਕ ਨੂੰ ਮਸਨੂਈ ਜੰਗ ਦੀ ਰੀਤ ਚਲਾਈ। ਪੈਦਲ, ਘੋੜ-ਸਵਾਰ ਤੇ ਸ਼ਸ਼ਤਰਧਾਰੀ ਸਿੰਘਾਂ ਦੇ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੀ ਅਗਵਾਈ ਹੇਠ ਇੱਕ ਖ਼ਾਸ ਥਾਂ ’ਤੇ ਕਬਜ਼ਾ ਕਰਨ ਲਈ ਹਮਲਾ ਕਰਨਾ। ਕਲਗ਼ੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਆਪ ਇਸ ਮਸਨੂਈ ਜੰਗ (ਮੱਹਲਾ) ਦਾ ਕਰਤੱਵ ਦੇਖਦੇ ਅਤੇ ਦੋਵੇਂ ਦਲਾਂ ਨੂੰ ਸ਼ੁੱਭ ਸਿੱਖਿਆ ਦਿੰਦੇ ਜੋ ਦਲ ਕਾਮਯਾਬ ਹੋ ਜਾਂਦਾ, ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖ਼ਸ਼ਦੇ ਸਨ।
ਗੁਰਮਤਿ ਮਾਰਤੰਡ ਅਨੁਸਾਰ ਯੁੱਧ ਵਿੱਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਕਲਗ਼ੀਧਰ ਪਾਤਸ਼ਾਹ ਦੀ ਚਲਾਈ ਹੋਈ ਰੀਤੀ ਅਨੁਸਾਰ ਚੇਤ ਵਦੀ ਇੱਕ ਨੂੰ ਸਿੱਖਾਂ ਵਿੱਚ ਹੋਲਾ ਮਹੱਲਾ ਹੁੰਦਾ ਹੈ। ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ। ਮਹੱਲਾ ਇੱਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਪੈਦਲ ਅਰ ਅਸ਼ਵਾਰ ਸ਼ਸਤਰਧਾਰੀ ਸਿੰਘ ਦੋ ਪਾਰਟੀਆਂ ਬਣਾ ਕੇ ਇੱਕ ਖ਼ਾਸ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ ਅਰ ਅਨੇਕ ਪ੍ਰਕਾਰ ਦੇ ਕਰਤੱਵ ਦਿਖਾਉਂਦੇ ਹਨ ਪਰ ਅਸੀਂ ਸਾਲ ਪਿੱਛੋਂ ਕੇਵਲ ਇਹ ਰਸਮ ਨਾਮ-ਮਾਤਰ ਕਰ ਛੱਡਦੇ ਹਾਂ। ਲਾਭ ਕੁਝ ਨਹੀਂ ਉਠਾਉਂਦੇ।
ਡਾ: ਭਾਈ ਵੀਰ ਸਿੰਘ ਅਨੁਸਾਰ ਮਹੱਲਾ ਸ਼ਬਦ ਤੋਂ ਭਾਵ ਹੈ ਮਯ+ਹੱਲਾ ਭਾਵ ਬਣਾਉਟੀ ਹੱਲਾ। ਹੋਲਾ-ਮਹੱਲਾ ਦੀ ਪਰੰਪਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਕਰਮੀ ਸੰਮਤ 1757, ਸੰਨ 1700 ਈ: ਚੇਤ ਵਦੀ 1 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੋਹਗੜ੍ਹ ਦੇ ਸਥਾਨ ਤੇ ਚਲਾਈ। ਹੋਲਾ-ਮਹੱਲਾ ਸੰਬੰਧੀ ਇੱਕ ਵਿਸ਼ੇਸ਼ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸਿੱਖ ਧਰਮ ਨਾਲ ਸੰਬੰਧਿਤ ਇਤਿਹਾਸਕ ਦਿਹਾੜੇ ਵੱਖ-ਵੱਖ ਧਰਮ ਅਸਥਾਨਾਂ ਵਿਖੇ ਮਨਾਏ ਜਾਂਦੇ ਹਨ ਪਰ ਹੋਲਾ-ਮਹੱਲਾ ਵਿਸ਼ੇਸ਼ ਤੌਰ ’ਤੇ ਸ਼੍ਰੀ ਅਨੰਦਪੁਰ ਸਾਹਿਬ ਨਾਲ ਹੀ ਸੰਬੰਧਿਤ ਹੈ। ਉਂਝ ਇਹ ਤਿਉਹਾਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਡੇਰਾ ਸੰਤ ਨਿਸ਼ਚਲ ਸਿੰਘ ਥੜ੍ਹਾ ਸਾਹਿਬ ਜੋੜੀਆਂ ਯਮੁਨਾ ਨਗਰ ਹਰਿਆਣਾ, ਗੁਰਦੁਆਰਾ ਪਾਤਸ਼ਾਹੀ ਦਸਵੀਂ ਪਾਉੂਂਟਾ ਸਾਹਿਬ (ਹਿਮਾਚਲ ਪ੍ਰਦੇਸ਼), ਤਖ਼ਤ ਸੱਚ-ਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ, ਗੁਰਦੁਆਰਾ ਗੋਦਾਵਰੀ ਸਰ ਢਿਲਵਾਂ ਕਲਾਂ ਨੇੜੇ ਕੋਟਕਪੂਰਾ (ਫ਼ਰੀਦਕੋਟ), ਪਿੰਡ ਬੇਗ਼ਮਪੁਰਾ ਠੱਟਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਵੀ ਬੜੀ ਸ਼ਰਧਾ, ਪੇ੍ਰਮ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਅਜਿਹੇ ਮਨਮੋਹਣੇ ਸਮੇਂ ਸੰਗਤਾਂ ਦੂਰ-ਦੁਰੇਡੇ ਤੋਂ ਵਹੀਰਾਂ ਘੱਤ ਕੇ ਇਹਨਾਂ ਅਸਥਾਨਾਂ ’ਤੇ ਮਸਤਕ ਨਿਵਾਉਣ ਪਹੁੰਚਦੀਆਂ ਹਨ। ਸਾਈਕਲਾਂ, ਸਕੂਟਰਾਂ, ਕਾਰਾਂ, ਟਰੈਕਟਰਾਂ, ਟਰਾਲੀਆਂ, ਟਰੱਕਾਂ, ਬੱਸਾਂ, ਰੇਲਗੱਡੀਆਂ ਰਾਹੀਂ ਬੇਅੰਤ ਸੰਗਤਾਂ ਵੱਖ-ਵੱਖ ਰਸਤਿਆਂ ਤੋਂ ਉਕਤ ਸਥਾਨਾਂ ਨੂੰ ਤੁਰੀਆਂ ਜਾਂਦੀਆਂ ਦਿੱਸਦੀਆਂ ਹਨ।
ਮਾਘੀ ਸ਼੍ਰੀ ਮੁਕਤਸਰ ਸਾਹਿਬ ਮੇਲੇ ਵਾਂਗ ਹੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਆਰੰਭ ਹੋਣ ਤੋਂ ਮਹੀਨਾ ਭਰ ਪਹਿਲਾਂ ਹੀ ਗੁਰੂ ਦੀਆਂ ਲਾਡਲੀਆਂ ਫ਼ੌਜਾਂ, ਨਿਹੰਗ ਸਿੰਘਾਂ ਦੇ ਦਲ ਘੋੜਿਆਂ ’ਤੇ ਸਵਾਰ ਹੋ ਕੇ ਨਗਾਰੇ ਵਜਾਉਂਦੇ, ਸ਼ਸਤਰਾਂ -ਬਸਤਰਾਂ ਵਿੱਚ ਸਜੇ ਹੋਏ ਅਨੰਦਪੁਰ ਸਾਹਿਬ ਵਿਖੇ ਪਹੁੰਚਦੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਣਾ ਤੋਂ 19 ਸਾਲ ਪਹਿਲਾਂ ਹੀ 1680 ਈ: ਤੋਂ ਸਿੱਖਾਂ ਨੂੰ ਹੋਲੇ-ਮਹੱਲੇ ਦੇ ਪੁਰਬ ਤੇ ਸ਼ਸਤਰ ਅਭਿਆਸ ਕਰਵਾਉਣੇ ਆਰੰਭ ਕਰ ਦਿੱਤੇ ਸਨ।
ਅਸ ਕਿ੍ਰਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥
ਸੈਫ ਸਰੋਹੀ ਸੈਰਥੀ ਯਹੈ ਹਮਾਰੈ ਪੀਰ॥
(ਦਸਮ ਗ੍ਰੰਥ ਸਾਹਿਬ ਜੀ, ਅੰਗ 717)

ਹੋਲਾ-ਮਹੱਲੇ ਦਾ ਸ਼ਸਤਰ ਵਿੱਦਿਆ ਤੇ ਖ਼ਾਲਸੇ ਦੀ ਚੜ੍ਹਦੀ ਕਲਾ ਨਾਲ ਕਿੰਨਾ ਗੂੜ੍ਹਾ ਸੰਬੰਧ ਹੈ। ਇਹ ਗੱਲ ਕਵੀ ਨਿਹਾਲ ਸਿੰਘ ਨੇ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਪੰਨਾ 283 ’ਤੇ ਇੰਝ ਸਪਸ਼ਟ ਕੀਤੀ ਹੈ।
ਕੜਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ।
ਛਕਾ ਪ੍ਰਸ਼ਾਦ ਸਜਾ ਦਸਤਾਰਾ ਅਰੁ ਕਰ ਦੋਨਾ ਟੋਲਾ ਹੈ।
ਸੁਭਟ ਸੁਚਾਲਾ ਅਰੁ ਲਖ ਬਾਹਾ ਕਲਗਾ ਸਿੰਘ ਸੁਚੋਲਾ ਹੈ।
ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ਹੋਲਾ ਹੈ।  

 ਹੋਲੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਨਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿੱਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜ ਸਕਦੀ ਪਰ ਹੋਲਿਕਾ ਸੜ ਗਈ, ਪ੍ਰਹਿਲਾਦ ਬਚ ਗਿਆ। ਉਸ ਦਿਨ ਤੋਂ ਹੀ ਹੋਲੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਹਰ ਸਾਲ ਮਨਾਇਆ ਜਾਣ ਲੱਗ ਪਿਆ ਪਰ ਅੱਜ ਹੋਲੀ ਦਾ ਤਿਉਹਾਰ ਗੰਦ-ਮੰਦ ਵਰਸਾਉਣ, ਗਾਲੀ-ਗਲੋਚ, ਲੜਾਈ-ਝਗੜੇ, ਸ਼ਰਾਬ ਪੀਣ, ਜੂਆ ਖੇਡਣ ਅਤੇ ਸ਼ੂਦਰਾਂ ਦੀ ਬੇਇੱਜ਼ਤੀ ਕਰਨਾ ਆਦਿ ਬਣ ਗਿਆ ਹੈ। ਗੁਰਬਾਣੀ ਵਿੱਚ ਹੋਲੀ ਬਾਰੇ ਇਸ ਤਰ੍ਹਾਂ ਦਰਜ ਹੈ।
ਆਜੁ ਹਮਾਰੈ ਬਨੇ ਫਾਗ॥
ਪ੍ਰਭੁ ਸੰਗੀ ਮਿਲਿ ਖੇਲਨ ਲਾਗ॥
ਹੋਲੀ ਕੀਨੀ ਸੰਤ ਸੇਵ॥
ਰੰਗੁ ਲਾਗਾ ਅਤਿ ਲਾਲ ਦੇਵ॥
(ਬਸੰਤ ਮਹੱਲਾ 5 ਘਰੁ 1, ਅੰਗ 1180)

