ਜਲੰਧਰ, ਮਈ 2020-(ਹਰਜੀਤ ਸਿੰਘ ਵਿਰਕ)-
ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਉਲੰਪੀਅਨ ਪਰਗਟ ਸਿੰਘ ਇੱਕ ਵਾਰ ਫਿਰ ਸਿਆਸੀ ‘ਹਾਕੀ’ ਚੁੱਕਦਿਆਂ ਮੈਦਾਨ ਵਿੱਚ ਆ ਗਏ ਹਨ। ਉਨ੍ਹਾਂ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਕਾਂਗਰਸੀ ਵਿਧਾਇਕਾਂ ਦੀ ਤੁਰੰਤ ਮੀਟਿੰਗ ਸੱਦਣ। ਇੱਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਵਿਧਾਇਕਾਂ ਦੀ ਮੀਟਿੰਗ ਵਿੱਚ ਸਰਕਾਰ ਦੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਸਵੈ-ਪੜਚੋਲ ਕੀਤੀ ਜਾਵੇ।
ਪਰਗਟ ਸਿੰਘ ਨੇ ਕਿਹਾ ਕਿ ਕੋਵਿਡ-19 ਦੀ ਆੜ ਹੇਠ ਉਹ ਮੁੱਦੇ ਨਹੀਂ ਦੱਬੇ ਜਾ ਸਕਦੇ ਜਿਨ੍ਹਾਂ ਨੂੰ ਉਭਾਰ ਕੇ ਕਾਂਗਰਸ ਸੱਤਾ ਵਿੱਚ ਆਈ ਸੀ। ਉਨ੍ਹਾਂ ਕਿਹਾ,‘‘ਬੇਅਦਬੀ ਦਾ ਬੜਾ ਅਹਿਮ ਮੁੱਦਾ ਹੈ। ਰੇਤਾ ਤੇ ਨਸ਼ਿਆਂ ਦੇ ਅਜਿਹੇ ਮੁੱਦੇ ਹਨ ਜਿਸ ’ਤੇ ਲੋਕਾਂ ਨੇ ਸਾਡੇ ਕੋਲੋਂ ਜਵਾਬ ਮੰਗਣੇ ਹਨ। ਲੋਕ ਇਹ ਵੀ ਪੁੱਛਦੇ ਹਨ ਕਿ 31000 ਕਰੋੜ ਰੁਪਏ ਦੇ ਅਨਾਜ ਅਤੇ ਸਿੰਜਾਈ ਘੁਟਾਲੇ ਦੇ ਕੇਸਾਂ ਦਾ ਕੀ ਹੋਇਆ?’’ ਉਨ੍ਹਾਂ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਸ ਵਿੱਚ ਲੜਨ ਦੀ ਥਾਂ ’ਤੇ ਇਕਜੁੱਟ ਹੋ ਕੇ ਸੂਬੇ ਦੇ ਹਿੱਤਾਂ ਲਈ ਲੜਨ। ‘ਇੱਕਲੇ ਮੁੱਖ ਮੰਤਰੀ ਜਾਂ ਮੰਤਰੀ ਹੀ ਸਰਕਾਰ ਪ੍ਰਤੀ ਜਵਾਬਦੇਹ ਨਹੀਂ ਹੁੰਦੇ ਸਗੋਂ ਲੋਕਾਂ ਨੇ ਵਿਧਾਇਕਾਂ ਨੂੰ ਵੀ ਸਵਾਲ ਕਰਨੇ ਹਨ।’ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਿਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਇਕੱਠੇ ਹੋ ਕੇ ਪੁੱਛਣਾ ਚਾਹੀਦਾ ਹੈ
ਆਖਰ ਸੂਬੇ ਵਿੱਚ ਹੋ ਕੀ ਹੋ ਰਿਹਾ?
ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ’ਤੇ ਢਾਈ ਲੱਖ ਕਰੋੜ ਦਾ ਕਰਜ਼ਾ ਹੈ ਪਰ ਕੇਂਦਰ ਸਰਕਾਰ ਨੇ ਸੂਬੇ ਨੂੰ ਕੁਝ ਨਹੀਂ ਦੇਣਾ ਅਤੇ ਆਪਣੇ ਸਾਧਨ ਖੁਦ ਹੀ ਜੁਟਾਉਣੇ ਪੈਣਗੇ। ਉਨ੍ਹਾਂ ਸੁਝਾਅ ਦਿੱਤਾ, ‘‘ਸ਼ਰਾਬ ਅਤੇ ਮਾਈਨਿੰਗ ਨਾਲ ਸੂਬੇ ਦੀ ਆਮਦਨ ਵੱਧ ਸਕਦੀ ਹੈ। ਤਾਮਿਲਨਾਡੂ ਦੀ ਤਰਜ਼ ’ਤੇ ਸੂਬੇ ਵਿੱਚ ਸ਼ਰਾਬ ਦੀ ਵਿਕਰੀ ਲਈ ਕਾਰਪੋਰੇਸ਼ਨ ਬਣਾਈ ਜਾਵੇ ਅਤੇ ਇਹ ਮੁੱਦਾ ਮੰਤਰੀ ਰਹਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਵੀ ਉਠਾਇਆ ਸੀ।’’ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਹੋਂਦ ਵਿੱਚ ਆਉਣ ਸਮੇਂ ਇਹ ਕਹਿ ਕੇ ਕਾਰਪੋਰੇਸ਼ਨ ਨਹੀਂ ਬਣਾਈ ਗਈ ਸੀ ਕਿ ਸਮਾਂ ਬੜਾ ਘੱਟ ਹੈ ਅਤੇ ਅਗਲੇ ਸਾਲ ਬਣਾਵਾਂਗੇ ਪਰ ਹੁਣ ਤਿੰਨ ਸਾਲ ਬੀਤ ਗਏ ਹਨ। ਪਰਗਟ ਸਿੰਘ ਨੇ ਸਵਾਲ ਖੜ੍ਹਾ ਕੀਤਾ ਕਿ ਕਾਰਪੋਰੇਸ਼ਨ ਨਾ ਬਣਾਉਣ ਪਿੱਛੇ ਕਿਹੜੇ ਤੱਤ ਹਨ। ਉਨ੍ਹਾਂ ਕਿਹਾ ਕਿ ਜੇ ਕਾਰਪੋਰੇਸ਼ਨ ਬਣ ਜਾਂਦੀ ਤਾਂ ਪੰਜਾਬ ਨੂੰ ਹਰ ਸਾਲ 10 ਹਜ਼ਾਰ ਕਰੋੜ ਰੁਪਏ ਦਾ ਲਾਭ ਹੋਣਾ ਸੀ। ਉਨ੍ਹਾਂ ਕਿਹਾ ਕਿ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਇੱਥੇ ਤਾਂ ਔਰੰਗਜ਼ੇਬ ਵੀ ਨਹੀਂ ਰਿਹਾ। ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਹਿਟਲਰ ਦੀ ਸਵੈ-ਜੀਵਨੀ ਭੇਜੀ ਸੀ ਅਤੇ ਹੁਣ ਦੇਸ਼ ਹਿਟਲਰਸ਼ਾਹੀ ਵੱਲ ਹੀ ਵੱਧ ਰਿਹਾ ਹੈ।
‘ਸੁਖਬੀਰ ਤਾਕਤਾਂ ਦੇ ਕੇਂਦਰੀਕਰਨ ’ਤੇ ਖਾਮੋਸ਼ ਕਿਉਂ’
ਮੋਦੀ ਸਰਕਾਰ ਵੱਲੋਂ ਤਾਕਤਾਂ ਦਾ ਕੇਂਦਰੀਕਰਨ ਕੀਤੇ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਖਾਮੋਸ਼ੀ ’ਤੇ ਹੈਰਾਨੀ ਪ੍ਰਗਟਾਉਂਦਿਆਂ ਪਰਗਟ ਸਿੰਘ ਨੇ ਕਿਹਾ ਕਿ ਕਦੇ ਅਕਾਲੀ ਦਲ ਫੈਡਰਲ ਢਾਂਚੇ ਦੀ ਹਮਾਇਤ ਕਰਦਾ ਸੀ। ਉਨ੍ਹਾਂ ਕਿਹਾ ਕਿ ਹੁਣ ਤਾਂ ਅਕਾਲੀ ਦਲ ਦੀ ਕੋਈ ਪ੍ਰਤੀਕ੍ਰਿਆ ਨਹੀਂ ਆਈ ਅਤੇ ਸੁਖਬੀਰ ਬਾਦਲ ਚੁੱਪ ਕਰ ਕੇ ਬੈਠ ਗਏ ਹਨ। ਭਾਜਪਾ ਤੋਂ ਤਾਂ ਪੰਜਾਬ ਦੇ ਹਿੱਤ ਵਿੱਚ ਬੋਲਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ।