You are here

ਪੰਜਾਬ ਅੰਦਰ 28 ਨਵੇਂ ਮਾਮਲਿਆਂ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੋਈ 1779

ਪਿਛਲੇ 24 ਘੰਟਿਆਂ ਦੁਰਾਨ  ਦੋ ਮੌਤਾਂ, ਪੰਜ ਦਿਨਾਂ ਤੋਂ ਲਗਾਤਾਰ ਘੱਟ ਰਹੇ ਮਾਮਲੇ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ 'ਚ ਸ਼ਨਿਚਰਵਾਰ ਨੂੰ ਕੋਰੋਨਾ ਕਾਰਨ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਦੀ ਮੌਤ ਹੋ ਗਈ। ਜਗਰਾਓਂ ਦੇ ਪਿੰਡ ਮਾਣੂਕੇ ਦਾ ਰਹਿਣ ਵਾਲਾ 55 ਸਾਲਾ ਗੁਰਜੰਟ ਸਿੰਘ 30 ਅਪ੍ਰੈਲ ਨੂੰ ਨਾਂਦੇੜ ਤੋਂ ਪਰਤਿਆ ਸੀ।ਉਸ ਸਮੇ ਤੋ ਉਹ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਸੀ। ਉਸ ਨੇ ਸ਼ਨਿਚਰਵਾਰ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਦਮ ਤੋੜ ਦਿੱਤਾ। ਉੱਥੇ, ਹੁਸ਼ਿਆਰਪੁਰ ਦੇ ਦੋਸੜਕਾ (ਤਲਵਾੜਾ) ਦੇ 62 ਸਾਲਾ ਓਂਕਾਰ ਸਿੰਘ ਦੀ ਵੀ ਪੀਜੀਆਈ ਚੰਡੀਗੜ੍ਹ 'ਚ ਮੌਤ ਹੋ ਗਈ ਸੀ। ਉਸ ਨੂੰ ਛੇ ਮਈ ਨੂੰ ਦਾਖਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੰਜਾਬ 'ਚ ਮਿ੍ਤਕਾਂ ਦਾ ਅੰਕੜਾ 31 ਹੋ ਗਿਆ ਹੈ। ਉੱਥੇ, ਸੂਬੇ 'ਚ ਸ਼ਨਿਚਰਵਾਰ ਨੂੰ 28 ਨਵੇਂ ਪਾਜ਼ੇਟਿਵ ਮਾਮਲੇ ਰਿਪੋਰਟ ਹੋਏ।

ਰਾਹਤ ਦੀ ਗੱਲ ਇਹ ਹੈ ਕਿ ਪੰਜ ਦਿਨਾਂ ਤੋਂ ਲਗਾਤਾਰ ਪੰਜਾਬ 'ਚ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਘੱਟ ਹੋ ਰਹੀ ਹੈ। ਪੰਜ ਮਈ ਨੂੰ 246 ਕੇਸ ਆਏ ਸਨ। ਉੱਥੇ, ਪਿਛਲੇ 11 ਦਿਨਾਂ 'ਚ ਸ਼ਨਿਚਰਵਾਰ ਨੂੰ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ। ਸ਼ਨਿਚਰਵਾਰ ਨੂੰ ਜਲੰਧਰ 'ਚ ਸਭ ਤੋਂ ਜ਼ਿਆਦਾ 12 ਲੋਕ ਇਨਫੈਕਟਿਡ ਪਾਏ ਗਏ। ਇਨ੍ਹਾਂ 'ਚ ਅੱਠ ਸ਼ਰਧਾਲੂ ਹਨ। ਇਸ ਤੋਂ ਇਲਾਵਾ ਗੁਰਦਾਸਪੁਰ 'ਚ ਪੰਜ, ਰੂਪਨਗਰ 'ਚ ਚਾਰ, ਫਤਹਿਗੜ੍ਹ ਸਾਹਿਬ 'ਚ ਪੰਜ ਤੇ ਮੋਗਾ ਤੇ ਲੁਧਿਆਣਾ 'ਚ ਇਕ ਕੇਸ ਆਇਆ। ਸੂਬੇ 'ਚ ਕੁੱਲ ਪੀੜਤਾਂ ਦੀ ਗਿਣਤੀ 1779 ਹੋ ਗਈ ਹੈ। ਹੋਰ ਜ਼ਿਲਿ੍ਆਂ ਦੇ ਮਾਮਲੇ ਦੋ ਥਾਂ ਦਰਜ ਹੋਣ ਕਾਰਨ ਕੁੱਲ ਪੀੜਤਾਂ ਦੀ ਗਿਣਤੀ 'ਚ ਬਦਲਾਅ ਆਇਆ ਹੈ।