ਮਾਨਯੋਗ ਮੁੱਖ ਮੰਤਰੀ ਦੇ ਧਿਆਨ ਹਿੱਤ
ਮਲੋਟ ਤੋਂ ਫਿਰੋਜ਼ਪੁਰ ਵਾਇਆ ਸ੍ਰੀ ਮੁਕਤਸਰ ਸਾਹਿਬ ਸੜਕ ਦਾ ਕੋਈ ਵਾਲੀ ਵਾਰਸ ਨਹੀਂ,ਇਧਰ ਵੀ ਧਿਆਨ ਦਿਓ ਜੀ
ਵੈਸੇ ਤਾਂ ਤਕਰੀਬਨ ਸਾਰੇ ਹੀ ਇਲਾਕਾ ਨਿਵਾਸੀ ਹੀ ਇਸ ਗੱਲ ਨੂੰ ਬਾਖੂਬੀ ਜਾਣਦੇ ਨੇ,ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਦੇ ਵੀ ਕਿਸੇ ਨੇ ਇਹ ਮੁੱਦਾ ਸਰਕਾਰੇ ਦਰਬਾਰੇ ਪਚਾਉਣ ਲਈ ਖੇਚਲ ਨਹੀਂ ਕੀਤੀ,ਉਂਝ ਤਾਂ ਬਹੁਤ ਸਾਰੇ ਚੰਗੇ ਅਹੁਦਿਆਂ ਵਾਲੇ ਸਰਕਾਰੀ ਅਫ਼ਸਰ ਸਾਹਿਬਾਨ, ਮੰਤਰੀ ਆਦਿ ਵੀ ਇਸ ਸੜਕ ਤੋਂ ਜਾਂਦੇ ਵੀ ਹੋਣਗੇ ਪਰ ਪਤਾ ਨਹੀਂ ਕੀ ਕਾਰਨ ਹੈ,ਕੀ ਇਸ ਅੱਸੀ ਪਚਾਸੀ ਕਿਲੋਮੀਟਰ ਦੇ ਏਰੀਏ ਚ ਕੋਈ ਐਮ ਐਲ ਏ,ਐਮ ਪੀ,ਅਸਰ ਰਸੂਖ ਵਾਲੇ ਜਾ ਫਿਰ ਕੋਈ ਸਿਆਸੀ ਗੜ੍ਹਸ ਵਾਲਾ ਇਨਸਾਨ ਹੀ ਹੈ ਨਹੀਂ? ਮੇਰੇ ਖਿਆਲ ਅਨੁਸਾਰ ਜੋ ਵੀ ਵਹੀਕਲਜ਼ ਇਸ ਸੜਕ ਤੇ ਸਫ਼ਰ ਕਰਦੇ ਨੇ ਓਹਨਾਂ ਦਾ ਕਦੀ ਕਦਾਈਂ ਤਾਂ ਲਿਖਣਾ ਹੀ ਮੈਂ ਉਚਿਤ ਨਹੀਂ ਸਮਝਦਾ ਹਰ ਵਾਰ ਹੀ ਨੁਕਸਾਨ ਹੋਇਆ ਹੋਵੇਗਾ,ਓਹ ਗੱਲ ਵੱਖਰੀ ਹੈ ਕਿ ਕੋਈ ਦੱਸੇ ਜਾਂ ਨਾਂ ਦੱਸੇ।
ਇਕੱਲੇ ਪੰਜਾਬ ਸੂਬੇ ਦੀ ਜੇਕਰ ਗੱਲ ਕਰੀਏ ਤਾਂ ਗ਼ਲਤ ਹੋਵੇਗੀ, ਭਾਰਤ ਦੇਸ਼ ਹੀ ਹੁਣ ਧਰਨਿਆਂ ਵਾਲਾ ਦੇਸ਼ ਬਣ ਚੁੱਕਾ ਹੈ,ਇਸ ਵਿੱਚ ਬਿਲਕੁਲ ਵੀ ਕੋਈ ਦੋ ਰਾਇ ਨਹੀਂ ਕਿ ਕਿਸੇ ਵੀ ਜਾਇਜ਼ ਕਾਰਜ ਲਈ ਧਰਨੇ ਲਾਇਆਂ ਬਿਨਾਂ ਕੋਈ ਹੱਲ ਹੋਣਾ ਬਹੁਤ ਦੂਰ ਦੀਆਂ ਗੱਲਾਂ ਨੇ। ਜੇਕਰ ਇਸ ਸੜਕ ਦੀ ਗੱਲ ਕਰੀਏ ਤਾਂ ਮਲੋਟ ਤੋਂ ਲੈ ਕੇ ਫਿਰੋਜਪੁਰ ਤੱਕ ਬਹੁਤ ਸਾਰੇ ਪਿੰਡ ਆਉਂਦੇ ਨੇ,ਸ੍ਰੀ ਮੁਕਤਸਰ ਸਾਹਿਬ ਤੇ ਸਾਦਿਕ ਦੋ ਸ਼ਹਿਰ ਵੀ ਇਸ ਰਸਤੇ ਵਿੱਚ ਪੈਂਦੇ ਨੇ,ਪਰ ਕਦੇ ਵੀ ਕਿਸੇ ਪਿੰਡ ਵਾਸੀਆਂ ਜਾਂ ਸ਼ਹਿਰ ਵਾਸੀਆਂ ਵੱਲੋਂ ਇਸ ਸੜਕ ਨੂੰ ਰਿਪੇਅਰ ਕਰਵਾਉਣ ਲਈ ਸਰਕਾਰੇ ਦਰਬਾਰੇ ਗੱਲ ਪਚਾਓਣ ਲਈ ਕਿਤੇ ਕੋਈ ਕਿਸੇ ਕਿਸਮ ਦਾ ਰਾਇ ਮਸ਼ਵਰਾ, ਕਿਤੇ ਕੋਈ ਮੀਟਿੰਗ ਕਿਤੇ ਕੋਈ ਧਰਨਾ ਦਾਸ ਨੇ ਅੱਜ ਤੱਕ ਲੱਗਾ ਨਹੀਂ ਵੇਖਿਆ।ਵੀਹ ਸੌ ਬਾਈ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਲੰਘੀਆਂ,ਐਮ ਪੀ ਇਲੈਕਸ਼ਨ ਵੀ ਲੰਘੇ,ਇਹ ਇਸ ਕਰਕੇ ਲਿਖਣ ਦੀ ਲੋੜ ਪਈ ਹੈ ਕਿ ਇਹ ਸੜਕ ਕੋਈ ਹੁਣੇ ਹੁਣੇ ਨਹੀਂ ਬਲਕਿ ਦਸ ਬਾਰਾਂ ਸਾਲਾਂ ਤੋਂ ਹੀ ਇਉਂ ਵੇਖ ਰਹੇ ਹਾਂ, ਕਿਸੇ ਸਮੇਂ ਕਿਸੇ ਪਾਰਟੀ ਦੇ ਲੀਡਰ ਵੀ ਜ਼ਰੂਰ ਪਿੰਡਾਂ ਚ ਗੇੜਾ ਮਾਰਦੇ ਹੋਣਗੇ, ਕਿਸੇ ਦੇ ਵਿਆਹ ਸ਼ਾਦੀ, ਕਿਸੇ ਘਰ ਦੁੱਖ ਤਕਲੀਫ ਵੇਲੇ,ਪਰ ਅੱਜ ਤੱਕ ਨਾਂ ਤਾਂ ਸਰਕਾਰ ਵੱਲੋਂ ਨਾ ਹੀ ਕਿਸੇ ਸਿਆਸੀ ਧਿਰ ਵੱਲੋਂ ਇਸ ਸੜਕ ਦੀ ਸਾਰ ਨਹੀਂ ਲਈ ਗਈ, ਤੇ ਨਾਂ ਹੀ ਕਹਿ ਲਈਏ ਕਿ ਸਾਂਝੇ ਬਾਬੇ ਨੂੰ ਕੌਣ ਫੂਕੇ ਵਾਲੀ ਗੱਲ, ਕਿਸੇ ਨੇ ਕੋਈ ਉੱਤਾ ਹੀ ਵਾਚਿਆ ਹੈ ਆਖਿਰ ਕਿਉਂ?ਇਸ ਰੋਡ ਤੋਂ ਬਹੁਤ ਬਹੁਤ ਓਵਰਲੋਡਿੰਗ ਲੱਕੜ ਦੀਆਂ ਲੱਦੀਆਂ ਟਰਾਲੀਆਂ ਦੀ ਆਵਾਜਾਈ ਵੀ ਆਮ ਹੈ,ਜੋ ਲੱਕੜ ਮੰਡੀ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਜਾਂਦੀਆਂ ਰਹਿੰਦੀਆਂ ਹਨ, ਦਾਸ ਹਰ ਰੋਜ਼ ਚਾਰ ਪੰਜ ਲੱਕੜ ਲੱਦੀਆਂ ਟਰਾਲੀਆਂ ਸਿਰਫ਼ ਸਾਦਿਕ ਤੱਕ ਹੀ ਜਰੂਰ ਵੇਖਦਾ ਹੈ,ਇੱਕ ਦੋ ਵਾਰ ਲੱਕੜ ਭਰੀਆਂ ਟਰਾਲੀਆਂ ਪਲਟੀਆਂ ਵੀ ਨੇ,ਜੋ ਕਿ ਕਿਸੇ ਸਮੇਂ ਵੀ ਜਾਨੀ ਨੁਕਸਾਨ ਕਰ ਸਕਦੀਆਂ ਹਨ, ਅਠਾਰਾਂ ਟਾਇਰੇ ਟਰਾਲੇ ਵੀ ਇਧਰ ਅਕਸਰ ਆਉਂਦੇ ਹਨ ਕਿਉਂਕਿ ਇਸ ਰੋਡ ਤੇ ਟੋਲ ਟੈਕਸ ਹੈ ਨਹੀਂ ਕਰਕੇ ਅਵਾਜਾਈ ਕਾਫੀ ਰਹਿੰਦੀ ਹੈ।
ਜੇਕਰ ਹਰ ਪਿੰਡ ਜੋ ਇਸ ਰੋਡ ਤੇ ਪੈਂਦੇ ਹਨ, ਪੰਚਾਇਤਾਂ ਵੱਲੋਂ ਹਰ ਮਹੀਨੇ ਦੋ ਦੋ ਚਾਰ ਚਾਰ ਦਰਸਾਖਤਾਂ ਇਸ ਸੜਕ ਨੂੰ ਬਣਾਉਣ ਖਾਤਰ ਜਾਣ ਤਾਂ ਸਬੰਧਤ ਮਹਿਕਮਾ ਜ਼ਰੂਰ ਗੌਰ ਫਰਮਾ ਸਕਦਾ ਹੈ। ਹੁਣ ਆਮ ਆਦਮੀ ਪਾਰਟੀ ਵਾਲੀ ਸਰਕਾਰ ਤੋਂ ਤਾਂ ਲੋਕਾਂ ਨੂੰ ਆਸਾਂ ਉਮੀਦਾਂ ਹੀ ਬਹੁਤ ਹਨ, ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਂਝੇ ਕੰਮਾਂ ਦੇ ਮੁਦੱਈ ਲਈ ਜਾਣੇ ਵੀ ਜਾਂਦੇ ਹਨ। ਬਹੁਤ ਹੈਰਾਨੀ ਹੁੰਦੀ ਹੈ ਕਿ ਨਾਂ ਤਾਂ ਇਸ ਸੜਕ ਤੇ ਪੈਂਦੇ ਪਿੰਡਾਂ ਦੇ ਲੋਕ ਤੇ ਨਾ ਹੀ ਇਸ ਇਲਾਕੇ ਦੇ ਐਮ ਐਲ ਏ ਜਾਂ ਫਿਰ ਇਸ ਇਲਾਕ਼ੇ ਦੇ ਐਮ ਪੀ ਸਾਹਿਬ ਵੱਲੋਂ ਧਿਆਨ ਦਿੱਤਾ ਗਿਆ ਹੈ,ਕੀ ਕਿਸੇ ਬਹੁਤ ਵੱਡੇ ਹਾਦਸੇ ਦੀ ਉਡੀਕ ਹੋ ਰਹੀ ਹੈ? ਬਹੁਤ ਸਾਰੇ ਸਕੂਲਾਂ ਦੇ ਬੱਚੇ ਵੈਨਾਂ ਰਾਹੀਂ, ਆਪਣੇ ਵਹੀਕਲਜ਼ ਰਾਹੀਂ ਸਕੂਟਰੀਆਂ ਮੋਟਰਸਾਈਕਲ ਰਾਹੀਂ ਪੜਨ ਵੀ ਜਾਂਦੇ ਹੋਣਗੇ,ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਜਿਹੜੇ ਲੋਕ ਇਸ ਸੜਕ ਤੇ ਹਰ ਰੋਜ਼ ਸਫ਼ਰ ਕਰਦੇ ਹਨ,ਓਹ ਬਾਖ਼ੂਬੀ ਜਾਣਦੇ ਹਨ ਕਿ ਮਲੋਟ ਤੋਂ ਲੈਕੇ ਫਿਰੋਜ਼ਪੁਰ ਤੱਕ ਕਿਸੇ ਵੀ ਵਹੀਕਲਜ਼ ਦਾ ਟੌਪ ਗੇਅਰ ਨਹੀਂ ਪੈਂਦਾ ਜੇਕਰ ਗ਼ਲਤੀ ਨਾਲ ਮੇਰੇ ਵਰਗਾ ਕੋਈ ਪਾ ਵੀ ਦਿੰਦਾ ਹੈ ਤਾਂ ਗੇਅਰ ਪਾਉਣ ਸਾਰ ਹੀ ਫਿਰ ਕੋਈ ਡੂੰਘਾ ਖੱਡਾ ਆ ਜਾਂਦਾ ਹੈ, ਤੇ ਗੱਡੀ ਖੱਡੇ ਵਿੱਚ ਵੱਜਕੇ ਨੁਕਸਾਨੀ ਜਾਂਦੀ ਹੈ, ਜੇਕਰ ਕਹਿ ਲਈਏ ਕਿ ਇਸ ਸਾਰੇ ਅੱਸੀ ਪਚਾਸੀ ਕਿਲੋਮੀਟਰ ਸਫ਼ਰ ਵਿੱਚ ਪੂਰੀ ਇੱਕ ਕਿਲੋਮੀਟਰ ਸੜਕ(ਲਗਾਤਾਰ) ਖੱਡਿਆਂ ਤੋਂ ਬਿਨਾਂ ਨਹੀਂ ਹੈ ਤਾਂ ਬਿਲਕੁਲ ਵੀ ਅਤਿਕਥਨੀ ਨਹੀਂ ਹੋਵੇਗੀ।ਕਈ ਥਾਈਂ ਤਾਂ ਫੁੱਟ ਫੁੱਟ ਡੂੰਘੇ ਟੋਏ ਪਏ ਹੋਣ ਕਰਕੇ ਗੱਡੀਆਂ ਨੁਕਸਾਨੀਆਂ ਜਾਂਦੀਆਂ ਹਨ।
ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਸਾਰੀ ਸੜਕ ਫੋਰਲੇਨ ਅਤੇ ਟੋਲ ਪਲਾਜ਼ਾ ਵਾਲੀ ਬਨਣੀ ਹੈ ਤੇ ਇਸ ਲਈ ਟੈਂਡਰ ਵੀ ਹੋ ਚੁੱਕਾ ਹੈ,ਪਰ ਪਤਾ ਨਹੀਂ ਕਿ ਕਿਸੇ ਨੇ ਸਟੇਅ ਲਿਆ ਹੋਇਆ ਹੈ ਜਾਂ ਫਿਰ ਹੁਣ ਕਿਸੇ ਤੋਂ ਮਹੂਰਤ ਕਢਵਾਉਣਾ ਹੈ ਤੇ ਕਦੋਂ ਇਹਦੀ ਵਾਰੀ ਆਉਣੀ ਹੈ? ਬਹੁਤ ਸਾਰੇ ਐਸੇ ਮੁਲਾਜ਼ਮ ਇਸ ਰੋਡ ਤੋਂ ਹਰ ਰੋਜ਼ ਡਿਊਟੀਆਂ ਉੱਪਰ ਜਾਂਦੇ ਹਨ ਜਿਨ੍ਹਾਂ ਵਿੱਚ ਅਧਿਆਪਕ, ਬੈਂਕ ਵਾਲੇ, ਡਾਕਟਰ ਸਾਹਿਬ ਜਾਂ ਫਿਰ ਅਲੱਗ ਅਲੱਗ ਪ੍ਰਾਈਵੇਟ ਅਦਾਰਿਆਂ ਚ ਕੰਮ ਕਰਨ ਵਾਲੇ,ਜਦੋਂ ਓਹਨਾਂ ਨਾਲ ਗੱਲਬਾਤ ਕੀਤੀ ਤਾਂ ਦੁੱਖੀ ਮਨ ਨਾਲ ਓਹਨਾਂ ਦੱਸਿਆ ਕਿ ਇਹੋ ਜਿਹੀ ਮਾੜੀ ਹਾਲਤ ਵਾਲੀ ਸੜਕ ਸਾਰੇ ਪੰਜਾਬ ਵਿੱਚ ਕਿਧਰੇ ਵੀ ਨਹੀਂ ਹੈ,ਪਰ ਸਾਡੀ ਮਜਬੂਰੀ ਹੈ ਸਾਨੂੰ ਇਧਰੋਂ ਹੀ ਜਾਣਾ ਪੈਂਦਾ ਹੈ, ਜੇਕਰ ਵਾਇਆ ਕੋਟਕਪੂਰਾ ਰੋਡ ਤੋਂ ਆਉਂਦੇ ਹਾਂ, ਤਾਂ ਇੱਕ ਤਾਂ ਸਫ਼ਰ ਦੁਗਣਾ ਪੈਦਾ ਹੈ ਤੇ ਦੂਜੀ ਟੋਲ ਟੈਕਸ ਦੀ ਦੂਹਰੀ ਮਾਰ ਪੈਂਦੀ ਹੈ, ਅੰਤਾਂ ਦੀ ਮਹਿੰਗਾਈ ਕਾਰਨ ਇਹ ਮੁਨਾਸਿਬ ਨਹੀਂ ਹੈ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੁੰਦੇ ਦਿਨੋਂ ਦਿਨ ਵਾਧੇ ਨਾਲ ਹਰ ਇੱਕ ਪਰਿਵਾਰ ਦਾ ਬੱਜਟ ਡਾਵਾਂ ਡੋਲ ਹੋਇਆ ਪਿਆ ਹੈ, ਤੇ ਇਹ ਰੋਡ ਦੀ ਹਾਲਤ ਬਹੁਤ ਹੀ ਤਰਸਯੋਗ ਕਾਰਨ ਵਹੀਕਲਜ਼ ਰਿਪੇਅਰ ਵੀ ਬਹੁਤ ਪੈਂਦੀ ਹੈ, ਕਦੇ ਕੁੱਝ ਟੁੱਟ ਜਾਂਦਾ ਹੈ ਕਿਸੇ ਵਹੀਕਲਜ਼ ਦਾ ਕਦੇ ਕੁੱਝ। ਸਕੂਟਰ ਮੋਟਰਸਾਈਕਲ ਸਕੂਟਰੀਆਂ ਤੇ ਜਾਣ ਵਾਲਿਆਂ ਦੀ ਹਾਲਤ ਤਾਂ ਹੋਰ ਵੀ ਤਰਸਯੋਗ ਹੁੰਦੀ ਤੇ ਵੇਖਣ ਵਾਲੀ ਹੁੰਦੀ ਹੈ, ਮੁਫ਼ਤ ਮਿਲਣ ਵਾਲੇ ਪੌਡਰ ਨਾਲ ਅੰਤਾਂ ਦੀ ਪੈ ਰਹੀ ਗਰਮੀ ਵਿੱਚ ਹਾਲੋਂ ਬੇਹਾਲ ਹੋ ਜਾਂਦੇ ਹਨ, ਘਰੋਂ ਨਹਾ ਧੋ ਕੇ ਨਿਕਲਿਆ ਇਨਸਾਨ ਡਿਊਟੀ ਤੇ ਜਾਣ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਫਿਰ ਨਹਾਉਣ ਵਾਲਾ ਹੋ ਜਾਂਦਾ ਹੈ, ਫਿਰ ਅੱਠ ਘੰਟੇ ਡਿਊਟੀ ਤੋਂ ਬਾਅਦ ਹੀ ਘਰ ਆ ਕੇ ਕੋਈ ਰਾਹਤ ਮਿਲਦੀ ਹੈ।
ਲੋਕਾਂ ਦੀਆਂ ਸਮੱਸਿਆਂਵਾਂ ਵੇਖਦੇ ਹੋਏ ਆਮ ਜਨਤਾ ਵੱਲੋਂ ਅਤੇ ਇਸ ਲੇਖ ਦੇ ਲੇਖਕ ਵੱਲੋਂ ਸਰਕਾਰ ਨੂੰ ਅਤੇ ਪੀ ਡਬਲਿਊ ਡੀ ਮਹਿਕਮੇ ਨੂੰ ਜਿਥੇ ਪੁਰਜ਼ੋਰ ਅਪੀਲ ਹੈ ਕਿ ਇਸ ਸੜਕ ਦੀ ਪਹਿਲ ਦੇ ਅਧਾਰ ਤੇ ਸਾਰ ਲਈ ਜਾਵੇ, ਓਥੇ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਵੀ ਸਨਿਮਰ ਬੇਨਤੀ ਹੈ ਕਿ ਨਿੱਜੀ ਦਖ਼ਲ ਦੇ ਕੇ ਬਹੁਤ ਸਾਰੇ ਸਾਲਾਂ ਤੋਂ ਵਿਗੜੀ ਹਾਲਤ ਵਾਲੀ ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਵਾਇਆ ਜਾਵੇ, ਤੇ ਜੇਕਰ ਟੈਂਡਰ ਹੋ ਚੁੱਕਾ ਹੈ ਤਾਂ ਠੇਕੇਦਾਰ ਨੂੰ ਵੀ ਇਸ ਕਾਰਜ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਹਦਾਇਤ ਕੀਤੀ ਜਾਵੇ।ਮਾਨ ਸਾਹਿਬ ਤੁਹਾਡੇ ਤੋਂ ਪੰਜਾਬ ਵਾਸੀਆਂ ਨੂੰ ਬਹੁਤ ਜ਼ਿਆਦਾ ਆਸਾਂ ਉਮੀਦਾਂ ਨੇ ਉਮੀਦ ਹੈ ਕਿ ਤੁਸੀਂ ਇਹ ਕਾਰਜ ਖੁਦ ਦਖਲ ਦੇ ਕੇ ਨੇਪਰੇ ਚੜਾਓ ਗੇ, ਤਾਂ ਕਿ ਕੋਈ ਹੋਰ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ।
ਨੋਟ:ਦਾਸ ਲਗਾਤਾਰ ਇਸ ਰੋਡ ਤੇ ਕਈ ਮਹੀਨਿਆਂ ਤੋਂ ਡਰਾਈਵਿੰਗ ਕਰਦਾ ਆ ਰਿਹਾ ਹੈ ਇਹ ਮੇਰੇ ਨਿੱਜੀ ਵਿਚਾਰ ਵੀ ਨੇ, ਤੇ ਲੋਕਾਂ ਨਾਲ ਕੀਤੀ ਗੱਲਬਾਤ ਦਾ ਹਵਾਲਾ ਵੀ ਹੈ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556