ਗੁਰੂ ਸਾਹਿਬ ਜੀ ਨੇ ਸਾਨੂੰ ਸੱਚਾ ਉਦਮੀ ਜੀਵਨ ਜਿਉਂਦਿਆਂ ਆਪਣੀ ਤਕਦੀਰ ਨੂੰ ਘੜਨਾ ਸਿਖਾਇਆ-ਸੰਤ ਬਾਬਾ ਅਮੀਰ ਸਿੰਘ
ਲੁਧਿਆਣਾ 5 ਮਾਰਚ (ਕਰਨੈਲ ਸਿੰਘ ਐੱਮ.ਏ.)- ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਸਿਰਜਿਤ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ, ਉਨ੍ਹਾਂ ਵਲੋਂ ਅਰੰਭੇ ਧਰਮ ਪ੍ਰਚਾਰ ਕਾਰਜਾਂ ਲਈ ਕਾਰਜਸ਼ੀਲ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਵਲੋਂ ਹਫਤਾਵਾਰੀ ਨਾਮ ਅਭਿਆਸ ਸਮਾਗਮ ਦੌਰਾਨ ਗੁਰਬਾਣੀ ਨਾਮ ਸਿਮਰਨ ਅਤੇ ਅਜੋਕੇ ਦੌਰ ਦੀਆਂ ਪ੍ਰਸਥਿਤੀਆਂ ਦੇ ਮੱਦੇ ਨਜ਼ਰ ਗੁਰਮਤਿ ਦੀ ਰੋਸ਼ਨੀ ’ਚ ਵਿਚਾਰਾਂ ਦੀ ਸਾਂਝ ਪਾਉਦਿਆਂ ਹੋਲਾ ਮਹੱਲਾ ਦੇ ਪਵਿੱਤਰ ਦਿਹਾੜੇ ਦਾ ਹਵਾਲਾ ਦਿੰਦਿਆਂ ਫ਼ੁਰਮਾਇਆ ਕਿ ਇਨ੍ਹਾਂ ਦਿਨਾਂ ਚ ਲੱਖਾਂ ਦੀ ਤਾਦਾਦ ਵਿਚ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਦੇਸ਼-ਦੇਸ਼ਾਂਤਰਾਂ ਦੀਆਂ ਸੰਗਤਾਂ ਜੁੜਦੀਆਂ ਹਨ। ਜਿਵੇਂ ਆਪਾਂ ਸੰਗਤੀ ਰੂਪ ਹਫਤਾਵਰੀ ਨਾਮ ਸਿਮਰਨ ਅਭਿਆਸ ਸਮਾਗਮ ਵਿਚ ਜੁੜਦੇ ਹਾਂ। ਸਹਿਬ-ਏ-ਕਮਾਲ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਹੋਲਾ ਮਹੱਲਾ ਸਮਾਗਮਾਂ ਦੌਰਾਨ ਯੁੱਧ ਵਿੱਦਿਆ ਦੇ ਅਭਿਆਸ ਨੂੰ ਤਾਜ਼ਾ ਰੱਖਣ ਲਈ ਰੀਤ ਚਲਾਈ, ਤਾਂ ਜੋਂ ਸਿੱਖਾਂ ਵਿੱਚ ਬੀਰ ਰਸ, ਚੜ੍ਹਦੀ ਕਲਾ, ਉਤਸ਼ਾਹ,ਧਰਮ ਦੀ ਰਖਿਆ ਲਈ ਜਜ਼ਬਾ ਬਰਕਰਾਰ ਰਹੇ। ਮਹਾਂਪੁਰਸ਼ਾਂ ਨੇ ਵੱਖ ਵੱਖ ਹਵਾਲਿਆਂ ਨਾਲ ਸਮਝਾਇਆ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਸੱਚਾ ਉਦਮੀ ਜੀਵਨ ਜਿਉਂਦਿਆਂ ਆਪਣੀ ਤਕਦੀਰ ਨੂੰ ਘੜਨਾ ਸਿਖਾਇਆ। ਵਰਤਮਾਨ ਦੌਰ ਅੰਦਰ ਅਸੀਂ ਸਿੱਖ ਧਰਮ ਦਾ ਪ੍ਰਚਾਰ ਕਰਕੇ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖਤਮ ਕਰੀਏ। ਗੁਰਮੀਤ ਸਿਧਾਂਤਾਂ ਉਪਰ ਪਹਿਰਾ ਦੇਈਏ, ਆਪਸ ਵਿੱਚ ਏਕਤਾ-ਇਤਫ਼ਾਕ ਬਣਾਈ ਰੱਖਣ ਲਈ ਉੱਦਮਸ਼ੀਲ ਹੋਈਏ। ਮਹਾਂਪੁਰਸ਼ਾਂ ਨੇ ਹਲੂਣਿਆਂ ਕਿ ਅਸੀਂ ਜੀਵਨ ਜਿਉਦਿਆਂ ਹੁਣ ਤੱਕ ਕੀ ਕੀਤਾ? ਚੰਗੇ ਮੰਦੇ-ਕਰਮਾਂ ਦਾ ਲੇਖਾ ਜੋਖਾ ਕਰੀਏ, ਅਗਾਂਹ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਜੀਵਨ ਜਿਉਣ ਲਈ ਪ੍ਰਣ ਕਰੀਏ, ਤਾਂ ਹੀ ਅਸੀਂ ਜੀਵਨ ਦੇ ਅਸਲ ਮਨੋਰਥਾਂ ਤੇ ਖਰ੍ਹੇ ਉਤਰ ਸਕਾਂਗੇ। ਇਸ ਲਈ ਕਿਸੇ ਕਿਸਮ ਦੀ ਢਿੱਲ-ਅਵੇਸਲਾਪਣ ਨਹੀਂ ਰਹਿਣਾ ਚਾਹੀਦਾ।