ਭਾਈ ਨੰਦ ਲਾਲ ਗ੍ਰੰਥਾਵਲੀ ਸੰਪਾਦਕ ਡਾ: ਗੰਡਾ ਸਿੰਘ ਵਿੱਚ ਪੰਨਾ 58-59 ਤੇ ਹੋਲੀ ਬਾਰੇ ਇਸ ਤਰ੍ਹਾਂ ਅੰਕਿਤ ਹੈ।
ਗੁਲਿ ਹੋਲੀ ਬਬਾਗਿ ਦਹਿਰ ਬੂ ਕਰਦ
ਲਬਿ ਚੂੰ ਗੁੰਚਾ ਰਾ ਫਰਖੰਦਾ ਖ਼ੂ ਕਰਦ।
ਗੁਲਾਬੋ ਅੰਬਰੋ ਮਸ਼ਕੋ ਅਬੇਰੀ
ਚੂ ਬਾਰਾਨਿ ਬਾਰਿਸ਼ ਅਜ਼ ਸੂ ਬਸੂ ਕਰਦ।
ਜਹੇ ਪਿਚਕਾਰੀਏ ਪੁਰ ਜ਼ਅਰਫਾਨੀ
ਕਿ ਹਰ ਬੇਰੰਗ ਰਾ ਖ਼ੁਸ਼ਰੰਗੋ ਬੂ ਕਰਦ।
ਗੁਲਾਲਿ ਅਫ਼ਸਾਨੀਇ ਦਸਤਿ ਮੁਬਾਰਿਕ
ਜ਼ਮੀਨੋ ਆਸਮਾਂ ਰਾ ਸੁਰਖਰੂ ਕਰਦ।
ਦੋ ਆਲਮ ਗਸ਼ਤ ਰੰਗੀ ਅਜ਼ ਤੁਫੈਲਸ਼
ਚੂ ਸ਼ਾਹਮ ਜਾਮਾ ਰੰਗੀਨ ਦਰ ਗੁਲੂ ਕਰਦ।

ਭਾਵ:- ਹੋਲੀ ਦੇ ਫੁੱਲਾਂ ਨੇ ਜ਼ਮਾਨੇ ਦੇ ਬਾਗ਼ ਨੂੰ ਮਹਿਕ ਨਾਲ ਭਰ ਦਿੱਤਾ, ਬੰਦ ਕਲੀ ਵਰਗੇ ਹੋਠਾਂ ਨੂੰ ਸੁਭਾਗੀ ਤਬੀਅਤ ਵਾਲਾ ਬਣਾ ਦਿੱਤਾ। ਉਸ ਨੇ ਮੀਂਹ ਦੇ ਪਾਣੀ ਵਾਂਗ ਗੁਲਾਬ, ਅੰਬਰ, ਮੁਸ਼ਕ ਤੇ ਅਬੀਰ ਨੂੰ ਸਾਰੇ ਪਾਸੇ ਖਿਲਾਰ ਦਿੱਤਾ। ਕੇਸਰ ਭਰੀ ਪਿਚਕਾਰੀ ਦਾ ਕੀ ਕਹਿਣਾ? ਕਿ ਉਸ ਨੇ ਹਰ ਬੰਦ-ਰੰਗ ਨੂੰ ਵੀ ਰੰਗੀਨ ਤੇ ਸੁਗੰਧਿਤ ਕਰ ਦਿੱਤਾ। ਉਸ ਦੇ ਮੁਬਾਰਕ ਹੱਥਾਂ ਦੇ ਗੁਲਾਲ ਛਿੜਕੜ ਨੇ ਧਰਤ ਅਸਮਾਨ ਨੂੰ ਲਾਲੋ-ਲਾਲ ਕਰ ਦਿੱਤਾ। ਉਸ ਦੀ ਕਿਰਪਾ ਦੁਆਰਾ ਦੋਵੇਂ ਦੁਨੀਆਂ ਰੰਗੀਨ ਹੋ ਗਈਆਂ। ਉਸ ਨੇ ਸ਼ਾਹਾਂ ਵਾਂਗ ਮੇਰੇ ਗਲ ਵਿੱਚ ਰੰਗੀਨ ਕੱਪੜੇ ਪਵਾ ਦਿੱਤੇ।
ਹੋਲੀ ਹੀ ਇੱਕ ਅਜਿਹਾ ਤਿਉਹਾਰ ਹੈ, ਜਿਸ ਦਿਨ ਲੋਕ ਆਪਣੇ ਪੁਰਾਣੇ ਜਾਂ ਹੰਢੇ ਹੋਏ ਕੱਪੜੇ ਕੱਢ ਕੇ ਪਾਉਂਦੇ ਹਨ। ਉਹਨਾਂ ਦੇ ਚਿਹਰਿਆਂ ਤੇ ਰੌਣਕ ਅਤੇ ਖ਼ੁਸ਼ੀ ਦੁਗਣੀ-ਚੌਗੁਣੀ ਝਲਕਦੀ ਹੁੰਦੀ ਹੈ, ਜਿੱਥੇ ਇਹ ਰੰਗ ਆਪਣੀ ਮਹਿਕ ਨਾਲ ਲੋਕਾਂ ਦੇ ਚਿਹਰੇ ਖਿੜਾਉਂਦੇ ਹਨ, ਉੱਥੇ ਇਹਨਾਂ ਰੰਗਾਂ ਵਿੱਚ ਰੰਗੇ ਲੋਕ ਧਰਮਾਂ, ਜਾਤਾਂ, ਗੋਤਾਂ, ਮਜ਼੍ਹਬਾਂ ਤੇ ਅਮੀਰੀ-ਗ਼ਰੀਬੀ ਦੇ ਭੇਦ-ਭੁਲਾ ਕੇ ਇੱਕ ਦੂਜੇ ਨੂੰ ਗਲ ਨਾਲ ਲਾਉਂਦੇ ਹਨ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਦੇ ਤਿਉਹਾਰ ਨੂੰ ਹੋਲੇ-ਮਹੱਲੇ ਦੇ ਰੂਪ ਵਿੱਚ ਮਨਾਉਣ ਦੇ ਆਦੇਸ਼ ਦਿੱਤੇ। ਗੁਰੂ ਜੀ ਨੇ ਜਦੋਂ ਹੋਲੇ-ਮਹੱਲੇ ਨੂੰ ਵੀਰਤਾਂ ਦੇ ਤਿਉਹਾਰ ਦਾ ਰੂਪ ਦੇ ਕੇ ਪ੍ਰਚਲਿਤ ਕੀਤਾ ਤਾਂ ਸਾਰੇ ਹੀ ਸਿੰਘ ਇਸ ਉਤਸਵ ਵਿੱਚ ਬੜੇ ਜੋਸ਼ ਤੇ ਸੱਜ-ਧੱਜ ਨਾਲ ਸ਼ਾਮਿਲ ਹੋਏ।
ਗੁਰੂ ਸਾਹਿਬ ਸਿੱਖਾਂ ਨੂੰ ਵੱਖ-ਵੱਖ ਰੰਗਾਂ ਦੇ ਪੁਸ਼ਾਕੇ ਪਾ ਕੇ ਦੋ ਹਿੱਸਿਆਂ ਵਿੱਚ ਵੰਡ ਦਿੰਦੇ। ਇੱਕ ਹਿੱਸਾ ਦੂਰ ਜੰਗਲ ਵਿੱਚ ਆਪਣਾ ਡੇਰਾ ਲਾਉਂਦਾ, ਦੂਜਾ ਉਹਨਾਂ ਉੱਤੇ ਹੱਲਾ ਬੋਲਦਾ, ਨਗਾਰਾ ਵੱਜਦਾ, ਸਿੰਘ ਘੋੜਿਆ ਉੱਤੇ ਸਵਾਰ ਹੋ ਕੇ ਸ਼ਸਤਰ ਲੈ ਕੇ ਮਾਰੋ-ਮਾਰ ਕਰਦੇ, ਦੂਜਿਆਂ ਉੱਤੇ ਹੱਲਾ ਬੋਲਦੇ। ਉਹ ਵੀ ਅੱਗੋਂ ਜੋਸ਼ ਬਹਾਦਰੀ ਨਾਲ ਇਹਨਾਂ ਦਾ ਮੁਕਾਬਲਾ ਕਰਦੇ। ਇਸ ਤਰ੍ਹਾਂ ਦੋ ਦਿਨ ਨਕਲੀ ਲੜਾਈਆਂ ਦਾ ਸਿਲਸਿਲਾ ਜਾਰੀ ਰਹਿੰਦਾ, ਤੀਜੇ ਦਿਨ ਮਹੱਲਾ ਕੱਢਿਆ ਜਾਂਦਾ। ਜਿਸ ਵਿੱਚ ਸਿੰਘ ਘੋੜ-ਸਵਾਰੀ ਤੇ ਸ਼ਸਤਰਾਂ ਦੇ ਕਰਤੱਵ ਦਿਖਾਉਂਦੇ। ਸਭ ਤੋਂ ਪਹਿਲਾਂ ਗੁਰੂ ਸਾਹਿਬ ਘੋੜਾ ਦੁੜਾਉਂਦੇ, ਤੀਰ ਨਾਲ ਦੇਗ ਨੂੰ ਭੋਗ ਲਾਉਣ ਕਾਰਨ ਇਹ ਕੜਾਹ-ਪ੍ਰਸ਼ਾਦ ਬਣ ਜਾਂਦਾ, ਸਮਾਪਤੀ ਸਮੇਂ ਸਿੰਘ ਰੱਜ-ਰੱਜ ਕੇ ਦੇਗ ਛਕਦੇ ਅਤੇ ਨਿਹਾਲ ਹੋ ਜਾਂਦੇ ਸਨ।
ਵਰਤਮਾਨ ਸਮੇਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਹ ਪ੍ਰੰਪਰਾ ਨਹੀਂ ਹੈ। ਪਹਿਲੇ ਦੋ ਦਿਨ ਤਾਂ ਵਿਸ਼ੇਸ਼ ਦੀਵਾਨ ਸਜਦੇ ਹਨ, ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਸਿਆਸੀ ਕਾਨਫਰੰਸਾਂ ਹੁੰਦੀਆਂ ਹਨ। ਆਖਰੀ (ਮਹੱਲੇ ਵਾਲੇ) ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਘਾਟੀ ਤੋਂ ਘਾਟੀ ਤੋਂ ਚਮਕਦੇ ਪਿੰਡੇ ਵਾਲੇ ਖੂਬਸੂਰਤ ਘੋੜਿਆਂ ਉੱਤੇ ਨਿਹੰਗ ਸਿੰਘ ਖਾਲਸਾਈ ਜਾਹੋ-ਜਲਾਲ ਨਾਲ ਵਾਹੋ-ਦਾਹੀ ਭੱਜੇ ਜਾਂਦੇ ਕਰਤੱਵ ਵਿਖਾਉਂਦੇ ਹਨ। ਸੰਗਤਾਂ ਹੋਲੇ-ਮਹੱਲੇ ਦਾ ਅਲੌਕਿਕ ਨਜ਼ਾਰਾ ਦੇਖ ਕੇ ਅਤਿ ਪ੍ਰਸੰਨ ਹੁੰਦੀਆ ਹਨ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ,
ਲੁਧਿਆਣਾ।  

ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਵਿਵਾਦ ਨੂੰ ਲੈ ਕੇ 6 ਮੈਂਬਰੀ ਕਮੇਟੀ ਦਾ ਗਠਨ- ਹਰਜਿੰਦਰ ਸਿੰਘ ਧਾਮੀ

ਅੰਮ੍ਰਿਤਸਰ, 03 ਮਾਰਚ  (ਜਨ ਸ਼ਕਤੀ ਨਿਊਜ਼ ਬਿਊਰੋ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਇੱਥੇ ਹੋਏ ਵਿਸ਼ੇਸ਼ ਜਨਰਲ ਇਜਲਾਸ ਵਿਚ ਮਤਾ ਪਾਸ ਕਰਕੇ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਵਲੋਂ ਹਰਿਆਣੇ ਦੇ ਗੁਰਦੁਆਰਾ ਸਾਹਿਬਾਨ ’ਤੇ ਕੀਤੇ ਕਬਜ਼ੇ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ 6 ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਜਨਰਲ ਇਜਲਾਸ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਕਮੇਟੀ ਵਲੋਂ ਸਮੂਹ ਮੈਂਬਰ ਪਾਰਲੀਮੈਂਟ ਨੂੰ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਨਾਲ ਹੋਏ ਧੱਕੇ ਪ੍ਰਤੀ ਜਾਣੂ ਕਰਵਾਇਆ ਜਾਏਗਾ । 6 ਮੈਂਬਰੀ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਈਮ ਪੁਰ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਸੀਨੀਅਰ ਅਕਾਲੀ ਆਗੂ ਸ. ਬਲਵਿੰਦਰ ਸਿੰਘ ਭੂੰਦੜ, ਡਾਕਟਰ ਦਲਜੀਤ ਸਿੰਘ ਚੀਮਾ ਅਤੇ ਪ੍ਰੋ . ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼ਾਮਿਲ ਕੀਤਾ ਗਿਆ ਹੈ।

 

ਗੁਰਮਤਿ ਸਮਾਗਮ ਅਤੇ ਸੰਤ ਸਮਾਗਮ 5 ਮਾਰਚ ਨੂੰ

ਲੁਧਿਆਣਾ, 03 ਮਾਰਚ  (ਕਰਨੈਲ ਸਿੰਘ ਐਮ ਏ) ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।।  ਭਾਈ ਕਨੱਈਆ ਜੀ ਦੀ ਯਾਦ ਨੂੰ ਸਮਰਪਿਤ ਮਹੰਤ ਭਾਈ ਕਾਹਨ ਸਿੰਘ ਜੀ  ਸੇਵਾਪੰਥੀ  ਦੀ ‌‌‌ਪ੍ਰੇਰਨਾ  ਦਾ ਸਦਕਾ  ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ  ਮਹਾਨ ਗੁਰਮਤਿ ਸਮਾਗਮ ਅਤੇ ਸੰਤ ਸਮਾਗਮ 5 ਮਾਰਚ ਦਿਨ ਵੀਰਵਾਰ ਨੂੰ ਸ਼ਾਮ 6  ਵਜੈ  ਤੋਂ ਰਾਤ 12.30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਲਾਜਪਤ ਨਗਰ ,  ਸਕੀਮ ਨੰਬਰ 2, ਅਲਵਰ (ਰਾਜਸਥਾਨ)  ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਭਾਈ ਅਮਨਦੀਪ ਸਿੰਘ ਜੀ ਹਜ਼ਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਅਮਰਜੀਤ ਸਿੰਘ ਪਟਿਆਲਾ, ਭਾਈ ਗੁਰਮੀਤ ਸਿੰਘ ਕਲਾਨੌਰ, ਭਾਈ ਹਰਪ੍ਰੀਤ ਸਿੰਘ ਅਲਵਰ  ,ਮਹੰਤ ਭਾਈ ਕਾਹਨ ਸਿੰਘ ਜੀ ਸੇਵਾਪੰਥੀ ,ਸੰਤ ਰਣਜੀਤ ਸਿੰਘ ਜੀ ਸੇਵਾਪੰਥੀ , ਸੰਤ ਜਗਜੀਤ ਸਿੰਘ '‌ਜੀ   ਸੇਵਾਪੰਥੀ'  ਗੁਰਮਤਿ  ਵਿਚਾਰਾਂ ਅਤੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਗੁਰਮਤਿ ਸਮਾਗਮ ਅਤੇ ਸੰਤ ਸਮਾਗਮ ਦਾ ਸਿੱਧਾ ਪ੍ਰਸਾਰਣ ‌‌ਚੈਨਲ ਸਿੱਖ. 47  ਤੇ ਹੋਵੇਗਾ। 

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ 8 ਮਾਰਚ ਦਾ ਕੌਮਾਂਤਰੀ ਔਰਤ ਦਿਵਸ ਬਰਨਾਲਾ ਵਿਖੇ ਮਨਾਉਣ ਦਾ ਫੈਸਲਾ 

ਬਰਨਾਲਾ/ਮਹਿਲ ਕਲਾਂ 03 ਮਾਰਚ (ਗੁਰਸੇਵਕ ਸਿੰਘ ਸੋਹੀ) ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਦੀ ਵਧਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਪ੍ਰਧਾਨਗੀ ਹੇਠ ਵੱਡਾ ਗੁਰੂ ਘਰ ਸੰਘੇੜਾ ਵਿਖੇ ਕੀਤੀ ਗਈ। ਵਧਦੀ ਮੀਟਿੰਗ ਵਿੱਚ ਔਰਤ ਕਿਸਾਨਾ ਨੂੰ ਸੰਬੋਧਨ ਕਰਦਿਆਂ ਕਮਲਜੀਤ ਕੌਰ ਬਰਨਾਲਾ ਨੇ ਕਿਹਾ ਕਿ 8 ਮਾਰਚ ਦਾ ਕੌਮਾਂਤਰੀ ਔਰਤ ਦਿਵਸ ਸੂਬਾ ਪੱਧਰ 'ਤੇ ਮਨਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ,1910 ਵਿੱਚ ਕੋਪਨਹੇਗਨ ਵਿੱਚ ਔਰਤਾਂ ਦੀ ਵੱਡੀ ਕਾਨਫਰੰਸ ਕਲਾਰਾਂ ਜੈਕਟਿਨ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ 117 ਦੇਸਾ ਦੀਆਂ ਔਰਤਾਂ ਨੇ ਹਿੱਸਾ ਲਿਆ ਸੀ। ਇਸ ਕਾਨਫਰੰਸ ਵਿੱਚ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ।ਸੰਨ 1917 ਵਿੱਚ ਪਹਿਲੀ ਸੰਸਾਰ ਜੰਗ ਲੱਗਣ ਸਮੇਂ ਸਭ ਤੋ ਪਹਿਲਾਂ ਹਜ਼ਾਰ ਦੀ ਗਿਣਤੀ ਵਿੱਚ ਔਰਤਾਂ ਹੀ ਸੜਕਾਂ ਤੇ ਉਤਰੀਆਂ ਜਿਨ੍ਹਾਂ ਨੇ ਮੰਗ ਕੀਤੀ ਕਿ ਸਾਨੂੰ  ਰੋਜ਼ੀ ਰੋਟੀ ਸ਼ਾਂਤੀ ਦੀ ਲੋੜ੍ਹ ਹੈ। ਇਹ ਨਾਹਰਾ ਰੁਕਿਆ ਨਹੀਂ ਲੋਕਾਂ ਨੂੰ ਇਨਕਲਾਬ ਦੇ ਰਾਹ ਵੱਲ ਲੈ ਤੁਰਿਆ। ਇਸ ਔਰਤ ਕੌਮਾਂਤਰੀ ਦਿਵਸ ਦੀ ਵਿਉਂਤਬੰਦੀ ਪੂਰੇ ਜ਼ਿਲ੍ਹੇ ਦੀ ਉਲੀਕੀ ਗਈ।ਉਸ ਦਿਨ ਆਉਣ ਵਾਲੀਆਂ ਹਜ਼ਾਰਾਂ ਔਰਤਾਂ ਨੂੰ ਕਿਸਾਨੀ ਸੰਘਰਸ਼ਾਂ ਵਿੱਚ ਔਰਤਾਂ ਦੇ ਫੈਸਲਾਕੁੰਨ ਰੋਲ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ ਗਿਆ। ਜਥੇਬੰਦੀ ਵੱਲੋਂ ਪ੍ਰਸਤਾਵਿਤ ਨਵੀਂ ਖੇਤੀ ਨੀਤੀ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ 20 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੇਂਦਰ ਸਰਕਾਰ ਵਿਰੁੱਧ ਦਿੱਲੀ ਵਿਚ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿਚ ਔਰਤਾਂ ਦੀ ਸ਼ਮੂਲੀਅਤ ਦੀ ਵਿਉਂਤਬੰਦੀ ਵੀ ਉਲੀਕੀ ਗਈ।

ਇਸ ਮੌਕੇ ਸੂਬਾ ਸਕੱਤਰ ਸੰਗਾਰਾ ਸਿੰਘ ਮਾਨ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ ,ਮੀਤ ਪ੍ਰਧਾਨ ਬੁੱਕਣ ਸਿੰਘ ਸੈਦੋਵਾਲ ,ਖਜ਼ਾਨਚੀ ਭਗਤ ਸਿੰਘ ਛੰਨਾ, ਜੱਜ ਸਿੰਘ ਗਹਿਲ ,ਨਾਹਰ ਸਿੰਘ ਗੁਮਟੀ, ਸੁਖਦੇਵ ਸਿੰਘ ਭੋਤਨਾ, ਗੁਰਚਰਨ ਸਿੰਘ ਭਦੌੜ, ਮਲਕੀਤ ਸਿੰਘ ਹੇੜੀਕੇ, ਬਲਵਿੰਦਰ ਸਿੰਘ ਕਾਲਾਬੂਲਾ, ਬਲੌਰ ਸਿੰਘ ਛੰਨਾ ,ਬਲਦੇਵ ਸਿੰਘ ਬਡਬਰ, ਬਿੰਦਰ ਪਾਲ ਕੌਰ ਭਦੌੜ ,ਸੁਖਦੇਵ ਕੌਰ, ਸਰਬਜੀਤ ਕੌਰ ਠੁੱਲੀਵਾਲ, ਲਖਵੀਰ ਕੌਰ ਧਨੌਲਾ, ਅਮਰਜੀਤ ਕੌਰ ਬਡਬਰ, ਰਣਜੀਤ ਕੌਰ ਪੱਤੀ ਸੇਖਵਾਂ, ਕੁਲਵੰਤ ਕੌਰ ਭੋਤਨਾ, ਚਰਨਜੀਤ ਕੌਰ ਵਜੀਦਕੇ ਤੇ ਸਰਬਜੀਤ ਕੌਰ ਸੰਘੇੜਾ ਆਦਿ ਆਗੂ ਹਾਜਰ ਸਨ।

ਬਲਾਕ ਸੰਮਤੀ ਮਹਿਲ ਕਲਾਂ ਵੱਲੋਂ ਸਰਬ ਸੰਮਤੀ ਨਾਲ 2023 ਤੇ 2024 ਦਾ ਸਲਾਨਾ 16 ਕਰੋੜ ਦੇ ਕਰੀਬ ਰਾਸੀ ਦਾ 25 ਫੀਸਦੀ ਵਾਧੇ ਨਾਲ ਬਜਟ ਪਾਸ ਕੀਤਾ ਗਿਆ  

ਤਹਿਸੀਲ ਅਤੇ ਐਸ ਡੀ ਐਮ ਦਫਤਰਾ ਦੀਆਂ ਨਵੀਆਂ ਬਿਲਡਿੰਗਾਂ ਦੇ ਨਿਰਮਾਣ ਕਰਵਾਉਣ ਅਤੇ ਸੰਮਤੀ ਮੈਂਬਰਾਂ ਨੂੰ ਮਾਣ ਭੱਤਾ ਜਾਰੀ ਕਰਨ ਲਈ ਮਤੇ ਪਾਸ ਕੀਤੇ ਗਏ                                      

ਬਰਨਾਲਾ/ਮਹਿਲ ਕਲਾਂ, 03 ਮਾਰਚ (ਗੁਰਸੇਵਕ ਸਿੰਘ ਸੋਹੀ) ਬਲਾਕ ਸੰਮਤੀ ਮਹਿਲਕਲਾਂ ਦੀ ਚੇਅਰਪਰਸਨ ਮੈਡਮ ਹਰਜਿੰਦਰ ਕੌਰ ਮਹਿਲ ਖੁਰਦ ਦੀ ਅਗਵਾਈ ਹੇਠ ਬਲਾਕ ਸੰਮਤੀ ਦੇ ਚੁਣੇ ਹੋਏ ਮੈਂਬਰਾਂ ਦੀ ਇਕ ਅਹਿਮ ਬੀਡੀਪੀਓ ਮਹਿਲ ਕਲਾਂ ਮਨਜੋਤ ਸਿੰਘ ਸੋਢੀ ਦੀ  ਦੇਖ-ਰੇਖ ਹੇਠ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਹੋਈ ।ਇਸ ਮੌਕੇ ਸਮੂਹ ਬਲਾਕ ਸੰਮਤੀ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ 2023 ਤੇ 2024 ਦਾ ਸਲਾਨਾ 16 ਕਰੋੜ ਦੇ ਕਰੀਬ ਰਾਸੀ ਦਾ 25 ਫੀਸਦੀ ਵਾਧੇ ਨਾਲ ਬਜਟ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਤਹਿਸੀਲ ਅਤੇ ਐਸ ਡੀ ਐਮ ਦਫਤਰਾ ਦੀਆਂ ਨਵੀਆਂ ਬਿਲਡਿੰਗਾਂ ਦੇ ਨਿਰਮਾਣ ਕਰਵਾਉਣ ਅਤੇ ਸੰਮਤੀ ਮੈਂਬਰਾਂ ਨੂੰ ਮਾਣ ਭੱਤਾ ਜਾਰੀ ਕਰਨ ਲਈ ਮਤੇ ਪਾਸ ਕੀਤੇ ਗਏ ।ਇਸ ਮੌਕੇ ਬਲਾਕ ਸੰਮਤੀ ਦੀ ਚੇਅਰਪਰਸਨ ਮੈਡਮ ਹਰਜਿੰਦਰ ਕੌਰ ਮਹਿਲ ਖੁਰਦ, ਡਿਪਟੀ ਚੇਅਰਮੈਂਨ ਬੱਗਾ ਸਿੰਘ ਮਹਿਲ ਕਲਾਂ, ਬੀ ਡੀ ਪੀ ਉ ਮਹਿਲ ਕਲਾਂ ਮਨਜੋਤ ਸਿੰਘ ਸੋਢੀ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸੰਮਤੀ ਦੀ ਬੁਲਾਈ ਗਈ ਮੀਟਿੰਗ ਮੀਟਿੰਗ ਵਿੱਚ ਸਾਲਾਨਾ 2023 ਅਤੇ 2024 ਦਾ ਬਜਟ ਪੇਸ਼ ਕੀਤਾ ਗਿਆ ਜਿਸ ਨੂੰ ਸਮੂਹ ਮੁੱਦਤ ਮਗਰੋਂ ਵੱਲੋਂ ਸਰਬ ਸੰਮਤੀ ਨਾਲ ਖੜੇ ਕਰਕੇ ਪ੍ਰਵਾਨਗੀ ਦਿੱਤੀ ।ਇਸ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਤਹਿਸੀਲ ਅਤੇ ਐਸ ਡੀ ਐਮ ਦਫਤਰਾ ਦੀਆਂ ਨਵੀਆਂ ਬਿਲਡਿੰਗਾਂ ਦੀ ਉਸਾਰੀ ਕਰਵਾਉਣ ਅਤੇ ਬਹੁਤੇ ਮੈਂਬਰਾਂ ਨੂੰ ਮਾਣਭੱਤਾ ਜਾਰੀ ਕਰਨ ਲਈ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।ਇਸ ਮੌਕੇਬਲਾਕ ਮਹਿਲ ਕਲਾਂ ਦੇ ਨਰੇਗਾ ਅਧਿਕਾਰੀ ਗਗਨਦੀਪ ਸਿੰਘ ਨੇ ਕਿਹਾ ਕੇ ਕੇਂਦਰ ਸਰਕਾਰ ਦੀ ਮਗਨਰੇਗਾ ਸਕੀਮ ਤਹਿਤ ਬਲਾਕ ਮਹਿਲ ਕਲਾ ਅਧੀਨ ਪੈਂਦੇ 38 ਪਿੰਡਾ ਦੇ ਛੱਪੜਾਂ ਦੀ ਸਫਾਈ ਖੇਡਾਂ ਲਈ ਗਰਾਊਂਡ ਬਣਾਉਣ ਪਿੰਡਾਂ ਦੀਆਂ ਲਿੰਕ ਸੜਕਾਂ ਨਹਿਰੀ ਖਾਲਾਂ ਦੀ ਸਫਾਈ ਤੇ 6 ਕਰੋੜ 60 ਲੱਖ ਰੁਪਏ ਦੀ ਰਾਸ਼ੀ ਖਰਚ ਕਰਕੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ ।ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪੀਏ ਦੇ ਬਿੰਦਰ ਸਿੰਘ ਖਾਲਸਾ ਸਲਾਹਕਾਰ ,ਸੁਖਵਿੰਦਰਦਾਸ ਕਰੜ  ,ਸੰਮਤੀ ਮੈਂਬਰ ਨਾਮਧਾਰੀ ਸਾਉਣ ਸਿੰਘ ਗਹਿਲ, ਸੰਮਤੀ ਮੈਂਬਰ ਚਰਨਜੀਤ ਕੌਰ ਨਿਹਾਲੂਵਾਲ, ਸੰਮਤੀ ਮੈਂਬਰ ਦਲਜੀਤ ਕੌਰ ਅਮਲਾ ਸਿੰਘ ਵਾਲਾ, ਸੰਮਤੀ ਮੈਂਬਰ ਹਰਪ੍ਰੀਤ ਸਿੰਘ ਮੂੰਮ, ਸੰਮਤੀ ਮੈਂਬਰ ਨਿਰਮਲਜੀਤ ਕੌਰ ਛੀਨੀਵਾਲ ਕਲਾਂ, ਸੰਮਤੀ ਮੈਂਬਰ ਪਰਮਿੰਦਰ ਕੌਰ ਕਰੜ ,ਸੰਮਤੀ ਮੈਂਬਰ ਜਸਵਿੰਦਰ ਸਿੰਘ ਸ਼ਰਾ, ਸੰਮਤੀ ਮੈਂਬਰ ਜਗਜੀਤ ਕੌਰ ਸਹਿਜੜਾ, ਸੰਮਤੀ ਮੈਂਬਰ ਹਰਨੇਕ ਸਿੰਘ ,ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਕਲਾਲਮਾਜਰਾ, ਸੰਮਤੀ ਮੈਂਬਰ ਦਰਸ਼ਨ ਸਿੰਘ ਚੰਨਣਵਾਲ ,ਬਲਾਕ ਸੁਪਰਡੰਟ ਗੁਰਤੇਜ ਸਿੰਘ  ,ਕੁਲਵੰਤ ਸਿੰਘ ਲੇਖਾਕਾਰ, ਅਮਰਜੀਤ ਕੌਰ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਮਹਿਲ ਖੁਰਦ ਤੇ ਮਲਕੀਤ ਸਿੰਘ ਨਿਹਾਲੂਵਾਲ ਵੀ ਹਾਜ਼ਰ ਸਨ।

ਪਿੰਡ ਬਾਹਮਣੀਆਂ ਦੇ ਲੋਕਾਂ  ਨੇ ਕੀਤੀ ਵੱਖਰੀ ਮਿਸਾਲ ਕਾਇਮ

1947 ਦੀ ਪੁਰਾਣੀ ਮਸਜ਼ਿਦ ਨੂੰ ਮੁਸਲਿਮ ਭਰਾਵਾਂ ਨਾਲ ਮਿਲ ਕੇ ਬਣਾ ਦਿੱਤੀ ਨਵੀਂ ਮਸਜਿਦ--  ਮੁਸਲਿਮ ਭਰਾਵਾਂ ਨੇ ਕੀਤਾ ਸਿੱਖ ਭਾਈਚਾਰੇ ਦਾ ਧੰਨਵਾਦ---ਮੁਫ਼ਤੀ-ਏ-ਆਜਮ ਪੰਜਾਬ ਨੇ ਕੀਤਾ ਉਦਘਟਨ

ਬਰਨਾਲਾ/ਮਹਿਲ ਕਲਾਂ 03 ਮਾਰਚ (ਗੁਰਸੇਵਕ ਸਿੰਘ ਸੋਹੀ)- ਹਿੰਦੂ ਮੁਸਲਿਮ ਸਿੱਖ ਇਸਾਈ, ਆਪਸ ਦੇ ਵਿਚ ਭਾਈ ਭਾਈ ਦੀ ਸਾਂਝੀ ਵਾਰਲਤਾ ਦਾ ਸੁਨੇਹਾ ਦਿੰਦੇ ਹੋਏ ਅੱਜ ਹਲਕਾ ਮਹਿਲ ਕਲਾਂ ਦੇ ਪਿੰਡ ਬਾਹਮਣੀਆਂ ਦੀ ਗਰਾਮ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਮੇਤ ਸਮੂਹ ਪਿੰਡ ਵਾਸੀਆਂ ਨੇ ਪਿੰਡ ਦੇ ਮੁਸਲਿਮ ਭਰਾਵਾਂ ਨੂੰ ਇੱਕ ਮਸਜਿਦ ਬਣਾ ਕੇ ਦਿੱਤੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ । ਇਸ ਛੋਟੇ ਜਿਹੇ ਪਿੰਡ ਦੇ ਲੋਕਾਂ ਦੀ ਇਸ ਦਰਿਆ ਦਿਲੀ ਦਾ ਸ਼ੁਕਰਾਨਾ ਪੰਜਾਬ ਭਰ ਤੋਂ ਆਏ ਮੁਸਲਿਮ ਭਾਈਚਾਰੇ ਨੇ ਕੀਤਾ । ਇਸ ਮੌਕੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਪਿੰਡ ਦੇ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ  ਇਸੇ ਤਰਾ ਹੀ ਪੂਰੇ ਭਾਰਤ ਦੇ ਲੋਕ ,ਧਰਮ ਅਤੇ ਜਾਤ ਪਾਤ ਦੇ ਭੇਦ ਮਿਟਾ ਕੇ ਪਿਆਰ ਸਤਿਕਾਰ ਨਾਲ ਰਹਿਣਾ ਚਾਹੁੰਦੇ ਹਨ, ਪਰ ਸਾਡੇ ਕੁੱਝ ਸਿਆਸੀ ਆਗੂ ਸਾਨੂੰ ਪਾੜਨਾ ਚਾਹੁੰਦੇ ਹਨ । ਇਸ ਮੌਕੇ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ ਮੈ ਇਸ ਪਿੰਡ ਦੇ ਲੋਕਾਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ  ਇੰਨਸਾਨੀਅਤ ਜ਼ਿੰਦਾ ਰੱਖੀ ਹੈ, ਕਿਉਂਕਿ 1947 ਤੋਂ ਪੂਰੇ 76 ਸਾਲਾਂ ਦੇ ਲੰਬੇ ਵਕਫੇ ਬਾਅਦ ਅੱਜ ਪਹਿਲੀ ਅਜਾਨ ਅਤੇ ਪਹਿਲੀ ਨਾਮਾਜ ,ਪੰਜਾਬ ਦੇ ਸਰਕਾਰੀ ਮੁਫ਼ਤੀ ਆਜਮ ਹਜਰਤ ਮੌਲਾਨਾ ਮੁਫ਼ਤੀ ਇਰਤਿਕਾ ਉਲ ਹਸਨ ਕੰਧਾਲਵੀ ਵੱਲੋਂ ਅਦਾ ਕਰਵਾਈ ਗਈ। ਉਹਨਾਂ ਕਿਹਾ ਕਿ ਮੈ ਸਾਰੇ ਮੁਸਲਿਮ ਸਮਾਜ਼ ਵੱਲੋਂ ਪਿੰਡ ਬਾਹਮਣੀਆਂ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਿੱਖ ਭਾਈਚਾਰੇ ਵਲੋਂ ਬੋਲਦਿਆਂ ਸਰਦਾਰ ਬਲਦੇਵ ਸਿੰਘ ਨੇ ਕਿਹਾ ਕਿ ਅੱਜ ਇਤਿਹਾਸ ਦੇ ਸੁਨਹਿਰੇ ਪੰਨਿਆਂ ਤੇ ਲਿਖਿਆ ਗਿਆ ਹੈ ਕਿ ਇਸ ਪਿੰਡ ਨੇ ਆਪਸੀ ਭਾਈਚਾਰਕ ਅਤੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਕੇ, ਸਿੱਖ ਮੁਸਲਿਮ ਸਾਂਝਾ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ  ਮੁਹੰਮਦ ਅਨਵਾਰ, ਕਾਰੀ ਮੁਹੰਮਦ ਕਸਿਫ਼, ਮੁਹੰਮਦ ਉੱਮਰ, ਹਾਫ਼ਿਜ਼ ਮਹੰਮਦ ਸ਼ਹਿਜਾਦ, ਕਾਰੀ ਮੁਹੰਮਦ ਉਸਮਾਨ, ਹਾਫ਼ਿਜ਼ ਅੱਬੂਬਕਰ, ਮੁਫ਼ਤੀ ਏ ਆਜ਼ਮ ਪੰਜਾਬ ਇਰਤਾਇਕ ਉਲ਼ ਹਸਨ ਸਾਹਿਬ ਕਾਧਲਵੀ ਮਾਲੇਰਕੋਟਲਾ , ਡਾ ਮਿੱਠੂ ਮੁਹੰਮਦ ਮਹਿਲ ਕਲਾਂ, ਡਾ ਦਿਲਸ਼ਾਦ ਜਮਾਲਪੁਰੀ, ਹਾਜੀ ਫਜ਼ਲ ਮੁਹੱਮਦ ਮਹਿਲ ਖੁਰਦ, ਫਕੀਰ ਮੁਹੱਮਦ ਨਿਹਾਲੂਵਾਲ, ਇਕਬਾਲ ਖ਼ਾਨ , ਜਾਵੇਦ ਖਾਂ , ਮੇਜਰ ਖਾਨ ਬਾਹਮਣੀਆਂ, ਮੁਹੰਮਦ ਮੁਰਸਲੀਨ ਬੱਸੀਆਂ, ਦਿਲਸ਼ਾਦ ਨਿਹਾਲੂਵਾਲ, ਕਾਕੂ ਖਾਨ, ਮੇਹਰਦੀਨ ਪੰਡੋਰੀ, ਸੁਹੇਲ ਖਾਨ, ਇਰਫਾਨ ਖਾਨ ਬਰਮੀ, ਮੁਹੱਮਦ ਸਾਹਿਲ ਲੱਸਾਬਦੀ, ਅਤੇ ਬੂਟਾ ਸਿੰਘ, ਪ੍ਰਧਾਨ ਸੁਖਦੇਵ ਸਿੰਘ ਸੇਬੀ, ਸਰਪੰਚ ਜਸਵਿੰਦਰ ਸਿੰਘ, ਬਲਜਿੰਦਰਜੀਤ ਸਿੰਘ,ਬਾਬਾ ਗੁਰਜੰਟ ਸਿੰਘ,ਬਾਬਾ ਗੁਰਨਾਮ ਸਿੰਘ, ਨਾਜਰ ਸਿੰਘ, ਜਗਦੇਵ ਸਿੰਘ, ਮੁਹਿੰਦਰ ਸਿੰਘ ਮਹਿਲ ਕਲਾਂ,ਮਲਕੀਤ ਸਿੰਘ ਮਹਿਲ ਖੁਰਦ, ਮੁਖਤਿਆਰ ਸਿੰਘ ਛਾਪਾ, ਬਲਦੇਵ ਸਿੰਘ ਗੰਗੋਹਰ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ  ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਸਨ।

ਸਰਕਾਰਾ ਵਾਰ ਵਾਰ ਰਸੋਈ ਗੈਸ ਸਿੰਲਡਰ ਦਾ ਰੇਟ ਵਧਾ ਕੇ  ਗਰੀਬਾ ਦੀ ਰਸੋਈ ਦਾ ਸੁਆਦ ਵਿਗਾੜ ਰਹੀਆ ਹਨ - ਬੇਗਮਪੁਰਾ ਟਾਈਗਰ ਫੋਰਸ 

ਪੰਜਾਬ ਵਿਚ ਲੱਕ ਤੋੜਵੀਂ ਮਹਿੰਗਾਈ ਨੇ ਗਰੀਬ ਲੋਕਾਂ ਦਾ ਜੀਣਾ ਕੀਤਾ ਮੁਹਾਲ -ਪੰਜਾਬ ਪ੍ਰਧਾਨ ਵੀਰਪਾਲ ਠਰੋਲੀ 

ਲੁਧਿਆਣਾ, 03 ਮਾਰਚ ( ਅਵਤਾਰ ਸਿੰਘ ਰਾਏਸਰ  )ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਮੁੱਖ ਦਫਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਬੇਗਮਪੁਰਾ ਟਾਇਗਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਬੱਧਣ , ਦੋਆਬਾ ਪ੍ਰਧਾਨ ਜੱਸਾ ਨੰਦਨ , ਸੀਨੀਅਰ ਮੀਤ ਪ੍ਰਧਾਨ ਦੋਆਬਾ ਹਰਨੇਕ ਸਿੰਘ ਬੱਧਣ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਕਿਹਾ ਕਿ ਸਰਕਾਰਾ ਵਾਰ ਵਾਰ ਰਸੋਈ ਗੈਸ ਸਿੰਲਡਰ ਦਾ ਰੇਟ ਵਧਾ ਕੇ  ਗਰੀਬਾ ਦੀ ਰਸੋਈ ਦਾ ਸੁਆਦ ਵਿਗਾੜ ਰਹੀਆ ਹਨ ਹੁਣ ਗੈਸ ਸਿੰਲਡਰ ਦਾ ਰੇਟ ਵਿੱਚ 50 ਰੁਪਏ ਵਾਧਾ ਵੀ ਕੀਤਾ ਹੈ ਤੇ ਨਾਲ ਹੀ  ਸਿੰਲਡਰ ਵਿਚਲੀ ਗੈਸ ਦਾ ਵਜ਼ਨ ਵੀ ਘਟਾ ਦਿੱਤਾ ਹੈ ਜੋ ਕਿ ਸਰਕਾਰਾ ਲਈ ਬੇਹੱਦ ਸ਼ਰਮਨਾਕ ਗੱਲ ਹੈ । ਉਹਨਾ ਕਿਹਾ ਕਿ ਪੰਜਾਬ ਵਿਚ ਲੱਕ ਤੋੜਵੀਂ ਮਹਿੰਗਾਈ ਨੇ ਤਾ ਪਹਿਲਾ ਹੀ ਆਮ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਜਿਸ ਲਈ ਜ਼ਿੰਮੇਵਾਰ ਪੰਜਾਬ ਦੀ ਸੂਬਾ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ  ਹੈ।

ਰੋਜ਼ਾਨਾ ਵਰਤੋਂ ਵਾਲਾ ਘਰੇਲੂ ਸਾਮਾਨ ਜਿਵੇਂ ਕਿ ਰਸੋਈ ਗੈਸ, ਸਬਜ਼ੀ, ਘਿਓ, ਆਟਾ, ਦਾਲ ਵਗੈਰਾ ਗ਼ਰੀਬ ਪਰਿਵਾਰਾ ਦੀ ਪਹੁੰਚ ਤੋਂ ਬਹੁਤ ਹੀ ਦੂਰ ਦਿਖਾਈ ਦੇ ਰਹੇ ਹਨ। ਜਦ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਹਰੇਕ ਦੇਸ਼ ਵਾਸੀ ਪਾਸੋਂ ਮੋਟੇ ਟੈਕਸ ਵਸੂਲੇ ਜਾ ਰਹੇ ਹਨ। ਇੰਨੇ ਟੈਕਸ ਦੇਣ ਦੇ ਬਾਵਜੂਦ ਵੀ ਪੰਜਾਬ ਵਾਸੀਆਂ ਨੂੰ ਕੋਈ ਸਹੂਲਤ ਮੁਹੱਈਆ ਨਾ  ਕਰਵਾਉਣਾ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਦੀ ਨਾਕਾਮੀ ਸਾਫ਼ ਨਜ਼ਰ ਆਉਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਉਹ ਖਾਣ ਪੀਣ ਦੀਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ  ਵਸਤੂਆਂ ਤੋਂ ਆਪਣਾ ਸੂਬਾ ਟੈਕਸ ਹਟਾ ਕੇ ਜਾਂ ਘਟਾ ਕੇ ਪੰਜਾਬ ਵਾਸੀਆਂ ਨੂੰ ਕੁਝ ਰਾਹਤ ਦੇ ਸਕਦੀ ਹੈ। ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲੇ ਵਾਲੀਆਂ ਸਰਕਾਰਾਂ ਵਾਂਗ ਹੀ ਨਜ਼ਰ ਆ ਰਹੀ ਹੈ। ਜਿਸ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਅੰਤਰ ਦਿਖਾਈ ਦੇ ਰਿਹਾ ਹੈ ਆਗੂਆਂ ਨੇ ਕਿਹਾ ਕਿ ਰਸੋਈ ਵਿੱਚ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਨੇ ਰਸੋਈ ਦਾ ਬਜਟ ਹੀ ਖ਼ਰਾਬ ਕਰ ਕੇ ਰੱਖ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇੱਕ ਗ਼ਰੀਬ ਦਿਹਾੜੀਦਾਰ  400 ਰੁਪਏ ਦਿਹਾੜੀ ਲੈ ਕੇ ਆਪਣੇ ਪਰਿਵਾਰ ਦਾ ਪੇਟ ਨਹੀਂ ਪਾਲ ਸਕਦਾ  ਕਿਉਂਕਿ ਇਸ ਮੌਕੇ  30  ਰੁਪਏ ਕਿੱਲੋ ਆਟਾ ਅਤੇ  ਲੱਗਭਾਗ 60  ਕਿੱਲੋ ਦੁੱਧ ਹੋ ਗਿਆ ਹੈ ਜੋ ਕਿ ਗ਼ਰੀਬ ਪਰਿਵਾਰ ਦੀ ਪਹੁੰਚ ਤੋਂ ਕੋਹਾਂ ਦੂਰ ਹੈ । ਆਗੂਆਂ ਨੇ ਕਿਹਾ ਕਿ ਕੌੜੀ ਵੇਲ ਦੀ ਤਰ੍ਹਾਂ ਰੋਜ਼ ਦੀ ਰੋਜ਼ ਵੱਧ ਰਹੀ ਮਹਿੰਗਾਈ ਨੇ ਗਰੀਬ ਪਰਿਵਾਰਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ ।

ਇਸ ਮੌਕੇ ਹੋਰਨਾਂ ਤੋਂ ਇਲਾਵਾ  ਸੀਨੀਅਰ ਮੀਤ ਪ੍ਰਧਾਨ ਦੋਆਬਾ ਨਰੇਸ਼ ਕੁਮਾਰ ਬੱਧਣ , ਮੀਡੀਆ ਇੰਚਾਰਜ ਚੰਦਰ ਕੁਮਾਰ ਹੈਪੀ ,ਅਮਨਦੀਪ, ਚਰਨਜੀਤ ਸਿੰਘ, ਕਮਲਜੀਤ, ਰਾਮ ਜੀ, ਦਵਿੰਦਰ ਕੁਮਾਰ, ਰਾਜੀਵ ਸੈਣੀ, ਪੰਮਾ ਡਾਡਾ, ਗੋਗਾ ਮਾਂਝੀ , ਪਵਨ ਕੁਮਾਰ ਬੱਧਣ , ਅਮਨਦੀਪ ਸਿੰਘ, ਚਰਨਜੀਤ ਸਿੰਘ,ਭੁਪਿੰਦਰ ਕੁਮਾਰ ਬੱਧਣ  ਕਮਲਜੀਤ ਸਿੰਘ, ਬਿਸ਼ਨਪਾਲ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਸਿੰਘ, ਹਰਨੇਕ ਸਿੰਘ ਬੱਧਣ,  ਸਨੀ ਸੀਣਾ, ਸੁਸ਼ਾਂਤ ਮੰਮਣ, ਬਿਕਰਮ ਵਿੱਜ, ਹੈਪੀ ਫਤਹਿਗਡ਼੍ਹ, ਮਨੀਸ਼ ਕੁਮਾਰ, ਦਵਿੰਦਰ ਕੁਮਾਰ, ਰਾਕੇਸ ਕੁਮਾਰ ਭੱਟੀ ਵਿਜੇ ਕੁਮਾਰ ਜੱਲੋਵਾਲ ਖਨੂਰ, ਭੁਪਿੰਦਰ ਕੁਮਾਰ ਭਿੰਦਾ,ਦੋਆਬਾ ਇੰਚਾਰਜ ਜੱਸਾ ਨੰਦਨ , ਆਦਿ ਹਾਜ਼ਰ ਸਨ।

ਸਿਵਿਲ ਕੋਰਟ ਕੰਪਲੈਕਸ ਖੰਨਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਪਾਠ 

ਖੰਨਾ, 03 ਮਾਰਚ (ਨਿਰਮਲ ਸਿੰਘ ਨਿੰਮਾ) ਬਾਰ ਐਸੋਸੀਏਸ਼ਨ ਖੰਨਾ ਵੱਲੋਂ ਸਿਵਿਲ ਕੋਰਟ ਕੰਪਲੈਕਸ ਖੰਨਾ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ, ਇਸ ਮੌਕੇ ਭਾਈ ਨਵਨੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਰਸਭਿੰਨਾ ਕੀਰਤਨ ਕਰਕੇ ਆਕਾਲ ਪੁਰਖ ਦੀ ਮਹਿੰਮਾ ਦਾ ਗੁਣਗਾਨ ਕੀਤਾ ਗਿਆ।

    ਬਾਰ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਐਡਵੋਕੇਟ ਸੁਮਿਤ ਲੂਥਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਬਾਰ ਐਸੋਸੀਏਸ਼ਨ ਖੰਨਾ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਮਾਣਯੋਗ ਡਾ: ਸ੍ਰੀ ਮਨਦੀਪ ਮਿੱਤਲ (ਐਡੀਸ਼ਨਲ ਜ਼ਿਲ੍ਹਾ ਜੱਜ/ ਐਡੀਸ਼ਨਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ, ਖੰਨਾ), ਮੈਡਮ ਮਨੀ ਅਰੋੜਾ (ਐਡੀਸ਼ਨਲ ਸਿਵਿਲ ਜੱਜ ਸੀਨੀਅਰ ਡਿਵੀਜਨ/ਸਬ ਡਵੀਜ਼ਨਲ ਜੁਡੀਸ਼ਲ ਮੈਜਿਸਟ੍ਰੇਟ, ਖੰਨਾ ), ਮੈਡਮ ਮਹਿਮਾ ਭੁੱਲਰ (ਸਿਵਿਲ ਜੱਜ ਜੂਨੀਅਰ ਡਿਵੀਜ਼ਨ/ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ), ਮੈਡਮ ਹਰਜਿੰਦਰ ਕੌਰ (ਸਿਵਿਲ ਜੱਜ ਜੂਨੀਅਰ ਡਿਵੀਜ਼ਨ/ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ), ਸ੍ਰੀ ਦੀਪਕ ਸਿੰਘ ਸ਼ੀਨਾ (ਸਿਵਿਲ ਜੱਜ ਜੂਨੀਅਰ ਡਿਵੀਜ਼ਨ/ਜੁਡੀਸ਼ਲ ਮੈਜਿਸਟ੍ਰੇਟ ਫਸਟ ਕਲਾਸ), ਸ੍ਰੀ ਅਮਰਜੀਤ ਬੈਂਸ (ਏ. ਡੀ.ਸੀ. , ਖੰਨਾ)

ਮੈਡਮ ਮਨਜੀਤ ਕੌਰ (ਐਸ. ਡੀ. ਐਮ. , ਖੰਨਾ), ਸ੍ਰੀ ਨਵਦੀਪ ਭੋਗਲ (ਤਹਿਸੀਲਦਾਰ, ਖੰਨਾ) ਆਦਿ ਅਤੇ ਸਿਵਿਲ ਕੋਰਟ ਕੰਪਲੈਕਸ ਖੰਨਾ ਦੇ ਸਮੂਹ ਵਕੀਲ ਭਰਾਵਾਂ, ਨੇੜਲੇ ਕੋਰਟ ਕੰਪਲੈਕਸਾਂ ਦੇ ਸਮੂਹ ਵਕੀਲ ਭਰਾਵਾਂ ਅਤੇ ਖੰਨਾ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਸੰਗਤਾਂ ਨੇ ਉਚੇਚੇ ਤੌਰ ਤੇ ਹਾਜ਼ਰੀ ਲਗਵਾਈ, ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਧਾਰਮਿਕ ਸਮਾਗਮ ਮੌਕੇ ਨੌਜਵਾਨ ਵਰਗ ਦੇ ਐਡਵੋਕੇਟ ਰਾਜਵੀਰ ਸਿੰਘ, ਲਖਵੀਰ ਸਿੰਘ, ਗੁਰਵਿੰਦਰ ਸਿੰਘ ਚੀਮਾ ਅਤੇ ਹੋਰ ਸੇਵਾ ਕਰਦੇ ਨਜ਼ਰ ਆਏ।

     ਜ਼ਿਕਰਯੋਗ ਹੈ ਕਿ ਕਿ ਇਸ ਮੌਕੇ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਵੱਲੋਂ ਉੱਘੇ ਸਮਾਜ ਸੇਵੀ ਨਿਰਮਲ ਸਿੰਘ ਨਿੰਮਾ ਦੀ ਅਗਵਾਈ ਵਿੱਚ ਜੋੜਾ ਘਰ ਦੀ ਸੇਵਾ ਨਿਭਾਈ ਗਈ ਅਤੇ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ ਦੀਆਂ ਸਮਾਜਿਕ ਗਤੀਵਿਧੀਆਂ ਨੂੰ ਦੇਖਦੇ ਹੋਏ ਸਤਿਕਾਰਯੋਗ ਸ੍ਰੀ ਅਮਨਜੀਤ ਬੈਂਸ ( ਏ. ਡੀ. ਸੀ. , ਖੰਨਾ) ਵੱਲੋਂ ਸਮੂਹ ਟੀਮ ਨੂੰ ਸਾਂਝੇ ਤੌਰ ਤੇ ਸ਼ਾਲ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। 

ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ ਵੱਲੋਂ ਇਸ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਲਗਵਾਉਣ ਆਈਆਂ ਸਾਰੀਆਂ ਸਨਮਾਨਿਤ ਸ਼ਖ਼ਸੀਅਤਾਂ ਦੇ ਰੁੱਖ, ਵਾਤਾਵਰਣ, ਪਾਣੀ ਨੂੰ ਬਚਾਉਣ ਲਈ ਸ਼ੁਭ ਵਿਚਾਰ ਅਤੇ ਸੁਝਾਅ ਹਸਤਾਖਰ ਸਹਿਤ ਇੱਕ ਡਾਇਰੀ ਵਿੱਚ ਕਲ਼ਮ ਬੱਧ ਕਰਵਾਏ ਗਏ।

ਇਸ ਮੌਕੇ ਐਡਵੋਕੇਟ ਸੁਮਿਤ ਲੂਥਰਾ (ਪ੍ਰਧਾਨ ਬਾਰ ਐਸੋਸੀਏਸ਼ਨ ਖੰਨਾ), ਐਡਵੋਕੇਟ ਹਰਦੀਪ ਸਿੰਘ (ਵਾਇਸ ਪ੍ਰਧਾਨ), ਐਡਵੋਕੇਟ ਰਵੀ ਕੁਮਾਰ (ਜਨਰਲ ਸਕੱਤਰ), ਐਡਵੋਕੇਟ ਇਸ਼ਾਨ ਥੱਮਣ (ਜੁਆਇੰਟ ਸਕੱਤਰ), ਐਡਵੋਕੇਟ ਮਲਵਿੰਦਰ ਸਿੰਘ (ਫਾਈਨਾਂਸ ਸਕੱਤਰ), ਅਤੇ ਸਮੂਹ ਵਕੀਲ ਸਾਹਿਬਾਨ ਹਾਜ਼ਰ ਸਨ।

ਪੰਜਾਬ ਵਿਜੀਲੈਂਸ ਵੱਲੋਂ 15,000 ਰਿਸ਼ਵਤ ਲੈਂਦਿਆਂ ਐਸ.ਐਚ.ਓ. ਕਾਬੂ

 

 ਫਿਰੋਜ਼ਪੁਰ ਛਾਉਣੀ ਦੇ ਐਸ.ਐਚ.ਓ. ਇੰਸਪੈਕਟਰ ਨਵੀਨ ਕੁਮਾਰ ਅਤੇ ਪੰਜਾਬ ਹੋਮ ਗਾਰਡ ਵਾਲੰਟੀਅਰ ਜਤਿੰਦਰ ਗਿੱਲ ਵਿਰੁੱਧ 15, 000 ਰੁਪਏ ਰਿਸ਼ਵਤ ਮੰਗਣ ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ

ਚੰਡੀਗੜ੍ਹ, 02 ਮਾਰਚ (ਜਨ ਸ਼ਕਤੀ ਨਿਊਜ਼ ਬਿਊਰੋ )  ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਫਿਰੋਜ਼ਪੁਰ ਛਾਉਣੀ ਦੇ ਐਸ.ਐਚ.ਓ. ਵਜੋਂ ਤਾਇਨਾਤ ਇੰਸਪੈਕਟਰ ਨਵੀਨ ਕੁਮਾਰ ਅਤੇ ਪੰਜਾਬ ਹੋਮ ਗਾਰਡ (ਪੀ.ਐਚ.ਜੀ.) ਵਾਲੰਟੀਅਰ ਜਤਿੰਦਰ ਗਿੱਲ ਵਿਰੁੱਧ 15, 000 ਰੁਪਏ ਰਿਸ਼ਵਤ ਮੰਗਣ ਤੇ ਹਾਲਸ ਕਰਨ ਲਈ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਐਸ.ਐਚ.ਓ. ਨਵੀਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਟੀਮਾਂ ਗਠਿਤ ਕਰਕੇ ਹੋਮ ਗਾਰਦ ਵਲੰਟੀਅਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਇੰਸਪੈਕਟਰ ਨੂੰ ਫਿਰੋਜ਼ਪੁਰ ਛਾਉਣੀ ਦੇ ਵਾਸੀ ਲਲਿਤ ਕੁਮਾਰ ਪਾਸੀ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਐਸ.ਐਚ.ਓ. ਨੇ ਦੂਸਰੀ ਧਿਰ ਖਿਲਾਫ਼ ਦਰਜ ਕੀਤੇ ਪੁਲਿਸ ਕੇਸ ਵਿੱਚ ਉਸ ਦੀ ਮੱਦਦ ਕਰਨ ਬਦਲੇ 20,000 ਰੁਪਏ ਰਿਸ਼ਵਤ ਵਜੋਂ ਮੰਗੇ ਹਨ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਕਰਦੇ ਸਮੇਂ ਕੀਤੀ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਦੋਸ਼ੀ 'ਤੇ ਮੁਕੱਦਮਾ ਦਰਜ ਕਰਵਾਉਣ ਲਈ ਇਸ ਨੂੰ ਸਬੂਤ ਵਜੋਂ ਵਿਜੀਲੈਂਸ ਬਿਊਰੋ ਅੱਗੇ ਪੇਸ਼ ਕਰ ਦਿੱਤਾ।  ਬੁਲਾਰੇ ਨੇ ਦੱਸਿਆ ਕਿ ਫਿਰੋਜ਼ਪੁਰ ਯੂਨਿਟ ਦੀ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਐਸ.ਐਚ.ਓ. ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਉਸ ਦੇ ਗੰਨਮੈਨ ਰਾਹੀਂ 15,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕਰ ਲਿਆ । ਉਕਤ ਹੋਮ ਗਾਰਦ ਵਾਲੰਟੀਅਰ ਨੇ ਐਸ.ਐਚ.ਓ. ਦੀ ਤਰਫੋਂ ਰਿਸ਼ਵਤ ਦੀ ਰਾਸ਼ੀ ਪ੍ਰਾਪਤ ਕੀਤੀ ਅਤੇ ਖੁਦ ਗ੍ਰਿਫ਼ਤਾਰ ਹੋਣ ਤੋਂ ਬਚ ਕੇ ਨਿੱਕਲ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਗ੍ਰਿਫ਼ਤਾਰੀ ਲਈ ਉਸ ਦੀ ਭਾਲ ਕਰ ਰਹੀ ਹੈ।

ਲੋਕ ਸੇਵਾ ਸੁਸਾਇਟੀ (ਰਜਿ:) ਜਗਰਾਉਂ ਵੱਲੋਂ ਅੱਜ 34ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ

ਜਗਰਾਉਂ, 27 ਫਰਵਰੀ (ਅਮਿਤ ਖੰਨਾ )ਸਵਰਗਵਾਸੀ ਦਯਾ ਚੰਦ ਜੈਨ ਸਵਤੰਤਰਤਾ ਸੈਲਾਨੀ ਦੀ ਯਾਦ ਵਿਚ ਲੋਕ ਸੇਵਾ ਸੁਸਾਇਟੀ (ਰਜਿ:) ਜਗਰਾਉਂ ਵੱਲੋਂ ਅੱਜ 34ਵਾਂ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਅਪਰੇਸ਼ਨ ਕੈਂਪ ਲੰਮਿਆਂ ਵਾਲਾ ਬਾਗ਼ ਨੇੜੇ ਡੀ.ਏ.ਵੀ ਕਾਲਜ ਵਿਖੇ ਲਗਾਇਆ ਗਿਆ| ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ ਅਤੇ ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ ਨੇ ਦੱਸਿਆ ਕਿ ਸਰਪ੍ਰਸਤ ਰਾਜਿੰਦਰ ਜੈਨ ਦੇ ਭਰਪੂਰ ਸਹਿਯੋਗ ਨਾਲ ਲਗਾਏ ਇਸ 34ਵੇਂ ਕੈਂਪ ਦੇ ਮੁੱਖ ਮਹਿਮਾਨ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਆਪਣੇ ਕਰ ਕਮਲਾਂ ਨਾਲ ਉਦਘਾਟਨ ਕਰਦਿਆਂ ਜਿੱਥੇ ਲੋਕ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਵਿਸ਼ੇਸ਼ ਚਰਚਾ ਕੀਤੀ ਉੱਥੇ ਜੈਨ ਪਰਿਵਾਰ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਯਾਦ ਵਿਚ ਲਗਾਤਾਰ ਲਗਾਏ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ਼ ਵੀ ਕੀਤੀ| ਉਨ੍ਹਾਂ ਕਿਹਾ ਕਿ ਸਾਨੰੂ ਮਾਣ ਹੈ ਕਿ ਸਾਡੇ ਸ਼ਹਿਰ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਲੋਕ ਸੇਵਾ ਸੁਸਾਇਟੀ ਪੂਰੀ ਤਰ੍ਹਾਂ ਸਮਾਜ ਸੇਵਾ ਦੇ ਕੰਮਾਂ ਨੰੂ ਸਮਰਪਿਤ ਹੈ| ਇਸ ਮੌਕੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਜ਼ਰੂਰਤਮੰਦਾਂ ਦੀ ਮਦਦ ਕਰ ਕੇ ਜੋ ਸਾਕਾਨੰੂਨ ਮਿਲਦਾ ਹੈ ਉਸ ਨੰੂ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ| ਇਸ ਮੌਕੇ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਕੰਵਲ ਕੱਕੜ ਨੇ ਕਿਹਾ ਕਿ ਸੁਸਾਇਟੀ ਨੇ ਜਗਰਾਓਂ ਇਲਾਕੇ ਚੋਂ ਚਿੱਟੇ ਮੋਤੀਏ ਦਾ ਖ਼ਾਤਮਾ ਕਰਨ ਦਾ ਤਹੱਈਆ ਕੀਤਾ ਹੈ ਅਤੇ ਇਸ ਕਾਰਨ ਹੀ ਸੁਸਾਇਟੀ ਵੱਲੋਂ ਹਰੇਕ ਮਹੀਨੇ ਦੇ ਅਖੀਰਲੇ ਦਿਨ ਨੰੂ ਅੱਖਾਂ ਦਾ ਚੈੱਕਅੱਪ ਤੇ ਅਪਰੇਸ਼ਨ ਕੈਂਪ ਲਗਾਇਆ ਜਾਂਦਾ ਹੈ| ਉਨ੍ਹਾਂ ਲੋੜਵੰਦਾਂ ਨੰੂ ਇਨ੍ਹਾਂ ਕੈਂਪਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਲਾਹਾ ਲੈਣ ਦੀ ਅਪੀਲ ਵੀ ਕੀਤੀ| ਇਸ ਕੈਂਪ ਵਿਚ ਸ਼ੰਕਰਾ ਹਸਪਤਾਲ ਮੁੱਲਾਂਪੁਰ ਦੇ ਡਾਕਟਰ ਦੀਪਕ ਦੀ ਟੀਮ ਵੱਲੋਂ 184 ਅੱਖਾਂ ਦਾ ਚੈੱਕਅੱਪ ਕਰਦਿਆਂ 70 ਮਰੀਜ਼ ਆਪ੍ਰੇਸ਼ਨ ਵਾਸਤੇ ਚੁਣੇ ਹੋਏ ਜਿਨ੍ਹਾਂ ਨੰੂ ਅੱਜ ਹੀ ਅਪਰੇਸ਼ਨ ਵਾਸਤੇ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਦੀਆਂ ਅੱਖਾਂ ਦੇ ਅਪਰੇਸ਼ਨ ਸੋਮਵਾਰ ਤੇ ਮੰਗਲਵਾਰ ਕੀਤੇ ਜਾਣਗੇ। ਇਸ ਮੌਕੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਸੀਨੀਅਰ ਵਾਈਸ ਪ੍ਰਧਾਨ ਮਨੋਹਰ ਸਿੰਘ ਟੱਕਰ, ਪੀ ਆਰ ਓ ਸੁਖਦੇਵ ਗਰਗ ਤੇ ਨੀਰਜ ਮਿੱਤਲ, ਰਾਜਿੰਦਰ ਜੈਨ ਕਾਕਾ, ਪ੍ਰੇਮ ਬਾਂਸਲ, ਵਿਨੋਦ ਬਾਂਸਲ, ਮੁਕੇਸ਼ ਗੁਪਤਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਅਨਿਲ ਮਲਹੋਤਰਾ, ਡਾ: ਭਾਰਤ ਭੂਸ਼ਨ ਬਾਂਸਲ, ਆਰ ਕੇ ਗੋਇਲ, ਪ੍ਰਵੀਨ ਜੈਨ, ਨੀਰਜ ਮਿੱਤਲ, ਲਾਕੇਸ਼ ਟੰਡਨ, ਕਪਿਲ ਸ਼ਰਮਾ, ਪ੍ਰਸ਼ੋਤਮ ਅਗਰਵਾਲ, ਮਦਨ ਲਾਲ ਅਰੋੜਾ, ਗੋਪਾਲ ਗੁਪਤਾ, ਜਸਵੰਤ ਸਿੰਘ ਆਦਿ ਹਾਜ਼ਰ ਸਨ|

ਵਿਧਾਇਕ ਮਾਣੂੰਕੇ ਨੇ ਪੀਰ ਬਾਬਾ ਮੋਹਕਮਦੀਨ ਜੀ ਦੀ ਦਰਗਾਹ 'ਤੇ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ

ਜਗਰਾਉਂ, 27 ਫਰਵਰੀ (ਅਮਿਤ ਖੰਨਾ )ਜਗਰਾਉਂ, ਵਿਸ਼ਵ ਪ੍ਰਸਿੱਧ ਮੇਲੇ ਦੀ ਸ਼ੁਰੂਆਤ ਮੌਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਆਪਣੇ ਪਤੀ ਪ੍ਰੋ: ਸੁਖਵਿੰਦਰ ਸਿੰਘ ਸੁੱਖੀ ਜੀ ਸਮੇਤ ਪੀਰ ਬਾਬਾ ਮੋਹਕਮਦੀਨ ਜੀ ਦੀ ਦਰਗਾਹ 'ਤੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸ਼ਹਿਰ-ਵਿਦੇਸ਼ ਤੋਂ ਸੰਗਤਾਂ ਨੇ ਬਾਬਾ ਜੀ ਦੇ ਦਰਸ਼ਨ ਕੀਤੇ | ਦਰਗਾਹ 'ਤੇ ਮੱਥਾ ਟੇਕਣ ਆਈਆਂ ਸੰਗਤਾਂ ਨੂੰ ਮੇਲੇ ਦੀਆਂ ਵਧਾਈਆਂ ਦਿੱਤੀਆਂ। ਪੀਰ ਬਾਬਾ ਮੋਹਕਮਦੀਨ ਜੀ ਦੀ ਦਰਗਾਹ ਦੇ ਗੱਦੀ ਨਸ਼ੀਨ ਸੂਫੀ ਨੂਰਦੀਨ ਨਕਸ਼ਬੰਦੀ ਜੀ ਨੇ ਹਲਕਾ ਵਿਧਾਇਕ ਮਾਣੂੰਕੇ ਅਤੇ ਉਨ੍ਹਾਂ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਜੀ ਅਤੇ ਉਨ੍ਹਾਂ ਦੇ ਨਾਲ ਆਏ ਹੋਰ ਪਤਵੰਤਿਆਂ ਨੂੰ ਸਰੂਪ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਮੇਲੇ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮਾਣੂੰਕੇ, ਗੁਰਪ੍ਰੀਤ ਸਿੰਘ ਨੋਨੀ, ਕੌਂਸਲਰ ਸਤੀਸ਼ ਕੁਮਾਰ ਪੱਪੂ, ਸਾਬਕਾ ਕੌਂਸਲਰ ਪਰਮਜੀਤ ਸਿੰਘ ਕੈਂਥ, ਰਵਿੰਦਰ ਸੱਭਰਵਾਲ ਫੀਨਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ ਪੀਰ ਬਾਬਾ ਮੋਕਮ ਦੀਨ ਜੀ ਦੀ ਦਰਗਾਹ ’ਤੇ ਮੱਥਾ ਟੇਕਦੇ ਹੋਏ ਵਿਧਾਇਕ ਮਨੂੰ ਕੇ, ਉਨ੍ਹਾਂ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਤੇ ਹੋਰ।

ਮੇਲਾ ਰੋਸ਼ਨੀ ਦੇ ਦੂਜੇ ਦਿਨ ਸ਼ਰਧਾਲੂਆਂ ਨੇ ਦਰਗਾਹ ’ਤੇ ਮੱਥਾ ਟੇਕਿਆ ਅਤੇ ਮੇਲੇ ਦਾ ਆਨੰਦ ਮਾਣਿਆ

ਜਗਰਾਉਂ, 27 ਫਰਵਰੀ (ਅਮਿਤ ਖੰਨਾ) ਜਗਰਾਉਂ ਮੇਲੇ ਰੋਸ਼ਨੀ ਦੇ ਦੂਜੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪੀਰ ਬਾਬਾ ਮੋਕਮਦੀਨ ਜੀ ਅਤੇ ਮਾਈ ਜੀਨਾ ਜੀ ਦੀ ਦਰਗਾਹ ’ਤੇ ਮੱਥਾ ਟੇਕਣ ਉਪਰੰਤ ਮੇਲੇ ਵਿੱਚ ਦੁਕਾਨਾਂ ’ਤੇ ਜਾ ਕੇ ਖਰੀਦਦਾਰੀ ਕਰਨ ਦੇ ਨਾਲ-ਨਾਲ ਡਿਸਪੋਜ਼ਲ ਰੋਡ ’ਤੇ ਲੱਗੇ ਝੂਲਿਆਂ ਦਾ ਆਨੰਦ ਮਾਣਿਆ। ਮੇਲਾ. ਤੁਹਾਨੂੰ ਦੱਸ ਦੇਈਏ ਕਿ ਮੇਲੇ ਦੇ ਮੈਦਾਨ ਵਿੱਚ ਮਿਕੀ ਮਾਊਸ, ਰੇਲ ਗੱਡੀ, ਛੋਟੀ ਕਿਸ਼ਤੀ, ਹਵਾਈ ਜਹਾਜ਼ ਵਰਗੇ ਝੂਲਿਆਂ ਦੇ ਨਾਲ-ਨਾਲ ਲਗਾਇਆ ਗਿਆ ਭੂਤ ਬੰਗਲਾ ਬੱਚਿਆਂ ਲਈ ਖਿੱਚ ਦਾ ਕੇਂਦਰ ਰਿਹਾ ਅਤੇ ਬੱਚਿਆਂ ਨੇ ਝੂਲੇ ਦਾ ਖੂਬ ਆਨੰਦ ਲਿਆ।
ਫੋਟੋ ਕੈਪਸ਼ਨ:- ਮੇਲਾ ਮੈਦਾਨ ਵਿੱਚ ਝੂਲਿਆਂ ਦਾ ਆਨੰਦ ਲੈਂਦੇ ਹੋਏ ਲੋਕ

ਯੰਗ ਸਪੋਰਟਸ ਕਲੱਬ ਸਰੀ ਕੈਨੇਡਾ ਦੇ ਪ੍ਰਧਾਨ ਇੰਦਰਜੀਤ ਸਿੰਘ ਰੂਮੀ ਦਾ ਸਨਮਾਨ ਹੋਇਆ 

ਜਗਰਾਉਂ, 27 ਫਰਵਰੀ (ਅਮਿਤ ਖੰਨਾ )ਯੰਗ ਸਪੋਰਟਸ ਕਲੱਬ ਸਰੀ ਕੈਨੇਡਾ ਦੇ ਪ੍ਰਧਾਨ ਇੰਦਰਜੀਤ ਸਿੰਘ ਰੂਮੀ ਵੱਲੋਂ ਸਮਾਜ ਸੇਵੀ ਸੇਵਾਵਾਂ ਨਿਭਾਉਣ ’ਤੇ ਉਨ੍ਹਾਂ ਦੇ ਜੱਦੀ ਪਿੰਡ ਰੂਮੀ ਵਿਖੇ ਸਨਮਾਨ ਸਮਾਰੋਹ ਹੋਇਆ। ਇਸ ਸਮੇਂ ਪ੍ਰਧਾਨ ਰੂਮੀ ਵੱਲੋਂ ਪਿੰਡ ਦੀ ਸਹਿਕਾਰੀ ਸਭਾ ਲਈ ਲਗਵਾਏ ਨਵੇਂ ਗੇਟ ਦਾ ਉਦਘਾਟਨ ਵੀ ਕੀਤਾ ਗਿਆ। ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਪਿੰਡ ਦੀਆਂ ਸਖਸ਼ੀਅਤਾਂ ਨੇ ਪ੍ਰਧਾਨ ਰੂਮੀ ਦੀਆਂ ਪਿੰਡ ਤੋਂ ਲੈ ਕੇ ਕੈਨੇਡਾ ਵਸਦਿਆਂ ਨਿਭਾਈਆਂ ਜਾਂਦੀਆਂ ਸੇਵਾਵਾਂ ਦਾ ਖਾਸ ਜ਼ਿਕਰ ਕਰਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਰੂਮੀ ਨੇ ਹਮੇਸ਼ਾ ਹੀ ਇਲਾਕੇ ਦੇ ਕਬੱਡੀ ਖਿਡਾਰੀਆਂ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ ਸੱਤ ਸਮੁੰਦਰ ਪਾਰ ਮਾਂ ਖੇਡ ਕਬੱਡੀ ਦਾ ਝੰਡਾ ਬੁਲੰਦ ਕਰਨ ਲਈ ਤਨੋਂ, ਮਨੋਂ, ਧਨੋਂ ਸਹਿਯੋਗ ਕੀਤਾ। ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਸਦਕਾ ਅੱਜ ਇਲਾਕੇ ਦੇ ਅਨੇਕਾਂ ਨੌਜਵਾਨ ਕੈਨੇਡਾ ਦੀ ਧਰਤੀ ’ਤੇ ਸੈਟਲ ਹਨ। ਉਨ੍ਹਾਂ ਪ੍ਰਧਾਨ ਰੂਮੀ ਵੱਲੋਂ ਪਿੰਡ ਦੀ ਬੇਹਤਰੀ ਲਈ ਵੀ ਨਿਭਾਈਆਂ ਜਾਂਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਰੂਮੀ ਨੇ ਜੱਦੀ ਪਿੰਡ ਵਿਚ ਮਿਲੇ ਸਨਮਾਨ ’ਤੇ ਖੁਸ਼ੀ ਪ੍ਰਗਟ ਕਰਦਿਆਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੈਕਟਰੀ ਹਰਪਾਲ ਸਿੰਘ, ਸਾਬਕਾ ਸਰਪੰਚ ਇੰਦਰਜੀਤ ਸਿੰਘ ਮਿੱਟੂ, ਜਗਮੇਲ ਸਿੰਘ, ਪ੍ਰਧਾਨ ਜਗਦੀਪ ਸਿੰਘ, ਤਰਵਿੰਦਰ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਇਕਬਾਲ ਸਿੰਘ, ਸੁਰਜੀਤ ਸਿੰਘ, ਪਰਵਿੰਦਰ ਸਿੰਘ ਸੈਕਟਰੀ, ਕੁਲਦੀਪ ਸਿੰਘ ਸਰਪੰਚ, ਅਖਤਿਆਰ ਸਿੰਘ ਰੂਮੀ ਅਤੇ ਪਾਲ ਸਿੰਘ ਮੈਂਬਰ ਆਦਿ ਹਾਜ਼ਰ ਸਨ।

ਸਲਾਨਾ ਇਮਤਿਹਾਨਾਂ ਤੋਂ ਬਾਅਦ ਬੱਚਿਆਂ ਨੂੰ ਲੋੜਵੰਦਾਂ ਨੂੰ ਕਿਤਾਬਾਂ ਦੇ ਕੇ ਮਦਦ ਕਰਨੀ ਚਾਹੀਦੀ ਹੈ

ਕਰ ਭਲਾ ਹੋ ਭਲਾ ਨੇ ਪੁਰਾਣੀਆਂ ਕਿਤਾਬਾਂ ਇਕੱਠੀਆਂ ਕਰਨ ਦਾ ਉਪਰਾਲਾ ਸ਼ੁਰੂ ਕੀਤਾ
ਜਗਰਾਉਂ, 27 ਫਰਵਰੀ (ਅਮਿਤ ਖੰਨਾ )ਅੱਜ ਹਰ ਮਾਂ-ਬਾਪ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨਾ ਚਾਹੁੰਦਾ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਦੇ ਦਮ 'ਤੇ ਜ਼ਿੰਦਗੀ 'ਚ ਆਤਮ-ਨਿਰਭਰ ਬਣ ਸਕੇ। ਪਰ ਵਧਦੀ ਮਹਿੰਗਾਈ ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਰੁਕਾਵਟ ਬਣ ਰਹੀ ਹੈ, ਅਜਿਹੇ ਵਿੱਚ ਸਵੈ-ਸੇਵੀ ਸੰਸਥਾ ਨੇ ਇੱਕ ਨੇਕ ਉਪਰਾਲਾ ਸ਼ੁਰੂ ਕਰਕੇ ਮਾਪਿਆਂ ਦੀਆਂ ਚਿੰਤਾਵਾਂ ਨੂੰ ਘੱਟ ਕਰਨਾ ਚਾਹਿਆ ਹੈ। ਇਸ ਦੇ ਲਈ ਫਰਵਰੀ ਮਹੀਨੇ ਤੋਂ ਸੰਸਥਾ ਦੇ ਅਹੁਦੇਦਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਹਰ ਉਹ ਬੱਚਾ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੈਨਰ ਹੇਠ ਸਿੱਖਿਆ ਪ੍ਰਾਪਤ ਕਰ ਰਿਹਾ ਹੈ ਅਤੇ ਆਪਣੀ ਪ੍ਰੀਖਿਆ ਦੇ ਰਿਹਾ ਹੈ ਅਤੇ ਉਸ ਦੇ ਸਾਲਾਨਾ ਨਤੀਜੇ ਆਉਣਗੇ। ਉਸ ਤੋਂ ਬਾਅਦ ਅਗਲੀ ਜਮਾਤ ਵਿੱਚ ਜਾਣਾ ਹੋਵੇਗਾ। ਅਜਿਹੀ ਸਥਿਤੀ ਵਿੱਚ ਉਸ ਕੋਲ ਆਪਣੀਆਂ ਪੁਰਾਣੀਆਂ ਕਲਾਸ ਦੀਆਂ ਕਿਤਾਬਾਂ ਹੀ ਰਹਿ ਜਾਣਗੀਆਂ। ਅਜਿਹੀ ਸਥਿਤੀ ਵਿੱਚ ਉਹ ਸਾਰੇ ਬੱਚੇ ਜੋ ਗਰੀਬ ਅਤੇ ਲੋੜਵੰਦ ਪਰਿਵਾਰਾਂ ਅਤੇ ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਚਾਹੁੰਦੇ ਹਨ, ਉਹ ਸਾਰੇ ਬੱਚੇ ਆਪਣੀਆਂ ਪੁਰਾਣੀਆਂ ਕਿਤਾਬਾਂ, ਪੁਰਾਣੇ ਬੈਗ ਦੇ ਕੇ ਉਨ੍ਹਾਂ ਦੀ ਮਦਦ ਕਰਕੇ ਇੱਕ ਪੜ੍ਹੇ-ਲਿਖੇ ਸਮਾਜ ਦੀ ਉਸਾਰੀ ਵਿੱਚ ਸਹਾਈ ਹੋ ਸਕਦੇ ਹਨ। ਕਿਸੇ ਵੀ ਗ੍ਰੇਡ ਵਿੱਚ ਹਰੇਕ ਬੱਚੇ ਲਈ ਇੱਕ ਕਿਤਾਬ ਤੋਂ ਲੈ ਕੇ ਗ੍ਰੇਡ ਲਈ ਕਿਤਾਬਾਂ ਦੇ ਇੱਕ ਪੂਰੇ ਸੈੱਟ ਤੱਕ, ਕਿਸੇ ਵੀ ਬੱਚੇ ਦੀਆਂ ਪੜ੍ਹਨ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਸੁਚੱਜੇ ਸਮਾਜ ਦੀ ਸਿਰਜਣਾ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੈਨਰ ਹੇਠ ਬੱਚੇ ਕਰ ਭਲਾ ਹੋ ਭਲਾ ਸੰਸਥਾ ਜਗਰਾਉਂ ਨਾਲ ਸੰਪਰਕ ਕਰ ਸਕਦੇ ਹਨ, ਜਿਸ ਵੀ ਬੱਚੇ ਦੀਆਂ ਪੁਰਾਣੀਆਂ ਜਮਾਤਾਂ ਦੀਆਂ ਕਿਤਾਬਾਂ ਗੁੰਮ ਹੋ ਗਈਆਂ ਹਨ, ਉਹ ਉਨ੍ਹਾਂ ਨੂੰ ਤਹਿਸੀਲ ਰੋਡ 'ਤੇ, ਗਾਂਧੀ ਚਸ਼ਮਾ ਦੀ ਦੁਕਾਨ 'ਤੇ ਛੱਡ ਸਕਦੇ ਹਨ ਚਸ਼ਮਾ ਦੀ ਦੁਕਾਨ ਹੋਵੇ ਚਾਹੇ ਜਾਂ ਸੋਸ਼ਲ ਮੀਡੀਆ ਸਾਈਟ 'ਤੇ ਦਿੱਤੇ ਗਏ ਮੋਬਾਈਲ ਨੰਬਰ 'ਤੇ ਸੰਪਰਕ ਕਰਕੇ ਕਿਤਾਬਾਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਸੰਸਥਾ ਦੀ ਤਰਫੋਂ ਇਹ ਮੁਹਿੰਮ ਇੱਕ ਮਹੀਨੇ ਤੱਕ ਜਾਰੀ ਰਹੇਗੀ, ਜਿਸ ਰਾਹੀਂ ਪੀ.ਐਸ.ਈ.ਬੀ. ਮਾਨਤਾ ਪ੍ਰਾਪਤ ਸਕੂਲਾਂ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾ ਸਕੇਗੀ, ਤਾਂ ਜੋ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਲਈ ਨਵੀਆਂ ਕਿਤਾਬਾਂ ਖਰੀਦਣ ਦਾ ਬੋਝ ਨਾ ਝੱਲਣਾ ਪਵੇ। ਬੱਚੇ ਅਤੇ ਬੱਚੇ ਆਪਣੀ ਪੜ੍ਹਾਈ ਕਰ ਸਕਦੇ ਹਨ ਇਸ ਮੌਕੇ ਸਰਪ੍ਰਸਤ ਕਪਿਲ ਨਰੂਲਾ, ਅਮਿਤ ਅਰੋੜਾ, ਜਗਦੀਸ਼ ਖੁਰਾਣਾ, ਨਨੇਸ਼ ਗਾਂਧੀ ਅਤੇ ਮਹੇਸ਼ ਟੰਡਨ ਅਤੇ ਰਜਿੰਦਰ ਜੈਨ, ਮਨੀਸ਼ ਚੁੱਘ, ਰਾਹੁਲ ਅਤੇ ਜਤਿੰਦਰ ਸਿੰਘ, ਸੁਨੀਲ ਬਜਾਜ, ਭੁਪਿੰਦਰ ਸਿੰਘ ਮੁਰਲੀ ਨੇ ਇਲਾਕੇ ਦੇ ਲੋਕਾਂ ਨੂੰ ਇਸ ਪੜ੍ਹੇ ਲਿਖੇ ਸਮਾਜ ਦੀ ਉਸਾਰੀ ਲਈ ਸਹਿਯੋਗ ਦਿੱਤਾ | .ਅਤੇ ਆਪਣੇ ਬੱਚਿਆਂ ਦੀਆਂ ਪੁਰਾਣੀਆਂ ਕਿਤਾਬਾਂ ਦਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਵਿਦਿਆ ਦਾਨ ਇੱਕ ਮਹਾਨ ਦਾਨ ਹੈ ਅਤੇ ਜਿਸ ਨਾਲ ਹਨੇਰੇ ਵਾਲੇ ਸਮਾਜ ਵਿੱਚ ਗਿਆਨ ਦੀ ਰੌਸ਼ਨੀ ਫੈਲਾਈ ਜਾ ਸਕੇ।