You are here

ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਸ਼ਹੀਦ ਭਗਤ ਸਿੰਘ ਪਾਰਕ ਅਗਵਾੜ ਲੋਪੋ ਵਿਖੇ ਸਨਮਾਨ ਸਮਾਗਮ

ਜਗਰਾਉਂ, 10 ਜਨਵਰੀ  (ਜਸਮੇਲ ਗ਼ਾਲਿਬ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਅਗਵਾੜ ਲੋਪੋ ਵਲੋਂ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਸ਼ਹੀਦ ਭਗਤ ਸਿੰਘ ਪਾਰਕ ਅਗਵਾੜ ਲੋਪੋ ਵਿਖੇ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਇਕਾਈ ਪ੍ਰਧਾਨ ਬਲਬੀਰ  ਸਿੰਘ ਦੀ ਅਗਵਾਈ ਚ  ਇਸ ਸਮਾਗਮ ਵਿੱਚ ਔਰਤਾਂ, ਮਰਦਾਂ ਤੇ ਨੋਜਵਾਨਾਂ ਨੇ ਵੱਡੀ ਗਿਣਤੀ ਚ ਭਾਗ ਲਿਆ। ਇਸ ਸਮੇਂ ਅਪਣੇ ਸੰਬੋਧਨ ਚ ਜਿਲਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਅਗਵਾੜ ਲੋਪੋ ਦੇ ਕਿਸਾਨਾਂ, ਨੋਜਵਾਨਾਂ ਤੇ ਬੀਬੀਆਂ ਵਲੋਂ ਪਾਏ ਯੋਗਦਾਨ ਦਾ ਧੰਨਵਾਦ ਕਰਦਿਆਂ ਸਮਰਪਣ ਅਤੇ ਤਿਆਗ ਦੀ ਇਸ ਭਾਵਨਾ ਨੂੰ ਹੋਰ ਮਜਬੂਤ ਕਰਨ ਦਾ ਸੱਦਾ ਦਿੱਤਾ।  ਉਨਾਂ ਕਿਹਾ ਕਿ ਕਿਸਾਨੀ ਅੰਦੋਲਨ ਨੇ ਸੰਸਾਰ ਸਾਮਰਾਜੀ ਨੀਤੀਆਂ ਖਿਲਾਫ ਇਕ ਇਤਿਹਾਸਕ ਜਿੱਤ ਹਾਸਲ ਕਰਕੇ ਦੁਨੀਆਂ ਦੇ ਇਨਸਾਫਪਸੰਦ ਲੋਕਾਂ ਦਾ ਦਿਲ ਜਿੱਤ ਲਿਆ ਹੈ। ਓਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਿਧਾਨ ਸਭਾ ਚੋਣਾਂ ਚ ਭਾਗ ਨਾ ਲੈਕੇ ਸਿਰਫ ਤੇ ਸਿਰਫ ਕਿਸਾਨੀ ਮੰਗਾਂ ਲਈ ਸੰਘਰਸ਼ ਨੂੰ ਹੀ ਕੇਂਦਰ ਚ ਰਖ ਕੇ ਨਿਰੰਤਰ ਸੰਘਰਸ਼ ਕਰੇਗੀ। ਪ੍ਰਸਿੱਧ ਰੰਗਕਰਮੀ, ਫਿਲਮਕਾਰ ਸੁਰਿੰਦਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਕਿਸਾਨੀ ਕਰਜੇ ਰਦ ਕਰਾਉਣ ਲਈ 21 ਜਨਵਰੀ ਨੂੰ ਬਰਨਾਲਾ ਵਿਖੇ ਰੱਖੀ ਕਿਸਾਨ ਰੈਲੀ ਚ ਹਰ ਕਿਰਤੀ ਕਿਸਾਨ ਨੂੰ ਸ਼ਾਮਲ ਹੋਣਾ ਚਾਹੀਦਾ ਹੈ।ਇਸ ਸਮੇਂ ਲੋਕ ਕਲਾ ਮੰਚ ਮੁਲਾਂਪੁਰ ਦੀ ਟੀਮ ਨੇ ਕਿਸਾਨੀ ਅੰਦੋਲਨ ਨੂੰ ਸਮਰਪਤ ਨਾਟਕ "ਉਠਣ ਦਾ ਵੇਲਾ" ਪੇਸ਼ ਕਰਕੇ ਲੋਕ ਮਨਾਂ ਨੂੰ ਕਿਸਾਨੀ ਸੰਘਰਸ਼ ਦੇ ਦੁਸ਼ਮਣਾਂ  ਖਿਲਾਫ ਸੁਚੇਤ ਕੀਤਾ। ਇਸ ਸਮੇਂ ਕਿਸਾਨ ਅੰਦੋਲਨ ਦੇ ਹਿਤੈਸ਼ੀ ਸ੍ਰ: ਜਗਦੀਪ ਸਿੰਘ  ਸਿਵੀਆ ਕਨੈਡਾ ਵਾਸੀ ਵਲੋਂ ਕਿਸਾਨ ਸੰਘਰਸ਼ ਚ  ਹਿੱਸਾ ਲੈਣ ਵਾਲੇ ਸਾਰੇ ਇਕ ਸੌ ਦੇ ਕਰੀਬ ਸੰਘਰਸ਼ਕਾਰੀਆਂ ਨੂੰ ਕੀਮਤੀ ਜੈਕਟਾਂ ਅਤੇ ਕਿਸਾਨ ਯੂਨੀਅਨ ਵਲੋਂ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।  ਇਸ ਸਮੇਂ ਲਖਵੀਰ ਸਿੰਘ ਸਿੱਧੂ ਦੀ ਟੀਮ ਨੇ ਇਨਕਲਾਬੀ ਗੀਤ ਸੰਗੀਤ ਪੇਸ਼ ਕੀਤਾ। ਇਸ ਸਮੇਂ ਬਲਾਕ ਆਗੂ ਦੇਵਿੰਦਰ ਸਿੰਘ ਕਾਉਂਕੇ, ਜਥੇਦਾਰ ਬਲਬੀਰ ਸਿੰਘ , ਕੁਲਦੀਪ ਸਿੰਘ ਕੀਪਾ, ਗੁਰਮੀਤ ਸਿੰਘ ਅਗਵਾੜ ਡਾਲਾ, ਸਰਬਜੀਤ ਸਿੰਘ ਧਾਲੀਵਾਲ,  ਗੁਰਪ੍ਰੀਤ ਕੋਰ ਧਾਲੀਵਾਲ ਆਦਿ ਹਾਜ਼ਰ ਸਨ।