ਜਗਰਾਉਂ, 6 ਜਨਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇਥੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਿਸਾਨੀ ਦੀਆਂ ਭਖਵੀਆਂ ਮੰਗਾਂ ਨੂੰ ਲੈ ਕੇ ਜਥੇਬੰਦੀ ਵਲੋਂ 10 ਜਨਵਰੀ ਨੂੰ ਬਰਨਾਲਾ ਦੀ ਦਾਣਾ ਮੰਡੀ ਵਿਖੇ ਇਕ ਇਤਿਹਾਸਕ ਜੁਝਾਰ ਰੈਲੀ ਦੀਆਂ ਤਿਆਰੀਆਂ ਸਮੁੱਚੇ ਜਿਲੇ ਚ ਮੌਸਮ ਦੀ ਖਰਾਬੀ ਦੇ ਬਾਵਜੂਦ ਪੂਰੇ ਜੋਰ ਸ਼ੋਰ ਨਾਲ ਜਾਰੀ ਹਨ। ਉਨਾਂ ਦੱਸਿਆ ਕਿ ਲੁਧਿਆਣਾ ਜਿਲੇ ਦੇ ਸਾਰੇ ਹੀ ਬਲਾਕਾਂ ਜਗਰਾਂਓ, ਰਾਏਕੋਟ, ਸਿੱਧਵਾਂਬੇਟ, ਹੰਬੜਾਂ, ਸੁਧਾਰ, ਪੱਖੋਵਾਲ ਅਧੀਨ ਪੈਂਦੇ ਸਾਰੇ ਹੀ ਪਿੰਡਾਂ ਚ ਕਿਸਾਨੀ ਦੀਆਂ ਮੀਟਿੰਗਾਂ ਦਾ ਦੌਰ ਨਿਰੰਤਰ ਜਾਰੀ ਹੈ। ਕਿਸਾਨੀ ਸਿਰ ਚੜੇ ਸਾਰੇ ਹੀ ਕਰਜਿਆਂ ਤੇ ਲੀਕ ਮਰਵਾਉਣ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ, ਐਮ ਐਸ ਪੀ ਅਤੇ ਸਰਕਾਰੀ ਖਰੀਦ ਦੀ ਗਰੰਟੀ ਸਾਰੇ ਦੇਸ਼ ਚ ਹਾਸਲ ਕਰਨ ਲਈ, ਅੰਦੋਲਨ ਦੋਰਾਨ ਸਾਰੇ ਹੀ ਥਾਵਾਂ ਤੇ ਵਿਸ਼ੇਸ਼ਕਰ ਹਰਿਆਣਾ ਅਤੇ ਦਿੱਲੀ ਚ ਦਰਜ ਪੁਲਸ ਕੇਸ ਰੱਦ ਕਰਾਉਣ, ਸ਼ਹੀਦ ਕਿਸਾਨ ਪਰਿਵਾਰਾਂ ਲਈ ਮੁਆਵਜੇ ਅਤੇ ਯੋਗ ਸਰਕਾਰੀ ਨੌਕਰੀ ਹਾਸਲ ਕਰਨ ਲਈ, ਗੁਲਾਬੀ ਸੁੰਡੀ ਅਤੇ ਬਾਰਸ਼ ਕਾਰਨ ਝੋਨੇ ਦੇ ਖਰਾਬੇ ਦਾ ਮੁਆਵਜਾ ਹਾਸਲ ਕਰਨ ਲਈ, ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਕੈਬਿਨੇਟ ਚੋਂ ਬਾਹਰ ਕਢਵਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਜਬੂਰ ਕਰਨ ਲਈ ਇਹ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਦੋਹਾਂ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਸ਼ਹੀਦ ਕਿਸਾਨਾਂ ਦੇ ਆਸ਼ਰਿਤਾਂ ਲਈ ਸਰਕਾਰ ਨੌਕਰੀ ਦੇਣ ਚ ਕੀਤੀ ਜਾ ਰਹੀ ਢਿੱਲ ਮਠ ਅਤੇ ਯੋਗਤਾਵਾਂ ਨੂੰ ਛਿੱਕੇ ਟੰਗ ਕੇ ਮਹਿਜ ਬੇਲਦਾਰਾਂ ਦੀਆਂ ਦਿਤੀਆਂ ਜਾ ਰਹੀਆਂ ਨੌਕਰੀਆਂ ਦਾ ਸਖਤ ਨੋਟਿਸ ਲਿਆ ਹੈ। ਉਨਾਂ ਕਿਹਾ ਕਿ ਇਹ ਵਿਤਕਰਾ ਤੇ ਢਿੱਲ ਮਠ ਕਦਾਚਿਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਸਮੇਂ ਬੋਲਦਿਆਂ ਉਨਾਂ ਕਿਹਾ ਕਿ ਉਨਾਂ ਦੀ ਜਥੇਬੰਦੀ ਨੇ ਵਿਧਾਨ ਸਭਾ ਚੋਣਾਂ ਚ ਹਿੱਸਾ ਨਾ ਲੈਣ ਦਾ ਫੈਸਲਾ ਕਰਕੇ ਸਿਰਫ ਤੇ ਸਿਰਫ ਕਿਸਾਨੀ ਮੰਗਾਂ ਤੇ ਧਿਆਨ ਕੇਂਦਰਿਤ ਕਰਨ ਤੇ ਮੰਗਾਂ ਹਾਸਲ ਕਰਨ ਲਈ ਇਹ ਸੂਬਾਈ ਰੈਲੀ ਰੱਖੀ ਹੈ। ਉਨਾਂ ਅੱਗੇ ਕਿਹਾ ਕਿ ਮੋਦੀ ਦੀ ਫਿਰੋਜ਼ਪੁਰ ਰੈਲੀ ਨੂੰ ਫਲਾਪ ਕਰਕੇ ਪੰਜਾਬੀਆਂ ਨੇ ਦਸ ਦਿੱਤਾ ਹੈ ਕਿ ਕਾਰਪੋਰੇਟਾਂ ਦੇ ਦਲਾਲਾਂ ਨਾਲ ਉਨਾਂ ਦਾ ਰਿਸ਼ਤਾ ਦੁਸ਼ਮਨਾਣਾ ਹੈ। ਉਨਾਂ ਕਿਹਾ ਕਿ ਇਸ ਅਸਫਲਤਾ ਦਾ ਠੀਕਰਾ ਸੁਰੱਖਿਆ ਖਾਮੀਆਂ ਸਿਰ ਫੌੜ ਕੇ ਉਹ ਭਾਜਪਾ ਦੀ ਨਾਕਾਮੀ ਨੂੰ ਲੁਕਾਉਣ ਦਾ ਅਸਫਲ ਯਤਨ ਕਰ ਰਿਹਾ ਹੈ। ਜਿਹੜਾ ਪ੍ਰਧਾਨ ਮੰਤਰੀ ਸਵਾ ਸਾਲ ਕਿਸਾਨਾਂ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕਰਦਾ ਰਿਹਾ ਹੈ , ਉਸ ਦੇ ਸਵਾਗਤ ਲਈ ਪੰਜਾਬੀ ਭਲਾ ਕਿੰਝ ਜਾ ਸਕਦੇ ਸਨ। ਸੂਬੇ ਭਰ ਚੋਂ ਦਿਹਾੜੀਆਂ ਤੇ ਬੰਦੇ ਢੋਣ ਚ ਵੀ ਭਾਜਪਾ ਬੁਰੀ ਤਰਾਂ ਫੇਲ ਸਾਬਤ ਹੋਈ ਹੈ।ਉਨਾਂ ਮੋਦੀ ਹਕੂਮਤ ਤੋ ਕਿਸਾਨੀ ਨਾਲ ਲਿਖਤੀ ਤੋਰ ਤੇ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਰਤੀ ਜਾਗ ਚੁੱਕੇ ਹਨ, ਮੋਦੀ ਦੇ ਜੁਮਲਿਆਂ ਤੇ ਗਿਦੜਭਬਕੀਆਂ ਦਾ ਸੱਚ ਜਾਣ ਚੁੱਕੇ ਹਨ।ਓਨਾਂ ਦੱਸਿਆ ਕਿ 10 ਜਨਵਰੀ ਨੂੰ ਲੁਧਿਆਣਾ ਜਿਲੇ ਦੇ ਸਾਰੇ ਪਿੰਡ ਅਪਣੇ ਅਪਣੇ ਵਾਹਨ ਲੈਕੇ ਸਵੇਰੇ ਸਾਢੇ ਦਸ ਵਜੇ ਮਹਿਲ ਕਲਾਂ ਦੀ ਦਾਣਾ ਮੰਡੀ ਚ ਇੱਕਤਰ ਹੋਣਗੇ, ਜਿਥੋਂ ਵਡੇ ਕਾਫਲੇ ਦੀ ਸ਼ਕਲ ਚ ਬਰਨਾਲਾ ਰੈਲੀ ਲਈ ਕੂਚ ਕੀਤਾ ਜਾਵੇਗਾ।