ਅੱਜ ਮੂੰਹੋਂ ਕੁੱਝ ਬੋਲ ਵੇ ਮੁਸਾਫ਼ਰਾ,
ਦਿਲ ਦੀ ਘੁੰਡੀ ਖੋਲ੍ਹ ਵੇ ਮੁਸਾਫ਼ਰਾ।
ਸੱਚੋਂ-ਸੱਚੀ ਦੱਸੀਂ, ਪਹਿਲਾਂ ਵਾਂਗੂੰ,
ਗੱਲ ਕਰੀਂ ਨਾ ਹੁਣ ਗੋਲ਼ ਵੇ ਮੁਸਾਫ਼ਰਾ।
ਅੱਜ ਮੂੰਹੋਂ.....
ਤੇਰੇ ਪਿੱਛੇ ਹਾਰਿਆ ਸੀ ਦਿਲ,
ਤੇ ਤੂੰ ਲੈ ਕੇ ਤੁਰ ਚੱਲਿਆ।
ਜੇ ਇੰਝ ਛੱਡ ਜਾਣਾ ਸੀ,ਕਿਉਂ,
ਸਾਂਝੇ ਕੀਤੇ ਸੁਰ ਬੱਲਿਆ।
ਅਸਾਂ ਵੀ ਮੋੜਨਾ ਨੀਂ ਦਿਲ ਤੇਰਾ,
ਜਿੱਥੇ ਮਰਜ਼ੀ ਜਾਹ ਟੋਲ਼ ਵੇ ਮੁਸਾਫ਼ਰਾ।
ਅੱਜ ਮੂੰਹੋਂ.....
ਸੱਚ ਆਖ ਗਏ ਸਿਆਣੇ ਕਿ,
ਰਾਹੀਆਂ ਨਾਲ਼ ਵਾਹ ਨਹੀਂ ਪਾਈਦਾ।
ਜਿਹੜੇ ਰਾਹ ਦਾ ਪਤਾ ਨਾ ਹੋਵੇ,
ਓਸ ਰਾਹ ਨਹੀਂ ਜਾਈਦਾ।
ਪਰੀਆਂ ਵਾਂਗ ਪਾਲ਼ੀ ਮਾਪਿਆਂ,
ਨਾ ਇੰਝ ਪੈਰੀਂ ਰੋਲ਼ ਵੇ ਮੁਸਾਫ਼ਰਾ।
ਅੱਜ ਮੂੰਹੋਂ.....
ਵਾਅਦਿਆਂ ਦਾ ਢੇਰ ਦੱਸ,
ਚੁੱਲ੍ਹੇ ਵਿੱਚ ਲਾਉਣਾ ਅਸਾਂ।
ਮੁਸਾਫ਼ਰਾਂ ਦਾ ਹੁੰਦਾ ਬੱਸ,
ਇੱਕੋ ਵਾਰ ਆਉਣਾ ਮਸਾਂ।
ਪਿਆਰ ਵਾਲ਼ੇ ਜਜ਼ਬਾਤਾਂ ਨੂੰ,
ਨਾ ਗਹਿਣਿਆਂ ਨਾ ਤੋਲ ਵੇ ਮੁਸਾਫ਼ਰਾ।
ਅੱਜ ਮੂੰਹੋਂ....
ਪਤਾ ਹੁੰਦਾ ਟੁਰ ਜਾਣਾ ਤੁਸਾਂ,
ਅੱਖਾਂ ਚਾਰ ਨਾ ਕਰਦੇ ਕਦੇ।
ਵਿਛੋੜੇ ਵਾਲ਼ੀ ਨਦੀ ਤੇ ਜਾ ਕੇ,
ਪਾਣੀ ਵੀ ਨਾ ਭਰਦੇ ਹਜੇ।
ਦੋ ਸੋਹਣੇ ਜਿਹੇ ਬੋਲ ' ਮਨਜੀਤ',
ਆ ਸਾਡੇ ਨਾਲ਼ ਬੋਲ ਵੇ ਮੁਸਾਫ਼ਰਾ।
ਅੱਜ ਮੂੰਹੋਂ.....
ਮਨਜੀਤ ਕੌਰ ਧੀਮਾਨ, ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ। ਸੰ:9464633059