ਦਾਦੂਵਾਲ ਦੇ ਮੁੱਖ ਮੰਤਰੀ ਦੇ ਨਾਂ ਤੋਂ ਬਾਅਦ ਸਮੁੱਚੀਆਂ ਸਿਆਸੀ ਪਾਰਟੀਆਂ ਜਪਦੀ ਹਲਚਲ
ਬਠਿੰਡਾ ਦੀ ਕਿਸੇ ਵੀ ਸੁਰੱਖਿਅਤ ਸੀਟ ਤੇ ਚੋਣ ਲੜ ਸਕਦੇ ਹਨ ਦਾਦੂਵਾਲ
ਬਾਬਾ ਦਾਦੂਵਾਲ ਤੇ ਸਿਰਸਾ ਸਾਧ ਨਾਲ ਸਬੰਧਾਂ ਵਿਚ ਆ ਸਕਦਾ ਹੈ ਬਦਲਾਓ
ਬਿਆਸ ਵਾਲੇ ਬਾਬੇ ਗੁਰਵਿੰਦਰ ਢਿੱਲੋਂ ਨਾਲ ਯਾਰੀ ਜੱਗ ਜ਼ਾਹਰ
ਬਠਿੰਡਾ, 12 ਜਨਵਰੀ (ਗੁਰਸੇਵਕ ਸਿੰਘ ਸੋਹੀ ) ਭਾਰਤੀ ਜਨਤਾ ਪਾਰਟੀ ਗੱਠਜੋੜ ਵੱਲੋਂ ਪੰਜਾਬ ਨੂੰ ਜਿੱਤਣ ਲਈ ਵੱਖ ਵੱਖ ਪਹਿਲੂਆਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ । ਸਿੱਖ ਕੌਮ ਵਿਚ ਚੰਗਾ ਅਸਰ ਰਸੂਖ ਰੱਖਣ ਵਾਲੇ ਤੇ ਧਾਰਮਕ ਸ਼ਖਸੀਅਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀਆਂ ਆਰਐਸਐਸ ਤੋਂ ਹਰੀ ਝੰਡੀ ਮਿਲ ਗਈ ਦੱਸੀ ਜਾ ਰਹੀ ਹੈ । ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਸਰਬੱਤ ਖ਼ਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਵੱਲੋਂ ਸਿਆਸੀ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਮੁਖੀ ਵਜੋਂ ਕੰਮ ਕਰ ਰਹੇ ਹਨ । ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਬਾਦਲ ਪਰਿਵਾਰ ਨਾਲ ਵੱਡੀ ਪੱਧਰ ਉੱਪਰ ਪਿਛਲੇ ਸਮੇਂ ਵਿੱਚ ਖਟਾਸ ਰਹੀ ਹੈ । ਬਾਬਾ ਬਲਜੀਤ ਸਿੰਘ ਦਾਦੂਵਾਲ ਧਾਰਮਕ ਸ਼ਖ਼ਸੀਅਤ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਸਤਿਕਾਰਯੋਗ ਹਨ ਅਤੇ ਸਿਰਸਾ ਸਾਧ ਦੇ ਵਿਰੁੱਧ ਆਵਾਜ਼ ਚੁੱਕਣ ਵਾਲਾ ਬਾਬਾ ਦਾਦੂਵਾਲ ਗਰਮ ਖ਼ਿਆਲੀ ਲੋਕਾਂ ਵਿੱਚ ਵੀ ਸਤਿਕਾਰ ਰੱਖਦਾ ਹੈ । ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਸਿਰਸਾ ਡੇਰਾ ਦੇ ਮੁਖੀ ਰਾਮ ਰਹੀਮ ਵਿਚਕਾਰ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਆਪਸੀ ਮੁਲਾਕਾਤ ਮੁਲਾਕਾਤ ਕਰਵਾ ਕੇ ਸਮਝੌਤਾ ਕਰਵਾਉਣ ਲਈ ਸਹਿਮਤੀ ਹੋ ਗਈ ਦੱਸੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਬਠਿੰਡਾ ਜ਼ਿਲ੍ਹੇ ਦੀ ਕਿਸੇ ਵੀ ਸੁਰੱਖਿਅਤ ਸੀਟ ਤੋਂ ਉਮੀਦਵਾਰ ਵੀ ਐਲਾਨਿਆ ਜਾ ਸਕਦਾ ਹੈ । ਇੱਥੇ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹਰਿਆਣਾ ਸਰਕਾਰ ਦੀ ਵੱਡੀ ਸਹਿਮਤੀ ਤੋਂ ਬਾਅਦ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਸੀ । ਬਾਬਾ ਦਾਦੂਵਾਲ ਪੰਜਾਬ ਵਿੱਚ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਨੇੜਲੇ ਸਬੰਧਾਂ ਦੇ ਨਾਲ ਨਾਲ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਨੇੜੇ ਸਮਝੇ ਜਾਂਦੇ ਹਨ । ਬਾਬਾ ਦਾਦੂਵਾਲ ਦੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦੀ ਕਨਸੋਅ ਨੇ ਪੰਜਾਬ ਦੀ ਰਾਜਨੀਤੀ ਵਿਚ ਇਕ ਕਿਸਮ ਦਾ ਭੁਚਾਲ ਹੀ ਲਿਆ ਦਿੱਤਾ ਹੈ । ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਨਾ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਵਜੋਂ ਸਾਹਮਣੇ ਆਉਣ ਨਾਲ ਕੱਲ੍ਹ ਨੂੰ ਪੰਜਾਬ ਦੀ ਸਿਆਸਤ ਕਿਸ ਪਾਸੇ ਨੂੰ ਰੁਖ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ । ਇਸ ਸਮੇਂ ਪੰਜਾਬ ਅੰਦਰ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਪਿੰਡ ਦਾਦੂ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਮਿਲਣੀ ਨੂੰ ਲੈ ਕੇ ਵੀ ਚਰਚਾ ਜ਼ੋਰਾਂ ਤੇ ਹਨ ।ਮਿਲੀ ਜਾਣਕਾਰੀ ਅਨੁਸਾਰ ਬਾਬਾ ਢਿੱਲੋਂ ਅਤੇ ਦਾਦੂਵਾਲ ਵਿਚਾਲੇ ਲਗਪਗ ਇੱਕ ਘੰਟਾ ਮੁਲਾਕਾਤ ਹੋਈ ਅਤੇ ਕਿਸੇ ਨੂੰ ਵੀ ਉਨ੍ਹਾਂ ਦੇ ਆਉਣ ਦੀ ਭਿਣਕ ਤੱਕ ਨਹੀਂ ਲੱਗੀ । ਪੰਜਾਬ ਅੰਦਰ ਜਦੋਂ ਤੋਂ ਇਲੈਕਸ਼ਨ ਦਾ ਦੌਰ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਹੀ ਇਸ ਤਰ੍ਹਾਂ ਦੀਆਂ ਕਨਸੋਹਾਂ ਵੱਡੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ।