You are here

ਭਾਰੀ ਬਾਰਸ਼ ਤੇ ਗੜੇਮਾਰੀ ਨਾਲ ਕਣਕ ਆਲੂ ਤੇ ਸਬਜ਼ੀਆਂ ਦੇ ਨੁਕਸਾਨ ਦੀ ਪੂਰਤੀ ਲਈ ਸਰਕਾਰੀ ਸਹਾਇਤਾ ਦੀ ਮੰਗ ਕੀਤੀ

ਜਗਰਾਉਂ, 11 ਜਨਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਂਓ ਦਾ ਵਫਦ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਚ ਸਥਾਨਕ ਐਸ ਡੀ ਐਮ ਸ਼੍ਰੀ ਵਿਕਾਸ ਹੀਰਾ ਨੂੰ ਮਿਲਿਆ। ਵਫਦ ਨੇ ਉਪਮੰਡਲ ਅਧਿਕਾਰੀ ਤੋਂ ਬੀਤੇ ਦਿਨੀਂ ਸੂਬੇ ਭਰ ਚ ਹੋਈ ਭਾਰੀ ਬਾਰਸ਼ ਤੇ ਗੜੇਮਾਰੀ ਕਾਰਨ ਕਣਕ, ਆਲੂ ਤੇ ਸਬਜੀਆਂ ਦੇ ਨੁਕਸਾਨ ਦੀ ਪੂਰਤੀ ਲਈ ਸਰਕਾਰੀ ਸਹਾਇਤਾ ਦੀ ਮੰਗ ਕੀਤੀ। ਵਫਦ ਨੇ ਦੱਸਿਆ ਕਿ ਇਲਾਕੇ ਦੇ ਕਈ ਪਿੰਡਾਂ ਚ ਸਬਜੀਆਂ ਤੇ ਆਲੂ ਪੂਰੀ ਤਰਾਂ ਤਬਾਹ ਹੋ ਗਏ ਹਨ।ਉਨਾਂ ਪਿੰਡ ਚਕਰ ਦੀ ਸੋ ਕਿਲੇ ਦੇ ਕਰੀਬ ਪੈਲੀ ਪੂਰੀ ਤਰਾਂ ਪਾਣੀ ਚ ਡੁੱਬ ਜਾਣ ਕਾਰਨ ਕਣਕ ਦੇ ਪੂਰੀ ਤਰਾਂ ਮਹੀਨੇ ਭਰ ਲਈ ਡੁੱਬ ਜਾਣ ਕਾਰਨ ਸਰਕਾਰੀ ਸਹਾਇਤਾ ਦੀ ਫੌਰੀ ਮੰਗ ਕੀਤੀ। ਞਫਦ ਨੇ ਦੱਸਿਆ ਕਿ ਇਸ ਕੁਦਰਤੀ ਮਾਰ ਦਾ ਸ਼ਿਕਾਰ ਜਿਆਦਾਤਰ ਛੋਟੀ ਕਿਸਾਨੀ ਹੈ ਜੋ ਜਿਆਦਾਤਰ ਠੇਕੇ ਤੇ ਜਮੀਨ ਲੈ ਕੇ ਵਾਹੀ ਬਿਜਾਈ ਕਰਦੀ ਹੈ। ਸਹਾਇਤਾ ਨਾ ਮਿਲਣ ਦੀ ਸੂਰਤ ਚ ਕਿਸਾਨ ਕਰਜਈ ਹੋਣਗੇ ਜਿਸ ਦਾ ਸਿੱਟਾ ਮਾੜੀਆਂ ਘਟਨਾਵਾਂ ਚ ਨਿਕਲ ਸਕਦਾ ਹੈ।ਵਫਦ ਨੇ  ਅੱਗੇ ਦੱਸਿਆ ਕਿ ਯੂਰੀਆ ਖਾਦ ਦੀ ਘਾਟ ਕਾਰਨ ਵੀ ਕਿਸਾਨ ਬੁਰੀ ਤਰਾਂ ਪ੍ਰੇਸ਼ਾਨੀ ਚੋਂ ਲੰਘ ਰਹੇ ਹਨ।ਯੂਰੀਆ ਦੀ ਮਾਤਰਾ ਪੇੰਡੂ ਸਹਿਕਾਰੀ ਸੁਸਾਇਟੀਆਂ ਲਈ 80 ਪ੍ਰਤੀਸ਼ਤ ਕਰਨ , ਖਾਦ ਡੀਲਰਾਂ ਵਲੋਂ ਧੱਕੇ ਨਾਲ ਕਿਸਾਨਾਂ ਤੇ ਯੂਰੀਆ ਦੀ ਖਰੀਦ ਸਮੇਂ ਫਾਲਤੂ ਸਮਾਨ ਮੜਣ ਦਾ ਮੁੱਦਾ ਵੀ ਸਿਵਲ ਅਧਿਕਾਰੀ ਦੇ ਧਿਆਨ ਚ ਲਿਆਂਦਾ ਗਿਆ। ਐਸ ਡੀ ਐਮ ਇਨਾਂ ਸਾਰੇ ਮਸਲਿਆਂ ਤੇ ਪਹਿਲ ਦੇ ਆਧਾਰ ਤੇ ਅਮਲ ਦਾ ਯਕੀਨ ਦਿਵਾਇਆ। ਉਨਾਂ ਦਸਿਆ ਕਿ ਫਸਲਾਂ ਦੇ ਨੁਕਸਾਨ ਦਾ ਸਰਵੇਖਣ ਕਰਨ ਲਈ  ਤਹਿਸੀਲਦਾਰਾਂ ਨੂੰ ਹੁਕਮ ਜਾਰੀ ਕਰ ਦਿਤੇ ਗਏ ਹਨ। ਇਸ ਸਮੇਂ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਇਨਾਂ ਮੰਗਾਂ ਦੀ ਪੂਰਤੀ ਨਾ ਹੋਣ ਦੀ ਸੂਰਤ ਚ 14 ਜਨਵਰੀ ਦੀ  ਜਗਰਾਓ  ਯੂਨੀਅਨ ਦਫਤਰ ਵਿਖੇ ਹੋਣ ਜਾ ਰਹੀ ਬਲਾਕ ਕਮੇਟੀ ਤੇ ਸਾਰੀਆਂ ਇਕਾਈਆਂ ਦੇ ਪ੍ਰਧਾਨਾਂ ਦੀ ਮੀਟਿੰਗ ਚ ਅਗਲਾ ਸੰਘਰਸ਼ ਪ੍ਰੋਗਰਾਮ ਉਲੀਕਿਆ ਜਾਵੇਗਾ।ਵਫਦ ਚ ਗੁਰਪ੍ਰੀਤ ਸਿੰਘ ਸਿਧਵਾਂ ਜਿਲਾ ਪ੍ਰੈੱਸ ਸਕੱਤਰ,  ਤਰਸੇਮ ਸਿੰਘ ਬੱਸੂਵਾਲ ਬਲਾਕ ਸਕੱਤਰ,  ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ,ਦਲਜੀਤ ਸਿੰਘ ਰਸੂਲਪੁਰ, ਬਿੱਕਰ ਸਿੰਘ ਅਖਾੜਾ ਮੀਤ ਪ੍ਰਧਾਨ ਹਾਜਰ ਸਨ।