ਮੁੱਖ ਮੰਤਰੀ ਸਿਆਸਤ ਛੱਡ ਕੇ ਜ਼ਿੰਮੇਵਾਰੀ ਨਿਭਾਉਂਦੇ ਤਾਂ ਗਾਇਕ ਸਿੱਧੂ ਮੌਤ ਦੇ ਮੂੰਹ ਨਾ ਪੈਂਦਾ
ਸਰਕਾਰ ਦੇ ਹਾਈ ਅਲਰਟ ਦੇ ਬਾਵਜੂਦ ਪੰਜਾਬ ਅੰਦਰ ਬੀਤੇ ਕੱਲ੍ਹ ਵੀ ਹੋਈਆਂ ਕਤਲ ਦੀਆਂ ਘਟਨਾਵਾਂ
ਮੁੱਲਾਂਪੁਰ ਦਾਖਾ , 31 ਅਪ੍ਰੈਲ ( ਸਤਵਿੰਦਰ ਸਿੰਘ ਗਿੱਲ) ਮਾਨਸਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਮੂਸੇ ਦੇ ਕਿਸਾਨੀ ਪਰਿਵਾਰ ਤੋਂ ਉੱਠ ਕੇ ਦੇਸ਼ ਵਿਦੇਸ਼ ਅੰਦਰ ਆਪਣੀ ਪ੍ਰਸਿੱਧੀ ਦੀ ਚਰਚਾ ਬਟੋਰਨ ਵਾਲੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਹੋਏ ਦਰਦਨਾਕ ਕਤਲ ਤੋਂ ਬਾਅਦਆਮ ਲੋਕਾਂ ਦੇ ਮਨਾਂ ਅੰਦਰ ਬਣੇ ਖੌਫ ਅਤੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਉੱਪਰ ਚਿੰਤਾ ਪ੍ਰਗਟ ਕਰਦਿਆਂ ਹਲਕਾ ਦਾਖਾ ਦੇ ਵਿਧਾਇਕ ਅਤੇ ਵਿਧਾਨ ਸਭਾ ਅੰਦਰ ਅਕਾਲੀ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਰੋਜ਼ਾਨਾ ਪੰਜਾਬ ਅੰਦਰ ਗੈਂਗਵਾਰ ਅਤੇ ਕਤਲੋਗਾਰਤ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਨੂੰ ਰੋਕਣ ਤੇ ਸੂਬੇ ਅੰਦਰ ਅਮਨ ਕਾਨੂੰਨ ਦੀ ਬਹਾਲੀ ਲਈ ਆਪ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਬੇਹੱਦ ਛੋਟੀ ਉਮਰ ਵਿੱਚ ਹੀ ਸਮੁੱਚੇ ਸੰਸਾਰ ਵਿਚ ਵੱਸਦੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਆਪ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਜਿਸ ਨੂੰ ਕਿਸੇ ਵੀ ਪੱਖ ਤੋਂ ਇਸ ਘਟਨਾ ਲਈ ਬਰੀ ਨਹੀਂ ਕੀਤਾ ਜਾ ਸਕਦਾ।
ਵਿਧਾਇਕ ਇਯਾਲੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸੁਰੱਖਿਆ ਦੇ ਮੁੱਦੇ ਤੇ ਸਿਆਸੀ ਆਗੂਆਂ ਤੇ ਤੰਜ ਕੱਸਣ ਵਾਲੇ ਆਪ ਆਗੂ ਅੱਜ ਆਪਣੀ ਕਹਿਣੀ ਤੇ ਕਰਨੀ ਤੋਂ ਬੇਹੱਦ ਦੂਰ ਹੋ ਗਏ ਹਨ ਅਤੇ ਮੌਜੂਦਾ ਸਮੇਂ ਸਰਕਾਰ ਬਣਨ ਤੋਂ ਬਾਅਦ ਵੱਡੀ ਸੁਰੱਖਿਆ ਛਤਰੀ ਲੈ ਕੇ ਚੱਲਦੇ ਹਨ, ਜਦਕਿ ਧਮਕੀਆਂ ਦਾ ਸਾਹਮਣਾ ਕਰਨ ਵਾਲੇ ਸਿਆਸੀ ਜਾਂ ਸੈਲੀਬਰਿਟੀ ਲੋਕਾਂ ਤੋਂ ਮਹਿਜ਼ ਸਿਆਸੀ ਲਾਭ ਲਈ ਬਗੈਰ ਸੋਚੇ ਸਮਝੇ ਸੁਰੱਖਿਆ ਵਾਪਸ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੇ ਸਮੇਂ ਦੌਰਾਨ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੀ ਬਜਾਏ ਕੇਵਲ ਰਾਜਨੀਤੀ ਤੇ ਧਿਆਨ ਕੇਂਦਰਤ ਰੱਖਿਆ ਹੈ ਜਿਸ ਕਾਰਨ ਹੋਰ ਪਾਰਟੀਆਂ ਦੇ ਸਿਆਸੀ ਆਗੂਆਂ ਧਾਰਮਿਕ ਅਤੇ ਪ੍ਰਸਿੱਧ ਸ਼ਖ਼ਸੀਅਤਾਂ ਦੀ ਸੁਰੱਖਿਆ ਵਾਪਸ ਲੈ ਕੇ ਉਸ ਦਾ ਵੱਡੀ ਪੱਧਰ ਤੇ ਪ੍ਰਚਾਰ ਕੀਤਾ ਗਿਆ ਹੈ ਜਦ ਕਿ ਪੰਜਾਬ ਪੁਲਿਸ ਦੀ ਵੱਡੀ ਨਫ਼ਰੀ ਮੁੱਖਮੰਤਰੀ ਭਗਵੰਤ ਮਾਨ ਦੇ ਪਰਿਵਾਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਦੇ ਸੁਰੱਖਿਆ ਲਈ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਸਿੱਧੂ ਮੂਸੇ ਵਾਲਾ ਪੰਜਾਬ ਦਾ ਉਹ ਹੋਣਹਾਰ ਨੌਜਵਾਨ ਗਾਇਕ ਸੀ ਜਿਸ ਨੇ ਪੰਜਾਬੀ ਜ਼ੁਬਾਨ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ, ਜਿਸ ਕਾਰਨ ਵਿਦੇਸ਼ਾਂ ਅੰਦਰ ਹੋਣ ਵਾਲੇ ਸਟੇਜ ਸ਼ੋਅ ਦੌਰਾਨ ਪੰਜਾਬੀਆਂ ਦੇ ਨਾਲ ਗੋਰੇ ਸਰੋਤਿਆਂ ਦੀ ਵੀ ਭਰਮਾਰ ਰਹਿੰਦੀ ਸੀ
ਉਨ੍ਹਾਂ ਮੁੱਖ ਮੰਤਰੀ ਮਾਨ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਲਾਭ ਹਾਸਲ ਕਰਨ ਲਈ ਪੰਜਾਬ ਨੂੰ ਬਲਦੀ ਦੇ ਬੂਥੇ ਨਾ ਤੱਕਣ ਅਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਣ