ਧਰਮਕੋਟ , ਮਈ 29( ਮਨੋਜ ਕੁਮਾਰ ਨਿੱਕੂ )ਪੰਜਾਬੀ ਗਾਇਕੀ ਦੇ ਖੇਤਰ ਅੰਦਰ ਬਹੁਤ ਹੀ ਛੋਟੀ ਜਿਹੀ ਉਮਰ ਚ ਧਰੂ ਤਾਰੇ ਵਾਂਗ ਚਮਕਣ ਵਾਲਾ ਤੇ ਪੰਜਾਬੀ ਗਾਇਕੀ ਚ ਵੱਡਾ ਨਾਮਣਾ ਖੱਟਣ ਵਾਲਾ ਨੌਜਵਾਨ ਦਿਲਾਂ ਦੀ ਧੜਕਣ ਵਿਸਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੀ ਅੱਜ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਅੱਜ ਜਿਓਂ ਹੀ ਇਹ ਖਬਰ ਮੀਡੀਆ ਤੇ ਸੋਸ਼ਲ ਮੀਡੀਆ ਤੇ ਆਈ ਤਾਂ ਪੰਜਾਬ ਦੇ ਸਮੂਹ ਪਿੰਡਾ ਅੰਦਰ ਨੌਜਵਾਨਾਂ ਸਮੇਤ ਹਰ ਵਰਗ ਦੇ ਲੋਕਾਂ ਅੰਦਰ ਸੋਗ ਦਾ ਮਾਹੌਲ ਪੈਦਾ ਹੋ ਗਿਆ ਤੇ ਹਰ ਕੋਈ ਭਰੇ ਮਨ ਨਾਲ ਸਿੱਧੂ ਦੀ ਭਰ ਜਵਾਨੀ ਚ ਹੋਈ ਅਚਨਚੇਤ ਮੌਤ ਤੇ ਦੁੱਖ ਪ੍ਰਗਟਾ ਰਿਹਾ ਸੀ। ਆ ਰਹੀਆਂ ਖ਼ਬਰਾਂ ਅਨੁਸਾਰ ਪੂਰੇ ਅੰਦਰ ਹੀ ਨੌਜਵਾਨਾਂ ਤੋਂ ਇਲਾਵਾ ਮਰਦ, ਔਰਤਾਂ ਤੇ ਬੱਚੇ ਬੱਚੇ ਨੂੰ ਇਸ ਮਾੜੀ ਖ਼ਬਰ ਨੇ ਝੰਜੋੜ ਕੇ ਰੱਖ ਦਿੱਤਾ। ਹਰ ਕੋਈ ਸਿੱਧੂ ਮੂਸੇ ਵਾਲੇ ਦੀ ਖ਼ਬਰ ਦੀ ਸੱਚਾਈ ਜਾਨਣ ਲਈ ਟੀਵੀ ਅਤੇ ਮੋਬਾਇਲ ਫ਼ੋਨ ਦੇਖਣ ਲੱਗਾ ਅਤੇ ਪੰਜਾਬ ਸਮੇਤ ਦੁਨੀਆ ਦੇ ਕੋਨੇ ਕੋਨੇ ਚ ਬੈਠੇ ਪੰਜਾਬੀ ਇਸ ਘਟਨਾ ਤੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਚ ਸਿੱਧੂ ਮੂਸੇ ਵਾਲੇ ਦੀ ਵਾਪਸ ਲਈ ਸੁਰੱਖਿਆ ਨੂੰ ਜਿੰਮੇਵਾਰ ਠਹਿਰਾ ਰਹੇ ਹਨ। ਅੱਜ ਜਦੋਂ ਸਿੱਧੂ ਮੂਸੇ ਵਾਲੇ ਦੀ ਖਬਰ ਨਜਦੀਕੀ ਪਿੰਡ ਦੀ ਸਥ ਚ ਬੈਠੇ ਲੋਕਾਂ ਕੋਲ ਪਹੁੰਚੀ ਤਾਂ ਉਥੇ ਅਪਣੇ ਪਿਤਾ ਨਾਲ ਬੈਠੇ ਇੱਕ ਛੋਟੇ ਬੱਚੇ ਦੇ ਇਹ ਬੋਲ ਕਿ ਪਾਪਾ- ਕੀ ਹੁਣ ਸਿੱਧੂ ਦੇ ਗੀਤ ਕਦੇ ਸੁਣਨ ਨੂੰ ਨਹੀਂ ਮਿਲਣਗੇ, ਨੇ ਉਥੇ ਬੈਠੇ ਲੋਕਾਂ ਨੂੰ ਭਾਵੁਕ ਕਰ ਦਿੱਤਾ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਮੂਸੇ ਵਾਲੇ ਦੀ ਖਬਰ ਨੇ ਸਮੁੱਚੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਹੀ ਨਹੀਂ , ਸਗੋਂ ਦੁਨੀਆਂ ਭਰ ਚ ਵੱਸਦੇ ਪੰਜਾਬੀਆਂ ਸਮੇਤ ਸਿੱਧੂ ਮੂਸੇ ਵਾਲੇ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਬੇਹਦ ਮਾਯੂਸ ਤੇ ਉਦਾਸ ਹਨ।