You are here

ਪੁੱਤਾਂ ਵਾਂਗੂੰ ਵੰਡੋ ਧੀਆਂ ਦੀਆਂ ਲੋਹੜੀਆਂ.

ਰਾਏਕੋਟ- 10 ਜਨਵਰੀ- (ਗੁਰਸੇਵਕ ਸੋਹੀ )- ਇੱਥੋਂ ਨੇੜਲੇ ਪਿੰਡ ਗੋਬਿੰਦਗੜ੍ਹ ਵਿਖੇ  ਚੇਤਨਾ ਮੰਚ ਵਲੋਂ ਪਹਿਲੀ ਵਾਰ ਪਿੰਡ ਗੋਬਿੰਦਗੜ੍ਹ ਵਿਖੇ 'ਧੀਆਂ ਦੀ ਲੋਹੜੀ' ਪ੍ਰੋਗਰਾਮ ਕਰਵਾਇਆ ਗਿਆ  ।ਜਿਸ ਵਿੱਚ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ।ਬਾਹਰੋਂ ਆਏ ਧੀਆਂ ਦੇ ਕਦਰਦਾਨਾਂ ਚ ਉਚੇਚੇ ਤੌਰ ਤੇ ਪਹੁੰਚੇ ਮੈਡਮ ਰੀਤੂ ਕੌਸ਼ਿਕ (ਰਾਸ਼ਟਰੀ ਮਹਿਲਾ ਸੰਗਠਨ ਦਿੱਲੀ, ਸੈਕਟਰੀ) ਲੈਕਚਰਾਰ ਬਲਬੀਰ ਕੌਰ ਰਾਏਕੋਟੀ (ਲੇਖਿਕਾ) ਉਹਨਾਂ ਦੇ ਪਤੀ ਬੂਟਾ ਸਿੰਘ ਇੰਸਪੈਕਟਰ ਫੂਡਸਪਲਾਈ, ਬੇਟੀ ਇਵਨੀਤ, ਡਾ ਜਗਜੀਤ ਸਿੰਘ ਕਾਲਸਾਂ (ਚੇਅਰਮੈਨ MPAP ਬਲਾਕ ਮਹਿਲ ਕਲਾਂ) ਅਜੀਤਪਾਲ ਕੌਰ( ਮੁਖ ਪ੍ਰਬੰਧਕ ਸ ਗਿਆਨ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਕਾਲਸਾਂ) ਸ ਸੁਰਿੰਦਰਪਾਲ ਸਿੰਘ ਸਿਵੀਆਂ (ਨੰਬਰਦਾਰ), ਬਲਵੀਰ ਕੌਰ ਰਾਮਗੜ੍ਹ ਸਿਵੀਆਂ (ਲੇਖਿਕਾ) ਉਹਨਾਂ ਦੀ ਬੇਟੀ ਮਨਜੋਤ ਕੌਰ,ਨੇ ਸ਼ਿਰਕਤ ਕੀਤੀ।
ਪਿੰਡ ਦੇ ਲੋਕਾਂ, ਖਾਸ ਕਰ ਬੀਬੀਆਂ ਨੇ ਭਾਰੀ ਗਿਣਤੀ ਚ ਸਮੂਲੀਅਤ ਕੀਤੀ। ਨਵਜੰਮੀਆਂ ਬੱਚੀਆਂ ਨੂੰ ਗਰਮ ਸੂਟ, ਖਿਡਾਉਣੇ ਤੇ ਮੂੰਗਫਲੀ, ਰਿਉੜੀਆਂ ਦੇ ਕੇ ਮਾਣ ਦਿੱਤਾ ਗਿਆ। ਦਿੱਲੀ ਤੋਂ ਪਹੁੰਚੇ ਮੈਡਮ ਰੀਤੂ ਕੌਸ਼ਿਕ ਨੇ ਆਪਣੇ ਭਾਸ਼ਣ (ਹਿੰਦੀ) ਚ ਬੋਲਦਿਆਂ ਕਿਹਾ ਕਿ '' ਮੈਂ ਪਹਿਲੀ ਵਾਰ ਅਜਿਹਾ ਪ੍ਰੋਗਰਾਮ ਦੇਖਿਆ ਜਿੱਥੇ ਧੀਆਂ (ਔਰਤਾਂ) ਨੂੰ ਐਡਾ ਵੱਡਾ ਮਾਣ ਸਤਿਕਾਰ ਮਿਲਦਾ ਹੋਵੇ। ਬਲਬੀਰ ਕੌਰ ਰਾਏਕੋਟੀ ਨੇ ਹਾਜਰੀਨ ਔਰਤਾਂ ਨੂੰ ਆਪਣੇ ਫਰਜ਼ਾਂ ਅਧਿਕਾਰਾਂ ਤੋਂ ਜਾਣੂੰ ਕਰਵਾਇਆ ਅਤੇ ਬੱਚੀਆਂ ਨੂੰ ਗਰਮ ਕੱਪੜੇ ਵੀ ਦਿੱਤੇ । ਡਾ ਜਗਜੀਤ ਸਿੰਘ ਕਾਲਸਾਂ ਤੇ ਉਹਨਾਂ ਦੀ ਪਤਨੀ ਅਜੀਤਪਾਲ ਕੌਰ ਨੇ ਲੋੜਵੰਦ ਪਰਿਵਾਰਾਂ ਨੂੰ ਮੁਫਤ ਦਵਾਈ ਦੇਣ ਵਾਰੇ ਵਾਅਦਾ ਕਰਦਿਆਂ ਬੱਚੀਆਂ ਨੂੰ ਨਕਦ ਸ਼ਗਨ ਵੀ ਦਿੱਤਾ। ਸ ਸੁਰਿੰਦਰਪਾਲ ਸਿੰਘ ਸਿਵੀਆਂ ਨੰਬਰਦਾਰ ਨੇ ਵੀ ਬੱਚੀਆਂ ਨੂੰ ਸ਼ਗਨ ਰਾਸ਼ੀ ਦਿੱਤੀ। ਸਮੇਂ ਦੀ ਲੋੜ ਤੇ ਅਧਾਰਿਤ ਬਲਵੀਰ ਕੌਰ ਰਾਮਗੜ੍ਹ ਸਿਵੀਆਂ 'ਆਓ ਭੈਣੋ ਆਪਾਂ ਹੁਣ ਸਭ ਇੱਕਜੁਟ ਹੋ ਜਾਈਏ' ਗੀਤ ਗਾ ਮਹੌਲ ਚ ਜੋਸ਼ ਭਰ ਦਿੱਤਾ। ਬੱਚੀ ਇਵਨੀਤ ਨੇ, 'ਪੁੱਤਰਾਂ ਨਾਲੋਂ ਧੀਆਂ ਵੀ ਕਿਸੇ ਗੱਲੋਂ ਘੱਟ ਨਹੀਂ' ਮਨਜੋਤ ਕੌਰ ਨੇ 'ਧੀ ਤੇ ਪੁੱਤ ਵਿੱਚ ਫ਼ਰਕ ਨਹੀਂ ਹੁੰਦਾ' ਗੀਤ ਗਾ ਕੇ ਵਾਹ ਵਾਹ ਖੱਟੀ, ਰਮਨਜੋਤ ਕੌਰ ਨੇ ਸ਼ੁਰੀਲੀ ਆਵਾਜ਼ ਚ 'ਪੁੱਤਾਂ ਵਾਂਗੂੰ ਵੰਡੋ ਧੀਆਂ ਦੀਆਂ ਲੋਹੜੀਆਂ, ਪੁੱਤਾਂ ਨੂੰ ਵੀ ਇਹੋ ਗੱਲ ਦੱਸਿਓ ਰੱਖਣ ਖਿਆਲ ਪਿਓ ਦੀ ਪੱਗ ਦਾ' ਗੀਤ ਗਾਇਆ ਤਾਂ ਲੋਕਾਂ ਨੋਟਾਂ ਨਾਲ ਉਹਦੀਆਂ ਮੁੱਠੀਆ ਭਰ ਦਿੱਤੀਆਂ। ਮੀਂਹ ਪੈਂਦੇ ਚ ਵੀ ਲੋਕਾਂ ਦੇਰ ਤੱਕ ਚੱਲੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਚੇਤਨਾ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ, ਮੀਤ ਪ੍ਰਧਾਨ ਸੰਤੋਖ ਸਿੰਘ, ਜਨਰਲ ਸਕੱਤਰ ਬਲਜਿੰਦਰ ਸਿੰਘ, ਖਜਾਨਚੀ ਬਲਜੀਤ ਸਿੰਘ, ਮੈਂਬਰ ਜਸਪਾਲ ਸਿੰਘ, ਦਰਸ਼ਨ ਸਿੰਘ ਸਿੰਘ, ਜੱਸਾ ਸਿੰਘ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ।
ਮੰਚ ਦੇ ਪ੍ਰਧਾਨ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੇ ਬੱਚੀਆਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ,ਸਮੂਹ ਨਗਰ ਨਿਵਾਸੀਆਂ ਅਤੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਹ ਪ੍ਰੋਗਰਾਮ ਅਮਿੱਟ ਛਾਪ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ।