You are here

ਦੁਨੀਆਂ ਦੇ ਸਭ ਤੋਂ ਵੱਡੇ ਮਹਾਨ ਪੁੱਤਰਾਂ ਦੇ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ॥
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ।ਅੱਜ ਦੁਨੀਆਂ ਭਰ ਵਿੱਚ ਸਿੱਖ ਕੌਮ ਤੋਂ ਆਪਣਾ ਪਰਿਵਾਰ ਵਾਰਨ ਵਾਲੇ ਅਤੇ ਸਭ ਤੋਂ ਵੱਡੇ ਪੁੱਤਰਾਂ ਦੇ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਜੀ ਹਨ ।ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ । ਗੁਰੂ ਜੀ ਦਾ ਜਨਮ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੇ ਘਰ ਪਟਨਾ, ਬਿਹਾਰ 22 ਦਸੰਬਰ 1666 ਵਿਖੇ ਹੋਇਆ। ਅੱਜ ਦੁਨੀਆਂ ਭਰ ਵਿੱਚ ਗੁਰੂ ਜੀ ਨੂੰ ਕਲਗੀਆਂ ਵਾਲਾ, ਦਸਮੇਸ਼ ਪਿਤਾ, ਨੀਲੇ ਘੋੜੇ ਵਾਲਾ, ਬਾਜਾਂਵਾਲਾ, ਸਰਬੰਸਦਾਨੀ ਆਦਿ ਨਾਵਾਂ ਨਾਲ ਜਾਣਿਆਂ ਜਾਂਦਾ ਹੈ।ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਸਿੱਖੀ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਦੌਰੇ ਤੇ ਗਏ ਹੋਏ ਸੀ। ਜਦੋ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲੀ ਤਾਂ ਸਿੱਖਾਂ ਨੂੰ ਹੁਕਮਨਾਮਾ ਭੇਜਿਆ, ਪਰਿਵਾਰ ਦੀ ਦੇਖ ਰੇਖ ਕਰਨ ਲਈ ਤੇ ਮਾਤਾ ਗੁਜਰੀ ਨੂੰ ਸਨੇਹਾ, ਕੀ ਬੱਚੇ ਦਾ ਨਾਂ ਗੋਬਿੰਦ ਰਾਇ ਰੱਖਣਾ ਹੈ । ਇਥੇ ਹੀ ਪੀਰ ਭੀਖਣ ਸ਼ਾਹ ਜੋ ਇਕ ਨਾਮੀ ਮੁਸਲਿਮ ਫਕੀਰ ਸੀ ਲਖਨੋਰ ਤੋਂ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਏ ਤੇ ਦਰਸ਼ਨ ਕਰਦਿਆਂ ਸਾਰ ਉਨ੍ਹਾ ਨੂੰ ਹਿੰਦੂ – ਮੁਸਲਮਾਨਾ ਦਾ ਸਾਂਝਾ ਅਲਾਹੀ ਨੂਰ ਹੋਣ ਦਾ ਐਲਾਨ ਕੀਤਾ।ਗੁਰੂ ਜੀ ਬਚਪਨ ਵਿੱਚ ਹੀ ਬਾਲਕਾਂ ਨਾਲ ਨਕਲੀਆਂ ਲੜਾਈਆਂ ਲੜਿਆ ਕਰਦੇ ਸਨ। ਸੈਨਿਕ ਗੁਣ ਤਾਂ ਬਚਪਨ ਵਿੱਚ ਹੀ ਸਪੱਸਟ ਸਨ ਕਿ ਇਹ ਬਾਲਕ ਵੱਡਾ ਹੋਕੇ ਜ਼ੁਲਮਾਂ ਦਾ ਨਾਸ਼ ਕਰੇਗਾ।ਗੁਰੂ ਜੀ ਨੂੰ ਫੌਜੀ ਵਿਦਿਆ ਦੇ ਨਾਲ-ਨਾਲ ਸੰਸਕ੍ਰਿਤ, ਬ੍ਰਿਜ, ਅਰਬੀ, ਫ਼ਾਰਸੀ ਤੇ ਪੰਜਾਬੀ ਭਸਾਵਾਂ ਦਾ ਗਿਆਨ ਸੀ ।ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਵਿੱਚ ਗੁਰਬਾਣੀ ਲਿਖੀ ਹੈ। 1672 ਵਿੱਚ ਆਨੰਦਪੁਰ ਵਿਖੇ ਆ ਗਏ। ਫਾਰਸੀ ਦੀ ਸਿੱਖਿਆ ਕਾਜ਼ੀ ਪੀਰ ਮੁਹੰਮਦ ਤੋਂ, ਸੰਸਕਿ੍ਤ ਦੀ ਸਿੱਖਿਆ ਪੰਡਿਤ ਹਰਜਸ ਤੋਂ, ਗੁਰਮੁਖੀ ਲਿਪੀ ਦੀ ਸਿੱਖਿਆ ਮਤੀ ਦਾਸ ਅਤੇ ਸਾਹਿਬ ਚੰਦ ਤੋਂ ਪੑਾਪਤ ਕੀਤੀ। ਭਾਈ ਹਰਿਜਸ ਸੁਭਿੱਖੀ ਦੀ ਬੇਟੀ ਬੀਬੀ ਜੀਤਾਂ ਜੀ ਦੀ ਮੰਗਣੀ ਗੋਬਿੰਦ ਰਾਇ ਨਾਲ 12 ਮਈ, 1673 ਦੇ ਦਿਨ ਕੀਤੀ ਗਈ। ਇਸ ਦੇ ਨਾਲ ਹੀ ਭਾਈ ਬਜਰ ਸਿੰਘ ਨੂੰ ਗੋਬਿੰਦ ਰਾਇ ਨੂੰ ਸ਼ਸਤਰ ਚਲਾਉਣ ਅਤੇ ਘੋੜ ਸਵਾਰੀ ਸਿਖਾਉਣ ਵਾਸਤੇ ਤਾਇਨਾਤ ਕੀਤਾ ਗਿਆ।
ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖ਼ਤਮ ਕਰਨ ਲਈ ਅੱਤ ਚੁੱਕੀ ਹੋਈ ਸੀ। ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਆਏ। ਉਸ ਸਮੇਂ ਆਪ ਕੇਵਲ ਨੌਂ ਸਾਲ ਦੇ ਸਨ। ਗੁਰੂ ਜੀ ਨੇ ਆਪਣੇ ਪਿਤਾ ਨੂੰ ਕਸ਼ਮੀਰੀ ਪੰਡਿਤਾਂ ਦੀ ਸਹਾਇਤਾ ਲਈ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਸ਼ਹਾਦਤ ਲਈ ਭੇਜ ਦਿੱਤਾ। ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਬਾਬਾ ਰਾਮ ਕੰਵਰ ਜੀ ਨੇ ਮਰਯਾਦਾ ਅਨੁਸਾਰ ਗੁਰੂ ਜੀ ਨੂੰ ਗੁਰਗੱਦੀ ‘ਤੇ ਬਿਠਾ ਦਿੱਤਾ।ਗੁਰੂ ਜੀ ਨੇ ਸ਼ਾਸਤਰ ਸਰਧਾਂਲੂਆਂ ਨੂੰ ਸ਼ਾਸਤਰ ਭੇਂਟ ਕਰਨ ਦੀ ਆਗਿਆ ਦਿੱਤੀ ਤੇ ਇਕ ਰਣਜੀਤ ਨਗਾਰਾ ਬਣਵਾਇਆ ਜਿਸ ਦੀ ਗੂੰਜ ਦੂਰ-ਦੂਰ ਤੱਕ ਪਹਾੜੀ ਰਾਜਿਆਂ ਨੂੰ ਸੁਣਾਈ ਦਿੰਦੀ ਸੀ। ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਾਜਣਾ 1699 ਈ: ਵਿਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਕੀਤੀ ।ਤੇ ਇੱਕ ਸਿੱਖ ਫੌਜ ਤਿਆਰ ਕੀਤੀ ।ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ। ਗੁਰੂ ਜੀ ਨੇ ਮੁਗ਼ਲ ਫੋਜਾਂ ਨਾਲ ਅਨੇਕਾਂ ਲੜਾਈਆਂ ਲੜੀਆਂ ਸਨ।ਗੁਰੂ ਜੀ ਨੂੰ ਆਨੰਦਪੁਰ ਦਾ ਕਿਲਾ ਵੀ ਛੱਡਣਾ ਪਿਆ। ਗੁਰੂ ਜੀ ਆਪਣੇ ਪਰਿਵਾਰ ਨਾਲੋਂ ਵਿਛੜ ਗਏ । ਗੁਰੂ ਜੀ ਦੇ ਦੋ ਛੋਟੇ ਸਾਹਿਬਜਾਦੇ ਨੀਹਾਂ ਵਿਚ ਚਿਣਵਾ ਦਿੱਤੇ ਗਏ ਤੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ | ਮਾਤਾ ਗੁਜਰੀ ਜੀ ਨੇ ਵੀ ਕਿਲੇ ਵਿਚ ਪ੍ਰਾਣ ਤਿਆਗ ਦਿੱਤੇ | ਪਰ ਗੁਰੂ ਜੀ ਅਡੋਲ ਰਹੇ।ਗੁਰੂ ਜੀ ਵਰਗਾ ਕੋਈ ਵੀ ਪੁੱਤਰਾਂ ਦਾ ਦਾਨੀ ਹੁਣ ਤੱਕ ਨਹੀਂ ਜਨਮਿਆ ਜਿਸਨੇ ਸਿੱਖ ਕੌਮ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਹੋਵੇ।ਗੁਰੂ ਜੀ ਨੇ ਸੁੱਖ ਕੌਮ ਲਈ ਆਪਣੇ ਚਾਰੇ ਪੁੱਤਰ ਵਾਰ ਦਿੱਤੇ ।ਪਿਤਾ ਵੀ ਵਾਰ ਦਿੱਤਾ।ਧੰਨ ਜਿਗਰਾ ਕਲਗੀਆਂ ਵਾਲੇ ਦਾ ਇੰਨੇ ਦੁੱਖ ਸਹਾਰ ਕੇ ਮੂੰਹ ਵਿੱਚੋਂ ਸੀ ਤੱਕ ਨਹੀਂ ਕਹੀ।ਗੁਰੂ ਜੀ ਦੀਆ ਕੁਰਬਾਨੀਆਂ ਦਾ ਇਤਿਹਾਸ ਗਵਾਹ ਹੈ।ਗੁਰੂ ਜੀ ਉੱਚ ਕੋਟੀ ਦੇ ਸਾਹਿਤਕਾਰ ,ਆਦਰਸ਼ਕ ਸੰਤ-ਸਿਪਾਹੀ ਸਨ। ਗੁਰੂ ਜੀ ਦੀਆਂ ਪ੍ਰਸਿੱਧ ਸਾਹਿਤਕ ਰਚਨਾਵਾਂ-ਚੰਡੀ ਦੀ ਵਾਰ, ਜ਼ਫਰਨਾਮਾ, ਬਚਿੱਤਰ ਨਾਟਕ, ਜਾਪੁ ਸਾਹਿਬ, ਅਕਾਲਾ ਉਸਤਤ, ਚੰਡੀ ਚਰਿੱਤਰ ਅਤੇ ਗਿਆਨ ਪ੍ਰਬੋਧ ਹਨ।ਗੁਰੂ ਜੀ ਨੇ ਜ਼ਫ਼ਰਨਾਮਾ ਪੱਤਰ ਲਿਖਿਆਂ ਸੀ ਜੋ ਕਿ ਫ਼ਾਰਸੀ ਵਿੱਚ ਔਰੰਗਜੇਬ ਨੂੰ ਲਿਖਿਆਂ ਸੀ।ਅੰਤ ਗੁਰੂ ਜੀ ਨੰਦੇੜ ਵਿਖੇ ਪੁੱਜੇ।ਜਿੱਥੇ ਗੁਰੂ ਜੀ 1708 ਈ. ਵਿੱਚ ਮਾਧੋਦਾਸ ਨੂੰ ਮਿਲੇ ਤੇ ਉਹਨਾਂ ਨੂੰ ਬੰਦਾ ਸਿੰਘ ਬਹਾਦਰ ਨਾਂ ਦੇਕੇ ਪੰਜਾਬ ਵੱਲ ਭੇਜਿਆ । ਗੁਰੂ ਜੀ 7 ਅਕਤੂਬਰ 1708 ਈ: ਨੂੰ ਜੋਤੀ-ਜੋਤਿ ਸਮਾ ਗਏ।

 

ਗਗਨਦੀਪ ਕੌਰ ਧਾਲੀਵਾਲ।