ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪੰਜਾਬ ਵਿਚ ਮੰਗਲਵਾਰ ਨੂੰ ਕੋਰੋਨਾ ਦੇ ਕਾਰਨ ਇਕ ਹੋਰ ਮੌਤ ਹੋ ਗਈ। ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ 39 ਸਾਲਾ ਇਕ ਵਿਅਕਤੀ ਐੱਚਆਈਵੀ ਪਾਜ਼ੇਟਿਵ ਅਤੇ ਟੀਬੀ ਰੋਗ ਨਾਲ ਪੀੜਤ ਸੀ। ਰੋਗ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋਣ ਦੀ ਵਜ੍ਹਾ ਨਾਲ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ ਸੀ। ਇਹ ਅੰਮਿ੍ਤਸਰ ਵਿਚ ਕੋਰੋਨਾ ਨਾਲ ਚੌਥੀ ਮੌਤ ਹੋਈ ਹੈ, ਜਦਕਿ ਪੰਜਾਬ ਵਿਚ ਹੁਣ ਤਕ 33 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੂਜੇ ਪਾਸੇ ਮੰਗਲਵਾਰ ਨੂੰ ਪੰਜਾਬ ਵਿਚ ਪੰਜ ਮਹੀਨੇ ਦੀ ਬੱਚੀ ਸਮੇਤ 11 ਨਵੇਂ ਮਰੀਜ਼ ਸਾਹਮਣੇ ਆਏ। 15 ਦਿਨ ਵਿਚ ਨਵੇਂ ਪਾਜ਼ੇਟਿਵ ਮਰੀਜ਼ਾਂ ਦਾ ਇਹ ਸਭ ਤੋਂ ਘੱਟ ਅੰਕੜਾ ਹੈ। ਇਸ ਤੋਂ ਪਹਿਲਾਂ 28 ਅਪ੍ਰੈਲ ਨੂੰ 14 ਨਵੇਂ ਕੇਸ ਆਏ ਸਨ। ਇਸਦੇ ਨਾਲ ਹੀ ਪੰਜਾਬ ਵਿਚ ਕੁੱਲ ਇਨਫੈਕਟਿਡਾਂ ਦੀ ਗਿਣਤੀ 1950 ਹੋ ਗਈ ਹੈ। ਮੰਗਲਵਾਰ ਨੂੰ ਸਭ ਤੋਂ ਜ਼ਿਆਦਾ ਨੌਂ ਪਾਜ਼ੇਟਿਵ ਕੇਸ ਜਲੰਧਰ ਵਿਚ ਆਏ। ਇਨ੍ਹਾਂ ਵਿਚ ਇਕ ਪੰਜ ਮਹੀਨੇ ਦਾ ਬੱਚਾ ਹੈ। ਜਲੰਧਰ ਵਿਚ ਹੁਣ ਕੁੱਲ ਇਨਫੈਕਟਿਡ ਲੋਕਾਂ ਦੀ ਗਿਣਤੀ 197 ਹੋ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦੇ ਵਾਰਡ ਬੁਆਏ ਅਤੇ ਰੂਪਨਗਰ ਵਿਚ ਦਿੱਲੀ ਤੋਂ ਪਰਤੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਰੂਪਨਗਰ ਵਿਚ ਡਾਕਟਰਾਂ ਦੇ ਕੋਰੋਨਾ ਟੈਸਟ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਬਣ ਗਈ ਹੈ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਸਮੇਤ ਦੋ ਡਾਕਟਰਾਂ, ਸਿਵਲ ਸਰਜਨ ਦੇ ਪੀਏ ਅਤੇ ਲੈਬ ਤਕਨੀਸ਼ੀਅਨ ਦੀ ਰਿਪੋਰਟ ਚੰਡੀਗੜ੍ਹ ਲੈਬ ਵਿਚ ਪਾਜ਼ੇਟਿਵ ਆਈ ਸੀ। ਪਟਿਆਲਾ ਲੈਬ ਵਿਚ ਇਸਨੂੰ ਨੈਗੇਟਿਵ ਕਰਾਰ ਦਿੱਤਾ ਗਿਆ ਹੈ। ਪੰਜ ਮਈ ਨੂੰ ਕੁੱਲ 13 ਮੈਡੀਕਲ ਕਾਮਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਹੁਣ ਹੋਰ ਮੁਲਾਜ਼ਮ ਵੀ ਸੈਂਪਲ ਦੀ ਦੁਬਾਰਾ ਜਾਂਚ ਦੀ ਮੰਗ ਕਰ ਰਹੇ ਹਨ।