You are here

ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ, ਕਿਸਾਨਾਂ ਵਿੱਚ ਭਾਰੀ ਉਤਸ਼ਾਹ

- ਮੂੰਗੀ ਅਤੇ ਹੋਰ ਫ਼ਸਲਾਂ ਉੱਤੇ ਐਮ ਐਸ ਪੀ ਦੇਣ ਦਾ ਐਲਾਨ ਫ਼ਸਲੀ ਵਿਭਿੰਨਤਾ ਵੱਲ ਵੱਡਾ ਕਦਮ :  ਵਿਧਾਇਕ ਅਮਨਦੀਪ ਕੌਰ ਅਰੋੜਾ

- ਜ਼ਿਲ੍ਹਾ ਮੋਗਾ ਵਿੱਚ 57 ਹਜ਼ਾਰ ਹੈਕਟੇਅਰ ਵਿੱਚ ਝੋਨਾ ਦੀ ਸਿੱਧੀ ਬਿਜਾਈ ਕਰਨ ਦਾ ਟੀਚਾ - ਡਿਪਟੀ ਕਮਿਸ਼ਨਰ

ਮੋਗਾ, 20 ਮਈ   (ਰਣਜੀਤ ਸਿੱਧਵਾਂ)  :  ਪੰਜਾਬ ਸਰਕਾਰ ਦੇ ਸੱਦੇ ਉੱਤੇ ਅੱਜ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੇ ਵੱਡੇ ਪੱਧਰ ਉੱਤੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਅੱਜ ਪਿੰਡ ਚੜਿੱਕ ਵਿਖੇ ਸਿੱਧੀ ਬਿਜਾਈ ਦੀ ਸ਼ੁਰੂਆਤ ਹਲਕਾ ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਖੁਦ ਟਰੈਕਟਰ ਚਲਾ ਕੇ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸ. ਪ੍ਰਿਤਪਾਲ ਸਿੰਘ, ਕਈ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਹਰ ਉਪਰਾਲਾ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੂੰਗੀ ਅਤੇ ਹੋਰ ਫ਼ਸਲਾਂ ਉੱਤੇ ਐਮਐਸਪੀ ਦੇਣ ਦਾ ਐਲਾਨ ਸੂਬੇ ਵਿੱਚ ਫ਼ਸਲੀ ਵਿਭਿੰਨਤਾ ਵੱਲ ਵੱਡਾ ਕਦਮ ਸਾਬਿਤ ਹੋਵੇਗਾ। ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਕਿਸਾਨਾਂ ਨੂੰ ਪੰਜਾਬ ਸਰਕਾਰ ਦੀ ਅਪੀਲ ਮੰਨ ਕੇ ਇਸ ਵਾਰ ਤੋਂ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ। ਅਜਿਹੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸਿੱਧੀ ਬਿਜਾਈ ਨਾਲ ਜਿੱਥੇ ਧਰਤੀ ਹੇਠਲਾ ਪਾਣੀ ਬਚਦਾ ਹੈ ਉਥੇ ਹੀ ਫਸਲ ਦਾ ਝਾੜ ਵੀ ਜਿਆਦਾ ਮਿਲਦਾ ਹੈ। ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਾਲ ਜ਼ਿਲ੍ਹਾ ਮੋਗਾ ਵਿੱਚ 57 ਹਜ਼ਾਰ ਹੈਕਟੇਅਰ ਵਿੱਚ ਝੋਨਾ ਦੀ ਸਿੱਧੀ ਬਿਜਾਈ ਦਾ ਟੀਚਾ ਹੈ। ਕਿਸਾਨਾਂ ਦੇ ਉਤਸ਼ਾਹ ਤੋਂ ਲੱਗਦਾ ਹੈ ਕਿ ਇਹ ਟੀਚਾ ਸਹਿਜੇ ਹੀ ਪ੍ਰਾਪਤ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਕਿਸਾਨ ਕੋਈ ਵੀ ਫ਼ਿਕਰ ਨਾ ਕਰਨ। ਕਿਸਾਨਾਂ ਦੀ ਮੁੱਖ ਚੂਹੇ ਦੀ ਸਮੱਸਿਆ ਲਈ ਦਵਾਈ ਮੁਫ਼ਤ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨ ਦਿਨੋਂ ਦਿਨ ਸਿੱਧੀ ਬਿਜਾਈ ਵੱਲ ਵੱਧ ਰਹੇ ਹਨ। ਇਸ ਮੌਕੇ ਉਹਨਾਂ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਉੱਤੇ ਹੱਲ ਕਰਨ ਦਾ ਭਰੋਸਾ ਦਿੱਤਾ। ਟੇਲਾਂ ਉੱਤੇ ਪਾਣੀ ਪਹੁੰਚਾਉਣ ਲਈ ਮੌਕੇ ਉੱਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ।