ਨਿੱਜ ਸੁਆਰਥਾਂ ਦੀ ਪੂਰਤੀ ਜਾਂ ਸਿਆਸੀ ਧੜ੍ਹੇਬੰਦੀ ਦੇ ਚੱਲਦਿਆਂ ਕੌਮੀ ਫਰਜ਼ਾਂ ਨੂੰ ਲਾਭੇ ਨਹੀਂ ਰੱਖਿਆ ਜਾਣਾ ਚਾਹੀਦਾ-ਦੇਵ ਸਰਾਭਾ
ਗੁਰੂ ਨਾਨਕ ਦੇਵ ਜੀ ਦੇ 550ਵਾਂ ਗੁੁਰਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਕੀਤਾ ਵਾਅਦਾ ਵਫ਼ਾ ਨਾ ਹੋਇਆ : ਸ .ਹੇਰਾਂ
ਮੁੱਲਾਂਪੁਰ ਦਾਖਾ 5 ਮਾਰਚ (ਸਤਵਿੰਦਰ ਸਿੰਘ ਗਿੱਲ ) ਜੰਗ-ਏ-ਅਜ਼ਾਦੀ ਲਈ ਜੂਝਦਿਆਂ ਕੁਰਬਾਨ ਹੋਣ ਵਾਲੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਅਤੇ ਸ੍ਰ: ਜਸਪਾਲ ਸਿੰਘ ਹੇਰ੍ਹਾਂ ਦੀ ਗਤੀਸ਼ੀਲ ਅਗਵਾਈ ਤੋਂ ਪ੍ਰੇਰਣਾਂ ਲੈਣ ਵਾਲੇ ਬਲਦੇਵ ਸਿੰਘ ‘ਦੇਵ ਸਰਾਭਾ’ ਵਲੋਂ ਦੇਸ਼ ਵਿਚਲੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਸਲਾਖਾਂ ਪਿੱਛੇ ਬਚਦੀ ਜਿੰਦਗੀ ਦੇ ਦਿਨ ਗੁਜ਼ਾਰਦੇ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਨੂੰ ਕੌਮੀ ਕਾਰਜ਼ ਸਮਝਦਿਆਂ, ਲਗਾਏ ਮੋਰਚੇ ਤਹਿਤ ਭੁੱਖ ਹੜਤਾਲ ਦੇ ਚੌਦਵੇਂ ਦਿਨ ਆਪਣੇ ਸਹਿਯੋਗੀਆਂ ਰਣਜੀਤ ਸਿੰਘ ਢੈਪਈ, ਨਾਜਰ ਸਿੰਘ ਢੈਪਈ, ਜਸਬੀਰ ਸਿੰਘ ਢੈਪਈ ,ਬਲਵਿੰਦਰ ਸਿੰਘ ਢੈਪਈ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੈਠੇ।ਇਸ ਸਮੇਂ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੀਤਾ 8 ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਵਾਅਦਾ ਵੀ ਵਫ਼ਾ ਨਾ ਹੋ ਸਕਿਆ।ਉਨ੍ਹਾਂ ਨੇ ਅੱਗੇ ਆਖਿਆ ਕਿ ਅਸੀਂ ਪੰਥ ਦਰਦੀਆਂ ਨੂੰ ਅਪੀਲ ਕਰਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਸਰਾਭਾ ਵਿਖੇ ਲੱਗੇ ਮੋਰਚੇ ਚ ਵਧ ਚਡ਼੍ਹ ਕੇ ਹਾਜ਼ਰੀ ਲਵਾਓ ਤਾਂ ਜੋ ਅਸੀਂ ਸਾਡੇ ਕੌਮ ਦੇ ਜੁਝਾਰੂ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੇ। ਦੇਵ ਸਰਾਭਾ ਮੀਡੀਏ ਸਾਹਮਣੇ ਕੁਝ ਬਦਲੇ ਮਿਜਾਜ ‘ਚ ਕੁਝ ਗਰਮ ‘ਚ ਗੱਲਬਾਤ ਕਰਦਿਆਂ ਕਿਹਾ “ਜਦੋਂ ਚੇਤਨਾ ਜਾਗਦੀ ਹੈ ਤਾਂ ਆਪ ਮੁਹਾਰੇ ਭਾਵਨਾਵਾਂ ਵੀ ਉਭਰਦੀਆਂ ਨੇ, ਨਿੱਜ ਸੁਆਰਥਾਂ ਦੀ ਪੂਰਤੀ ਜਾਂ ਸਿਆਸੀ ਧੜ੍ਹੇਬੰਦੀ ਦੇ ਚੱਲਦਿਆਂ ਕੌਮੀ ਫਰਜ਼ਾਂ ਨੂੰ ਲਾਭੇ ਨਹੀਂ ਰੱਖਿਆ ਜਾਣਾ ਚਾਹੀਦਾ। ਅਸੀਂ-ਤੁਸੀਂ ਧਰਮੀ ਅਖਵਾਉਣ ਵਾਲੇ, ਅਕਾਲ ਪੁਰਖ ‘ਵਾਹਿਗੁਰੂ’ ਜੀ ਨੂੰ ਕੀ ਮੂੰਹ ਦਿਖਾਵਾਂਗੇ, ਕੀ ਕਹਾਂਗੇ ਕਿ ਸੁੱਚੇ ਮੂੰਹ ਹੀ ਤੁਰ ਆਏ, ਇਕ ਵੀ ਬੋਲ ਨੀ ਬੋਲ ਸਕੇ ਕੌਮੀ ਫਰਜ਼ਾਂ ਲਈ?” ਜਰੂਰੀ ਨਹੀਂ ਹੁੰਦਾ ਕਿ ਕਿਸੇ ਖਾਸ ਬੰਦੇ ਦੇ ਵਿਚ ਪੁਸ਼ਤ-ਦਰ-ਪੁਸ਼ਤ ਬਜ਼ੁਰਗਾਂ ਵਾਲੇ ਗੁਣ ਹੋਣ, ਗੁਣਾਂ ਦਾ ਹੋਣਾ ਪ੍ਰਮਾਤਮਾਂ ਦੀ ਬਖਸ਼ਿਸ਼ ਹੁੰਦੀ ਹੈ। ਇਸ ਲਈ ਜਿਹੜੇ ਲੋਕ ਚਾਹੁੰਦੇ ਨੇ ਕਿ ਅਸੀਂ ਕਿਸੇ ਘੁੜੰਮ ਚੌਧਰੀ ਦੇ ਸਾਹਮਣੇ ਘਸਿਆਰੇ ਬਣੇ ਰਹੀਏ, ਇਹ ਸੰਭਵ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਕੌਮੀ ਹੱਕਾਂ ਦੀ ਗੱਲ ਕਰਦੇ ਹਾਂ, ਤਾਂ ਉਨ੍ਹਾਂ ਦੀਆਂ ਅੱਖਾਂ ‘ਚ ਚੁਭਦੇ ਹਾਂ, ਕਿਸੇ ਰੁਤਬੇ ਜਾਂ ਨਿੱਜ ਸੁਆਰਥ ਦੇ ਟੁੱਕੜੇ ਦੀ ਝਾਕ ਨਾ ਕੀਤੀ ਹੈ ਨਾ ਕਰਨੀ ਹੈ। ਇਸੇ ਲਈ ਅਖੌਤੀ ਘੁੜੰਮ ਚੌਧਰੀਆਂ ਨੂੰ ਹੱਥਾਂ-ਪੈਰਾਂ ਦੀ ਪਈ ਰਹਿੰਦੀ ਹੈ। ਇਸ ਲਈ ਜਰੂਰੀ ਹੈ ਕਿ ਆਪਾਂ ਸਾਰੇ ਕੌਮ ਦੀ ਅਵਾਜ਼ ਬਣੀਏ, ਸਿਰ ਜੋੜੀਏ-ਤੋੜੀਏ ਨਾ, ਵਿਰੋਧ ਕਰਨ ਨਾਲੋਂ ਸਹਿਯੋਗ ਦੇਈਏ, ਅਰਾਮ ਦੀ ਜਿੰਦਗੀ ਜਿਉਣ ਨਾਲੋਂ ਜਜ਼ਬੇ ਨੂੰ ਜਾਬਤੇ ਵਿਚ ਰੱਖਦਿਆਂ ਸਹਿਯੋਗੀ ਬਣਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਡਟੀਏ। ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਵੈੱਲਫੇਅਰ ਕਲੱਬ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਦੇ ਅਹੁਦੇਦਾਰ ਸੁਖਰਾਜ ਸਿੰਘ ਮੋਹੀ', ਗੁਰਪ੍ਰੀਤ ਸਿੰਘ ਗਗਨਦੀਪ ਸਿੰਘ, ਹਰਪ੍ਰੀਤ ਸਿੰਘ ਮਨਦੀਪ ਸਿੰਘ, ਗੁਰਦੀਪ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਪੰਥਕ ਮੋਰਚਾ ਹਾਜ਼ਰੀ ਲਵਾਈ ਇਸ ਤੋਂ ਇਲਾਵਾ ਸੀਨੀਅਰ ਪੱਤਰਕਾਰ ਪ੍ਰਤਾਪ ਸਿੰਘ, ਚਰਨਜੀਤ ਸਿੰਘ ਸਰਨਾ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸ਼ਹਿਜ਼ਾਦ,ਸਾਬਕਾ ਸਰਪੰਚ ਜਸਬੀਰ ਸਿੰਘ ਟੂਸਾ, ਡਾ ਬਲਦੇਵ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ, ਪਰਮਿੰਦਰ ਸਿੰਘ ਬਿੱਟੂ ਸਰਾਭਾ ,ਗਿਆਨੀ ਭੁਪਿੰਦਰ ਸਿੰਘ ਸਰਾਭਾ,ਪੰਮਾ ਸਰਾਭਾ, ਹਰਿੰਦਰ ਸਿੰਘ ਲਾਟੀ ਸਰਾਭਾ, ਮਨਜੀਤ ਸਿੰਘ ਪੱਪੂ, ਦਰਸ਼ਨ ਸਿੰਘ ਦਰਸੀ, ਮੱਘਰ ਸਿੰਘ ਸਰਾਭਾ, ਦਲਵਾਰਾ ਸਿੰਘ ਸਹੌਲੀ,ਜਗਦੇਵ ਸਿੰਘ ਦੁਗਰੀ,ਕੁਲਦੀਪ ਸਿੰਘ ਦੁੱਗਰੀ, ਬਿੰਦਰ ਸਰਾਭਾ ਹਾਜ਼ਰੀ ਭਰੀ।