You are here

ਪੰਜਾਬ

ਰੇਲ ਕੋਚ ਫੈਕਟਰੀ ਦਾ ਰੁਤਬਾ ਬਰਕਰਾਰ ਰੱਖਣ ਲਈ ਜ਼ੋਰਦਾਰ ਢੰਗ ਨਾਲ ਲੜਾਂਗੇ ਲੜਾਈ-ਜਸਬੀਰ ਸਿੰਘ ਡਿੰਪਾ

(ਫੋਟੋ:--ਰੇਲ ਕੋਚ ਫੈਕਟਰੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਮੈਂਬਰ ਪਾਰਲੀਮੈਂਟ ਸ. ਜਸਬੀਰ ਸਿੰਘ ਡਿੰਪਾ। ਨਾਲ ਹਨ ਵਿਧਾਇਕ ਸ. ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ, ਜਨਰਲ ਮੈਨੇਜਰ ਸ੍ਰੀ ਰਵਿੰਦਰ ਗੁਪਤਾ ਤੇ ਹੋਰ)

ਵਿਧਾਇਕ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਸਮੇਤ ਰੇਲ ਕੋਚ ਫੈਕਟਰੀ ਦਾ ਕੀਤਾ ਦੌਰਾ

ਫੈਕਟਰੀ ਦੀਆਂ ਵੱਖ-ਵੱਖ ਵਰਕਸ਼ਾਪਾਂ ਵਿਚ ਕੋਵਿਡ ਸੁਰੱਖਿਆ ਉਪਾਵਾਂ ਦਾ ਲਿਆ ਜਾਇਜ਼ਾ

ਵਰਕਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼

ਕਪੂਰਥਲਾ,  ਮਈ 2020 - (ਹਰਜੀਤ ਸਿੰਘ ਵਿਰਕ)-

ਮੈਂਬਰ ਪਾਰਲੀਮੈਂਟ ਸ. ਜਸਬੀਰ ਸਿੰਘ ਡਿੰਪਾ ਨੇ ਕਿਹਾ ਹੈ ਕਿ ਰੇਲ ਕੋਚ ਫੈਕਟਰੀ ਦੇ ਨਿਗਮੀਕਰਨ ਦਾ ਮੁੱਦਾ ਉਨਾਂ ਵੱਲੋਂ ਪਾਰਲੀਮੈਂਟ ਵਿਚ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਹੈ ਅਤੇ ਇਸ ਸਬੰਧੀ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਨਿਗਮੀਕਰਨ ਖਿਲਾਫ਼ ਵਰਕਰਾਂ ਦੀ ਲੜਾਈ ਜ਼ੋਰਦਾਰ ਢੰਗ ਨਾਲ ਲੜ ਕੇ ਰੇਲ ਕੋਚ ਫੈਕਟਰੀ ਦਾ ਰੁਤਬਾ ਬਰਕਰਾਰ ਰੱਖਿਆ ਜਾਵੇਗਾ। ਅੱਜ ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਅਤੇ ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ ਸਮੇਤ ਰੇਲ ਕੋਚ ਫੈਕਟਰੀ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਰੇਲ ਕੋਚ ਫੈਕਟਰੀ ਦੇ ਨਿਗਮੀਕਰਨ ਦੀਆਂ ਕੋਸ਼ਿਸ਼ਾਂ ਖਿਲਾਫ਼ ਉਨਾਂ ਵੱਲੋਂ ਨਿੱਜੀ ਤੌਰ ’ਤੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਅਤੇ ਜਨਾਬ ਮੁਹੰਮਦ ਸਦੀਕ ਸਮੇਤ ਕੇਂਦਰੀ ਮੰਤਰੀ ਪਿੳੂਸ਼ ਗੋਇਲ ਨਾਲ ਮੁਲਾਕਾਤ ਕਰਕੇ ਇਸ ਸਬੰਧੀ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਗਿਆ ਹੈ। 

  ਸ. ਡਿੰਪਾ ਨੇ ਕਿਹਾ ਕਿ ਰੇਲ ਕੋਚ ਫੈਕਟਰੀ ਉਨਾ ਦੇ ਹਲਕੇ ਦਾ ਇਕ ਅਨਮੋਲ ਰਤਨ ਹੈ, ਜਿਸ ਨੇ ਰੇਲ ਡੱਬਿਆਂ ਦੇ ਉਤਪਾਦਨ ਵਿਚ ਵਿਸ਼ਵ ਭਰ ਵਿਚ ਨਾਮਣਾ ਖੱਟਣ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੂੰ ਵੱਡੀ ਪੱਧਰ ’ਤੇ ਰੋਜ਼ਗਾਰ ਮੁਹੱਈਆ ਕਰਵਾਇਆ ਹੈ। ਉਨਾਂ ਕਿਹਾ ਕਿ ਇਹ ਅਦਾਰਾ ਇਸ ਖੇਤਰ ਦੀ ਸ਼ਾਹ ਰਗ ਹੈ ਅਤੇ ਇਸ ਦਾ ਚੱਲਦੇ ਰਹਿਣਾ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਲਾਕਡਾੳੂਨ ਕਾਰਨ ਕਾਫੀ ਦੇਰ ਬੰਦ ਰਹਿਣ ਤੋਂ ਬਾਅਦ ਇਥੇ ਦੁਬਾਰਾ ਕੰਮਕਾਜ਼ ਸ਼ੁਰੂ ਹੋਇਆ ਹੈ। ਇਸ ਦੌਰਾਨ ਫੈਕਟਰੀ ਵਿਚ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਅਤੇ ਹੋਰਨਾਂ ਸਿਹਤ ਸੁਰੱਖਿਆ ਉਪਾਵਾਂ ਦਾ ਅੱਜ ਉਨਾਂ ਵੱਲੋਂ ਜਾਇਜ਼ਾ ਲਿਆ ਗਿਆ ਹੈ। 

ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਨੇ ਇਸ ਮੌਕੇ ਕਿਹਾ ਕਿ ਫੈਕਟਰੀ ਦੇ ਵਰਕਰਾਂ ਦੀਆਂ ਸਫ਼ਾਈ ਅਤੇ ਰਿਹਾਇਸ਼ ਸਬੰਧੀ ਸਮੱਸਿਆਵਾਂ ਨੂੰ ਜਲਦ ਹੱਲ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਵਰਕਰਾਂ ਦਾ ਖਿਆਲ ਰੱਖਣਾ ਸਾਡਾ ਫਰਜ਼ ਹੈ ਅਤੇ ਲਾਕਡਾੳੂਨ ਕਾਰਨ ਉਨਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। 

ਇਸ ਤੋਂ ਪਹਿਲਾਂ ਫੈਕਟਰੀ ਦੇ ਜਨਰਲ ਮੈਨਜਰ ਸ੍ਰੀ ਰਵਿੰਦਰ ਗੁਪਤਾ ਅਤੇ ਹੋਰਨਾਂ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਸ. ਜਸਬੀਰ ਸਿੰਘ ਡਿੰਪਾ ਨੇ ਫੈਕਟਰੀ ਵਿਚ ਲਾਕਡਾੳੂਨ ਦੌਰਾਨ ਦੁਬਾਰਾ ਕੰਮਕਾਜ਼ ਚਾਲੂ ਹੋਣ ’ਤੇ ਕੋਵਿਡ-19 ਦੇ ਚੱਲਦਿਆਂ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਅਤੇ ਸਿਹਤ ਸੁਰੱਖਿਆ ਉਪਾਵਾਂ ਸਬੰਧੀ ਵਿਸਥਾਰ ਵਿਚ ਵਿਚਾਰ-ਵਟਾਂਦਰਾ ਕੀਤਾ। ਉਨਾਂ ਕਿਹਾ ਕਿ ਫੈਕਟਰੀ ਵਿਚ ਕੋਵਿਡ ਪ੍ਰੋਟੋਕਾਲ ਨੂੰ ਸਖ਼ਤੀ ਨਾਲ ਲਾਗੂ ਕਰਨਾ ਸਮੇਂ ਦੀ ਲੋੜ ਹੈ, ਤਾਂ ਜੋ ਹਰੇਕ ਵਰਕਰ ਸੁਰੱਖਿਅਤ ਰਹਿ ਸਕੇ। ਇਸ ਦੌਰਾਨ ਜਨਰਲ ਮੈਨੇਜਰ ਸ੍ਰੀ ਗੁਪਤਾ ਨੇ ਦੱਸਿਆ ਕਿ ਫੈਕਟਰੀ ਵਿਚ ਕੋਵਿਡ ਪ੍ਰੋਟੋਕਾਲ ਨੂੰ ਪੁਖ਼ਤਾ ਢੰਗ ਨਾਲ ਲਾਗੂ ਕੀਤਾ ਗਿਆ ਹੈ ਅਤੇ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ। ਉਨਾਂ ਯਕੀਨ ਦਿਵਾਇਆ ਕਿ ਵਰਕਰਾਂ ਦੀਆਂ ਸਮੱਸਿਆਵਾਂ ਪਹਿਲੇ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ। 

  ਇਸ ਦੌਰਾਨ ਸ. ਜਸਬੀਰ ਸਿੰਘ ਡਿੰਪਾ ਅਤੇ ਸ. ਨਵਤੇਜ ਸਿੰਘ ਚੀਮਾ ਨੇ ਫੈਕਟਰੀ ਦੀਆਂ ਵੱਖ-ਵੱਖ ਵਰਕਸ਼ਾਪਾਂ ਦਾ ਜਾਇਜ਼ਾ ਵੀ ਲਿਆ। ਇਸ ਤੋਂ ਇਲਾਵਾ ਉਨਾਂ ਵਰਕਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਕੋਵਿਡ-19 ਦੇ ਮੱਦੇਨਜ਼ਰ ਉਨਾਂ ਲਈ ਕੀਤੇ ਗਏ ਸਿਹਤ ਸੁਰੱਖਿਆ ਉਪਾਵਾਂ ਦਾ ਮੁਲਾਂਕਣ ਕਰਦਿਆਂ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਡੀ. ਐਸ. ਪੀ ਸੁਲਤਾਨਪੁਰ ਲੋਧੀ ਸ. ਸਰਵਨ ਸਿੰਘ ਬੱਲ, ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਸ. ਪਰਵਿੰਦਰ ਸਿੰਘ ਪੱਪਾ, ਸ੍ਰੀ ਰਵਿੰਦਰ ਰਵੀ ਅਤੇ ਹੋਰ ਹਾਜ਼ਰ ਸਨ। 

Image preview

2 ਫੋਟੋ:-ਰੇਲ ਕੋਚ ਫੈਕਟਰੀ ਦੀਆ ਵਰਕਸ਼ਾਪਾਂ ਦਾ ਜਾਇਜ਼ਾ ਲੈਂਦੇ ਹੋਏ ਮੈਂਬਰ ਪਾਰਲੀਮੈਂਟ ਸ. ਜਸਬੀਰ ਸਿੰਘ ਡਿੰਪਾ। ਨਾਲ ਹਨ ਵਿਧਾਇਕ ਸ. ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ, ਜਨਰਲ ਮੈਨੇਜਰ ਸ੍ਰੀ ਰਵਿੰਦਰ ਗੁਪਤਾ ਤੇ ਹੋਰ। 

Image preview

3 ਫੋਟੋ:- ਰੇਲ ਕੋਚ ਫੈਕਟਰੀ ਦੀਆ ਵਰਕਸ਼ਾਪਾਂ ਦਾ ਜਾਇਜ਼ਾ ਲੈਂਦੇ ਹੋਏ ਮੈਂਬਰ ਪਾਰਲੀਮੈਂਟ ਸ. ਜਸਬੀਰ ਸਿੰਘ ਡਿੰਪਾ। ਨਾਲ ਹਨ ਵਿਧਾਇਕ ਸ. ਨਵਤੇਜ ਸਿੰਘ ਚੀਮਾ, ਫੈਕਟਰੀ ਦੇ ਜਨਰਲ ਮੈਨੇਜਰ ਸ੍ਰੀ ਰਵਿੰਦਰ ਗੁਪਤਾ ਤੇ ਹੋਰ।

ਫਗਵਾੜਾ ਨਾਲ ਸਬੰਧਤ ਦੋ ਕੋਰੋਨਾ ਮਰੀਜ਼ ਹੋਏ ਸਿਹਤਯਾਬ

ਦੂਸਰੀ ਰਿਪੋਰਟ ਵੀ ਨੈਗੇਟਿਵ ਆਉਣ ’ਤੇ ਮਿਲੀ ਹਸਪਤਾਲ ਤੋਂ ਛੁੱਟੀ

(ਫੋਟੋ:-ਫਗਵਾੜਾ ਦੀ ਮਰੀਜ਼ ਨੂੰ ਸਿਹਤਯਾਬ ਹੋਣ’ਤੇ ਵਿਦਾਈ ਦਿੰਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ, ਸਿਵਲ ਸਰਜਨ ਡਾ. ਜਸਮੀਤ ਬਾਵਾ ਅਤੇ ਹੋਰ ਸਿਹਤ ਅਧਿਕਾਰੀ)

ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਿਵਲ ਸਰਜਨ ਨੇ ਦਿੱਤੀਆਂ ਸ਼ੁੱਭ ਕਾਮਨਾਵਾਂ

ਕਪੂਰਥਲਾ ,ਮਈ 2020 - (ਹਰਜੀਤ ਸਿੰਘ ਵਿਰਕ)-

ਸਿਵਲ ਹਸਪਤਾਲ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ ਪਿਛਲੇ 15 ਦਿਨਾਂ ਤੋਂ ਦਾਖ਼ਲ ਦੋ ਕੋਰੋਨਾ ਪੀੜਤਾਂ ਦੀ ਦੂਸਰੀ ਰਿਪੋਰਟ ਵੀ ਅੱਜ ਨੈਗੇਟਿਵ ਆਉਣ ’ਤੇ ਉਨਾਂ ਨੂੰ ਛੁੱਟੀ ਦੇ ਦਿੱਤੀ ਗਈ। ਮਰੀਜ਼ਾਂ ਨੂੰ ਛੁੱਟੀ ਮਿਲਣ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਿਵਲ ਸਰਜਨ ਡਾ. ਜਸਮੀਤ ਬਾਵਾ ਵਿਸ਼ੇਸ਼ ਤੌਰ ’ਤੇ ਉਥੇ ਪਹੁੰਚੇ ਅਤੇ ਉਨਾਂ ਨੇ ਦੋਵਾਂ ਨੂੰ ਸਿਹਤਯਾਬ ਹੋਣ ’ਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਰਾਣਾ ਗੁਰਜੀਤ ਸਿੰਘ ਨੇ ਇਸ ਔਖੀ ਘੜੀ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਦਿਨ-ਰਾਤ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਈਸੋਲੇਸ਼ਨ ਵਾਰਡ ਵਿਚ ਤਾਇਨਾਤ ਮੈਡੀਕਲ ਅਤੇ ਪੈਰਾ ਮੈਡੀਕਲ ਟੀਮ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਉਨਾਂ ਬਾਕੀ ਮਰੀਜ਼ਾਂ ਦੇ ਵੀ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। 

  ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਇਸ ਮੌਕੇ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਫਗਵਾੜਾ ਵਾਪਸ ਪਰਤੇ 14 ਯਾਤਰੀਆਂ ਵਿਚ ਉਕਤ ਦੋਵੇਂ ਮਰੀਜ਼ ਸ਼ਾਮਿਲ ਸਨ, ਜਿਨਾ ਨੂੰ 29 ਅਪ੍ਰੈਲ ਨੂੰ ਫਗਵਾੜਾ ਤੋਂ ਆਈਸੋਲੇਸ਼ਨ ਸੈਂਟਰ ਕਪੂਰਥਲਾ ਵਿਖੇ ਲਿਆਂਦਾ ਗਿਆ ਸੀ। ਉਨਾਂ ਦੱਸਿਆ ਕਿ ਦੋਵਾਂ ਮਰੀਜ਼ਾਂ ਦਾ ਕੱਲ ਟੈਸਟ ਨੈਗੇਟਿਵ ਆਇਆ ਸੀ ਅਤੇ 24 ਘੰਟਿਆਂ ਬਾਅਦ ਵਾਲਾ ਟੈਸਟ ਵੀ ਅੱਜ ਨੈਗੇਟਿਵ ਆਉਣ ’ਤੇ ਉਨਾਂ ਨੂੰ ਛੁੱਟੀ ਦੇ ਦਿੱਤੀ ਗਈ। ਉਨਾਂ ਦੱਸਿਆ ਕਿ ਫਗਵਾੜਾ ਦੇ ਸੁਖਚੈਨ ਨਗਰ ਦੇ ਰਹਿਣ ਵਾਲੇ ਦੋਵੇਂ ਮਰੀਜ਼ ਇਕੋ ਪਰਿਵਾਰ ਨਾਲ ਸਬੰਧ ਰੱਖਦੇ ਹਨ। 

ਦੋਵਾਂ ਮਰੀਜ਼ਾਂ ਨੇ ਆਈਸੋਲੇਸ਼ਨ ਵਾਰਡ ਵਿਚ ਬਿਤਾਏ ਸਮੇਂ ਦੌਰਾਨ ਉਨਾਂ ਦੇ ਵਧੀਆ ਇਲਾਜ ਅਤੇ ਦਿੱਤੀਆ ਸੁਵਿਧਾਵਾਂ ਲਈ ਪੰਜਾਬ ਸਰਕਾਰ, ਸਿਹਤ ਵਿਭਾਗ, ਜ਼ਿਲਾ ਪ੍ਰਸ਼ਾਸਨ ਅਤੇ ਮੈਡੀਕਲ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੰਦੀਪ ਧਵਨ, ਡਾ. ਸੰਦੀਪ ਭੋਲਾ, ਡਾ. ਮੋਹਨਪ੍ਰੀਤ, ਡਾ. ਰਾਜੀਵ ਭਗਤ, ਗੁਰਬੀਰ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ ਤੋਂ ਇਲਾਵਾ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ। 

ਕਰੋਨਾ ਪਾਜ਼ੇਟਿਵ ਕੈਦੀ ਹਸਪਤਾਲ ਵਿਚੋਂ ਫਰਾਰ; ਤਿੰਨ ਮੁਲਾਜ਼ਮ ਮੁਅੱਤਲ

ਅੰਮ੍ਰਿਤਸਰ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਇਥੋਂ ਦੀ ਕੇਂਦਰੀ ਜੇਲ੍ਹ ਦਾ ਕੈਦੀ ਪ੍ਰਤਾਪ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚੋਂ ਫ਼ਰਾਰ ਗਿਆ। ਉਸ ਨੂੰ ਕਰੋਨਾ ਪਾਜ਼ੇਟਿਵ ਹੋਣ ਮਗਰੋਂ ਇਲਾਜ ਲਈ ਦਾਖਲ ਕੀਤਾ ਗਿਆ ਸੀ।
ਇਹ ਵਿਅਕਤੀ ਬੀਤੀ ਰਾਤ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠਲੇ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚੋਂ ਭੱਜਿਆ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਵਲੋਂ ਤਿੰਨ ਪੁਲੀਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕੇਸ ਵੀ ਦਰਜ ਕੀਤਾ ਗਿਆ ਹੈ। ਮੁਅੱਤਲ ਪੁਲੀਸ ਮੁਲਜ਼ਮਾਂ ਵਿੱਚ ਸਬ ਇੰਸਪੈਕਟਰ ਬਲਜਿੰਦਰ ਸਿੰਘ, ਏਐੱਸਆਈ ਸੁਖਵਿੰਦਰ ਸਿੰਘ ਅਤੇ ਏਐੱਸਆਈ ਸ਼ਿਸ਼ਪਾਲ ਸਿੰਘ ਸ਼ਾਮਲ ਹਨ। ਇਹ ਕੈਦੀ ਦੂਜੀ ਮੰਜ਼ਿਲ ’ਤੇ ਸਥਾਪਤ ਆਈਸੋਲੇਸ਼ਨ ਵਾਰਡ ਵਿਚੋਂ ਗਰਿੱਲ ਤੋੜ ਕੇ ਭੱਜਣ ਵਿਚ ਸਫਲ ਹੋਇਆ ਹੈ।  

ਪੰਜਾਬ 'ਚ 15 ਦਿਨ 'ਚ ਸਭ ਤੋਂ ਘੱਟ 11 ਨਵੇਂ ਕੇਸ

ਸੂਬੇ 'ਚ ਮੌਤਾਂ ਦੀ ਗਿਣਤੀ 33

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਵਿਚ ਮੰਗਲਵਾਰ ਨੂੰ ਕੋਰੋਨਾ ਦੇ ਕਾਰਨ ਇਕ ਹੋਰ ਮੌਤ ਹੋ ਗਈ। ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ 39 ਸਾਲਾ ਇਕ ਵਿਅਕਤੀ ਐੱਚਆਈਵੀ ਪਾਜ਼ੇਟਿਵ ਅਤੇ ਟੀਬੀ ਰੋਗ ਨਾਲ ਪੀੜਤ ਸੀ। ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋਣ ਦੀ ਵਜ੍ਹਾ ਨਾਲ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ ਸੀ। ਇਹ ਅੰਮਿ੍ਤਸਰ ਵਿਚ ਕੋਰੋਨਾ ਨਾਲ ਚੌਥੀ ਮੌਤ ਹੋਈ ਹੈ, ਜਦਕਿ ਪੰਜਾਬ ਵਿਚ ਹੁਣ ਤਕ 33 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੂਜੇ ਪਾਸੇ ਮੰਗਲਵਾਰ ਨੂੰ ਪੰਜਾਬ ਵਿਚ ਪੰਜ ਮਹੀਨੇ ਦੀ ਬੱਚੀ ਸਮੇਤ 11 ਨਵੇਂ ਮਰੀਜ਼ ਸਾਹਮਣੇ ਆਏ। 15 ਦਿਨ ਵਿਚ ਨਵੇਂ ਪਾਜ਼ੇਟਿਵ ਮਰੀਜ਼ਾਂ ਦਾ ਇਹ ਸਭ ਤੋਂ ਘੱਟ ਅੰਕੜਾ ਹੈ। ਇਸ ਤੋਂ ਪਹਿਲਾਂ 28 ਅਪ੍ਰੈਲ ਨੂੰ 14 ਨਵੇਂ ਕੇਸ ਆਏ ਸਨ। ਇਸਦੇ ਨਾਲ ਹੀ ਪੰਜਾਬ ਵਿਚ ਕੁੱਲ ਇਨਫੈਕਟਿਡਾਂ ਦੀ ਗਿਣਤੀ 1950 ਹੋ ਗਈ ਹੈ। ਮੰਗਲਵਾਰ ਨੂੰ ਸਭ ਤੋਂ ਜ਼ਿਆਦਾ ਨੌਂ ਪਾਜ਼ੇਟਿਵ ਕੇਸ ਜਲੰਧਰ ਵਿਚ ਆਏ। ਇਨ੍ਹਾਂ ਵਿਚ ਇਕ ਪੰਜ ਮਹੀਨੇ ਦਾ ਬੱਚਾ ਹੈ। ਜਲੰਧਰ ਵਿਚ ਹੁਣ ਕੁੱਲ ਇਨਫੈਕਟਿਡ ਲੋਕਾਂ ਦੀ ਗਿਣਤੀ 197 ਹੋ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦੇ ਵਾਰਡ ਬੁਆਏ ਅਤੇ ਰੂਪਨਗਰ ਵਿਚ ਦਿੱਲੀ ਤੋਂ ਪਰਤੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਰੂਪਨਗਰ ਵਿਚ ਡਾਕਟਰਾਂ ਦੇ ਕੋਰੋਨਾ ਟੈਸਟ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਬਣ ਗਈ ਹੈ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਸਮੇਤ ਦੋ ਡਾਕਟਰਾਂ, ਸਿਵਲ ਸਰਜਨ ਦੇ ਪੀਏ ਅਤੇ ਲੈਬ ਤਕਨੀਸ਼ੀਅਨ ਦੀ ਰਿਪੋਰਟ ਚੰਡੀਗੜ੍ਹ ਲੈਬ ਵਿਚ ਪਾਜ਼ੇਟਿਵ ਆਈ ਸੀ। ਪਟਿਆਲਾ ਲੈਬ ਵਿਚ ਇਸਨੂੰ ਨੈਗੇਟਿਵ ਕਰਾਰ ਦਿੱਤਾ ਗਿਆ ਹੈ। ਪੰਜ ਮਈ ਨੂੰ ਕੁੱਲ 13 ਮੈਡੀਕਲ ਕਾਮਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਹੁਣ ਹੋਰ ਮੁਲਾਜ਼ਮ ਵੀ ਸੈਂਪਲ ਦੀ ਦੁਬਾਰਾ ਜਾਂਚ ਦੀ ਮੰਗ ਕਰ ਰਹੇ ਹਨ।

ਪਾਜ਼ੇਟਿਵ ਆਏ ਐੱਸਐੱਮਓ ਸਮੇਤ ਚਾਰ ਸਿਹਤ ਮੁਲਾਜ਼ਮਾਂ ਦੇ ਚਾਰ ਦਿਨਾਂ ਬਾਅਦ ਰਿਪੋਰਟ ਨੈਗੇਟਿਵ 

ਸਿਹਤ ਅਧਿਕਾਰੀਆਂ ਨੇ ਹੀ ਤੋੜਿਆ ਪ੍ਰੋਟੋਕਾਲ

ਡੀਸੀ ਸੋਨਾਲੀ ਗਿਰੀ ਨੇ ਮੰਨਿਆ ਪ੍ਰੋਟੋਕਾਲ ਦਾ ਹੋਇਆ ਉਲੰਘਣ  

ਰੂਪਨਗਰ, ਮਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਸੂਬੇ ਵਿਚ ਕੋਰੋਨਾ ਮਹਾਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਉੱਥੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮਨਮਰਜ਼ੀ ਵੀ ਸਾਹਮਣੇ ਆ ਰਹੀ ਹੈ।

ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਟੈਸਟਿੰਗ 'ਤੇ ਹੀ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਰੂਪਨਗਰ ਦੇ ਸਿਵਲ ਹਸਪਤਾਲ ਵਿਚ` 10 ਮਈ ਨੂੰ ਜਿਨ੍ਹਾਂ ਵਿਅਕਤੀਆਂ ਦੇ ਕੋਰੋਨਾ ਸੈਂਪਲ ਪਾਜ਼ੇਟਿਵ ਆਏ ਸਨ, 11 ਮਈ ਨੂੰ ਉਨ੍ਹਾਂ ਵਿਚੋਂ 4 ਟੈਸਟਾਂ ਦੀ ਦੁਬਾਰਾ ਕਰਵਾਈ ਗਈ ਰੀਸੈਂਪਲਿੰਗ ਵਿੱਚ ਉਹ ਨੈਗਟਿਵ ਪਾਏ ਗਏ ਹਨ। ਜਿਸ ਨਾਲ ਇੱਕ ਬਹੁਤ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ, ਉ ਥੇ ਕੋਰੋਨਾ ਵਾਇਰਸ ਨੂੰ ਲੈ ਕੇ ਆਮ ਲੋਕਾਂ ਲਈ ਹੈਲਥ ਵਿਭਾਗ ਦੀ ਗਾਈਡ ਲਾਈਨ ਅਤੇ ਪ੍ਰੋਟੋਕਾਲ ਅਲੱਗ ਹੈ ਅਤੇ ਹੈਲਥ ਵਿਭਾਗ ਵੱਲੋਂ ਸਬੰਧਿਤ ਡਾਕਟਰਾਂ ਲਈ ਇਹ ਪ੍ਰੋਟੋਕਾਲ ਅਤੇ ਗਾਈਡ ਲਾਈਨ ਬਦਲ ਜਾਂਦੀ ਹੈ।

ਇਸ ਦੀ ਤਾਜ਼ਾ ਮਿਸਾਲ ਰੋਪੜ ਦੇ ਸਿਵਲ ਹਸਪਤਾਲ ਵਿੱਚ ਦੇਖਣ ਨੂੰ ਮਿਲੀ। ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਹੀ ਆਪਣੇ ਆਪ ਬਣਾਇਆ ਪ੍ਰੋਟੋਕਾਲ ਅਤੇ ਗਾਈਡਲਾਈਨ ਨੂੰ ਤੋੜਦੇ ਹੋਏ ਆਪਣੇ ਐੱਸਐੱਮਓ ਸਮੇਤ 4 ਲੋਕਾਂ ਦੇ ਸੈਂਪਲ ਪਾਜ਼ੇਟਿਵ ਆਉਣ ਦੇ ਬਾਅਦ ਉਸੇ ਦਿਨ ਦੁਬਾਰਾ ਚੈਕਿੰਗ ਲਈ ਭੇਜ ਦਿੱਤੇ। ਹੁਣ ਇਹ ਸਾਰੀਆਂ ਰਿਪੋਰਟਾਂ ਨੈਗਟਿਵ ਆਈਆਂ ਹਨ , ਜਦੋਂ ਕਿ ਪ੍ਰੋਟੋਕਾਲ ਦੇ ਮੁਤਾਬਕ 5 ਦਿਨ ਬਾਅਦ ਹੀ ਦੁਬਾਰਾ ਪਾਜ਼ੇਟਿਵ ਵਿਅਕਤੀ ਦੇ ਸੈਂਪਲ ਜਾ ਸਕਦੇ ਹਨ ਅਤੇ ਇਹ ਸੈਂਪਲ ਉਸੀ ਲੈਬ ਵਿੱਚ ਜਾਣਗੇ, ਜਿਸ ਲੈਬ ਵਿੱਚ ਸੈਂਪਲਾਂ ਦੀ ਪਹਿਲਾਂ ਜਾਂਚ ਹੋਈ ਹੈ ਪਰੰਤੂ ਉਸੇ ਲੈਬ 'ਚ ਸੈਂਪਲਾਂ ਦੀ ਜਾਂਚ ਹੋਣੀ ਹੁੰਦੀ ਹੈ ਪਰ ਹੈਲਥ ਵਿਭਾਗ ਨੇ ਇਸ ਵਿੱਚ ਵੀ ਆਪਣੇ ਡਾਕਟਰਾਂ ਦੇ ਸੈਂਪਲ ਦੁਬਾਰਾ ਪੀਜੀਆਈ ਵਿੱਚ ਜਾਂਚ ਲਈ ਭੇਜੇ। ਜਦੋਂ ਕਿ ਇਸ ਤੋਂ ਪਹਿਲਾਂ ਇਹ ਸੈਂਪਲ ਆਈਐਮਟੀਐਸੀ ਲੈਬੋਰੇਟਰੀ ਚੰਡੀਗੜ੍ਹ ਵਿੱਚ ਭੇਜੇ ਗਏ ਸਨ। ਹੁਣ ਪੂਰਾ ਸਿਵਲ ਹਸਪਤਾਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਵਿੱਚ ਹੈ। ਇੱਥੇ ਬਸ ਨਹੀਂ ਹਸਪਤਾਲ ਪ੍ਰਸ਼ਾਸਨ ਨੇ ਇਹ ਰਿਪੋਰਟਾਂ ਮੀਡੀਆ ਵੱਲੋਂ ਵੀ ਸ਼ੇਅਰ ਨਹੀਂ ਕੀਤੀ । ਜਦੋਂ ਕਿ ਇਸ ਚਾਰਾਂ ਲੋਕਾਂ ਦੀ ਉਮਰ ਅਤੇ ਪਤੇ ਵਿੱਚ ਵੀ ਤਬਦੀਲੀ ਕੀਤੀ ਗਈ ਹੈ ਤਾਂਕਿ ਕਿਸੇ ਨੂੰ ਪਤਾ ਨਾ ਚੱਲ ਸਕੇ।

ਡੀਸੀ ਸੋਨਾਲੀ ਗਿਰੀ ਨੇ ਮੰਨਿਆ ਪ੍ਰੋਟੋਕਾਲ ਦਾ ਹੋਇਆ ਉਲੰਘਣ

ਡੀਸੀ ਰੋਪੜ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ 4 ਸੈਂਪਲਾਂ ਦੀ ਰੀ -ਸੈਂਪਲਿੰਗ ਦੇ ਸਬੰਧ ਵਿੱਚ ਪ੍ਰੋਟੋਕਾਲ ਦਾ ਉਲੰਘਣ ਹੋਇਆ ਹੈ, ਜਿਸਦੇ ਸਬੰਧ ਵਿੱਚ ਹੈਲਥ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਸ ਵਿੱਚ ਇਹ ਵੇਖਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਰੀ-ਸੈਂਪਲਿੰਗ ਕਿਸ ਦੇ ਕਹਿਣ ਉੱਤੇ ਹੋਈ ਹੈ ਜਾਂ ਕੋਈ ਆਰਡਰ ਪਾਸ ਹੋਏ ਹਨ ਜਾਂ ਕਿਸੇ ਲੈਬ ਟੈਕਨੀਸ਼ੀਅਨ ਨੇ ਆਪਣੇ ਆਪ ਇਹ ਸੈਂਪਲ ਲਏ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਲੈਬ ਤੋਂ ਰਿਪੋਰਟ ਇੱਕ ਵਾਰ ਪਾਜ਼ੇਟਿਵ ਆ ਜਾਵੇ ਤਾਂ ਦੂਜੀ ਰਿਪੋਰਟ ਵੀ ਉਸੀ ਲੈਬ ਦੀ ਮੰਨੀ ਜਾਂਦੀ ਹੈ। ਐਤਵਾਰ ਨੂੰ ਆਈਐਮਟੀਐਸੀ ਲੈਬ ਬੰਦ ਹੁੰਦੀ ਹੈ, ਜਿਸਦੇ ਚਲਦੇ ਇਨ੍ਹਾਂ ਦੇ ਸੈਂਪਲ ਪੀਜੀਆਈ ਵਿੱਚ ਭੇਜੇ ਗਏ ਸਨ। ਪਹਿਲਾਂ ਸੈਂਪਲ 6 ਮਈ ਨੂੰ ਲਈ ਗਏ ਸਨ, ਜਿਨ੍ਹਾਂ ਦੀ ਰਿਪੋਰਟ 4 ਦਿਨ ਬਾਅਦ 10 ਮਈ ਨੂੰ ਆਈ ਸੀ। ਦੁਬਾਰਾ ਜੋ ਰੀ-ਸੈਂਪਲਿੰਗ ਲਈ ਗਈ ਹੈ ਉਹ 10 ਰਾਤ ਨੂੰ ਲਈ ਗਈ ਸੀ ਅਤੇ 11 ਨੂੰ ਰਿਪੋਰਟ ਆਈ ਸੀ।

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਬਲਾਕ ਮਹਿਲ ਕਲਾਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਦਾਨ ..

ਮਹਿਲ ਕਲਾਂ-ਬਰਨਾਲਾ,ਮਈ 2020-(ਗੁਰਸੇਵਕ ਸਿੰਘ ਸੋਹੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿਸਟਰਡ ਦੋ ਸੌ ਪਚੰਨਵੇਂ ਦੇ ਬਲਾਕ ਮਹਿਲ ਕਲਾਂ ਦੇ ਸਮੂਹ ਅਹੁਦੇਦਾਰਾਂ ਵੱਲੋਂ ਲੋੜਵੰਦ ਪਰਿਵਾਰਾਂ ਲਈ ਲੋਕ ਭਲਾਈ ਸੇਵਾ ਸੁਸਾਇਟੀ ਦੇ ਪ੍ਰਧਾਨ ਡਾ ਪਰਵਿੰਦਰ ਸਿੰਘ ਅਤੇ ਅਤੇ ਫਿਰੋਜ਼ ਖਾਨ ਨੂੰ ਪੱਚੀ ਤੋਂ ਤੀਹ ਪਰਿਵਾਰਾਂ ਲਈ ਸੁੱਕਾ ਰਾਸ਼ਨ ਦਾਨ ਕੀਤਾ ਗਿਆ ।

ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ ਪੂਰੀ ਦੁਨੀਆਂ ਨੂੰ  ਕਰੋਨਾ  ਦੀ ਮਹਾਂਮਾਰੀ ਨੇ ਆਪਣੀ ਲਪੇਟ ਵਿੱਚ ਲਿਆ ਹੈ। ਲਾਕਡਾਊਨ ਦੇ ਚੱਲਦੇ ਘਰੋਂ ਘਰੀਂ ਸੁੱਕਾ ਰਾਸ਼ਨ ਪੈਕੇਟਾਂ ਰਾਹੀਂ ਲੋੜਵੰਦ ਪਰਿਵਾਰਾਂ ਨੂੰ ਗਰੀਬ ਵਿਅਕਤੀਆਂ ਨੂੰ,ਵਿਧਵਾ ਔਰਤਾਂ ਨੂੰ ,ਅੰਗਹੀਣ ਵਿਅਕਤੀਆਂ ਨੂੰ ਅਤੇ ਬਜ਼ੁਰਗ ਜੋੜਿਆਂ ਨੂੰ ਪਹੁੰਚਾਉਣ ਲਈ ਸਮੂਹ ਡਾਕਟਰ ਸਾਹਿਬਾਨਾਂ ਨੇ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਹੈ। ਡਾ ਪਰਮਿੰਦਰ ਸਿੰਘ ਅਤੇ ਡਾਕਟਰ ਫਿਰੋਜ ਖ਼ਾਨ ਦੀ ਅਗਵਾਈ ਹੇਠ ਪਿਛਲੇ ਲੰਮੇ ਅਰਸੇ ਤੋਂ ਲੋਕ ਭਲਾਈ ਸੇਵਾ ਸੁਸਾਇਟੀ ਮਹਿਲ ਕਲਾਂ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੀ ਹੈ। ਇਸ ਸੁਸਾਇਟੀ ਨੂੰ ਅੱਜ ਇਹ ਰਾਸ਼ਨ ਦਾਨ ਕੀਤਾ ਗਿਆ । ਡਾਕਟਰ ਕੇਸਰ ਖਾਂ ਮਾਂਗੇਵਾਲ ਨੇ ਕਿਹਾ ਕਿ ਦੀਨ- ਦੁਖੀ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰ ਸੇਵਾ ਕਰਨਾ ਸਭ ਤੋਂ ਵੱਡਾ ਧਰਮ ਹੈ। ਇਹ ਧਰਮ ਸਿਰਫ ਇਨਸਾਨੀਅਤ ਦਾ ਧਰਮ ਹੈ ਜੋ ਕਿ ਸਾਨੂੰ ਕਿਸੇ ਬਿਨਾਂ ਕਿਸੇ ਭੇਦ -ਭਾਵ ,ਜਾਤ -ਮਜ਼ਬ, ਅਮੀਰ -ਗਰੀਬ ,ਰੰਗ -ਨਸਲ ,ਛੋਟੇ- ਵੱਡੇ ਦੀ ਸੇਵਾ ਕਰਨਾ ਕਰਨ ਦਾ ਬਲ ਬਖਸ਼ਿਸ਼ ਕਰਦਾ ਹੈ । ਡਾ ਬਲਿਹਾਰ ਸਿੰਘ ਗੋਬਿੰਦਗੜ੍ਹ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਬਲਾਕ ਮਹਿਲ ਕਲਾਂ ਹਰ ਖੇਤਰ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ।ਪਿਛਲੇ ਸਮੇਂ ਵਿੱਚ ਹੜ੍ਹ ਪੀੜਤਾਂ ਲਈ ਫਰੀ ਮੈਡੀਕਲ ਕੈਂਪ ਲਾਉਣਾ, ਲੋਕਾਂ ਦੀ ਘਰੋਂ ਘਰੋ ਘਰੀਂ ਫ਼ਰੀ ਮੈਡੀਕਲ ਸਹਾਇਤਾ ਅਤੇ  ਹੁਣ ਕਰੋਨਾ ਵਾਇਰਸ ਦੀ  ਦੀ ਮਹਾਂਮਾਰੀ ਦੇ ਲੋਕ ਡਾਊਨ ਵਿੱਚ ਘਿਰੇ ਸਾਡੇ ਲੋੜਵੰਦ ਲੋਕਾਂ ਨੂੰ ਮੁਫਤ ਰਾਸ਼ਨ ਵੰਡਣਾ ਯੂਨੀਅਨ ਦਾ ਮੁੱਢਲਾ ਫ਼ਰਜ਼ ਰਿਹਾ ਹੈ ।ਅਖੀਰ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਡਾ ਪਰਮਿੰਦਰ ਸਿੰਘ ਤੇ ਡਾ ਫਿਰੋਜ਼ ਖਾਨ ਦਾ ਸਰੋਪਾ ਪਾ ਕੇ ਹੌਸਲਾ ਅਫਜਾਈ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ। ਅਤੇ ਉਨ੍ਹਾਂ ਨੇ ਵਿਸ਼ਵਾਸ ਦੁਆਇਆ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਮਹਿਲ ਕਲਾਂ ਵੱਲੋਂ ਜੋ ਸਾਮਾਨ ਸਾਡੀ ਸੁਸਾਇਟੀ ਨੂੰ ਦਾਨ ਕੀਤਾ ਹੈ' ਉਹ ਲੋੜਵੰਦ ਲੋਕਾਂ ਤੱਕ ਪੁੱਜਦਾ ਕਰਨਾ ਸਾਡੀ ਜ਼ਿੰਮੇਵਾਰੀ ਹੋਵੇਗੀ । ਹੋਰਨਾਂ ਤੋਂ ਇਲਾਵਾ  ਬਲਾਕ ਦੇ ਪ੍ਰਧਾਨ ਡਾ ਜਗਜੀਤ ਸਿੰਘ ,ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ, ਮੀਤ ਪ੍ਰਧਾਨ ਡਾ ਨਾਹਰ ਸਿੰਘ , ਬਲਾਕ ਜਨਰਲ ਸਕੱਤਰ ਡਾ ਸੁਰਜੀਤ ਸਿੰਘ ਛਾਪਾ ,ਪ੍ਰੈੱਸ ਸਕੱਤਰ ਡਾ ਜਸਬੀਰ ਸਿੰਘ ਮਹਿਲ ਕਲਾਂ , ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ.ਚੇਅਰਮੈਨ ਡਾ ਬਲਿਹਾਰ ਸਿੰਘ ਗੋਬਿੰਦਗੜ੍ਹ ਅਤੇ ਡਾ ਬਲਦੇਵ ਸਿੰਘ ਲੋਹਗੜ੍ਹ ਆਦਿ ਹਾਜ਼ਰ ਸਨ ।

ਸਲੇਮਪੁਰੀ ਦਾ ਮੌਸਮ: ✍️ ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦਾ ਮੌਸਮ 

ਹਨੇਰੀ-ਮੀਂਹ-ਅਪਡੇਟ
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਤੇ ਰਾਤੀਂ/ਤੜਕਸਾਰ ਇੱਕ ਵਾਰ ਫਿਰ ਖਿੱਤੇ ਪੰਜਾਬ ਚ ਅਨੇਕਾਂ ਥਾਂਈ ਠੰਢੀ ਹਨੇਰੀ ਤੇ ਜਬਰਦਸਤ ਗਰਜ ਚਮਕ ਨਾਲ ਬਾਰਿਸ਼ ਦੀ ਉਮੀਦ ਹੈ ਖਾਸਕਰ ਦੱਖਣੀ ਪੰਜਾਬ ਵੱਲ, ਰਾਜਸਥਾਨ ਤੇ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕਿਆਂ ਚ ਅੱਜ ਰਾਤ ਮੌਸਮ ਖਤਰਨਾਕ ਬਣਿਅਾ ਰਹੇਗਾ।
ਕੁੱਝ ਥਾਂ ਗੜ੍ਹੇਮਾਰੀ ਨਾਲ ਭਾਰੀ ਛਰਾਟੇ ਵੀ ਦਰਜ਼ ਹੋ ਸਕਦੇ ਹਨ। 2-4 ਥਾਂ ਹਨੇਰੀ ਦੇ ਬੁੱਲੇ100 kph ਪਾਰ ਜਾਣ ਦੀ ਸੰਭਾਵਨਾ ਹੈ।
ਬੀਤੀ ਰਾਤ ਪੱਟੀ-ਖੇਮਕਰਨ, ਫਿਰੋਜਪੁਰ-ਜ਼ੀਰਾ, ਮੋਗਾ-ਧਰਮਕੋਟ, ਸ਼ਾਹਕੋਟ, ਸਿੱਧਵਾ ਬੇਟ ਜਗਰਾਓੁ, ਲੁਧਿਆਣਾ ਦੱਖਣੀ, ਪਾਇਲ, ਅਹਿਮਦਗੜ, ਅਮਰਗੜ੍ਹ, ਖੰਨਾ, ਅਮਲੋਹ-ਭਾਦਸੋਂ, ਨਾਭਾ - ਪਟਿਆਲਾ ਚ ਤੂਫਾਨੀ ਹਵਾਵਾਂ ਨਾਲ ਤੇਜ਼ ਬਾਰਿਸ਼ ਹੋਈ ਤੇ ਕਈ ਜਗ੍ਹਾ ਰੁੱਖ ਪੁੱਟਣ-ਟੁੱਟਣ ਦੀਆਂ ਘਟਨਾਵਾਂ ਵੀ ਵਾਪਰੀਆਂ। ਤੂਫ਼ਾਨ ਆਉਣ ਤੋਂ ਪਹਿਲਾਂ ਵੀ ਮਾਲਵੇ ਦੇ ਇਹਨਾਂ ਖੇਤਰਾਂ ਚ ਤਕੜੀ ਗਰਜ ਚਮਕ ਨਾਲ ਛਰਾਟੇ ਵੇਖੇ ਗਏ I ਇਸ ਸਾਰੇ ਘਟਨਾਕ੍ਮ ਬਾਰੇ ਮੌਸਮ ਖਿੱਤਾ ਪੰਜਾਬ ਦੀ ਟੀਮ ਵੱਲੋਂ ਰਾਤੀਂ ਕਈ ਖੇਤਰੀ ਅਲਰਟ ਤੇ ਓਸ ਤੋਂ ਪਹਿਲਾਂ ਸ਼ਾਮੀ ਅਪਡੇਟ ਦਿੱਤੀ ਗਈ ਸੀ।
ਓੁੱਪਰਲੇ ਸਤਰ ਤੇ ਲਗਾਤਾਰ ਠੰਡੀ ਪੱਛਮੀ ਜੈੱਟ ਦੇ ਐਕਟਿਵ ਹੋਣ ਕਾਰਨ ਮਈ ਮਹੀਨੇ ਚ ਸ਼ੁਰੂ ਤੋਂ ਰੁਕ-ਰੁਕ ਹਨੇਰੀ/ਤੂਫ਼ਾਨਾਂ ਦੀ ਆਉਣੀ ਜਾਣੀ ਬਣੀ ਹੋਈ ਹੈ।
ਧੰਨਵਾਦ ਸਹਿਤ!
ਪੇਸ਼ਕਸ਼ -
ਸੁਖਦੇਵ ਸਲੇਮਪੁਰੀ
09780620233 
 12 ਮਈ, 2020

ਘਰੋਂ ਤੁਰਨ ਤੋਂ ਪਹਿਲਾਂ ਮੰਜਿਲ ਦਾ ਪਤਾ ਹੋਵੇ ਰਸਤੇ ਆਪੇ ਲੱਭ ਜਾਂਦੇ ਹਨ

ਅਜੀਤਵਾਲ, ਮਈ 2020 -(ਜਨ ਸਕਤੀ ਨਿਉਜ)

ਜਰੂਰੀ ਹੁੰਦਾ ਹੈ ਤੁਹਾਡਾ ਘਰੋਂ ਤੁਰਨਾ, ਮੰਜ਼ਿਲ ਤੇ ਪਹੰਚਣ  ,ਲਈ ਕੋਈ ਨਾ ਕੋਈ ਸਾਧਨ ਮਿਲ ਹੀ ਜਾਂਦਾ ਹੈ ਅਤੇ  ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕੇ, ਮੈਂ ਜਾਣਾ ਕਿੱਥੇ ਹੈ, ਸੰਸਥਾ ਗੁਰੂ ਨਾਨਕ ਮਿਸ਼ਨ ਦਾਉਧਰ ਅਤੇ ਦ ਗਰੀਨ ਪੰਜਾਬ  ਮਿਸ਼ਨ ਟੀਮ ਤਹਿਤ ਅਨੇਕਾਂ ਅਜਿਹੇ ਕਾਰਜ ਹਨ, ਜੋ ਬਗੈਰ ਕਿਸੇ ਪਾਰਟੀ ਬਾਜੀ ਦੇ, ਮਨੁੱਖਤਾ ਨੂੰ ਸਮਰਪਿਤ ਹਨ, ਜਿਵੇਂ ਕੇ, ਬੀਮਾਰ  ਹੋ ਰਹੀ ਮਨੁੱਖਤਾ ਲਈ, ਵੀਟ ਗਰਾਸ ਅਤੇ ਸੁਹੰਜਨਾ ਸਮੇਤ ਕਈ  ਜੜੀ ਬੂਟੀਆਂ ਵਾਲੇ ਜੂਸ ਦਾ ਪ੍ਬੰਧ ਕਰਨਾ, ਜਿਹੜੇ ਲੋਕ ਕਿਸੇ ਵੀ ਹਾਲਤ ਵਿੱਚ ਵੀਟ ਗਰਾਸ ਤਿਆਰ ਨਹੀਂ ਕਰ ਸਕਦੇ, ਉਹਨਾਂ  ਲਈ ਟ੍ਰੇਆਂ ਤਿਆਰ ਕਰਨ ਦਾ ਪ੍ਬੰਧ ਕਰਨਾ, ਛੋਟੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਗੁਰਮਤਿ ਕਲਾਸਾਂ ਦਾ ਪ੍ਬੰਧ ਕਰਨਾ,  ਸੋਸਲ ਮੀਡੀਆ ਤੇ ਲੋਕ ਹਿੱਤਾਂ ਤਹਿਤ ਸਰਗਰਮ ਰਹਿਣਾ, ਅਤੀ ਲੋੜਵੰਦ ਲਈ, ਰਾਸ਼ਨ, ਦਵਾਈਆਂ ਅਤੇ ਨਵੇਂ ਪੁਰਾਣੇ ਕੱਪੜਿਆਂ ਦਾ ਪ੍ਬੰਧ ਕਰਨਾ, ਆਦਿ ਕਈ ਕਾਰਜ ਹਨ, ਜੋ ਲੋਕਾਂ ਦੇ ਹੀ ਸਹਿਯੋਗ ਨਾਲ ਸਮੇਂ ਸਮੇਂ ਕੀਤੇ ਜਾਂਦੇ ਹਨ, ਚੱਲ ਰਹੇ ਸਮੇਂ ਵਿੱਚ ਪਿੰਡ ਦਾਉਧਰ ਦੇ ਸੱਤ ਪਾਸਿਆਂ ਤੋਂ ਲੱਗਦੀਆਂ ਹੱਦਾਂ ਤੋਂ ਲੈਕੇ,  ,ਜਿੱਥੇ ਵੀ ਕੋਈ ਦਰੱਖਤ ਨਹੀਂ ਹੈ ਜਾਂ ਲੱਗੇ ਹੋਏ ਦਰੱਖਤਾਂ ਵਿੱਚ  ਬਹੁਤ ਜ਼ਿਆਦਾ ਫਾਸਲਾ ਹੈ, ਉੱਨਾ ਜਗ੍ਹਾ ਤੇ ਅਲੱਗ ਅਲੱਗ ਕਿਸਮ ਦੇ ਰੁੱਖ ਲਗਾ ਰਹੇ ਹਾਂ, ਜਿਸ ਵਿੱਚ ਮੁੱਖ ਤੌਰ ਤੇ ਸੁਹੰਜਨਾ, ਅਰਜਨ, ਕਟਹਲ, ਨਿੰਮ ਆਦਿ ਅਤੇ ਕੁਝ ਫਲਾਂ ਵਾਲੇ ਵੀ  ਦਰੱਖਤ ਲਗਾ ਰਹੇ ਹਾਂ, ਜੋ ਕੇ ਫਿਲਹਾਲ ਗਿਆਰਾਂ ਸੌ ਬੂਟਿਆਂ  ਦਾ ਟੀਚਾ ਰੱਖਿਆ ਹੈ, ਅਸੀਂ ਜਿਸ ਨਰਸਰੀ ਵਿੱਚ ਬੂਟੇ ਬੁੱਕ  ਕਰਵਾਏ ਸੀ ਕੇ ਸਾਨੂੰ ਇੱਕ ਮਹੀਨੇ ਬਾਅਦ ਚਾਹੀਦੇ ਹਨ,  ਉਹ ਹੁਣ ਮੌਕੇ ਤੇ ਕਹਿ ਗਏ ਕੇ, ਅਸੀਂ ਲੌਕਡਾਉਨ ਦੌਰਾਨ ਕੰਮ  ਬੰਦ ਕਰ ਦਿੱਤਾ ਸੀ, ਅਤੇ ਬੂਟੇ ਤਿਆਰ ਨਹੀਂ ਹਨ, ਕਿਸੇ ਹੋਰ  ਨਰਸਰੀ ਤੋਂ ਪੁੱਛਿਆ ਤਾਂ ਰੇਟ ਦਾ ਦਸ ਗੁਣਾ ਫਰਕ ਸੀ ਅਤੇ ਅਸੀਂ  ਟੋਏ ਵੀ ਪੱਟਣੇ ਸ਼ੁਰੂ ਕਰ ਦਿੱਤੇ ਸੀ, ਇਸ ਦੌਰਾਨ ਅਸੀਂ, ਗੁਰੂ ਘਰ ਗਿਆਰਵੀਂ ਵਾਲਿਆਂ ਦੇ ਸੇਵਾਦਾਰਾਂ ਵਿੱਚੋਂ ਬਾਈ ਸੋਹਣ ਸਿੰਘ  ਨਾਲ ਗੱਲ ਕੀਤੀ, ਜੋ ਕੇ ਸਾਡੇ ਹੀ ਪਰਿਵਾਰ ਚੋਂ ਹਨ,ਉਹ ਕਹਿੰਦੇ  ਗੱਲ ਹੀ ਕੋਈ ਨਹੀਂ ਅਤੇ ਉਹਨਾਂ ਬਾਈ ਕੌਲ ਸਿੰਘ ਨੂੰ ਦੱਸਿਆ  ਅਤੇ ਉਹਨਾਂ ਨੇ ਕਿਹਾ ਕੇ, ਜੇ ਲੋਕਾਂ ਦੀ ਭਲਾਈ ਲਈ ਕੁਝ ਵਧੀਆ  ਹੋ ਰਿਹਾ ਹੈ ਤਾਂ,ਅਸੀਂ ਹਾਜ਼ਰ ਹਾਂ ਅਤੇ ਉਹਨਾਂ ਵੱਲੋਂ 550 ਬੂਟੇ ਦੇਣ  ਦੀ ਗੱਲ ਹੋ ਗਈ ਅਤੇ ਅੱਜ ਜਦ ਅਸੀਂ ਬੂਟੇ ਚੱਕਣ ਵਾਸਤੇ ਗਏ  ਤਾਂ ਉਹ ਕਹਿੰਦੇ ਜੇ ਬੂਟੇ ਲਾ ਕੇ ਗੌਰ ਵੀ ਰੱਖੋਗੇ ਤਾਂ ਹੋਰ ਵੀ ਜਿਸ  ਤਰ੍ਹਾਂ ਦੇ ਬੂਟੇ ਚਾਹੀਦੇ ਹੋਏ, ਤੁਹਾਨੂੰ ਬੂਟੇ ਮਿਲ ਜਾਣਗੇ, ਅਸੀਂ   ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕੇ, ਉਹਨਾਂ ਨੇ ਸਾਡੀ ਮੁਸ਼ਕਿਲ ਨੂੰ ਅਸਾਨ ਕੀਤਾ। ਦੱਸਣ ਯੋਗ ਗੱਲ ਇਹ ਸੀ ਕੇ, ਜੇ  ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ, ਹਰ ਕਾਰਜ ਸਮੇਂ ਦੀ ਮੰਗ ਕਰਦਾ  ਹੈ, ਉਹ ਤੁਹਾਨੂੰ ਦੇਣਾ ਪਏਗਾ ਅਤੇ ਨਾਲ ਹੀ ਲੋਕਾਂ ਦੀ ਵਿਰੋਧਤਾ ਨੂੰ ਸਹਿਣ ਲਈ ਤੁਹਾਨੂੰ ਲਗਾਤਾਰ ਖੁਸ਼ ਰਹਿਣਾ ਪਏਗਾ।  ਇਹ ਗੱਲਾਂ ਦੀ ਜਾਣਕਾਰੀ ਸ ਕੁਲਦੀਪ ਸਿੰਘ ਦਾਉ ਧਰ ਨੇ ਸਾਡੇ ਪ੍ਰਤੀ ਨਿਧ ਨਾਲ ਸਾਜੀ ਕੀਤੀ।

ਪਿੰਡ ਦਾਉਧਰ ਨੂੰ ਹਰਾ ਭਰਾ ਬਣਾਉਣ ਲਈ ਯਤਨ ਜਾਰੀ

ਅਜੀਤਵਾਲ,ਮਈ 2020 -(ਜਨ ਸਕਤੀ ਨਿਉਜ)-

ਪਿੰਡ ਦਾਉਧਰ ਜਿਲ੍ਹਾ ਮੋਗਾ ਵਿਖੇ, ਸੰਸਥਾ ਗੁਰੂ ਨਾਨਕ ਮਿਸ਼ਨ ਅਤੇ ਦ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਜੋ ਪਿਛਲੇ ਕੁਝ ਦਿਨਾਂ ਤੋਂ, ਦਾਉਧਰ ਪਿੰਡ ਦੀਆਂ ਜਿੰਨੀਆਂ ਵੀ ਹੱਦਾਂ ਹਨ, ਉਹਨਾਂ ਰਾਹਾਂ ਤੇ, ਤਕਰੀਬਨ ਗਿਆਰਾਂ ਸੌ ਛਾਂ ਦਾਰ ਅਤੇ ਫਲਾਂ ਵਾਲੇ ਰੁੱਖਾਂ ਨੂੰ ਲਗਾਉਣ ਦਾ ਜੋ ਟੀਚਾ ਰੱਖਿਆ ਹੈ ਉਸ ਤਹਿਤ ਅੱਜ ਤਕਰੀਬਨ ਦੋ ਸੌ ਬੂਟੇ ਲਗਾਏ ਗਏ।ਇਹ ਸਾਰੀ ਜਾਣਕਾਰੀ ਸ ਕੁਲਦੀਪ ਸਿੰਘ ਦਾਉਧਰ ਸਾਜੀ ਕੀਤੀ।

ਪੰਜਾਬ 'ਚ ਦੋ ਪੁਲਿਸ ਮੁਲਾਜ਼ਮਾਂ ਸਮੇਤ 39 ਨਵੇਂ ਕੇਸ

ਮੌਤਾਂ ਦੀ ਗਿਣਤੀ ਹੋਈ 32, ਪੀੜਤਾਂ ਦੀ ਕੁੱਲ ਗਿਣਤੀ 1939 

ਚੰਡੀਗੜ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ 'ਚ ਕੋਰੋਨਾ ਨਾਲ ਮੌਤਾਂ ਦਾ ਸਿਲਸਿਲਾ ਰੁੱਕ ਨਹੀਂ ਰਿਹਾ। ਸੋਮਵਾਰ ਨੂੰ ਜਲੰਧਰ ਦੇ ਬਜ਼ੁਰਗ ਦੀ ਲੁਧਿਆਣਾ ਦੇ ਸੀਐੱਮਸੀ ਹਸਪਤਾਲ 'ਚ ਮੌਤ ਹੋ ਗਈ। ਹੁਣ ਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 32 ਪਹੁੰਚ ਗਿਆ ਹੈ। ਜਲੰਧਰ ਦੇ ਕਬੂਲਪੁਰ ਦੇ ਰਹਿਣ ਵਾਲੇ ਬਜ਼ੁਰਗ ਦੀ ਰਿਪੋਰਟ ਐਤਵਾਰ ਨੂੰ ਪਾਜ਼ੇਟਿਵ ਆਈ ਸੀ। ਉੱਥੇ ਸੋਮਵਾਰ ਨੂੰ ਪੰਜਾਬ 'ਚ ਦੋ ਪੁਲਿਸ ਮੁਲਾਜ਼ਮਾਂ ਸਮੇਤ 39 ਨਵੇਂ ਮਰੀਜ਼ ਸਾਹਮਣੇ ਆਏ। ਇਨ੍ਹਾਂ 'ਚ ਤਿੰਨ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਵੀ ਹਨ। ਇਸਦੇ ਨਾਲ ਹੀ ਪੰਜਾਬ 'ਚ ਕੁੱਲ ਇਨਫੈਕਟਿਡ ਲੋਕਾਂ ਦੀ ਗਿਣਤੀ 1939 ਹੋ ਗਈ ਹੈ। ਇਨ੍ਹਾਂ 'ਚੋਂ 1166 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਸੋਮਵਾਰ ਨੂੰ ਸਭ ਤੋਂ ਜ਼ਿਆਦਾ 15 ਪਾਜ਼ੇਟਿਵ ਕੇਸ ਜਲੰਧਰ 'ਚ ਆਏ। ਉੱਥੇ, ਫ਼ਤਹਿਗੜ੍ਹ ਸਾਹਿਬ 'ਚ ਨੌਂ ਕੇਸ ਆਏ, ਜਿਨ੍ਹਾਂ 'ਚ ਇਕ ਪੁਲਿਸ ਮੁਲਾਜ਼ਮ ਸ਼ਾਮਲ ਹੈ। ਇਸ ਤੋਂ ਇਲਾਵਾ ਮੋਗਾ ਤੇ ਫਾਜ਼ਿਲਕਾ 'ਚ ਦੋ-ਦੋ, ਫਰੀਦਕੋਟ, ਹੁਸ਼ਿਆਰਪੁਰ, ਫਾਜ਼ਿਲਕਾ, ਤਰਨਤਾਰਨ, ਪਟਿਆਲਾ 'ਚ ਦੋ ਤੇ ਨਵਾਂਸ਼ਹਿਰ 'ਚ ਇਕ ਕੇਸ ਰਿਪੋਰਟ ਹੋਇਆ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ ਇਕ, ਲੁਧਿਆਣਾ 'ਚ 2 ਅਤੇ ਫਿਰੋਜ਼ਪੁਰ ਵਿੱਚ ਵੀ ਇਕ ਮਾਮਲਾ ਸਾਹਮਣੇ ਆਇਆ ਹੈ। ਮਾਨਸਾ 'ਚ ਤਾਇਨਾਤ ਗੁਰਦਾਸਪੁਰ ਦੇ ਆਈਆਰਬੀ ਜਵਾਨ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਕਡਾਊਨ ਵਧਾਉਣ ਦਾ ਸਮਰੱਥਨ ਕੀਤਾ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲਾਕਡਾਊਨ ਵਿੱਚ ਵਾਧਾ ਕਰਨ ਦੀ ਪ੍ਰੋੜਤਾ ਕਰਦਿਆਂ ਆਖਿਆ ਕਿ ਅਜਿਹਾ ਕਰਨ ਮੌਕੇ ਸੂਬਿਆਂ ਦੇ ਵਿੱਤੀ ਅਤੇ ਆਰਥਿਕ ਸਸ਼ਕਤੀਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਵਧਾਨੀ ਨਾਲ ਰਣਨੀਤੀ ਉਲੀਕੀ ਤਾਂ ਕਿ ਮਨੁੱਖੀ ਜ਼ਿੰਦਗੀਆਂ ਬਚਾਉਣ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਨਿਰਬਾਹ ਨੂੰ ਵੀ ਸੁਰੱਖਿਅਤ ਬਣਾਇਆ ਜਾ ਸਕੇ।

ਕੌਮੀ ਪੱਧਰ 'ਤੇ ਕੋਵਿਡ19 ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸਖਤੀ ਨਾਲ ਲਾਕਡਾਊਨ ਜਾਰੀ ਕਰਨ ਦਾ ਸਪੱਸ਼ਟ ਤੌਰ 'ਤੇ ਪੱਖ ਪੂਰਦਿਆਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਦੌਰਾਨ ਕਿਹਾ ਕਿ ਸਾਵਧਾਨੀ ਨਾਲ ਘੜੀ ਜਾਣ ਵਾਲੀ ਰਣਨੀਤੀ ਦੇ ਹਿੱਸੇ ਵਜੋਂ ਸੂਬਿਆਂ ਨੂੰ ਹੇਠਲੇ ਪੱਧਰ 'ਤੇ ਯੋਜਨਾਬੰਦੀ ਲਈ ਵਧੇਰੇ ਖੁੱਲ੍ਹ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਅਤੇ ਅਰਥਚਾਰੇ ਦੀ ਪੁਨਰ ਸੁਰਜੀਤੀ ਲਈ ਸਪੱਸ਼ਟ ਢੰਗ-ਤਰੀਕਿਆਂ ਨੂੰ ਵੀ ਇਸ ਰਣਨੀਤੀ ਦਾ ਹਿੱਸਾ ਬਣਾਇਆ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਲਾਕਡਾਊਨ 'ਚੋਂ ਬਾਹਰ ਨਿਕਲਣ ਦੀ ਰਣਨੀਤੀ ਸੂਬਿਆਂ ਨੂੰ ਵਿੱਤੀ ਅਤੇ ਆਰਥਿਕ ਤੌਰ 'ਤੇ ਵਧੇਰੇ ਸ਼ਕਤੀਆਂ ਦੇਣ ਲਈ ਵਿਚਾਰਦੇ ਹੋਏ ਇਸ ਉਪਰ ਕੇਂਦਰਿਤ ਕੀਤਾ ਜਾਵੇ ਕਿਉਂਕਿ ਆਮ ਆਦਮੀ ਦੀ ਰੋਜ਼ੀ-ਰੋਟੀ ਅਤੇ ਸਮਾਜਿਕ ਸਿਹਤ 'ਤੇ ਅਸਰ ਪਾਉਣ ਵਾਲੀ ਸਿੱਧੀ ਕਾਰਵਾਈ ਲਈ ਸੂਬੇ ਹੀ ਜ਼ਿੰਮੇਵਾਰ ਹੁੰਦੇ ਹਨ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸੂਬਿਆਂ ਨੂੰ ਸੂਖਮ ਯੋਜਨਾਬੰਦੀ ਵਿੱਚ ਵਧੇਰੇ ਲਚਕਦਾਰ ਪਹੁੰਚ ਅਪਣਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਰੈੱਡ ਜ਼ੋਨ ਵਿੱਚ ਢੁਕਵੇਂ ਸੁਰੱਖਿਆ ਉਪਾਵਾਂ ਨਾਲ ਚਲਾਉਣ ਦੀ ਵੀ ਆਗਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਰੈੱਡ, ਆਰੇਂਜ ਅਤੇ ਯੈਲੋ ਜ਼ੋਨ ਮਨੋਨੀਤ ਕਰਨ ਦਾ ਫੈਸਲਾ ਵੀ ਸੂਬਿਆਂ 'ਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ ਕਿਉਂ ਜੋ ਸੂਬਿਆਂ ਨੂੰ ਜ਼ਮੀਨੀ ਹਕੀਕਤਾਂ ਬਾਰੇ ਵਧੇਰੇ ਗਿਆਨ ਹੁੰਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਕਾਰਨ ਮਾਲੀ ਘਾਟੇ ਦੀ ਪੂਰਤੀ ਅਤੇ ਖਰਚ ਕੀਤੇ ਫੰਡਾਂ ਲਈ ਸੂਬਿਆਂ ਨੂੰ ਤਿੰਨ ਮਹੀਨਿਆਂ ਵਾਸਤੇ ਮਾਲੀਆ ਗਰਾਂਟ ਦੇਣ ਦੇ ਨਾਲ ਉਨ੍ਹਾਂ (ਸੂਬਿਆਂ) ਨੂੰ ਆਪਣੀਆਂ ਘੱਟੋ-ਘੱਟ 33 ਫੀਸਦੀ ਪ੍ਰਤੀਬੱਧ ਦੇਣਦਾਰੀਆਂ ਲਈ ਤੁਰੰਤ ਵਿੱਤੀ ਸਹਾਇਤਾ ਕਰਨ ਦੀ ਮੰਗ ਕੀਤੀ।

ਮੁੱਖ ਮੰਤਰੀ ਨੇ ਕੋਵਿਡ ਵਿਰੁੱਧ ਜੰਗ ਹੋਰ ਕਾਰਗਰ ਢੰਗ ਨਾਲ ਲੜਨ ਲਈ ਟੈਸਟਿੰਗ ਸਬੰਧੀ ਕੌਮੀ ਰਣਨੀਤੀ ਘੜਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਦੀਆਂ ਸੰਸਥਾਵਾਂ ਨੂੰ ਟੈਸਟਿੰਗ ਸਮਰਥਾ ਵਧਾਉਣ ਦੀ ਹਦਾਇਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਨੇ ਹੁਣ ਤੱਕ 40962 ਟੈਸਟ ਕੀਤੇ ਹਨ ਅਤੇ ਇਸ ਵੇਲੇ ਟੈਸਟਾਂ ਦੀ ਦਰ ਪ੍ਰਤੀ ਦਿਨ 2500 ਹੈ ਅਤੇ ਸੂਬਾ ਸਰਕਾਰ ਨੇ ਮਹੀਨੇ ਦੇ ਅੰਤ ਤੱਕ ਪ੍ਰਤੀ ਦਿਨ ਟੈਸਟ 6000 ਤੱਕ ਵਧਾਉਣ ਦੀ ਯੋਜਨਾ ਬਣਾਈ ਹੈ।

ਪੰਜਾਬ ਵੱਲੋਂ ਸਾਫ-ਸਫਾਈ ਦੇ ਨਿਯਮਾਂ ਅਤੇ ਸਮਾਜਿਕ ਦੂਰੀ ਨੂੰ ਮੁਕੰਮਲ ਰੂਪ ਵਿੱਚ ਅਪਣਾਉਂਦਿਆਂ 115 ਲੱਖ ਮੀਟਰਿਕ ਟਨ ਕਣਕ ਦੀ ਕੀਤੀ ਗਈ ਖਰੀਦ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨਾ ਸਾੜਨ ਬਦਲੇ ਵਿੱਤੀ ਰਿਆਇਤ ਦਾ ਅਗੇਤਾ ਐਲਾਨ ਕਰਨ ਲਈ ਅਪੀਲ ਕੀਤੀ।

ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਪੰਜਾਬ ਨੂੰ ਪ੍ਰਤੀ ਮਹੀਨਾ 3000 ਕਰੋੜ ਦਾ ਮਾਲੀ ਘਾਟਾ ਸਹਿਣ ਕਰਨਾ ਪੈ ਰਿਹਾ ਹੈ (ਅਪ੍ਰੈਲ ਮਹੀਨੇ ਆਮਦਨੀ ਦਾ ਅੰਦਾਜ਼ਨ ਘਾਟਾ 88 ਫੀਸਦ ਰਿਹਾ) ਅਤੇ ਇਸਦੇ ਨਾਲ ਹੀ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਿਟਡ ਨੂੰ ਰੋਜ਼ਾਨਾ 30 ਕਰੋੜ ਦਾ ਘਾਟਾ ਪੈ ਰਿਹਾ ਹੈ (ਜੋ 30 ਫੀਸਦ ਬਣਦਾ ਹੈ)। ਉਨ੍ਹਾਂ ਆਪਣੀ ਮੰਗ ਨੂੰ ਦਹੁਰਾਇਆ ਕਿ ਕੇਂਦਰ ਸਰਕਾਰ ਪੰਜਾਬ ਦੇ ਜੀ.ਐਸ.ਟੀ ਦੇ ਬਕਾਇਆ 4365.37 ਕਰੋੜ ਰੁਪਏ ਤੁਰੰਤ ਜਾਰੀ ਕਰੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ ਦੀ ਮਹਾਂਮਾਰੀ ਕਾਰਨ ਹਾਲਾਤ ਵਿੱਚ ਆਈ ਵੱਡੀ ਤਬਦੀਲੀ ਦੀ ਰੌਸ਼ਨੀ ਵਿੱਚ 15ਵੇਂ ਵਿੱਤ ਕਮਿਸ਼ਨ ਨੂੰ ਚਾਲੂ ਸਾਲ ਲਈ ਆਪਣੀ ਰਿਪੋਰਟ ਦੀ ਸਮੀਖਿਆ ਕਰਨ ਦੇ ਨਾਲ-ਨਾਲ ਕੋਵਿਡ-19 ਦੇ ਹੋਣ ਵਾਲੇ ਅਸਰਾਂ ਨੂੰ ਭਾਂਪਦਿਆਂ ਪੰਜ ਸਾਲਾ ਲਈ ਫੰਡਾਂ ਦੀ ਵੰਡ ਦੀ ਸ਼ਿਫਾਰਸ਼ ਨੂੰ 2020 ਦੀ ਬਜਾਏ 1 ਅਪ੍ਰੈਲ, 2021 ਤੋਂ ਸ਼ੁਰੂ ਕਰਨਾ ਚਾਹੀਦਾ ਹੈ ਜਿਸ ਖਾਤਰ ਕਮਿਸ਼ਨ ਦੀ ਮਿਆਦ ਇਕ ਹੋਰ ਵਰ੍ਹੇ ਲਈ ਵਧਾਉਣੀ ਚਾਹੀਦੀ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਸੂਬਿਆਂ ਨੂੰ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਬਣਾਉਣ ਲਈ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਐਕਟ 2005 (ਐਫ.ਆਰ.ਬੀ.ਐਮ.ਐਕਟ) ਤਹਿਤ ਕਰਜ਼ ਹੱਦ ਸੂਬਿਆਂ ਦੇ ਕੁੱਲ ਘਰੇਲੂ ਪੈਦਾਵਾਰ ਦਾ 3 ਫੀਸਦ ਤੋਂ ਵਧਾ ਕੇ 4 ਫੀਸਦ ਕੀਤਾ ਜਾਵੇ।

ਮੁੱਖ ਮੰਤਰੀ ਵੱਲੋਂ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪੰਜਾਬ ਸਰਕਾਰ ਕੋਵਿਡ ਖਿਲਾਫ ਪੂਰੀ ਮੁਸਤੈਦੀ ਨਾਲ ਲੜ ਰਹੀ ਹੈ ਜਿਸ ਸਦਕਾ ਮ੍ਰਿਤਕ ਦਰ 1.8 ਤੱਕ ਥੱਲ੍ਹੇ ਆ ਗਈ ਹੈ ਅਤੇ ਕੇਸਾਂ ਦੀ ਗਿਣਤੀ ਦੁਗੱਣੀ ਹੋਣ ਨੂੰ ਠੱਲ੍ਹਣ ਲਈ ਜੇਕਰ ਦੇਸ਼ ਅੰਦਰ 11 ਦਿਨਾਂ ਦੇ ਸਮੇਂ ਦੀ ਦਰ ਹੈ ਤਾਂ ਇਸ ਦੇ ਉਲਟ ਸੂਬੇ ਅੰਦਰ ਇਹ ਸਮਾਂ ਲਗਭਗ 7 ਦਿਨ ਦਾ ਹੈ। ਪਿਛਲੇ 10 ਦਿਨਾਂ ਦੌਰਾਨ ਹੋਰਨਾਂ ਸੂਬਿਆਂ ਤੋਂ ਪਰਤੇ ਲੋਕਾਂ ਕਾਰਨ ਕੇਸਾਂ ਦੀ ਗਿਣਤੀ ਵਿੱਚ ਵਾਧੇ ਤੋਂ ਬਾਅਦ ਕੇਸਾਂ ਦੇ ਵਧਣ ਦੀ ਦਰ ਘਟਣ ਲੱਗੀ ਹੈ। ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਆਉਂਦੇ ਹਫਤਿਆਂ ਵਿੱਚ ਹਾਲਾਤਾਂ ਵਿੱਚ ਹੋਰ ਉਸਾਰੂ ਮੋੜ ਆਵੇਗਾ।

ਚਾਰ ਕੰਟੋਨਮੈਂਟ ਜ਼ੋਨਾਂ ਨਾਲ, ਪੰਜਾਬ ਵਿੱਚ ਮੌਜੂਦਾ ਸਮੇਂ ਕੋਵਿਡ ਦੇ 1823 ਪਾਜ਼ੇਟਿਵ ਕੇਸ (ਭਾਰਤ ਵਿਚਲੇ ਕੁੱਲ ਕੇਸਾਂ ਦਾ 2.75 ਫੀਸਦ) ਹਨ ਅਤੇ 31 ਵਿਅਕਤੀਆਂ ਦੀ ਮੌਤ ਹੋਈ ਹੈ (ਭਾਰਤ ਅੰਦਰ ਹੋਈਆਂ ਮੌਤਾਂ ਦਾ 1.40 ਫੀਸਦ) ਅਤੇ ਮੌਤਾਂ ਦੀ ਦਰ 1.70 ਬਣਦੀ ਹੈ।

ਹੋਰਨਾਂ ਸੂਬਿਆਂ ਵਿੱਚ ਫਸੇ ਵਿਅਕਤੀਆਂ ਬਾਰੇ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਹੋਰਨਾਂ ਸੂਬਿਆਂ ਵਿੱਚ ਫਸੇ 56000 ਵਿਅਕਤੀਆਂ ਵੱਲੋਂ ਹੁਣ ਤੱਕ ਪੰਜਾਬ ਸਰਕਾਰ ਕੋਲ ਵਾਪਸੀ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਇਸ ਤੋਂ ਇਲਾਵਾ ਸੂਬੇ ਨਾਲ ਸਬੰਧਤ 20 ਹਜ਼ਾਰ ਭਾਰਤੀ ਨਾਗਰਿਕ ਹਨ ਜੋ ਹੋਰਨਾਂ ਮੁਲਕਾਂ ਵਿੱਚੋਂ ਵਾਪਸ ਪਰਤ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਵਾਪਸ ਪਰਤ ਰਹੇ ਲੋਕਾਂ ਦੇ ਇਕਾਂਤਵਾਸ ਅਤੇ ਟੈਸਟਿੰਗ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।

ਪੰਜਾਬ ਤੋਂ ਆਪਣੇ ਜੱਦੀ ਸੂਬਿਆਂ ਨੂੰ ਜਾਣ ਵਾਲੇ ਪਰਵਾਸੀ ਕਿਰਤੀਆਂ ਬਾਰੇ ਉਨ੍ਹਾਂ ਦੱਸਿਆ ਕਿ ਹੁਣ ਤੱਕ 11.50 ਲੱਖ ਪ੍ਰਵਾਸੀ ਕਿਰਤੀਆਂ (ਖਾਸ ਤੌਰ 'ਤੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਤੋਂ ) ਨੇ ਰਜਿਸਟ੍ਰੇਸ਼ਨ ਕਰਵਾਈ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਪਰਵਾਸੀ ਮਜ਼ਦੂਰਾਂ ਦੀ ਜੱਦੀ ਸੂਬਿਆਂ ਨੂੰ ਵਾਪਸੀ ਦੇ ਮਕਸਦ ਨਾਲ 50 ਰੇਲਾਂ ਹੁਣ ਤੱਕ ਸੂਬੇ ਤੋਂ ਸਬੰਧਤ ਸੂਬਿਆਂ ਲਈ ਜਾ ਚੁੱਕੀਆਂ ਹਨ ਅਤੇ ਔਸਤਨ 13-14 ਰੇਲਾਂ ਰੋਜ਼ਾਨਾਂ ਇਨ੍ਹਾਂ ਪਰਵਾਸੀ ਕਿਰਤੀਆਂ ਨੂੰ ਲੈ ਕੇ ਰਵਾਨਾ ਹੋ ਰਹੀਆਂ ਹਨ।

ਪਿੰਡ ਨਰੈਣਗੜ ਸੋਹੀਆ ਦੀ 18 ਕਿੱਲੇ ਪੰਚਾਇਤੀ ਜ਼ਮੀਨ ਦੀ ਬੋਲੀ ਲਾਈ ਗਈ। 

ਮਹਿਲ ਕਲਾਂ/ਬਰਨਾਲਾ-ਮਈ 2020 -(ਗੁਰਸੇਵਕ ਸਿੰਘ ਸੋਹੀ) -ਹਲਕਾ ਮਹਿਲ ਕਲਾਂ ਦੇ ਅਧੀਨ ਪੈਦੇ ਪਿੰਡ ਸੋਹੀਆ ਵਿਖੇ ਪਚਾਇਤੀ ਜ਼ਮੀਨ ਦੇ ਤਿੰਨ ਟੱਕ 18 ਕਿੱਲੇ ਦੀ ਬੋਲੀ ਲਾਈ ਗਈ ਹੈ। ਇਹ ਬੋਲੀ ਬੀ. ਡੀ.ਪੀ.ਓ ਭੂਸ਼ਨ ਕੁਮਾਰ ਸੈਕਟਰੀ ਸੁਖਦੀਪ ਸਿੰਘ,ਜਸਵਿੰਦਰ ਸਿੰਘ,ਸੰਮਤੀ ਪਟਵਾਰੀ ਗੁਰਪ੍ਰੀਤ ਸਿੰਘ, ਅਤੇ ਸਰਪੰਚ ਤੇਜਿੰਦਰ ਸਿੰਘ  ਦੀ ਅਗਵਾਈ ਹੇਠ 18 ਕਿੱਲੇ ਜ਼ਮੀਨ ਅਲੱਗ-ਅਲੱਗ ਰੇਟਾਂ ਤੇ 11 ਲੱਖ 40 ਹਜ਼ਾਰ ਚ.ਬੋਲੀ ਹੋਈ। ਇਸ ਸਮੇਂ ਉਨ੍ਹਾਂ ਨਾਲ ਪੰਚ ਜਗਜੀਤ ਸਿੰਘ,ਪੰਚ ਜਗਰਾਜ ਸਿੰਘ,ਪੰਚ ਗੁਰਮੇਲ ਸਿੰਘ ਸੁਖਵਿੰਦਰ ਸਿੰਘ,ਜੀ ਓ ਜੀ,ਵਿਸਾਖਾ ਸਿੰਘ ਜੀ ਓ ਜੀ ਦੀਵਾਨਾਂ ਦੀ ਹਾਜ਼ਰ ਸਨ ।

ਇਕਾਂਤਵਾਂਸ ਕੀਤੇ ਹੋਏ ਵਿਅਕਤੀਆਂ ਨੂੰ ਆਯੂਰਵੈਦਿਕ ਦਵਾਈਆਂ ਵੰਡੀਆਂ 

ਮਹਿਲ ਕਲਾਂ/ਬਰਨਾਲਾ, ਮਈ 2020 -(ਗੁਰਸੇਵਕ ਸਿੰਘ ਸੋਹੀ) ਡਾਇਰੈਕਟਰ ਆੱਫ਼ ਆਯੂਰਵੈਦਾ ਪੰਜਾਬ ਡਾ. ਰਾਕੇਸ਼  ਕੁਮਾਰ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਬਰਨਾਲਾ ਡਾ ਮਨੀਸ਼ਾ ਅਗਰਵਾਲ ਜੀ ਦੀਆਂ ਹਦਇਤਾਂ ਅਨੁਸਾਰ ਕਰੋਨਾ ਵਾਇਰਸ ਮਹਾਂਮਾਰੀ ਦੇ ਸਬੰਧ ਵਿੱਚ ਵੱਖ-ਵੱਖ ਬਲਾਕਾਂ ਨੂੰ ਆਯੂਰਵੈਦਿਕ ਦਵਾਈ ਭੇਜੀ ਗਈ ਹੈ। ਜਿਸਨੂੰ ਅੱਜ ਮਾਲਵਾ ਨਰਸਿੰਗ ਕਾਲਜ ਮਹਿਲ ਕਲਾਂ ਵਿਖੇ ਡਾਕਟਰ ਨਵਨੀਤ ਬਾਂਸਲ ਏ.ਐੱਮ.ਓ ਅਤੇ ਸੁਖਚੈਨ ਸਿੰਘ ਉਪ-ਵੈਦ ਸੀ. ਐੱਚ.ਸੀ ਮਹਿਲ ਕਲਾਂ ਨੇ ਵੱਖ-ਵੱਖ ਇਕਾਂਤਵਾਸ ਕੀਤੇ ਹੋਏ ਵਿਆਕਤੀਆ ਨੂੰ ਆਯੂਰਵੈਦਿਕ ਦਵਾਈ ਵੰਡੀ। ਉਨ੍ਹਾਂ ਕਿਹਾ ਕਿ ਆਯੂਰਵੈਦਿਕ ਦਵਾਈ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ ਇਸ ਲਈ ਸਾਨੂੰ ਆਯੂਰਵੈਦਿਕ ਦਵਾਈਆਂ ਲੈਣੀਆਂ ਚਾਹੀਦੀਆਂ ਹਨ।

