You are here

ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹੱਥ ਦੀਆਂ ਉਂਗਲਾਂ ਵੱਢੀਆਂ

ਭਵਾਨੀਗੜ੍ਹ, ਮਈ 2020 -(ਸਤਪਾਲ ਸਿੰਘ ਦੇਹਰਕਾ/ਗੁਰਸੇਵਕ ਸਿੰਘ ਸੋਹੀ)- ਨੇੜਲੇ ਪਿੰਡ ਬਖੋਪੀਰ ਵਿਖੇ ਵਿਕਾਊ ਜ਼ਮੀਨ ਦੇਖਣ ਗਏ ਵਿਅਕਤੀਆਂ 'ਤੇ ਇਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ 'ਚ ਇਕ ਵਿਅਕਤੀ ਦੇ ਹੱਥ ਦੀਆਂ ਤਿੰਨ ਉਂਗਲਾਂ ਵੱਢੀਆਂ ਗਈਆਂ, ਜਿਸ ਨੂੰ ਇਲਾਜ਼ ਲਈ ਚੰਡੀਗੜ੍ਹ ਭਰਤੀ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆੜ੍ਹਤੀਆ ਐਸੋਸੀਏਸ਼ਨ ਭਵਾਨੀਗੜ੍ਹ ਦੇ ਪ੍ਰਧਾਨ ਸੁਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧੂਰੀ ਨੇੜਲੇ ਪਿੰਡ ਦੁਨਾਲ ਤੋਂ ਰਿਸ਼ਤੇਦਾਰ ਜਸਪਾਲ ਸਿੰਘ ਤੇ ਰਮਨਦੀਪ ਸਿੰਘ ਇੱਥੇ ਸ਼ਹਿਰ ਦੇ ਨੇੜਲੇ ਪਿੰਡ ਬਖੋਪੀਰ ਵਿਖੇ ਇਕ ਕਿਸਾਨ ਦੀ ਵਿਕਾਊ ਜ਼ਮੀਨ ਨੂੰ ਖ਼ਰੀਦਣ ਲਈ ਦੇਖਣ ਗਏ ਤਾਂ ਉਕਤ ਜ਼ਮੀਨ ਨੂੰ ਠੇਕੇ 'ਤੇ ਲੈ ਕੇ ਖੇਤੀ ਕਰ ਰਹੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਨਾਲ ਕਥਿਤ ਰੂਪ 'ਚ ਗਾਲੀ ਗਲੌਚ ਕਰਨਾ ਸ਼ੁਰੂ ਕਰ ਦਿੱਤਾ ਤੇ ਬਦਸਲੂਕੀ 'ਤੇ ਉਤਰ ਆਏ। ਜਿਸ 'ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਇਸ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ ਤਾਂ ਸੁਖਵੀਰ ਸਿੰਘ ਸੁੱਖੀ ਆਪਣੇ ਨਾਲ ਕੁਝ ਹੋਰ ਵਿਅਕਤੀਆਂ ਨੂੰ ਲੈ ਕੇ ਜਦੋਂ ਆਪਣੇ ਰਿਸ਼ਤੇਦਾਰਾਂ ਦੇ ਬਚਾਅ ਲਈ ਬਖੋਪੀਰ ਪਹੁੰਚੇ ਤਾਂ ਉੱਥੇ ਮੌਜੂਦ ਵਿਅਕਤੀਆਂ ਨੇ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ ਤੇ ਫਿਰ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

ਇਸ ਦੌਰਾਨ ਸੁੱਖੀ ਕਪਿਆਲ ਦੇ ਸਾਥੀ ਅਮਰੀਕ ਸਿੰਘ ਵਾਸੀ ਕਪਿਆਲ 'ਤੇ ਇਕ ਵਿਅਕਤੀ ਵੱਲੋਂ ਕਿਰਪਾਨ ਵਰਗੇ ਹਥਿਆਰ ਨਾਲ ਹਮਲਾ ਕਰ ਕੇ ਉਸ ਦੇ ਇਕ ਹੱਥ ਦੀਆਂ ਤਿੰਨ ਉਂਗਲਾਂ ਵੱਢ ਦਿੱਤੀਆਂ। ਹਮਲੇ 'ਚ ਗੰਭੀਰ ਜ਼ਖ਼ਮੀ ਹੋਏ ਅਮਰੀਕ ਸਿੰਘ ਮੌਕੇ 'ਤੇ ਹਸਪਤਾਲ ਲਿਆਂਦਾ ਗਿਆ, ਜਿਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਭੇਜਿਆ ਗਿਆ ਤੇ ਬਾਅਦ 'ਚ ਚੰਡੀਗੜ੍ਹ ਰੈਫ਼ਰ ਕੀਤਾ ਗਿਆ।