ਵੈਕਸੀਨੇਸ਼ਨ ਦੇ ਮਿਥੇ ਟੀਚੇ ਨੂੰ ਪੂਰਾ ਕਰਨ ਲਈ ਸਮੂਹ ਵਿਭਾਗੀ ਅਧਿਕਾਰੀ ਪੁਰਜੋਰ ਯਤਨ ਕਰਨ : ਡਿਪਟੀ ਕਮਿਸ਼ਨਰ
ਫਾਜ਼ਿਲਕਾ, 30 ਮਈ (ਰਣਜੀਤ ਸਿੱਧਵਾਂ) : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਅੰਦਰ ਵੈਕਸੀਨੇਸ਼ਨ ਦੀਆਂ ਖੁਰਾਕਾਂ ਦੇ ਮਿਥੇ ਟੀਚੇ ਨੂੰ ਪੂਰਾ ਕਰਨ ਲਈ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ `ਚ ਕੋਵਿਡ ਟੀਕਾਕਰਨ ਦਾ ਮੁਕੰਮਲ ਸੋ ਫੀਸਦੀ ਟੀਚਾ ਪੂਰਾ ਕਰਨ 'ਚ ਤੇਜੀ ਲਿਆਂਦੀ ਜਾਵੇ ਤੇ ਪੁਰਜੋਰ ਯਤਨ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਕੋਵਿਡ ਵੈਕਸੀਨੇਸ਼ਨ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਸੁਰੱਖਿਆ ਲਈ ਲੋਕਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਸਬੰਧੀ ਜਾਗਰੂਕ ਕੀਤਾ ਜਾਵੇ ਤਾਂ ਜ਼ੋ ਲੋਕ ਟੀਕਾ ਲਗਵਾਉਣ ਤੋਂ ਗੁਰੇਜ਼ ਨਾ ਕਰਨ।ਉਨ੍ਹਾਂ ਕਿਹਾ ਕਿ ਕੋਵਿਡ ਟੀਕਾਕਰਨ ਦਾ ਸੋ ਫੀਸਦੀ ਟੀਚਾ ਹਰੇਕ ਵਿਭਾਗ ਵੱਲੋਂ ਆਪਸੀ ਤਾਲਮੇਲ ਨਾਲ ਹੀ ਪੂਰਾ ਕੀਤਾ ਜਾ ਸਕੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰੀ ਏਰੀਆ ਦੇ ਨਾਲ-ਨਾਲ ਗ੍ਰਾਮੀਣ ਏਰੀਆ ਦੇ ਵਿੱਚ ਟੀਕਾਕਰਨ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਗ੍ਰਾਮੀਣ ਖੇਤਰ ਵਿੱਚ ਸਮੂਹ ਬੀ.ਡੀ.ਓਜ਼, ਪੰਚਾਇਤ ਸਕੱਤਰ, ਸਰਪੰਚ, ਮਗਨਰੇਗਾ ਸਟਾਫ਼, ਗ੍ਰਾਮ ਰੋਜ਼ਗਾਰ ਸੇਵਕ ਆਪਣਾ ਫਰਜ ਸਮਝਦੇ ਹੋਏ ਲੋਕਾਂ ਨੁੰ ਕੋਵਿਡ ਵੈਕਸੀਨ ਲਗਵਾਉਣ ਪ੍ਰਤੀ ਪ੍ਰੇਰਿਤ ਕਰਨ ਤਾਂ ਹੀ ਟੀਚਾ ਪੂਰਾ ਹੋ ਸਕਦਾ ਹੈ। ਇਸ ਤੋਂ ਇਲਾਵਾ ਬਾਰਡਰ ਏਰੀਆ ਦੇ ਟੀਕਾ ਲਗਵਾਉਣ ਤੋਂ ਵਾਂਝੇ ਲੋਕਾਂ ਨੂੰ ਵੈਕਸੀਨ ਲਗਵਾਉਣ ਪ੍ਰਤੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 12 ਤੋਂ 14 ਸਾਲ, 15 ਤੋਂ 17 ਸਾਲ ਤੱਕ ਆਦਿ ਹੋਰ ਹਰ ਕੈਟਾਗਰੀਆਂ ਦੇ ਟੀਚੇ ਨੂੰ ਪੂਰਾ ਕਰਨ ਲਈ ਸਾਨੂੰ ਸਭ ਨੂੰ ਸਾਂਝੇ ਤੌਰ ਤੇ ਹੰਭਲਾ ਮਾਰਨ ਦੀ ਲੋੜ ਹੈ।ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਦੀ ਪ੍ਰਧਾਨਗੀ ਹੇਠ ਡੇਂਗੂ ਸੀਜ਼ਨ ਦੇ ਮੱਦੇਨਜ਼ਰ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਸਿੱਖਿਆਂ ਸੰਸਥਾਵਾਂ ਨੂੰ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਰੱਖਣ ਲਈ ਕਿਹਾ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲਾਂ, ਕਾਲਜਾਂ, ਦਫਤਰਾਂ ਅਤੇ ਦੁਕਾਨਾਂ ਅੰਦਰ ਜਾਂ ਛੱਤਾਂ ਉੱਪਰ ਪਈਆਂ ਟੈਕੀਆਂ, ਫਰਿਜਾਂ ਅਤੇ ਕੂਲਰਾਂ, ਭਾਂਡਿਆ ਆਦਿ ਵਸਤਾਂ ਵਿਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਕਿਉਂਕਿ ਜਿਥੇ ਪਾਣੀ ਇਕੱਠਾ ਹੁੰਦਾ ਹੈ ਉਥੇ ਹੀ ਮੱਛਰ ਪੈਦਾ ਹੁੰਦਾ ਹੈ।ਉਨ੍ਹਾਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਜਿਥੇ ਵੀ ਪਾਣੀ ਖੜਾ ਹੁੰਦਾ ਹੈ, ਖੜੇ ਹੋਏ ਪਾਣੀ ਵਿੱਚ ਡੇਂਗੂ ਦੇ ਲਾਰਵੇ ਦੀ ਚੈਕਿੰਗ ਜ਼ਰੂਰ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਡੋਰ ਟੂ ਡੋਰ ਜਾ ਕੇ ਡੇਂਗੂ ਦੀ ਬਿਮਾਰੀ ਨੂੰ ਰੋਕਣ ਲਈ ਚੈਕਿੰਗ ਅਭਿਆਨ ਚਲਾਉਣ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀ, ਈ.ਓ. ਅਤੇ ਸੈਨਟਰੀ ਇੰਸਪੈਕਟਰ ਨਾਲ ਤਾਲਮੇਲ ਕਰਕੇ ਵੱਖ-ਵੱਖ ਏਰੀਆ ਦਾ ਸ਼ਿਡਿਉਲ ਤਿਆਰ ਕਰਨਗੇ ਅਤੇ ਲਿਸਟ ਮੁਤਾਬਕ ਫੌਗਿੰਗ ਕਰਵਾਉਣਗੇ। ਮੀਟਿੰਗ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕਵਿਤਾ ਨੇ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਆਸ ਪਾਸ ਪਾਣੀ ਖੜਾ ਹੋ ਜਾਂਦਾ ਹੈ ਜੋ ਕਿ ਮੱਛਰਾਂ ਦੇ ਵਾਧੇ ਦਾ ਸਬੱਬ ਬਣਦਾ ਹੈ, ਇਸ ਲਈ ਲੋਕ ਆਪਣਾ ਆਲਾ-ਦੁਆਲਾ ਸਾਫ- ਸੁਥਰਾ ਰੱਖਣ ਅਤੇ ਕਿਸੇ ਵੀ ਥਾਂ `ਤੇ ਪਾਣੀ ਖੜਾ ਹੋਣ ਦੇਣ ਤੋਂ ਰੋਕਣ, ਕਿਉਂਕਿ ਡੇਂਗੂ ਦਾ ਲਾਰਵਾ ਇੱਕ ਹਫਤੇ ਵਿੱਚ ਮੱਛਰ ਦੇ ਰੂਪ ਵਿੱਚ ਪਰਿਵਰਤਿਤ ਹੋ ਜਾਂਦਾ ਹੈ, ਅਜਿਹੇ ਮੌਸਮ ਵਿੱਚ ਡੇਂਗੂ ਤੋਂ ਬਚਾਅ ਲਈ ਵਧੇਰੇ ਸਾਵਧਾਨੀਆਂ ਦੀ ਜਰੂਰਤ ਹੁੰਦੀ ਹੈ।ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਸੁਨੀਤਾ ਰਾਣੀ ਨੇ ਕਿਹਾ ਕਿ ਡੇਂਗੂ ਰੋਗ ਏਡੀਜ਼ ਇਜਿਪਟਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਹ ਇੱਕ ਵਾਇਰਲ ਬੀਮਾਰੀ ਹੈ, ਜਿਸ ਵਿੱਚ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛਲੇ ਭਾਗ ਵਿੱਚ ਦਰਦ, ਸ਼ਰੀਰ ਅਤੇ ਜੋੜਾਂ ਵਿੱਚ ਦਾ ਅਸਿਹ ਦਰਦ ਆਦਿ ਲੱਛਣ ਪ੍ਰਗਟ ਹੋ ਸਕਦੇ ਹਨ।ਡੇਂਗੂ ਦੇ ਟੈਸਟ ਦੀ ਜਾਂਚ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਅਤੇ ਸਰਕਾਰੀ ਹਸਪਤਾਲ ਅਬੋਹਰ ਵਿਖੇ ਮੁਫ਼ਤ ਉਪਲੱਬਧ ਹੈ। ਇਸ ਤੋਂ ਇਲਾਵਾ ਜਲਾਲਾਬਾਦ ਵਿਖੇ ਜਾਂਚ ਦਾ ਕੁਲੈਕਸ਼ਨ ਸੈਂਟਰ ਉਪਲਬਧ ਹੈ ਉਥੇ ਵੀ ਟੈਸਟ ਲਈ ਸੈਂਪਲ ਜਮ੍ਹਾ ਕਰਵਾਇਆ ਜਾ ਸਕਦਾ ਹੈ।ਉਨ੍ਹਾ ਨੇ ਇਹ ਵੀ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਸਰੀਰ ਨੂੰ ਪੂਰੀ ਤਰਾਂ ਕਵਰ ਕਰਨ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਮੱਛਰਦਾਨੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਵਿਅਕਤੀ ਨੂੰ ਤੇਜ਼ ਬੁਖਾਰ, ਸਰੀਰ ਦਰਦ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਐਸ.ਡੀ. ਐਮ. ਸ੍ਰੀ ਰਵਿੰਦਰ ਸਿੰਘ ਅਰੋੜਾ, ਮੁੱਖ ਖੇਤੀਬਾੜੀ ਅਫ਼ਸਰ ਸ. ਰੇਸ਼ਮ ਸਿੰਘ, ਕਾਰਜ ਸਾਧਕ ਅਫ਼ਸਰ ਸ੍ਰੀ ਰਜਨੀਸ਼, ਐਸ.ਐਮ.ਓ ਸ. ਹਰਕਿਰਤ ਸਿੰਘ, ਡਾ. ਰੁਪਾਲੀ ਮਹਾਜਨ, ਸਿਖਿਆ ਵਿਭਾਗ ਤੋਂ ਸ੍ਰੀ ਵਿਜੈ ਪਾਲ, ਨਾਇਬ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਬੀ.ਡੀ.ਓਜ ਵੀ ਮੌਜੂਦ ਸਨ।