You are here

ਪੰਜਾਬ

ਸੰਯੁਕਤ ਸਮਾਜ ਮੋਰਚਾ - ਜ਼ਰੂਰਤ ਅਤੇ ਸੰਕਲਪ

ਸੰਯੁਕਤ ਸਮਾਜ ਮੋਰਚੇ ਦੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਉਨ੍ਹਾਂ ਲੋਕਾਂ, ਜਿਨ੍ਹਾਂ  ਦੀ ਬਦੌਲਤ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ, ਕਿਸਾਨਾਂ-ਮਜ਼ਦੂਰਾਂ-ਆਮ ਲੋਕਾਂ ਦਾ ਮਹਾਂਯੁੱਧ ਲੜਿਆ ਗਿਆ ਅਤੇ ਜਿੱਤਿਆ ਗਿਆ, ਨੇ ਹੀ ਚੋਣਾਂ ਦੇ ਅਮਲ ਵਿਚ ਹਿੱਸਾ ਲੈਣਾ ਹੈ।  ਮੋਰਚੇ ਦਾ ਮੰਨਣਾ ਹੈ ਕਿ ਇਨ੍ਹਾਂ ਸਿਦਕੀ ਜੀਊੜਿਆਂ, ਸਿਧਰੇ-ਪਧਰੇ, ਵਲ-ਛਲ ਰਹਿਤ ਲੋਕਾਂ ਨੂੰ ਰਿਵਾਇਤੀ ਪਾਰਟੀਆਂ ਦਾ ਬਦਲ ਮੁਹੱਈਆ ਕਰਵਾਉਣਾ ਸਾਡਾ ਕਰਤੱਵ ਵੀ ਹੈ ਅਤੇ ਸਮੇਂ ਦੀ ਲੋੜ ਵੀ। 

ਜੇ ਚੋਣਾਂ ਉਪਰੰਤ ਪੰਜਾਬ ਵਿਚ ਮੋਰਚੇ ਦੀ ਸਰਕਾਰ ਬਣਦੀ ਹੈ ਤਾਂ ਜਿਨ੍ਹਾਂ ਸਿਧਾਂਤਾਂ ਲਈ ਅਸੀਂ ਤਾਉਮਰ ਜੂਝਦੇ ਰਹੇ ਹਾਂ, ਉਨ੍ਹਾਂ ਦੀ ਪਾਲਣਾ ਸਾਡਾ ਕਰਤਵ ਹੋਵੇਗਾ। ਦੂਸਰੇ ਸ਼ਬਦਾਂ ਵਿਚ ਅਸੀਂ ਇਕ ਕੁਰੱਪਸ਼ਨ ਮੁਕਤ, ਨਸ਼ਾ ਮੁਕਤ, ਮਾਫੀਆ ਮੁਕਤ, ਜੁਰਮ ਰਹਿਤ, ਜਾਤ-ਪਾਤ ਰਹਿਤ, ਬਰਾਬਰੀ ਵਾਲਾ ਸਮਾਜ ਸਿਰਜਣ ਦਾ ਯਤਨ ਕਰਾਂਗੇ। ਨੌਜਵਾਨਾਂ ਲਈ ਨੌਕਰੀਆਂ, ਕਿਸਾਨਾਂ-ਮਜ਼ਦੂਰਾਂ ਲਈ ਕਰਜ਼ਾ ਮੁਕਤੀ, ਪਬਲਿਕ ਫੰਡਿਡ ਵਿਦਿਅਕ ਢਾਂਚੇ ਦੀ ਮਜ਼ਬੂਤੀ, ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ, ਗੈਂਗਸਟਰਵਾਦ ਦਾ ਖਾਤਮਾ, ਸ਼ਰਾਬ ਦੇ ਵਪਾਰ ਅਤੇ ਰੇਤੇ ਦੀਆਂ ਖੱਡਾਂ ਤੇ ਮੁਕੰਮਲ ਸਰਕਾਰੀ ਕੰਟਰੋਲ ਆਦਿ ਸਾਡੇ ਏਜੰਡੇ ਦਾ ਹਿੱਸਾ ਹੋਣਗੇ।

ਨਿਰਸੰਦੇਹ ਪੰਜਾਬ ਨੂੰ ਇਕ ਸੁਚੱਜੇ ਰਾਜਨੀਤਕ ਬਦਲ ਦੀ ਜ਼ਰੂਰਤ ਹੈ। ਅਜੋਕਾ ਅਕਾਲੀ ਦੱਲ ਗਰੀਬ ਅਤੇ ਮਧਵਰਗੀ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦਾ, ਇਸਦਾ ਮੌਜੂਦਾ ਚਿਹਰਾ-ਮੋਹਰਾ, ਕਾਰਪੋਰੇਟ ਪੱਖੀ, ਆਰਐਸਐਸ ਪੱਖੀ ਅਤੇ ਗੈਰ-ਜਮਹੂਰੀ ਹੈ। ਇਹ ਧਨਾਢ ਕਿਸਾਨੀ, ਵੱਡੇ ਟਰਾਂਸਪੋਰਟਰਾਂ ਅਤੇ ਵੱਡੀ ਬਿਜ਼ਨਸ ਕਲਾਸ ਦੀ ਨੁਮਾਇੰਦਗੀ ਕਰਦੀ ਹੈ। ਇਸ ਪਾਰਟੀ ਵੱਲੋਂ, ਪੰਥ ਦੀ ਅਡਰੀ ਹਸਤੀ ਨੂੰ ਮਿਟਾਉਣ ਦੇ ਆਰਐਸਐਸ ਦੇ ਯਤਨਾਂ ਨੂੰ ਉਤਸ਼ਾਹਿਤ ਹੀ ਕੀਤਾ ਗਿਆ ਹੈ। ਫੈਡਰਲਿਜ਼ਮ ਦੇ ਮੁੱਦੇ ਤੇ ਇਸ ਪਾਰਟੀ ਨੇ ਗੋਡੇ ਟੇਕੀ ਰੱਖੇ ਹਨ। ਕਾਂਗਰਸ ਪਾਰਟੀ ਅਜ਼ਾਦੀ ਤੋਂ ਬਾਅਦ ਵਾਲੇ ਆਪਣੇ ਲੰਮੇ ਸਾਸ਼ਨ ਕਾਲ ਦੌਰਾਨ, ਪੰਜਾਬ ਦੇ ਲੋਕਾਂ ਨਾਲ ਭਾਵਨਾਤਮਕ ਸਾਂਝ ਨਹੀਂ ਬਣਾ ਸਕੀ - ਇਸ ਉੱਪਰ ਪੰਜਾਬ ਦੇ ਹਿਤਾਂ ਦੀ ਅਣਦੇਖੀ ਕਰਨ ਦੇ ਇਲਜ਼ਾਮ ਲਗਦੇ ਰਹੇ ਹਨ। ਸੰਖੇਪ ਵਿਚ ਇਸ ਪਾਰਟੀ ਦਾ ਐਂਟੀ-ਪੰਜਾਬ ਪਿਛੋਕੜ ਇਸ ਦੀ liability ਹੈ। 

ਬੀਜੇਪੀ ਦੀ ਕਾਰਪੋਰੇਟ ਪੱਖੀ ਨੰਗੀ-ਚਿੱਟੀ ਪਹੁੰਚ ਅਤੇ ਸਮਾਜ ਵਿਚ ਵੰਡੀਆਂ ਪਾਉਣ ਵਾਲੀ ਸਿਆਸਤ ਮੁਲਕ ਲਈ ਘਾਤਕ ਹੈ। ਇਸ ਪਾਰਟੀ ਦਾ (ਅਖੌਤੀ) ਰਾਸ਼ਟਰਵਾਦ ਦਾ ਸੰਕਲਪ ਅਤੇ ਸੈਕੂਲਰਿਜ਼ਮ ਵਿਰੋਧੀ ਸਟੈਂਡ, ਸਾਡੀਆਂ ਸੰਵਿਧਾਨਕ ਮਾਨਤਾਵਾਂ ਦੇ ਉਲਟ ਭੁਗਤਦਾ ਹੈ। ਇਹ ਪਾਰਟੀ ਸੱਤ੍ਹਾ ਦੇ ਕੇਂਦਰੀਕਰਨ ਦੀ ਮੁਦਈ ਹੈ ਅਤੇ ਭਾਸ਼ਾਈ ਅਤੇ ਸਭਿਆਚਾਰਕ ਵਖਰੇਵਿਆਂ ਨੂੰ ਮਲੀਆਮੇਟ ਕਰਨ ਦੇ ਰਾਹ ਪਈ ਹੋਈ ਹੈ। ਭਾਵੇਂ ਇਹ ਪਾਰਟੀ ਕੁਝ ਅਖੌਤੀ ਸਿੱਖ ਚਿਹਰਿਆਂ ਨੂੰ ਸਾਹਵੇਂ ਲਿਆ ਰਹੀ ਹੈ, ਸ਼ਾਇਦ ਹੀ ਕੋਈ ਸੀਟ ਜਿੱਤਣ ਦੇ ਸਮਰੱਥ ਸਿੱਧ ਹੋਵੇ। ਕੈਪਟਨ ਸਾਹਿਬ ਅਤੇ ਢੀਂਡਸਾ ਸਾਹਿਬ ਮਿਲ ਕੇ ਵੀ ਪੰਜਾਬ ਵਿਚ ਭਾਜਪਾ ਨੂੰ ਕੋਈ ਫਾਇਦਾ ਨਹੀਂ ਪਹੁੰਚਾ ਸਕਣਗੇ

ਆਮ ਆਦਮੀ ਪਾਰਟੀ ਉੱਪਰ ਟਿਕਟਾਂ ਨੂੰ ਵੇਚਣ ਦੇ ਨੰਗੇ-ਚਿੱਟੇ ਇਲਜ਼ਾਮ, ਇਸ ਪਾਰਟੀ ਦੇ ਕਾਰਕੁੰਨਾ ਵੱਲੋਂ ਹੀ ਲਗਾਏ ਗਏ ਹਨ ਜਿਨ੍ਹਾਂ ਵਿਚੋਂ ਬਹੁਤੇ ਜਾਇਜ਼ ਵੀ ਪ੍ਰਤੀਤ ਹੁੰਦੇ ਹਨ - ਇਸ ਪਾਰਟੀ ਵੱਲੋਂ ਕੁਝ ਅਜਿਹੇ ਵਿਅਕਤੀਆਂ ਨੂੰ ਟਿਕਟ ਦਿੱਤੀ ਗਈ ਹੈ ਜਿਨ੍ਹਾਂ ਦਾ ਪਿਛੋਕੜ ਸਗੰਧਿਤ ਹੈ। ਇਸ ਤੋਂ ਇਲਾਵਾ ਦਿੱਲੀ ਦੇ ਬਾਰਡਰਾਂ ਤੇ ਹੋਏ ਜਨ-ਅੰਦੋਲਨ ਦੇ ਮੌਕੇ ਤੇ ਇਸ ਪਾਰਟੀ ਵੱਲੋਂ, ਖਾਸ ਤੌਰ ਤੇ ਟੀਕਰੀ ਬਾਰਡਰ ਤੇ ਸੈਨੀਟੇਸ਼ਨ ਅਤੇ ਵਾਟਰ ਸਪਲਾਈ ਮੁਤਲਕ ਬਣਦੀ-ਜੁੜਦੀ  ਇਮਦਾਦ ਮੁਹੱਈਆ ਨਹੀਂ ਕਰਵਾਈ ਗਈ।    

ਸੰਯੁਕਤ ਸਮਾਜ ਮੋਰਚੇ ਦਾ ਆਪਣੇ ਲੋਕਾਂ ਨਾਲ ਇਹ ਵਚਨ-ਬੱਧਤਾ ਹੈ ਕਿ ਅਸੀਂ ਮੁੱਦਿਆਂ ’ਤੇ ਅਧਾਰਿਤ ਸਿਆਸਤ ਕਰਾਂਗੇ, ਫੋਕੇ ਵਾਅਦੇ ਕਰਨ ਅਤੇ ਮੁਫ਼ਤ ਦੇ ਲੋਲੀ-ਪੋਪ ਵੰਡਣ ਤੋਂ ਗੁਰੇਜ਼ ਕਰਾਂਗੇ। ਚੋਣਾ ਵਿਚ ਨਸ਼ੇ ਅਤੇ ਪੈਸੇ  ਵੰਡਣ ਦੀਆਂ ਪ੍ਰਚਲਤ ਪ੍ਰੰਪਰਾਵਾਂ ਨੂੰ ਤੋੜਾਂਗੇ। ਪੰਜਾਬ ਦੇ ਲੋਕਾਂ ਨੂੰ ਸਾਡੀ ਜੁਆਬਦੇਹੀ ਹੈ ਅਤੇ ਆਪਣੇ ਵਾਅਦਿਆਂ ’ਤੇ ਅਸੀਂ ਪੂਰਾ ਉਤਰਾਂਗੇ ਅਤੇ ਉੱਜਲੇ ਮੁਖ ਨਾਲ ਆਪਣੇ ਗੁਰੂ ਸਾਹਵੇਂ ਹੋਵਾਂਗੇ। 

ਪੰਜਾਬ ਦੇ ਲੋਕਾਂ ਤੋਂ ਸਾਨੂੰ ਭਰਵੇਂ ਹੁੰਗਾਰੇ ਦੀ ਤਵੱਕੋਂ ਹੈ -ਸੰਯੁਕਤ ਸਮਾਜ ਮੋਰਚੇ ਦੀ ਫੇਸਬੁੱਕ ਪੇਜ ਤੋਂ

ਪੰਜਾਬ ਦੇ ਲੋਕ ਸੰਯੁਕਤ ਸਮਾਜ ਮੋਰਚਾ ਤੋਂ ਇਹੀ ਉਮੀਦ ਕਰਦੇ ਹਨ ਜੋ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਲੋਕਾਂ ਵਿੱਚ ਸਾਂਝਾ ਕੀਤਾ ਪਰ ਅੱਜ ਤਕ ਪੰਜਾਬ ਦਾ ਇਤਿਹਾਸ ਹੈ ਕਹਿਣ ਨੂੰ ਹੋਰ ਤੇ ਕਰਨ ਨੂੰ ਹੋਰ  ਪਰ ਫਿਰ ਵੀ ਸਮਾਂ ਦੱਸੇਗਾ ਕਿ ਕਿਸ਼ਤੀਆਂ ਕੋ ਸੰਯੁਕਤ ਸਮਾਜ ਮੋਰਚਾ ਦੇ ਲੋਕ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕਣਗੇ- ਅਮਨਜੀਤ ਸਿੰਘ ਖਹਿਰਾ

 

ਲੋਹੜੀ ਦਾ ਤਿਉਹਾਰ ਮਨਾਇਆ

ਹਠੂਰ,13,ਜਨਵਰੀ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਲੋਹੜੀ ਦੇ ਸਮਾਗਮ ਦੀ ਸ਼ਰੂਆਤ ਸਮੂਹ ਸਟਾਫ ਮੈਂਬਰਾਂ ਨੇ ਧੂਣੀ ਬਾਲ ਕੇ ਅਤੇ ਅੱਗ ਵਿਚ ਤਿਲ ਸੁੱਟ ਕੇ ਕੀਤੀ।ਇਸ ਸਮਾਗਮ ਮੌਕੇ ਸਕੂਲ ਦੇ ਬੱਚਿਆਂ ਨੇ ਸਭਿਆਚਾਰਕ ਆਈਟਮਾਂ ਪੇਸ਼ ਕੀਤੀਆਂ ਅਤੇ ਲੜਕੀਆਂ ਨੇ ਗਿੱਧੇ ਪਾ ਕੇ ਖੂਬ ਮਨੋਰੰਜਨ ਕੀਤਾ।ਇਸ ਮੌਕੇ ਪ੍ਰਿਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਸਾਨੂੰ ਲੜਕਿਆਂ ਦੇ ਜਨਮ ਦੀ ਖੁਸ਼ੀ ਮਨਾਉਣ ਦੇ ਨਾਲ-ਨਾਲ ਲੜਕੀਆਂ (ਧੀਆ)ਦੀ ਲੋਹੜੀ ਮਨਾਉਣੀ ਚਾਹੀਦੀ ਹੈ।ਅਜੋਕੇ ਸਮੇਂ ‘ਚ ਲੜਕੀਆਂ ਦੀਆਂ ਪ੍ਰਾਪਤੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੜਕੀਆਂ ਵੀ ਲੜਕਿਆਂ ਦੇ ਬਰਾਬਰ ਕੰਮ ਕਰ ਸਕਦੀਆਂ ਹਨ।ਇਸ ਮੌਕੇ ਸਕੂਲੀ ਬੱਚਿਆਂ ਨੂੰ ਮੂੰਗਫਲੀ ਤੇ ਰਿਉੜੀਆਂ ਵੀ ਵੰਡੀਆਂ ਗਈਆਂ।ਇਸ ਮੌਕੇ ਸਕੂਲੀ ਬੱਚਿਆ ਦੇ ਮਾਪਿਆ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਜੇਕਰ ਸਕੂਲ ਬੰਦ ਕਰਨੇ ਹਨ ਤਾਂ ਸਿਆਸੀ ਰੈਲੀਆ ਵੀ ਬੰਦ ਕੀਤੀਆ ਜਾਣ।ਇਸ ਮੌਕੇ ਉਨ੍ਹਾ ਨਾਲ ਡਾ:ਚਮਕੌਰ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।

 ਫੋਟੋ ਕੈਪਸਨ:- ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਅਤੇ ਵਿਿਦਆਰਥੀ ਲੋਹੜੀ ਮਨਾਉਦੇ ਹੋਏ।

ਸ੍ਰੀ ਆਖੰਡ ਪਾਠਾ ਦੀ ਲੜੀ ਦੇ ਭੋਗ ਪਾਏ, ਮੁਕਤਸਰ ਸਾਹਿਬ ਦੇ ਸ਼ਹੀਦਾਂ ਨੂੰ ਕੀਤਾ ਯਾਦ  

ਕਿਸਾਨੀ ਸੰਘਰਸ਼ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਆਗੂਆਂ ਦਾ ਕੀਤਾ ਮਾਣ ਸਨਮਾਨ

ਹਠੂਰ,13,ਜਨਵਰੀ-(ਕੌਸ਼ਲ ਮੱਲ੍ਹਾ)-ਸੰਤ ਬਾਬਾ ਜੋਗਿੰਦਰ ਸਿੰਘ ਮੱਲੇ ਵਾਲੇ,ਸ੍ਰੀ ਮੁਕਤਸਰ ਸਾਹਿਬ ਦੇ ਚਾਲੀ ਮੁਕਤਿਆ ਦੀ ਯਾਦ ਨੂੰ ਸਮਰਪਿਤ ਅਤੇ ਕਿਸਾਨੀ ਸੰਘਰਸ ਦੀ ਜਿੱਤ ਦੀ ਖੁਸੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਕਰਾਨੇ ਲਈ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਪਿੰਡ ਵਾਸੀਆ ਵੱਲੋ ਪਿੰਡ ਮੱਲ੍ਹਾ ਦੇ ਮੁੱਖ ਗੇਟ ਤੇ ਧਾਰਮਿਕ ਸਮਾਗਮ ਕਰਵਾਏ ਗਏ।ਇਸ ਮੌਕੇ ਸ੍ਰੀ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਤਿੰਨ ਸ੍ਰੀ ਆਖੰਡ ਪਾਠਾ ਦੀ ਲੜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਕੰਵਲਜੀਤ ਖੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਾਵੇ ਤਿੰਨ ਕਾਲੇ ਕਾਨੂੰਨ ਵਾਪਸ ਲੈ ਲਏ ਹਨ ਪਰ ਲੜਾਈ ਅਜੇ ਵੀ ਜਾਰੀ ਹੈ ਕਿਉਕਿ ਕਿਸਾਨੀ ਸੰਘਰਸ ਦੌਰਾਨ 637 ਸ਼ਹੀਦ ਕਿਸਾਨਾ ਦੇ ਪਰਿਵਾਰਾ ਨੂੰ ਮੁਆਵਜਾ ਦਿਵਾਉਣਾ ਅਤੇ ਸਹੀਦ ਕਿਸਾਨਾ ਦੇ ਪਰਿਵਾਰਿਕ ਮੈਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਸਾਨੂੰ ਸਮੇਂ-ਸਮੇਂ ਤੇ ਇਕੱਠੇ ਹੋਣਾ ਪਵੇਗਾ।ਇਸ ਮੌਕੇ ਉਨ੍ਹਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਸੂਬਾ ਵਾਸੀਆ ਨਾਲ ਸਮੇਂ-ਸਮੇਂ ਤੇ ਕੀਤੇ ਝੂਠੇ ਵਾਅਦੇ ਯਾਦ ਕਰਵਾਏ ਅਤੇ ਦੋਵੇ ਸਰਕਾਰਾ ਦੀਆ ਲੋਕ ਵਿਰੋਧੀ ਨੀਤੀਆ ਬਾਰੇ ਜਾਣੂ ਕਰਵਾਇਆ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਪ੍ਰਧਾਨ ਮਾਸਟਰ ਜਗਤਾਰ ਸਿੰਘ ਦੇਹੜਕਾ ਨੇ ਸ੍ਰੀ ਮੁਕਤਸਰ ਸਾਹਿਬ ਦੇ ਚਾਲੀ ਸ਼ਹੀਦਾ ਦੀ ਸ਼ਹੀਦੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।ਇਸ ਮੌਕੇ ਸਰਪੰਚ ਹਰਬੰਸ ਸਿੰਘ ਮੱਲ੍ਹਾ,ਇਕਾਈ ਪ੍ਰਧਾਨ ਇਕਬਾਲ ਸਿੰਘ ਮੱਲ੍ਹਾ ਅਤੇ ਗ੍ਰਾਮ ਪੰਚਾਇਤ ਮੱਲ੍ਹਾ ਵੱਲੋ ਬਾਹਰੋ ਆਏ ਬੁਲਾਰਿਆ ਅਤੇ ਕਿਸਾਨੀ ਸੰਘਰਸ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਆਗੂਆ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਜਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ,ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ,ਬਲਾਕ ਪ੍ਰੈਸ ਸਕੱਤਰ ਦੇਵਿੰਦਰ ਸਿੰਘ ਕਾਉਕੇ ਕਲਾਂ,ਕੁਲਦੀਪ ਸਿੰਘ ਕਾਉਕੇ,ਬਲਬੀਰ ਸਿੰਘ ਅਗਵਾੜ ਲੋਪੋ,ਗੁਰਮੀਤ ਸਿੰਘ ਕਬੈਤ ਵਾਲੇ,ਧਰਮਜੀਤ ਸਿੰਘ ਅਮਰੀਕਾ ਵਾਲੇ,ਬਿੱਲਾ ਸਿੰਘ,ਅੰਗਰੇਜ ਸਿੰਘ,ਹਰਬੰਸ ਸਿੰਘ ਢਿੱਲੋ,ਧਰਮਾ ਸਿੰਘ ਸਿੱਧੂ,ਗੁਰਚਰਨ ਸਿੰਘ,ਜਗਜੀਤ ਸਿੰਘ ਖੇਲਾ,ਸੁਖਵਿੰਦਰ ਸਿੰਘ,ਕਰਮਜੀਤ ਸਿੰਘ,ਸਨੀ ਦਿਉਲ ਮੱਲ੍ਹਾ,ਨਿਹਾਲ ਸਿੰਘ,ਕੁਲਵੰਤ ਸਿੰਘ,ਨੀਲਾ ਸਿੰਘ,ਨਿਰਮਲ ਸਿੰਘ,ਚਮਕੌਰ ਸਿੰਘ,ਗੁਰਚਰਨ ਸਿੰਘ,ਜਗਤਾਰ ਸਿੰਘ,ਬਾਵਾ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਸਰਪੰਚ ਹਰਬੰਸ ਸਿੰਘ ਮੱਲ੍ਹਾ ਅਤੇ ਹੋਰ ਆਗੂਆ ਨੂੰ ਸਨਮਾਨਿਤ ਕਰਦੇ ਹੋਏ।

ਪਿੰਡ ਸਹਿਜੜਾ ਦੇ ਰਹਿਣ ਵਾਲੇ ਬਲਦੇਵ ਸਿੰਘ ਦੀ  ਪਿੰਡ ਦੇ ਹੀ ਨੋਜਵਾਨਾਂ ਵੱਲੋਂ ਕੁੱਟ ਮਾਰ ਕਰਕੇ ਕੱਟੀ ਦਾੜੀ   

ਥਾਣਾ ਮਹਿਲ ਕਲਾਂ ਵਿਖੇ ਮਾਮਲਾ ਦਰਜ

ਮਹਿਲ ਕਲਾਂ /ਬਰਨਾਲਾ 12 ਜਨਵਰੀ- (ਗੁਰਸੇਵਕ ਸੋਹੀ )-  ਮਾਮਲਾ ਪਿੰਡ ਸਹਿਜੜਾ ਦੇ ਰਹਿਣ ਵਾਲੇ ਬਲਦੇਵ ਸਿੰਘ ਪੁੱਤਰ ਜਰਨੈਲ ਸਿੰਘ ਉਮਰ 48 ਸਾਲ ਦੀ ਹੋਈ ਕੁੱਟ ਮਾਰ ਦੋਸ਼ੀ ਉਸਦੇ ਹੀ ਪਿੰਡ ਦੇ ਨੌਜਵਾਨ ਇੰਦਰਜੀਤ ਸਿੰਘ ਪੁੱਤਰ ਦਰਸ਼ਨ ਸੋਣਕਾ ਸਿੰਘ ਵਾਸੀ ਸਹਿਜੜਾ ਦੇ ਰਹਿਣ ਵਾਲੇ ਹਨ। ਉਨ੍ਹਾਂ ਬੀਤੀ ਸ਼ਾਮ ਬੱਸ ਅੱਡੇ ਤੋਂ ਪਿੰਡ ਵੱਲ ਜਾ ਰਹੇ ਬਲਦੇਵ ਸਿੰਘ ਨੂੰ ਪਿਛੋ ਆ ਕਿ ਆਪਣੇ ਮੋਟਰਸਾਈਕਲ ਬਿਠਾ ਲਿਆ ਅਤੇ ਬਲਦੇਵ ਸਿੰਘ ਨੂੰ ਆਪਣੇ ਘਰ ਲੈ ਗਏ। ਉਨ੍ਹਾਂ ਨੇ ਬਲਦੇਵ ਸਿੰਘ ਦੇ ਹੱਥ ਤੇ ਲੱਤਾਂ ਇੱਕ ਰੱਸੀ ਨਾਲ ਬੰਨ੍ਹ ਦਿੱਤੀਆਂ ਅਤੇ ਬਲਦੇਵ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਇੱਕ ਦੋਸ਼ੀ ਨੇਂ ਬਲਦੇਵ ਸਿੰਘ ਦੀਆਂ ਰੇਜਰ ਮਸ਼ੀਨ ਨਾਲ ਦਾੜੀ ਅਤੇ ਮੁੱਛਾ ਕੱਟ ਦਿੱਤੀਆਂ। ਇਸ ਤੋਂ ਬਾਅਦ ਮੌਕੇ ਤੇ ਪਿੰਡ ਦੇ ਲੋਕਾਂ ਨੇ ਬਲਦੇਵ ਸਿੰਘ ਨੂੰ ਦੋਸ਼ੀਆਂ ਦੇ ਹੱਥੋਂ ਛੁਡਵਾਇਆ। ਬਲਦੇਵ ਸਿੰਘ ਨੂੰ ਉਸ ਦੇ ਘਰ ਪਹੁੰਚਿਆ ਇਸ ਤੋ ਬਾਅਦ ਪੀੜਤ ਪਰਿਵਾਰ ਵੱਲੋਂ ਥਾਣਾ ਮਹਿਲ ਕਲਾਂ ਵਿਖੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ।ਇਸ ਮੋਕੇ ਤੇ ਮੋਜੂਦ ਏ ਐਸ ਆਈ ਗੁਰਸਿਮਰਨਜੀਤ ਸਿੰਘ ਨੇ ਬਣਦੀ ਧਾਰਾ 323,342, 295 ਆਈ ਪੀ ਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ ।ਪੀੜਤ ਨੂੰ ਸਰਕਾਰੀ ਹਸਪਤਾਲ ਮਹਿਲ ਕਲਾਂ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਪੁਲਿਸ ਅਧਿਕਾਰੀਆਂ ਨੇ ਪੀੜਤ ਅਤੇ ਉਸ ਦੇ ਪਰਿਵਾਰ ਦੇ ਬਿਆਨ ਕਲਮਬੰਦ ਕਰਕੇ   ਅਗਲੀ ਕਾਰਵਾਈ ਸ਼ੁਰੂ ਕੀਤੀ।

ਨਵੀਂ ਸਿਆਸੀ ਪਾਰਟੀ ਦਾ ਗਠਨ ਬਹੁਤ ਜਲਦ...ਡਾ ਬਾਲੀ

ਮਹਿਲ ਕਲਾਂ/ ਬਰਨਾਲਾ 12 ਜਨਵਰੀ (ਗੁਰਸੇਵਕ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਮਸਲੇ ਨੂੰ 10 ਸਾਲਾਂ ਦੇ ਅਰਸੇ ਦੇ ਕਰੀਬ ਲਮਕਾਉਣ ਤੇ, ਨੌਕਰੀ ਕਰ ਰਹੀਆਂ ਨਰਸਾਂ ਦੀ ਨੌਕਰੀ ਪੱਕੇ ਨਾ ਕਰਨ ਤੇ, ਟੀਚਰਾਂ ਦੀਆਂ ਮੰਗਾਂ ਨੂੰ ਲਮਕਾਉਣ ਤੇ, ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਨਾ ਕਰਨ ਤੇ , ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਤੇ, ਸਾਰੇ ਠੇਕਾ ਮੁਲਾਜ਼ਮ ਪੱਕਾ ਨਾ ਕਰਨ ਤੇ, ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਕੋਈ ਨੀਤੀ ਨਾ ਘੜਨ ਤੇ, ਅਤੇ ਸਾਰੇ ਹੀ ਲੋਕਾਂ ਨੂੰ ਮੰਗਾਂ ਮੰਨਣ ਦੀ ਬਜਾਏ ਲਾਠੀਆਂ ਤੇ ਗੋਲੀਆਂ ਨਾਲ ਮਾਰਨ ਦੇ ਝੂਠੇ ਪਰਚੇ ਦਰਜ ਕਰਨ ਤੇ, ਕਾਂਗਰਸ ਸਰਕਾਰ ਵਿਰੁੱਧ ਕਾਂਗਰਸ ਸਰਕਾਰ ਨੂੰ ਮੂਧੇ ਮੂੰਹ ਛੁੱਟਣ ਲਈ ਨਵੀਂ ਪਾਰਟੀ ਦਾ ਐਲਾਨ ਜਲਦੀ ਕੀਤਾ ਜਾ ਰਿਹਾ ਹੈ ਅਤੇ ਨਵੇਂ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾਵੇਗਾ। ਇਹ ਜਾਣਕਾਰੀ ਪ੍ਰੈੱਸ ਨੋਟ ਰਾਹੀਂ ਇਨਕਲਾਬੀ ਮਸੀਹਾ ਦੇ ਸੰਪਾਦਕ, ਸਮਾਜਸੇਵੀ ਅਤੇ ਸਾਹਿਤਕਾਰ ਡਾ ਰਮੇਸ਼ ਕੁਮਾਰ ਬਾਲੀ ਵੱਲੋਂ ਦਿੱਤੀ ਗਈ ਹੈ ।  ਡਾ ਬਾਲੀ ਨੇ ਕਿਹਾ ਕਿ ਕਾਂਗਰਸ ਨੇ ਡਾਕਟਰਾਂ, ਮਾਸਟਰਾਂ ,ਨਰਸਾ, ਮਜ਼ਦੂਰਾਂ, ਕਿਸਾਨਾਂ ਨੂੰ 10 ਸਾਲਾਂ ਵਿੱਚ ਲੁੱਟਿਆ ਤੇ ਕੁੱਟਿਆ ਹੀ ਹੈ । ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ  ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਲਾਰੇ ਹੱਥੀ ਸਰਕਾਰ ਵਿਰੁੱਧ ਕਿਸਾਨਾਂ, ਮਜਦੂਰਾਂ, ਡਾਕਟਰਾਂ, ਮੁਲਾਜ਼ਮਾਂ ਨੂੰ ਇਕਮੁੱਠ ਹੋ ਕੇ ਲੜਨ ਦੀ ਜ਼ਰੂਰਤ ਹੈ ।ਡਾ ਬਾਲੀ ਨੇ ਕਿਹਾ ਕਿ "" ਉਤਰ ਕਾਟੋ  ਮੈਂ ਚੜ੍ਹਾਂ"" ਦੀ ਕਹਾਵਤ ਨੂੰ ਤਨ ਮਨ ਨਾਲ ਤੋੜਨ ਦੀ ਅੱਜ ਦਾ ਸਮਾਂ ਮੰਗ ਕਰਦਾ ਹੈ। ਇਸ ਸਮੇਂ ਨੂੰ ਜਾਂਚਣ ਦੀ ਜ਼ਰੂਰਤ ਹੈ। ਡਾ ਬਾਲੀ ਨੇ ਐਲਾਨੀ ਜਾ ਰਹੀ ਪਾਰਟੀ ""ਡਾਕਟਰ, ਕਿਸਾਨ ,ਮਜ਼ਦੂਰ ,ਮੁਲਾਜ਼ਮ ਏਕਤਾ ਜ਼ਿੰਦਾਬਾਦ"" ਦਾ ਨਾਅਰਾ ਰੱਖ ਲਾ ਕੇ ਮੈਦਾਨ ਵਿਚ ਉਤਰੇਗੀ । ਸਮਾਜ ਸੇਵੀ ਲੋਕਾਂ ਦੇ ਹਮਦਰਦ ਡਾ ਠਾਕੁਰਜੀਤ ਸਿੰਘ ਮੁਹਾਲੀ ਨੇ ਕਿਹਾ ਕਿ ਡਾਕਟਰਾਂ ਦੇ ਮਸਲੇ ਨੂੰ ਹੱਲ ਕਰਨ ਲਈ ਕੋਈ ਨਵੇਂ ਕਾਨੂੰਨ ਬਣਾਉਣ ਦੀ ਜ਼ਰੂਰਤ ਨਹੀਂ ਹੈ। ਡਾ ਸਿੰਘ ਨੇ  ਕਿਹਾ ਕਿ ਅਦਾਲਤਾਂ ਦੇ ਫ਼ੈਸਲੇ ਨੂੰ ਲਾਗੂ ਕਰਨ ਨਾਲ ਹੀ ਮਸਲਾ ਹੱਲ ਹੋ ਸਕਦਾ ਹੈ। ਜੋ ਕਾਂਗਰਸ ਸਰਕਾਰ ਨਹੀਂ ਕਰ ਰਹੀ ।ਕਾਨੂੰਨ ਦੇ ਅੜਿੱਕੇ ਦਾ ਬਹਾਨਾ ਬਣਾ ਕੇ ਗੁੰਮਰਾਹ ਕਰ ਰਹੀ ਹੈ ।

ਭਾਜਪਾ ਗੱਠਜੋਡ਼ ਵੱਲੋਂ ਬਾਬਾ ਬਲਜੀਤ ਸਿੰਘ ਦਾਦੂਵਾਲ ਪੰਜਾਬ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਤਿਆਰੀ  

ਦਾਦੂਵਾਲ ਦੇ ਮੁੱਖ ਮੰਤਰੀ ਦੇ ਨਾਂ ਤੋਂ ਬਾਅਦ ਸਮੁੱਚੀਆਂ ਸਿਆਸੀ ਪਾਰਟੀਆਂ ਜਪਦੀ ਹਲਚਲ  

ਬਠਿੰਡਾ ਦੀ ਕਿਸੇ ਵੀ ਸੁਰੱਖਿਅਤ ਸੀਟ ਤੇ ਚੋਣ ਲੜ ਸਕਦੇ ਹਨ ਦਾਦੂਵਾਲ  

ਬਾਬਾ ਦਾਦੂਵਾਲ ਤੇ ਸਿਰਸਾ ਸਾਧ ਨਾਲ ਸਬੰਧਾਂ ਵਿਚ ਆ ਸਕਦਾ ਹੈ ਬਦਲਾਓ  

ਬਿਆਸ ਵਾਲੇ ਬਾਬੇ ਗੁਰਵਿੰਦਰ ਢਿੱਲੋਂ ਨਾਲ ਯਾਰੀ ਜੱਗ ਜ਼ਾਹਰ  

ਬਠਿੰਡਾ, 12  ਜਨਵਰੀ  (ਗੁਰਸੇਵਕ ਸਿੰਘ ਸੋਹੀ ) ਭਾਰਤੀ ਜਨਤਾ ਪਾਰਟੀ ਗੱਠਜੋੜ ਵੱਲੋਂ ਪੰਜਾਬ ਨੂੰ ਜਿੱਤਣ ਲਈ ਵੱਖ ਵੱਖ ਪਹਿਲੂਆਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ  । ਸਿੱਖ ਕੌਮ ਵਿਚ ਚੰਗਾ ਅਸਰ ਰਸੂਖ ਰੱਖਣ ਵਾਲੇ ਤੇ ਧਾਰਮਕ ਸ਼ਖਸੀਅਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀਆਂ ਆਰਐਸਐਸ ਤੋਂ ਹਰੀ ਝੰਡੀ ਮਿਲ ਗਈ ਦੱਸੀ ਜਾ ਰਹੀ ਹੈ  । ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਰਬੱਤ ਖ਼ਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਵੱਲੋਂ ਸਿਆਸੀ ਕਾਰਨਾਂ ਕਰਕੇ ਅਸਤੀਫਾ  ਦੇ ਦਿੱਤਾ ਗਿਆ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਮੁਖੀ ਵਜੋਂ ਕੰਮ ਕਰ ਰਹੇ ਹਨ  । ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਬਾਦਲ ਪਰਿਵਾਰ ਨਾਲ ਵੱਡੀ ਪੱਧਰ ਉੱਪਰ ਪਿਛਲੇ ਸਮੇਂ ਵਿੱਚ ਖਟਾਸ ਰਹੀ ਹੈ  । ਬਾਬਾ ਬਲਜੀਤ ਸਿੰਘ ਦਾਦੂਵਾਲ ਧਾਰਮਕ ਸ਼ਖ਼ਸੀਅਤ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਸਤਿਕਾਰਯੋਗ ਹਨ ਅਤੇ ਸਿਰਸਾ ਸਾਧ ਦੇ ਵਿਰੁੱਧ ਆਵਾਜ਼ ਚੁੱਕਣ ਵਾਲਾ ਬਾਬਾ ਦਾਦੂਵਾਲ ਗਰਮ ਖ਼ਿਆਲੀ ਲੋਕਾਂ ਵਿੱਚ ਵੀ ਸਤਿਕਾਰ ਰੱਖਦਾ ਹੈ  । ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਸਿਰਸਾ ਡੇਰਾ ਦੇ ਮੁਖੀ ਰਾਮ ਰਹੀਮ ਵਿਚਕਾਰ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਆਪਸੀ ਮੁਲਾਕਾਤ ਮੁਲਾਕਾਤ ਕਰਵਾ ਕੇ  ਸਮਝੌਤਾ ਕਰਵਾਉਣ ਲਈ ਸਹਿਮਤੀ ਹੋ ਗਈ ਦੱਸੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਬਠਿੰਡਾ ਜ਼ਿਲ੍ਹੇ ਦੀ ਕਿਸੇ ਵੀ ਸੁਰੱਖਿਅਤ ਸੀਟ ਤੋਂ ਉਮੀਦਵਾਰ ਵੀ ਐਲਾਨਿਆ ਜਾ ਸਕਦਾ ਹੈ  । ਇੱਥੇ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹਰਿਆਣਾ ਸਰਕਾਰ ਦੀ ਵੱਡੀ ਸਹਿਮਤੀ ਤੋਂ ਬਾਅਦ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਸੀ  । ਬਾਬਾ ਦਾਦੂਵਾਲ ਪੰਜਾਬ ਵਿੱਚ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਨੇੜਲੇ ਸਬੰਧਾਂ ਦੇ ਨਾਲ ਨਾਲ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਨੇੜੇ ਸਮਝੇ ਜਾਂਦੇ ਹਨ । ਬਾਬਾ ਦਾਦੂਵਾਲ ਦੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦੀ ਕਨਸੋਅ ਨੇ ਪੰਜਾਬ ਦੀ ਰਾਜਨੀਤੀ ਵਿਚ ਇਕ ਕਿਸਮ ਦਾ ਭੁਚਾਲ ਹੀ ਲਿਆ ਦਿੱਤਾ ਹੈ  । ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਨਾ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਵਜੋਂ ਸਾਹਮਣੇ ਆਉਣ ਨਾਲ ਕੱਲ੍ਹ ਨੂੰ ਪੰਜਾਬ ਦੀ ਸਿਆਸਤ ਕਿਸ ਪਾਸੇ ਨੂੰ ਰੁਖ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ । ਇਸ ਸਮੇਂ ਪੰਜਾਬ ਅੰਦਰ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਪਿੰਡ ਦਾਦੂ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਮਿਲਣੀ ਨੂੰ ਲੈ ਕੇ ਵੀ ਚਰਚਾ ਜ਼ੋਰਾਂ ਤੇ ਹਨ  ।ਮਿਲੀ ਜਾਣਕਾਰੀ ਅਨੁਸਾਰ ਬਾਬਾ ਢਿੱਲੋਂ ਅਤੇ ਦਾਦੂਵਾਲ ਵਿਚਾਲੇ ਲਗਪਗ ਇੱਕ ਘੰਟਾ ਮੁਲਾਕਾਤ ਹੋਈ ਅਤੇ ਕਿਸੇ ਨੂੰ ਵੀ ਉਨ੍ਹਾਂ ਦੇ ਆਉਣ ਦੀ ਭਿਣਕ ਤੱਕ ਨਹੀਂ ਲੱਗੀ  । ਪੰਜਾਬ ਅੰਦਰ ਜਦੋਂ ਤੋਂ  ਇਲੈਕਸ਼ਨ ਦਾ ਦੌਰ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਹੀ ਇਸ ਤਰ੍ਹਾਂ ਦੀਆਂ ਕਨਸੋਹਾਂ ਵੱਡੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ  । 

ਭਾਕਿਯੂ(ਏਕਤਾ ਉਗਰਾਹਾਂ) ਵੱਲੋਂ ਚੋਣਾਂ ਦੇ ਮੁਕਾਬਲੇ ਸੰਘਰਸ਼ਾਂ ਦਾ ਰਾਹ ਉਭਾਰਨ ਲਈ ਜ਼ੋਰਦਾਰ ਜਾਗ੍ਰਤੀ/ਚੇਤਨਾ ਮੁਹਿੰਮ ਚਲਾਉਣ ਦਾ ਫੈਸਲਾ

ਬਰਨਾਲਾ 12 ਜਨਵਰੀ (  ਗੁਰਸੇਵਕ ਸਿੰਘ ਸੋਹੀ ) ਅੱਜ ਇੱਥੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਮੀਟਿੰਗ ਵੱਲੋਂ ਚੋਣਾਂ ਦੇ ਇਸ ਦੌਰ ਵਿੱਚ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਚੱਲੇ ਮੁਲਕ ਵਿਆਪੀ ਜੇਤੂ ਘੋਲ਼ ਵਰਗੇ ਘੋਲ਼ਾਂ ਦਾ ਰਾਹ ਉਭਾਰਨ ਲਈ ਜ਼ੋਰਦਾਰ ਜਾਗ੍ਰਤੀ ਚੇਤਨਾ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੀ ਨੀਤੀ ਚੋਣਾਂ ਦੇ ਬਾਈਕਾਟ ਦੀ ਨਹੀਂ ਬਲਕਿ ਨਿਰਪੱਖ ਰਹਿਣ ਦੀ ਹੈ ਜੀਹਦੇ ਮੁਤਾਬਕ ਕਿਸੇ ਵੀ ਪੱਧਰ ਦੀਆਂ ਸਰਕਾਰੀ ਚੋਣਾਂ ਵਿੱਚ ਜਥੇਬੰਦੀ ਦਾ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ ਦਾ ਕੋਈ ਵੀ ਆਗੂ ਨਾ ਤਾਂ ਆਪ ਉਮੀਦਵਾਰ ਖੜ੍ਹ ਸਕਦਾ ਹੈ ਅਤੇ ਨਾ ਹੀ ਕਿਸੇ ਉਮੀਦਵਾਰ ਦੀ ਹਮਾਇਤ ਕਰ ਸਕਦਾ ਹੈ। ਹਰ ਇੱਕ ਜਥੇਬੰਦਕ ਮੈਂਬਰ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣ ਦਾ ਜਾਂ ਨਾ ਪਾਉਣ ਦਾ ਫ਼ੈਸਲਾ ਕਰਨ ਦਾ ਹੱਕ ਹੈ। ਕਿਉਂਕਿ ਚੋਣਾਂ ਲੜ ਰਹੀਆਂ ਸਾਰੀਆਂ ਵੋਟ ਪਾਰਟੀਆਂ ਕਿਸਾਨਾਂ ਸਮੇਤ ਸਾਰੇ ਕਿਰਤੀ ਲੋਕਾਂ ਵਿੱਚ ਵੰਡੀਆਂ ਪਾ ਕੇ ਉਨ੍ਹਾਂ ਦੀ ਏਕਤਾ ਨੂੰ ਲੀਰੋ-ਲੀਰ ਕਰਦੀਆਂ ਹਨ। ਜਦੋਂ ਕਿ ਉਨ੍ਹਾਂ ਦੇ ਭਖਦੇ ਅਤੇ ਬੁਨਿਆਦੀ ਮਸਲਿਆਂ ਦਾ ਹੱਲ ਏਕਤਾ ਅਤੇ ਸੰਘਰਸ਼ਾਂ ਰਾਹੀਂ ਹੀ ਹੁੰਦਾ ਹੈ।
    ਉਨ੍ਹਾਂ ਦੱਸਿਆ ਕਿ 15 ਜਨਵਰੀ ਨੂੰ ਹੋ ਰਹੀ ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਮੀਟਿੰਗ ਤੋਂ ਤੁਰੰਤ ਬਾਅਦ ਇਸ ਜਾਗ੍ਰਤੀ ਚੇਤਨਾ ਮੁਹਿੰਮ ਦੀ ਠੋਸ ਵਿਉਂਤਬੰਦੀ ਉਲੀਕ ਕੇ ਜਥੇਬੰਦੀ ਦੇ ਆਧਾਰ ਵਾਲ਼ੇ ਸਾਰੇ ਜ਼ਿਲ੍ਹਿਆਂ ਵਿੱਚ ਸਿੱਖਿਆ ਮੁਹਿੰਮਾਂ ਦੀ ਲੜੀ ਤੋਰੀ ਜਾਵੇਗੀ। ਸਿੱਖਿਆ ਮੁਹਿੰਮਾਂ ਦੀ ਤਿਆਰੀ ਵਾਸਤੇ ਹਰ ਪੱਧਰ ਦੀਆਂ ਆਗੂ ਟੀਮਾਂ ਨੂੰ ਲੈਸ ਕਰਨ ਅਤੇ ਹੋਰ ਜਥੇਬੰਦਕ ਆਗੂਆਂ ਸਮੇਤ ਆਮ ਲੋਕਾਂ ਤੱਕ ਇਸ ਵਿਸ਼ੇ ਬਾਰੇ ਜਥੇਬੰਦੀ ਦੀ ਪੂਰੀ ਸਮਝ ਸੰਖੇਪ ਰੂਪ ਵਿੱਚ ਬਿਆਨਦਾ ਛਪਿਆ ਪੈਂਫਲਟ ਇੱਕ ਲੱਖ ਦੀ ਗਿਣਤੀ ਵਿੱਚ ਵੰਡਣ ਲਈ ਅੱਜ ਸਾਰੇ ਜ਼ਿਲ੍ਹਿਆਂ ਨੂੰ ਵੰਡ ਕੇ ਸੌਂਪ ਦਿੱਤਾ ਗਿਆ।
         ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਕਰਜ਼ਿਆਂ ਖੁਦਕੁਸ਼ੀਆਂ ਤੋਂ ਮੁਕਤੀ ਦਿਵਾਉਣ ਵਾਲੇ ਅਹਿਮ ਮੁੱਦੇ ਜ਼ਮੀਨੀ ਸੁਧਾਰ ਲਾਗੂ ਕਰਕੇ ਜ਼ਮੀਨਾਂ ਦੀ ਕਾਣੀ ਵੰਡ ਦਾ ਖਾਤਮਾ, ਸੂਦਖੋਰੀ ਦਾ ਖਾਤਮਾ ਕਰਨ ਤੋਂ ਇਲਾਵਾ ਸਮੂਹ ਕਿਰਤੀਆਂ ਦੀ ਜੂਨ ਤਬਾਹ ਕਰਨ ਵਾਲੇ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਸਾਮਰਾਜੀ ਨੀਤੀਆਂ ਕਾਰਨ ਫੈਲੀ ਬੇਰੁਜ਼ਗਾਰੀ, ਮਹਿੰਗਾਈ, ਨਸ਼ਿਆਂ ਵਰਗੇ ਮੁੱਦਿਆਂ ਬਾਰੇ ਅਤੇ ਇਨ੍ਹਾਂ ਦੇ ਹੱਲ ਲਈ ਜਾਨਹੂਲਵੇਂ ਸੰਘਰਸ਼ਾਂ ਦੀਆਂ ਤਿਆਰੀਆਂ ਇਸ ਮੁਹਿੰਮ ਦੇ ਟੀਚੇ ਹੋਣਗੇ। ਮੀਟਿੰਗ ਵਿੱਚ ਝੰਡਾ ਸਿੰਘ ਜੇਠੂਕੇ,ਸ਼ਿੰਗਾਰਾ ਸਿੰਘ ਮਾਨ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ ਅਤੇ ਕਮਲਜੀਤ ਕੌਰ ਬਰਨਾਲਾ ਤੋਂ ਇਲਾਵਾ 16 ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਹਾਜ਼ਰ ਸਨ।
         ਜਾਰੀ ਕਰਤਾ ਸੁਖਦੇਵ ਸਿੰਘ ਕੋਕਰੀ ਕਲਾਂ ਜਨਰਲ ਸਕੱਤਰ
       

 ਪੁੱਤਾਂ ਦੇ ਨਾਲ ਨਾਲ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ - ਪ੍ਰਧਾਨ ਮਨਜੀਤ ਸਿੰਘ ਮੋਹਣੀ

ਅਜੀਤਵਾਲ (ਬਲਵੀਰ ਸਿੰਘ ਬਾਠ ) ਅੱਜ ਦੇ ਵੀਹਵੀਂ ਸਦੀ ਦੇ ਵਿਗਿਆਨ ਦੇ ਯੁੱਗ ਵਿੱਚ  ਲੜਕੀਆਂ ਦੇ ਭੇਦਭਾਵ ਨੂੰ ਖਤਮ ਕਰਦੇ ਹੋਏ ਲੜਕਿਆਂ ਦੇ ਨਾਲ ਨਾਲ ਸਾਨੂੰ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਜਨਸ਼ਕਤੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿੱਚ ਲੜਕੀਆਂ ਨੂੰ ਪਹਿਲ ਦੇ ਕੇ ਲੜਕੀਆਂ ਦੀ ਲੋਹੜੀ ਹੀ ਮਨਾਉਂਦੇ ਹਨ ਲੋਕ ਪਰ ਲੋੜ ਹੈ ਅੱਜ ਸਾਨੂੰ ਆਪਣੀ ਸੋਚ ਬਦਲਣ ਦੀ  ਕਿਉਂਕਿ ਧੀਆਂ ਪੁੱਤਾਂ ਨਾਲੋਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ ਅਤੇ ਧੀਆਂ  ਵੀ ਪਿਤਾ ਦੇ   ਕਾਰੋਬਾਰ ਵਿੱਚ ਆਪਣਾ ਹੱਥ ਵਟਾ ਕੇ  ਬਰਾਬਰ ਦਾ ਅਧਿਕਾਰ ਮੰਨਦੀਆਂ ਹਨ  ਪ੍ਰਧਾਨ ਮੋਹਣੀ ਨੇ ਕਿਹਾ ਕਿ ਸਾਡਾ ਅੱਜ ਦਾ ਪਦਾਰਥਵਾਦੀ ਯੁੱਗ ਜੋ ਕਿ ਧੀਆਂ ਨਾਲ ਮੁੱਢ ਕਦੀਮੀ ਤੋਂ ਵਿਤਕਰਾ ਕਰਦਾ ਰਿਹਾ ਹੈ  ਪਰ ਅੱਜ ਲੋੜ ਹੈ ਸਾਨੂੰ ਭੂਤਾਂ ਦੇ ਨਾਲ ਨਾਲ ਧੀਆਂ ਦੀ ਲੋਹੜੀ ਮਨਾ ਕੇ ਇੱਕ ਨਵਾਂ ਇਤਿਹਾਸ ਸਿਰਜਣ ਦੀ  ਜਿਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਦੀਆਂ ਨਵੀਆਂ ਨਸਲਾਂ  ਦੀ ਸੋਚ ਬਦਲ ਸਕੇ

ਦੌਲੇਵਾਲਾ ਮਾਇਰ ਦੇ ਨਵੇਂ ਚੌਕੀ ਇੰਚਾਰਜ  

ਮੋਗਾ , 12 ਜਨਵਰੀ (ਉਂਕਾਰ ਸਿੰਘ ਦੌਲੇਵਾਲ, ਰਣਜੀਤ ਸਿੰਘ ਰਾਣਾ ਸ਼ੇਖ ਦੌਲਤ)ਲਖਵਿੰਦਰ ਸਿੰਘ ਦੀ ਬਦਲੀ ਹੋ ਜਾਣ ਉਪਰੰਤ  ਥਾਣਾ ਸਮਾਲਸਰ ਤੋਂ ਨਵੇਂ ਆਏ ਥਾਣਾ ਮੁਖੀ ਸੁਰਿੰਦਰ ਸਿੰਘ ਨੇ ਦੌਲੇਵਾਲ ਚੌਕੀ ਦਾ ਚਾਰਜ ਸੰਭਾਲ ਲਿਆ ਹੈ।ਇਸ ਮੌਕੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਵ੍ਹੀਕਲ ਚਾਲਕਾਂ ਨੂੰ ਹਦਾਇਤ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ,ਕਾਨੂੰਨ ਦੇ ਦਾਇਰੇ ਵਿੱਚ ਰਹਿਣ ਅਤੇ ਆਪਣੇ ਕਾਗਜ਼ਾਤ ਪੂਰੇ ਰੱਖਣ।ਉਨ੍ਹਾਂ ਕਿਹਾ ਕਿ ਜੋ ਵੀ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਜਾਣਗੀਆਂ ਉਨ੍ਹਾਂ ਨੂੰ ਉਹ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਨਗੇ,ਜੋ ਵੀ ਸਮੱਸਿਆ ਹੈ।ਉਸ ਨੂੰ ਲੋਕਾਂ ਦੀ ਮਦਦ ਤੋਂ ਬਿਨਾਂ ਹੱਲ ਨਹੀਂ ਕੀਤਾ ਜਾ ਸਕਦਾ।

ਸੰਯੁਕਤ ਸਮਾਜ ਮੋਰਚੇ ਵੱਲੋਂ ਰਾਜੇਵਾਲ ਸਮੇਤ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਚੰਡੀਗੜ੍ਹ: 12 ਜਨਵਰੀ, ( ਜਸਮੇਲ ਗ਼ਾਲਿਬ / ਗੁਰਸੇਵਕ ਸੋਹੀ  )ਸੰਯੁਕਤ ਸਮਾਜ ਮੋਰਚੇ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ।ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ, ਰਵਨੀਤ ਸਿੰਘ ਬਰਾੜ ਮੋਹਾਲੀ ਤੋਂ, ਐਡਵੋਕੇਟ ਪ੍ਰੇਮ ਸਿੰਘ ਭੰਗੂ ਘਨੌਰ, ਹਰਜਿੰਦਰ ਸਿੰਘ ਟਾਂਡਾ ਖਡੂਰ ਸਾਹਿਬ ਤੋਂ, ਡਾ. ਸੁਖਮਨਦੀਪ ਸਿੰਘ ਢਿੱਲੋਂ ਤਰਨਤਾਰਨ, ਰਾਜੇਸ਼ ਕੁਮਾਰ ਕਰਤਾਰਪੁਰ ਸਾਹਿਬ ਤੋਂ, ਰਮਨਦੀਪ ਸਿੰਘ ਜੈਤੋ ਤੋਂ, ਅਜੈ ਕੁਮਾਰ ਫਿਲੌਰ ਤੋਂ, ਬਲਰਾਜ ਸਿੰਘ ਠਾਕੁਰ ਕਾਦੀਆਂ ਤੋਂ ਅਤੇ ਨਵਦੀਪ ਸਿੰਘ ਸੰਘਾ ਮੋਗਾ ਤੋਂ ਉਮੀਦਵਾਰ ਐਲਾਨੇ ਗਏ ਹਨ। 

ਮਿੰਨੀ ਕਹਾਣੀ ( ਲੰਗਰ ) ✍️ ਜਸਵਿੰਦਰ ਸ਼ਾਇਰ "ਪਪਰਾਲਾ "

ਅੱਜ ਪਿੰਡ ਦੇ ਵਿੱਚੋਂ ਸੱਭ ਤੋਂ ਅਮੀਰ ਆਦਮੀ ਸਰਦਾਰ ਸ਼ਮਸ਼ੇਰ ਸਿੰਘ ਨੇ ਸੜਕ ਦੇ ਕਿਨਾਰੇ ਤੇ ਜਲੇਬੀਆਂ ਤੇ ਦਾਲ ਰੋਟੀ ਦਾ ਲੰਗਰ ਲਾਇਆ ਹੋਇਆ ਸੀ ,ਤੇ ਉਹ ਲੋਕਾਂ ਨੂੰ ਰੋਕ ਰੋਕ ਕੇ ਲੰਗਰ ਖਾਣ ਦੀ ਬੇਨਤੀ ਕਰ ਰਿਹਾ ਸੀ । ਸਾਰੇ ਨੇੜੇ- ਤੇੜੇ ਦੇ ਲੋਕ ਉਹਦੀ ਕਾਫੀ ਪ੍ਰਸ਼ੰਸਾ ਕਰ ਰਹੇ ਸਨ ।ਕਿ ਸ਼ਮਸ਼ੇਰ ਕਿੰਨਾਂ ਭਲੇਮਾਣਸ ਬੰਦਾ ਏ, ਇੰਨਾਂ ਬੜਾ ਆਦਮੀ ਹੋਕੇ ਵੀ ਲੰਗਰ ਲਈ ਲੋਕਾਂ ਨੂੰ ਆਪ ਰੋਕ ਰਹਿਆ ਏ। ਸਾਰੀ ਦਿਹਾੜੀ ਲੰਗਰ ਚੱਲਦਾ ਰਿਹਾ , ਲੋਕਾਂ ਨੇ ਉਹਦੀ ਇਸ ਸੇਵਾ ਦਾ ਕਾਫੀ ਗੁਣਗਾਣ ਗਾਇਆ । ਇਕ ਦਿਨ ਕੀ ਹੋਇਆ ਦੀ ਉਹਦੀ ਮਾਂ ਆਂਗਨਵਾੜੀ ਚ ਚੋਰੀ ਚੋਰੀ ਅੰਦਰ ਕਮਰੇ ਚ ਬੈਠੀ ਰੋਟੀ ਖਾ ਰਹੀ ਸੀ ਤੇ ਮੈਨੂੰ ਦੇਖ ਕੇ ਉਹਨੇ ਰੋਟੀ ਪਿੱਛੇ ਲੁਕਾ ਲਈ,ਮੈਂ ਕਮਰੇ ਤੋਂ ਬਾਹਰ ਆ ਗਿਆ ਕੁੱਝ ਚਿਰਾਂ ਬਾਅਦ ਉਹ ਕਮਰੇ ਤੋਂ  ਬਾਹਰ ਆ ਗਈ ਤੇ ਮੇਰੇ ਮੁਹਰੇ ਹੱਥ ਬੰਨ ਕੇ ਕਹਿਣ ਲੱਗੀ ਪੁੱਤ ਬਣਕੇ ਮੇਰੇ ਸ਼ਮਸ਼ੇਰ ਨੂੰ ਦੱਸੀ ਨਹੀਂ ਤਾਂ ਮੇਰਾ ਰੋਟੀ ਪਾਣੀ ਬਿਲਕੁਲ ਬੰਦ ਹੋ ਜਾਵੇਗਾ, ਉਂਝ ਤਾਂ ਉਹ ਆਪਣੇ ਆਪ ਨੂੰ  ਵੱਡਾ।ਕਹਾਉਂਦਾ ਏ ਪਰ ਅਸਲ ਚ ਤਾਂ ਉਹ ਬਹੁਤ ਪਾਪੀ ਏ।ਮੈਨੂੰ ਘਰ ਚ ਬਾਸੀ ਰੋਟੀ ਮਿਲਦੀ ਏ ।ਉਹਦੀ ਅੱਖਾਂ ਚੋਂ ਹੰਝੂ ਲਗਾਤਾਰ ਗਿਰ ਰਹੇ ਸਨ। ਇਕ ਪਾਸੇ ਤਾਂ ਮੈਨੂੰ ਉਹਦੀ ਮਾਂ ਤੇ ਤਰਸ ਆ ਰਿਹਾ ਸੀ ਤੇ ਦੂਜੇ  ਪਾਸੇ ਤਾਂ ਉਹਦੇ ਲੰਗਰ ਲਾਏ ਤੇ ਹੈਰਾਨੀ ਹੋ ਰਹੀ ਸੀ ।
ਜਸਵਿੰਦਰ ਸ਼ਾਇਰ "ਪਪਰਾਲਾ "
9996568220

ਮਿੰਨੀ ਕਹਾਣੀ ( ਲੀਡਰੀ ਲੂਡਰੀ ) ✍️ ਸ਼ਿਵਨਾਥ ਦਰਦੀ

ਵਜ਼ੀਰ ਸਿੰਘ 'ਸਤਿ ਸ੍ਰੀ ਆਕਾਲ' ਸੰਧੂ ਸਾਹਿਬ । 'ਸੰਧੂ ਸਾਹਿਬ' ਜ਼ਿੰਦਗੀ ਤਾਂ ਤੁਹਾਡੀ , ਸਾਰਾ ਪਿੰਡ , "ਤੁਹਾਡਾ ਸਤਿਕਾਰ ਕਰਦਾ, ਸਲਾਮ ਠੋਕਦਾ" । ਜਦੋਂ ਕੋਈ ਪਾਰਟੀ ਦਾ ਵੱਡਾ ਮੰਤਰੀ ਆਉਂਦਾ , ਤਹਾਨੂੰ ਨਾਲ ਬਿਠਾਇਆ ਜਾਂਦਾ । ਸਰਕਾਰੇ ਦਰਬਾਰੇ, ਤੁਹਾਡੀ ਪੂਰੀ ਸੁਣੀ ਜਾਂਦੀ । ਵੱਡੇ ਵੱਡੇ ਪੁਲਿਸ ਵਾਲੇ ਵੀ , ਤੁਹਾਨੂੰ ਸਲਾਮਾਂ ਠੋਕਦੇ ।

     ਮੈਂ ਰੱਬ ਕਹਿਣਾ , ਕਿਤੇ ਰੱਬ , ਮੈਨੂੰ ਵੀ ਲੀਡਰ ਬਣਾਂਦੇ , ਮੈਂ ਵੀ ਨਜ਼ਾਰੇ ਲਵਾਂ । ਜਿਵੇਂ ਚਾਰੇ ਪਾਸੇ 'ਸੰਧੂ ਸਾਹਿਬ', 'ਸੰਧੂ ਸਾਹਿਬ' ਹੁੰਦੀ , ਇਵੇਂ ਕਿਤੇ , ਮੇਰੀ ਵੀ ਕਿਤੇ , "ਜੈ ਜੈ ਕਾਰ ਹੋਜੇ" , "ਰੱਬ ਦੀ ਸੌਂਹ ਨਜ਼ਾਰ ਆ ਜੇ'' ।

      ਓ ਵਜ਼ੀਰ ਸਿਹਾਂ , "ਸਾਡੀ ਜ਼ਿੰਦਗੀ ਤਾਂ , ਇੱਕ ਖਿੱਦੋ ਵਰਗੀ " ! ਉਤੋਂ ਸੋਹਣੀ , ਅੰਦਰੋਂ ਲੀਰਾਂ ? ਇਹ ਸਲਾਮਾਂ ਤਾਂ ਮਤਲਬ ਦੀਆਂ । ਮੇਰਾ ਸਾਰਾ ਸਾਰਾ ਦਿਨ ਲੋਕਾਂ ਦੇ ਫੈਸਲਿਆਂ ਵਿਚ ਲੰਘ ਜਾਂਦਾ । ਕਈ ਵਾਰ ਤਾਂ , "ਰੋਟੀ ਵੀ ਨਸੀਬ ਨਹੀਂ ਹੁੰਦੀ" । ਅਫਸਰਾਂ ਨੂੰ ਸਿਫਾਰਸ਼ਾਂ ਕਰਾਂ , ਕੰਮ ਕਰਾਉਣੇ ਪੈਂਦੇ । ਪਰ , ਜਦੋਂ ਵੋਟਾਂ ਦਾ ਟਾਈਮ ਆਉਂਦਾ । ਸਾਰੇ ਲੀਡਰ ਬਣ ਜਾਂਦੇ , ਪੂਰੀਆਂ ਮਿੰਨਤਾਂ ਕਰਾਉਂਦੇ । ਸਾਰੇ ਕੀਤੇ ਕੰਮ ਭੁੱਲ ਜਾਂਦੇ । ਜਦੋਂ ਲੜਾਈ ਝਗੜਾ ਹੁੰਦਾ , ਓਦੋਂ ਰਾਤ ਦੇ ਬਾਰਾਂ ਬਾਰਾਂ ਵਜੇ ਤੱਕ ਨਹੀਂ ਸੌਣ ਨਹੀਂ ਦਿੰਦੇ । ਜੇ ਇੱਕ ਪਿਛੇ ਚਲੇ ਜਾਈਏ , ਦੂਜਾ ਗੁਸੇ ਹੋ ਜਾਂਦਾ । ਪਿੰਡ ਦੇ ਕਈ ਲੋਕ ਤਾਂ , ਪਿੱਠ ਪਿੱਛੇ ਚੁਗਲੀਆਂ ਕਰਦੇ , ਗਾਲਾਂ ਕੱਢਦੇ ।

       ਪੰਜ ਪੜੇ ਨਹੀਂ ਹੁੰਦੇ , ਹਰੇਕ ਆ ਕੇ ਕਹਿੰਦਾ , "ਮੈਨੂੰ ਸਰਕਾਰੀ ਨੌਕਰੀ ਲਵਾਦੇ" । ਸਰਕਾਰ ਕੋਲੇ , ਓਨਾਂ ਲਈ ਨੌਕਰੀਆਂ ਨਹੀਂ , ਜਿਹੜੇ ਡਿਗਰੀਆਂ ਡਿਪਲੋਮੇ ਕਰੀ ਫਿਰਦੇ । ਓਹ ਵਿਚਾਰੇ ਨੌਕਰੀ ਖਾਤਿਰ , ਟੈਂਕੀਆਂ ਤੇ ਚੜ੍ਹਦੇ , ਠੰਢਾ ਚ ਧਰਨੇ ਲਾਉਂਦੇ । ਇਹ ਪੰਜ ਦਸ ਪੜਿਆ ਨੂੰ , ਕਿਥੇ ਨੌਕਰੀ ਲਵਾਂ ਦੇਈਏ ।

        ਭਰਾਵਾਂ , ਮੇਰੇ ਘਰਵਾਲ਼ੀ ਸਾਰਾ ਦਿਨ ਚਾਹ ਪਾਣੀ ਬਣਾਉਂਦੀ , ਖਪ ਜਾਂਦੀ । ਸਾਡੀ ਕਾਹਦੀ ਲੀਡਰੀ । ਲੋਕ ਨਹੀਂ ,ਖੁਸ਼ ਹੁੰਦੇ । ਆਹ ਲੀਡਰੀ ਲੂਡਰੀ ਨਾਂ ਦੀ ਹੈ ।

                             ਸ਼ਿਵਨਾਥ ਦਰਦੀ 

                      ਸੰਪਰਕ :- 9855155392

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਬਿਮਾਰੀ ਨਾਲ ਜੂਝਦੇ ਨੌਜਵਾਨ ਸੱਤਪਾਲ ਸਿੰਘ ਦੀ ਹਾਰਟ ਅਟੈਕ ਨਾਲ ਮੌਤ

ਸੱਤਪਾਲ ਸਿੰਘ ਨਮਿੱਤ ਫੁੱਲ ਚੁੁਗਣ ਦੀ ਰਸਮ ਅੱਜ  

ਮਹਿਲ ਕਲਾਂ /ਬਰਨਾਲਾ 11 ਜਨਵਰੀ- (ਗੁਰਸੇਵਕ ਸੋਹੀ )- ਪੰਜਾਬ ਅੰਦਰ ਗ਼ਰੀਬ ਪਰਿਵਾਰਾਂ ਦੇ ਨੌਜਵਾਨਾਂ ਦੀਆਂ ਲੱਖਾਂ ਰੁਪਏ ਇਲਾਜ ਤੇ ਲਾਉਣ ਦੇ ਬਾਵਜੂਦ ਮੌਤਾਂ ਦੀ ਦਰ ਲਗਾਤਾਰ ਵਧ ਰਹੀ ਹੈ। ਗ਼ਰੀਬ ਪਰਿਵਾਰ ਆਪਣਾ ਸਭ ਕੁਝ ਵੇਚ ਵੱਟਕੇ ਇਲਾਜ ਉੱਤੇ ਲਾਉਣ ਲਈ ਜੱਦੋਜਹਿਦ ਕਰ ਰਹੇ ਹਨ। ਪੰਜਾਬ ਅੰਦਰ ਜਿੱਥੇ ਭਿਆਨਕ ਬਿਮਾਰੀਆਂ ਆਮ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ, ਉਥੇ ਸਹੀ ਇਲਾਜ ਨਾ ਹੋਣ ਕਰਕੇ ਨੌਜਵਾਨ ਮੌਤ ਦੇ ਮੂੰਹ ਜਾ ਰਹੇ ਹਨ।ਅਜਿਹਾ ਹੀ ਮਾਮਲਾ ਕਸਬਾ ਮਹਿਲ ਕਲਾਂ ਵਿਖੇ ਸਾਹਮਣੇ ਆਇਆ, ਜਿਥੇ ਸੱਤਪਾਲ ਸਿੰਘ ਸਹੋਤਾ (29)ਪੁੱਤਰ ਬਲਵੀਰ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਪਰਿਵਾਰ ਵੱਲੋਂ ਨੌਜਵਾਨ ਸੱਤਪਾਲ ਸਿੰਘ ਦੇ ਇਲਾਜ ਲਈ ਲੱਖਾਂ ਰੁਪਿਆ ਲਗਾਉਣ ਦੇ ਬਾਵਜੂਦ ਉਸ ਨੂੰ ਬਚਾ ਨਹੀਂ ਸਕਿਆ। ਸੱਤਪਾਲ ਸਿੰਘ ਦਾ 1 ਸਾਲ ਤੋਂ ਵੱਖ ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਸੀ ਤੇ ਉਹ ਕਿਸੇ ਭਿਆਨਕ ਬਿਮਾਰੀ ਦੀ ਲਪੇਟ ਵਿੱਚ ਸੀ।ਦੁੱਖ ਦੀ ਖਬਰ ਇਹ ਹੈ ਕਿ ਗ਼ਰੀਬ ਪਰਿਵਾਰ ਦਾ ਨੌਜਵਾਨ ਅੱਜ ਬਿਮਾਰੀ ਨਾਲ ਜੂਝਦਾ ਅਚਾਨਕ ਆਏ ਹਾਰਟ ਅਟੈਕ ਨਾਲ ਮੌਤ ਦੇ ਮੂੰਹ ਚ ਚਲਿਆ ਗਿਆ। ਜਿਸ ਦਾ ਕਿ ਅੱਜ ਅੰਤਮ ਸੰਸਕਾਰ ਮਹਿਲ ਕਲਾਂ ਵਿਖੇ ਕੀਤਾ ਗਿਆ। ਮ੍ਰਿਤਕ ਸੱਤਪਾਲ ਸਿੰਘ ਆਪਣੇ ਪਿੱਛੇ ਪਤਨੀ ਸੁਰਿੰਦਰ ਕੌਰ ਅਤੇ ਬੇਟੀ ਸ਼ੁਭਰੀਤ ਕੌਰ ਤੇ ਮਾਪਿਆਂ ਨੂੰ ਰੋਂਦਿਆਂ ਛੱਡ ਗਿਆ। ਮ੍ਰਿਤਕ ਨੌਜਵਾਨ ਸੱਤਪਾਲ ਸਿੰਘ ਦੀ ਮੌਤ ਤੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ,ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਚਮਕੌਰ ਸਿੰਘ ਵੀਰ,ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਮਲਕੀਤ ਸਿੰਘ ਈਨਾਂ, ਗੁਰਪ੍ਰੀਤ ਸਿੰਘ ਚੀਨਾ,ਬਾਬਾ ਸ਼ੇਰ ਸਿੰਘ ਖ਼ਾਲਸਾ,ਐਡਵੋਕੇਟ ਜਸਵੀਰ ਸਿੰਘ ਖੇੜੀ ,ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ,ਆਜਾਦ ਪ੍ਰੈਸ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਵਜੀਦਕੇ, ਪ੍ਰੈਸ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ, ਸਤਿਕਰਤਾਰ ਯੂ ਟਿਊਬ ਚੈਨਲ ਦੇ ਡਾਇਰੈਕਟਰ ਹਰਪਾਲ ਪਾਲੀ ਵਜੀਦਕੇ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਪਰਿਵਾਰਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਗ਼ਰੀਬ ਪਰਿਵਾਰਾਂ ਲਈ ਸਹੀ ਮੁਫ਼ਤ ਇਲਾਜ ਦਾ ਪ੍ਰਬੰਧ ਹੋਣਾ ਬੜਾ ਜ਼ਰੂਰੀ ਹੈ,ਤਾਂ ਜੋ ਬਿਮਾਰੀ ਨਾਲ ਜੂਝਦੇ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਜਾਣਕਾਰੀ ਦਿੰਦਿਆਂ ਮਿ੍ਤਕ ਦੇ ਚਚਰੇ ਭਰਾ ਤੇ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਸਤਪਾਲ ਸਿੰਘ ਸਹੋਤਾ  ਨਮਿੱਤ ਫੁੱਲਾਂ ਦੀ ਰਸਮ ਅੱਜ 9ਵਜੇ ਹੋਵੇਗੀ।

ਦਲ-ਬਦਲੂ ✍️ ਸਲੇਮਪੁਰੀ ਦੀ ਚੂੰਢੀ

ਨਾ ਦੇਸ਼ ਦੀ,
ਨਾ ਸੂਬੇ ਦੀ,
ਨਾ ਲੋਕਾਂ ਦੀ
ਕੋਈ ਪ੍ਰਵਾਹ!
ਮਨ ਵਿਚ ਵਸਿਆ
 ਇੱਕੋ ਚਾਅ!
ਬਸ, ਕੁਰਸੀ ਬਚਾਅ!
ਕੁਰਸੀ ਬਚਾਅ !
ਭਾਵੇਂ ਇੱਧਰ ਆ!
ਭਾਵੇਂ ਓਧਰ ਜਾਹ!
ਪਰ, ਕੁਰਸੀ ਬਚਾਅ!
ਕੁਰਸੀ ਬਚਾਅ!!
-ਸੁਖਦੇਵ ਸਲੇਮਪੁਰੀ
09780620233
11 ਜਨਵਰੀ, 2022.

ਭਾਰੀ ਬਾਰਸ਼ ਤੇ ਗੜੇਮਾਰੀ ਨਾਲ ਕਣਕ ਆਲੂ ਤੇ ਸਬਜ਼ੀਆਂ ਦੇ ਨੁਕਸਾਨ ਦੀ ਪੂਰਤੀ ਲਈ ਸਰਕਾਰੀ ਸਹਾਇਤਾ ਦੀ ਮੰਗ ਕੀਤੀ

ਜਗਰਾਉਂ, 11 ਜਨਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਂਓ ਦਾ ਵਫਦ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਚ ਸਥਾਨਕ ਐਸ ਡੀ ਐਮ ਸ਼੍ਰੀ ਵਿਕਾਸ ਹੀਰਾ ਨੂੰ ਮਿਲਿਆ। ਵਫਦ ਨੇ ਉਪਮੰਡਲ ਅਧਿਕਾਰੀ ਤੋਂ ਬੀਤੇ ਦਿਨੀਂ ਸੂਬੇ ਭਰ ਚ ਹੋਈ ਭਾਰੀ ਬਾਰਸ਼ ਤੇ ਗੜੇਮਾਰੀ ਕਾਰਨ ਕਣਕ, ਆਲੂ ਤੇ ਸਬਜੀਆਂ ਦੇ ਨੁਕਸਾਨ ਦੀ ਪੂਰਤੀ ਲਈ ਸਰਕਾਰੀ ਸਹਾਇਤਾ ਦੀ ਮੰਗ ਕੀਤੀ। ਵਫਦ ਨੇ ਦੱਸਿਆ ਕਿ ਇਲਾਕੇ ਦੇ ਕਈ ਪਿੰਡਾਂ ਚ ਸਬਜੀਆਂ ਤੇ ਆਲੂ ਪੂਰੀ ਤਰਾਂ ਤਬਾਹ ਹੋ ਗਏ ਹਨ।ਉਨਾਂ ਪਿੰਡ ਚਕਰ ਦੀ ਸੋ ਕਿਲੇ ਦੇ ਕਰੀਬ ਪੈਲੀ ਪੂਰੀ ਤਰਾਂ ਪਾਣੀ ਚ ਡੁੱਬ ਜਾਣ ਕਾਰਨ ਕਣਕ ਦੇ ਪੂਰੀ ਤਰਾਂ ਮਹੀਨੇ ਭਰ ਲਈ ਡੁੱਬ ਜਾਣ ਕਾਰਨ ਸਰਕਾਰੀ ਸਹਾਇਤਾ ਦੀ ਫੌਰੀ ਮੰਗ ਕੀਤੀ। ਞਫਦ ਨੇ ਦੱਸਿਆ ਕਿ ਇਸ ਕੁਦਰਤੀ ਮਾਰ ਦਾ ਸ਼ਿਕਾਰ ਜਿਆਦਾਤਰ ਛੋਟੀ ਕਿਸਾਨੀ ਹੈ ਜੋ ਜਿਆਦਾਤਰ ਠੇਕੇ ਤੇ ਜਮੀਨ ਲੈ ਕੇ ਵਾਹੀ ਬਿਜਾਈ ਕਰਦੀ ਹੈ। ਸਹਾਇਤਾ ਨਾ ਮਿਲਣ ਦੀ ਸੂਰਤ ਚ ਕਿਸਾਨ ਕਰਜਈ ਹੋਣਗੇ ਜਿਸ ਦਾ ਸਿੱਟਾ ਮਾੜੀਆਂ ਘਟਨਾਵਾਂ ਚ ਨਿਕਲ ਸਕਦਾ ਹੈ।ਵਫਦ ਨੇ  ਅੱਗੇ ਦੱਸਿਆ ਕਿ ਯੂਰੀਆ ਖਾਦ ਦੀ ਘਾਟ ਕਾਰਨ ਵੀ ਕਿਸਾਨ ਬੁਰੀ ਤਰਾਂ ਪ੍ਰੇਸ਼ਾਨੀ ਚੋਂ ਲੰਘ ਰਹੇ ਹਨ।ਯੂਰੀਆ ਦੀ ਮਾਤਰਾ ਪੇੰਡੂ ਸਹਿਕਾਰੀ ਸੁਸਾਇਟੀਆਂ ਲਈ 80 ਪ੍ਰਤੀਸ਼ਤ ਕਰਨ , ਖਾਦ ਡੀਲਰਾਂ ਵਲੋਂ ਧੱਕੇ ਨਾਲ ਕਿਸਾਨਾਂ ਤੇ ਯੂਰੀਆ ਦੀ ਖਰੀਦ ਸਮੇਂ ਫਾਲਤੂ ਸਮਾਨ ਮੜਣ ਦਾ ਮੁੱਦਾ ਵੀ ਸਿਵਲ ਅਧਿਕਾਰੀ ਦੇ ਧਿਆਨ ਚ ਲਿਆਂਦਾ ਗਿਆ। ਐਸ ਡੀ ਐਮ ਇਨਾਂ ਸਾਰੇ ਮਸਲਿਆਂ ਤੇ ਪਹਿਲ ਦੇ ਆਧਾਰ ਤੇ ਅਮਲ ਦਾ ਯਕੀਨ ਦਿਵਾਇਆ। ਉਨਾਂ ਦਸਿਆ ਕਿ ਫਸਲਾਂ ਦੇ ਨੁਕਸਾਨ ਦਾ ਸਰਵੇਖਣ ਕਰਨ ਲਈ  ਤਹਿਸੀਲਦਾਰਾਂ ਨੂੰ ਹੁਕਮ ਜਾਰੀ ਕਰ ਦਿਤੇ ਗਏ ਹਨ। ਇਸ ਸਮੇਂ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਇਨਾਂ ਮੰਗਾਂ ਦੀ ਪੂਰਤੀ ਨਾ ਹੋਣ ਦੀ ਸੂਰਤ ਚ 14 ਜਨਵਰੀ ਦੀ  ਜਗਰਾਓ  ਯੂਨੀਅਨ ਦਫਤਰ ਵਿਖੇ ਹੋਣ ਜਾ ਰਹੀ ਬਲਾਕ ਕਮੇਟੀ ਤੇ ਸਾਰੀਆਂ ਇਕਾਈਆਂ ਦੇ ਪ੍ਰਧਾਨਾਂ ਦੀ ਮੀਟਿੰਗ ਚ ਅਗਲਾ ਸੰਘਰਸ਼ ਪ੍ਰੋਗਰਾਮ ਉਲੀਕਿਆ ਜਾਵੇਗਾ।ਵਫਦ ਚ ਗੁਰਪ੍ਰੀਤ ਸਿੰਘ ਸਿਧਵਾਂ ਜਿਲਾ ਪ੍ਰੈੱਸ ਸਕੱਤਰ,  ਤਰਸੇਮ ਸਿੰਘ ਬੱਸੂਵਾਲ ਬਲਾਕ ਸਕੱਤਰ,  ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ,ਦਲਜੀਤ ਸਿੰਘ ਰਸੂਲਪੁਰ, ਬਿੱਕਰ ਸਿੰਘ ਅਖਾੜਾ ਮੀਤ ਪ੍ਰਧਾਨ ਹਾਜਰ ਸਨ।

(ਸ਼ਰਾਬ) ਮਿੰਨੀ ਕਹਾਣੀ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਸਰਦਾਰ ਅਮਰ ਸਿੰਘ ਦੂਜੀ ਵਾਰ ਐਮ ਐਲ ਏ ਦੀ ਵੋਟਾਂ ਵਿੱਚ ਖੜਾ ਸੀ । ਪਿਛਲੇ ਪੰਜ ਸਾਲਾਂ ਚ ਉਹਨੇ ਕਿਸੇ ਵੀ ਪਿੰਡ ਦਾ ਕੋਈ ਕੰਮ ਨਹੀਂ ਕੀਤਾ । ਪਰ ਦੁਆਰਾ ਟਿਕਟ ਮਿਲਣ ਸਾਰ ਹੀ ਸਭ ਤੋਂ ਪਹਿਲਾਂ ਉਹਨੇ ਸ਼ਰਾਬ ਦਾ ਕੋਟਾ ਪੂਰਾ ਕੀਤਾ । ਫੇਰ ਕੀ ਸੀ ਵੋਟਾਂ ਤੋਂ ਇਕ ਵੋਟਾਂ ਤੋਂ ਇਕ ਪਹਿਲਾਂ ਸ਼ੁਰੂ ਕਰਤੀ ਸ਼ਰਾਬ ਵੰਡਣੀ ਤੇ ਲੋਕਾਂ ਨੇ ਆਪਣੇ ਸ਼ੰਘਰਸ਼ ਲਈ ਕੀ ਲੜਨਾ ਸੀ । ਆਪਣੇ ਬੱਚਿਆਂ ਦੇ ਭਵਿੱਖ ਨੂੰ ਨਜ਼ਰ ਅੰਦਾਜ਼ ਕਰਕੇ ਵਿਕ ਗਏ ਸ਼ਰਾਬ ਪਿੱਛੇ ।
ਜਸਵਿੰਦਰ ਸ਼ਾਇਰ "ਪਪਰਾਲਾ "
9996568220

ਭਰੋਸਾ ਤੇ ਵਾਅਦਾ ✍️ ਸਲੇਮਪੁਰੀ ਦੀ ਚੂੰਢੀ

-ਦੋਸਤੋ!
ਦਿੱਤਾ ਭਰੋਸਾ
 ਕੀਤਾ ਵਾਅਦਾ
 ਪੂਰੇ ਹੋ ਜਾਣ ਤਾਂ
 ਜਿੰਦਗੀ
ਰੰਗੀਨ ਬਣ ਜਾਂਦੀ ਐ !
ਜੇ  ਟੁੱਟ ਜਾਣ
ਤਾਂ ਆਸਾਂ ਦੀ ਤੰਦ
ਮਲੀਨ ਬਣ ਜਾਂਦੀ ਐ!
ਇਸ ਲਈ-
ਸੋਚ ਕੇ ਵਾਅਦਾ ਕਰਨਾ !
ਝੂਠਾ ਭਰੋਸਾ ਨਾ
ਪਰੋਸ ਕੇ ਧਰਨਾ !
ਦੋਸਤੋ!
ਜਿੰਦਗੀ ਭਰੋਸਿਆਂ 'ਤੇ
ਚੱਲਦੀ ਐ!
ਦਿੱਤੇ ਭਰੋਸੇ,
ਕੀਤੇ ਵਾਅਦੇ,
 ਦਾ ਕਤਲ ਨਾ ਕਰਨਾ!
-ਸੁਖਦੇਵ ਸਲੇਮਪੁਰੀ
09780620233
10 ਜਨਵਰੀ, 2022 !

ਕਾਤਲਾਂ ਦੀ ਗ੍ਰਿਫਤਾਰੀ ਲਈ ਕਲੇਰਾਂ'ਚ ਵੀ ਫੂਕਿਆ ਗਿਆ ਸਰਕਾਰ ਦਾ ਪੁਤਲ਼ਾ

ਜੱਥੇਬੰਦੀਆਂ 26 ਨੂੰ ਸਿਟੀ ਥਾਣੇ ਅੱਗੇ ਲਗਾਉਣਗੀ ਪੱਕਾ ਧਰਨਾ !

ਜਗਰਾਉਂ 10 ਜਨਵਰੀ (ਜਸਮੇਲ ਗ਼ਾਲਿਬ ) ਪਿੰਡ ਰਸੂਲਪੁਰ ਦੀ ਵਸਨੀਕ ਦਲਿਤ ਪਰਿਵਾਰ ਦੀ ਬੇਟੀ ਕੁਲਵੰਤ ਕੌਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖਣ ਵਾਲੇ ਅਤੇ  ਬੇਟੀ ਦੀ ਮੌਤ ਲਈ ਮੁੱਖ ਦੋਸ਼ੀ ਉਸ ਸਮੇਂ ਦੇ ਥਾਣਾ ਸਿਟੀ ਦੇ ਮੁੱਖ ਅਫਸਰ ਹੁਣ ਡੀ.ਅੈਸ.ਪੀ. ਗੁਰਿੰਦਰ ਬੱਲ, ਚੌਂਕੀ ਇੰਚਾਰਜ ਏ.ਅੈਸ.ਆਈ. ਰਾਜਵੀਰ ਤੇ ਫਰਜ਼ੀ ਬਣੇ ਗਵਾਹ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਨਾਂ ਹੋਣ ਦੇ ਰੋਸ ਵਜੋਂ ਜੱਥੇਬੰਦੀਆਂ ਵਲੋਂ ਉਡੀਕੇ ਸਾਂਝੇ ਪ੍ਰੋਗਰਾਮ ਤਹਿਤ ਅੱਜ ਬਹੁਜਨ ਸਮਾਜ ਪਾਰਟੀ ਦੇ ਆਗੂ ਗੁਰਬਚਨ ਸਿੰਘ ਮਾਨ ਦੀ ਅਗਵਾਈ 'ਚ ਵਰਕਰਾਂ ਵਲੋਂ ਜਿਥੇ ਪਿੰਡ ਕਲੇਰਾਂ ਵਿੱਚ ਪੰਜਾਬ ਸਰਕਾਰ ਤੇ ਜਗਰਾਉਂ ਪੁਲਿਸ ਦਾ ਪੁਤਲਾ ਫੂਕਿਆ, ਉਥੇ ਪਿੰਡ ਮਾਣੂੰਕੇ 'ਚ ਵੀ ਕਿਸਾਨਾਂ-ਮਜ਼ਦੂਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਪੁਲਿਸ ਦਾ ਪੁਤਲ਼ਾ ਫੂਕਿਅਾ। ਆਮ ਲੋਕਾਂ ਨੂੰ 26 ਦੇ ਧਰਨੇ ਲਈ ਲਾਮਬੰਦ ਕਰਦਿਆਂ ਕਿਹਾ ਕਿ ਪੁਲਿਸ ਅਧਿਕਾਰੀ ਜਾਣਬੁੱਝ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕਰ ਰਹੇ ਤੇ ਪੁਲਿਸ ਅਧਿਕਾਰੀ ਦੋਸ਼ੀਆਂ ਨਾਲ ਮਿਲੇ ਹੋਏ ਹਨ। ਉਨ੍ਹਾਂ ਪੁਲਿਸ ਅਧਿਕਾਰੀਆਂ ਦਾ ਚੇਹਰਾ ਬੇਨਕਾਬ ਕਰਨ ਲਈ ਪਿੰਡ -ਪਿੰਡ ਗਲ਼ੀ ਮੁਹੱਲਿਆਂ 'ਚ ਪੁਤਲੇ ਫੂਕ ਕੇ ਆਮ ਲੋਕਾਂ ਨੂੰ ਜਾਗਰੂਕ ਕਰਦੇ ਹੋਏ 26 ਦੇ ਇਕੱਠ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਆਪੋ-ਆਪਣੇ ਸੰਬੋਧਨ 'ਚ ਆਗੂਆਂ ਨੇ ਕਿਹਾ ਕਿ ਮੁਕੱਦਮਾ ਦਰਜ ਤੋਂ ਬਾਦ ਜਦ ਆਮ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ, ਤਾਂ ਇਹਨਾਂ ਦੋਸ਼ੀਆਂ ਨੁੂੰ ਕਿਉਂ ਨਹੀਂ ਗ੍ਰਿਫ਼ਤਾਰ ਕੀਤਾ ਜਾ ਰਿਹਾ? ਇਸ ਮੌਕੇ ਪਿੰਡ ਕਲੇਰਾਂ 'ਚ ਜਿਥੇ ਲੋਕਾਂ ਨੂੰ ਕੁੱਲ ਹਿੰਦ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਵੀ ਸੰਬੋਧਨ ਕੀਤਾ, ਉਥੇ ਪਿੰਡ ਮਾਣੂੰਕੇ 'ਚ ਇਸ ਸਮੇਂ ਜੱਗਾ ਸਿੰਘ ਮਾਣੂੰਕੇ, ਚਰਨ ਸਿੰਘ ਮਾਣੂੰਕੇ, ਹਰਪ੍ਰੀਤ ਸਿੰਘ, ਹਰਜੀਤ ਕੌਰ, ਮਨਜੀਤ ਕੌਰ, ਮੋਠੂ ਸਿੰਘ ਸਰਬਜੀਤ ਕੌਰ ਬਲ਼ਜੀਤ ਕੌਰ, ਬੀਬੀ ਬਚਿੰਤ ਕੌਰ, ਬਾਬਾ ਬਾਹਾਦਰ ਸਿੰਘ, ਰਾਮ ਸਿੰਘ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।

ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਸ਼ਹੀਦ ਭਗਤ ਸਿੰਘ ਪਾਰਕ ਅਗਵਾੜ ਲੋਪੋ ਵਿਖੇ ਸਨਮਾਨ ਸਮਾਗਮ

ਜਗਰਾਉਂ, 10 ਜਨਵਰੀ  (ਜਸਮੇਲ ਗ਼ਾਲਿਬ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਅਗਵਾੜ ਲੋਪੋ ਵਲੋਂ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਸ਼ਹੀਦ ਭਗਤ ਸਿੰਘ ਪਾਰਕ ਅਗਵਾੜ ਲੋਪੋ ਵਿਖੇ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਇਕਾਈ ਪ੍ਰਧਾਨ ਬਲਬੀਰ  ਸਿੰਘ ਦੀ ਅਗਵਾਈ ਚ  ਇਸ ਸਮਾਗਮ ਵਿੱਚ ਔਰਤਾਂ, ਮਰਦਾਂ ਤੇ ਨੋਜਵਾਨਾਂ ਨੇ ਵੱਡੀ ਗਿਣਤੀ ਚ ਭਾਗ ਲਿਆ। ਇਸ ਸਮੇਂ ਅਪਣੇ ਸੰਬੋਧਨ ਚ ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਅਗਵਾੜ ਲੋਪੋ ਦੇ ਕਿਸਾਨਾਂ, ਨੋਜਵਾਨਾਂ ਤੇ ਬੀਬੀਆਂ ਵਲੋਂ ਪਾਏ ਯੋਗਦਾਨ ਦਾ ਧੰਨਵਾਦ ਕਰਦਿਆਂ ਸਮਰਪਣ ਅਤੇ ਤਿਆਗ ਦੀ ਇਸ ਭਾਵਨਾ ਨੂੰ ਹੋਰ ਮਜਬੂਤ ਕਰਨ ਦਾ ਸੱਦਾ ਦਿੱਤਾ।  ਉਨਾਂ ਕਿਹਾ ਕਿ ਕਿਸਾਨੀ ਅੰਦੋਲਨ ਨੇ ਸੰਸਾਰ ਸਾਮਰਾਜੀ ਨੀਤੀਆਂ ਖਿਲਾਫ ਇਕ ਇਤਿਹਾਸਕ ਜਿੱਤ ਹਾਸਲ ਕਰਕੇ ਦੁਨੀਆਂ ਦੇ ਇਨਸਾਫਪਸੰਦ ਲੋਕਾਂ ਦਾ ਦਿਲ ਜਿੱਤ ਲਿਆ ਹੈ। ਓਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਿਧਾਨ ਸਭਾ ਚੋਣਾਂ ਚ ਭਾਗ ਨਾ ਲੈਕੇ ਸਿਰਫ ਤੇ ਸਿਰਫ ਕਿਸਾਨੀ ਮੰਗਾਂ ਲਈ ਸੰਘਰਸ਼ ਨੂੰ ਹੀ ਕੇਂਦਰ ਚ ਰਖ ਕੇ ਨਿਰੰਤਰ ਸੰਘਰਸ਼ ਕਰੇਗੀ। ਪ੍ਰਸਿੱਧ ਰੰਗਕਰਮੀ, ਫਿਲਮਕਾਰ ਸੁਰਿੰਦਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਕਿਸਾਨੀ ਕਰਜੇ ਰਦ ਕਰਾਉਣ ਲਈ 21 ਜਨਵਰੀ ਨੂੰ ਬਰਨਾਲਾ ਵਿਖੇ ਰੱਖੀ ਕਿਸਾਨ ਰੈਲੀ ਚ ਹਰ ਕਿਰਤੀ ਕਿਸਾਨ ਨੂੰ ਸ਼ਾਮਲ ਹੋਣਾ ਚਾਹੀਦਾ ਹੈ।ਇਸ ਸਮੇਂ ਲੋਕ ਕਲਾ ਮੰਚ ਮੁਲਾਂਪੁਰ ਦੀ ਟੀਮ ਨੇ ਕਿਸਾਨੀ ਅੰਦੋਲਨ ਨੂੰ ਸਮਰਪਤ ਨਾਟਕ "ਉਠਣ ਦਾ ਵੇਲਾ" ਪੇਸ਼ ਕਰਕੇ ਲੋਕ ਮਨਾਂ ਨੂੰ ਕਿਸਾਨੀ ਸੰਘਰਸ਼ ਦੇ ਦੁਸ਼ਮਣਾਂ  ਖਿਲਾਫ ਸੁਚੇਤ ਕੀਤਾ। ਇਸ ਸਮੇਂ ਕਿਸਾਨ ਅੰਦੋਲਨ ਦੇ ਹਿਤੈਸ਼ੀ ਸ੍ਰ: ਜਗਦੀਪ ਸਿੰਘ  ਸਿਵੀਆ ਕਨੈਡਾ ਵਾਸੀ ਵਲੋਂ ਕਿਸਾਨ ਸੰਘਰਸ਼ ਚ  ਹਿੱਸਾ ਲੈਣ ਵਾਲੇ ਸਾਰੇ ਇਕ ਸੌ ਦੇ ਕਰੀਬ ਸੰਘਰਸ਼ਕਾਰੀਆਂ ਨੂੰ ਕੀਮਤੀ ਜੈਕਟਾਂ ਅਤੇ ਕਿਸਾਨ ਯੂਨੀਅਨ ਵਲੋਂ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।  ਇਸ ਸਮੇਂ ਲਖਵੀਰ ਸਿੰਘ ਸਿੱਧੂ ਦੀ ਟੀਮ ਨੇ ਇਨਕਲਾਬੀ ਗੀਤ ਸੰਗੀਤ ਪੇਸ਼ ਕੀਤਾ। ਇਸ ਸਮੇਂ ਬਲਾਕ ਆਗੂ ਦੇਵਿੰਦਰ ਸਿੰਘ ਕਾਉਂਕੇ, ਜਥੇਦਾਰ ਬਲਬੀਰ ਸਿੰਘ , ਕੁਲਦੀਪ ਸਿੰਘ ਕੀਪਾ, ਗੁਰਮੀਤ ਸਿੰਘ ਅਗਵਾੜ ਡਾਲਾ, ਸਰਬਜੀਤ ਸਿੰਘ ਧਾਲੀਵਾਲ,  ਗੁਰਪ੍ਰੀਤ ਕੋਰ ਧਾਲੀਵਾਲ ਆਦਿ ਹਾਜ਼ਰ ਸਨ।

ਪਿੰਡ ਕਾਲਸਾਂ ਵਿਖੇ ਸਾਹਿਤਕ ਸਮਾਗਮ ਕਰਵਾਇਆ

ਰਾਏਕੋਟ -10 ਜਨਵਰੀ -(ਗੁਰਸੇਵਕ ਸੋਹੀ)- ਸਰਦਾਰ ਗਿਆਨ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਕਾਲਸਾਂ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ।  ਇਸ ਸਮੇਂ ਉੱਘੇ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੀ ਦੂਜੀ ਕਿਤਾਬ, ਸੂਰਜ ਮਘਦਾ ਰੱਖਾਂਗੇ 'ਤੇ  ਵਿਚਾਰ ਗੋਸ਼ਟੀ ਕੀਤੀ ਗਈ। ਲਾਇਬ੍ਰੇਰੀ ਦੇ ਸੰਸਥਾਪਕ, ਮੁੱਖ ਪ੍ਰਬੰਧਕ ਅਜੀਤਪਾਲ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਆਪਣੇ ਵਿਚਾਰ ਪੇਸ਼ ਕਰਦਿਆਂ ਮਾਸਟਰ ਨਵਦੀਪ ਸਿੰਘ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਲੈਨਿਨ ਮਾਰਕਸ ਅਤੇ ਹੋਰ ਮਹਾਨ ਲੇਖਕਾਂ ਵਲੋਂ ਰਚੇ ਲੋਕ ਪੱਖੀ ਸਾਹਿਤ ਤੇ ਚਾਨਣਾ ਪਾਉਂਦਿਆਂ, ਅਜੋਕੇ ਸਮੇਂ ਚ ਧੱਕੇ ਨਾਲ ਲੋਕਾਂ ਨੂੰ ਪਰੋਸੇ ਜਾ ਰਹੇ ਦੋ ਅਰਥੇ ਘਟੀਆ ਸਾਹਿਤ ਤੋਂ ਨੌਜਵਾਨ ਪੀੜ੍ਹੀ ਨੂੰ ਦੂਰ ਰਹਿਣ ਅਤੇ ਸਹੀ ਸਾਹਿਤ ਨਾਲ ਜੁੜਣ ਲਈ ਸੁਚੇਤ ਕੀਤਾ। ਦਰਸ਼ਨ ਸਿੰਘ ਕਾਲਸਾਂ ਨੇ ਆਪਣੀ ਲੰਮੀ ਉਮਰ ਦੇ ਤਜਰਬੇ ਸਾਂਝੇ ਕਰਦਿਆਂ ਹੋਇਆਂ ਬਹੁਤ ਕੀਮਤੀ ਸੁਝਾਅ ਪੇਸ਼ ਕੀਤੇ। ਪਿੰਡ ਦੇ ਮਹਿਲਾ ਸਰਪੰਚ ਬੀਬੀ ਪਰਮਿੰਦਰ ਕੌਰ ਨੇ ਸੰਖੇਪ ਜਿਹੇ ਸ਼ਬਦਾਂ ਚ ਆਪਣਾ ਮੂਲ ਪਛਾਣਨ ਦੀ ਗੱਲ ਕਹਿੰਦਿਆਂ ਹਰ ਇਨਸਾਨ ਨੂੰ ਅਧਿਕਾਰਾਂ ਦੇ ਨਾਲ ਫਰਜਾਂ ਦੀ ਪਾਲਣਾ ਕਰਨ ਦਾ ਸੁਝਾਅ ਦਿੱਤਾ। ਉਚੇਚੇ ਤੌਰ ਤੇ ਪਹੁੰਚੇ ਮੈਡਮ ਰੀਤੂ ਕੌਸ਼ਿਕ (ਸੈਕਟਰੀ ਰਾਸ਼ਟਰੀ ਮਹਿਲਾ ਸੰਗਠਨ ਦਿੱਲੀ) ਨੇ ਆਪਣੇ ਭਾਸ਼ਣ (ਹਿੰਦੀ) ਚ ਬੋਲਦਿਆਂ ਔਰਤਾਂ ਨੂੰ, ਗੁਰੂ ਨਾਨਕ ਦੇਵ ਜੀ ਵਲੋਂ ਬਖਸ਼ੇ 'ਜਗ ਜਣਨੀ, ਮਾਣ ਦੀ ਮਰਿਆਦਾ ਨੂੰ ਸਮਝਦਿਆਂ ਆਪਣੀ ਸੂਰਤ ਸੰਵਾਰਨ ਦੀ ਥਾਂ ਸੀਰਤ ਨੂੰ ਬਰਕਰਾਰ ਰੱਖਦੇ ਹੋਏ ਔਰਤਾਂ ਨੂੰ ਸਨਮਾਨ ਵਾਲਾ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਲਾਇਬ੍ਰੇਰੀ ਦੇ ਮੁੱਖ ਪ੍ਰਬੰਧਕ ਅਜੀਤਪਾਲ ਕੌਰ ਕੋਲ ਮੁਫਤ ਟਿਊਸ਼ਨ ਪੜ੍ਹਨ ਵਾਲੀਆਂ ਬੱਚਿਆਂ, ਬੇਅੰਤ ਕੌਰ, ਰਮਨਦੀਪ ਕੌਰ, ਮੁਸਕਾਨ ਬੇਗਮ, ਖੁਸ਼ਪ੍ਰੀਤ ਕੌਰ, ਜਸਪ੍ਰੀਤ ਕੌਰ, ਅਤੇ ਕਰਮਜੀਤ ਕੌਰ ਨੇ ਬਹੁਤ ਹੀ ਵਧੀਆ ਗੀਤ ਪੇਸ਼ ਕੀਤੇ।ਬੱਚੀ ਇਵਨੀਤ ਨੇ 'ਸੂਰਜ ਮਘਦਾ ਰੱਖਾਂਗੇ' ਗੀਤ ਬਹੁਤ ਵਧੀਆ ਸੁਰਤਾਲ ਚ ਗਾ ਕੇ ਮਹੌਲ ਰੰਗੀਨ ਬਣਾ ਦਿੱਤਾ।
 ਬਲਬੀਰ ਕੌਰ ਰਾਏਕੋਟੀ ਨੇ ਆਪਣੀ ਕਿਤਾਬ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਸਮੇਂ  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਬਲਾਕ ਮਹਿਲ ਕਲਾਂ ਦੇ ਚੇਅਰਮੈਨ ਡਾ ਜਗਜੀਤ ਸਿੰਘ ਕਾਲਸਾਂ, ਬੂਟਾ ਸਿੰਘ ਇੰਸਪੈਕਟਰ ਫੂਡ ਸਪਲਾਈ, ਜਗਦੀਸ਼ ਕੌਰ(ਅਧਿਆਪਕਾ ਸਰਾਭਾ ਕਾਲਜ) , ਸੁਰਿੰਦਰ ਕੌਰ, ਅਮਨਦੀਪ ਕੌਰ (ਅਧਿਆਪਕਾ ਇੰਡੋ ਕਨੈਡੀਅਨ ਸਕੂਲ), ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਡਾ ਨਵਜੋਤ ਸਿੰਘ, ਪ੍ਰਦੀਪ ਸਿੰਘ, ਅਰਸ਼ਦੀਪ ਸਿੰਘ, ਤੇਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਇੰਦਰਪ੍ਰੀਤ ਸਿੰਘ ਹੈਰੀ, ਤੇ ਸਟਾਲਨਪਰੀਤ ਕੌਰ (ਬੇਟੀ ਡਾ ਜਗਜੀਤ ਸਿੰਘ ਕਾਲਸਾਂ) ਨੇ ਹਾਜਰੀ ਭਰੀ। ਪ੍ਰੋਗਰਾਮ ਬਹੁਤ ਹੀ ਵਧੀਆ ਰਿਹਾ ਅਖੀਰ ਚ ਡਾ ਜਗਜੀਤ ਸਿੰਘ ਕਾਲਸਾਂ ਨੇ ਸਮਾਗਮ ਚ ਪਹੁੰਚੇ ਸਾਰੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਆਪਣੀਆਂ ਦੋ ਰਚਨਾਵਾਂ ਵੀ ਪੇਸ਼ ਕੀਤੀਆਂ।