ਪੰਜਾਬ ਗ੍ਰਾਮੀਣ ਬੈਂਕ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ 10 ਲੱਖ 1 ਹਜ਼ਾਰ ਰੁਪਏ ਦਾ ਚੈੱਕ ਭੇਟ

(ਫੋਟੋ:-ਡਿਪਟੀ ਕਮਿਸਨਰ ਸ੍ਰੀਮਤੀ ਦੀਪਤੀ ਉੱਪਲ ਨੂੰ ਮੁੰਖ ਮੰਤਰੀ ਕੋਵਿਡ ਰਾਹਤ ਫੰਡ ਲਈ ਚੈੱਕ ਸੌਂਪਦੇ ਹੋਏ ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਦੂਬੇ ਅਤੇ ਜਨਰਲ ਮੈਨੇਜਰ ਸ੍ਰੀ ਵਰਿੰਦਰ ਕੁਮਾਰ ਦੂਆ)

ਕਪੂਰਥਲਾ 11 ਮਈ (ਹਰਜੀਤ ਸਿੰਘ ਵਿਰਕ)

ਕੋਰੋਨਾ ਮਹਾਂਮਾਰੀ ਖਿਲਾਫ਼ ਜੰਗ ਵਿਚ ਪੰਜਾਬ ਸਰਕਾਰ ਦਾ ਸਾਥ ਦਿੰਦਿਆਂ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ 10 ਲੱਖ 1 ਹਜ਼ਾਰ ਰੁਪਏ ਦਾ ਚੈੱਕ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੂੰ ਭੇਟ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਬੈਂਕ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਰਨਾਂ ਨੂੰ ਵੀ ਕੋਰੋਨਾ ਖਿਲਾਫ਼ ਜੰਗ ਵਿਚ ਸਰਕਾਰ ਦੇ ਸਹਿਯੋਗ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਦੂਬੇ ਅਤੇ ਜਨਰਲ ਮੈਨੇਜਰ ਸ੍ਰੀ ਵਰਿੰਦਰ ਕੁਮਾਰ ਦੂਆ ਨੇ ਦੱਸਿਆ ਕਿ ਇਹ ਰਾਸ਼ੀ ਬੈਂਕ ਦੇ ਸਟਾਫ ਵੱਲੋਂ ਇਕੱਤਰ ਕੀਤੀ ਗਈ ਹੈ। ਉਨਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਵੀ 31 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦਾਨ ਕਰ ਚੁੱਕੇ ਹਨ। ਉਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਸਾਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰਾ ਨਾਲ ਪਾਲਣਾ ਕਰਕੇ ਆਪਣੇ ਅਤੇ ਆਪਣੇ ਪਰਿਵਾਰਾਂ ਦਾ ਇਸ ਮਹਾਂਮਾਰੀ ਤੋਂ ਬਚਾਅ ਕਰਨਾ ਚਾਹੀਦਾ ਹੈ। 

ਐਤਵਾਰ ਨੂੰ ਕੇਵਲ ਕਰਿਆਨਾ, ਕੈਮਿਸਟ, ਬੇਕਰੀ, ਡੇਅਰੀ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ ਹੀ ਸਵੇਰੇ 7 ਤੋਂ 11 ਵਜੇ ਤੱਕ ਖੁੱਲਣਗੀਆਂ

(ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ)

ਬਾਕੀ ਦੁਕਾਨਾਂ ਐਤਵਾਰ ਨੂੰ ਰਹਿਣਗੀਆਂ ਬੰਦ

ਜ਼ਿਲਾ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲਣ ਸਬੰਧੀ ਹਦਾਇਤਾਂ ਕੀਤੀਆਂ ਜਾਰੀ  

ਕਪੂਰਥਲਾ , ਮਈ 2020-(ਹਰਜੀਤ ਸਿੰਘ ਵਿਰਕ)-

ਭਾਰਤ ਸਰਕਾਰ ਦੇ ਕਰੋਨਾ ਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਮਿਤੀ 5 ਮਾਰਚ 2020 ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਕੋਰੋਨਾ ਵਾਇਰਸ ਨੂੰ ਐਪੀਡੈਮਿਕ ਡਿਸੀਜ਼ਜ਼ ਐਕਟ 1897 ਤਹਿਤ ਪੰਜਾਬ ਰਾਜ ਵਿਚ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ। ਆਮ ਜਨਤਾ ਨੂੰ ਕੋਵਿਡ-19 (ਕੋਰੋਨਾ ਵਾਇਰਸ) ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਤੋਂ ਜ਼ਿਲੇ ਵਿਚ ਕਰਫਿੳੂ ਲਗਾਇਆ ਗਿਆ ਹੈ, ਜਿਸ ਵਿਚ ਸਮੇਂ-ਸਮੇਂ ’ਤੇ ਵਾਧਾ ਗਿਆ ਗਿਆ ਅਤੇ ਹੁਣ ਇਸ ਦੀ ਮਿਆਦ 17 ਮਈ 2020 ਤੱਕ ਹੈ। 

ਹੁਣ ਜ਼ਿਲਾ ਮੈਜਿਸਟ੍ਰੇਟ ਵੱਲੋਂ ਮਿਤੀ 1 ਮਈ 2020, 7 ਮਈ 2020 ਅਤੇ 8 ਮਈ 2020 ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਵਿਚ ਹੁਕਮ ਜਾਰੀ ਕੀਤਾ ਹੈ ਕਿ ਕੇਵਲ ਕਰਿਆਨਾ (ਗਰੋਸਰੀ), ਕੈਮਿਸਟ ਸਟੋਰ, ਬੇਕਰੀ, ਡੇਅਰੀ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ ਹਰ ਐਤਵਾਰ ਨੂੰ ਵੀ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲਣਗੀਆਂ। ਇਸ ਤੋਂ ਇਲਾਵਾ ਐਤਵਾਰ ਨੂੰ ਬਾਕੀ ਦੁਕਾਨਾਂ ਬੰਦ ਰਹਿਣਗੀਆਂ। ਉਪਰੋਕਤ ਤੋਂ ਇਲਾਵਾ ਮਿਤੀ 1 ਮਈ 2020, 7 ਮਈ 2020 ਅਤੇ 8 ਮਈ 2020 ਨੂੰ ਜਾਰੀ ਕੀਤੇ ਗਏ ਹੁਕਮ ਦਿਨ ਸੋਮਵਾਰ ਤੋਂ ਸਨਿੱਚਰਵਾਰ ਤੱਕ ਪਹਿਲਾਂ ਦੀ ਤਰਾਂ ਲਾਗੂ ਰਹਿਣਗੇ। 

  ਉਪਰੋਕਤ ਦੁਕਾਨਾਂ ਖੁੱਲਣ ਸਮੇਂ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨਾਂ ਅਨੁਸਾਰ ਕੋਵਿਡ-19 ਦੇ ਮੱਦੇਨਜ਼ਰ ਬੇਕਰੀ ਦੀਆਂ ਦੁਕਾਨਾਂ ’ਤੇ ਬੈਠ ਕੇ ਖਾਣ ਦੀ ਮਨਾਹੀ ਹੋਵੇਗੀ, ਦੁਕਾਨਦਾਰ ਵੱਲੋਂ ਕੇਵਲ ਪੈਕ ਫੂਡ ਹੀ ਦਿੱਤਾ ਜਾਵੇਗਾ। ਦੁਕਾਨਦਾਰ ਵੱਲੋਂ ਹੋਮ ਡਿਲੀਵਰੀ ਨੂੰ ਪਹਿਲ ਦਿੱਤੀ ਜਾਵੇਗੀ। ਦੁਕਾਨਦਾਰ ਵੱਲੋਂ ਘੱਟੋ-ਘੱਟ ਦੁਕਾਨ ਦੇ ਅੰਦਰ/ਬਾਹਰ ਇਕ ਮੀਟਰ ਦੀ ਦੂਰੀ ਯਕੀਨੀ ਬਣਾਈ ਜਾਵੇਗੀ। ਕੋਵਿਡ-19 ਦੇ ਫੈਲਣ ਤੋਂ ਰੋਕਣ ਲਈ ਪੰਜਾਬ ਅੰਦਰ ਹਰੇਕ ਵਿਅਕਤੀ ਦੇ ਮੂੰਹ ’ਤੇ ਮਾਸਕ (ਸੂਤੀ ਕੱਪੜੇ ਦਾ ਮਾਸਕ ਜਾਂ ਟਿ੍ਰਪਲ ਲੇਅਰ ਮਾਸਕ ਜਾਂ ਰੁਮਾਲ, ਦੁਪੱਟਾ, ਪਰਨਾ ਆਦਿ) ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਇਸ ਲਈ ਹਰੇਕ ਦੁਕਾਨਦਾਰ/ਅਦਾਰਾ ਇਹ ਯਕੀਨੀ ਬਣਾਏਗਾ ਕਿ ਉਸ ਨੇ ਆਪ, ਦੁਕਾਨ ਦੇ ਅੰਦਰ ਕਰੰਮ ਕਰਨ ਵਾਲੇ ਅਤੇ ਆਉਣ ਵਾਲੇ ਹਰੇਕ ਵਿਅਕਤੀ ਨੇ ਮਾਸਕ ਜ਼ਰੂਰ ਲਗਾਇਆ ਹੋਵੇ ਅਤੇ ਜਿਸ ਵਿਅਕਤੀ ਨੇ ਮਾਸਕ ਨਾ ਪਾਇਆ ਹੋਵੇ, ਉਸ ਨੂੰ ਸੌਦਾ ਨਹੀਂ ਦਿੱਤਾ ਜਾਵੇਗਾ। ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ ਨੂੰ ਸਮੇਂ-ਸਮੇਂ ’ਤੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸੈਨੀਟਾਈਜ਼ ਕੀਤਾ ਜਾਵੇਗਾ। ਦੁਕਾਨ ਦੇ ਅੰਦਰ ਡਿਸਪਲੇਅ ਕੀਤੀਆਂ ਗਈਆਂ ਚੀਜ਼ਾਂ ਨੂੰ ਖ਼ਰੀਦਦਾਰ ਵੱਲੋਂ ਛੂਹਿਆ ਨਹੀਂ ਜਾਵੇਗਾ। ਦੁਕਾਨਦਾਰ ਇਹ ਯਕੀਨੀ ਬਣਾਏਗਾ ਕਿ ਡਿਸਪਲੇਅ ਕੀਤੀਆਂ ਆਈਟਮਾਂ ਖ਼ਰੀਦਦਾਰ ਨੂੰ ਕਾੳੂਂਟਰ ਤੋਂ ਹੀ ਦੇਵੇਗਾ ਅਤੇ ਖ਼ਰੀਦ ਕੀਤੀਆਂ ਗਈਆਂ ਚੀਜ਼ਾਂ/ਆਈਟਮਾਂ ਦੀ ਅਦਾਇਗੀ ਡਿਜੀਟਲੀ ਕਰਨ ਲਈ ਤਰਜੀਹ ਦੇਵੇਗਾ। ਦੁਕਾਨਦਾਰ ਅਤੇ ਕੰਮ ਕਰਨ ਵਾਲੇ ਵਿਅਕਤੀ ਗਾਹਕ ਤੋਂ ਪੈਸੇ ਲੈਣ ਉਪਰੰਤ ਆਪਣੇ ਹੱਥ ਵੀ ਸੈਨੀਟਾਈਜ਼ ਕਰਨਗੇ। ਦੁਕਾਨਦਾਰ ਯਕੀਨੀ ਬਣਾਉਣਗੇ ਕਿ ਗਾਹਕਾਂ ਵੱਲੋਂ ਕੱਪੜੇ ਦੇ ਬੈਗ ਵਿਚ ਖ਼ਰੀਦਿਆਂ ਹੋਇਆ ਸਾਮਾਨ ਲਿਜਾਇਆ ਜਾਵੇਗਾ ਤਾਂ ਜੋ ਬੈਗ ਘਰ ਵਿਚ ਧੋਇਆ ਜਾਵੇ। ਭਾਰਤ ਸਰਕਾਰ/ਪੰਜਾਬ ਸਰਕਾਰ/ਜ਼ਿਲਾ ਪ੍ਰਸ਼ਾਸਨ ਅਤੇ ਵੱਖ-ਵੱਖ ਸਿਹਤ ਅਥਾਰਟੀਆਂ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਅਨੁਸਾਰ ਹੋਣੀ ਚਾਹੀਦੀ ਹੈ ਅਤੇ ਸਾਫ਼-ਸਫ਼ਾਈ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ, ਥਾਂ-ਥਾਂ ਥੁੱਕਣ ਦੀ ਮਨਾਹੀ ਹੋਵੇਗੀ। 

ਹਮੀਦੀ ਦੇ ਬੰਮਰਾ ਪਰਿਵਾਰ ਵੱਲੋਂ ਸਪੁੱਤਰ ਦੇ ਜਨਮ ਦਿਨ ਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕਾਪੀਆਂ ਪੈੱਨ ਪੈਨਸਲਾਂ ਵੰਡੀਆਂ

ਮਹਿਲ ਕਲਾਂ/ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ)-ਸਮਾਜ ਸੇਵੀ ਡਾਕਟਰ ਪਰਮਿੰਦਰ ਸਿੰਘ ਬੰਮਰਾ ਵਲੋਂ ਪਿੰਡ ਹਮੀਦੀ ਵਿਖੇ ਆਪਣੇ ਹੋਣਹਾਰ ਸਪੁੱਤਰ ਅੰਸ਼ਵੀਰ ਸਿੰਘ ਬੰਮਰਾ ਦੇ ਜਨਮ ਦਿਨ ਮਨਾਉਣ ਸਮੇਂ 100 ਦੇ ਕਰੀਬ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਾਪੀਆਂ ਪੈਨ ਪੈਨਸਲਾਂ ਅਤੇ ਹੋਰ ਸਾਮਾਨ ਵੰਡਿਆ ਗਿਆ ਇਸ ਮੌਕੇ ਪੰਜਾਬ ਪ੍ਰਦੇਸ ਕਾਂਗਰਸ ਦੀ ਸੂਬਾ ਸਕੱਤਰ ਮੈਡਮ ਸੁਦੇਸ਼ ਜੋਸ਼ੀ ਹਮੀਦੀ ਨੇ  ਡਾਕਟਰ ਪਰਮਿੰਦਰ ਸਿੰਘ ਬੰਮਰਾ ਦੇ ਸਪੁੱਤਰ ਅੰਸ਼ਵੀਰ ਸਿੰਘ ਬੰਮਰਾ ਦੇ ਜਨਮ ਦਿਨ ਦੀ ਸਮੁੱਚੇ ਬੰਮਰਾ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪਰਿਵਾਰ ਵੱਲੋਂ ਜਿੱਥੇ ਮਨੁੱਖਤਾ ਦੀ ਭਲਾਈ ਲਈ ਕਰੋਨਾ ਵਾਇਰਸ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਲਈ ਰਾਸ਼ਨ ਵੰਡਿਆ ਜਾ ਰਿਹਾ ਹੈ ਉੱਥੇ ਆਪਣੇ ਲੜਕੇ ਦੇ ਜਨਮ ਦਿਨ ਮੌਕੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਾਪੀਆਂ ਪੈਨ ਪੈਨਸਲਾਂ ਅਤੇ ਹੋਰ ਸਾਮਾਨ ਵੰਡਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਮਾਮਲਾ ਪਰਿਵਾਰ ਵਾਂਗ ਸਮਾਜ ਸੇਵਾ ਅਤੇ ਆਪਣੇ ਧੀਆਂ ਪੁੱਤਾਂ ਦੇ ਜਨਮ ਦਿਨ ਮਨਾਉਣ ਸਮੇਂ ਲੋੜਵੰਦਾਂ ਦੀ ਭਲਾਈ ਲਈ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁਖੀ ਲਖਵਿੰਦਰ ਸਿੰਘ ਨੇ ਲੜਕੇ ਦੇ ਜਨਮ ਦਿਨ ਦੀ ਬੱਮਰਾ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪਰਿਵਾਰ ਵਾਂਗ ਹੋਰ ਸਮਾਜ ਸੇਵੀ ਲੋਕਾਂ ਨੂੰ ਲੋੜਵੰਦਾਂ ਦੀ ਮਦਦ ਕਰਨ ਅਤੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਅਜਿਹੇ ਉਪਰਾਲੇ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ ਇਸ ਲਈ ਹੋਰ ਸਮਾਜ ਸੇਵੀ ਲੋਕਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਸਮੇਂ ਦੀ ਇੱਕ ਮੁੱਖ ਲੋੜ ਇਸ ਮੌਕੇ ਮੈਡਮ ਜੋਸ਼ੀ ਅਤੇ ਥਾਣਾ ਮੁਖੀ ਲਖਵਿੰਦਰ ਸਿੰਘ ਵੱਲੋਂ ਲੜਕੇ ਅੰਸ਼ਵੀਰ ਸਿੰਘ ਬੰਮਰਾ ਦੇ ਜਨਮ ਦਿਨ ਮੌਕੇ ਆਪਣੇ ਵਲੋਂ ਗਿਫ਼ਟ ਭੇਟ ਕੀਤੇ ਗਏ ਇਸ ਮੌਕੇ ਲੋਕ ਭਲਾਈ ਵੈੱਲਫੇਅਰ ਸੁਸਾਇਟੀ ਰਜਿ. ਮਹਿਲ ਕਲਾਂ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਬੰਮਰਾ ਹਮੀਦੀ ਨੇ ਮੈਡਮ ਜੋਸ਼ੀ ਅਤੇ ਥਾਣਾ ਮੁਖੀ ਲਖਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਇਲਾਕੇ ਅੰਦਰ ਮਨੁੱਖਤਾ ਦੀ ਭਲਾਈ ਲਈ ਲੋੜਵੰਦ ਲੋਕਾਂ ਦੀ ਭਲਾਈ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਕ੍ਰਾਂਤੀਕਾਰੀ ਕਾਰਜ ਕੀਤੇ ਜਾਣਗੇ ਇਸ ਲਈ ਸਮਾਜ ਸੇਵੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਜਥੇਬੰਦੀ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਮੌਕੇ ਲੜਕੇ ਦੀ ਮਾਤਾ ਹਰਪ੍ਰੀਤ ਕੌਰ ਦਾਦੀ ਮਨਜੀਤ ਕੌਰ ਬੰਮਰਾ ਗੁਰਵਿੰਦਰ ਸਿੰਘ ਬੰਮਰਾ ਜਰਨੈਲ ਸਿੰਘ ਅਰਸਦੀਪ ਸਿੰਘ ਸਮਨਪ੍ਰੀਤ ਖੁਸ਼ਪ੍ਰੀਤ ਕੌਰ ਤੋਂ ਇਲਾਵਾ ਏਐਸਆਈ ਸੁਖਵਿੰਦਰ ਸਿੰਘ  ਕੁਤਬਾ ਨੰਬਰਦਾਰ ਗੁਰਮੁੱਖ ਸਿੰਘ ਹਮੀਦੀ ਪੱਤਰਕਾਰ ਜਸਵੀਰ ਸਿੰਘ  ਆਦਿ ਵੀ ਹਾਜਰ ਸਨ

ਪੰਜਾਬ ਦੀ ਆਬਕਾਰੀ ਨੀਤੀ 'ਤੇ ਸੱਦੀ ਗਈ ਪ੍ਰੀ-ਕੈਬਨਿਟ ਮੀਟਿੰਗ ਵਿਚ ਮੰਤਰੀਆਂ ਤੇ ਮੁੱਖ ਸਕੱਤਰ ਵਿਚਕਾਰ ਤਿੱਖੀ ਬਹਿਸ   

ਮਨਪ੍ਰੀਤ ਬਾਦਲ ਤੇ ਚੰਨੀ ਵਿਚਾਲੇ ਛੱਡ ਕੇ ਗਏ ਮੀਟਿੰਗ

ਮੀਟਿੰਗ ਵਿਚ ਮੁੱਖ ਸਕੱਤਰ ਤੇ ਮੰਤਰੀਆਂ ਵਿਚਾਲੇ ਤਿੱਖੀ ਬਹਿਸ 

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਦੀ ਆਬਕਾਰੀ ਨੀਤੀ 'ਤੇ ਸ਼ਨਿਚਰਵਾਰ ਨੂੰ ਸੱਦੀ ਗਈ ਪ੍ਰੀ-ਕੈਬਨਿਟ ਦੀ ਮੀਟਿੰਗ ਵਿਚ ਮੰਤਰੀਆਂ ਤੇ ਮੁੱਖ ਸਕੱਤਰ ਵਿਚਕਾਰ ਤਿੱਖੀ ਬਹਿਸ ਹੋ ਗਈ। ਹੰਗਾਮਾ ਏਨਾ ਵਧ ਗਿਆ ਕਿ ਨਾਰਾਜ਼ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਮੀਟਿੰਗ ਛੱਡ ਕੇ ਚਲੇ ਗਏ। ਮੀਟਿੰਗ ਵਿਚ ਸ਼ਰਾਬ ਦੇ ਠੇਕਿਆ ਦੀ ਨਿਲਾਮੀ 'ਤੇ ਫ਼ੈਸਲਾ ਹੋਣਾ ਸੀ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਨਾਰਾਜ਼ ਮੰਤਰੀਆਂ ਨੂੰ ਮਨਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ। ਉਨ੍ਹਾਂ ਦੇ ਜਾਂਦਿਆਂ ਹੀ ਦੂਜੇ ਮੰਤਰੀ ਵੀ ਮੁੱਖ ਸਕੱਤਰ 'ਤੇ ਭੜਕ ਉੱਠੇ। ਖ਼ਾਸ ਤੌਰ 'ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪੂਰੀ ਭੜਾਸ ਕੱਢੀ। ਮੰਤਰੀਆਂ ਦੀ ਨਾਰਾਜ਼ਗੀ ਕਾਰਨ ਦੋ ਵਜੇ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵੀ ਨਹੀਂ ਹੋ ਸਕੀ। ਹੁਣ ਇਹ ਮੀਟਿੰਗ 11 ਮਈ ਨੂੰ ਹੋਵੇਗੀ।

ਦਰਸਅਸਲ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਨੇ ਲਾਕਡਾਊਨ ਤੋਂ ਬਾਅਦ ਨਵੇਂ ਸਿਰੇ ਤੋਂ ਠੇਕਿਆਂ ਨੂੰ ਨਿਲਾਮ ਕਰਨ ਦੀ ਨੀਤੀ ਤਿਆਰ ਕੀਤੀ ਸੀ ਜਿਸ ਵਿਚ ਤਿੰਨ ਬਦਲ ਦਿੱਤੇ ਗਏ ਸਨ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੀਟਿੰਗ ਸ਼ੁਰੂ ਹੁੰਦਿਆਂ ਹੀ ਨੀਤੀ ਪੜ੍ਹਨੀ ਸ਼ੁਰੂ ਕਰ ਦਿੱਤੀ। ਇਸ 'ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਤੁਸੀਂ ਫ਼ੈਸਲਾ ਕਰ ਹੀ ਲਿਆ ਹੈ ਤਾਂ ਸਾਨੂੰ ਇੱਥੇ ਕਿਸ ਲਈ ਸੱਦਿਆ ਹੈ? ਇਸ 'ਤੇ ਮੁੱਖ ਸਕੱਤਰ ਨੇ ਕਿਹਾ ਕਿ ਨੀਤੀ ਅਫਸਰ ਹੀ ਤਿਆਰ ਕਰਦੇ ਹਨ। ਕੈਬਨਿਟ ਤਾਂ ਉਸ ਨੂੰ ਸਿਰਫ਼ ਪਾਸ ਹੀ ਕਰਦੀ ਹੈ।

ਇਸ 'ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਖ਼ਲ ਦਿੰਦਿਆਂ ਕਿਹਾ ਕਿ ਨੀਤੀ ਅਫਸਰ ਨਹੀਂ ਮੰਤਰੀ ਤਿਆਰ ਕਰਦੇ ਹਨ। ਮੁੱਖ ਸਕੱਤਰ ਦੀ ਵਿੱਤ ਮੰਤਰੀ ਪ੍ਰਤੀ ਪ੍ਰਤੀਕਿਰਿਆ ਕਾਫ਼ੀ ਗੁੱਸੇ ਵਾਲੀ ਸੀ। ਦੋਵਾਂ ਵਿਚਾਲੇ ਕਾਫ਼ੀ ਬਹਿਸ ਹੋਈ। ਮਨਪ੍ਰਰੀਤ ਨੇ ਕਿਹਾ ਕਿ ਜਦੋਂ ਵਿਭਾਗ ਨੇ ਫ਼ੈਸਲਾ ਹੀ ਕਰ ਲਿਆ ਹੈ ਤਾਂ ਮੰਤਰੀਆਂ ਨੂੰ ਦੱਸਣ ਦੀ ਲੋੜ ਹੀ ਕੀ ਹੈ? ਮੰਤਰੀਆਂ ਦੇ ਇਤਰਾਜ਼ 'ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਵੀ ਗੁੱਸੇ ਵਿਚ ਪ੍ਰਤੀਕਿਰਿਆ ਦਿੱਤੀ। ਇਸ 'ਤੇ ਮਨਪ੍ਰੀਤ ਬਾਦਲ ਇਹ ਕਹਿੰਦਿਆਂ ਮੀਟਿੰਗ ਛੱਡ ਕੇ ਚਲੇ ਗਏ ਕਿ ਅਜਿਹੀ ਮੀਟਿੰਗ ਵਿਚ ਸ਼ਿਰਕਤ ਕਰਨ ਦਾ ਕੀ ਫ਼ਾਇਦਾ? ਉਨ੍ਹਾਂ ਦੇ ਪਿੱਛੇ-ਪਿੱਛੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਚਲੇ ਗਏ। ਇਹ ਵੀ ਪਤਾ ਲੱਗਾ ਹੈ ਕਿ ਮੰਤਰੀਆਂ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਉਹ ਹਰਿਆਣੇ ਦੇ ਮਾਡਲ ਦਾ ਵੀ ਅਧਿਐਨ ਕਰ ਲੈਣ।

ਵਿਵਾਦ ਦਾ ਕਾਰਨ

ਮੀਟਿੰਗ ਵਿਚ 23 ਮਾਰਚ ਤੋਂ ਲੈ ਕੇ 31 ਮਾਰਚ ਤਕ ਠੇਕੇ ਬੰਦ ਰਹਿਣ ਨਾਲ ਠੇਕੇਦਾਰਾਂ ਨੂੰ ਹੋਏ ਨੁਕਸਾਨ 'ਤੇ ਰਿਬੇਟ ਦੇਣ ਦੀ ਗੱਲ ਚੱਲ ਰਹੀ ਸੀ। ਮੰਤਰੀ ਚਾਹੁੰਦੇ ਸਨ ਕਿ ਹਰਿਆਣਾ ਜਾਂ ਕਿਸੇ ਦੂਜੇ ਸੂਬੇ ਦੇ ਮਾਡਲ ਦਾ ਵੀ ਅਧਿਐੱਨ ਕਰ ਲਿਆ ਜਾਵੇ ਪਰ ਮੁੱਖ ਸਕੱਤਰ ਨੇ ਕਿਹਾ ਕਿ ਅਸੀਂ ਕਮੇਟੀ ਬਣਾ ਕੇ ਪੂਰੇ ਮਾਮਲੇ ਦਾ ਅਧਿਐਨ ਕਰ ਲਿਆ ਹੈ।

ਹਰਿਆਣਾ ਮਾਡਲ ਲਾਗੂ ਕਰਨ ਦੀ ਲੋੜ ਨਹੀਂ ਹੈ। ਇਸ 'ਤੇ ਮਨਪ੍ਰਰੀਤ ਬਾਦਲ ਭੜਕ ਗਏ। ਇਹ ਸਭ ਕੁਝ ਏਨੀ ਤੇਜ਼ੀ ਨਾਲ ਹੋਇਆ ਕਿ ਉੱਥੇ ਮੌਜੂਦ ਸੀਨੀਅਰ ਅਧਿਕਾਰੀ ਤੇ ਹੋਰ ਮੰਤਰੀ ਵੀ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਨੂੰ ਕੁਝ ਸਮਝ ਹੀ ਨਹੀਂ ਆਇਆ ਕਿ ਆਖ਼ਰ ਕੀ ਹੋਇਆ ਤੇ ਕਿਉਂ ਹੋਇਆ?

ਪੰਜਾਬ ਕਬਨਿਟ ਮਿਟਿਗ ਅੰਦਰ ਪਹਿਲਾਂ ਵੀ ਕਈ ਵਾਰ ਹੋਇਆ ਹੰਗਾਮਾ

ਪਹਿਲਾਂ ਵੀ ਕਈ ਵਾਰ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਅਫਸਰਾਂ ਵਿਚਾਲੇ ਵਿਚਾਰਕ ਮਤਭੇਦਾਂ ਕਾਰਨ ਮੀਟਿੰਗਾਂ ਵਿਚ ਹੰਗਾਮੇ ਹੋ ਚੁੱਕੇ ਹਨ ਪਰ ਇਸ ਵਾਰ ਵਿੱਤ ਮੰਤਰੀ ਦੀ ਨਾਰਾਜ਼ਗੀ ਪਹਿਲਾਂ ਨਾਲੋਂ ਕੁਝ ਜ਼ਿਆਦਾ ਸੀ। ਮੰਤਰੀ ਦੀ ਨਾਰਾਜ਼ਗੀ ਏਨੀ ਵਧ ਗਈ ਕਿ ਦੋ ਵਜੇ ਸੱਦੀ ਗਈ ਕੈਬਨਿਟ ਦੀ ਮੀਟਿੰਗ ਮੁਲਤਵੀ ਕਰਨੀ ਪਈ।

ਪੰਜਾਬ ਅੰਦਰ 28 ਨਵੇਂ ਮਾਮਲਿਆਂ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੋਈ 1779

ਪਿਛਲੇ 24 ਘੰਟਿਆਂ ਦੁਰਾਨ  ਦੋ ਮੌਤਾਂ, ਪੰਜ ਦਿਨਾਂ ਤੋਂ ਲਗਾਤਾਰ ਘੱਟ ਰਹੇ ਮਾਮਲੇ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ 'ਚ ਸ਼ਨਿਚਰਵਾਰ ਨੂੰ ਕੋਰੋਨਾ ਕਾਰਨ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਦੀ ਮੌਤ ਹੋ ਗਈ। ਜਗਰਾਓਂ ਦੇ ਪਿੰਡ ਮਾਣੂਕੇ ਦਾ ਰਹਿਣ ਵਾਲਾ 55 ਸਾਲਾ ਗੁਰਜੰਟ ਸਿੰਘ 30 ਅਪ੍ਰੈਲ ਨੂੰ ਨਾਂਦੇੜ ਤੋਂ ਪਰਤਿਆ ਸੀ।ਉਸ ਸਮੇ ਤੋ ਉਹ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਸੀ। ਉਸ ਨੇ ਸ਼ਨਿਚਰਵਾਰ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਦਮ ਤੋੜ ਦਿੱਤਾ। ਉੱਥੇ, ਹੁਸ਼ਿਆਰਪੁਰ ਦੇ ਦੋਸੜਕਾ (ਤਲਵਾੜਾ) ਦੇ 62 ਸਾਲਾ ਓਂਕਾਰ ਸਿੰਘ ਦੀ ਵੀ ਪੀਜੀਆਈ ਚੰਡੀਗੜ੍ਹ 'ਚ ਮੌਤ ਹੋ ਗਈ ਸੀ। ਉਸ ਨੂੰ ਛੇ ਮਈ ਨੂੰ ਦਾਖਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੰਜਾਬ 'ਚ ਮਿ੍ਤਕਾਂ ਦਾ ਅੰਕੜਾ 31 ਹੋ ਗਿਆ ਹੈ। ਉੱਥੇ, ਸੂਬੇ 'ਚ ਸ਼ਨਿਚਰਵਾਰ ਨੂੰ 28 ਨਵੇਂ ਪਾਜ਼ੇਟਿਵ ਮਾਮਲੇ ਰਿਪੋਰਟ ਹੋਏ।

ਰਾਹਤ ਦੀ ਗੱਲ ਇਹ ਹੈ ਕਿ ਪੰਜ ਦਿਨਾਂ ਤੋਂ ਲਗਾਤਾਰ ਪੰਜਾਬ 'ਚ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਘੱਟ ਹੋ ਰਹੀ ਹੈ। ਪੰਜ ਮਈ ਨੂੰ 246 ਕੇਸ ਆਏ ਸਨ। ਉੱਥੇ, ਪਿਛਲੇ 11 ਦਿਨਾਂ 'ਚ ਸ਼ਨਿਚਰਵਾਰ ਨੂੰ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ। ਸ਼ਨਿਚਰਵਾਰ ਨੂੰ ਜਲੰਧਰ 'ਚ ਸਭ ਤੋਂ ਜ਼ਿਆਦਾ 12 ਲੋਕ ਇਨਫੈਕਟਿਡ ਪਾਏ ਗਏ। ਇਨ੍ਹਾਂ 'ਚ ਅੱਠ ਸ਼ਰਧਾਲੂ ਹਨ। ਇਸ ਤੋਂ ਇਲਾਵਾ ਗੁਰਦਾਸਪੁਰ 'ਚ ਪੰਜ, ਰੂਪਨਗਰ 'ਚ ਚਾਰ, ਫਤਹਿਗੜ੍ਹ ਸਾਹਿਬ 'ਚ ਪੰਜ ਤੇ ਮੋਗਾ ਤੇ ਲੁਧਿਆਣਾ 'ਚ ਇਕ ਕੇਸ ਆਇਆ। ਸੂਬੇ 'ਚ ਕੁੱਲ ਪੀੜਤਾਂ ਦੀ ਗਿਣਤੀ 1779 ਹੋ ਗਈ ਹੈ। ਹੋਰ ਜ਼ਿਲਿ੍ਆਂ ਦੇ ਮਾਮਲੇ ਦੋ ਥਾਂ ਦਰਜ ਹੋਣ ਕਾਰਨ ਕੁੱਲ ਪੀੜਤਾਂ ਦੀ ਗਿਣਤੀ 'ਚ ਬਦਲਾਅ ਆਇਆ ਹੈ।

ਡਾਂ ਮਿੱਠੂ ਮੁਹੰਮਦ/ਡਾਂ ਰਮੇਸ਼ ਕੁਮਾਰ ਬਾਲੀ ਦੀ ਮੰਗ

ਪੰਜਾਬ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਹੱਲ ਕਰੇ ਅਤੇ ਕਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਰਾਹਤ ਦੇ ਰਹੇ ਮੈਡੀਕਲ ਪ੍ਰੈਕਟੀਸ਼ਨਰਜ਼ ਦਾ ਪੰਜਾਹ ਲੱਖ ਦਾ ਜੀਵਨ ਬੀਮਾ ਐਲਾਨ ਕਰਨ 

ਮਹਿਲ ਕਲਾਂ?ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟਰਡ ਦੋ ਸੌ ਪਚੰਨਵੇਂ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਸਾਢੇ ਬਾਰਾਂ ਸੌ ਪਿੰਡਾਂ ਵਿੱਚ ਸਾਡੇ ਆਰਐੱਮਪੀ ਡਾਕਟਰ  ਪਿੰਡਾਂ ਵਿੱਚ ਮੁੱਢਲੀਆਂ ਸਸਤੀਆਂ ਸਿਹਤ ਸਹੂਲਤਾਂ ਦਿਨ ਰਾਤ ਦੇ ਰਹੇ ਹਨ  ।. ਇਹ ਉਹੀ ਮੈਡੀਕਲ ਪ੍ਰੈਕਟੀਸ਼ਨਰ ਹਨ ਜਿਹੜੇ ਪਿਛਲੇ ਹਰ ਦੌਰ ਵਿੱਚ ਆਪਣੇ ਲੋਕਾਂ ਨਾਲ ਨਹੁੰ ਮਾਸ ਦੇ ਰਿਸ਼ਤੇ ਨੂੰ ਨਿਭਾਉਂਦੇ ਹੋਏ ਹਰ ਮੁਸ਼ਕਲ ਘੜੀ  ਵਿੱਚ ਆਪਣੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੇ  ਲੋਕਾਂ ਦੀ  ਦਿਨ ਰਾਤ ਸੇਵਾ ਕਰ ਰਹੇ ਹਨ।  ਚਾਹੇ ਉਹ ਚੁਰਾਸੀ ਦਾ ਖਾੜਕੂਵਾਦ ਦਾ ਦੌਰ ਹੋਵੇ ਅਤੇ ਚਾਹੇ ਹੁਣ ਆਹ  ਦੁਨੀਆਂ ਭਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਦਾ ਦੌਰ ਹੋਵੇ ,ਉਹ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖ ਕੇ ਆਪਣੇ ਮਿਹਨਤਕਸ਼  ਲੋਕਾਂ ਨੂੰ ਦਿਨ ਰਾਤ ਸਸਤੀਆਂ ਤੇ ਮੁੱਢਲੀਆਂ ਸਿਹਤ ਸੇਵਾਵਾਂ ਦੇ  ਰਹੇ ਹਨ । ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਇਸ ਸਮੇਂ ਲੋਕ ਆਪੋ ਆਪਣੇ ਘਰ  ਬੈਠੇ ਹਨ। ਇਹ ਮੈਡੀਕਲ ਪ੍ਰੈਕਟੀਸ਼ਨਰ ਚੌਵੀ ਘੰਟੇ  ਦਿਨ ਰਾਤ ਘਰਾਂ ਚ ਸੇਵਾ ਕਰਕੇ ਜਿੱਥੇ ਜਾਨਾਂ ਬਚਾ ਰਹੇ ਹਨ, ਉਥੇ ਆਪਣੀਆਂ ਜਾਨਾਂ ਵੀ ਦਾਅ ਤੇ ਲਾਈ ਬੈਠੇ ਹਨ। ਜਿਨ੍ਹਾਂ ਨੇ ਔਖੇ ਵੇਲੇ ਲੋਕਾਂ ਨੂੰ ਘਰੋ ਘਰੀ ਮੁਫ਼ਤ ਮਾਸਕ ,,ਰਾਸ਼ਨ ਅਤੇ ਦਵਾਈਆਂ ਦੇ ਕੇ ਭਾਈ ਕਨ੍ਹੱਈਆ ਜੀ ਦੇ ਰਸਤੇ ਨੂੰ ਅੱਗੇ ਤੋਰਿਆ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਜੋ ਕੇ ਪਿੰਡਾਂ ਵਿੱਚ ਕੰਮ ਕਰ ਰਹੇ ਹਨ , ਉਨ੍ਹਾਂ ਦਾ ਪੰਜਾਹ ਲੱਖ ਦਾ ਜੀਵਨ ਬੀਮਾ ਐਲਾਨ ਕਰੇ ।.  ਅਤੇ ਉੱਨੀ ਸੌ ਬਾਹਟ ਦੀ ਬੰਦ ਪਈ ਰਜਿਸਟਰੇਸ਼ਨ ਖੋਲ੍ਹ ਕੇ ਪੇਂਡੂ ਡਾਕਟਰਾਂ ਨੂੰ ਪੱਕੇ ਤੌਰ ਤੇ ਮਾਨਤਾ ਦੇ ਕੇ ਰਜਿਸਟਰਡ ਕੀਤਾ ਜਾਵੇ ।

ਅਰੋਗਿਆ ਸੇਤੂ’ ਐਪ ਰਾਹੀਂ ਕੋਰੋਨਾ ਦੇ ਖ਼ਤਰਿਆਂ ਤੋਂ ਰਹੋ ਸੁਚੇਤ-ਡੀ. ਸੀ

(ਫੋਟੋ :1.ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।  

2.ਡਾ. ਜਸਮੀਤ ਬਾਵਾ, ਸਿਵਲ ਸਰਜਨ ਕਪੂਰਥਲਾ)

ਸਿਹਤ ਸੇਵਾਵਾਂ ਨਾਲ ਜੁੜਨ ਵਿਚ ਵੀ ਐਪ ਉਪਯੋਗੀ-ਸਿਵਲ ਸਰਜਨ

ਕਪੂਰਥਲਾ , ਮਈ 2020 -(ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਅੱਜ ਪੂਰਾ ਵਿਸ਼ਵ ਜੂਝ ਰਿਹਾ ਹੈ ਅਤੇ ਅਜਿਹੇ ਹਾਲਾਤ ਵਿਚ ਇਸ ਮਹਾਂਮਾਰੀ ਤੋਂ ਬਚਾਅ ਲਈ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਜਿਸ ਤਰਾਂ ਇਸ ਬਿਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਢਾਹਿਆ ਹੈ, ਹਰ ਕੋਈ ਆਪਣੇ ਆਸਪਾਸ ਇਸ ਮਹਾਂਮਾਰੀ ਦੇ ਖ਼ਤਰੇ, ਬਚਾਅ ਆਦਿ ਬਾਰੇ ਜਾਣਕਾਰੀ ਦੀ ਇੱਛਾ ਰੱਖਦਾ ਹੈ ਤਾਂ ਜੋ ਸਮਾਂ ਰਹਿੰਦਿਆਂ ਇਸ ਵਾਇਰਸ ਤੋਂ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕੇ। ਉਨਾਂ ਦੱਸਿਆ ਕਿ ਘਰ ਬੈਠੇ ਹੀ ਕੋਵਿਡ-19 ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰਨ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਅਰੋਗਿਆ ਸੇਤੂ’ ਐਪ ਬਹੁਤ ਹੀ ਲਾਹੇਵੰਦ ਸਿੱਧ ਹੋ ਰਹੀ ਹੈ। ਉਨਾਂ ਦੱਸਿਆ ਕਿ ਐਂਡਰਾਇਡ ਅਤੇ ਆਈਫੋਨ ਦੋਵਾਂ ਤਰਾਂ ਦੇ ਸਮਾਰਟ ਫੋਨਾਂ ਵਿਚ ਇਹ ਐਪ ਡਾੳੂਨਲੋਡ ਕੀਤੀ ਜਾ ਸਕਦੀ ਹੈ ਅਤੇ 11 ਭਾਸ਼ਾਵਾਂ ਵਿਚ ਇਸ ਐਪ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਅਰੋਗਿਆ ਸੇਤੂ ਐਪ ਵਾਸਤੇ ਬਲੂ ਟੁੱਥ ’ਤੇ ਜੀ. ਪੀ. ਐਸ ਡਾਟਾ ਦੀ ਲੋੜ ਪੈਂਦੀ ਹੈ ਅਤੇ ਕਾਨਟੈਕਟ ਟ੍ਰ੍ਰੇਸਿੰਗ ਲਈ ਇਹ ਐਪ ਯੂਜ਼ਰ ਦੇ ਮੋਬਾਈਲ ਨੰਬਰ, ਬਲੂ ਟੁੱਥ ਅਤੇ ਲੋਕੇਸ਼ਨ ਡਾਟਾ ਦਾ ਉਪਯੋਗ ਕਰਦਾ ਹੈ ਅਤੇ ਦੱਸਦਾ ਹੈ ਕਿ ਤੁਸੀਂ ਕੋਰੋਨਾ ਜ਼ੋਖ਼ਿਮ ਦੇ ਖ਼ਤਰੇ ਵਿਚ ਹੋ ਜਾਂ ਨਹੀਂ।

ਹਰਾ ਤੇ ਪੀਲਾ ਰੰਗ ਦਰਸਾਉਂਦਾ ਹੈ ਸੇਫਟੀ ਤੇ ਖ਼ਤਰੇ ਦਾ ਪੱਧਰ 

 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੋਬਾਈਲ ਰਜਿਸਟ੍ਰੇਸ਼ਨ ਤੋਂ ਬਾਅਦ ਓ. ਟੀ. ਪੀ ਰਾਹੀਂ ਵੈਰੀਫਾਈ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਯੂਜ਼ਰ ਨਾਮ, ਉਮਰ, ਪੇਸ਼ਾ ਅਤੇ ਪਿਛਲੇ ਦਿਨੀਂ ਕੀਤੀ ਕਿਸੇ ਵਿਦੇਸ਼ ਯਾਤਰਾ ਦੇ ਵੇਰਵੇ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਸਬਮਿਟ ਕਰਨੇ ਪੈਂਦੇ ਹਨ। ਜੇਕਰ ਉਸ ਤੋਂ ਬਾਅਦ ਐਪ ਰਾਹੀਂ ਗ੍ਰੀਨ ਜ਼ੋਨ ਦਾ ਸਿਗਨਲ ਆਉਂਦਾ ਹੈ, ਤਾਂ ਇਸ ਦਾ ਮਤਲਬ ਤੁਸੀਂ ਸੁਰੱਖਿਅਤ ਹੋ ਅਤੇ ਤੁਹਾਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਸੋਸ਼ਲ ਡਿਸਟੈਂਸਿੰਗ, ਹੱਥਾਂ ਦੀ ਸਫ਼ਾਈ ਆਦਿ ਸੁਰੱਖਿਆ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਐਪ ਜ਼ਰੀਏ 500 ਮੀਟਰ ਤੋਂ 10 ਕਿਲੋਮੀਟਰ ਤੱਕ ਦੇ ਦਾਇਰੇ ਵਿਚ ਕੋਰੋਨਾ ਲਾਗ ਦੇ ਖ਼ਤਰਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇਕਰ ਯੂਜ਼ਰ ਵੱਲੋਂ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਯੈਲੋ ਜ਼ੋਨ ਸਬੰਧੀ ਸਿਗਨਲ ਆਉਂਦਾ ਹੈ, ਤਾਂ ਇਸ  ਦਾ ਮਤਲਬ ਹੈ ਕਿ ਤੁਸੀਂ ਖ਼ਤਰੇ ਵਿਚ ਹੋ ਅਤੇ ਤੁਹਾਨੂੰ ਸਹਾਇਤਾ ਦੀ ਲੋੜ ਹੈ। 

ਸੈਲਫ ਅਸੈਸਮੈਂਟ ਫੀਚਰ ਹੈ ਉਪਯੋਗੀ  ਸਿਵਲ ਸਰਜਨ 

 ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਜਿਥੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਜਾਗਰੂਕਤਾ ਫੈਲਾਉਣ ਲਈ ਇਹ ਐਪ ਬਹੁਤ ਹੀ ਉਪਯੋਗੀ ਹੈ, ਉਥੇ ਇਹ ਸਿਹਤ ਸਬੰਧੀ ਸੇਵਾਵਾਂ ਨਾਲ ਯੂਜ਼ਰ ਨੂੰ ਜੁੜਨ ਸਬੰਧੀ ਵੀ ਲਾਹੇਵੰਦ ਜਾਣਕਾਰੀ ਦਿੰਦੀ ਹੈ। ਉਨਾਂ ਇਸ ਐਪ ਦੇ ਸੈਲਫ ਅਸੈਸਮੈਂਟ ਫੀਚਰ ਨੂੰ ਵੀ ਉਪਯੋਗੀ ਦੱਸਿਆ, ਜਿਸ ਰਾਹੀਂ ਪੁੱਛੇ ਗਏ ਸਵਾਨਾ ਦੇ ਆਧਾਰ ’ਤੇ ਯੂਜ਼ਰ ਨੂੰ ਕੋਰੋਨਾ ਲਾਗ ਦੇ ਖ਼ਤਰੇ ਦੀ ਜਾਣਕਾਰੀ ਮਿਲਦੀ ਹੈ। ਉਨਾਂ ਮੈਡੀਕਲ, ਪੈਰਾ ਮੈਡੀਕਲ ਸਟਾਫੇ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਸ ਐਪ ਰਾਹੀਂ ਆਪਣੇ ਆਸਪਾਸ ਕੋਰੋਨਾ ਦੇ ਖ਼ਤਰਿਆਂ ਦਾ ਮੁਲਾਂਕਣ ਕਰਨ ਲਈ ਪ੍ਰੇਰਿਆ, ਤਾਂ ਜੋ ਸਮੇਂ ਸਿਰ ਇਸ ਦੇ ਖ਼ਤਰੇ ਨੂੰ ਪਹਿਚਾਣ ਕੇ ਸੁਰੱਖਿਆ ਦੇ ਕਦਮ ਉਠਾਏ ਜਾ ਸਕਣ। ਸਿਵਲ ਸਰਜਨ ਨੇ ਲੋਕਾ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ, ਮਾਸਕ ਪਾ ਕੇ ਰੱਖਣ ਅਤੇ ਲਾਕਡਾੳੂਨ ਵਿਚ ਦਿੱਤੀ ਢਿੱਲ ਵਿਚ ਬੇਵਜਾ ਬਾਹਰ ਨਾ ਨਿਕਲਣ। ਉਨਾਂ ਸਭਨਾਂ ਦੀ ਚੰਗੀ ਸਿਹਤ ਅਤੇ ਘਰਾਂ ਵਿਚ ਸੁਰੱਖਿਅਤ ਰਹਿਣ ਕੀ ਕਾਮਨਾ ਕੀਤੀ।