ਗਾਂਧੀਨਗਰ ਦੀ ਅਦਾਲਤ ਕੱਲ੍ਹ ਕਰੇਗੀ ਸਜ਼ਾ ਦਾ ਐਲਾਨ
ਗਾਂਧੀਨਗਰ/ਗੁਜਰਾਤ, 30 ਜਨਵਰੀ (ਜਨ ਸ਼ਕਤੀ ਨਿਊਜ਼ ਬਿਊਰੋ) ਇੱਕ ਵਿਦਿਆਰਥਣ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਕਥਾਵਾਚਕ ਆਸਾਰਾਮ ਬਾਪੂ ਨੂੰ ਗੁਜਰਾਤ ਦੇ ਗਾਂਧੀਨਗਰ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ 'ਚ ਸਜ਼ਾ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਵੇਗਾ। ਇਹ ਮਾਮਲਾ ਸਾਲ 2013 ਦਾ ਹੈ, ਜਿਸ 'ਚ ਆਸਾਰਾਮ ਬਾਪੂ 'ਤੇ ਸੂਰਤ ਦੀਆਂ ਦੋ ਭੈਣਾਂ ਨੇ ਜਬਰ ਜਨਾਹ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ 'ਚ ਆਸਾਰਾਮ ਦਾ ਪੁੱਤਰ ਨਾਰਾਇਣ ਸਾਈਂ ਵੀ ਦੋਸ਼ੀ ਸੀ। ਗਾਂਧੀਨਗਰ ਸੈਸ਼ਨ ਕੋਰਟ ਨੇ ਇਸ ਮਾਮਲੇ 'ਚ ਆਸਾਰਾਮ ਬਾਪੂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮਾਮਲੇ 'ਚ ਆਸਾਰਾਮ ਦੀ ਪਤਨੀ ਲਕਸ਼ਮੀ, ਬੇਟੀ ਭਾਰਤੀ ਅਤੇ ਚਾਰ ਮਹਿਲਾ ਪੈਰੋਕਾਰਾਂ ਨੂੰ ਵੀ ਪਾਰਟੀ ਬਣਾਇਆ ਗਿਆ ਹੈ ਪਰ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਬਰੀ ਕਰ ਦਿੱਤਾ।
2013 ਵਿੱਚ ਸੂਰਤ ਦੀਆਂ ਦੋ ਭੈਣਾਂ ਨੇ ਨਰਾਇਣ ਸਾਈਂ ਅਤੇ ਉਸਦੇ ਪਿਤਾ ਆਸਾਰਾਮ ਦੇ ਖ਼ਿਲਾਫ਼ ਜਬਰ ਜਨਾਹ ਦੀ ਸ਼ਿਕਾਇਤ ਦਰਜ ਕਰਵਾਈ ਸੀ। ਛੋਟੀ ਭੈਣ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਨਰਾਇਣ ਸਾਈਂ ਨੇ 2002 ਤੋਂ 2005 ਦਰਮਿਆਨ ਉਸ ਨਾਲ ਵਾਰ-ਵਾਰ ਜਬਰ ਜਨਾਹ ਕੀਤਾ। ਲੜਕੀ ਦੇ ਮੁਤਾਬਕ ਜਦੋਂ ਉਹ ਸੂਰਤ ਵਿੱਚ ਆਸਾਰਾਮ ਦੇ ਆਸ਼ਰਮ ਵਿੱਚ ਰਹਿ ਰਹੀ ਸੀ ਤਾਂ ਉਸ ਨਾਲ ਜਬਰ ਜਨਾਹ ਕੀਤਾ ਗਿਆ। ਉਸ ਦੀ ਵੱਡੀ ਭੈਣ ਨੇ ਕਿਹਾ ਸੀ ਕਿ ਆਸਾਰਾਮ ਨੇ ਅਹਿਮਦਾਬਾਦ ਦੇ ਆਸ਼ਰਮ ਵਿੱਚ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ।
ਆਸਾਰਾਮ ਬਾਪੂ ਇਸ ਸਮੇਂ ਜੋਧਪੁਰ ਦੀ ਜੇਲ੍ਹ ਵਿੱਚ ਬੰਦ ਹੈ। ਉਸ ਨੂੰ 2013 ਵਿੱਚ ਜੋਧਪੁਰ ਆਸ਼ਰਮ ਵਿੱਚ ਇੱਕ 16 ਸਾਲਾ ਲੜਕੀ ਨਾਲ ਜਬਰ ਜਨਾਹ ਕਰਨ ਦਾ ਦੋਸ਼ੀ ਪਾਇਆ ਗਿਆ ਸੀ। 2018 ਵਿੱਚ, ਜੋਧਪੁਰ ਦੀ ਇੱਕ ਅਦਾਲਤ ਨੇ ਇਸ ਮਾਮਲੇ ਵਿੱਚ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਦੱਸ ਦੇਈਏ ਕਿ ਆਸਾਰਾਮ 10 ਸਾਲ ਤੋਂ ਜੇਲ੍ਹ ਵਿੱਚ ਹੈ ਅਤੇ ਉਸ ਦੀ ਉਮਰ 80 ਸਾਲ ਤੋਂ ਵੱਧ ਹੈ ।