ਗੰਨ ਸੱਭਿਆਚਾਰ ਅਤੇ ਗੈਂਗਸਰਵਾਦ ਨੇ ਸਿੱਧੂ ਮੂਸੇ ਵਾਲਾ ਨੂੰ ਆਪਣਾ ਨਿਸ਼ਾਨਾ ਬਣਾਕੇ ਉਸਦੇ ਜ਼ਿੰਦਗੀ ਜਿਉਣ ਦੇ ਹੱਕ ਨੂੰ ਖੋਹ ਲਿਆ ਹੈ। ਇਹ ਘਿਨਾਉਣੀ, ਨਿੰਦਣਯੋਗ ਬੁਜ਼ਦਿਲ ਕਾਰਵਾਈ ਹੈ। ਅਜਿਹਾ ਕਰਨ ਦੀ ਕਦਾਚਿਤ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕਿਸੇ ਵੀ ਵਿਅਕਤੀ/ ਸੰਸਥਾ ਦੇ ਸਿੱਧੂ ਮੂਸੇ ਵਾਲਾ ਜਾਂ ਕਿਸੇ ਹੋਰ ਨਾਲ ਵਿਚਾਰ ਦੇ ਪੱਧਰ'ਤੇ ਮੱਤਭੇਦ ਹੋ ਸਕਦੇ ਹਨ। ਤਰਕ,ਦਲੀਲ ਅਤੇ ਸੰਵਾਦ ਨਾਲ ਸਮਝਿਆ ਸਮਝਾਇਆ ਜਾ ਸਕਦਾ ਹੈ। ਇੱਕ ਦੂਜੇ ਦੇ ਵਿਚਾਰਾਂ ਪੑਤੀ ਸਹਿਮਤੀ/ਅਸਿਹਮਤੀ ਪੑਗਟਾਈ ਜਾ ਸਕਦੀ ਹੈ। ਵਿਚਾਰਾਂ ਵਿੱਚੋਂ ਹੀ ਸੱਭਿਆਚਾਰਕ ਗਾਇਕੀ ਜਨਮ ਲੈਂਦੀ ਹੈ। ਅਜਿਹੀ ਗਾਇਕੀ/ਸੱਭਿਆਚਾਰ ਨੂੰ ਪੈਦਾਵਾਰੀ ਖੇਤਰ ਦੀ ਮੁਨਾਫੇ ਦੀ ਹੋੜ ਵਿੱਚ ਲੱਗੀ ਮੰਡੀ ਪ੍ਰਫੁੱਲਿਤ ਕਰਦੀ ਹੈ। ਅਜਿਹਾ ਕਰਨ ਪਿੱਛੇ ਮੁਨਾਫ਼ਾ ਕਮਾਉਣ ਦੇ ਨਾਲ ਨਾਲ ਬੇਰੁਜ਼ਗਾਰੀ ਦੇ ਦੈਂਤ ਦਾ ਸਾਹਮਣਾ ਕਰ ਰਹੀ ਨੌਜਵਾਨੀ ਨੂੰ ਫੁਕਰਪੰਥੀ ਸੱਭਿਆਚਾਰ ਦੇ ਲੜ ਲਾਕੇ ਉਨ੍ਹਾਂ ਦੇ ਜ਼ਿੰਦਗੀ ਦੇ ਬੁਨਿਆਦੀ ਮਸਲਿਆਂ ਤੋਂ ਲਾਂਭੇ ਕਰਨਾ ਵੀ ਹੁੰਦਾ ਹੈ। ਇਸ ਕਤਲ ਦੇ ਕਾਰਨਾਂ ਦੀ ਬਾਰੀਕੀ ਨਾਲ ਪੜਤਾਲ ਹੋਣੀ ਚਾਹੀਦੀ ਹੈ। ਦੋਸ਼ੀ ਅਤੇ ਸਾਜਿਸ਼ ਘਾੜੇ ਸਾਹਮਣੇ ਆਉਣੇ ਚਾਹੀਦੇ ਹਨ। ਹਾਕਮ ਧਿਰ ਨੂੰ ਇਸ ਕਤਲ ਤੋਂ ਬਰੀ ਨਹੀਂ ਕੀਤਾ ਜਾ ਸਕਦਾ।
ਸਿੱਧੂ ਮੂਸੇ ਵਾਲੇ ਦਾ ਅੰਤ ਬਹੁਤ ਬੁਰਾ ਹੋਇਆ। ਜਿਸ ਗੰਨ ਸੱਭਿਆਚਾਰ ਅਤੇ ਗੈਂਗਸਰਵਾਦ ਨੂੰ ਮੂਸੇ ਸਿੱਧੂ ਵਾਲੇ ਨੇ ਸ਼ਰੇਆਮ ਆਪਣੀਆਂ ਐਲਬਮਾਂ ਰਾਹੀਂ ਪਰਮੋਟ ਕੀਤਾ, ਉਹੀ ਗੰਨ ਸੱਭਿਆਚਾਰ ਅਤੇ ਗੈਂਗਸਟਰਵਾਦ ਸਿੱਧੂ ਮੂਸੇ ਵਾਲਾ ਲਈ ਇਸ ਦੁਨੀਆਂ ਤੋਂ ਸਦਾ ਸਦਾ ਲਈ ਚਲੇ ਜਾਣ ਦਾ ਕਾਰਨ ਬਣਿਆ ਹੈ। ਸਿੱਧੂ ਮੂਸੇ ਵਾਲਾ ਵੱਲੋਂ ਨੌਜਵਾਨੀ ਦੀ ਬਰਬਾਦੀ ਲਈ ਸਿਰਜੀ ਜਾ ਰਹੀ ਫੁਕਰੀ ਗਾਇਕੀ ਕਾਰਨ ਚਰਚਾ ਵਿੱਚ ਰਿਹਾ ਹੈ। ਪੁਲਿਸ ਅਤੇ ਸਿਆਸਤਦਾਨ ਉਸ ਲਈ ਢਾਲ ਬਣਦੇ ਰਹੇ ਹਨ। ਗੈਂਗਸਟਰਵਾਦ ਦੀ ਪੈਦਾਵਾਰ ਸਿੱਧੂ ਮੂਸੇ ਵਾਲਾ ਨਹੀਂ ਜੋ
ਗੰਨ ਸੱਭਿਆਚਾਰ ਅਤੇ ਗੈਂਗਸਰਵਾਦ ਨੂੰ ਪਰਮੋਟ ਕਰ ਰਿਹਾ ਹੈ। ਗੈਂਗਸਟਰਵਾਦ ਸਮੇਤ ਗੰਨ ਸੱਭਿਆਚਾਰ ਨੂੰ ਪੈਦਾ ਕਰਨ ਦੀ ਜੜੵ ਲੁਟੇਰਾ ਤੇ ਜਾਬਰ ਰਾਜ ਪੑਬੰਧ ਹੈ। ਇਹੀ ਪੑਬੰਧ ਇਸ ਗੈਂਗਸਟਰਵਾਦ ਨੂੰ ਪਾਲਦਾ ਵੱਡਾ ਕਰਦਾ ਤੇ ਮੋੜਵੇਂ ਰੂਪ'ਚ ਆਪਣੇ ਸਿਆਸੀ ਹਿੱਤਾਂ ਲਈ ਵਰਤਦਾ ਹੈ। ਕਿਰਨਜੀਤ ਕੌਰ ਮਹਿਲਕਲਾਂ ਕਾਂਡ ਦੇ ਦੋਸ਼ੀਆਂ ਖਿਲਾਫ਼ ਦਰਜ ਸੈਂਕੜੇ ਮੁਕੱਦਮੇ,ਸ਼ਰੂਤੀ ਕਾਂਡ ਦੇ ਸਰਗਣੇ ਨਿਸ਼ਾਨੇ ਸਮੇਤ ਹੋਰਨਾਂ ਗੈਂਗਸਟਰਾਂ ਖਿਲਾਫ਼ ਦਰਜਨਾਂ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਦਨਦਨਾਉਂਦੇ ਫਿਰਨਾ ਪੁਲਿਸ ਅਤੇ ਸਿਆਸੀ ਸੑਪਰਸਤੀ ਤੋਂ ਬਿਨਾਂ ਸੰਭਵ ਨਹੀਂ। ਹਾਲਾਤ ਇਹ ਬਣ ਗਏ ਹਨ ਕਿ ਵਿਧਾਨ ਸਭਾ ਅਤੇ ਪਾਰਲੀਮੈਂਟ ਵਿੱਚ ਅਪਰਾਧੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਲਖੀਮਪੁਰ ਖੀਰੀ ਕਾਂਡ ਦਾ ਮੁੱਖ ਸਾਜਿਸ਼ ਘਾੜਾ ਗੑਹਿ ਰਾਜ ਮੰਤਰੀ ਅਜੇ ਮਿਸਰੀ ਟੈਣੀ ਇਸ ਦੀ ਪੁਖਤਾ ਉਦਾਹਰਣ ਹੈ।
ਇਹ ਪੂਰੀ ਮੁਨਾਫ਼ੇ ਦੀ ਹੋੜ ਵਿੱਚ ਲੱਗੀ ਖਪਤ ਦੀ ਮੰਡੀ ਹੈ। ਜਿਸ ਦਾ ਕਰੋੜਾਂ ਅਰਬਾਂ ਰੁ ਦਾ ਕਾਰੋਬਾਰ ਹੈ। ਇਸ ਮੰਡੀ ਉੱਪਰ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਅਜਿਹੇ ਫੁਕਰਪੰਥੀ ਕਲਾਕਾਰਾਂ ਵੱਲੋਂ ਸਿਰਜਿਆ ਜਾ ਰਿਹਾ ਲੋਕ ਵਿਰੋਧੀ ਸੱਭਿਆਚਾਰ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਗੱਲ ਗੰਨ ਸੱਭਿਆਚਾਰ ਅਤੇ ਗੈਂਗਸਰਵਾਦ ਨੂੰ ਪਾਲਣਹਾਰਾਂ(ਸਿਆਸਤਦਾਨ-ਪੁਲਿਸ-ਮੁਨਾਫ਼ਾ ਖੋਰ ਪਰਬੰਧ-ਗੈਂਗਸਰਵਾਦ ਗੱਠਜੋੜ)ਵੱਲ ਸੇਧਿਤ ਹੋਣੀ ਚਾਹੀਦੀ ਹੈ। ਹਾਕਮ ਜਮਾਤੀ ਸਿਆਸੀ ਪਾਰਟੀਆਂ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਸਿਆਸੀ ਤੰਗਨਜ਼ਰ ਪਹੁੰਚ ਰਾਹੀਂ ਇੱਕ ਦੂਜੇ ਖਿਲਾਫ਼ ਚਿੱਕੜ ਉਛਾਲੀ ਤੱਕ ਸੀਮਤ ਕਰਕੇ ਮੁੱਦੇ ਦੀ ਜਪਤਪ ਕਰ ਦੇਣ ਤੱਕ ਸੀਮਤ ਰਹਿਣਗੀਆਂ।ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾਂ ਵਾਪਰਨ, ਘਰਾਂ'ਚ ਮੌਤ ਦੇ ਸੱਥਰ ਨਾਂ ਵਿਛਣ, ਬੁੱਢੇ ਮਾਂ ਬਾਪ ਦੀ ਡੰਗੋਰੀ ਨਾ ਲੁੱਟੀ ਜਾਵੇ, ਭਰ ਜੁਆਨ ਅਵਸਥਾ ਵਿੱਚ ਨੌਜਵਾਨ ਕੁੜੀਆਂ ਨੂੰ ਵਿਧਵਾਵਾਂ ਵਾਲੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਨਾ ਹੋਣਾ ਪਵੇ, ਬੱਚੇ ਬੱਚੀਆਂ ਅਨਾਥ ਨਾ ਹੋਣ, ਇਸ ਲਈ ਜ਼ਰੂਰੀ ਹੈ ਕਿ ਜਵਾਨੀ ਦੇ ਹੱਥਾਂ ਵਿੱਚ ਰੁਜ਼ਗਾਰ ਹੋਵੇ। ਗੈਂਗਸਟਰਵਾਦ, ਫੁਕਰਪੰਥੀ, ਨਸ਼ਿਆਂ ਨੂੰ ਪਰਮੋਟ ਕਰਨ ਵਾਲੇ,ਔਰਤ ਵਿਰੋਧੀ ਸੱਭਿਆਚਾਰ ਨੂੰ ਸਖਤੀ ਨਾਲ ਨਕੇਲ ਪਾਈ ਜਾਵੇ। ਨੌਜਵਾਨੀ ਨੂੰ ਸਹੀ ਸੇਧ ਦੇਣ ਲਈ ਨਰੋਏ ਸੱਭਿਆਚਾਰ ਦੀ ਸਿਰਜਣਾ ਕੀਤੀ ਜਾਵੇ।