You are here

ਪੰਜਾਬ

ਬੀਬੀ ਢੀਡਸਾਂ ਨੇ ਸਿਹਤ ਕੇਂਦਰ  ਦਾ ਦੌਰਾ ਕੀਤਾ

ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਸੈਨੀਟਾਈਜਰ,ਮਾਸਕ ਅਤੇ ਵਿਟਾਮਿਨ ਸੀ ਦੀਆਂ ਕਿੱਟਾਂ ਭੇਟ ਕੀਤੀਆਂ 

ਮਹਿਲ ਕਲਾਂ /ਬਰਨਾਲਾ-ਮਈ 2020 -(ਗੁਰਸੇਵਕ ਸਿੰਘ ਸੋਹੀ)- ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਡਸਾਂ ਦੀ ਪਤਨੀ ਬੀਬੀ ਗਗਨਦੀਪ ਕੌਰ ਢੀਡਸਾਂ ਨੇ ਅੱਜ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦਾ ਦੌਰਾ ਕਰਕੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਸਿਹਤ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਜਾਣਕਾਰੀ ਹਾਸਲ ਕਰਨ ਉਪਰੰਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੈਨਾਟਾਈਜਰ ਵਿਟਾਮਿਨ ਸੀ ਅਤੇ ਮਾਸਕ ਦੀਆਂ ਕਿੱਟਾਂ ਭੇਟ ਕੀਤੀਆਂ । ਇਸ ਮੌਕੇ ਬੀਬੀ ਗਗਨਦੀਪ ਕੌਰ ਢੀਡਸਾਂ ਨੇ ਕਿਹਾ ਕਿ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਉਪਰਾਲੇ ਸਦਕਾ ਮਨੁੱਖਤਾ ਦੀ ਭਲਾਈ ਲਈ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਤੇ ਸੰਗਰੂਰ ਅੰਦਰ ਜਿੱਥੇ ਲੋੜਵੰਦ ਲੋਕਾਂ ਨੂੰ ਰਾਸ਼ਨ ਸਮੱਗਰੀ ਵੰਡੀ ਜਾ ਰਹੀ ਹੈ । ਉੱਥੇ ਫਰੰਟ ਲਾਇਨ ਤੇ ਕੰਮ ਕਰ ਰਹੀਆਂ ਸਿਹਤ ਵਿਭਾਗ ,ਪੁਲਸ ਵਿਭਾਗ ਅਤੇ ਹੋਰ ਵੱਖ ਵੱਖ ਵਿਭਾਗ ਦੀਆਂ ਟੀਮਾਂ ਨੂੰ ਸਨਮਾਨ ਦੇਣ ਦੇ ਨਾਲ ਨਾਲ ਸੈਨੀਟਾਈਜਰ,ਵਿਟਾਮਨ ਸੀ ਅਤੇ ਮਾਸਕ ਕਿੱਟਾਂ ਵੰਡੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਅਜੋਕੇ ਸਮੇਂ ਵਿਚ ਲੋਕਾਂ ਦੀ ਬਾਂਹ ਫੜਣਾ ਹੀ ਸਾਡਾ ਮੁੱਢਲਾ ਫਰਜ ਹੈ।ਜਿਸ ਨੂੰ ਢੀਡਸਾਂ ਪਰਿਵਾਰ ਅਪਣੀ ਪੁਰਾਣੀ ਰਵਾਇਤ ਅਨੁਸਾਰ ਵਧੀਆ ਤਰੀਕੇ ਨਾਲ ਨਿਭਾ ਰਿਹਾ ਹੈ।ਉਨ੍ਹਾਂ ਇਹ ਵੀ ਕਿਹਾ ਕਿ "ਅਮਾਨਤ ਫਾਊਡੇਸਨ" ਉਨ੍ਹਾਂ ਅਪਣੀ ਧੀ ਦੇ ਨਾਂਅ ’ਤੇ ਰੱਖਿਆ ਹੈ ਪਰ ਪਿਛਲੇ 3/4 ਵਰ੍ਹਿਆਂ ਵਿਚ ਉਕਤ ਫਾਉਡੇਸ਼ਨ ਨੂੰ ਜਿਆਦਾ ਐਕਟਿਵ ਕੀਤਾ ਹੈ । ਇਸ ਮੌਕੇ ਐਸ ਐਚ ਓ ਹਰਬੰਸ ਸਿੰਘ, ਸਾਬਕਾ ਚੇਅਰਮੈਨ ਅਜੀਤ ਸਿੰਘ ਸੰਧੂ ਕੁਤਬਾ,ਰੂਬਲ ਗਿੱਲ ਕਨੇਡਾ, ਸੁਰਿੰਦਰ ਸਿੰਘ ਆਹਲੂਵਾਲੀਆਂ,ਸਰਪੰਚ ਬਲਦੀਪ ਸਿੰਘ ਮਹਿਲ ਖ਼ੁਰਦ,ਜਗਸੀਰ ਸਿੰਘ ਭੋਲਾ,ਨਾਇਬ ਤਹਿਸੀਲਦਾਰ ਨਵਜੋਤ  ਤਿਵਾੜੀ,ਕੁਲਬੀਰ ਸਿੰਘ ਖੇੜੀ,ਬੰਤ ਸਿੰਘ ਕੁਤਬਾ,ਕਰਨੈਲ ਸਿੰਘ ਠੁੱਲੀਵਾਲ,ਨੰਬਰਦਾਰ ਗੁਰਪ੍ਰੀਤ ਸਿੰਘ ਚੀਨਾ,ਪ੍ਰੀਤਮ ਸਿੰਘ ਹੈਡ ਗਰੰਥੀ ਛੀਨੀਵਾਲ,ਗੁਰਜੀਤ ਸਿੰਘ ਖੰਨਾ, ਹਰੀ ਸਿੰਘ ਚੀਮਾ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।

ਸ਼੍ਰੋਮਣੀ ਕਮੇਟੀ ਵੱਲੋਂ ਵਿੱਤੀ ਸੰਕਟ ਦੀ ਸਮੀਖਿਆ ਕਮੇਟੀ ਬਣਾਈ

ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਅਖ਼ਤਿਆਰੀ ਫੰਡ ’ਤੇ ਸਾਲ ਲਈ ਰੋਕ

ਅੰਮ੍ਰਿਤਸਰ, ਮਈ  2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)  
ਕਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਵਿੱਤੀ ਸੰਕਟ ਵਿਚੋਂ ਨਿਕਲਣ ਲਈ ਸ਼੍ਰੋਮਣੀ ਕਮੇਟੀ ਨੇ ਇਕ ਉੱਚ ਪੱਧਰੀ ਕਮੇਟੀ ਬਣਾਈ ਹੈ, ਜੋ ਸਮੁੱਚੇ ਵਿੱਤੀ ਮਾਮਲਿਆਂ ਦੀ ਸਮੀਖਿਆ ਕਰੇਗੀ। ਸੰਕਟ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਨੇ ਸਮੂਹ ਮੈਂਬਰਾਂ ਦੇ ਅਖਤਿਆਰੀ ਕੋਟੇ ’ਤੇ ਇਕ ਸਾਲ ਲਈ ਅਤੇ ਤਿੰਨ ਮਹੀਨੇ ਵਾਸਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੇਣ ’ਤੇ ਰੋਕ ਲਾ ਦਿੱਤੀ ਹੈ। ਇਹ ਫੈਸਲਾ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਕੀਤਾ ਗਿਆ ਹੈ। ਇਹ ਇਕੱਤਰਤਾ ਵੱਲਾ ਨੇੜੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵਿਚ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਉਚ ਪੱਧਰੀ ਸਮੀਖਿਆ ਕਮੇਟੀ ਵਿਚ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਮੁਖ ਸਕੱਤਰ ਡਾ. ਰੂਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਸਮੂਹ ਗੁਰਦੁਆਰੇ ਅਤੇ ਵਿਦਿਅਕ ਅਦਾਰਿਆਂ ਨਾਲ ਸਬੰਧਤ ਵਿੱਤੀ ਮਾਮਲਿਆਂ ਦੀ ਸਮੀਖਿਆ ਕੀਤੀ ਜਾਵੇਗੀ। ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਮਾਰਗ ਸਬੰਧੀ ਕੇਂਦਰ ਸਰਕਾਰ ਕੋਲ ਪਹੁੰਚ ਕਰਨ ਦਾ ਫ਼ੈਸਲਾ ਕੀਤਾ ਹੈ। ਕੋਟ ਖਾਲਸਾ ਇਲਾਕੇ ਅਤੇ ਹਰਿਆਣਾ ਦੇ ਪਿਹੋਵਾ ਵਿਖੇ ਬੇਅਦਬੀ ਸਬੰਧੀ ਨਿਖੇਧੀ ਮਤਾ ਪਾਸ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। 

ਮਾਰਕਫੈੱਡ ਨੇ ਲਾਕਡਾਊਨ  ਦੌਰਾਨ ਜ਼ਿਲੇ ’ਚ 2 ਕਰੋੜ ਰੁਪਏ ਦੀਆਂ ਜ਼ਰੂਰੀ ਵਸਤਾਂ ਦੀ ਕੀਤੀ ਸਪਲਾਈ

ਫੋਟੋ :-ਸ੍ਰੀਮਤੀ ਸਰਬਜੀਤ ਕੌਰ, ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ ਕਪੂਰਥਲਾ

ਕਪੂਰਥਲਾ ,ਮਈ 2020 - (ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਨੇਜਰ ਮਾਰਕਫੈੱਡ ਕਪੂਰਥਲਾ ਸ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲਾਕਡਾੳੂਨ ਦੌਰਾਨ ਜ਼ਿਲਾ ਕਪੂਰਥਲਾ ਵਿਚ ਮਾਰਕੀਟਿੰਗ ਸਹਿਕਾਰੀ ਸਭਾਵਾਂ ਕਪੂਰਥਲਾ, ਭੁਲੱਥ, ਸੁਲਤਾਨਪੁਰ ਲੋਧੀ ਅਤੇ ਫਗਵਾੜ ਰਾਹੀਂ ਜ਼ਿਲੇ ਦੀਆਂ ਸਮੂਹ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਸਹਿਯੋਗ ਨਾਲ ਘਰ-ਘਰ ਜਾ ਕੇ 2 ਕਰੋੜ ਰੁਪਏ ਦੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਕੀਤੀ ਗਈ। ਉਨਾਂ ਦੱਸਿਆ ਕਿ ਇਨਾਂ ਵਸਤਾਂ ਵਿਚ ਆਟਾ, ਖੰਡ, ਤੇਲ, ਘਿਓ, ਚਾਹ ਪੱਤੀ, ਮਸਾਲੇ, ਕੈਟਲ ਫੀਡ ਆਦਿ ਸ਼ਾਮਿਲ ਹਨ। ਉਨਾਂ ਦੱਸਿਆ ਕਿ ਇਨਾਂ ਵਸਤਾਂ ਉਪਰ ਸਰਕਾਰੀ ਹਦਾਇਤਾਂ ਅਨੁਸਾਰ 5 ਫੀਸਦੀ ਵਿਸ਼ੇਸ਼ ਛੋਟ ਵੀ ਦਿੱਤੀ ਗਈ। ਲੋਕਾਂ ਵੱਲੋਂ ਮਾਰਕਫੈੱਡ ਦੇ ਉਤਪਾਦਾਂ ਦੇ ਉੱਚ ਮਿਆਰੀ ਹੋਣ ’ਤੇ ਸ਼ਲਾਘਾ ਵੀ ਕੀਤੀ ਗਈ। ਉਨਾਂ ਦੱਸਿਆ ਕਿ ਮਾਰਕਫੈੱਡ ਦੀ ਇਸ ਕਾਰਗੁਜ਼ਾਰੀ ਦੀ ਜ਼ਿਲੇ ਦੇ ਡਿਪਟੀ ਰਜਿਸਟਰਾਰ ਸ੍ਰੀਮਤੀ ਸਰਬਜੀਤ ਕੌਰ ਬਾਜਵਾ ਨੇ ਸ਼ਲਾਘਾ ਕਰਦਿਆਂ ਸਮੂਹ ਸਹਾਇਕ ਰਜਿਸਟਰਾਰਾਂ ਨੂੰ ਇਨਾਂ ਵਸਤਾਂ ਦੀ ਨਿਰਵਿਘਨ ਸਪਲਾਈ ਜਾਰੀ ਰੱਖਣ ਲਈ ਵਿਚ ਸਹਿਯੋਗ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨਾਂ ਸਮੂਹ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵੱਲੋਂ ਇਸ ਔਖੇ ਸਮੇਂ ਡੋਰ-ਟੂ-ਡੋਰ ਸਪਲਾਈ ਕਰਨ ਦੇ ਕਾਰਜ ਦੀ ਪ੍ਰਸੰਸਾ ਵੀ ਕੀਤੀ। ਉਨਾਂ ਇਸ ਮੌਕੇ ਮਾਰਕਫੈੱਡ ਅਤੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਹਦਾਇਤ ਕੀਤੀ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਖਾਦ, ਕੀਟ ਨਾਸ਼ਕ, ਨਦੀਨ ਨਾਸ਼ਕ ਦਵਾਈਆਂ ਅਤੇ ਬੀਜ ਸਬੰਧੀ ਕੋਈ ਵੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਉਨਾਂ ਸਭਾਵਾਂ ਅੰਦਰ ਸਰਕਾਰ ਦੀਆਂ ਹਦਾਇਤਾਂ ਦੀਆਂ ਪਾਲਣਾ ਕਰਦਿਆਂ ਸੋਸ਼ਲ ਡਿਸਟੈਂਸ ਅਤੇ ਹੋਰਨਾਂ ਸਾਵਧਾਨੀਆਂ ਤੇ ਸਿਹਤ ਸੁਰੱਖਿਆ ਉਪਾਵਾਂ ਦਾ ਧਿਆਨ ਰੱਖਦਿਆਂ ਖਾਦ ਆਦਿ ਦੀ ਸਪਲਾਈ ਕਰਵਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ। 

ਬਲੱਡ ਪ੍ਰੈਸ਼ਰ ਦਾ ਵਧਣਾ ਜਾਂ ਘਟਣਾ ਦੋਵੇਂ ਖ਼ਤਰਨਾਕ

ਫੋਟੋ :-ਡਾ. ਜਸਮੀਤ ਬਾਵਾ, ਸਿਵਲ ਸਰਜਨ ਕਪੂਰਥਲਾ।

-ਡਾ. ਜਸਵਿੰਦਰ ਕੁਮਾਰੀ, ਸੀਨੀਅਰ ਮੈਡੀਕਲ ਅਫ਼ਸਰ ਢਿਲਵਾਂ।

ਕਪੂਰਥਲਾ , ਮਈ 2020 - (ਹਰਜੀਤ ਸਿੰਘ ਵਿਰਕ)

ਸਿਵਲ ਸਰਜਨ ਡਾ. ਜਸਮੀਤ ਬਾਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਢਿਲਵਾਂ ਡਾ. ਜਸਵਿੰਦਰ ਕੁਮਾਰੀ ਵੱਲੋਂ ਅੱਜ ਵਿਸ਼ਵ ਉੱਚ ਖ਼ੂਨ ਦਬਾਅ ਦਿਵਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ੂਨ ਦੇ ਦਬਾਅ ਦਾ ਵਧਣਾ ਜਾਂ ਘਟਣਾ ਦੋਵੇਂ ਖ਼ਤਰਨਾਕ ਹੋ ਸਕਦੇ ਹਨ। ਉਨਾਂ ਕਿਹਾ ਕਿ ਜੇਕਰ ਖ਼ੂਨ ਦਾ ਦਬਾਅ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਦਿਲ ਦੇ ਦੌਰੇ, ਅਧਰੰਗ, ਅੰਨਾਪਣ, ਗੁਰਦਿਆਂ ਦੀਆਂ ਬਿਮਾਰੀਆਂ, ਗੁਪਤ ਰੋਗਾਂ, ਮਾਨਸਿਕ ਤਣਾਅ ਆਦਿ ਦਾ ਕਾਰਨ ਬਣ ਸਕਦਾ ਹੈ। ਉਨਾਂ ਕਿਹਾ ਕਿ ਉੱਚ ਖ਼ੂਨ ਦੇ ਦਬਾਅ ਤੋਂ ਪੀੜਤ ਹੋਣਾ ਕਈ ਕਾਰਨਾਂ ’ਤੇ ਨਿਰਭਰ ਕਰਦਾ ਹੈ, ਜਿਵੇਂ ਪਰਿਵਾਰ ਵਿਚ ਪੀੜੀ-ਦਰ-ਪੀੜੀ ਉੱਚ ਖ਼ੂਨ ਦੇ ਦਬਾਅ ਬਿਮਾਰੀ ਦਾ ਹੋਣਾ, ਮੋਟਾਪਾ, ਸ਼ਰਾਬ ਦੀ ਜ਼ਿਆਦਾ ਵਰਤੋਂ, ਨਮਕ ਦੀ ਜ਼ਿਆਦਾ ਵਰਤੋਂ ਅਤੇ ਗੁਰਦੇ ਦੀਆਂ ਬਿਮਾਰੀਆਂ ਆਦਿ। ਉਨਾਂ ਕਿਹਾ ਕਿ ਇਸ ਤੋਂ ਬਚਾਅ ਲਈ ਖਾਣੇ ਵਿਚ ਚਰਬੀ ਦੀ ਮਾਤਰਾ ਨੂੰ ਘੱਟ ਕੀਤਾ ਜਾਵੇ, ਸਬਜ਼ੀਆਂ ਅਤੇ ਫ਼ਲਾਂ ਆਦਿ ਦਾ ਸੇਵਨ ਜ਼ਿਆਦਾ ਕੀਤਾ ਜਾਵੇ, ਵਜ਼ਨ ਨੂੰ ਕੰਟਰੋਲ ਕੀਤਾ ਜਾਵੇ, ਤੰਬਾਕੂ ਅਤੇ ਸਿਰਟ ਦੀ ਵਰਤੋਂ ਬੰਦ ਕੀਤੀ ਜਾਵੇ, ਸ਼ਰਾਬ ਦੀ ਮਾਤਰਾ ਘੱਟ ਕੀਤੀ ਜਾਵੇ, ਹਫ਼ਤੇ ਵਿਚ ਘੱਟੋ-ਘੱਟ ਪੰਜ ਦਿਨ ਕਸਰਤ ਲਈ ਸਮਾਂ ਦਿੱਤਾ ਜਾਵੇ ਅਤੇ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਵਿਚ ਕੁਝ ਬਦਲਾਅ ਕੀਤੇ ਜਾਣ। ਉਨਾਂ ਅਪੀਲ ਕੀਤੀ ਕਿ ਆਪਣੇ ਖ਼ੂਨ ਦੇ ਦਬਾਅ ਦਾ ਪੱਧਰ ਘੱਟ ਤੋਂ ਘੱਟ ਸਾਲ ਵਿਚ ਇਕ ਵਾਰ ਜ਼ਰੂਰ ਜਾਣ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਸਮੇਂ ਜਦੋਂ ਸਾਰਾ ਸੰਸਾਰ ਕੋਵਿਡ-19 ਵਾਇਰਸ ਨਾਲ ਪ੍ਰਭਾਵਿਤ ਹੈ ਅਤੇ ਜਿਸ ਕਾਰਨ ਆਮ ਲੋਕਾਂ ਵਿਚ ਡਰ ਦਾ ਮਾਹੌਲ ਹੈ। ਇਸ ਸਮੇਂ ਘਰ ਵਿਚ ਪਰਿਵਾਰਕ ਮਾਹੌਲ ਬਣਾਉਂਦੇ ਹੋਏ ਸਮਾਂ ਬਿਤਾਉਣ ਨਾਲ ਮਾਨਸਿਕ ਪ੍ਰੇਸ਼ਾਨੀ ਤੋਂ ਬਚਾਅ ਹੋ ਸਕਦਾ ਹੈ, ਜਿਸ ਨਾਲ ਖ਼ੂਨ ਦੇ ਦਬਾਅ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਈ-ਸੰਜੀਵਨੀ ਓ. ਪੀ. ਡੀ ਦੀ ਸ਼ੁਰੂਆਤ ਵੀ ਕੀਤੀ ਹੋਈ ਹੈ, ਜਿਸ ਰਾਹੀਂ ਘਰ ਬੈਠੇ ਹੀ ਮਾਹਿਰ ਡਾਕਟਰਾਂ ਦੀ ਸਲਾਹ ਲਈ ਜਾ ਸਕਦੀ ਹੈ। ਉਨਾਂ ਨੇ ਕੋਵਾ ਪੰਜਾਬ ਐਪ ਸਭ ਨੂੰ ਆਪਣੇ ਮੋਬਾਈਲਾਂ ਵਿਚ ਡਾੳੂਨਲੋਡ ਕਰਨ ਦੀ ਸਲਾਹ ਦਿੱਤੀ, ਜਿਸ ਵਿਚ ਈ-ਸੰਜੀਵਨੀ ਦਾ ਲਿੰਕ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਚੰਗੀ ਸਿਹਤ ਲਈ ਸੰਤੁਲਿਤ ਸਾਦਾ ਭੋਜਨ, ਚੁਸਤ ਸਰੀਰ ਲਈ ਸਰੀਰਕ ਵਰਜਿਸ਼ ਅਤ।ੇ ਤੰਦਰੁਸਤ ਦਿਮਾਗ ਲਈ ਖੁਸ਼ਗਵਾਰ ਮਾਹੌਲ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰ ਤੋਂ ਬਾਹਰ ਜਾਣ ਸਮੇਂ ਜਾਂ ਕਿਸੇ ਹੋਰ ਨਾਲ ਸੰਪਰਕ ਸਮੇਂ ਆਪਣੇ ਮੂੰਹ ’ਤੇ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣੇ ਹੱਥਾਂ ਨੂੰ ਸਾਫ਼ ਕਰਨ ਤੋਂ ਬਿਨਾਂ ਆਪਣੇ ਮੂੰਹ ਵੱਲ ਨਹੀਂ ਲਿਜਾਣਾ ਚਾਹੀਦਾ ਅਤੇ ਇਕ-ਦੂਜੇ ਤੋ ਲੋੜੀਂਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।  

 

ਈ-ਸੰਜੀਵਨੀ ਓ. ਪੀ. ਡੀ ਰਾਹੀਂ ਘਰ ਬੈਠੇ ਦਿੱਤਾ ਜਾ ਰਿਹੈ ਸਿਹਤ ਸਹੂਲਤਾਂ ਦਾ ਲਾਭ

ਫੋਟੋ :-ਈ-ਸੰਜੀਵਨੀ ਓ. ਪੀ. ਡੀ ਵਿਚ ਮਰੀਜ਼ਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਡਾਕਟਰ।

ਕਪੂਰਥਲਾ , ਮਈ 2020 -(ਹਰਜੀਤ ਸਿੰਘ ਵਿਰਕ)-

ਲਾਕਡਾੳੂਨ ਦੇ ਮੱਦੇਨਜ਼ਰ ਹੁਣ ਲੋਕਾਂ ਨੂੰ ਘਰ ਬੈਠੇ ਵੀ ਡਾਕਟਰੀ ਸਲਾਹ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ ਬੈਠੇ ਨਿਰਵਿਘਨ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਵੱਲੋਂ ਈ-ਕੰਸਲਟੇਸ਼ਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਈ-ਸੰਜੀਵਨੀ ਓ. ਪੀ. ਡੀ ਰਾਹੀਂ ਘਰ ਬੈਠੇ ਹੀ ਮਾਹਿਰ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਕੋਵਾ ਐਪ ਵਿਚ ਵੀ ਇਹ ਫੀਚਰ ਉਪਲਬੱਧ ਹੈ ਅਤੇ ਲੋਕ ਆਨਲਾਈਨ ਵੀ ਇਸ ਨਾਲ ਜੁੜ ਸਕਦੇ ਹਨ। ਉਨਾਂ ਇਹ ਵੀ ਦੱਸਿਆ ਕਿ ਡਾਕਟਰਾਂ ਦੀ ਟੀਮ ਸੋਮਵਾਰ ਤੋਂ ਸਨਿੱਚਰਵਾਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਇਸ ਐਪ ਰਾਹੀਂ ਆਪਣੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਉਨਾਂ ਲੋਕਾਂ ਨੂੰ ਇਸ ਐਪ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ ਕੀਤੀ ਹੈ। 

ਕੋਵਾ ਐਪ ਪੰਜਾਬ ਉੱਤੇ ਵੀ ਲਿਆ ਜਾ ਸਕਦਾ ਹੈ ਇਸ ਸੇਵਾ ਦਾ ਲਾਭ-ਡਾ. ਸਾਰਿਕਾ ਦੁੱਗਲ :

ਟੈਲੀ ਮੈਡੀਸਨ ਦੇ ਇੰਚਾਰਜ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਈ-ਸੰਜੀਵਨੀ ਓ. ਪੀ. ਡੀ ਸੇਵਾ ਪੂਰੇ ਪੰਜਾਬ ਵਿਚ ਚੱਲ ਰਹੀ ਹੈ। ਉਨਾਂ ਦੱਸਿਆ ਕਿ ਇਸ ਸੇਵਾ ਦਾ ਲਾਭ ਕੋਵਾ ਪੰਜਾਬ ਮੋਬਾਈਲ ਐਪਲੀਕੇਸ਼ਨ ’ਤੇ ਵੀ ਲਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਮਰੀਜ਼ਾਂ ਨੂੰ ਘਰ ਬੈਠੇ ਈ-ਸੰਜੀਵਨੀ ਓ. ਪੀ. ਡੀ ’ਤੇ ਲਾਗਇਨ ਕਰਨਾ ਹੋਵੇਗਾ। ਉਸ ਤੋਂ ਬਾਅਦ ਮੰਗੀ ਗਈ ਜਾਣਕਾਰੀ, ਜਿਵੇਂ ਨਾਮ, ਉਮਰ, ਬਿਮਾਰੀ, ਫੋਨ ਨੰਬਰ ਆਦਿ ਜਾਣਕਾਰੀ ਨਾਲ ਸਬੰਧਤ ਇਕ ਫਾਰਮੈਟ ਭਰਨਾ ਹੋਵੇਗਾ। ਫਾਰਮੈਟ ਸਬਮਿਟ ਕਰਨ ਤੋਂ ਬਾਅਦ ਮਰੀਜ਼ ਦੀ ਰਜਿਸਟ੍ਰੇਸ਼ਨ ਹੋਵੇਗੀ ਅਤੇ ਟੋਕਨ ਜਰਨੇਟ ਹੋਵੇਗਾ। ਨੋਟੀਫਿਕੇਸ਼ਨ ਪ੍ਰਾਪਤ ਹੋਣ ’ਤੇ ਲਾਗਇਨ ਕਰਨ ਤੋਂ ਬਾਅਦ ਨੰਬਰ ਆਉਣ ’ਤੇ ਡਾਕਟਰ ਨਾਲ ਲਾਈਵ ਜੁੜ ਕੇ ਮਰੀਜ਼ ਆਪਣੀ ਸਮੱਸਿਆ ਦੱਸ ਸਕਦਾ ਹੈ। ਉਸ ਤੋਂ ਬਾਅਦ ਮਰੀਜ਼ ਡਾਕਟਰੀ ਸਲਾਹ ਦੀ ਈ-ਪ੍ਰੀਸਿਪਸ਼ਨ ਡਾੳੂਨਲੋਡ ਕਰ ਕੇ ਮਰੀਜ਼ ਬਾਹਰੋਂ ਦਵਾਈ ਲੈ ਸਕਦਾ ਹੈ। ਈ-ਸੰਜੀਵਨੀ ਓ. ਪੀ. ਡੀ ਦੇ ਨੋਡਲ ਅਫ਼ਸਰ ਡਾ. ਗੁਰਦੇਵ ਭੱਟੀ ਨੇ ਦੱਸਿਆ ਕਿ ਇਸ ਸੇਵਾ ਦਾ ਲਾਭ ਲੈਣ ਲਈ ਮਰੀਜ਼ ਕੋਲ ਕੰਪਿੳੂਟਰ, ਲੈਪਟਾਪ ਨਾਲ ਮਾਈਕ, ਸਪੀਕਰ, ਇਨਬਿਲਟ ਵੈੱਬ ਕੈਮ ਦੀ ਸਹੂਲਤ ਹੋਣੀ ਲੋੜੀਂਦੀ ਹੈ। ਇਸ ਤੋਂ ਇਲਾਵਾ ਸਮਾਰਟ ਫੋਨ ਰਾਹੀਂ ਵੀ ਇਸ ਸੇਵਾ ਦਾ ਲਾਭ ਲਿਆ ਜਾ ਸਕਦਾ ਹੈ।

ਜ਼ਿਲੇ ’ਚ 21 ਕੋਰੋਨਾ ਮਰੀਜ਼ ਸਿਹਤਯਾਬ ਹੋਣ ਉਪਰੰਤ ਘਰਾਂ ਨੂੰ ਪਰਤੇ

ਕੈਪਸ਼ਨ : ਵੀਡੀਓ ਕਾਨਫਰੰਸ ਰਾਹੀਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਿਹਤਯਾਬ ਹੋਏ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ। 

ਸਿਹਤਯਾਬ ਹੋਏ ਮਰੀਜ਼ਾਂ ਨਾਲ ਖਾਣਾ ਖਾਂਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ। 

ਕੋਰੋਨਾ ’ਤੇ ਫਤਹਿ ਹਾਸਲ ਕਰਨ ਵਾਲਿਆਂ ਨੂੰ ਘਰਾਂ ਲਈ ਰਵਾਨਾ ਕਰਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ। 

ਰਵਾਨਗੀ ਮੌਕੇ ਦੇ ਵੱਖ-ਵੱਖ ਦਿ੍ਰਸ਼।

ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਠੀਕ ਹੋਏ ਵਿਅਕਤੀਆਂ ਨਾਲ ਕੀਤੀ ਗੱਲਬਾਤ

ਆਈਸੋਲੇਸ਼ਨ ਸੈਂਟਰ ਕਪੂਰਥਲਾ ਤੋਂ 12, ਪੀ. ਟੀ. ਯੂ ਤੋਂ 4 ਅਤੇ ਫਗਵਾੜਾ ਤੋਂ 5 ਮਰੀਜ਼ਾਂ ਨੂੰ ਮਿਲੀ ਛੁੱਟੀ

ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮਰੀਜ਼ਾਂ ਨਾਲ ਖਾਧਾ ਖਾਣਾ ਅਤੇ ਦਿੱਤੀਆਂ ਸ਼ੁੱਭ ਕਾਮਨਾਵਾਂ

ਰਾਣਾ ਗੁਰਜੀਤ ਸਿੰਘ ਵੱਲੋਂ ਖਾਣਾ ਵਰਤਾਉਣ ਵਾਲੀ ਸਵੈ-ਚਾਲਤ ਵਿਸ਼ੇਸ਼ ਟਰਾਲੀ ਕੋਵਿਡ ਸੈਂਟਰ ਨੂੰ ਭੇਟ

ਡਰੋਨ ਰਾਹੀਂ ਫੁੱਲਾਂ ਦੀ ਵਰਖਾ ਕਰਕੇ ਦਿੱਤੀ ਗਈ ਸ਼ਾਨਦਾਰ ਵਿਦਾਇਗੀ

ਕਪੂਰਥਲਾ ,ਮਈ 2020 - (ਹਰਜੀਤ ਸਿੰਘ ਵਿਰਕ)-

ਅੱਜ ਕਪੂਰਥਲਾ ਜ਼ਿਲੇ ਲਈ ਇਕ ਵੱਡੀ ਰਾਹਤ ਅਤੇ ਖੁਸ਼ੀ ਭਰੀ ਖ਼ਬਰ ਆਈ, ਜਦੋਂ ਇਥੋਂ 21 ਕੋਰੋਨਾ ਮਰੀਜ਼ ਸਿਹਤਯਾਬ ਹੋਣ ਉਪਰੰਤ ਆਪਣੇ ਘਰਾਂ ਨੂੰ ਪਰਤੇ। ਕੋਰੋਨਾ ’ਤੇ ਫਤਹਿ ਹਾਸਲ ਕਰਨ ਵਾਲੇ ਇਨਾਂ ਵਿਅਕਤੀਆਂ ਵਿਚੋਂ 12 ਨੂੰ ਆਈਸੋਲੇਸ਼ਨ ਸੈਂਟਰ ਕਪੂਰਥਲਾ, 4 ਨੂੰ ਪੀ. ਟੀ. ਯੂ ਅਤੇ 5 ਨੂੰ ਫਗਵਾੜਾ ਤੋਂ ਛੁੱਟੀ ਦਿੱਤੀ ਗਈ।  ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਪਹਿਲਕਦਮੀ ਸਦਕਾ ਆਈਸੋਲੇਸ਼ਨ ਵਾਰਡ ਕਪੂਰਥਲਾ ਤੋਂ ਛੁੱਟੀ ਦਿੱਤੇ ਜਾਣ ਵਾਲੇ ਵਿਅਕਤੀਆਂ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਨੇ ਕੋਰੋਨਾ ’ਤੇ ਫਤਹਿ ਪਾਉਣ ਵਾਲੇ ਵਿਅਕਤੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ, ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਨਾਲ ਜੰਗ ਦੀ ਇਸ ਔਖੀ ਘੜੀ ਵਿਚ ਨਿਭਾਈ ਜਾ ਰਹੀ ਸ਼ਾਨਦਾਰ ਭੂਮਿਕਾ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਜਲਦ ਹੀ ਅਸੀਂ ਇਸ ਜੰਗ ਵਿਚ ਫਤਹਿ ਹਾਸਲ ਕਰਾਂਗੇ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਨੂੰ ਜ਼ਿਲੇ ਵਿਚ ਕੋਰੋਨਾ ਖਿਲਾਫ਼ ਲੜੀ ਜਾ ਰਹੀ ਜੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨਾਂ ਸ਼ੁਰੂ ਕੀਤੀ ਗਈ ਸੈਨੀਟਾਈਜ਼ੇਸ਼ਨ ਮੁਹਿੰਮ, ਸਿਵਲ ਹਸਪਤਾਲ ’ਚ ਮੈਡੀਕਲ ਸਟਾਫ ਦੀ ਸਹਾਇਤਾ ਲਈ ਤਾਇਨਾਤ ਕੀਤੀ ਗਈ ਵਲੰਟੀਅਰਾਂ ਦੀ ਟੀਮ ਅਤੇ ਹੋਰਨਾਂ ਕਾਰਜਾਂ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ। ਸਿਹਤਯਾਬ ਹੋਏ ਮਰੀਜ਼ਾਂ ਵੱਲੋਂ ਉਨਾਂ ਦੇ ਵਧੀਆ ਇਲਾਜ, ਖਾਣ-ਪੀਣ ਅਤੇ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਅਤੇ ਉਨਾਂ ਨੂੰ ਚੜਦੀ ਕਲਾ ਵਿਚ ਰੱਖਣ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਕੀਤੇ ਅਣਥੱਕ ਯਤਨਾਂ ਬਾਰੇ ਦੱਸਿਆ। 

ਸਿਹਤਯਾਬ ਹੋਏ ਵਿਅਕਤੀਆਂ ਨੂੰ ਘਰਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਉਨਾਂ ਨਾਲ ਦੁਪਹਿਰ ਦਾ ਖਾਣਾ ਖਾਧਾ। ਉਨਾਂ ਕਿਹਾ ਕਿ ਸਾਨੂੰ ਕੋਰੋਨਾ ਬਿਮਾਰੀ ਨਾਲ ਨਫਰਤ ਕਰਨੀ ਚਾਹੀਦੀ ਹੈ, ਨਾ ਕਿ ਕੋਰੋਨਾ ਮਰੀਜ਼ਾਂ ਨਾਲ। ਉਨਾਂ ਕਿਹਾ ਕਿ ਇਸ ਸਬੰਧੀ ਸਾਰੇ ਸਮਾਜ ਨੂੰ ਜਾਗਰੂਕ ਹੋਣ ਦੀ ਲੋੜ ਹੈ। 

ਇਸ ਦੌਰਾਨ ਉਨਾਂ ਕੋਵਿਡ ਸੈਂਟਰ ਲਈ ਸਵੈ-ਚਾਲਿਤ ਖਾਣਾ ਵਰਤਾਉਣ ਵਾਲੀ ਇਕ ਵਿਸ਼ੇਸ਼ ਟਰਾਲੀ ‘ਫੂਡ ਆਨ ਵੀਲ’ ਭੇਟ ਕੀਤੀ। ਰਿਮੋਟ ਨਾਲ ਚੱਲਣ ਵਾਲੀ ਇਸ ਟਰਾਲੀ ਜ਼ਰੀਏ ਮਰੀਜ਼ਾਂ ਨਾਲ ਸੰਪਰਕ ਵਿਚ ਆਏ ਬਗੈਰ ਉਨਾਂ ਨੂੰ ਆਸਾਨੀ ਨਾਲ ਖਾਣਾ ਵਰਤਾਇਆ ਜਾ ਸਕਦਾ ਹੈ। ਰਾਣਾ ਗੁਰਜੀਤ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਹ ਵਿਸ਼ੇਸ਼ ਟਰਾਲੀ ਸ. ਦਵਿੰਦਰ ਪਾਲ ਸਿੰਘ ਰੰਗਾ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਅਜਿਹੀਆਂ ਹੋਰ ਟਰਾਲੀਆਂ ਵੀ ਲਾਂਚ ਕੀਤੀਆਂ ਜਾਣਗੀਆਂ। 

ਕੋਰੋਨਾ ’ਤੇ ਫਤਹਿ ਹਾਸਲ ਕਰਨ ਵਾਲਿਆਂ ਵੱਲੋਂ ਰਵਾਨਗੀ ਮੌਕੇ ਜੈਕਾਰੇ ਗੂੰਜਾਏ ਗਏ। ਖੁਸ਼ਮਈ ਮਾਹੌਲ ਵਿਚ ਉਨਾਂ ਨੂੰ ਗੁਲਦਸਤੇ ਭੇਟ ਕਰਕੇ ਸ਼ਾਨਦਾਰ ਵਿਦਾਇਗੀ ਦਿੱਤੀ ਗਈ ਅਤੇ ਇਸ ਦੌਰਾਨ ਡਰੋਨ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ ਦਾ ਨਜ਼ਾਰਾ ਵੇਖਣਯੋਗ ਸੀ। ਵਿਧਾਇਕ ਰਾਣਾ ਗੁਰਜੀਤ ਸਿੰਘ, ਸਿਵਲ ਸਰਜਨ ਡਾ. ਜਸਮੀਤ ਬਾਵਾ, ਮੈਡੀਕਲ ਸਟਾਫ ਅਤੇ ਹੋਰਨਾਂ ਸ਼ਖਸੀਅਤਾਂ ਵੱਲੋਂ ਉਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨਾਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ ਗਈ। ਰਾਣਾ ਗੁਰਜੀਤ ਸਿੰਘ ਨੇ ਇਸ ਔਖੀ ਘੜੀ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਦਿਨ-ਰਾਤ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਈਸੋਲੇਸ਼ਨ ਵਾਰਡ ਵਿਚ ਤਾਇਨਾਤ ਮੈਡੀਕਲ ਅਤੇ ਪੈਰਾ ਮੈਡੀਕਲ ਟੀਮ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ।

ਇਸ ਮੌਕੇ ਡਾ. ਸੰਦੀਪ ਧਵਨ, ਡਾ. ਸੰਦੀਪ ਭੋਲਾ, ਡਾ. ਰਾਜੀਵ ਭਗਤ, ਸ. ਅਮਰਜੀਤ ਸਿੰਘ ਸੈਦੋਵਾਲ, ਸ੍ਰੀ ਵਿਸ਼ਾਲ ਸੋਨੀ, ਸ. ਦਵਿੰਦਰ ਪਾਲ ਸਿੰਘ ਰੰਗਾ, ਸ੍ਰੀ ਨਰਿੰਦਰ ਸਿੰਘ ਮੰਨਸੂ, ਸ. ਮਨਪ੍ਰੀਤ ਸਿੰਘ ਮਾਂਗਟ, ਸ੍ਰੀ ਕਰਨ ਮਹਾਜਨ, ਸ੍ਰੀ ਕੁਲਦੀਪ ਸ਼ਰਮਾ, ਸ੍ਰੀ ਰਾਜੀਵ ਗੁਪਤਾ, ਸ੍ਰੀ ਸ਼ੈਰੀ ਤੋਂ ਇਲਾਵਾ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ। 

ਸੁਮੇਧ ਸੈਣੀ ਤੋਂ ਸਵਾ ਘੰਟੇ ਪੁੱਛ-ਪੜਤਾਲ

ਮੁਹਾਲੀ,  ਮਈ 2020 -(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ (29) ਅਗਵਾ ਮਾਮਲੇ ਵਿੱਚ ਐਤਵਾਰ ਨੂੰ ਇੱਥੋਂ ਦੇ ਸੈਕਟਰ-76 ਸਥਿਤ ਐੱਸਐੱਸਪੀ ਦਫ਼ਤਰ ਵਿੱਚ ਪਹੁੰਚੇ ਅਤੇ ਬਿਆਨ ਦਰਜ ਕਰਵਾਏ। ਸੂਤਰਾਂ ਮੁਤਾਬਕ ਸੈਣੀ ਐੱਸਐੱਸਪੀ ਦਫ਼ਤਰ ’ਚ ਕਰੀਬ ਸਵਾ ਘੰਟੇ ਤੱਕ ਰਹੇ। ਉਨ੍ਹਾਂ ਕਿਹਾ ਕਿ ਉਸ ਤੋਂ ਮੁਲਤਾਨੀ ਅਗਵਾ ਕੇਸ ਬਾਰੇ ਜਾਂਚ ਟੀਮ ਨੇ ਕਈ ਸਵਾਲ ਕੀਤੇ ਜਿਨ੍ਹਾਂ ਦਾ ਸੈਣੀ ਨੇ ਬੜੀ ਹੁਸ਼ਿਆਰੀ ਨਾਲ ਜਵਾਬ ਦਿੱਤਾ ਪ੍ਰੰਤੂ ਕਿਸੇ ਅਧਿਕਾਰੀ ਨੇ ਕਰਾਸ ਪੁੱਛ-ਗਿੱਛ ਦੌਰਾਨ ਬਹੁਤਾ ਜ਼ੋਰ ਜਾਂ ਦਬਾਅ ਪਾਉਣ ਦੀ ਹਿੰਮਤ ਨਹੀਂ ਦਿਖਾਈ। ਉਂਜ ਕਾਨੂੰਨ ਮੁਤਾਬਕ ਕਿਸੇ ਵੀ ਅਪਰਾਧਿਕ ਮਾਮਲੇ ਵਿੱਚ ਮੁਲਜ਼ਮ, ਭਾਵੇਂ ਕੋਈ ਵੀ ਹੋਵੇ, ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸਬੰਧਤ ਥਾਣੇ ਵਿੱਚ ਪੇਸ਼ ਹੋਣਾ ਬਣਦਾ ਹੈ। ਇਸ ਤੋਂ ਪਹਿਲਾਂ 13 ਮਈ ਨੂੰ ਸੈਣੀ ਨੇ ਥਾਣੇ ਪਹੁੰਚ ਕੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਸੀ ਅਤੇ 50 ਹਜ਼ਾਰ ਦਾ ਨਿੱਜੀ ਮੁਚੱਲਕਾ ਭਰਿਆ ਸੀ। ਅਦਾਲਤ ਨੇ 11 ਮਈ ਨੂੰ ਸੈਣੀ ਨੂੰ ਪੇਸ਼ਗੀ ਜ਼ਮਾਨਤ ਦੇਣ ਸਮੇਂ ਹਫ਼ਤੇ ਦੇ ਅੰਦਰ ਅੰਦਰ ਜਾਂਚ ਅਧਿਕਾਰੀ/ਐੱਸਐੱਚਓ ਕੋਲ ਜਾਂਚ ਵਿੱਚ ਸ਼ਾਮਲ ਹੋਣ ਅਤੇ ਜ਼ਮਾਨਤੀ ਬਾਂਡ ਭਰਨ ਲਈ ਆਖਿਆ ਸੀ।
ਇਸ ਦੌਰਾਨ ਟਰਾਈਸਿਟੀ ਦਾ ਸਾਰਾ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਸਵੇਰੇ 10 ਵਜੇ ਤੋਂ ਹੀ ਮੁਹਾਲੀ ਦੇ ਮਟੌਰ ਥਾਣੇ ਦੇ ਬਾਹਰ ਧੁੱਪ ਵਿੱਚ ਖੜ੍ਹਾ ਸੀ। ਪਹਿਲਾਂ ਸਵੇਰੇ 10 ਵਜੇ, ਫਿਰ ਦੁਪਹਿਰ 1 ਵਜੇ ਅਤੇ ਬਾਅਦ ਵਿੱਚ ਤਿੰਨ ਵਜੇ ਸੈਣੀ ਦੇ ਥਾਣੇ ਪੇਸ਼ ਹੋਣ ਬਾਰੇ ਕਿਹਾ ਗਿਆ। ਕਰੀਬ ਸਾਢੇ ਤਿੰਨ ਵਜੇ ਹੀ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਸਿਟ ਦੇ ਬਾਕੀ ਮੈਂਬਰ ਸਰਕਾਰੀ ਗੱਡੀਆਂ ਵਿੱਚ ਅਚਾਨਕ ਮਟੌਰ ਥਾਣੇ ’ਚੋਂ ਬਾਹਰ ਨਿਕਲੇ ਅਤੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਪਹੁੰਚ ਗਏ।
ਮੀਡੀਆ ਕਰਮੀ ਵੀ ਜਾਂਚ ਟੀਮ ਦੇ ਪਿੱਛੇ ਪਿੱਛੇ ਗਏ ਪ੍ਰੰਤੂ ਪੁਲੀਸ ਨੇ ਪਹਿਲਾਂ ਤੋਂ ਹੀ ਡੀਸੀ ਕੰਪਲੈਕਸ ਅਤੇ ਐੱਸਐਸਪੀ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਬੈਰੀਕੇਡ ਲਗਾ ਕੇ ਪੂਰਾ ਇਲਾਕਾ ਸੀਲ ਕਰ ਦਿੱਤਾ ਅਤੇ ਮੀਡੀਆ ਨੂੰ ਅੱਗੇ ਨਹੀਂ ਜਾਣ ਦਿੱਤਾ।
ਕਰੀਬ 4 ਵਜ ਕੇ 20 ਮਿੰਟ ’ਤੇ ਸੁਮੇਧ ਸੈਣੀ ਵੀ ਐੱਸਐੱਸਪੀ ਦਫ਼ਤਰ ਪਹੁੰਚੇ ਜਿੱਥੇ ਉਨ੍ਹਾਂ ਨੂੰ ਵੀਆਈਪੀ ਟਰੀਟਮੈਂਟ ਦਿੱਤਾ ਗਿਆ। ਸੈਣੀ ਤੋਂ ਕੀਤੀ ਗਈ ਪੁੱਛ-ਗਿੱਛ ਦੇ ਵੇਰਵੇ ਨਹੀਂ ਮਿਲੇ ਹਨ। ਸਿਟ ਦੇ ਚੇਅਰਮੈਨ ਅਤੇ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਨੇ ਸਿਰਫ਼ ਏਨਾ ਹੀ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਸੈਣੀ ਦੇ ਮਾਮਲੇ ਵਿੱਚ ਪੁਲੀਸ ਵੱਖਰੇ ਢੰਗ ਨਾਲ ਕੰਮ ਕਰ ਰਹੀ ਹੈ। ਚੇਤੇ ਰਹੇ ਕਿ ਘਰੇਲੂ ਹਿੰਸਾ ਦਾ ਸਾਹਮਣੇ ਕਰ ਰਹੇ ਪੰਜਾਬ ਪੁਲੀਸ ਦੇ ਡੀਐੱਸਪੀ ਨੂੰ ਜ਼ਮਾਨਤ ਦੇਣ ਸਮੇਂ ਮੁਹਾਲੀ ਅਦਾਲਤ ਨੇ ਸ਼ਿਕਾਇਤਕਰਤਾ ਨੂੰ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਸੀ। ਸ਼ਿਕਾਇਤਕਰਤਾ ਨੇ ਤੁਰੰਤ ਜੁਡੀਸ਼ਲ ਕੰਪਲੈਕਸ ਵਿੱਚ ਜਾਂਚ ਅਧਿਕਾਰੀ ਅੱਗੇ ਪੇਸ਼ ਹੋ ਕੇ ਬਿਆਨ ਦਰਜ ਕਰਵਾਏ ਸਨ ਪ੍ਰੰਤੂ ਜਾਂਚ ਅਧਿਕਾਰੀ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਥਾਣੇ ਜਾ ਕੇ ਹੀ ਬਿਆਨ ਦਰਜ ਕਰ ਸਕਦੇ ਹਨ। ਹੁਣ ਸੈਣੀ ਦੇ ਮਾਮਲੇ ’ਚ ਅਜਿਹਾ ਨਹੀਂ ਹੋਇਆ।

ਪਰਗਟ ਸਿੰਘ ਐਮ ਐਲ ਏ ਨੇ ਕੈਪਟਨ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ

ਜਲੰਧਰ, ਮਈ   2020-(ਹਰਜੀਤ ਸਿੰਘ ਵਿਰਕ)-  
ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਉਲੰਪੀਅਨ ਪਰਗਟ ਸਿੰਘ ਇੱਕ ਵਾਰ ਫਿਰ ਸਿਆਸੀ ‘ਹਾਕੀ’ ਚੁੱਕਦਿਆਂ ਮੈਦਾਨ ਵਿੱਚ ਆ ਗਏ ਹਨ। ਉਨ੍ਹਾਂ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਕਾਂਗਰਸੀ ਵਿਧਾਇਕਾਂ ਦੀ ਤੁਰੰਤ ਮੀਟਿੰਗ ਸੱਦਣ। ਇੱਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਵਿਧਾਇਕਾਂ ਦੀ ਮੀਟਿੰਗ ਵਿੱਚ ਸਰਕਾਰ ਦੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਸਵੈ-ਪੜਚੋਲ ਕੀਤੀ ਜਾਵੇ।
ਪਰਗਟ ਸਿੰਘ ਨੇ ਕਿਹਾ ਕਿ ਕੋਵਿਡ-19 ਦੀ ਆੜ ਹੇਠ ਉਹ ਮੁੱਦੇ ਨਹੀਂ ਦੱਬੇ ਜਾ ਸਕਦੇ ਜਿਨ੍ਹਾਂ ਨੂੰ ਉਭਾਰ ਕੇ ਕਾਂਗਰਸ ਸੱਤਾ ਵਿੱਚ ਆਈ ਸੀ। ਉਨ੍ਹਾਂ ਕਿਹਾ,‘‘ਬੇਅਦਬੀ ਦਾ ਬੜਾ ਅਹਿਮ ਮੁੱਦਾ ਹੈ। ਰੇਤਾ ਤੇ ਨਸ਼ਿਆਂ ਦੇ ਅਜਿਹੇ ਮੁੱਦੇ ਹਨ ਜਿਸ ’ਤੇ ਲੋਕਾਂ ਨੇ ਸਾਡੇ ਕੋਲੋਂ ਜਵਾਬ ਮੰਗਣੇ ਹਨ। ਲੋਕ ਇਹ ਵੀ ਪੁੱਛਦੇ ਹਨ ਕਿ 31000 ਕਰੋੜ ਰੁਪਏ ਦੇ ਅਨਾਜ ਅਤੇ ਸਿੰਜਾਈ ਘੁਟਾਲੇ ਦੇ ਕੇਸਾਂ ਦਾ ਕੀ ਹੋਇਆ?’’ ਉਨ੍ਹਾਂ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਸ ਵਿੱਚ ਲੜਨ ਦੀ ਥਾਂ ’ਤੇ ਇਕਜੁੱਟ ਹੋ ਕੇ ਸੂਬੇ ਦੇ ਹਿੱਤਾਂ ਲਈ ਲੜਨ। ‘ਇੱਕਲੇ ਮੁੱਖ ਮੰਤਰੀ ਜਾਂ ਮੰਤਰੀ ਹੀ ਸਰਕਾਰ ਪ੍ਰਤੀ ਜਵਾਬਦੇਹ ਨਹੀਂ ਹੁੰਦੇ ਸਗੋਂ ਲੋਕਾਂ ਨੇ ਵਿਧਾਇਕਾਂ ਨੂੰ ਵੀ ਸਵਾਲ ਕਰਨੇ ਹਨ।’ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਿਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਇਕੱਠੇ ਹੋ ਕੇ ਪੁੱਛਣਾ ਚਾਹੀਦਾ ਹੈ

 ਆਖਰ ਸੂਬੇ ਵਿੱਚ ਹੋ ਕੀ ਹੋ ਰਿਹਾ?
ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ’ਤੇ ਢਾਈ ਲੱਖ ਕਰੋੜ ਦਾ ਕਰਜ਼ਾ ਹੈ ਪਰ ਕੇਂਦਰ ਸਰਕਾਰ ਨੇ ਸੂਬੇ ਨੂੰ ਕੁਝ ਨਹੀਂ ਦੇਣਾ ਅਤੇ ਆਪਣੇ ਸਾਧਨ ਖੁਦ ਹੀ ਜੁਟਾਉਣੇ ਪੈਣਗੇ। ਉਨ੍ਹਾਂ ਸੁਝਾਅ ਦਿੱਤਾ, ‘‘ਸ਼ਰਾਬ ਅਤੇ ਮਾਈਨਿੰਗ ਨਾਲ ਸੂਬੇ ਦੀ ਆਮਦਨ ਵੱਧ ਸਕਦੀ ਹੈ। ਤਾਮਿਲਨਾਡੂ ਦੀ ਤਰਜ਼ ’ਤੇ ਸੂਬੇ ਵਿੱਚ ਸ਼ਰਾਬ ਦੀ ਵਿਕਰੀ ਲਈ ਕਾਰਪੋਰੇਸ਼ਨ ਬਣਾਈ ਜਾਵੇ ਅਤੇ ਇਹ ਮੁੱਦਾ ਮੰਤਰੀ ਰਹਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਵੀ ਉਠਾਇਆ ਸੀ।’’ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਹੋਂਦ ਵਿੱਚ ਆਉਣ ਸਮੇਂ ਇਹ ਕਹਿ ਕੇ ਕਾਰਪੋਰੇਸ਼ਨ ਨਹੀਂ ਬਣਾਈ ਗਈ ਸੀ ਕਿ ਸਮਾਂ ਬੜਾ ਘੱਟ ਹੈ ਅਤੇ ਅਗਲੇ ਸਾਲ ਬਣਾਵਾਂਗੇ ਪਰ ਹੁਣ ਤਿੰਨ ਸਾਲ ਬੀਤ ਗਏ ਹਨ। ਪਰਗਟ ਸਿੰਘ ਨੇ ਸਵਾਲ ਖੜ੍ਹਾ ਕੀਤਾ ਕਿ ਕਾਰਪੋਰੇਸ਼ਨ ਨਾ ਬਣਾਉਣ ਪਿੱਛੇ ਕਿਹੜੇ ਤੱਤ ਹਨ। ਉਨ੍ਹਾਂ ਕਿਹਾ ਕਿ ਜੇ ਕਾਰਪੋਰੇਸ਼ਨ ਬਣ ਜਾਂਦੀ ਤਾਂ ਪੰਜਾਬ ਨੂੰ ਹਰ ਸਾਲ 10 ਹਜ਼ਾਰ ਕਰੋੜ ਰੁਪਏ ਦਾ ਲਾਭ ਹੋਣਾ ਸੀ। ਉਨ੍ਹਾਂ ਕਿਹਾ ਕਿ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਇੱਥੇ ਤਾਂ ਔਰੰਗਜ਼ੇਬ ਵੀ ਨਹੀਂ ਰਿਹਾ। ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਹਿਟਲਰ ਦੀ ਸਵੈ-ਜੀਵਨੀ ਭੇਜੀ ਸੀ ਅਤੇ ਹੁਣ ਦੇਸ਼ ਹਿਟਲਰਸ਼ਾਹੀ ਵੱਲ ਹੀ ਵੱਧ ਰਿਹਾ ਹੈ।  

‘ਸੁਖਬੀਰ ਤਾਕਤਾਂ ਦੇ ਕੇਂਦਰੀਕਰਨ ’ਤੇ ਖਾਮੋਸ਼ ਕਿਉਂ’
ਮੋਦੀ ਸਰਕਾਰ ਵੱਲੋਂ ਤਾਕਤਾਂ ਦਾ ਕੇਂਦਰੀਕਰਨ ਕੀਤੇ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਖਾਮੋਸ਼ੀ ’ਤੇ ਹੈਰਾਨੀ ਪ੍ਰਗਟਾਉਂਦਿਆਂ ਪਰਗਟ ਸਿੰਘ ਨੇ ਕਿਹਾ ਕਿ ਕਦੇ ਅਕਾਲੀ ਦਲ ਫੈਡਰਲ ਢਾਂਚੇ ਦੀ ਹਮਾਇਤ ਕਰਦਾ ਸੀ। ਉਨ੍ਹਾਂ ਕਿਹਾ ਕਿ ਹੁਣ ਤਾਂ ਅਕਾਲੀ ਦਲ ਦੀ ਕੋਈ ਪ੍ਰਤੀਕ੍ਰਿਆ ਨਹੀਂ ਆਈ ਅਤੇ ਸੁਖਬੀਰ ਬਾਦਲ ਚੁੱਪ ਕਰ ਕੇ ਬੈਠ ਗਏ ਹਨ। ਭਾਜਪਾ ਤੋਂ ਤਾਂ ਪੰਜਾਬ ਦੇ ਹਿੱਤ ਵਿੱਚ ਬੋਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। 

ਸ਼ਹੀਦੀ ਪੁਰਬ ਮੌਕੇ ਸ਼ਰਧਾਲੂ ਪਾਕਿਸਤਾਨ ਨਹੀਂ ਜਾ ਸਕਣਗੇ 

ਅੰਮ੍ਰਿਤਸਰ, ਮਈ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)ਕਰੋਨਾ ਮਹਾਮਾਰੀ ਕਾਰਨ ਪਹਿਲਾਂ ਵਿਸਾਖੀ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਨਹੀਂ ਜਾ ਸਕਿਆ ਅਤੇ ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਵੀ ਸਿੱਖ ਸ਼ਰਧਾਲੂਆਂ ਦੇ ਦੋ ਜਥੇ ਪਾਕਿਸਤਾਨ ਨਹੀਂ ਜਾ ਸਕਣਗੇ।
ਕਰੋਨਾ ਮਹਾਮਾਰੀ ਕਾਰਨ ਦੇਸ਼ ਵਿੱਚ ਤਾਲਾਬੰਦੀ ਚਲ ਰਹੀ ਹੈ ਅਤੇ ਪੰਜਾਬ ’ਚ ਕਰਫਿਊ ਚੱਲ ਰਿਹਾ ਸੀ, ਜਿਸ ਕਾਰਨ ਸਰਹੱਦਾਂ ਵੀ ਸੀਲ ਕਰ ਦਿੱਤੀਆਂ ਗਈਆਂ ਸਨ। ਇਸੇ ਤਹਿਤ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਨਹੀਂ ਜਾ ਸਕਿਆ ਸੀ। ਹੁਣ ਵੀ ਅਜਿਹੇ ਹੀ ਹਾਲਾਤ ਬਰਕਰਾਰ ਹਨ। ਇਸੇ ਕਾਰਨ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ 27 ਮਈ ਨੂੰ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 28 ਜੂਨ ਨੂੰ ਵੀ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਨਹੀਂ ਜਾ ਸਕਣਗੇ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਕਰੋਨਾ ਮਹਾਮਾਰੀ ਕਾਰਨ ਦੇਸ਼ ਹੀ ਨਹੀਂ ਸਗੋਂ ਵਿਸ਼ਵ ਵਿਚ ਹਾਲਾਤ ਨਾਜ਼ੁਕ ਬਣੇ ਹੋਏ ਹਨ। ਇਸੇ ਕਾਰਨ ਸਿੱਖ ਸ਼ਰਧਾਲੂਆਂ ਦੇ ਤਿੰਨ ਜਥੇ ਇਸ ਵਾਰ ਪਾਕਿਸਤਾਨ ਨਹੀਂ ਜਾ ਸਕਣਗੇ। ਉਨ੍ਹਾਂ ਆਖਿਆ ਕਿ ਮੌਜੂਦਾ ਸਥਿਤੀ ਵਿੱਚ ਇਹ ਪ੍ਰਤੀਤ ਹੋ ਰਿਹਾ ਹੈ ਕਿ ਹਾਲਾਤ ਠੀਕ ਹੋਣ ਮਗਰੋਂ ਨਵੰਬਰ ਮਹੀਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੀ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਜਾ ਸਕਦੇ ਹਨ।  

ਪੰਜਾਬ 'ਚ 19 ਹੋਰ ਪਾਜ਼ੇਟਿਵ, 95 ਠੀਕ ਹੋ ਕੇ ਘਰ ਪਰਤੇ, ਕੁੱਲ ਗਿਣਤੀ 1985 ਹੋਈ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਵਿਚ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਬੀਤੇ ਕੁਝ ਦਿਨਾਂ ਤੋਂ ਕੰਟਰੋਲ ਵਿਚ ਆ ਗਈ ਹੈ ਤੇ ਠੀਕ ਹੋਣ ਵਾਲੇ ਕੇਸ ਵਧ ਰਹੇ ਹਨ। ਵੀਰਵਾਰ ਨੂੰ 19 ਨਵੇਂ ਪਾਜ਼ੇਟਿਵ ਕੇਸ ਆਏ ਜਦਕਿ 95 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ। ਵੀਰਵਾਰ ਨੂੰ ਜਲੰਧਰ ਵਿਚ ਨੌਂ, ਲੁਧਿਆਣੇ 'ਚ ਤਿੰਨ ਤੇ ਪਟਿਆਲਾ ਤੇ ਰੂਪਨਗਰ ਵਿਚ ਇਕ-ਇਕ ਕੇਸ ਆਇਆ। ਅੰਮਿ੍ਤਸਰ ਵਿਚ ਸਭ ਤੋਂ ਜ਼ਿਆਦਾ 45 ਲੋਕ ਠੀਕ ਹੋਏ। ਇਸ ਤੋਂ ਇਲਾਵਾ ਫਾਜ਼ਿਲਕਾ ਵਿੱਚ ਤਿੰਨ ਮਾਮਲੇ ਸਾਹਮਣੇ ਆਏ, ਜਦੋਂਕਿ ਚਾਰ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। ਪੰਜਾਬ ਵਿਚ ਹੁਣ ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 1980 ਹੋ ਗਈ ਹੈ। ਇਨ੍ਹਾਂ ਵਿਚੋਂ 1168 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।

ਸਾਬਕਾ ਮੰਤਰੀ ਸ ਗੁਰਦਾਸ ਸਿੰਘ ਬਾਦਲ ਦਾ ਦੇਹਾਂਤ”

ਮੋਹਾਲੀ,ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਸਿੰਘ ਬਾਦਲ ਅੱਜ ਅਕਾਲ ਚਲਾਣਾ ਕਰ ਗਏ।ਉਹਨਾਂ ਦਾ ਜਨਮ 6 ਅਗਸਤ,1931 ਨੂੰ ਹੋਇਆ ਸੀ। ਉਹ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਫੋਰਟਿਸ ਹਸਪਤਾਲ ਮੁਹਾਲੀ ਵਿਚ ਵੈਂਟੀਲੇਟਰ ਤੇ ਸਨ । ਅਜੇ ਥੌੜਾ ਸਮਾਂ ਪਹਿਲੇ ਹੀ ਉਨਾਂ ਦੀ ਧਰਮ ਪਤਨੀ ਦਾ ਦੇਹਾਂਤ ਹੋਇਆ ਸੀ ਬਾਦਲ ਪਰਿਵਾਰ ਉਸ ਸਦਮੇ ਵਿੱਚੋਂ ਅਜੇ ਬਾਹਰ ਨਹੀਂ ਆਇਆ ਸੀ ਕਿ ਗੁਰਦਾਸ ਸਿੰਘ ਬਾਦਲ ਦਾ ਅਕਾਲ ਚਲਾਣਾ ਬਾਦਲ ਪਰਿਵਾਰ ਤੇ ਕਹਿਰ ਬਣ ਕੇ ਟੁੱਟਿਆ । ਕਦੇ ਸਮਾਂ ਸੀ ਇਨਾਂ ਦੋਹਾਂ ਭਰਾਵਾਂ ਦੀ ਜੋੜੀ ਪੰਜਾਬ ਦੇ ਦਿਲਾਂ ਤੇ ਰਾਜ ਕਰਦੀ ਸੀ । ਇਸ ਦੁੱਖ ਦੀ ਘੜੀ ਵਿੱਚ ਦੁਨੀਆ ਹਰ ਕੋਨੇ ਵਿਚ ਵਸਦੀਆਂ ਪੰਜਾਬੀ ਵੱਲੋਂ ਬਾਦਲ ਪਰਿਵਾਰ ਨਾਲ ਦਿਲੀ ਅਫ਼ਸੋਸ ਹੈ ਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਬਿੱਛੜੀ ਆਤਮਾ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬੱਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਹਿੰਮਤ ਦੇਂਣ ਜੀ ।

ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹੱਥ ਦੀਆਂ ਉਂਗਲਾਂ ਵੱਢੀਆਂ

ਭਵਾਨੀਗੜ੍ਹ, ਮਈ 2020 -(ਸਤਪਾਲ ਸਿੰਘ ਦੇਹਰਕਾ/ਗੁਰਸੇਵਕ ਸਿੰਘ ਸੋਹੀ)- ਨੇੜਲੇ ਪਿੰਡ ਬਖੋਪੀਰ ਵਿਖੇ ਵਿਕਾਊ ਜ਼ਮੀਨ ਦੇਖਣ ਗਏ ਵਿਅਕਤੀਆਂ 'ਤੇ ਇਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ 'ਚ ਇਕ ਵਿਅਕਤੀ ਦੇ ਹੱਥ ਦੀਆਂ ਤਿੰਨ ਉਂਗਲਾਂ ਵੱਢੀਆਂ ਗਈਆਂ, ਜਿਸ ਨੂੰ ਇਲਾਜ਼ ਲਈ ਚੰਡੀਗੜ੍ਹ ਭਰਤੀ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆੜ੍ਹਤੀਆ ਐਸੋਸੀਏਸ਼ਨ ਭਵਾਨੀਗੜ੍ਹ ਦੇ ਪ੍ਰਧਾਨ ਸੁਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧੂਰੀ ਨੇੜਲੇ ਪਿੰਡ ਦੁਨਾਲ ਤੋਂ ਰਿਸ਼ਤੇਦਾਰ ਜਸਪਾਲ ਸਿੰਘ ਤੇ ਰਮਨਦੀਪ ਸਿੰਘ ਇੱਥੇ ਸ਼ਹਿਰ ਦੇ ਨੇੜਲੇ ਪਿੰਡ ਬਖੋਪੀਰ ਵਿਖੇ ਇਕ ਕਿਸਾਨ ਦੀ ਵਿਕਾਊ ਜ਼ਮੀਨ ਨੂੰ ਖ਼ਰੀਦਣ ਲਈ ਦੇਖਣ ਗਏ ਤਾਂ ਉਕਤ ਜ਼ਮੀਨ ਨੂੰ ਠੇਕੇ 'ਤੇ ਲੈ ਕੇ ਖੇਤੀ ਕਰ ਰਹੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਨਾਲ ਕਥਿਤ ਰੂਪ 'ਚ ਗਾਲੀ ਗਲੌਚ ਕਰਨਾ ਸ਼ੁਰੂ ਕਰ ਦਿੱਤਾ ਤੇ ਬਦਸਲੂਕੀ 'ਤੇ ਉਤਰ ਆਏ। ਜਿਸ 'ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਇਸ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ ਤਾਂ ਸੁਖਵੀਰ ਸਿੰਘ ਸੁੱਖੀ ਆਪਣੇ ਨਾਲ ਕੁਝ ਹੋਰ ਵਿਅਕਤੀਆਂ ਨੂੰ ਲੈ ਕੇ ਜਦੋਂ ਆਪਣੇ ਰਿਸ਼ਤੇਦਾਰਾਂ ਦੇ ਬਚਾਅ ਲਈ ਬਖੋਪੀਰ ਪਹੁੰਚੇ ਤਾਂ ਉੱਥੇ ਮੌਜੂਦ ਵਿਅਕਤੀਆਂ ਨੇ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ ਤੇ ਫਿਰ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

ਇਸ ਦੌਰਾਨ ਸੁੱਖੀ ਕਪਿਆਲ ਦੇ ਸਾਥੀ ਅਮਰੀਕ ਸਿੰਘ ਵਾਸੀ ਕਪਿਆਲ 'ਤੇ ਇਕ ਵਿਅਕਤੀ ਵੱਲੋਂ ਕਿਰਪਾਨ ਵਰਗੇ ਹਥਿਆਰ ਨਾਲ ਹਮਲਾ ਕਰ ਕੇ ਉਸ ਦੇ ਇਕ ਹੱਥ ਦੀਆਂ ਤਿੰਨ ਉਂਗਲਾਂ ਵੱਢ ਦਿੱਤੀਆਂ। ਹਮਲੇ 'ਚ ਗੰਭੀਰ ਜ਼ਖ਼ਮੀ ਹੋਏ ਅਮਰੀਕ ਸਿੰਘ ਮੌਕੇ 'ਤੇ ਹਸਪਤਾਲ ਲਿਆਂਦਾ ਗਿਆ, ਜਿਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਭੇਜਿਆ ਗਿਆ ਤੇ ਬਾਅਦ 'ਚ ਚੰਡੀਗੜ੍ਹ ਰੈਫ਼ਰ ਕੀਤਾ ਗਿਆ।

ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ 

ਹੁਣ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹਣਗੀਆਂ ਦੁਕਾਨਾਂ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਸਰਕਾਰ ਨੇ ਦੁਕਾਨਾਂ ਸਬੰਧੀ ਪਹਿਲਾਂ ਦਿੱਤੇ ਹੋਏ ਆਪਣੇ ਹੁਕਮਾਂ 'ਚ ਤਰਮੀਮ ਕਰਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਹਨ। ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਹੁਣ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ। ਇਸ ਸਬੰਧੀ ਵਧੀਕ ਪ੍ਰਿੰਸੀਪਲ ਸਕੱਤਰ (ਗ੍ਰਹਿ) ਨੇ ਚਿੱਠੀ ਜਾਰੀ ਕੀਤੀ ਹੈ।ਜ਼ਿਕਰਯੋਗ ਹੈ ਕਿ ਪਹਿਲਾਂ ਇਹ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 3 ਵਜੇ ਤਕ ਖੁੱਲ੍ਹਦੀਆਂ ਸਨ।

ਸ. ਰਣਜੀਤ ਸਿੰਘ ਸੰਘੇੜਾ ਦੇ ਅਕਾਲ ਚਲਾਣੇ ਦਾ ਪਾਰਟੀ ਅਤੇ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ - ਭਾਈ ਗਰੇਵਾਲ

ਬਰਨਾਲਾ/ਲੁਧਿਆਣਾ, ਮਈ 2020(ਗੁਰਸੇਵਕ ਸਿੰਘ ਸੋਹੀ/ਮਨਜਿੰਦਰ ਗਿੱਲ ) “ਕੱਲ੍ਹ ਤੜਕੇ ਲੁਧਿਆਣਾ ਦੇ ਹਸਪਤਾਲ ਵਿਚ ਜੇਰੇ ਇਲਾਜ ਅਧੀਨ ਬਰਨਾਲਾ ਜਿ਼ਲ੍ਹੇ ਦੇ ਪ੍ਰਧਾਨ ਸ. ਰਣਜੀਤ ਸਿੰਘ ਸੰਘੇੜਾ ਆਪਣੇ ਮਿਲੇ ਸਵਾਸਾਂ ਦੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ, ਬਰਨਾਲਾ ਨਿਵਾਸੀਆ ਨੂੰ ਤਾਂ ਵੱਡਾ ਘਾਟਾ ਪਿਆ ਹੀ ਹੈ, ਲੇਕਿਨ ਖ਼ਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਨੂੰ ਵੀ ਗਹਿਰਾ ਸਦਮਾ ਪਹੁੰਚਿਆ ਹੈ । ਜਦੋਂ ਅਸੀਂ 12 ਫਰਵਰੀ ਨੂੰ ਹਰ ਸਾਲ ਦੀ ਤਰ੍ਹਾਂ ਮਰਦ-ਏ-ਮੁਜਾਹਿਦ, ਬਾਬਾ-ਏ-ਕੌਮ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਜਨਮ ਦਿਹਾੜਾ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਉਣ ਲਈ ਤਿਆਰੀਆ ਆਰੰਭਦੇ ਸੀ, ਤਾਂ ਉਨ੍ਹਾਂ ਨੂੰ ਇਸ ਦਿਨ ਲਈ ਇਕ ਵੱਖਰਾ ਹੀ ਚਾਅ ਚੜ੍ਹ ਜਾਂਦਾ ਸੀ ਅਤੇ ਉਹ ਬਰਨਾਲੇ ਤੋਂ ਆਪਣੀ ਪੂਰੀ ਟੀਮ ਨੂੰ ਲੈਕੇ ਦੋ ਦਿਨ ਪਹਿਲੇ ਹੀ ਪੰਡਾਲ ਵਾਲੇ ਸਥਾਂਨ ਤੇ ਪਹੁੰਚ ਜਾਂਦੇ ਸਨ । ਜਿਥੇ ਉਹ ਆਪਣੇ ਦਸਵੰਧ ਅਤੇ ਆਪਣੇ ਸਾਥੀਆਂ ਰਾਹੀ ਇਕੱਤਰ ਕੀਤੀ ਗਈ ਭੇਟਾ ਰਾਹੀ ਜਲੇਬੀਆ ਅਤੇ ਪਕੌੜਿਆ ਦੇ ਲੰਗਰ ਦੀ ਸੇਵਾ ਨਿਭਾਉਣ ਵਿਚ ਅਲੌਕਿਕ ਖੁਸ਼ੀ ਮਹਿਸੂਸ ਕਰਦੇ ਸਨ, ਸ. ਸੰਘੇੜਾ ਇਕ ਚੰਗੀ ਨੇਕ ਨੀਤੀ ਅਤੇ ਸਮਾਜ ਦੀ ਸੇਵਾ ਕਰਨ ਵਿਚ ਅਟੁੱਟ ਵਿਸਵਾਸ ਰੱਖਦੇ ਸਨ । ਅੱਜ ਜਦੋਂ ਉਹ ਸਰੀਰਕ ਤੌਰ ਤੇ ਸਾਨੂੰ ਵਿਛੋੜਾ ਦੇ ਗਏ ਹਨ, ਤਾਂ ਬਰਨਾਲਾ ਨਿਵਾਸੀਆ ਲਈ ਹੀ ਨਹੀਂ, ਬਲਕਿ ਪਾਰਟੀ ਮੈਬਰਾਨ ਵਿੱਚ ਇਕ ਡੂੰਘੀ ਸੋਗ ਦੀ ਲਹਿਰ ਦੌੜ ਗਈ ਹੈ । ਵਾਹਿਗੁਰੂ ਸਾਡੇ ਤੋਂ ਵਿਛੜੀ ਨੇਕ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ  ਇਸ ਦੁੱਖ ਦਾ ਪ੍ਰਗਟਾਵਾ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸੀਨੀਅਰ ਯੂਥ ਆਗੂ ਭਾਈ ਹਰਪ੍ਰੀਤ ਸਿੰਘ ਗਰੇਵਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਵੱਲੋ ਕੀਤਾ ਤੇ ਇਸ ਦੁੱਖ ਦੀ ਘੜੀ ਵਿੱਚ ਸਾਰੀ ਲੀਡਰਸਿ਼ਪ ਨੂੰ ਪਹੁੰਚਣ ਦੀ ਅਪੀਲ ਕੀਤੀ

ਸਰਕਾਰੀ ਅਦਾਰਿਆਂ ਵਿੱਚ ਠੇਕੇ ਤੇ ਭਰਤੀ ਕੀਤੇ ਹੋਏ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਬਣਦੀਆਂ ਦੀਆਂ ਸਹੂਲਤਾਂ ਦਿੱਤੀਆਂ ਜਾਣ। 

 ਮਹਿਲ ਕਲਾਂ-ਬਰਨਾਲਾ-ਮਈ 2020 (ਗੁਰਸੇਵਕ ਸਿੰਘ ਸੋਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 16 ਸੰਘਰਸ਼ਸ਼ੀਲ ਜਥੇਬੰਦੀਆਂ ਸੱਦੇ ਤੇ ਸੀ.ਐਚ.ਸੀ ਹਸਪਤਾਲ ਦੇ ਬਣੇ ਪਾਰਕ ਚ਼ ਸਬ ਸਿਹਤ ਸਾਵਧਾਨੀਆਂ ਵਰਤ ਕੇ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਿਹਤ ਕਰਮਚਾਰੀਆਂ ਹਸਪਤਾਲਾਂ ਵਿੱਚ ਪੂਰੇ ਪ੍ਰਬੰਧਾਂ ਦੀ ਘਾਟ ਦੇ ਵਿਰੋਧ ਵਿੱਚ ਧਰਨਾ ਦੇ ਕੇ ਮੰਗ ਕੀਤੀ ਹੈ ਕਿ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਕਾਰਜਕਾਰੀ ਆਗੂ ਜੱਜ ਸਿੰਘ ਗਹਿਲ ਨੇ ਕਿਹਾ ਕਿ ਸਿਹਤ ਵਿਭਾਗ ਨਾਲ ਜੁੜੀਆਂ ਸਮੁੱਚੀਆਂ ਅਸਾਮੀਆਂ ਸਫ਼ਾਈ ਕਾਮੇ ਆਸ਼ਾ ਵਰਕਰ ਨਰਸਾਂ ਆਦਿ ਸਾਰੇ ਸਟਾਫ ਸੁਮੇਲ ਤੋਂ ਸਰਵਿਸ ਪ੍ਰਾਈਵੇਟ ਸਟੋਰਾਂ ਆਦਿ ਪੱਕੀਆਂ ਸਰਕਾਰੀ ਨੌਕਰੀਆਂ ਤੇ ਭਰਤੀ ਕਰਕੇ ਖਾਲੀ ਅਸਾਮੀਆਂ ਪੂਰੀਆਂ ਕੀਤੀਆਂ ਜਾਣ ਆਰ.ਐਮ.ਪੀ ਡਾਕਟਰ ਆਦਿ ਨੂੰ ਸਰਕਾਰੀ ਖੇਤਰ ਵਿੱਚ ਸ਼ਾਮਿਲ ਕਰਕੇ ਮਹਾਂਮਾਰੀ ਦੇ ਟਾਕਰੇ ਲਈ ਸਿਹਤ ਵਿਭਾਗ ਦਾ ਵੱਡੇ ਪੱਧਰ ਤੇ ਵਿਸਤਾਰ ਕੀਤਾ ਜਾਵੇ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਕੰਟਰੋਲ ਹੇਠ ਲਿਆਂਦਾ ਜਾਵੇ ਸਮੁੱਚੇ ਸਿਹਤ ਕਾਮਿਆਂ ਦਾ ਪੰਜਾਹ ਲੱਖ ਰੁਪਏ ਦਾ ਜੀਵਨ ਬੀਮਾ ਹੋਵੇ ਸਿਹਤ ਕਰਮਚਾਰੀਆਂ ਸਮੇਤ ਆਮ ਲੋਕਾਂ ਦੇ ਵੱਡੀ ਪੱਧਰ ਤੇ ਟੈਸਟ ਕੀਤੇ ਜਾਣ ਅਤੇ ਤੰਦਰੁਸਤ ਲੋਕਾਂ ਨੂੰ ਕੰਮ ਦੇਣ ਸਮੇਂ  ਉਨ੍ਹਾ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪੰਜਾਬ ਵਿੱਚ ਘਰ ਵਾਪਸੀ ਕਰ ਰਹੇ ਕਾਮੇ ਜਾਂ ਪ੍ਰਵਾਸੀ ਭਾਰਤੀਆਂ ਨੂੰ ਸਿਹਤ ਸੰਭਾਲ ਕਰਨ ਲਈ ਉਪਰੋਕਤ ਪ੍ਰਬੰਧ ਕੀਤੇ ਜਾਣ।ਵਾਇਰਸ ਦੀ ਲਾਗ ਕਾਰਨ ਪ੍ਰਭਾਵਿਤ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਦੇ ਪ੍ਰਬੰਧ ਕੀਤੇ ਜਾਣ ਲੋੜ ਮੁਤਾਬਕ ਛੁੱਟੀ ਤੇ ਭੇਜਣਾ ਇਕਾਂਤਵਾਸ ਵਿੱਚ ਰੱਖਣ ਆਦਿ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ ਡਿਊਟੀ ਦੌਰਾਨ ਖਾਣ ਪੀਣ ਆਉਣ ਜਾਣ ਦੇ ਸਹੀ ਪ੍ਰਬੰਧ ਹੋਣ ਔਰਤ ਪੁਲਿਸ ਮੁਲਾਜ਼ਮਾਂ ਦੀ ਵਿਸ਼ੇਸ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਸਮੁੱਚੀਆਂ ਲੋਕ ਸੇਵਾਵਾਂ ਜਿਵੇਂ ਜਲ ਸਪਲਾਈ ਵਿੱਦਿਆ ਬਿਜਲੀ ਅਤੇ ਆਵਾਜਾਈ ਆਦਿ ਵਿੱਚ ਠੇਕਾ ਭਰਤੀ ਬੰਦ ਕਰਕੇ ਸਮੁੱਚੇ ਵਿਭਾਗ ਵਿੱਚ ਠੇਕੇ ਤੇ ਭਰਤੀ ਹੋਏ ਮੁਲਾਜ਼ਮਾਂ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ। ਸਮੁੱਚੀਆਂ ਖਾਲੀ ਪਈਆਂ ਅਸਾਮੀਆਂ ਪੂਰੀਆਂ ਕੀਤੀਆਂ ਜਾਣ ਅਤੇ ਗੈਰ ਜਥੇਬੰਦ ਕਾਮਿਆਂ ਨੂੰ ਪੱਕੇ ਅਧਿਕਾਰ ਦੀ ਗਰੰਟੀ ਦਿੱਤੀ ਜਾਵੇ।ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਸਤੀਆਂ ਸਿਹਤ ਸੇਵਾਵਾਂ ਲੋਕ ਸੇਵਾਵਾਂ ਮੁਹਈਆ ਕਰਨ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਈ ਜਾਵੇ ਕਰੋਨਾ ਮਹਾਂਮਾਰੀ ਦੇ ਵੱਡੇ ਖਰਚਿਆਂ ਦੀ ਪੂਰਤੀ ਲਈ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਭੂਮੀਪਤੀਆਂ ਉੱਪਰ ਲੋੜੀਦੇ ਵਿਸ਼ੇ ਟੈਕਸ ਲਾਗੂ ਕੀਤੇ ਜਾਣ।ਬਲਾਕ ਮਹਿਲ ਕਲਾਂ ਦੇ ਕਾਰਜਕਾਰੀ ਪ੍ਰਧਾਨ ਹਰਜੀਤ ਸਿੰਘ ਦੀਵਾਨਾ, ਕੁਲਜੀਤ ਸਿੰਘ ਵਜੀਦਕੇ ਜਨਰਲ ਸਕੱਤਰ ਬਲਾਕ ਮਹਿਲ ਕਲਾਂ,ਹਾਕਮ ਸਿੰਘ,ਦੇਵ,ਮਨਜੀਤ ਸਿੰਘ,ਸੋਖਾ ਸਿੰਘ ਗਹਿਲ,ਦਰਸਨ ਸਿੰਘ,ਦਰਸਨ ਸਿੰਘ ਗੰਗੋਹਰ,ਬੂਟਾ ਸਿੰਘ ਗੁਰਮ,ਭੋਲਾ ਸਿੰਘ ਸੱਦੋਵਾਲ,ਆਦਿ ਆਗੂ ਹਾਜ਼ਰ ਸਨ।ਇਸ ਮੌਕੇ ਸੀ.ਐਸ.ਸੀ ਮਹਿਲ ਕਲਾਂ ਦੇ ਐਸ.ਐਮ.ਓ.ਡਾ ਹਰਜਿੰਦਰ ਸਿੰਘ ਆਡਲੂ ਨੂੰ ਯੂਨੀਅਨ ਵੱਲੋਂ ਮੰਗ ਪੱਤਰ ਭੇਂਟ ਕੀਤਾ ਗਿਆ।

ਪੰਜਾਬ ਦੇ ਕਿਸਾਨਾਂ ਨੂੰ 1 ਜੂਨ ਤੋਂ ਝੋਨਾ ਲਾਉਣ ਦੀ ਆਗਿਆ ਦਿੱਤੀ ਜਾਵੇ। 

ਮਹਿਲ ਕਲਾਂ-ਬਰਨਾਲਾ-ਮਈ 2020 (ਗੁਰਸੇਵਕ ਸਿੰਘ ਸੋਹੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮਹਿਲ ਕਲਾਂ ਦੀ ਮੀਟਿੰਗ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦਿਆਂ ਜਾਤੇ ਵਿਚ ਰਹਿ ਕੇ ਗੁਰਦੁਆਰਾ ਭੁਆਣਾ ਸਹਿਬ ਛੀਨੀਵਾਲ ਕਲਾਂ ਵਿਖੇ ਮਤੇ ਪਾਸ ਕੀਤੇ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾਂ ਨੇ ਕਿਹਾ ਕਿ ਕਿਸਾਨਾਂ ਨੂੰ ਇੱਕ ਜੂਨ ਤੋਂ ਝੋਨਾ ਲਵਾਉਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਰੱਖ ਕੇ ਕੰਮ ਹੌਲੀ ਹੁੰਦਾ ਹੈ। ਦੂਸਰਾ ਪਰਵਾਸੀ ਮਜ਼ਦੂਰਾਂ ਦੀ ਘਾਟ ਵੱਡੀ ਸਮੱਸਿਆ ਪੈਦਾ ਕਰੇਗੀ ਜਿਸ ਕਰਕੇ ਸਰਕਾਰ ਇਸ ਫੈਸਲੇ ਨੂੰ ਮੁੜ ਵਿਚਾਰੇ ਤੇ ਝੋਨਾ ਲਾਉਣ ਦੀ ਅਗਾਊਂ ਇਜਾਜ਼ਤ ਇੱਕ ਜੂਨ ਕੀਤੀ ਜਾਵੇ।ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਦੇ ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ 10 ਜੂਨ ਨੂੰ ਝੋਨਾ ਲਾਉਣ ਦੀ ਤਾਰੀਖ ਮਿਥ ਕੇ ਸਹੀ ਫ਼ੈਸਲਾ ਨਹੀਂ ਕੀਤਾ ਅਤੇ ਤਾਲਾਬੰਦੀ ਦੀਆਂ ਪਾਬੰਦੀਆਂ ਦਾ ਅਸਰ ਕਿਸਾਨਾ ਤੇ ਝੋਨਾ ਲਾਉਣ ਵੇਲੇ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਲਈ ਮਨ ਬਣਾਈ ਬੈਠੇ ਹਨ ਜੋ ਕਿ ਬਿਜਾਈ ਤੋਂ ਪੱਕਣ ਤੱਕ 110 ਤੋਂ 120 ਦਿਨ ਤੱਕ ਦਾ ਸਮਾਂ ਲਵੇਗੀ।ਪੰਜਾਬ ਸਰਕਾਰ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਸ਼ੁਰੂ ਕਰਵਾਏ।ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵਾਰ ਝੋਨੇ ਦਾ ਭਾਅ 3250 ਰੁਪਏ ਕੁਵਿੰਟਲ ਕੀਤਾ ਜਾਵੇ ਤੇ ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੀ ਲਪੇਟ ਵਿੱਚ  ਆਏ ਦੇਸ ਦਾ ਢਿੱਡ ਭਰਨ ਅੱਜ ਕੇਂਦਰ ਤੇ ਪੰਜਾਬ ਸਰਕਾਰ ਦੀ ਅਣਦੇਖੀ ਦੋਰਾਨ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ।ਕਿਸਾਨਾਂ ਨੂੰ ਸਬਜੀ ਤੇ ਦੁੱਧ ਦਾ ਸਹੀ ਮੁੱਲ ਨਾ ਦੇ ਕੇ ਸਰਕਾਰਾ ਅੱਖੋ ਪਰੋਖੇ ਕਰ ਰਹੀਆ ਹਨ।ਕੇਂਦਰ ਦੀ ਮੋਦੀ ਸਰਕਾਰ ਨੇ ਕਾਰਪੋਰੇਸ਼ਨ ਘਰਾਣਿਆ ਦਾ ਕਰਜਾ ਮਾਫ ਕਰ ਦਿੱਤਾ ਹੈ ਅਤੇ ਕਿਸਾਨਾਂ ਤੇ ਮਜ਼ਦੂਰਾਂ ਦਾ ਕੋਈ ਕਰਜਾ ਮੁਆਫ ਨਹੀਂ ਕੀਤਾ।30 ਜੂਨ ਤੋਂ ਘਰੇਲੂ ਸਪਲਾਈ ਬਿਜਲੀ ਚ਼ ਵਾਧਾ ਕਰਨ ਤੇ ਇਸ ਦਾ ਡਟਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਦੇ ਕੰਮ ਠੱਪ ਪਏ ਹਨ ਤੇ ਪੰਜਾਬ ਦਾ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ।ਮੰਡੀਆਂ ਵਿੱਚ ਲਿਫਟਿੰਗ ਦਾ ਵਧੀਆ ਪ੍ਰਬੰਧ ਨਹੀਂ ਹੈ। ਉਨਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਤੇ ਮਜ਼ਦੂਰਾਂ ਦਾ ਪੁਆੜੇ ਪਵਾਉਣ ਦੀ ਬਜਾਏ ਝੋਨਾ ਲਾਉਣ ਦਾ ਰੇਟ ਨਿਸਚਿਤ ਕਰੇ।ਇਸ ਮੌਕੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅੈਤਕੀ ਪੂਸਾ -44 ਝੋਨਾ ਲਾਉਣ ਦੀ ਆਗਿਆ ਦਿੱਤੀ ਜਾਵੇ। ਇਸ ਮੌਕੇ ਅਜਮੇਰ ਸਿੰਘ ਜਿਲਾ ਜਨਰਲ ਸਕੱਤਰ, ਜਸਮੇਲ ਸਿੰਘ ਚੰਨਣਵਾਲ, ਮੰਦਰ ਸਿੰਘ ਛੀਨੀਵਾਲ ਕਲਾਂ, ਗੁਰਪ੍ਰੀਤ ਸਿੰਘ ਨੰਬਰਦਾਰ, ਸੁਖਚੈਨ ਸਿੰਘ ਗਹਿਲ,ਹਾਕਮ ਸਿੰਘ ਕੁਰੜ, ਬਹਾਲ ਸਿੰਘ ਕੁਰੜ, ਕਰਤਾਰ ਸਿੰਘ ਛੀਨੀਵਾਲ ਕਲਾਂ, ਅਜੈਬ ਸਿੰਘ, ਹਾਕਮ ਸਿੰਘ, ਸਾਧੂ ਸਿੰਘ ਛੀਨੀਵਾਲ ਕਲਾਂ, ਵਿੰਦਰ ਸਿੰਘ ਤੇ ਰੂਪ ਸਿੰਘ ਚੰਨਣਵਾਲ ਆਦਿ ਕਿਸਾਨ ਹਾਜਰ ਸਨ।

ਐਂਮਬੈਸੇਡਰਜ ਆਫ ਹੋਪ ਪਰੋਗਰਾਮ ਵਿੱਚ ਸ.ਪ੍ਰ.ਸ.ਬੀਹਲਾ ਦੇ ਵਿਦਿਆਰਥੀਆਂ ਨੇ ਭਾਗ ਲਿਆ 

ਮਹਿਲ ਕਲਾਂ-ਬਰਨਾਲਾ-ਮਈ 2020 (ਗੁਰਸੇਵਕ ਸਿੰਘ ਸੋਹੀ)-ਮਾਣਯੋਗ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਜੀ ਵੱਲੋਂ ਚਲਾਏ ਪ੍ਰੋਗਰਾਮ ਐਂਮਬੈਸੇ਼ਡਰਜ ਆਫ ਹੋਪ ਵਿੱਚ ਸ.ਪ੍ਰ.ਸ. ਸਕੂਲ ਬੀਹਲਾ ਦੇ ਛੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈੱਡ. ਟੀਚਰ ਸ. ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਮਾਣਯੋਗ ਸਿੱਖਿਆ ਮੰਤਰੀ ਜੀ ਵੱਲੋਂ ਵਿਦਿਆਰਥੀਆਂ ਨੂੰ ਕਰੋਨਾ ਮਹਾਂਮਾਰੀ ਦੇ ਪ੍ਰਭਾਵ ਵਿੱਚੋਂ ਬਾਹਰ ਕੱਢਣ ਲਈ ਅਤੇ ਉਨ੍ਹਾਂ ਅੰਦਰ ਭਵਿੱਖ ਦੀ ਨਵੀਂ ਉਮੀਦ ਜਗਾਉਣ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਤਾਂ ਜੋ ਵਿਦਿਆਰਥੀ ਨਿਰਾਸਤਾ ਵਿੱਚੋਂ ਬਾਹਰ ਆ ਕੇ ਚੰਗੇ ਭਵਿੱਖ ਲਈ ਆਸ਼ਾਵਾ ਦੀ ਹੋਣਾ ਉਨ੍ਹਾਂ ਦੱਸਿਆ ਕਿ ਸਾਰੇ ਹੀ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਤਹਿਤ ਭਵਿੱਖ ਦੀ ਚੰਗੀ ਆਸ ਰੱਖਦਿਆਂ ਆਪਣੇ-ਆਪਣੇ ਵਿਚਾਰ,ਭਾਸ਼ਣ,ਗੀਤ,ਕਵਿਤਾ ਅਤੇ ਸਕਿੱਟ ਦੇ ਰੂਪ ਵਿੱਚ ਪੇਸ਼ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸ.ਪ੍ਰ.ਸ.ਬੀਹਲਾ ਦੇ ਛੇ ਵਿਦਿਆਰਥੀਆਂ ਨੇ ਭਾਗ ਲਿਆ ਹੈ। ਲਵਲੀਨ ਕੌਰ ਜਮਾਤ ਚੌਥੀ ਦੀ ਵਿਦਿਆਰਥਣ ਨੇ ਭਾਸ਼ਣ ਦੇ ਰੂਪ ਵਿਚ ਚੰਗੇ ਭਵਿੱਖ ਦੀ ਆਸ ਰੱਖੀ ਹੈ। ਇਸੇ ਤਰ੍ਹਾਂ ਬਲਜੋਤ ਸਿੰਘ ਜਮਾਤ ਚੌਥੀ ਨੇ ਗੀਤ ਦੇ ਰੂਪ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਹਰਸ਼ਦੀਪ ਸਿੰਘ ਜਮਾਤ ਚੌਥੀ ਨੇ ਕਰੋਨਾ ਦੇ ਪ੍ਰਭਾਵ ਤੋਂ ਬੱਚਣ ਲਈ ਨਵੀਂ ਵਰਣਮਾਲਾ ਪੇਸ਼ ਕੀਤੀ ਹੈ। ਇਸੇ ਤਰ੍ਹਾਂ ਅਵਜੀਤ ਸਿੰਘ ਅਤੇ ਸੁਖਵੀਰ ਕੌਰ ਨੇ ਭਾਸ਼ਣ ਅਤੇ ਪ੍ਰਭਸ਼ਰਨਪ੍ਰੀਤ ਅਤੇ ਤਰਸ਼ਰਨਪ੍ਰੀਤ ਕੌਰ ਨੇ ਕਵੀਤਾ ਦੇ ਰੂਪ ਵਿੱਚ ਚੰਗੇ ਭਵਿੱਖ ਦੀ ਆਸ ਪ੍ਰਗਟ ਕੀਤੀ ਹੈ।

ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਚਾਰ ਮਹੀਨੇ ਤਕ ਬਿਜਲੀ ਬਿਲਾਂ ਦੀ ਅਦਾਇਗੀ ਮੁਲਤਵੀ ਕਰਨ ਲਈ ਆਖਿਆ

ਕਿਹਾ ਕਿ ਇਸ ਪੀਰੀਅਡ ਦੌਰਾਨ ਸਾਰੇ ਬਿਜਲੀ ਬਿਲ ਅੱਧੇ ਕਰ ਦੇਣੇ ਚਾਹੀਦੇ ਹਨ ਅਤੇ ਸਨਅਤਾਂ ਨੂੰ ਪੱਕੇ ਖਰਚਿਆਂ ਤੋਂ ਛੋਟ ਦੇਣੀ ਚਾਹੀਦੀ ਹੈ

ਡਾਕਟਰ ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਦਖ਼ਲ ਦੇਣ ਅਤੇ ਪੀਐਸਪੀਸੀਐਲ ਨੂੰ ਇਹ ਨਿਰੇਦਸ਼ ਦੇਣ ਲਈ ਆਖਿਆ ਕਿ ਹਾਲ ਹੀ ਵਿਚ ਲੋਕਾਂ ਨੂੰ ਜਾਰੀ ਕੀਤੇ ਬਿਜਲੀ ਦੇ ਬਿਲ ਰੱਦ ਕੀਤੇ ਜਾਣ

ਚੰਡੀਗੜ੍ਹ, ਮਈ 2020 -(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਕੋਵਿਡ-19 ਕਰਕੇ ਜਦੋਂ ਗਰੀਬਾਂ ਅਤੇ ਮੱਧ ਵਰਗ ਨੂੰ ਭਾਰੀ ਵਿੱਤੀ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅਜਿਹੇ ਸਮੇਂ ਵਿਚ ਸਰਕਾਰ ਨੇ ਬਿਜਲੀ ਦੇ ਵੱਡੇ ਬਿਲ ਜੁਰਮਾਨੇ ਦੀਆਂ ਸ਼ਰਤਾਂ ਸਣੇ ਭੇਜਕੇ ਆਮ ਆਦਮੀ ਦੇ ਜ਼ਖ਼ਮਾਂ ਉਤੇ ਨਮਕ ਮਲਿਆ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਰੇ ਘਰੇਲੂ ਅਤੇ ਸਨਅਤੀ ਖਪਤਕਾਰਾਂ ਨੂੰ ਜੁਰਮਾਨੇ ਦੀਆਂ ਸ਼ਰਤਾਂ ਸਮੇਤ ਬਿਜਲੀ ਦੇ ਬਿਲ ਭੇਜ ਕੇ ਕਾਂਗਰਸ ਸਰਕਾਰ ਨੇ ਆਪਣਾ ਕਠੋਰ ਚਿਹਰਾ ਵਿਖਾਇਆ ਹੈ। ਉਹਨਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਤੁਰੰਤ ਬਿਜਲੀ ਦੇ ਬਿਲ ਭਰਨ ਲਈ ਮਜ਼ਬੂਰ ਕਰਕੇ ਆਮ ਆਦਮੀ ਉੱਤੇ ਅੱਤਿਆਚਾਰ ਢਾਹ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਮੰਗ ਕਰਦਾ ਹੈ ਕਿ ਸਾਰੇ ਬਿਜਲੀ ਦੇ ਬਿਲਾਂ ਦੀ ਅਦਾਇਗੀ ਚਾਰ ਮਹੀਨੇ ਲਈ ਮੁਲਤਵੀ ਕਰ ਦਿੱਤੀ ਜਾਵੇ ਅਤੇ ਉਸ ਤੋਂ ਬਾਅਦ ਵੀ ਬਿਲਾਂ ਵਿਚ 50 ਫੀਸਦੀ ਕਟੌਤੀ ਕਰਕੇ ਉਹਨਾਂ ਦੀ ਪੜਾਅਵਾਰ ਅਦਾਇਗੀ ਲਈ ਜਾਵੇ। ਉਹਨਾਂ ਕਿਹਾ ਕਿ ਪਾਰਟੀ ਸਨਅਤੀ ਸੈਕਟਰ ਨੂੰ ਬਿਜਲੀ ਦੇ ਪੱਕੇ ਖਰਚਿਆਂ ਤੋਂ ਛੋਟ ਦੇਣ ਦੀ ਵੀ ਮੰਗ ਕਰਦੀ ਹੈ।

ਮੁੱਖ ਮੰਤਰੀ ਨੂੰ ਇਹਨਾਂ ਸਾਰੀਆਂ ਮੰਗਾਂ  ਉੱਤੇ ਲੋਕ ਹਿੱਤਾਂ ਲਈ ਹਮਦਰਦੀ ਨਾਲ ਵਿਚਾਰ ਕਰਨ ਲਈ ਆਖਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਲੋਕ ਬੜੇ ਮੁਸ਼ਕਿਲ ਹਾਲਾਤ ਵਿਚੋਂ ਲੰਘ ਰਹੇ ਹਨ। ਉਹਨਾਂ ਕਿਹਾ ਕਿ ਰੁਜ਼ਗਾਰ ਖੁੱਸ ਜਾਣ ਮਗਰੋਂ ਕਈਆਂ ਕੋਲ ਤਾਂ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਲਈ ਵੀ ਪੈਸੇ ਨਹੀਂ ਹਨ। ਅਜਿਹੇ ਸਮੇਂ ਵਿਚ ਸਰਕਾਰ ਵੱਲੋਂ ਭੇਜੇ ਇੰਨੇ ਵੱਡੇ ਬਿਲ ਉਹ ਕਿਸੇ ਵੀ ਸੂਰਤ ਵਿਚ ਨਹੀਂ ਭਰ ਸਕਦੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੀਐਸਪੀਸੀਐਲ ਨੂੰ ਨਿਰਦੇਸ਼ ਦੇਣਾ ਚਾਹੀਦਾ ਹੈ ਕਿ ਇਹਨਾਂ ਬਿਲਾਂ ਨੂੰ ਤੁਰੰਤ ਵਾਪਸ ਲੈ ਲਵੇ ਅਤੇ ਚਾਰ ਮਹੀਨੇ ਮਗਰੋਂ ਬਿਲਾਂ ਵਿਚ 50 ਫੀਸਦੀ ਕਟੌਤੀ ਕਰਕੇ ਪੜਾਅਵਾਰ ਜਾਰੀ ਕਰੇ।

ਅਕਾਲੀ ਆਗੂ ਨੇ ਕਿਹਾ ਕਿ ਸੂਬੇ ਅੰਦਰ ਕਰਫਿਊ ਲਗਾਏ ਜਾਣ ਤੋਂ ਬੰਦ ਪਈਆਂ ਸਾਰੀਆਂ ਸਨਅਤਾਂ ਅਤੇ ਦੁਕਾਨਾਂ ਕੋਲੋਂ ਕੋਈ ਪੈਸਾ ਨਹੀਂ ਵਸੂਲਣਾ ਚਾਹੀਦਾ। ਉਹਨਾਂ ਕਿਹਾ ਕਿ ਸਨਅਤਾਂ ਨੂੰ ਬਿਜਲੀ ਦੇ ਪੱਕੇ ਖਰਚਿਆਂ ਤੋਂ ਛੋਟ ਦੇਣੀ ਚਾਹੀਦੀ ਹੈ ਅਤੇ ਉਹਨਾਂ ਸਨਅਤਾਂ ਦੇ ਬਿਜਲੀ ਦੇ ਬਿਲ, ਜਿਹੜੀਆਂ ਦੁਬਾਰਾ ਸ਼ੁਰੂ ਹੋ ਚੁੱਕੀਆਂ ਹਨ, ਅੱਧੇ ਕਰ ਦੇਣੇ ਚਾਹੀਦੇ ਹਨ।

ਡਾਕਟਰ ਚੀਮਾ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਵੀ ਮਿਲੀਆਂ ਹਨ ਕਿ ਵੱੱਡੀ ਗਿਣਤੀ ਵਿਚ ਲੋਕਾਂ ਨੁੰ ਬਹੁਤ ਵੱਡੇ ਬਿਲ ਭੇਜੇ ਗਏ ਹਨ, ਜਿਹਨਾਂ ਨੂੰ ਆਖਰੀ ਖਪਤ ਦੇ ਅੰਕੜਿਆਂ ਜਾਂ ਇੱਕ ਔਸਤ ਖਪਤ ਨੂੰ ਆਧਾਰ ਬਣ ਕੇ ਤਿਆਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੀਐਸਪੀਸੀਐਲ ਨੂੰ ਖਪਤਕਾਰਾਂ ਨੂੰ ਭੇਜੇ ਇਹ ਸਾਰੇ ਬਿਲ ਵਾਪਸ ਲੈਣੇ ਚਾਹੀਦੇ ਹਨ ਅਤੇ ਅਰਥ ਵਿਵਸਥਾ ਲੀਹ ਉਤੇ ਆਉਣ ਤੋਂ ਬਾਅਦ ਇਹਨਾਂ ਬਿਲਾਂ ਵਿਚ 50 ਫੀਸਦੀ ਕਟੌਤੀ ਕਰਕੇ ਦੁਬਾਰਾ ਜਾਰੀ ਕਰਨੇ ਚਾਹੀਦੇ ਹਨ।

ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਤੁਰੰਤ ਸਾਰੇ ਪਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਦੇਣ ਲਈ ਆਖਿਆ

ਭਾਰਤ ਭੂਸ਼ਨ ਆਸ਼ੂ ਨੂੰ ਬਰਖਾਸਤ ਕਰਨ ਦੀ  ਵੀ ਮੰਗ ਕੀਤੀ
ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਵਾਰੀ ਅਨੁਸਾਰ ਕਰਨੀ ਚਾਹੀਦੀ ਹੈ ਅਤੇ ਰਾਸ਼ਨ ਦੀ ਵੰਡ ਦਾ ਸਿਆਸੀਕਰਨ ਕਰਨ ਦੀ ਨਿਖੇਧੀ ਕੀਤੀ

ਲੁਧਿਆਣਾ,ਮਈ 2020 -(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਸ਼ਹਿਰ ਦੇ ਸਾਰੇ ਪਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਅਤੇ ਉਹਨਾਂ ਦੀਆਂ ਬਾਕੀ ਸਾਰੀਆਂ ਸ਼ਿਕਾਇਤਾ ਦੂਰ ਕਰਨ ਤਾਂ ਕਿ ਉਹ ਬਾਹਰ ਗਲੀਆਂ ਵਿਚ ਨਿਕਲ ਕੇ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਨਾ ਪਾਉਣ। ਪਾਰਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਕੇਂਦਰੀ ਰਾਹਤ ਲੋਕਾਂ ਵਿਚ ਵੰਡਣ ਵਿਚ ਬੁਰੀ ਤਰ੍ਹਾਂ ਨਾਕਾਮ ਰਹਿਣ ਲਈ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਪਾਰਟੀ ਆਗੂਆਂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਤਕਰੀਬਨ ਡੇਢ ਮਹੀਨੇ ਪਹਿਲਾਂ ਭੇਜੀ ਜਾ ਚੁੱਕੀ ਕੇਂਦਰੀ ਰਾਹਤ ਦੇ ਬਾਵਜੂਦ ਪੰਜਾਬ ਸਰਕਾਰ ਪਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਦੇਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ  ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਇਸ ਲਾਪਰਵਾਹੀ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ, ਕਿਉਂਕਿ ਉਸ ਨੇ ਡਿਪੂ ਹੋਲਡਰਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ, ਜਿਹੜੇ ਕਿ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਇਹ ਰਾਸ਼ਨ ਲੋਕਾਂ ਵਿਚ ਵੰਡਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸਭ ਤੋਂ ਮਾੜੀ ਹੈ, ਜਿਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦੱਸਿਆ ਹੈ ਕਿ ਅਪ੍ਰੈਲ ਮਹੀਨੇ ਵਿਚ ਪੰਜਾਬ ਨੇ ਕੇਂਦਰੀ ਰਾਹਤ ਦਾ ਸਿਰਫ ਇੱਕ ਫੀਸਦੀ ਹਿੱਸਾ ਹੀ ਲੋਕਾਂ ਵਿਚ ਵੰਡਿਆ ਹੈ। ਉਹਨਾਂ ਕਿਹਾ ਕਿ ਹੁਣ ਵੀ ਭਾਰਤ ਭੂਸ਼ਨ ਆਸ਼ੂ ਡਿਪੂ ਹੋਲਡਰਾਂ ਦੇ ਕੁੱਝ ਧੜਿਆਂ ਨੂੰ ਹੀ ਮਿਲਿਆ ਹੈ ਅਤੇ ਉਹ ਕੇਂਦਰ ਵੱਲੋਂ ਲੋਕਾਂ ਲਈ ਭੇਜੇ ਰਾਸ਼ਨ ਕਣਕ ਅਤੇ ਦਾਲ ਨੂੰ ਲੋੜਵੰਦਾਂ ਵਿਚ ਵੰਡਣ ਲਈ ਬਹੁ ਗਿਣਤੀ ਡਿਪੂ ਹੋਲਡਰਾਂ ਨੂੰ ਤਿਆਰ ਨਹੀਂ ਕਰ ਪਾਇਆ ਹੈ।
ਇਹ ਟਿੱਪਣੀ ਕਰਦਿਆਂ ਕਿ ਸਥਿਤੀ ਹੁਣ ਹੱਥਾਂ ਵਿਚੋਂ ਬਾਹਰ ਜਾ ਚੁੱਕੀ ਹੈ ਅਤੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਦੇ ਕੰਟਰੋਲ ਵਿਚ ਨਹੀਂ ਰਹੀ ਹੈ, ਦੋਵੇਂ ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਇਹ ਮਹਿਕਮਾ ਆਪਣੇ ਕੰਟਰੋਲ ਹੇਠ ਲੈ ਲੈਣਾ ਚਾਹੀਦਾ ਹੈ। ਪਰਵਾਸੀ ਮਜ਼ਦੂਰਾਂ ਨੂੰ ਦੁਬਾਰਾ ਸੜਕਾਂ ਉੱਤੇ ਆਉਣ ਤੋਂ ਰੋਕਣ ਲਈ ਤਿੰਨ ਦਿਨਾਂ ਦੇ ਅੰਦਰ ਸਾਰਿਆਂ ਤਕ ਰਾਸ਼ਨ ਪਹੁੰਚਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੀਆਂ ਸਾਰੀਆਂ ਸ਼ਿਕਾਇਤਾਂ ਦੂਰ ਕਰਨ ਲਈ ਸਰਕਾਰ ਨੂੰ ਇੱਕ ਕਮੇਟੀ ਵੀ ਬਣਾਉਣੀ ਚਾਹੀਦੀ ਹੈ।
ਅਕਾਲੀ ਆਗੂਆਂ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਉਹ ਸਾਰੇ ਪਰਵਾਸੀ ਮਜ਼ਦੂਰਾਂ ਦੀ ਕੋਵਿਡ-19 ਲਈ ਸਕਰੀਨਿੰਗ ਕਰੇ, ਕਿਉਂਕਿ ਉਹਨਾਂ ਵਿਚੋਂ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਕਾਂਗਰਸ ਸਰਕਾਰ ਵਿਰੁੱਧ ਸੜਕਾਂ ਉੱਤੇ ਪ੍ਰਦਰਸ਼ਨ ਕਰਨ ਲਈ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਕੇ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਖਤਰੇ ਵਿਚ ਪਾਈ ਹੈ।  ਉਹਨਾਂ ਕਿਹਾ ਕਿ ਇਹਨਾਂ ਪ੍ਰਦਰਸ਼ਨਾਂ ਕਰਕੇ ਸਰਕਾਰ ਨੂੰ ਕੋਵਿਡ-19 ਦੇ ਕੇਸਾਂ ਵਿਚ ਵੱਡੇ ਵਾਧੇ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਸ਼ਹਿਰ ਵਿਚ ਇਸ ਬੀਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।
ਸਰਦਾਰ ਗਰੇਵਾਲ ਅਤੇ ਸਰਦਾਰ ਢਿੱਲੋਂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਸ਼ਹਿਰ ਅੰਦਰ ਸਨਅਤਾਂ ਦੁਬਾਰਾ ਸ਼ੁਰੂ ਕਰਨ ਅਤੇ ਆ ਰਹੇ ਝੋਨੇ ਦੀ ਸੀਜ਼ਨ ਲਈ ਮਜ਼ਦੂਰਾਂ ਉਪਲੱਬਧਤਾ ਯਕੀਨੀ ਬਣਾਉਣ ਲਈ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਛੱਡ ਕੇ ਜਾਣ ਤੋਂ ਰੋਕਣ ਲਈ ਜਰੂਰੀ ਕਦਮ ਚੁੱਕਣ। ਉਹਨਾਂ ਮੁੱਖ ਮੰਤਰੀ ਨਂੂੰ ਇਹ ਵੀ ਕਿਹਾ ਕਿ ਉਹ ਅਧਿਕਾਰੀਆਂ ਨੂੰ ਬਿਨਾਂ ਕਾਂਗਰਸੀਆਂ ਦੇ ਪ੍ਰਭਾਵ ਹੇਠ ਆਏ ਲੋੜਵੰਦਾਂ ਨੂੰ ਵਾਰੀ ਅਨੁਸਾਰ ਰਾਸ਼ਨ ਵੰਡਣ ਦਾ ਨਿਰਦੇਸ਼ ਦੇਣ। ਉਹਨਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਮਰਜ਼ੀ ਮੁਤਾਬਿਕ ਰਾਸ਼ਨ ਦੀ ਵੰਡ ਕਰਵਾਉਣ ਸਦਕਾ ਅਸਲੀ ਲਾਭਪਾਤਰੀਆਂ ਤਕ ਇਹ ਰਾਸ਼ਨ ਨਹੀਂ ਪਹੁੰਚ ਰਿਹਾ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਲਾਭਪਾਤਰੀਆਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ ਅਤੇ ਕਾਂਗਰਸੀ ਵੱਲੋਂ ਇਹ ਰਾਸ਼ਨ ਆਪਣੇ ਸਮਰਥਕਾਂ ਵਿਚ ਵੰਡਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮਾਮਲੇ ਵਿਚ ਦਖ਼ਲ ਦੇਣਾ ਚਾਹੀਦਾ ਹੈ ਅਤੇ ਇਸ ਵਿਤਕਰੇ ਨੂੰ ਤੁਰੰਤ ਖਤਮ ਕਰਨਾ ਚਾਹੀਦਾ ਹੈ।

ਗੁਰੂ ਨਾਨਕ ਮਿਸ਼ਨ ਅਤੇ ਦਾ ਗਰੀਨ ਪੰਜਾਬ ਮਿਸ਼ਨ ਵਲੋਂ ਪਿੰਡ ਦਾਉਧਰ ਚ ਬੂਟੇ ਲਾਉਣ ਦਾ ਕੰਮ ਜੰਗੀ ਪੱਧਰ ਤੇ

ਅਜੀਤਵਾਲ,ਮਈ 2020 -(ਮਨਜਿੰਦਰ ਗਿੱਲ)-

ਸੰਸਥਾ ਗੁਰੂ ਨਾਨਕ ਮਿਸ਼ਨ ਅਤੇ ਦੇ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਦਾਉਧਰ ਪਿੰਡ ਦੀਆਂ ਸੱਤ ਹੱਦਾਂ ਤੱਕ, ਛਾਂ ਦਾਰ ਅਤੇ ਫਲਦਾਰ ਰੁੱਖ ਲਗਾਏ ਜਾ ਰਹੇ ਹਨ, ਤਿੰਨ ਸੌ ਦੇ ਕਰੀਬ ਰੁੱਖ ਲਗਾਏ ਜਾ ਚੁੱਕੇ ਹਨ ਅਤੇ ਬਾਕੀ ਲਗਾਤਾਰ ਲੱਗ ਰਹੇ ਹਨ, ਇਹਨਾਂ ਦੀ ਸੁਰੱਖਿਆ ਲਈ, ਇੱਟਾਂ ਦੇ ਟਰੀ ਗਾਰਡ ਵੀ ਲਗਾਏ ਜਾਣਗੇ, ਵਾਤਾਵਰਣ ਦੀ ਸ਼ੱਧਤਾ ਲਈ ਲੋਕਾਂ ਨੂੰ ਬੇਨਤੀ ਹੈ ਕੇ ਰੁੱਖਾਂ ਨੂੰ ਜਿਉਣ ਦਿਉ, ਇਹ ਤੁਹਾਨੂੰ ਸੁੱਖ ਦੇਣਗੇ। ਹਰ ਮਨੁੱਖ ਨੂੰ ਆਪਣੇ ਜੀਵਨ ਵਿੱਚ ਕਈ ਰੁੱਖ ਲਗਾਉਣੇ ਚਾਹੀਦੇੇ ਹਨ ਤਾਂ ਜੋ ਧਰਤੀ ਹਰੀ ਭਰੀ ਰਹੇ ਅਤੇ ਖੁਸ਼ ਰਹੇ, ਕਿਉਂਕਿ ਅਾਪਾਂ ਧਰਤੀ ਨੂੰ ਮਾਂ ਕਹਿੰਦੇ ਹਾਂ ਅਤੇ ਇਸਦੀ ਖੁਸ਼ੀ ਇਹੀ ਹੈ ਕੇ, ਲੋਕ ਵੱਧ ਤੋਂ ਵੱਧ ਰੁੱਖ ਲਗਾ ਕੇ ਧਰਤੀ ਨੂੰ ਮਨਮੋਹਨਾ ਅਤੇ ਕਹਿਣ ਕੇ ਵਾਹ। ਖਾਲਸਾ ਕੁਲਦੀਪ ਸਿੰਘ ਦਾਉਧਰ, ਸਤਪਾਲ ਸਿੰਘ ਦੇਹੜਕਾ, ਹਰ ਨਰਾਇਣ ਮੱਲੇਆਣਾ, ਧਰਮਰਾਜ ਦਾਉਧਰ ਬੇਟੀ ਗੁਰਜੱਸਪੀ੍ਤ ਕੌਰ, ਪ੍ਰਭਜੋਤ ਕੌਰ, ਫੋਟੋ ਵਿੱਚ ਹਾਜ਼ਰ ਹਨ, ਇਸਤੋਂ ਬਿਨਾਂ ਕੁਝ ਵਲੰਟੀਅਰ ਅਤੇ ਕੁਝ ਮਜਦੂਰ ਦਿਹਾੜੀ ਤੇ ਇਸ ਮਿਸ਼ਨ ਵਿੱਚ ਲੱਗੇ ਹੋਏ ਹਨ ਅਤੇ ਲੋਕਾਂ ਨੂੰ ਅਪੀਲ ਹੈ ਕੇ, ਇਸ ਵਿੱਚ ਸਹਿਯੋਗ ਕਰੋ।