You are here

ਪੰਜਾਬ

ਪੁੱਤਾਂ ਵਾਂਗੂੰ ਵੰਡੋ ਧੀਆਂ ਦੀਆਂ ਲੋਹੜੀਆਂ.

ਰਾਏਕੋਟ- 10 ਜਨਵਰੀ- (ਗੁਰਸੇਵਕ ਸੋਹੀ )- ਇੱਥੋਂ ਨੇੜਲੇ ਪਿੰਡ ਗੋਬਿੰਦਗੜ੍ਹ ਵਿਖੇ  ਚੇਤਨਾ ਮੰਚ ਵਲੋਂ ਪਹਿਲੀ ਵਾਰ ਪਿੰਡ ਗੋਬਿੰਦਗੜ੍ਹ ਵਿਖੇ 'ਧੀਆਂ ਦੀ ਲੋਹੜੀ' ਪ੍ਰੋਗਰਾਮ ਕਰਵਾਇਆ ਗਿਆ  ।ਜਿਸ ਵਿੱਚ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ।ਬਾਹਰੋਂ ਆਏ ਧੀਆਂ ਦੇ ਕਦਰਦਾਨਾਂ ਚ ਉਚੇਚੇ ਤੌਰ ਤੇ ਪਹੁੰਚੇ ਮੈਡਮ ਰੀਤੂ ਕੌਸ਼ਿਕ (ਰਾਸ਼ਟਰੀ ਮਹਿਲਾ ਸੰਗਠਨ ਦਿੱਲੀ, ਸੈਕਟਰੀ) ਲੈਕਚਰਾਰ ਬਲਬੀਰ ਕੌਰ ਰਾਏਕੋਟੀ (ਲੇਖਿਕਾ) ਉਹਨਾਂ ਦੇ ਪਤੀ ਬੂਟਾ ਸਿੰਘ ਇੰਸਪੈਕਟਰ ਫੂਡਸਪਲਾਈ, ਬੇਟੀ ਇਵਨੀਤ, ਡਾ ਜਗਜੀਤ ਸਿੰਘ ਕਾਲਸਾਂ (ਚੇਅਰਮੈਨ MPAP ਬਲਾਕ ਮਹਿਲ ਕਲਾਂ) ਅਜੀਤਪਾਲ ਕੌਰ( ਮੁਖ ਪ੍ਰਬੰਧਕ ਸ ਗਿਆਨ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਕਾਲਸਾਂ) ਸ ਸੁਰਿੰਦਰਪਾਲ ਸਿੰਘ ਸਿਵੀਆਂ (ਨੰਬਰਦਾਰ), ਬਲਵੀਰ ਕੌਰ ਰਾਮਗੜ੍ਹ ਸਿਵੀਆਂ (ਲੇਖਿਕਾ) ਉਹਨਾਂ ਦੀ ਬੇਟੀ ਮਨਜੋਤ ਕੌਰ,ਨੇ ਸ਼ਿਰਕਤ ਕੀਤੀ।
ਪਿੰਡ ਦੇ ਲੋਕਾਂ, ਖਾਸ ਕਰ ਬੀਬੀਆਂ ਨੇ ਭਾਰੀ ਗਿਣਤੀ ਚ ਸਮੂਲੀਅਤ ਕੀਤੀ। ਨਵਜੰਮੀਆਂ ਬੱਚੀਆਂ ਨੂੰ ਗਰਮ ਸੂਟ, ਖਿਡਾਉਣੇ ਤੇ ਮੂੰਗਫਲੀ, ਰਿਉੜੀਆਂ ਦੇ ਕੇ ਮਾਣ ਦਿੱਤਾ ਗਿਆ। ਦਿੱਲੀ ਤੋਂ ਪਹੁੰਚੇ ਮੈਡਮ ਰੀਤੂ ਕੌਸ਼ਿਕ ਨੇ ਆਪਣੇ ਭਾਸ਼ਣ (ਹਿੰਦੀ) ਚ ਬੋਲਦਿਆਂ ਕਿਹਾ ਕਿ '' ਮੈਂ ਪਹਿਲੀ ਵਾਰ ਅਜਿਹਾ ਪ੍ਰੋਗਰਾਮ ਦੇਖਿਆ ਜਿੱਥੇ ਧੀਆਂ (ਔਰਤਾਂ) ਨੂੰ ਐਡਾ ਵੱਡਾ ਮਾਣ ਸਤਿਕਾਰ ਮਿਲਦਾ ਹੋਵੇ। ਬਲਬੀਰ ਕੌਰ ਰਾਏਕੋਟੀ ਨੇ ਹਾਜਰੀਨ ਔਰਤਾਂ ਨੂੰ ਆਪਣੇ ਫਰਜ਼ਾਂ ਅਧਿਕਾਰਾਂ ਤੋਂ ਜਾਣੂੰ ਕਰਵਾਇਆ ਅਤੇ ਬੱਚੀਆਂ ਨੂੰ ਗਰਮ ਕੱਪੜੇ ਵੀ ਦਿੱਤੇ । ਡਾ ਜਗਜੀਤ ਸਿੰਘ ਕਾਲਸਾਂ ਤੇ ਉਹਨਾਂ ਦੀ ਪਤਨੀ ਅਜੀਤਪਾਲ ਕੌਰ ਨੇ ਲੋੜਵੰਦ ਪਰਿਵਾਰਾਂ ਨੂੰ ਮੁਫਤ ਦਵਾਈ ਦੇਣ ਵਾਰੇ ਵਾਅਦਾ ਕਰਦਿਆਂ ਬੱਚੀਆਂ ਨੂੰ ਨਕਦ ਸ਼ਗਨ ਵੀ ਦਿੱਤਾ। ਸ ਸੁਰਿੰਦਰਪਾਲ ਸਿੰਘ ਸਿਵੀਆਂ ਨੰਬਰਦਾਰ ਨੇ ਵੀ ਬੱਚੀਆਂ ਨੂੰ ਸ਼ਗਨ ਰਾਸ਼ੀ ਦਿੱਤੀ। ਸਮੇਂ ਦੀ ਲੋੜ ਤੇ ਅਧਾਰਿਤ ਬਲਵੀਰ ਕੌਰ ਰਾਮਗੜ੍ਹ ਸਿਵੀਆਂ 'ਆਓ ਭੈਣੋ ਆਪਾਂ ਹੁਣ ਸਭ ਇੱਕਜੁਟ ਹੋ ਜਾਈਏ' ਗੀਤ ਗਾ ਮਹੌਲ ਚ ਜੋਸ਼ ਭਰ ਦਿੱਤਾ। ਬੱਚੀ ਇਵਨੀਤ ਨੇ, 'ਪੁੱਤਰਾਂ ਨਾਲੋਂ ਧੀਆਂ ਵੀ ਕਿਸੇ ਗੱਲੋਂ ਘੱਟ ਨਹੀਂ' ਮਨਜੋਤ ਕੌਰ ਨੇ 'ਧੀ ਤੇ ਪੁੱਤ ਵਿੱਚ ਫ਼ਰਕ ਨਹੀਂ ਹੁੰਦਾ' ਗੀਤ ਗਾ ਕੇ ਵਾਹ ਵਾਹ ਖੱਟੀ, ਰਮਨਜੋਤ ਕੌਰ ਨੇ ਸ਼ੁਰੀਲੀ ਆਵਾਜ਼ ਚ 'ਪੁੱਤਾਂ ਵਾਂਗੂੰ ਵੰਡੋ ਧੀਆਂ ਦੀਆਂ ਲੋਹੜੀਆਂ, ਪੁੱਤਾਂ ਨੂੰ ਵੀ ਇਹੋ ਗੱਲ ਦੱਸਿਓ ਰੱਖਣ ਖਿਆਲ ਪਿਓ ਦੀ ਪੱਗ ਦਾ' ਗੀਤ ਗਾਇਆ ਤਾਂ ਲੋਕਾਂ ਨੋਟਾਂ ਨਾਲ ਉਹਦੀਆਂ ਮੁੱਠੀਆ ਭਰ ਦਿੱਤੀਆਂ। ਮੀਂਹ ਪੈਂਦੇ ਚ ਵੀ ਲੋਕਾਂ ਦੇਰ ਤੱਕ ਚੱਲੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਚੇਤਨਾ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ, ਮੀਤ ਪ੍ਰਧਾਨ ਸੰਤੋਖ ਸਿੰਘ, ਜਨਰਲ ਸਕੱਤਰ ਬਲਜਿੰਦਰ ਸਿੰਘ, ਖਜਾਨਚੀ ਬਲਜੀਤ ਸਿੰਘ, ਮੈਂਬਰ ਜਸਪਾਲ ਸਿੰਘ, ਦਰਸ਼ਨ ਸਿੰਘ ਸਿੰਘ, ਜੱਸਾ ਸਿੰਘ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ।
ਮੰਚ ਦੇ ਪ੍ਰਧਾਨ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੇ ਬੱਚੀਆਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ,ਸਮੂਹ ਨਗਰ ਨਿਵਾਸੀਆਂ ਅਤੇ ਬਾਹਰੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਹ ਪ੍ਰੋਗਰਾਮ ਅਮਿੱਟ ਛਾਪ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ।

ਫਿਲਮੀ ਐਕਟਰ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਕਾਂਗਰਸ ਪਾਰਟੀ ਵਿਚ ਹੋਏ ਸ਼ਾਮਲ

  ਮੋਗਾ , (ਬਲਵੀਰ ਸਿੰਘ ਬਾਠ ਜਨ ਸਕਤੀ ਨਿਊਜ਼ ਪੰਜਾਬ )  ਮਸ਼ਹੂਰ ਐਕਟਰ ਅਤੇ ਸਮਾਜ ਸੇਵੀ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੱਚਰ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ ਨਿਗ੍ਹਾ ਸਵਾਗਤ ਕੀਤਾ ਸੂਦ ਪਰਿਵਾਰ ਨੂੰ ਕਾਂਗਰਸ ਪਾਰਟੀ ਜੁਆਇਨ ਕਰਨ ਤੇ ਜੀਆ ਜੀ ਆਇਆਂ ਨੂੰ ਆਖਦੇ ਹੋਏ   ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਾਰਤ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਸ ਸਮੇਂ ਵੱਡੀ ਪੱਧਰ ਤੇ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ

ਸਿਆਸੀ ਪਾਰਟੀਆਂ ਦੇ ਲੱਗੇ ਹੋਰਡਿੰਗ ਬੋਰਡ ਉਡਾ ਰਹੇ ਹਨ ਚੋਣ ਜਾਬਤੇ ਦੀਆਂ ਧੱਜੀਆਂ

ਜਗਰਾਂਓ, 10 ਜਨਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)  ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਜਗਰਾਉਂ ਇਲਾਕੇ ਵਿੱਚ ਸਿਆਸੀ ਲੀਡਰਾਂ ਵੱਲੋਂ ਧੜਾਧੜ ਹੋਰਡਿੰਗ ਬੋਰਡ ਲਗਾ ਕੇ ਚੋਣਾਂ ਜਿੱਤਣ ਅਤੇ ਟਿਕਟ ਲੈਣ ਦੀ ਜੋਰ ਅਜਮਾਇਸ਼ ਕੀਤੀ ਜਾ ਰਹੀ ਸੀ।ਹੁਣ ਆਦਰਸ਼ ਚੋਣ ਜਾਬਤੇ ਨੂੰ ਲੱਗੇ ਤਕਰੀਬਨ 72 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਇਲਾਕੇ ਵਿੱਚ ਸਿਆਸੀ ਪਾਰਟੀਆਂ ਦੇ ਹੋਰਡਿੰਗ ਬੋਰਡ ਲੱਗੇ ਹੋਏ ਹਨ ਜੋ ਕਿ ਚੋਣ ਜਾਬਤੇ ਦੀ ਉਲੰਘਣਾ ਦੀਆਂ ਧੱਜੀਆਂ ਉਡਾ ਰਹੇ ਹਨ।ਥਾਂ-ਥਾਂ ਲੱਗੇ ਨਜਾਇਜ ਹੋਰਡਿੰਗ ਬੋਰਡ ਦੁਰਘਟਨਾਵਾਂ ਨੂੰ ਵੀ ਸੱਦਾ ਦੇ ਰਹੇ ਹਨ।ਇਸ ਸਬੰਧੀ ਐਸ.ਡੀ.ਐਮ ਵਿਕਾਸ ਹੀਰਾ ਦਾ ਕਹਿਣਾ ਹੈ ਕਿ ਜਿਹੜੇ ਪ੍ਰਾਈਵੇਟ ਅਦਾਰਿਆਂ ਤੇ ਬੋਰਡ ਲੱਗੇ ਹਨ।ਉਹ ਪ੍ਰਮੀਸ਼ਨ ਨਾਲ ਲੱਗੇ ਹੋਏ ਹਨ, ਉਹਨਾਂ ਨੂੰ ਅਸੀਂ ਉਤਾਰ ਨਹੀਂ ਸਕਦੇ।ਜਿਹੜੇ ਰਾਜਸੀ ਬੋਰਡ ਲੱਗੇ ਹਨ ਹੌਲੀ-ਹੌਲੀ ਇਹਨਾਂ ਨੂੰ ਉਤਾਰ ਰਹੇ ਹਾਂ।

ਬਰਸਾਤੀ ਪਾਣੀ ਨਾਲ 150 ਏਕੜ ਫਸਲ ਹੋਈ ਤਬਾਹ

ਹਠੂਰ,10 ਜਨਵਰੀ-(ਕੌਸ਼ਲ ਮੱਲ੍ਹਾ )-ਪਿਛਲੇ ਦਿਨੀ ਹੋਈ ਭਾਰੀ ਬਰਸਾਤ ਦੇ ਕਾਰਨ ਪਿੰਡ ਚਕਰ ਦੇ ਕਿਸਾਨਾ ਦੀ 150 ਏਕੜ ਫਸਲ ਤਬਾਹ ਹੋ ਚੁੱਕੀ ਹੈ।ਇਸ ਸਬੰਧੀ ਪੀੜ੍ਹਤ ਕਿਸਾਨ ਕਰਤਾਰ ਸਿੰਘ,ਸੁਖਜੀਤ ਸਿੰਘ ਬਾਠ,ਸਤਵਿੰਦਰ ਸਿੰਘ,ਕੁਲਦੀਪ ਸਿੰਘ,ਸੁਖਵੀਰ ਸਿੰਘ,ਸੁੱਖਾ ਚਕਰ,ਜਗਜੋਤ ਸਿੰਘ,ਬਲਬਹਾਦਰ ਸਿੰਘ,ਗੋਬਿੰਦ ਸਿੰਘ,ਜਗਤਾਰ ਸਿੰਘ,ਜਗਸੀਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਚਕਰ ਤੋ ਰਾਮੇ ਦੇ ਵਿਚਕਾਰ 110 ਏਕੜ ਕਣਕ ਦੀ ਫਸਲ,ਪਿੰਡ ਚਕਰ ਤੋ ਲੋਪੋ ਵਾਲੀ ਸੜਕ ਤੇ 20 ਏਕੜ ਆਲੂਆ ਦੀ ਫਸਲ,ਪਿੰਡ ਚਕਰ ਤੋ ਹਠੂਰ ਵਾਲੀ ਸੜਕ ਤੇ 10 ਏਕੜ ਕਣਕ ਅਤੇ 10 ਏਕੜ ਆਲੂਆ ਦੀ ਫਸਲ ਬਰਸਾਤ ਦਾ ਪਾਣੀ ਖੜ੍ਹਨ ਕਾਰਨ ਬੁਰੀ ਤਰ੍ਹਾ ਤਬਾਹ ਹੋ ਚੁੱਕੀ ਹੈ।ਉਨ੍ਹਾ ਦੱਸਿਆ ਕਿ ਪਿੰਡ ਚਕਰ ਤੋ ਪਿੰਡ ਰਾਮੇ ਵਾਲੀ ਸੜਕ ਤੇ 110 ਏਕੜ ਕਣਕ ਦੀ ਫਸ਼ਲ ਵਿਚ ਤਿੰਨ ਤੋ ਚਾਰ ਫੁੱਟ ਬਰਸਾਤੀ ਪਾਣੀ ਖੜ੍ਹਾ ਹੈ ਅਤੇ ਪਾਣੀ ਦਾ ਕੋਈ ਵੀ ਨਿਕਾਸ ਨਹੀ ਹੈ।ਉਨ੍ਹਾ ਦੱਸਿਆ ਕਿ ਕਣਕ ਬੀਜਣ ਤੋ ਲੈ ਕੇ ਅੱਜ ਤੱਕ 35 ਹਜਾਰ ਰੁਪਏ ਪ੍ਰਤੀ ਏਕੜ ਖਰਚਾ ਆਇਆ ਅਤੇ ਇਹ ਹਾੜੀ ਦੀ ਫਸਲ ਪੂਰਨ ਰੂਪ ਵਿਚ ਖਤਮ ਹੋ ਚੁੱਕੀ ਹੈ।ਇਸ ਮੌਕੇ ਪੀੜ੍ਹਤ ਕਿਸਾਨਾ ਨਾਲ ਹਮਦਰਦੀ ਕਰਨ ਪਹੁੰਚੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਇਨ੍ਹਾ ਪੀੜ੍ਹਤ ਕਿਸਾਨਾ ਦੀ ਨੁਕਸਾਨੀ ਗਈ ਫਸਲ ਦੀ ਗੁਦਾਵਰੀ ਕਰਕੇ ਤੁਰੰਤ ਯੋਗ ਮੁਆਵਜਾ ਦਿੱਤਾ ਜਾਵੇ।ਇਸ ਮੌਕੇ ਭਰੇ ਮਨ ਨਾਲ ਪੀੜ੍ਹਤ ਕਿਸਾਨਾ ਨੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਦੱਸਿਆ ਕਿ ਇਸ ਤੋ ਪਹਿਲਾ ਸਾਲ 2005 ਵਿਚ ਵੀ ਇਸ ਇਲਾਕੇ ਦੇ ਕਿਸਾਨਾ ਦੀ ਫਸਲ ਬਰਸਾਤੀ ਪਾਣੀ ਨਾਲ ਤਬਾਹ ਹੋਈ ਸੀ ਜਿਸ ਦਾ ਅੱਜ 16 ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਕਿਸਾਨ ਨੂੰ ਕੋਈ ਮੁਆਵਜਾ ਨਹੀ ਮਿਿਲਆ।ਉਨ੍ਹਾ ਕਿਹਾ ਕਿ ਪੀੜ੍ਹਤ ਕਿਸਾਨਾ ਦੀ ਜਿਆਦਾ ਖੇਤੀ ਠੇਕੇ ਤੇ ਲਈ ਹੋਈ ਹੈ ਅਤੇ ਜਮੀਨ ਦੇ ਮਾਲਕ ਨੇ ਤਾਂ ਠੇਕਾ ਸਮੇਂ ਸਿਰ ਲੈਣਾ ਹੀ ਹੈ ਚਾਹੇ ਜਮੀਨ ਵਿਚ ਫਸਲ ਹੋਵੇ ਜਾਂ ਨਾ ਹੋਵੇ,ਪਰ ਪੰਜਾਬ ਸਰਕਾਰ ਦਾ ਮੱੁਢਲਾ ਫਰਜ ਬਣਦਾ ਹੈ ਕਿ ਜਲਦੀ ਤੋ ਜਲਦੀ ਮੁਆਵਜਾ ਦਿੱਤਾ ਜਾਵੇ।ਇਸ ਮੌਕੇ ਵਿਧਾਇਕ ਮਾਣੂੰਕੇ ਨੇ ਆਪਣੇ ਫੋਨ ਤੋ ਐਸ ਡੀ ਐਮ ਜਗਰਾਓ,ਤਹਿਸੀਲਦਾਰ ਜਗਰਾਓ ਅਤੇ ਹੋਰ ਪ੍ਰਸਾਸਨ ਦੇ ਅਧਿਕਾਰੀਆ ਨਾਲ ਨੁਕਸਾਨੀ ਫਸਲ ਬਾਰੇ ਗੱਲਬਾਤ ਕੀਤੀ।ਇਸ ਮੌਕੇ ਉਨ੍ਹਾ ਨਾਲ ਜਨਰਲ ਸਕੱਤਰ ਸੁਰਿੰਦਰ ਸਿੰਘ ਲੱਖਾ,ਗੁਰਦੀਪ ਸਿੰਘ ਭੁੱਲਰ,ਪ੍ਰਧਾਨ ਤਰਸੇਮ ਸਿੰਘ ਹਠੂਰ,ਬਲਜਿੰਦਰ ਸਿੰਘ,ਸਵਰਨਜੀਤ ਸਿੰਘ,ਹਰਦੀਪ ਸਿੰਘ,ਨਛੱਤਰ ਸਿੰਘ,ਰਾਜਾ ਸਿੰਘ,ਮਨਜੀਤ ਸਿੰਘ,ਰਵਿੰਦਰ ਸਿੰਘ,ਗੋਰਾ ਸਿੰਘ,ਗੁਰਮੀਤ ਸਿੰਘ,ਗੁਰਦੇਵ ਸਿੰਘ ਜੈਦ,ਮਨਜੀਤ ਸਿੰਘ ਜੈਦ,ਗੁਰਸੇਵਕ ਸਿੰਘ,ਅਮਰ ਸਿੰਘ,ਸੋਹਣ ਸਿੰਘ,ਦੁੱਲਾ ਸਿੰਘ,ਪੂਰਨ ਸਿੰਘ,ਮਨਪ੍ਰੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਫੋਟੋ ਕੈਪਸ਼ਨ:-ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਪੀੜ੍ਹਤ ਕਿਸਾਨ ਬਰਸਾਤੀ ਪਾਣੀ ਨਾਲ 110 ਏਕੜ ਡੁੱਬੀ ਹੋਈ ਫਸਲ ਦਿਖਾਉਦੇ ਹੋਏ।

ਭੋਗ ਪਹਿਲੀ ਮਾਘ ਨੂੰ ਪੈਣਗੇ  

ਜਗਰਾਉਂ, 10  ਜਨਵਰੀ ( ਬਲਦੇਵ ਜਗਰਾਉਂ ) ਸੰਸਾਰ ਪ੍ਰਸਿੱਧ ਧਾਰਮਿਕ ਸੰਸਥਾ ਨਾਨਕਸਰ ਕਲੇਰਾਂ ਵਿਖੇ ਸੰਤ ਮਹੰਤ ਪ੍ਰਤਾਪ ਸਿੰਘ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਚ ਉਨ੍ਹਾਂ ਦੀ ਨੌਵੀਂ ਬਰਸੀ 14 ਜਨਵਰੀ ਇੱਕ ਮਾਘ ਨੂੰ ਮਨਾਈ ਜਾਵੇਗੀ।  ਸੰਤ ਮਹੰਤ ਹਰਬੰਸ ਸਿੰਘ ਜੀ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਮੌਕੇ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ।  ਜਿਸ ਵਿੱਚ ਵੱਖ ਵੱਖ ਸੰਪਰਦਾਵਾਂ ਦੇ ਮਹਾਂਪੁਰਸ਼ ਅਤੇ ਢਾਡੀ ਜਥੇ ਹਾਜ਼ਰੀਆਂ ਭਰਨਗੇ ।  ਇਸ ਸਮੇਂ ਇੱਕ ਮਾਘ ਨੂੰ ਪਾਠਾਂ ਦੀ ਲਡ਼ੀ ਦੇ ਭੋਗ ਪਾਏ ਜਾਣਗੇ ਅਤੇ ਜਲੇਬੀਆਂ ਟਿੱਕੀਆਂ ਪਕੌਡ਼ਿਆਂ ਦਾ ਲੰਗਰ ਵੀ ਅਤੁੱਟ ਵਰਤੇਗਾ । ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਬਰਸੀ ਸਮਾਗਮਾਂ ਚ ਵੱਧ ਚਡ਼੍ਹ ਕੇ ਹਿੱਸਾ ਲੈਣ  ।

ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ✍️ ਸਲੇਮਪੁਰੀ ਦੀ ਚੂੰਢੀ

- ਹੇ! ਗੂਰੂ ਗੋਬਿੰਦ ਸਿੰਘ
 ਤੈਨੂੰ  ਮੰਨਣ ਲਈ ਢੌਂਗ ਕਰਦੇ ਹਾਂ!
ਤੇਰੀ ਮੰਨਦੇ ਨਹੀਂ,ਐਵੇਂ ਗੱਲਾਂ ਕਰਦੇ ਹਾਂ!
ਤੂੰ ਜਾਤਾਂ-ਕੁਜਾਤਾਂ ਠੁਕਰਾ ਕੇ,ਇੱਕੋ ਬਾਟੇ 'ਚ ਅੰਮ੍ਰਿਤ ਛੁਕਾ ਕੇ!
ਮਨੁੱਖਤਾ ਦਾ ਪਾਠ ਪੜ੍ਹਾਕੇ,ਨਵਾਂ ਪੰਥ ਸਜਾ ਕੇ!
ਨਵਾਂ ਰਾਹ ਦਿਖਾਕੇ,ਆਪਾ ਆਪ ਲੁਟਾਕੇ!
ਜੋ ਪੈੜਾਂ ਪਾਈਆਂ 'ਤੇ ਚੱਲਦਿਆਂ ਸਾਨੂੰ ਘੁੱਟਣ ਮਹਿਸੂਸ ਹੁੰਦੀ ਐ!
ਤੂੰ ਜੁਲਮਾਂ ਵਿਰੁੱਧ ਲੜਿਆ ਸੀ,ਤੂੰ ਜਾਲਮ ਰਾਜੇ ਅੱਗੇ ਅੜਿਆ ਸੀ!
ਜੇ ਤੂੰ ਸਰਬੰਸ ਨਾ ਵਾਰਦਾ,ਅੱਜ ਹਿੰਦੂ ਨਾ ਹੁੰਦਾ!
ਅੱਜ ਜਨੇਊ ਨਾ ਹੁੰਦਾ,ਤੂੰ ਮੋਇਆਂ 'ਚ ਜਾਨ ਪਾਈ!
ਤੂੰ ਡੁੱਬਦੀ ਮਨੁੱਖਤਾ ਬਚਾਈ,ਤੇਰਾ ਕੌਣ ਦੇਊਗਾ ਦੇਣਾ!
ਅਸੀਂ ਤੇਰੀ ਕੀ ਮੰਨਣੀ ਆ?
ਅਸੀਂ ਤਾਂ ਅਜੇ ਤੇਰੇ ਪ੍ਰਕਾਸ਼ ਪੁਰਬ ਦੀਆਂ ਮਿਤੀਆਂ 'ਚ ਉਲਝ ਕੇ ਰਹਿ ਗਏ ਆਂ!
ਅਸੀਂ ਫਿਰ ਊਚ-ਨੀਚ ਦੀ ਘੁਮਣ-ਘੇਰੀ 'ਚ ਫਸ ਕੇ ਬਹਿ ਗਏ ਆਂ!
ਤੂੰ ਜੁਲਮ ਵਿਰੁੱਧ ਤਲਵਾਰ ਉਠਾਈ ਸੀ!
ਤੂੰ ਅਨੋਖੀ ਰੀਤ ਚਲਾਈ ਸੀ!
ਤੂੰ ਮਨੁੱਖਤਾ ਲਈ ਪਰਿਵਾਰ ਵਾਰਿਆ!
ਅਸੀਂ ਕੁਰਸੀ ਲਈ, ਨੋਟਾਂ ਲਈ!
ਅਹੁਦਿਆਂ ਲਈ,ਦੂਜਿਆਂ ਦਾ ਵਿਗਾੜਿਆ!
ਦੂਜਿਆਂ ਨੂੰ ਮਾਰਿਆ, ਸਿਰਫ ਆਪਾ ਹੀ ਸੰਵਾਰਿਆ!!
-ਸੁਖਦੇਵ ਸਲੇਮਪੁਰੀ
09780620233
9 ਜਨਵਰੀ, 2022

ਲੋਹੜੀ ਦਾ ਤਿਉਹਾਰ ✍️ ਹਰਮੇਸ਼ ਕੌਰ ਯੋਧੇ

ਲੋਹੜੀ ਦਾ ਜੇ ਆਇਆ ਤਿਉਹਾਰ,
ਭੈਣਾਂ-ਭਰਾਵਾਂ ਦਾ ਵਧਾਵੇ ਪਿਆਰ।
ਸਹੁਰੇ ਬੈਠੀ ਭੈਣ ਨੂੰ ਸੁਪਨਾ ਆਇਆ,
ਵੀਰਾ ਮੇਰਾ ਜੇ ਸੰਧਾਰਾ ਲਿਅਇਆ।
ਸੰਧਾਰੇ ਵਿੱਚ ਪਿੰਨੀਆਂ ਆਈਆਂ ਜੋ,
ਗਲੀ ਗਲੀ ਵਰਤਾਈਆਂ ਓਹ।
ਓਧਰ ਵਣਜ਼ਾਰਾ ਆਇਅ ਜੇ,
ਵੰਙਾਂ ਕਲਿੱਪ ਲਿਅਇਆ ਜੇ।
ਤਾਈ ਸੰਤੀ ਨੇ ਅਵਾਜ਼ ਮਾਰ ਬਿਠਾਇਆ ਏ,
ਸਭ ਨੇ ਵੰਙਾਂ ਚੜ੍ਹਾ ਕੇ ਚਾਅ ਲਾਇਆ ਏ।
ਮੁੰਡੇ ਲੋਹੜੀ ਮੰਗਣ ਆਉਂਦੇ ਨੇ,
ਸੁੰਦਰ-ਮੁੰਦਰੀ ਦਾ ਗੀਤ ਗਾਉਂਦੇ ਨੇ।
ਕੁੜੀਆਂ ਲੋਹੜੀ ਮੰਗਣ ਜਾਂਦੀਆਂ ਨੇ,
ਕਈ ਗੀਤ ਲੋਹੜੀ ਦੇ ਗਾਂਦੀਆਂ ਨੇ।
ਲੰਬੜਾਂ ਦੇ ਨਵੀਂ ਵਹੁਟੀ ਆਈ ਜੇ,
ਮੁੰਗਫਲੀ ਗਲੀ ਗਲੀ ਵਰਤਾਈ ਜੇ।
ਮਿੱਠੂ ਘਰੇ ਕਾਕਾ ਆਇਆ ਜੇ,
ਉਹਨਾਂ ਨੇ ਭੁੱਗਾ ਲਾਇਆ ਜੇ।
ਸ਼ਰੀਕਾ ਭੁੱਗਾ ਸੇਕਣ ਆਇਆ ਏ,
ਸਭਨੇ ਕਾਕਾ ਨੂੰ ਸ਼ਗਨ ਪਾਇਆ ਏ।
ਵੀਰੇ ਨੇ ਡੀ.ਜੇ. ਮੰਗਾ ਲਿਆ,
ਸਭਨੂੰ ਨੱਚਣ ਲਾ ਲਿਆ।
ਕੁੜੀਆਂ ਨੇ ਗਿੱਧਾ ਖ਼ੂਬ ਮਚਾਇਆ ਏ,
ਨੱਚ-ਨੱਚ ਕੇ ਧਰਤ ਨੂੰ ਹਿਲਾਇਆ ਏ।
‘ਯੋਧੇ’ ਯਾਦਾਂ ਦੁੱਲੇ ਭੱਟੀ ਦੀਆਂ ਆਈਆਂ ਨੇ,
ਜਿੰਨ੍ਹੇ ਧੀਆਂ ਦੀਆਂ ਇੱਜ਼ਤਾਂ  ਬਚਾਈਆਂ ਨੇ।
      ਹਰਮੇਸ਼ ਕੌਰ ਯੋਧੇ -ਮਦਰ ਟਰੇਸਾ ਅਵਾਰਡੀ

ਡਕੌਂਦਾ ਵੱਲੋ ਸੂਬਾ ਪੱਧਰੀ ਜੂਝਾਰ-ਰੈਲੀ ਲਈ ਤਿਆਰੀਆਂ ਜੋਰਾਂ'ਤੇ

10 ਜਨਵਰੀ ਦਾਣਾ ਮੰਡੀ ਬਰਨਾਲਾ ਇਕੱਠ ਇਤਿਹਾਸਕ ਹੋਵੇਗਾ-ਉੱਪਲੀ

ਮਹਿਲਕਲਾਂ /ਬਰਨਾਲਾ- 08 ਜਨਵਰੀ- (ਗੁਰਸੇਵਕ ਸਿੰਘ ਸੋਹੀ)-  ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਜਿਲ੍ਹਾ ਬਰਨਾਲਾ ਨੇ 10 ਜਨਵਰੀ ਨੂੰ ਬਰਨਾਲਾ ਦਾਣਾ ਮੰਡੀ ਵਿਖੇ ਕੀਤੀ ਜਾਣ ਵਾਲ਼ੀ ਸੂਬਾ-ਪੱਧਰੀ 'ਜੂਝਾਰ ਬਲਾਕਾਂ ਦੀਆਂ ਭਰਵੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਅੱਜ ਵਰਦੇ ਮੀਂਹ ਦੇ ਬਾਵਜੂਦ ਦਰਜਨਾਂ ਪਿੰਡਾਂ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਮਰਦ ਔਰਤਾਂ ਦੇ ਆਗੂ ਕਾਫਲਿਆਂ ਨੇ ਟੀਮਾਂ ਬਣਾਕੇ ਘਰ ਘਰ ਜਾਕੇ 10 ਜਨਵਰੀ ਜੁਝਾਰ ਰੈਲੀ ਵਿੱਚ ਵੱਡੀ ਗਿਣਤੀ ਪਹੁੰਚਣ ਲਈ ਅਪੀਲ ਕਰ ਰਹੇ ਹਨ। 
ਬੀਕੇਯੂ(ਡਕੌਂਦਾ) ਦੇ ਸੂਬਾ ਪ੍ਰੈੱਸ ਸਕੱਤਰ ਬਲਵੰਤ ਉੱਪਲੀ, ਮਲਕੀਤ ਈਨਾ, ਜਗਰਾਜ ਹਰਦਾਸਪੁਰਾ, ਅਮਨਦੀਪ ਸਿੰਘ ਰਾਏਸਰ, ਜਗਤਾਰ ਸਿੰਘ ਮੂੰਮ ਨੇ ਕਿਹਾ ਕਿ ਕਿਸਾਨੀ ਕਰਜ਼ੇ ਰੱਦ ਕਰਵਾਉਣ, ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ(ਐਮਐਸਪੀ) ਲਈ ਗਰੰਟੀ ਕਾਨੂੰਨ ਬਣਾਉਣ, ਫਸਲਾਂ ਦੀ ਸਰਕਾਰੀ ਖ੍ਰੀਦ ਦੀ ਗਰੰਟੀ ਦੇਣ, ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਵਾਉਣ, ਸ਼ਹੀਦਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਦਿਵਾਉਣ, ਗੁਲਾਬੀ ਸੁੰਡੀ ਅਤੇ ਝੋਨੇ ਦੀ ਫਸਲ ਦੇ ਖ਼ਰਾਬੇ ਦਾ ਮੁਆਵਜ਼ਾ ਹਾਸਲ ਕਰਨ ਸਮੇਤ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਵੱਖ-ਵੱਖ ਮੰਗਾਂ ਦੀ ਪੂਰਤੀ ਲਈ 'ਜੂਝਾਰ ਰੈਲੀ' ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਜੁਝਾਰ ਰੈਲੀ ਲਈ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਜੁਝਾਰ ਰੈਲੀ ਵਿੱਚ ਬਰਨਾਲਾ ਜਿਲ੍ਹੇ ਵਿੱਚੋਂ 10 ਹਜਾਰ ਤੋਂ ਵੀ ਵੱਧ ਕਿਸਾਨ ਮਰਦ ਔਰਤਾਂ ਕੇ ਕਾਫ਼ਲੇ ਸ਼ਾਮਿਲ ਹੋਣਗੇ।

ਮਨਰੇਗਾ ਮਜਦੂਰਾਂ ਨੇ ਅੱਠਵੇਂ ਦਿਨ ਵੀ ਮਹਿਲ ਕਲਾਂ ਨੂੰ ਨਗਰ ਪੰਚਾਇਤ ਬਣਾਉਣ ਦੇ ਵਿਰੋਧ ਵਿੱਚ ਕੀਤਾ ਰੋਸ ਪ੍ਰਦਰਸ਼ਨ

ਬੱਸ ਸਟੈਂਡ ਵਿਖੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਮਹਿਲ ਕਲਾਂ/ ਬਰਨਾਲਾ -08 ਜਨਵਰੀ- (ਗੁਰਸੇਵਕ ਸਿੰਘ ਸੋਹੀ ) -ਮਹਿਲ ਕਲਾਂ, ਮਹਿਲ ਕਲਾਂ ਸੋਢੇ ਅਤੇ ਮਹਿਲ ਖੁਰਦ ਤਿੰਨਾਂ ਪਿੰਡਾਂ ਨੂੰ ਮਿਲਾ ਕੇ ਨਗਰ ਪੰਚਾਇਤ ਬਣਾਉਣ ਦੇ ਰੋਸ ਵਜੋਂ ਮਹਿਲ ਕਲਾਂ ਮਹਿਲ ਕਲਾਂ ਸੋਢੇ ਅਤੇ ਮਹਿਲ ਕਲਾਂ ਦੇ ਮਜ਼ਦੂਰਾ ਵੱਲੋਂ ਦਿੱਤਾ ਜਾਂਦਾ ਧਰਨਾ ਅੱਜ ਅੱਠਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਤਿੰਨੇ ਪਿੰਡਾਂ ਦੇ ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਪੰਜਾਬ ਸਰਕਾਰ ਦਾ ਬੱਸ ਸਟੈਂਡ ਮਹਿਲ ਕਲਾਂ ਵਿਖੇ ਪੁਤਲਾ ਸਾੜਿਆ ਗਿਆ। ਇਸ ਮੌਕੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ,ਮੈਡੀਕਲ ਪ੍ਰੈਕਟੀਸਨਰਜ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕੁੱਕੂ ਨੇ ਕਿਹਾ ਕਿ ਦੇਸ਼ ਅਤੇ ਸੂਬੇ ਦੀਆਂ ਹਾਕਮ ਸਰਕਾਰਾਂ ਗਰੀਬ ਵਿਰੋਧੀ ਨੀਤੀਆਂ ਕਰਕੇ ਮਜ਼ਦੂਰਾਂ ਦਾ ਹਰ ਪਾਸਿਓਂ ਰੁਜ਼ਗਾਰ ਖਤਮ ਕਰ ਰਹੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪਿਛਲੇ ਕਾਫੀ ਸਮੇਂ ਤੋਂ ਕਰੋਨਾ ਦੀ ਮਹਾਂਮਾਰੀ ਕਾਰਨ ਲੱਗੇ ਲੌਕ ਡਾਊਨ ਕਾਰਨ ਗ਼ਰੀਬ ਮਜ਼ਦੂਰਾਂ ਦੇ ਚੁੱਲ੍ਹੇ ਪਹਿਲਾਂ ਹੀ ਠੰਢੇ ਹੋ ਚੁੱਕੇ ਹਨ ਅਤੇ ਦੂਸਰਾ ਇਹ  ਮੌਕੇ ਦੀਆਂ ਸਰਕਾਰਾਂ ਗ਼ਰੀਬ ਵਿਰੋਧੀ ਫ਼ੈਸਲੇ ਕਰ ਕੇ ਗ਼ਰੀਬਾਂ ਨੂੰ ਬਿਲਕੁਲ ਲਤਾੜ ਰਹੀਅਾ ਹਨ। ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਮਹਿਲ ਕਲਾਂ ਨੂੰ ਕਿਸੇ ਵੀ ਕੀਮਤ ਤੇ ਨਗਰ ਪੰਚਾਇਤ ਨਹੀਂ ਬਣਨ ਦਿੱਤਾ ਜਾਵੇਗਾ। ਇਸ ਮੌਕੇ ਕਰਤਾਰ ਸਿੰਘ ਮਹਿੰਦਰ ਸਿੰਘ, ਚਾਨਣ ਸਿੰਘ ,ਦੇਵ ਸਿੰਘ, ਲਾਲ ਸਿੰਘ ,ਸੁਰਜੀਤ ਸਿੰਘ ,ਜਰਨੈਲ ਸਿੰਘ, ਪਿਆਰਾ ਸਿੰਘ ,ਦਲੀਪ ਸਿੰਘ ,ਸੁਖਦੇਵ ਕੌਰ ,ਸੁਖਵਿੰਦਰ ਕੌਰ ,ਸੰਦੀਪ ਕੌਰ ,ਜਸਵੀਰ ਕੌਰ ਅਤੇ ਕਰਮਜੀਤ ਕੌਰ  ਹਾਜ਼ਰ ਸਨ ।

ਚੋਣ ਬੋਲੀਆਂ ✍️ ਸਲੇਮਪੁਰੀ ਦੀ ਚੂੰਢੀ

ਚੋਣ ਬੋਲੀਆਂ
-ਕੋਈ ਨਿਤਰੂ ਵੜੇਵੇਂ ਖਾਣੀ
ਚੋਣਾਂ ਦਾ ਐਲਾਨ ਹੋ ਗਿਆ!
ਦਾਰੂ ਪੀ ਕੇ ਵੋਟ ਨਾ ਪਾਇਓ
ਸਾਹ ਥੋਡਾ ਰਹੂ ਘੁੱਟਿਆ!
ਅਕਾਲੀ - ਬਸਪਾ ਪੱਟਾਂ 'ਤੇ ਥਾਪੀਆਂ ਮਾਰਦੇ, 

ਕਾਂਗਰਸ ਨੇ ਲੰਗੋਟਾ ਕੱਸਿਆ!
ਫੁੱਲ ਕਮਲ ਦਾ ਢੀਂਡਸਾ ਵੇਖਦਾ, ਕੈਪਟਨ ਸੁੰਘਦਾ ਫਿਰੇ!
ਆਪ ਖੜ੍ਹ ਗਈ ਮੈਦਾਨ ਵਿਚ ਆ ਕੇ, ਹੱਥਾਂ ਨੂੰ ਥੁੱਕ ਲਾਵੇ ਕਿਸਾਨ ਮੋਰਚਾ!
ਲੋਕ ਵੇਖਦੇ ਕਿਧਰ ਨੂੰ ਜਾਈਏ , 

ਕੌਣ ਸਾਡੀ ਬਾਂਹ ਫੜੂਗਾ?

-ਸੁਖਦੇਵ ਸਲੇਮਪੁਰੀ
09780620233
8 ਜਨਵਰੀ, 2022.

ਦੁਨੀਆਂ ਦੇ ਸਭ ਤੋਂ ਵੱਡੇ ਮਹਾਨ ਪੁੱਤਰਾਂ ਦੇ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ॥
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ।ਅੱਜ ਦੁਨੀਆਂ ਭਰ ਵਿੱਚ ਸਿੱਖ ਕੌਮ ਤੋਂ ਆਪਣਾ ਪਰਿਵਾਰ ਵਾਰਨ ਵਾਲੇ ਅਤੇ ਸਭ ਤੋਂ ਵੱਡੇ ਪੁੱਤਰਾਂ ਦੇ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਜੀ ਹਨ ।ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ । ਗੁਰੂ ਜੀ ਦਾ ਜਨਮ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੇ ਘਰ ਪਟਨਾ, ਬਿਹਾਰ 22 ਦਸੰਬਰ 1666 ਵਿਖੇ ਹੋਇਆ। ਅੱਜ ਦੁਨੀਆਂ ਭਰ ਵਿੱਚ ਗੁਰੂ ਜੀ ਨੂੰ ਕਲਗੀਆਂ ਵਾਲਾ, ਦਸਮੇਸ਼ ਪਿਤਾ, ਨੀਲੇ ਘੋੜੇ ਵਾਲਾ, ਬਾਜਾਂਵਾਲਾ, ਸਰਬੰਸਦਾਨੀ ਆਦਿ ਨਾਵਾਂ ਨਾਲ ਜਾਣਿਆਂ ਜਾਂਦਾ ਹੈ।ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਸਿੱਖੀ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਦੌਰੇ ਤੇ ਗਏ ਹੋਏ ਸੀ। ਜਦੋ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲੀ ਤਾਂ ਸਿੱਖਾਂ ਨੂੰ ਹੁਕਮਨਾਮਾ ਭੇਜਿਆ, ਪਰਿਵਾਰ ਦੀ ਦੇਖ ਰੇਖ ਕਰਨ ਲਈ ਤੇ ਮਾਤਾ ਗੁਜਰੀ ਨੂੰ ਸਨੇਹਾ, ਕੀ ਬੱਚੇ ਦਾ ਨਾਂ ਗੋਬਿੰਦ ਰਾਇ ਰੱਖਣਾ ਹੈ । ਇਥੇ ਹੀ ਪੀਰ ਭੀਖਣ ਸ਼ਾਹ ਜੋ ਇਕ ਨਾਮੀ ਮੁਸਲਿਮ ਫਕੀਰ ਸੀ ਲਖਨੋਰ ਤੋਂ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਏ ਤੇ ਦਰਸ਼ਨ ਕਰਦਿਆਂ ਸਾਰ ਉਨ੍ਹਾ ਨੂੰ ਹਿੰਦੂ – ਮੁਸਲਮਾਨਾ ਦਾ ਸਾਂਝਾ ਅਲਾਹੀ ਨੂਰ ਹੋਣ ਦਾ ਐਲਾਨ ਕੀਤਾ।ਗੁਰੂ ਜੀ ਬਚਪਨ ਵਿੱਚ ਹੀ ਬਾਲਕਾਂ ਨਾਲ ਨਕਲੀਆਂ ਲੜਾਈਆਂ ਲੜਿਆ ਕਰਦੇ ਸਨ। ਸੈਨਿਕ ਗੁਣ ਤਾਂ ਬਚਪਨ ਵਿੱਚ ਹੀ ਸਪੱਸਟ ਸਨ ਕਿ ਇਹ ਬਾਲਕ ਵੱਡਾ ਹੋਕੇ ਜ਼ੁਲਮਾਂ ਦਾ ਨਾਸ਼ ਕਰੇਗਾ।ਗੁਰੂ ਜੀ ਨੂੰ ਫੌਜੀ ਵਿਦਿਆ ਦੇ ਨਾਲ-ਨਾਲ ਸੰਸਕ੍ਰਿਤ, ਬ੍ਰਿਜ, ਅਰਬੀ, ਫ਼ਾਰਸੀ ਤੇ ਪੰਜਾਬੀ ਭਸਾਵਾਂ ਦਾ ਗਿਆਨ ਸੀ ।ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਵਿੱਚ ਗੁਰਬਾਣੀ ਲਿਖੀ ਹੈ। 1672 ਵਿੱਚ ਆਨੰਦਪੁਰ ਵਿਖੇ ਆ ਗਏ। ਫਾਰਸੀ ਦੀ ਸਿੱਖਿਆ ਕਾਜ਼ੀ ਪੀਰ ਮੁਹੰਮਦ ਤੋਂ, ਸੰਸਕਿ੍ਤ ਦੀ ਸਿੱਖਿਆ ਪੰਡਿਤ ਹਰਜਸ ਤੋਂ, ਗੁਰਮੁਖੀ ਲਿਪੀ ਦੀ ਸਿੱਖਿਆ ਮਤੀ ਦਾਸ ਅਤੇ ਸਾਹਿਬ ਚੰਦ ਤੋਂ ਪੑਾਪਤ ਕੀਤੀ। ਭਾਈ ਹਰਿਜਸ ਸੁਭਿੱਖੀ ਦੀ ਬੇਟੀ ਬੀਬੀ ਜੀਤਾਂ ਜੀ ਦੀ ਮੰਗਣੀ ਗੋਬਿੰਦ ਰਾਇ ਨਾਲ 12 ਮਈ, 1673 ਦੇ ਦਿਨ ਕੀਤੀ ਗਈ। ਇਸ ਦੇ ਨਾਲ ਹੀ ਭਾਈ ਬਜਰ ਸਿੰਘ ਨੂੰ ਗੋਬਿੰਦ ਰਾਇ ਨੂੰ ਸ਼ਸਤਰ ਚਲਾਉਣ ਅਤੇ ਘੋੜ ਸਵਾਰੀ ਸਿਖਾਉਣ ਵਾਸਤੇ ਤਾਇਨਾਤ ਕੀਤਾ ਗਿਆ।
ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖ਼ਤਮ ਕਰਨ ਲਈ ਅੱਤ ਚੁੱਕੀ ਹੋਈ ਸੀ। ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਆਏ। ਉਸ ਸਮੇਂ ਆਪ ਕੇਵਲ ਨੌਂ ਸਾਲ ਦੇ ਸਨ। ਗੁਰੂ ਜੀ ਨੇ ਆਪਣੇ ਪਿਤਾ ਨੂੰ ਕਸ਼ਮੀਰੀ ਪੰਡਿਤਾਂ ਦੀ ਸਹਾਇਤਾ ਲਈ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਸ਼ਹਾਦਤ ਲਈ ਭੇਜ ਦਿੱਤਾ। ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ ਰਾਮ ਕੰਵਰ ਜੀ ਨੇ ਮਰਯਾਦਾ ਅਨੁਸਾਰ ਗੁਰੂ ਜੀ ਨੂੰ ਗੁਰਗੱਦੀ ‘ਤੇ ਬਿਠਾ ਦਿੱਤਾ।ਗੁਰੂ ਜੀ ਨੇ ਸ਼ਾਸਤਰ ਸਰਧਾਂਲੂਆਂ ਨੂੰ ਸ਼ਾਸਤਰ ਭੇਂਟ ਕਰਨ ਦੀ ਆਗਿਆ ਦਿੱਤੀ ਤੇ ਇਕ ਰਣਜੀਤ ਨਗਾਰਾ ਬਣਵਾਇਆ ਜਿਸ ਦੀ ਗੂੰਜ ਦੂਰ-ਦੂਰ ਤੱਕ ਪਹਾੜੀ ਰਾਜਿਆਂ ਨੂੰ ਸੁਣਾਈ ਦਿੰਦੀ ਸੀ। ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਾਜਣਾ 1699 ਈ: ਵਿਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਕੀਤੀ ।ਤੇ ਇੱਕ ਸਿੱਖ ਫੌਜ ਤਿਆਰ ਕੀਤੀ ।ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਗੁਰੂ ਜੀ ਨੇ ਮੁਗ਼ਲ ਫੋਜਾਂ ਨਾਲ ਅਨੇਕਾਂ ਲੜਾਈਆਂ ਲੜੀਆਂ ਸਨ।ਗੁਰੂ ਜੀ ਨੂੰ ਆਨੰਦਪੁਰ ਦਾ ਕਿਲਾ ਵੀ ਛੱਡਣਾ ਪਿਆ। ਗੁਰੂ ਜੀ ਆਪਣੇ ਪਰਿਵਾਰ ਨਾਲੋਂ ਵਿਛੜ ਗਏ । ਗੁਰੂ ਜੀ ਦੇ ਦੋ ਛੋਟੇ ਸਾਹਿਬਜਾਦੇ ਨੀਹਾਂ ਵਿਚ ਚਿਣਵਾ ਦਿੱਤੇ ਗਏ ਤੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ | ਮਾਤਾ ਗੁਜਰੀ ਜੀ ਨੇ ਵੀ ਕਿਲੇ ਵਿਚ ਪ੍ਰਾਣ ਤਿਆਗ ਦਿੱਤੇ | ਪਰ ਗੁਰੂ ਜੀ ਅਡੋਲ ਰਹੇ।ਗੁਰੂ ਜੀ ਵਰਗਾ ਕੋਈ ਵੀ ਪੁੱਤਰਾਂ ਦਾ ਦਾਨੀ ਹੁਣ ਤੱਕ ਨਹੀਂ ਜਨਮਿਆ ਜਿਸਨੇ ਸਿੱਖ ਕੌਮ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਹੋਵੇ।ਗੁਰੂ ਜੀ ਨੇ ਸੁੱਖ ਕੌਮ ਲਈ ਆਪਣੇ ਚਾਰੇ ਪੁੱਤਰ ਵਾਰ ਦਿੱਤੇ ।ਪਿਤਾ ਵੀ ਵਾਰ ਦਿੱਤਾ।ਧੰਨ ਜਿਗਰਾ ਕਲਗੀਆਂ ਵਾਲੇ ਦਾ ਇੰਨੇ ਦੁੱਖ ਸਹਾਰ ਕੇ ਮੂੰਹ ਵਿੱਚੋਂ ਸੀ ਤੱਕ ਨਹੀਂ ਕਹੀ।ਗੁਰੂ ਜੀ ਦੀਆ ਕੁਰਬਾਨੀਆਂ ਦਾ ਇਤਿਹਾਸ ਗਵਾਹ ਹੈ।ਗੁਰੂ ਜੀ ਉੱਚ ਕੋਟੀ ਦੇ ਸਾਹਿਤਕਾਰ ,ਆਦਰਸ਼ਕ ਸੰਤ-ਸਿਪਾਹੀ ਸਨ। ਗੁਰੂ ਜੀ ਦੀਆਂ ਪ੍ਰਸਿੱਧ ਸਾਹਿਤਕ ਰਚਨਾਵਾਂ-ਚੰਡੀ ਦੀ ਵਾਰ, ਜ਼ਫਰਨਾਮਾ, ਬਚਿੱਤਰ ਨਾਟਕ, ਜਾਪੁ ਸਾਹਿਬ, ਅਕਾਲਾ ਉਸਤਤ, ਚੰਡੀ ਚਰਿੱਤਰ ਅਤੇ ਗਿਆਨ ਪ੍ਰਬੋਧ ਹਨ।ਗੁਰੂ ਜੀ ਨੇ ਜ਼ਫ਼ਰਨਾਮਾ ਪੱਤਰ ਲਿਖਿਆਂ ਸੀ ਜੋ ਕਿ ਫ਼ਾਰਸੀ ਵਿੱਚ ਔਰੰਗਜੇਬ ਨੂੰ ਲਿਖਿਆਂ ਸੀ।ਅੰਤ ਗੁਰੂ ਜੀ ਨੰਦੇੜ ਵਿਖੇ ਪੁੱਜੇ।ਜਿੱਥੇ ਗੁਰੂ ਜੀ 1708 ਈ. ਵਿੱਚ ਮਾਧੋਦਾਸ ਨੂੰ ਮਿਲੇ ਤੇ ਉਹਨਾਂ ਨੂੰ ਬੰਦਾ ਸਿੰਘ ਬਹਾਦਰ ਨਾਂ ਦੇਕੇ ਪੰਜਾਬ ਵੱਲ ਭੇਜਿਆ । ਗੁਰੂ ਜੀ 7 ਅਕਤੂਬਰ 1708 ਈ: ਨੂੰ ਜੋਤੀ-ਜੋਤਿ ਸਮਾ ਗਏ।

 

ਗਗਨਦੀਪ ਕੌਰ ਧਾਲੀਵਾਲ।

ਜਦੋਂ ਸਿੱਖ ਭੋਜਨ ਛਕਦੇ ਹਨ ਤਾਂ ਉਸ ਦਾ ਰਸ ਗੁਰੂ ਨੂੰ ਆਉਂਦਾ ਹੈਂ ✍️ ਹਰਨਰਾਇਣ ਸਿੰਘ ਮੱਲੇਆਣਾ

ਭਾਈ ਸਾਬ ਭਾਈ ਗੁਰਦਾਸ ਜੀ ਨੇ ਇੱਕ ਵਾਰ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਬਹੁਤ ਸਮੇਂ ਤੋਂ ਆਪ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸੀ ਪਰ ਝਿਜਕ ਜਾਂਦਾ ਸੀ। ਹੁਕਮ ਕਰੋ ਕਿ ਅੱਜ ਬੇਨਤੀ ਕਰ ਸਕਾਂ। ਗੁਰੂ ਸਾਹਿਬ ਕਹਿਣ ਲੱਗੇ ਦੱਸੋ ਭਾਈ ਸਾਬ ਜੀ। ਭਾਈ ਸਾਬ ਕਹਿਣ ਲੱਗੇ ਕਿ ਗੁਰੂ ਜੀ ਸਾਰੀ ਸੰਗਤ ਵਾਸਤੇ ਖੀਰ ਵੀ ਘਿਓ ਵਾਲੀ ਬਣਦੀ ਹੈ। ਵਧੀਆ ਸੋਹਣਾ ਭੋਜਨ ਬਣਦਾ ਹੈ। ਪਰ ਆਪ ਜੀ ਵਾਸਤੇ ਰੋਜ਼ ਅਲੂਣਾ ਦਲੀਆ (ਓਗਰਾ) ਬਣਦਾ ਹੈ। ਰੋਜ ਇਸ ਗੱਲ ਨਾਲ ਮੇਰਾ ਦਿਲ ਦੁਖਦਾ ਹੈ ਅਤੇ ਇੰਝ ਲਗਦਾ ਹੈ ਕਿ ਤੁਸੀਂ ਅਲੂਣਾ ਖਾਂਦੇ ਹੋ ਅਤੇ ਅਸੀਂ ਮਿੱਠਾ ਭੋਜਨ ਖਾ ਕੇ ਪਾਪ ਕਰ ਰਹੇ ਹਾਂ। ਗੁਰੂ ਜੀ ਅਸੀਂ ਰੋਜ ਏਨਾ ਸੋਹਣਾ ਭੋਜਨ ਛਕਦੇ ਹਾਂ ਤਾਂ ਤੁਸੀਂ ਕਿਉਂ ਨਹੀਂ ਛਕਦੇ। ਗੁਰੂ ਜੀ ਨੇ ਅੱਗੋਂ ਕਿਹਾ ਕਿ ਭਾਈ ਗੁਰਦਾਸ ਜੀ ਵੇਖੋ ਸਾਡੇ ਦੰਦਾਂ ਨਾਲ ਮਿੱਠਾ ਭੋਜਨ ਲੱਗਾ ਹੋਇਆ ਹੈ। ਅਸੀਂ ਤਾਂ ਰੋਜ  ਸਾਰੇ ਪਦਾਰਥ ਛਕਦੇ ਹਾਂ। ਭਾਈ ਸਾਬ ਕਹਿਣ ਲੱਗੇ ਗੁਰੂ ਜੀ ਅਸੀਂ ਰੋਜ ਦੇਖਦੇ ਹਾਂ ਕਿ ਤੁਸੀਂ ਦਲੀਆ ਛਕਦੇ ਹੋ। ਅਸੀਂ ਤੁਹਾਨੂੰ ਮਿੱਠਾ ਭੋਜਨ ਛਕਦੇ ਕਦੇ ਨਹੀਂ ਦੇਖਿਆ। ਗੁਰੂ ਜੀ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ ਇਹ ਜਿਹੜੇ ਸਿੱਖ ਹਨ ਇਹ ਮੇਰੀ ਜਿੰਦ ਹਨ। ਜੋ ਇਹਨਾਂ ਦੇ ਮੁੱਖ ਵਿੱਚ ਪੈਂਦਾ ਹੈ ਮੈਂ ਉਸ ਦਾ ਰਸ ਲੈਂਦਾ ਹਾਂ। ਇਹ ਸਿੱਖ ਮੇਰਾ ਰੂਪ ਹਨ ਅਤੇ ਇਹਨਾਂ ਦਾ ਮੁੱਖ ਮੇਰਾ ਮੁਖ ਹੈ। ਜੋ ਇਹਨਾ ਦੇ ਮੁੱਖ ਵਿੱਚ ਪੈਂਦਾ ਹੈ ਉਸ ਦਾ ਰਸ ਮੈਨੂੰ ਆਉਂਦਾ ਹੈ।
ਮਾਤਾ ਪ੍ਰੀਤਿ ਕਰੇ ਪੁਤੁ ਖਾਇ॥
ਮੀਨੇ ਪ੍ਰੀਤਿ ਭਈ ਜਲਿ ਨਾਇ॥
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ॥
ਪਿਆਰਿਓ ਗੁਰੂ ਆਪਣੇ ਸਿੱਖਾਂ ਨੂੰ ਬਹੁਤ ਪਿਆਰ ਕਰਦਾ ਹੈ। ਜਿਵੇਂ ਜੇ ਕੋਈ ਚੀਜ ਮਾਂ ਨੂੰ ਖਾਣ ਨੂੰ ਮਿਲੇ ਤਾਂ ਮਾਂ ਓਹ ਚੀਜ ਆਪਣੇ ਬੱਚੇ ਨੂੰ ਦੇ ਕੇ ਜਿਆਦਾ ਸੁਆਦ ਮਹਿਸੂਸ ਕਰਦੀ ਹੈ। ਇਸ ਨੂੰ ਪਿਆਰ ਕਹਿੰਦੇ ਹਨ। ਆਪਣੇ ਨਾਲੋਂ ਜਿਆਦਾ ਜਦੋਂ ਦੂਜੇ ਨੂੰ ਖੁਸ਼ ਵੇਖ ਕੇ ਖੁਸ਼ੀ ਹੁੰਦੀ ਹੈ ਉਹੀ ਪ੍ਰੀਤਿ ਹੁੰਦੀ ਹੈ। ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਮੈਂ ਰੋਜ ਰਾਤ ਨੂੰ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤਵੇਲੇ ਤਿੰਨ ਪਹਿਰ ਦੀ ਸੇਵਾ ਕਰਨ ਲਈ ਜਾਇਆ ਕਰਦਾ ਸੀ। ਸਿੰਘਾਂ ਨਾਲ ਏਨਾ ਪ੍ਰੇਮ ਹੁੰਦਾ ਸੀ ਕਿ ਜਦੋਂ ਘਰ ਵਿੱਚ ਕਿਸੇ ਪਾਸਿਓਂ ਮਿਠਾਈ ਦਾ ਡੱਬਾ ਆਉਣਾ ਤਾਂ ਘਰ ਵਿੱਚ ਮਿਠਾਈ ਖਾਣ ਦੀ ਬਜਾਏ ਡੱਬਾ ਸਿੰਘਾਂ ਲਈ ਲੈ ਜਾਣਾ ਅਤੇ ਵੰਡ ਦੇਣਾ । ਜਦੋਂ ਸੇਵਾ ਵਾਲੇ ਸਿੰਘ ਮਿਠਾਈ ਖਾਂਦੇ ਤਾਂ ਆਪਣੇ ਆਪ ਨੂੰ ਹੋਰ ਜਿਆਦਾ ਸਵਾਦ ਆਉਂਦਾ ।

ਪਿਆਰਿਓ ਇੱਕ ਗੱਲ ਸਮਝ ਆਈ ਕਿ ਜੇ ਸਿੱਖਾਂ ਦਾ ਸਤਿਕਾਰ ਕਰੋਗੇ ਤਾਂ ਗੁਰੂ ਨੂੰ ਸਤਿਕਾਰ ਮਿਲੇਗਾ। ਸਿੱਖਾਂ ਨਾਲ ਪਿਆਰ ਕਰੋਗੇ ਤਾਂ ਗੁਰੂ ਨੂੰ ਪਿਆਰ ਮਿਲੇਗਾ। ਸਿੱਖਾਂ/ਲੋੜਵੰਦਾਂ ਦੀ ਮਦਦ ਕਰੋਗੇ ਤਾਂ ਗੁਰੂ ਓਹਨੂੰ ਪਰਵਾਨ ਕਰੇਗਾ। ਸੋ ਗੁਰੂ ਸਾਹਿਬ ਕਿਰਪਾ ਕਰਨ ਕਿ ਸਾਨੂੰ ਸਾਰਿਆਂ ਨੂੰ ਗੁਰਸਿੱਖਾਂ ਦਾ ਪਿਆਰ ਮਿਲ ਜਾਵੇ।

 

ਹਰਨਰਾਇਣ ਸਿੰਘ ਮੱਲੇਆਣਾ

ਦੁਨੀਆਂ ਦੇ ਮਹਾਨ ਹਾਕੀ ਖਿਡਾਰੀ ਸੁਰਜੀਤ ਸਿੰਘ ਨੂੰ ਉਨ੍ਹਾਂ ਦੀ ਅੱਜ 38 ਵੀਂ ਬਰਸੀ ਤੇ ਯਾਦ ਕਰਦੇ ਹੋਏ ✍️ ਅਮਨਜੀਤ ਸਿੰਘ ਖਹਿਰਾ

ਅੱਜ ਤੋਂ 38 ਸਾਲ ਪਹਿਲਾਂ ਪੰਜਾਬ ਨੇ ਪੰਜਾਬ ਦਾ ਇੱਕ ਹੋਣਹਾਰ ਸਪੂਤ ਅਜਾਈਂ ਗਵਾ ਲਿਆ ਸੀ । 1975 ਵਿਸ਼ਵ ਕੱਪ ਜੇਤੂ ਤੇ 1976 ਮਾਂਟਰੀਅਲ ਓਲੰਪਿਕਸ ਵਿੱਚ ਖੇਡਣ ਵਾਲਾ ਸੁਰਜੀਤ ਸਿੰਘ ਦੁਨੀਆ ਦੇ ਚੋਟੀ ਦੇ ਡਿਫੈਂਡਰਾਂ ਵਿੱਚੋਂ ਇਕ ਹੈ ।  ਕਿਵੇਂ ਉਹ ਸਾਥੋਂ ਵਿੱਛੜਿਆ ਮੈਂ ਇਸ ਬਾਰੇ ਤਾਂ ਗੱਲ ਨਹੀਂ ਕਰਨੀ ਚਾਹੁੰਦਾ ਪਰ ਅੱਜ ਉਸ ਦੀ ਵਿਛੜੀ ਰੂਹ ਨੂੰ ਸਿਜਦਾ ਕਰਦੇ ਮਨ ਭਰ ਆਇਆ ਰੋਮ ਰੋਮ ਕੁਰਲਾ ਉੱਠਿਆ ਜਦੋਂ ਉਸ ਸਮੇਂ ਨੂੰ ਯਾਦ ਕੀਤਾ ਕਿ ਕਿਸ ਤਰ੍ਹਾਂ ਹੋਈ ਸੀ ਭਾਰਤ ਦੇ ਮਹਾਨ ਖਿਡਾਰੀ ਓਲੰਪੀਅਨ ਸੁਰਜੀਤ ਸਿੰਘ ਦੀ ਮੌਤ । ਉਸ ਦੀ ਹਾਕੀ ਦੀ ਖੇਡ ਪੰਜਾਬ ਦੇ ਬੱਚੇ ਬੱਚੇ ਲਈ ਇਕ ਉਦਾਹਰਣ ਹੈ ਤੇ ਆਓ ਅੱਜ ਸਾਰੇ ਰਲ ਕੇ ਉਸ ਮਹਾਨ ਖਿਡਾਰੀ ਨੂੰ ਅਤੇ ਉਸ ਦੀ ਸੋਚ ਉਪਰ ਮਾਣ ਕਰਦੇ ਹੋਏ ਉਸ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ । ਅਮਨਜੀਤ ਸਿੰਘ ਖਹਿਰਾ  

 

 

 

 

 

 

ਸਾਂਝੀ ਮੀਟਿੰਗ ਵਿੱਚ 26 ਜਨਵਰੀ ਨੂੰ ਥਾਣਾ ਸਿਟੀ ਅੱਗੇ ਪੱਕਾ ਮੋਰਚਾ ਲਾਉਣ ਦਾ ਹੋਇਆ ਐਲਾਨ 

ਅੱਜ ਤੋਂ ਇੱਕ ਹਫਤਾ ਗੁਰਿੰਦਰ ਬੱਲ, ਜਗਰਾਉਂ ਪੁਲਿਸ ਅਤੇ ਚੰਨੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ 

11 ਜਨਵਰੀ ਨੂੰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਡੀਆਈਜੀ ਨੂੰ ਮਿਲੇਗਾ ਵਫਦ 

ਜਗਰਾਉਂ 7 ਜਨਵਰੀ (ਜਸਮੇਲ ਗ਼ਾਲਿਬ ) ਦਲਿਤ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੀਤੇ ਅੱਤਿਆਚਾਰ ਦੇ ਖਿਲਾਫ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜਦੂਰ ਯੂਨੀਅਨ ਵੱਲੋਂ ਨਛੱਤਰ ਭਵਨ ਜਗਰਾਉਂ ਵਿਖੇ ਬੁਲਾਈ ਗਈ ਜਨਤਕ ਜਥੇਬੰਦੀਆਂ ਦੀ ਮੀਟਿੰਗ ਸਫਲ ਰਹੀ। ਮੀਟਿੰਗ ਵਿੱਚ ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਕਰਮਜੀਤ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਤਰਲੋਚਨ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ ਤੇ ਨਿਰਮਲ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਧਾਲੀਵਾਲ ਤੇ ਬੂਟਾ ਸਿੰਘ ਹਾਂਸ, ਯੂਥ ਵਿੰਗ ਕੇ.ਕੇ.ਯੂ. ਦੇ ਕਨਵੀਨਰ ਮਨੋਹਰ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਕੱਤਰ ਇੰਦਰਜੀਤ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਗੁਰਚਰਨ ਸਿੰਘ ਤੇ ਬਲਵਿੰਦਰ ਸਿੰਘ ਪੋਨਾ, ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਮੋਹਣ ਸਿੰਘ ਬੰਗਸੀਪੁਰਾ ਤੇ ਜਸ਼ਪ੍ਰੀਤ ਸਿੰਘ ਢੋਲਣ, ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਆਗੂ ਗੁਰਦੀਪ ਸਿੰਘ ਮੋਤੀ ਤੇ ਜਗਦੀਸ਼ ਸਿੰਘ, ਨਿਹੰਗ ਸਿੰਘ ਤਰਨਾ ਦਲ਼ ਦੇ ਮੁਖੀ ਬਾਬਾ ਸੁਖਦੇਵ ਸਿੰਘ ਤੇ ਜੱਥੇਦਾਰ ਸਤਨਾਮ ਸਿੰਘ ਤਰਨਾ ਦਲ਼, ਬਹੁਜ਼ਨ ਆਗੂ ਸੰਤ ਰਾਮ ਮੱਲੀ, ਕੈਪਟਨ ਸਾਧੂ ਸਿੰਘ, ਕਿਸਾਨ ਬਚਾਓ ਮੋਰਚੇ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਮਲ਼ਕ, ਜਬਰ ਵਿਰੋਧੀ ਫਰੰਟ ਦੇ ਕੁਲਦੀਪ ਸਿੰਘ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਸਾਂਝੀ ਮੀਟਿੰਗ ਵਿੱਚ ਸ਼ਾਮਿਲ ਹੋਏ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੁਲਵੰਤ ਕੌਰ ਦੇ ਕਾਤਲ ਗੁਰਿੰਦਰ ਬੱਲ, ਐਸਐਚਉ ਰਾਜਬੀਰ ਸਿੰਘ, ਸਰਪੰਚ ਰਣਜੀਤ ਸਿੰਘ ਨੂੰ ਗ੍ਰਿਫਤਾਰੀ ਤੋਂ ਬਚਾਅ ਰਹੀ ਜਗਰਾਉਂ ਪੁਲਿਸ ਦੇ ਖਿਲਾਫ 26 ਜਨਵਰੀ ਨੂੰ ਥਾਣਾ ਸਿਟੀ ਜਗਰਾਉਂ ਅੱਗੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਆਗੂ ਤਰਲੋਚਨ ਸਿੰਘ ਝੋਰੜਾਂ ਕੁੱਲ ਹਿੰਦ ਕਿਸਾਨ ਸਭਾ ਦੇ ਨਿਰਮਲ ਸਿੰਘ ਨੇ ਦੱਸਿਆ ਕਿ ਗੁਰਿੰਦਰ ਬੱਲ ਨੂੰ ਸਿਆਸੀ ਪੁਸ਼ਤਪਨਾਹੀ ਕਾਰਨ ਜਗਰਾਉਂ ਪੁਲਿਸ ਬਿਸਲਾ ਰਿਪੋਰਟ ਦਾ ਬਹਾਨਾ ਬਣਾ ਕੇ ਦਰਜ ਮੁਕੱਦਮੇ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਪਰ 2005 ਵਿੱਚ ਗੁਰਿੰਦਰ ਬੱਲ ਦੁਆਰਾ ਕੁਲਵੰਤ ਕੌਰ ਤੇ ਮਾਤਾ ਛਿੰਦਰਪਾਲ ਕੌਰ ਨੂੰ ਜਗਰਾਉਂ ਥਾਣੇ ਵਿੱਚ ਸਾਰੀ ਰਾਤ ਨਜਾਇਜ ਹਿਰਾਸਤ 'ਚ ਰੱਖਣਾ ਸਾਬਿਤ ਹੋ ਚੁੱਕਾ ਹੈ। ਕੁਲਵੰਤ ਕੌਰ ਦੇ ਕਰੰਟ ਲਗਾਉਣ, ਕੁੱਟਮਾਰ ਕਰਨ ਦੀ ਛਿੰਦਰਪਾਲ ਕੌਰ ਚਸ਼ਮਦੀਦ ਗਵਾਹ ਹੈ। ਪਰ ਪੁਲਿਸ ਨਜਾਇਜ ਹਿਰਾਸਤ ਨੂੰ ਗੰਭੀਰ ਨਹੀਂ ਮੰਨ ਰਹੀ ਬੱਸ ਟਾਲਮਟੋਲ ਕਰ ਰਹੀ ਹੈ। ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਨੋਹਰ ਸਿੰਘ ਝੋਰੜਾਂ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਨੇ ਦੱਸਿਆ ਇਹ ਪੱਕਾ ਮੋਰਚਾ ਹੁਣ ਪ੍ਰਸਾਸ਼ਨ ਅਤੇ ਚੰਨੀ ਸਰਕਾਰ ਦੀ ਗਲੇ ਦੀ ਹੱਡੀ ਬਣੇਗਾ। ਉਹਨਾਂ ਕਿਹਾ ਕਿ ਗੁਰਿੰਦਰ ਬੱਲ ਨੂੰ ਸਿਆਸੀ ਸ਼ਹਿ ਦੇ ਰਹੇ ਸਿਆਸੀ ਚਿਹਰਿਆਂ ਨੂੰ ਬੇਪਰਦ ਕਰਨ ਲਈ ਪੁਲਿਸ ਜਗਰਾਉਂ ਦੇ ਨਾਲ ਹੀ ਚੰਨੀ ਸਰਕਾਰ ਦੇ ਵੀ ਅੱਜ ਤਾਂ ਇੱਕ ਹਫਤਾ ਤੱਕ ਪੁਤਲੇ ਫੂਕੇ ਜਾਣਗੇ ਅਤੇ 26 ਜਨਵਰੀ ਨੂੰ ਥਾਣਾ ਸਿਟੀ ਜਗਰਾਉਂ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।

ਸੰਤ ਬਾਬਾ ਜਮੀਤ ਸਿੰਘ ਜੀ ਚੈਰੀਟੇਬਲ ਟਰੱਸਟ ਲੋਪੋ ਵਾਲਿਆ ਵੱਲੋਂ ਧੀਆਂ ਦੀ ਲੋਹੜੀ10 ਜਨਵਰੀ ਨੂੰ: ਸੁਆਮੀ ਜੁਗਰਾਜ ਸਿੰਘ ਜੀ ਲੰਗਰਾਂ ਵਾਲੇ

ਜਗਰਾਉਂ , 7 ਜਨਵਰੀ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਲੋਪੋ (ਮੋਗਾ)ਵਿਖੇ  ਸੰਤ ਬਾਬਾ ਜਮੀਤ ਸਿੰਘ ਜੀ ਚੈਰੀਟੇਬਲ ਟਰੱਸਟ ਲੋਪੋਂ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਜਮੀਤ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ ਲੋਪੋ ਵਿਖੇ ਧੀਆਂ ਦੀ ਲੋਹੜੀ 10 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 10ਵਜੇ ਨਵੀਂਆਂ ਜੰਮੀਆਂ ਕੁੜੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ । ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਸੁਆਮੀ ਜੁਗਰਾਜ ਸਿੰਘ ਜੀ (ਲੰਗਰਾਂ ਵਾਲਿਆ) ਅਤੇ ਸਮੂਹ ਟਰੱਸਟ ਸੰਤ ਬਾਬਾ ਜਮੀਤ ਸਿੰਘ ਚੈਰੀਟੇਬਲ ਟਰੱਸਟ ਲੋਪੋਂ ਵਾਲਿਆ ਨੇ ਦਿੱਤੀ।ਉਨ੍ਹਾਂ ਦੱਸਿਆ ਹੈ ਕਿ ਲੜਕੀਆਂ ਨੂੰ ਤੋਹਫ਼ੇ ਦਿੱਤੇ ਜਾਣਗੇ।ਇਸੇ ਦਿਨ ਸਕੂਲੀ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਤੇ ਪੂਰੇ ਰਸਮੀ ਰਿਵਾਜਾਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਜਾਵੇਗਾ।ਇਸ ਸਮੇਂ ਸੁਆਮੀ ਜੁਗਰਾਜ ਸਿੰਘ (ਲੰਗਰਾਂ ਵਾਲਿਆਂ)ਨੇ ਇਲਾਕਾ ਨਿਵਾਸੀਆਂ ਨੂੰ ਧੀਆਂ ਦੀ ਲੋਹੜੀ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ।ਇਸ ਸਮੇਂ ਪ੍ਰਬੰਧਕ ਅਤੇ ਸੇਵਾਦਾਰ ਹਾਜ਼ਰ ਸਨ।

ਚੰਨੀ ਸਰਕਾਰ ਮੋਦੀ ਨੂੰ ਸੁਰੱਖਿਆ ਦੇਣ ਚ ਰਹੀ ਅਸਫ਼ਲ:ਕਾਕਾ ਜ਼ੈਲਦਾਰ ਕਿਸ਼ਨਪੁਰਾ

ਕਿਸ਼ਨਪੁਰਾ ਕਲਾਂ, 7 ਜਨਵਰੀ (ਜਸਮੇਲ ਗ਼ਾਲਿਬ)ਪਿੰਡ ਕਿਸ਼ਨਪੁਰਾ ਕਲਾਂ ਤੋਂ ਸਾਬਕਾ ਸਰਪੰਚ ਸਵਰਨਜੀਤ ਕਾਕਾ ਜ਼ੈਲਦਾਰ ਨੇ ਕੈਨੇਡਾ ਤੋਂ ਟੈਲੀਫੋਨ ਰਾਹੀਂ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਸਮੇਤ ਕਾਂਗਰਸ ਸਰਕਾਰ ਉੱਤੇ ਪੰਜਾਬ ਚ ਕਾਨੂੰਨ ਵਿਵਸਥਾ ਨੂੰ ਖ਼ਰਾਬ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਚੰਨੀ ਸਰਕਾਰ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਰੱਖਿਆ ਦੇਣ ਚ ਅਸਫਲ ਰਹੀ ਹੈ ਉਥੇ ਸਾਰੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਨੂੰ ਵੀ ਦਾਅ ਲਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਚ ਕਿਸਾਨਾਂ ਨੂੰ ਭੜਕਾ ਕੇ ਉਨ੍ਹਾਂ ਨੂੰ ਪ੍ਰਦਰਸ਼ਨ ਦੇ ਰਸਤੇ ਤੋਰ ਕੇ ਸੂਬੇ ਦਾ ਬਹੁਤ ਹੀ ਆਰਥਿਕ ਨੁਕਸਾਨ ਕੀਤਾ ਹੈ।ਕਾਕਾ ਜ਼ੈਲਦਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਜੇ ਸਰਕਾਰੀ ਪ੍ਰੋਗਰਾਮ ਅਤੇ ਉਨ੍ਹਾਂ ਦੇ ਆਉਣ ਜਾਣ ਵਾਲੇ ਰਸਤਿਆਂ ਦੀ ਸੁਰੱਖਿਆ ਵਿਵਸਥਾ ਪੰਜਾਬ ਸਰਕਾਰ ਦੀ ਜ਼ਿੰਮੇਦਾਰੀ ਸੀ ਪਰ ਸੂਬਾ ਸਰਕਾਰ ਨੇ  ਸੁਰੱਖਿਆ ਵਸਤਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਿਸ ਕਾਰਨ ਰਾਸ਼ਟਰੀ ਸੁਰੱਖਿਆ ਏਜੰਸੀ ਨੂੰ ਉਨ੍ਹਾਂ ਦਾ ਪ੍ਰੋਗਰਾਮ ਰੱਦ ਕਰਨਾ ਪਿਆ।

ਮੈਡੀਕਲ ਪ੍ਰੈਕਟੀਸ਼ਨਰਾਂ ਦੀ ਡਿਪਟੀ ਮੁਖ ਮੰਤਰੀ ਤੇ ਸਿਹਤ ਮੰਤਰੀ ਓਂ ਪੀ ਸੋਨੀ ਤੋਂ  ਬਾਅਦ ਪਿਂਸੀਪਲ ਹੈਲਥ ਡਾਇਰੈਕਟਰ ਨਾਲ ਮੀਟਿੰਗ.

ਚੰਡੀਗੜ੍ਹ , 06 ਜਨਵਰੀ -(ਗੁਰਸੇਵਕ ਸੋਹੀ) -ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ 295)ਪੰਜਾਬ ਵਲੋਂ ਲਗਾਤਾਰ ਸਰਕਾਰ ਦੇ ਖਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਵਾਸ ਸਥਾਨ ਮੋਰਿੰਡਾ ਤੇ ਡਿਪਟੀ ਮੁੱਖ ਮੰਤਰੀ ਤੇ ਸਿਹਤ ਮੰਤਰੀ ਓ ਪੀ ਸੋਨੀ ਦੇ ਨਿਵਾਸ ਅੰਮ੍ਰਿਤਸਰ ਵਿਖੇ ਭੁੱਖ ਹੜਤਾਲ ਕੀਤੀ ਗਈ । ਜਿਸ ਅਗੇ ਝੁਕਦਿਆਂ ਪੰਜਾਬ ਸਰਕਾਰ ਵਲੋਂ ਭੁੱਖ ਹੜਤਾਲ ਖਤਮ ਕਰਵਾਕੇ ਹੈਲਥ ਡਾਇਰੈਕਟਰ ਨਾਲ ਮੀਟਿੰਗ ਤਹਿ ਕਰਵਾਈ ਗਈ। ਇਹ ਮੀਟਿੰਗ  ਕੋਰ ਕਮੇਟੀ ਵਲੋ ਚੰਡੀਗੜ੍ਹ  ਦੇ ਸੈਕਟਰ 34 D ਹੈਲਥ ਡਾਇਰੈਕਟਰ ਦੇ ਦਫਤਰ ਕੀਤੀ ਗਈ ਅਤੇ ਵਖ ਵਖ ਰਾਜਾਂ ਦੇ ਡਾਕੂਮੈਂਟ ਦੇ ਕੇ ਸਰਕਾਰ ਨੂੰ ਮਸਲਾ ਹਲ ਕਰਨ ਲਈ ਜਾਗਰੂਕ ਕੀਤਾ ਗਿਆ  
ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰੈੱਸ ਸਕੱਤਰ ਪੰਜਾਬ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ ਡਾ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੇ ਕਿਹਾ ਮੱਧ ਪ੍ਰਦੇਸ਼ ,ਬੰਗਾਲ, ਬਿਹਾਰ,ਅਤੇ ਹੋਰ ਦੂਸਰੇ ਸੂਬਿਆਂ ਦੀ ਤਰ੍ਹਾਂ ਪੰਜਾਬ ਸਰਕਾਰ ਵੀ ਪਿੰਡਾਂ ਵਿੱਚ ਕੰਮ ਕਰਦੇ ਡਾਕਟਰਾਂ ਨੂੰ ਤਜਰਬੇ ਦੇ ਆਧਾਰ ਤੇ ਮਾਨਤਾ ਦਵੇ ਅਤੇ  ਬਾਹਰਲੇ ਸੂਬਿਆਂ ਤੋਂ ਰਜਿਸਟਰਡ ਵੈਦਾਂ ਨੂੰ ਪੰਜਾਬ ਸਰਕਾਰ ਵੀ ਰਜਿਸਟਰਡ ਕਰੇ।  ਉਨ੍ਹਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਫਸਰਸ਼ਾਹੀ ਤੇ   ਪੰਜਾਬ ਸਰਕਾਰ ਲਗਾਤਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਜਾਣਬੁੱਝ ਲਮਕਾਅ ਰਹੀ ਹੈ। ਇਸ ਮੌਕੇ ਡਾਕਟਰ ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ, ਡਾ ਜਸਵਿੰਦਰ ਕਾਲਖ ਸਕੱਤਰ ਜਨਰਲ ਸਕੱਤਰ ਪੰਜਾਬ, ਡਾ ਮਾਘ ਸਿੰਘ ਜੀ ਮਾਣਕੀ ਸੂਬਾ ਕੈਸ਼ੀਅਰ, ਡਾ ਬਲਕਾਰ ਸਿੰਘ ਜੀ ਸੇਰਗਿਲ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਗੁਰਮੁਖ ਸਿੰਘ ਜੀ ਮੀਤ  ਪ੍ਰਧਾਨ ਪੰਜਾਬ ਹਾਜਰ ਸਨ ।ਉਹਨਾਂ ਕਿਹਾ ਕਿ ਸਰਕਾਰਾਂ ਲਾਰੇ ਲੱਪੇ ਵਾਲੀਆਂ ਹੱਦ ਟੱਪ ਚੁਕੀ ਹੈ। ਮੈਡੀਕਲ ਪ੍ਰੈਕਟੀਸ਼ਨਰ ਦਾ ਮਸਲਾ ਜਾਣ ਬੁੱਝ ਕੇ , ਲਮਕਾ ਕੇ ਸਿਹਤ ਕਾਰਪੋਰੇਟ ਨੂੰ ਪੰਜਾਬ ਦੇ 80 % ਕਿਰਤੀ ਲੋਕਾਂ ਉੱਤੇ ਜਬਰੀ ਥੋਪਿਆ ਜਾ ਰਿਹਾ ਹੈ  ।
ਦੂਜੇ ਪਾਸੇ  ਡਿਪਟੀ ਮੁੱਖ ਮੰਤਰੀ ਤੇ ਸਿਹਤ ਮੰਤਰੀ ਓ ਪੀ ਸੋਨੀ ਨੇ ਮੰਗ ਪੱਤਰ  ਲੈਂਦਿਆਂ ਵਿਸਵਾਸ ਦੁਆਇਆ ਕਿ ਕੈਬਨਿਟ ਦੀ ਉਚ ਪੱਧਰੀ ਮੀਟਿੰਗ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਉਠਾਇਆ ਜਾਵੇਗਾ ਤੇ ਸਰਕਾਰ ਹਰ ਹਾਲ  ਮਸਲਾ ਹੱਲ ਕਰੇਗੀ।

ਸੰਯੁਕਤ ਸਮਾਜ ਮੋਰਚਾ  ਨੇ ਫੂਕਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ

ਕਾਰਪੋਰੇਟ ਘਰਾਣਿਆਂ ਅਤੇ ਮੋਦੀ ਜੁੰਡਲੀ ਦੀਆਂ ਜੜ੍ਹਾਂ ਪੁੱਟਣ ਦਾ ਸੱਦਾ... ਪਾਸਲਾ  
      ਮੁੱਲਾਪੁਰ , 6 ਜਨਵਰੀ - (ਗੁਰਸੇਵਕ ਸੋਹੀ )-  ਅੰਬੇਦਕਰ ਭਵਨ ਮੁੱਲਾਂਪੁਰ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਭਰਵੀਂ ਕੰਨਵੈਨਸ਼ਨ ਕੀਤੀ ਗਈ। ਜਿਸ ਨੂੰ ਆਰ ਐਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਕਾ: ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਚੰਨੀ ਸਰਕਾਰ ਲੋਕਾਂ ਦੀ ਗੱਲ ਕਰਨ ਦੀ ਥਾਂ ਕਾਰਪੋਰੇਟ ਘਰਾਣਿਆਂ ਦੇ ਪੱਖ ਦੀਆਂ ਨੀਤੀਆਂ ਘੜ ਕੇ ਦੇਸ਼ ਦਾ ਸਰਮਾਇਆ ਲੁਟਾਉਣਾ ਚਾਹੁੰਦੀਆਂ ਹਨ। ਜਿਸ ਕਰਕੇ ਦੇਸ਼ ਵਿੱਚ ਅਮੀਰ ਤੇ ਗਰੀਬ ਦਾ ਪਾੜਾ ਵੱਧ ਰਿਹਾ ਹੈ। ਉਹਨਾਂ ਆਖਿਆ ਕਿ ਇਹਨਾਂ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਸਰਕਾਰਾਂ ਤੇ ਰਵਾਇਤੀ ਪਾਰਟੀਆਂ ਨੂੰ ਸੱਤਾ ਤੋਂ ਬਾਹਰ ਕਰਨ ਦੀ ਜ਼ਰੂਰਤ ਹੈ। ਉਹਨਾਂ ਇਹ ਵੀ ਆਖਿਆ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੌਣਾ ਵਿੱਚ ਇਹਨਾਂ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ। ਤਾਂ ਜੋ ਸੂਬੇ ਵਿੱਚ ਵੱਧ ਰਹੀਆਂ ਲੋਕ ਵਿਰੋਧੀ ਨੀਤੀਆਂ ਨੂੰ ਠੱਲ ਪਾਈ ਜਾ ਸਕੇ। ਇਸ ਕਿ ਕੰਨਵੈਸ਼ਨ ਦੀ ਪ੍ਰਧਾਨਗੀ ਰਘਵੀਰ ਸਿੰਘ ਬੈਨੀਪਾਲ, ਬਲਰਾਜ ਸਿੰਘ ਕੋਟਉਮਰਾ, ਅਮਰਜੀਤ ਮੱਟੂ, ਹੁਕਮ ਰਾਜ ਦੇਹੜਕਾ ਨੇ ਕੀਤੀ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਪ੍ਰਗਟ ਸਿੰਘ ਜਾਮਾਰਾਏ, ਧਰਮਿੰਦਰ ਸਿੰਘ ਮੁਕੇਰੀਆ, ਪ੍ਰੋਫੈਸਰ ਸੁਰਿੰਦਰ ਕੌਰ, ਪ੍ਰੋਫੈਸਰ ਜੈਪਾਲ ਸਿੰਘ, ਜਗਤਾਰ ਸਿੰਘ ਚਕੋਹੀ, ਗੁਰਮੇਲ ਸਿੰਘ ਰੂਮੀ, ਹਰਨੇਕ ਸਿੰਘ ਗੁੱਜਰਵਾਲ, ਜਗਦੀਸ਼ ਚੰਦ, ਮੈਡੀਕਲ ਪ੍ਰੈਕਟੀਸ਼ਨਰ ਦੇ ਸੂਬਾਈ ਜਰਨਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ, ਮਲਕੀਤ ਸਿੰਘ ਸੇਖੇਵਾਲ, ਸਵਰਨਜੀਤ ਸਿੰਘ ਮੁੱਲਾਪੁਰ, ਨੇ ਵੀ ਸੰਯੁਕਤ ਸਮਾਜ ਮੋਰਚੇ ਦੇ ਹੱਕ ਵਿੱਚ ਇੱਕਠੇ ਹੋਣ ਦੀ ਅਪੀਲ ਕੀਤੀ। ਕਨਵੈਨਸ਼ਨ ਤੋ ਬਾਅਦ ਮੁੱਲਾਂਪੁਰ ਫਿਰੋਜ਼ਪੁਰ ਮਾਰਗ ਤੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਇਸ ਮੌਕੇ ਹੋਰਨਾ ਤੋਂ ਇਲਾਵਾ ਸੁਖਮਿੰਦਰ ਸਿੰਘ ਰਤਨਗੜ੍ਹ, ਗੁਰਦੀਪ ਸਿੰਘ ਕਲਸੀ, ਹਰਬੰਸ ਸਿੰਘ ਲੋਹਟਬਦੀ, ਸੁਰਜੀਤ ਸਿੰਘ ਸੀਲੋ, ਕੁਲਜੀਤ ਕੌਰ ਗਰੇਵਾਲ਼, ਮੋਨਿਕਾ ਢਿੱਲੋ, ਹਰਵਿੰਦਰ ਕੌਰ ਗਰੇਵਾਲ਼, ਅਮਰਜੀਤ ਸਿੰਘ ਸਹਿਜਾਦ, ਰਾਜਵੀਰ ਸਿੰਘ, ਮਲਕੀਤ ਸਿੰਘ ਕਿਲ੍ਹਾ ਰਾਏਪੁਰ, ਮੱਘਰ ਸਿੰਘ ਖੰਡੂਰ, ਸ਼ਵਿਦਰ ਸਿੰਘ ਤਲਵੰਡੀ ਰਾਏ, ਗੁਰਪ੍ਰੀਤ ਸਿੰਘ ਹਾਸ, ਭਾਗ ਸਿੰਘ, ਦੀਪ ਭੰਮੀਪੁਰ, ਗੁਰਮੀਤ ਸਿੰਘ, ਪ੍ਰਕਰਣ ਸਿੰਘ ਕਮਾਲਪੁਰਾ, ਹਰਵਿੰਦਰ ਸਿੰਘ ਸੇਰਪੁਰ, ਬਲਦੇਵ ਸਿੰਘ ਦਿਵਾਨ ਸਿੰਘ, ਰਣਜੀਤ ਸਿੰਘ ਗੋਰਸੀਆ, ਡਾ. ਭਗਤ ਸਿੰਘ, ਡਾ. ਭਗਵੰਤ ਸਿੰਘ, ਡਾ. ਮੇਵਾ ਸਿੰਘ ਡਾ ਯੂਨਿਸ ਦਿਓਲ ਪੱਖੋਵਾਲ ਆਦਿ ਵੀ ਹਾਜ਼ਰ ਸਨ।

ਬਰਨਾਲਾ ਰੈਲੀ ਚ ਸ਼ਾਮਲ ਹੋਣਗੇ ਲੁਧਿਆਣਾ ਜ਼ਿਲ੍ਹੇ ਦੇ ਦਸ ਹਜ਼ਾਰ ਕਿਸਾਨ- ਕਿਸਾਨ ਆਗੂ ਮਹਿੰਦਰ ਸਿੰਘ

ਜਗਰਾਉਂ, 6 ਜਨਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇਥੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਿਸਾਨੀ ਦੀਆਂ ਭਖਵੀਆਂ ਮੰਗਾਂ ਨੂੰ ਲੈ ਕੇ ਜਥੇਬੰਦੀ ਵਲੋਂ 10 ਜਨਵਰੀ ਨੂੰ ਬਰਨਾਲਾ ਦੀ ਦਾਣਾ ਮੰਡੀ ਵਿਖੇ ਇਕ ਇਤਿਹਾਸਕ ਜੁਝਾਰ ਰੈਲੀ ਦੀਆਂ ਤਿਆਰੀਆਂ ਸਮੁੱਚੇ ਜਿਲੇ ਚ ਮੌਸਮ ਦੀ ਖਰਾਬੀ ਦੇ ਬਾਵਜੂਦ ਪੂਰੇ ਜੋਰ ਸ਼ੋਰ ਨਾਲ ਜਾਰੀ ਹਨ। ਉਨਾਂ ਦੱਸਿਆ ਕਿ ਲੁਧਿਆਣਾ ਜਿਲੇ ਦੇ ਸਾਰੇ ਹੀ ਬਲਾਕਾਂ  ਜਗਰਾਂਓ,  ਰਾਏਕੋਟ,  ਸਿੱਧਵਾਂਬੇਟ,  ਹੰਬੜਾਂ, ਸੁਧਾਰ, ਪੱਖੋਵਾਲ ਅਧੀਨ ਪੈਂਦੇ ਸਾਰੇ ਹੀ ਪਿੰਡਾਂ ਚ ਕਿਸਾਨੀ ਦੀਆਂ ਮੀਟਿੰਗਾਂ ਦਾ ਦੌਰ ਨਿਰੰਤਰ ਜਾਰੀ ਹੈ। ਕਿਸਾਨੀ ਸਿਰ ਚੜੇ ਸਾਰੇ ਹੀ ਕਰਜਿਆਂ ਤੇ ਲੀਕ ਮਰਵਾਉਣ,  ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ, ਐਮ ਐਸ ਪੀ ਅਤੇ ਸਰਕਾਰੀ ਖਰੀਦ ਦੀ ਗਰੰਟੀ ਸਾਰੇ ਦੇਸ਼ ਚ ਹਾਸਲ  ਕਰਨ ਲਈ, ਅੰਦੋਲਨ ਦੋਰਾਨ  ਸਾਰੇ ਹੀ ਥਾਵਾਂ ਤੇ ਵਿਸ਼ੇਸ਼ਕਰ ਹਰਿਆਣਾ ਅਤੇ ਦਿੱਲੀ ਚ ਦਰਜ ਪੁਲਸ ਕੇਸ ਰੱਦ ਕਰਾਉਣ,  ਸ਼ਹੀਦ ਕਿਸਾਨ ਪਰਿਵਾਰਾਂ ਲਈ ਮੁਆਵਜੇ ਅਤੇ  ਯੋਗ ਸਰਕਾਰੀ ਨੌਕਰੀ ਹਾਸਲ ਕਰਨ ਲਈ,  ਗੁਲਾਬੀ ਸੁੰਡੀ ਅਤੇ ਬਾਰਸ਼ ਕਾਰਨ ਝੋਨੇ ਦੇ ਖਰਾਬੇ ਦਾ ਮੁਆਵਜਾ ਹਾਸਲ ਕਰਨ ਲਈ,  ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਕੈਬਿਨੇਟ ਚੋਂ ਬਾਹਰ ਕਢਵਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਜਬੂਰ ਕਰਨ ਲਈ ਇਹ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਦੋਹਾਂ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਸ਼ਹੀਦ ਕਿਸਾਨਾਂ ਦੇ ਆਸ਼ਰਿਤਾਂ ਲਈ ਸਰਕਾਰ ਨੌਕਰੀ ਦੇਣ ਚ ਕੀਤੀ ਜਾ ਰਹੀ ਢਿੱਲ ਮਠ ਅਤੇ  ਯੋਗਤਾਵਾਂ ਨੂੰ ਛਿੱਕੇ ਟੰਗ ਕੇ ਮਹਿਜ ਬੇਲਦਾਰਾਂ ਦੀਆਂ ਦਿਤੀਆਂ ਜਾ ਰਹੀਆਂ ਨੌਕਰੀਆਂ ਦਾ ਸਖਤ ਨੋਟਿਸ ਲਿਆ ਹੈ। ਉਨਾਂ ਕਿਹਾ ਕਿ ਇਹ ਵਿਤਕਰਾ ਤੇ ਢਿੱਲ ਮਠ ਕਦਾਚਿਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਸਮੇਂ ਬੋਲਦਿਆਂ ਉਨਾਂ ਕਿਹਾ ਕਿ ਉਨਾਂ ਦੀ ਜਥੇਬੰਦੀ ਨੇ ਵਿਧਾਨ ਸਭਾ ਚੋਣਾਂ ਚ ਹਿੱਸਾ ਨਾ ਲੈਣ ਦਾ ਫੈਸਲਾ ਕਰਕੇ ਸਿਰਫ ਤੇ ਸਿਰਫ ਕਿਸਾਨੀ ਮੰਗਾਂ ਤੇ ਧਿਆਨ ਕੇਂਦਰਿਤ ਕਰਨ ਤੇ ਮੰਗਾਂ ਹਾਸਲ ਕਰਨ ਲਈ ਇਹ ਸੂਬਾਈ ਰੈਲੀ ਰੱਖੀ ਹੈ। ਉਨਾਂ ਅੱਗੇ ਕਿਹਾ ਕਿ ਮੋਦੀ ਦੀ  ਫਿਰੋਜ਼ਪੁਰ ਰੈਲੀ ਨੂੰ ਫਲਾਪ ਕਰਕੇ ਪੰਜਾਬੀਆਂ ਨੇ ਦਸ ਦਿੱਤਾ ਹੈ ਕਿ ਕਾਰਪੋਰੇਟਾਂ ਦੇ ਦਲਾਲਾਂ ਨਾਲ ਉਨਾਂ ਦਾ ਰਿਸ਼ਤਾ ਦੁਸ਼ਮਨਾਣਾ ਹੈ। ਉਨਾਂ ਕਿਹਾ ਕਿ ਇਸ ਅਸਫਲਤਾ ਦਾ ਠੀਕਰਾ ਸੁਰੱਖਿਆ ਖਾਮੀਆਂ ਸਿਰ ਫੌੜ ਕੇ ਉਹ ਭਾਜਪਾ ਦੀ ਨਾਕਾਮੀ ਨੂੰ ਲੁਕਾਉਣ ਦਾ ਅਸਫਲ ਯਤਨ ਕਰ ਰਿਹਾ ਹੈ। ਜਿਹੜਾ ਪ੍ਰਧਾਨ ਮੰਤਰੀ ਸਵਾ ਸਾਲ ਕਿਸਾਨਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕਰਦਾ ਰਿਹਾ ਹੈ , ਉਸ ਦੇ ਸਵਾਗਤ ਲਈ ਪੰਜਾਬੀ ਭਲਾ ਕਿੰਝ ਜਾ ਸਕਦੇ ਸਨ। ਸੂਬੇ ਭਰ ਚੋਂ ਦਿਹਾੜੀਆਂ ਤੇ ਬੰਦੇ ਢੋਣ ਚ ਵੀ ਭਾਜਪਾ ਬੁਰੀ ਤਰਾਂ ਫੇਲ ਸਾਬਤ ਹੋਈ ਹੈ।ਉਨਾਂ ਮੋਦੀ ਹਕੂਮਤ  ਤੋ ਕਿਸਾਨੀ ਨਾਲ ਲਿਖਤੀ ਤੋਰ ਤੇ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਰਤੀ ਜਾਗ ਚੁੱਕੇ ਹਨ, ਮੋਦੀ ਦੇ ਜੁਮਲਿਆਂ ਤੇ ਗਿਦੜਭਬਕੀਆਂ ਦਾ ਸੱਚ ਜਾਣ ਚੁੱਕੇ ਹਨ।ਓਨਾਂ ਦੱਸਿਆ ਕਿ 10 ਜਨਵਰੀ ਨੂੰ ਲੁਧਿਆਣਾ ਜਿਲੇ ਦੇ ਸਾਰੇ ਪਿੰਡ ਅਪਣੇ ਅਪਣੇ ਵਾਹਨ ਲੈਕੇ ਸਵੇਰੇ ਸਾਢੇ ਦਸ ਵਜੇ ਮਹਿਲ ਕਲਾਂ ਦੀ ਦਾਣਾ ਮੰਡੀ ਚ ਇੱਕਤਰ ਹੋਣਗੇ, ਜਿਥੋਂ ਵਡੇ ਕਾਫਲੇ ਦੀ ਸ਼ਕਲ ਚ ਬਰਨਾਲਾ ਰੈਲੀ ਲਈ ਕੂਚ ਕੀਤਾ ਜਾਵੇਗਾ।

ਆਪਣੀ ਮਾਂ ਨੂੰ ਯਾਦ ਕਰਦਿਆਂ ਜਰਸੀਆਂ ਤੇ ਬੂਟ ਵੰਡੇ  

ਜਗਰਾਉਂ, 6 ਜਨਵਰੀ (ਬਲਦੇਵ ਜਗਰਾਉਂ/ ਫੋਟੋਗ੍ਰਾਫਰ ਸੁਨੀਲ ਕੁਮਾਰ  ) ਨਵੇਂ ਸਾਲ ਦੀ ਆਮਦ ਤੇ ਆਪਣੀ ਮਾਤਾ ਲੇਟ ਸ੍ਰੀਮਤੀ ਹਰਜੀਤ ਕੌਰ ਪਤਨੀ ਸ ਲਾਲ ਸਿੰਘ ਜੀ ਦੀ ਯਾਦ ਚ ਉਨ੍ਹਾਂ ਦੇ ਸਪੁੱਤਰ ਜਗਸੀਰ ਸਿੰਘ ਬਿੱਲੂ ਅਤੇ ਸ੍ਰੀ ਗੁਰਜੀਤ ਸਿੰਘ ਕੈਨੇਡੀਅਨ ਨੇ ਸਰਕਾਰੀ ਹਾਈ ਸਕੂਲ ਕੋਠੇ ਪੋਨਾ ਦੇ ਸਮੂਹ ਵਿਦਿਆਰਥੀਆਂ ਨੂੰ ਜਰਸੀਆਂ ਤੇ ਬੂਟ ਜੁਰਾਬਾਂ ਵੰਡੀਆਂ। ਇਸ ਤੋਂ ਇਲਾਵਾ ਮਾਤਾ ਜੀ ਦੀ ਯਾਦ ਚ ਸਮੂਹ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਲੱਡੂ ਵੀ ਖੁਆਏ।  ਇਸ ਸਮੇਂ ਸਕੂਲ ਮੁਖੀ ਸ੍ਰੀਮਤੀ ਮੋਨਿਕਾ ਗਰਗ ਜੀ ਨੇ ਇਨ੍ਹਾਂ ਸੇਵਾਵਾਂ ਨਿਭਾਉਣ ਵਾਲੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹਾ ਕੁਝ ਹੀ ਹੋਣਹਾਰ ਬੱਚੇ ਹੁੰਦੇ ਹਨ ਜੋ ਸਦੀਵੀ ਆਪਣੇ ਮਾਪਿਆਂ ਨੂੰ ਯਾਦ ਕਰਦੇ ਅਜਿਹੀਆਂ ਸੇਵਾਵਾਂ ਕਰਕੇ ਪੁੰਨ ਖਟਦੇ ਹਨ।  ਇਸ ਸਮੇਂ ਮਾਸਟਰ ਕੁਲਦੀਪ ਸਿੰਘ, ਮਾਸਟਰ ਹਰਨੇਕ ਸਿੰਘ, ਗੁਰਜੀਤ ਸਿੰਘ, ਜਗਸੀਰ ਸਿੰਘ, ਰਾਜਪ੍ਰੀਤ ਸਿੰਘ ,ਸਰਬਜੀਤ ਸਿੰਘ, ਸੁਰਿੰਦਰ ਸਿੰਘ ਮੈਂਬਰ ਪੰਚਾਇਤ ,ਗੁਰਤੇਜ ਸਿੰਘ, ਪ੍ਰਿਤਪਾਲ ਸਿੰਘ ,ਗੁਰਪ੍ਰੀਤ ਸਿੰਘ ਮੈਂਬਰ  ,ਪਾਲ ਸਿੰਘ, ਗੁਰਬਚਨ ਸਿੰਘ , ਮਾਸਟਰ ਗੁਰਮੇਲ ਸਿੰਘ ਰੂੰਮੀ ,ਕੁਲਦੀਪ ਸਿੰਘ ਕੋਠੇ ਸ਼ੇਰਜੰਗ ਤੋਂ ਇਲਾਵਾ ਭਾਗ ਸਿੰਘ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ।