ਰਾਏਕੋਟ -10 ਜਨਵਰੀ -(ਗੁਰਸੇਵਕ ਸੋਹੀ)- ਸਰਦਾਰ ਗਿਆਨ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਕਾਲਸਾਂ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮੇਂ ਉੱਘੇ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੀ ਦੂਜੀ ਕਿਤਾਬ, ਸੂਰਜ ਮਘਦਾ ਰੱਖਾਂਗੇ 'ਤੇ ਵਿਚਾਰ ਗੋਸ਼ਟੀ ਕੀਤੀ ਗਈ। ਲਾਇਬ੍ਰੇਰੀ ਦੇ ਸੰਸਥਾਪਕ, ਮੁੱਖ ਪ੍ਰਬੰਧਕ ਅਜੀਤਪਾਲ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਆਪਣੇ ਵਿਚਾਰ ਪੇਸ਼ ਕਰਦਿਆਂ ਮਾਸਟਰ ਨਵਦੀਪ ਸਿੰਘ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਲੈਨਿਨ ਮਾਰਕਸ ਅਤੇ ਹੋਰ ਮਹਾਨ ਲੇਖਕਾਂ ਵਲੋਂ ਰਚੇ ਲੋਕ ਪੱਖੀ ਸਾਹਿਤ ਤੇ ਚਾਨਣਾ ਪਾਉਂਦਿਆਂ, ਅਜੋਕੇ ਸਮੇਂ ਚ ਧੱਕੇ ਨਾਲ ਲੋਕਾਂ ਨੂੰ ਪਰੋਸੇ ਜਾ ਰਹੇ ਦੋ ਅਰਥੇ ਘਟੀਆ ਸਾਹਿਤ ਤੋਂ ਨੌਜਵਾਨ ਪੀੜ੍ਹੀ ਨੂੰ ਦੂਰ ਰਹਿਣ ਅਤੇ ਸਹੀ ਸਾਹਿਤ ਨਾਲ ਜੁੜਣ ਲਈ ਸੁਚੇਤ ਕੀਤਾ। ਦਰਸ਼ਨ ਸਿੰਘ ਕਾਲਸਾਂ ਨੇ ਆਪਣੀ ਲੰਮੀ ਉਮਰ ਦੇ ਤਜਰਬੇ ਸਾਂਝੇ ਕਰਦਿਆਂ ਹੋਇਆਂ ਬਹੁਤ ਕੀਮਤੀ ਸੁਝਾਅ ਪੇਸ਼ ਕੀਤੇ। ਪਿੰਡ ਦੇ ਮਹਿਲਾ ਸਰਪੰਚ ਬੀਬੀ ਪਰਮਿੰਦਰ ਕੌਰ ਨੇ ਸੰਖੇਪ ਜਿਹੇ ਸ਼ਬਦਾਂ ਚ ਆਪਣਾ ਮੂਲ ਪਛਾਣਨ ਦੀ ਗੱਲ ਕਹਿੰਦਿਆਂ ਹਰ ਇਨਸਾਨ ਨੂੰ ਅਧਿਕਾਰਾਂ ਦੇ ਨਾਲ ਫਰਜਾਂ ਦੀ ਪਾਲਣਾ ਕਰਨ ਦਾ ਸੁਝਾਅ ਦਿੱਤਾ। ਉਚੇਚੇ ਤੌਰ ਤੇ ਪਹੁੰਚੇ ਮੈਡਮ ਰੀਤੂ ਕੌਸ਼ਿਕ (ਸੈਕਟਰੀ ਰਾਸ਼ਟਰੀ ਮਹਿਲਾ ਸੰਗਠਨ ਦਿੱਲੀ) ਨੇ ਆਪਣੇ ਭਾਸ਼ਣ (ਹਿੰਦੀ) ਚ ਬੋਲਦਿਆਂ ਔਰਤਾਂ ਨੂੰ, ਗੁਰੂ ਨਾਨਕ ਦੇਵ ਜੀ ਵਲੋਂ ਬਖਸ਼ੇ 'ਜਗ ਜਣਨੀ, ਮਾਣ ਦੀ ਮਰਿਆਦਾ ਨੂੰ ਸਮਝਦਿਆਂ ਆਪਣੀ ਸੂਰਤ ਸੰਵਾਰਨ ਦੀ ਥਾਂ ਸੀਰਤ ਨੂੰ ਬਰਕਰਾਰ ਰੱਖਦੇ ਹੋਏ ਔਰਤਾਂ ਨੂੰ ਸਨਮਾਨ ਵਾਲਾ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ। ਲਾਇਬ੍ਰੇਰੀ ਦੇ ਮੁੱਖ ਪ੍ਰਬੰਧਕ ਅਜੀਤਪਾਲ ਕੌਰ ਕੋਲ ਮੁਫਤ ਟਿਊਸ਼ਨ ਪੜ੍ਹਨ ਵਾਲੀਆਂ ਬੱਚਿਆਂ, ਬੇਅੰਤ ਕੌਰ, ਰਮਨਦੀਪ ਕੌਰ, ਮੁਸਕਾਨ ਬੇਗਮ, ਖੁਸ਼ਪ੍ਰੀਤ ਕੌਰ, ਜਸਪ੍ਰੀਤ ਕੌਰ, ਅਤੇ ਕਰਮਜੀਤ ਕੌਰ ਨੇ ਬਹੁਤ ਹੀ ਵਧੀਆ ਗੀਤ ਪੇਸ਼ ਕੀਤੇ।ਬੱਚੀ ਇਵਨੀਤ ਨੇ 'ਸੂਰਜ ਮਘਦਾ ਰੱਖਾਂਗੇ' ਗੀਤ ਬਹੁਤ ਵਧੀਆ ਸੁਰਤਾਲ ਚ ਗਾ ਕੇ ਮਹੌਲ ਰੰਗੀਨ ਬਣਾ ਦਿੱਤਾ।
ਬਲਬੀਰ ਕੌਰ ਰਾਏਕੋਟੀ ਨੇ ਆਪਣੀ ਕਿਤਾਬ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਬਲਾਕ ਮਹਿਲ ਕਲਾਂ ਦੇ ਚੇਅਰਮੈਨ ਡਾ ਜਗਜੀਤ ਸਿੰਘ ਕਾਲਸਾਂ, ਬੂਟਾ ਸਿੰਘ ਇੰਸਪੈਕਟਰ ਫੂਡ ਸਪਲਾਈ, ਜਗਦੀਸ਼ ਕੌਰ(ਅਧਿਆਪਕਾ ਸਰਾਭਾ ਕਾਲਜ) , ਸੁਰਿੰਦਰ ਕੌਰ, ਅਮਨਦੀਪ ਕੌਰ (ਅਧਿਆਪਕਾ ਇੰਡੋ ਕਨੈਡੀਅਨ ਸਕੂਲ), ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਡਾ ਨਵਜੋਤ ਸਿੰਘ, ਪ੍ਰਦੀਪ ਸਿੰਘ, ਅਰਸ਼ਦੀਪ ਸਿੰਘ, ਤੇਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਇੰਦਰਪ੍ਰੀਤ ਸਿੰਘ ਹੈਰੀ, ਤੇ ਸਟਾਲਨਪਰੀਤ ਕੌਰ (ਬੇਟੀ ਡਾ ਜਗਜੀਤ ਸਿੰਘ ਕਾਲਸਾਂ) ਨੇ ਹਾਜਰੀ ਭਰੀ। ਪ੍ਰੋਗਰਾਮ ਬਹੁਤ ਹੀ ਵਧੀਆ ਰਿਹਾ ਅਖੀਰ ਚ ਡਾ ਜਗਜੀਤ ਸਿੰਘ ਕਾਲਸਾਂ ਨੇ ਸਮਾਗਮ ਚ ਪਹੁੰਚੇ ਸਾਰੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਆਪਣੀਆਂ ਦੋ ਰਚਨਾਵਾਂ ਵੀ ਪੇਸ਼ ਕੀਤੀਆਂ।